ਰਾਸ਼ਟਰਪਤੀ ਸਕੱਤਰੇਤ
ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਦੇ ਨਾਮ ਸੰਬੋਧਨ
प्रविष्टि तिथि:
25 JAN 2026 7:50PM by PIB Chandigarh
ਮੇਰੇ ਪਿਆਰੇ ਦੇਸ਼-ਵਾਸੀਓ,
ਨਮਸਕਾਰ !
ਦੇਸ਼ ਅਤੇ ਵਿਦੇਸ਼ ਵਿੱਚ ਰਹਿਣ ਵਾਲੇ, ਅਸੀਂ ਭਾਰਤ ਦੇ ਲੋਕ, ਉਤਸ਼ਾਹ ਦੇ ਨਾਲ, ਗਣਤੰਤਰ ਦਿਵਸ ਦਾ ਉਤਸਵ ਮਨਾਉਣ ਜਾ ਰਹੇ ਹਾਂ। ਮੈਂ, ਤੁਹਾਨੂੰ ਸਭ ਨੂੰ ਗਣਤੰਤਰ ਦਿਵਸ ਦੇ ਰਾਸ਼ਟਰੀ ਪਰਵ ਦੀ ਦਿਲੋਂ ਵਧਾਈ ਦਿੰਦੀ ਹਾਂ।
ਗਣਤੰਤਰ ਦਿਵਸ ਦਾ ਪਵਿੱਤਰ ਪਰਵ ਸਾਡੇ ਅਤੀਤ, ਵਰਤਮਾਨ ਅਤੇ ਭਵਿੱਖ ਵਿੱਚ ਦੇਸ਼ ਦੀ ਦਸ਼ਾ ਤੇ ਦਿਸ਼ਾ ਦਾ ਮੁਲਾਂਕਣ ਕਰਨ ਦਾ ਮੌਕਾ ਹੁੰਦਾ ਹੈ। ਸੁਤੰਤਰਤਾ ਸੰਗ੍ਰਾਮ ਦੇ ਬਲ 'ਤੇ 15 ਅਗਸਤ, 1947 ਦੇ ਦਿਨ ਤੋਂ, ਸਾਡੇ ਦੇਸ਼ ਦੀ ਦਸ਼ਾ ਬਦਲੀ। ਭਾਰਤ ਆਜ਼ਾਦ ਹੋਇਆ। ਅਸੀਂ ਆਪਣੀ ਰਾਸ਼ਟਰੀ ਨਿਯਤੀ ਦੇ ਨਿਰਮਾਤਾ ਬਣੇ।
26 ਜਨਵਰੀ, 1950 ਦੇ ਦਿਨ ਤੋਂ ਅਸੀਂ ਆਪਣੇ ਗਣਤੰਤਰ ਨੂੰ, ਸੰਵਿਧਾਨਕ ਆਦਰਸ਼ਾਂ ਦੀ ਦਿਸ਼ਾ ਵਿੱਚ ਅੱਗੇ ਵਧਾ ਰਹੇ ਹਾਂ। ਉਸੇ ਦਿਨ, ਅਸੀਂ ਆਪਣੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ। ਲੋਕਤੰਤਰ ਦੀ ਜਨਨੀ, ਭਾਰਤ ਭੂਮੀ, ਬਰਤਾਨਵੀ ਸਾਮਰਾਜ ਦੇ ਵਿਧੀ-ਵਿਧਾਨ ਤੋਂ ਮੁਕਤ ਹੋਈ ਅਤੇ ਸਾਡਾ ਲੋਕਤੰਤਰਿਕ ਗਣਰਾਜ ਹੋਂਦ ਵਿੱਚ ਆਇਆ।
ਸਾਡਾ ਸੰਵਿਧਾਨ, ਵਿਸ਼ਵ ਇਤਿਹਾਸ ਵਿੱਚ ਅੱਜ ਤੱਕ ਦੇ ਸਭ ਤੋਂ ਵੱਡੇ ਗਣਰਾਜ ਦਾ ਅਧਾਰ-ਗ੍ਰੰਥ ਹੈ। ਸਾਡੇ ਸੰਵਿਧਾਨ ਵਿੱਚ ਦਰਜ ਨਿਆਂ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੇ ਆਦਰਸ਼ ਸਾਡੇ ਗਣਤੰਤਰ ਨੂੰ ਪਰਿਭਾਸ਼ਤ ਕਰਦੇ ਹਨ। ਸੰਵਿਧਾਨ ਨਿਰਮਾਤਾਵਾਂ ਨੇ ਰਾਸ਼ਟਰੀ ਭਾਵਨਾ ਅਤੇ ਦੇਸ਼ ਦੀ ਏਕਤਾ ਨੂੰ ਸੰਵਿਧਾਨਕ ਪ੍ਰਬੰਧ ਦਾ ਮਜ਼ਬੂਤ ਅਧਾਰ ਪ੍ਰਦਾਨ ਕੀਤਾ ਹੈ।
ਲੋਹਪੁਰਸ਼ ਸਰਦਾਰ ਵੱਲਭਭਾਈ ਪਟੇਲ ਨੇ ਸਾਡੇ ਰਾਸ਼ਟਰ ਦਾ ਏਕੀਕਰਨ ਕੀਤਾ। ਪਿਛਲੇ ਸਾਲ 31 ਅਕਤੂਬਰ ਨੂੰ ਸ਼ੁਕਰਗੁਜ਼ਾਰ ਦੇਸ਼-ਵਾਸੀਆਂ ਨੇ ਉਤਸ਼ਾਹ ਨਾਲ ਉਨ੍ਹਾਂ ਦੀ 150ਵੀਂ ਜਯੰਤੀ ਮਨਾਈ। ਉਨ੍ਹਾਂ ਦੀ 150ਵੀਂ ਜਯੰਤੀ ਦੇ ਪਵਿੱਤਰ ਮੌਕੇ ਨਾਲ ਜੁੜੇ ਯਾਦਗਾਰ ਉਤਸਵ ਮਨਾਏ ਜਾ ਰਹੇ ਹਨ। ਇਹ ਉਤਸਵ ਦੇਸ਼-ਵਾਸੀਆਂ ਵਿੱਚ ਰਾਸ਼ਟਰੀ ਏਕਤਾ ਅਤੇ ਗੌਰਵ ਦੀ ਭਾਵਨਾ ਨੂੰ ਮਜ਼ਬੂਤ ਬਣਾਉਂਦੇ ਹਨ। ਉੱਤਰ ਤੋਂ ਲੈ ਕੇ ਦੱਖਣ ਤੱਕ ਅਤੇ ਪੂਰਬ ਤੋਂ ਲੈ ਕੇ ਪੱਛਮ ਤੱਕ, ਸਾਡੀ ਪ੍ਰਾਚੀਨ ਸੰਸਕ੍ਰਿਤਕ ਏਕਤਾ ਦਾ ਤਾਣਾ-ਬਾਣਾ ਸਾਡੇ ਪੂਰਵਜਾਂ ਨੇ ਬੁਣਿਆ ਸੀ। ਰਾਸ਼ਟਰੀ ਏਕਤਾ ਦੇ ਸਵਰੂਪਾਂ ਨੂੰ ਜੀਵਿਤ ਬਣਾਈ ਰੱਖਣ ਲਈ ਹੋ ਰਹੇ ਯਤਨ ਬੇਹੱਦ ਸ਼ਲਾਘਾਯੋਗ ਹਨ।
ਪਿਛਲੇ ਸਾਲ, 7 ਨਵੰਬਰ ਤੋਂ, ਸਾਡੇ ਰਾਸ਼ਟਰੀ ਗੀਤ "ਵੰਦੇ ਮਾਤਰਮ" ਦੀ ਰਚਨਾ ਦੇ 150 ਵਰ੍ਹੇ ਪੂਰੇ ਹੋਣ 'ਤੇ ਉਤਸਵ ਵੀ ਮਨਾਏ ਜਾ ਰਹੇ ਹਨ। ਭਾਰਤ ਮਾਤਾ ਦੇ ਦੈਵੀ ਸਵਰੂਪ ਦੀ ਵੰਦਨਾ ਦਾ ਇਹ ਗੀਤ, ਜਨ-ਮਨ ਵਿੱਚ ਰਾਸ਼ਟਰ ਪ੍ਰੇਮ ਦਾ ਸੰਚਾਰ ਕਰਦਾ ਹੈ। ਰਾਸ਼ਟਰੀਅਤਾ ਦੇ ਮਹਾਕਵੀ ਸੁਬਰਾਮਨੀਅਮ ਭਾਰਤੀ ਨੇ ਤਾਮਿਲ ਭਾਸ਼ਾ ਵਿੱਚ 'ਵੰਦੇ ਮਾਤਰਮ', ਯੇਨਬੋਮ' ਭਾਵ 'ਅਸੀਂ ਵੰਦੇ ਮਾਤਰਮ ਬੋਲੀਏ' ਇਸ ਗੀਤ ਦੀ ਰਚਨਾ ਕਰਕੇ ਵੰਦੇ ਮਾਤਰਮ ਦੀ ਭਾਵਨਾ ਨੂੰ ਹੋਰ ਵੀ ਵਿਆਪਕ ਪੱਧਰ 'ਤੇ ਲੋਕ-ਮਾਨਸ ਦੇ ਨਾਲ ਜੋੜਿਆ। ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਇਸ ਗੀਤ ਦੇ ਅਨੁਵਾਦ ਹਰਮਨ-ਪਿਆਰੇ ਹੋਏ। ਸ਼੍ਰੀ ਅਰਬਿੰਦੋ ਨੇ 'ਵੰਦੇ ਮਾਤਰਮ' ਦਾ ਅੰਗਰੇਜ਼ੀ ਅਨੁਵਾਦ ਕੀਤਾ। ਰਿਸ਼ੀਤੁਲਯ ਬੰਕਿਮ ਚੰਦਰ ਚਟੋਪਾਧਿਆਏ ਵੱਲੋਂ ਰਚਿਤ 'ਵੰਦੇ ਮਾਤਰਮ' ਸਾਡੀ ਰਾਸ਼ਟਰੀ ਵੰਦਨਾ ਦੀ ਧੁੰਨ ਹੈ।
ਅੱਜ ਤੋਂ ਦੋ ਦਿਨ ਪਹਿਲਾਂ ਭਾਵ 23 ਜਨਵਰੀ ਨੂੰ ਦੇਸ਼-ਵਾਸੀਆਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਦੇ ਦਿਨ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਸਾਲ 2021 ਤੋਂ ਨੇਤਾਜੀ ਦੀ ਜਯੰਤੀ ਨੂੰ 'ਪਰਾਕ੍ਰਮ ਦਿਵਸ' ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਤਾਂ ਜੋ ਦੇਸ਼ਵਾਸੀ, ਵਿਸ਼ੇਸ਼ ਕਰਕੇ ਨੌਜਵਾਨ, ਉਨ੍ਹਾਂ ਦੀ ਵਿਲੱਖਣ ਦੇਸ਼-ਭਗਤੀ ਤੋਂ ਪ੍ਰੇਰਣਾ ਪ੍ਰਾਪਤ ਕਰਨ। ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਨਾਅਰਾ 'ਜੈ ਹਿੰਦ' ਸਾਡੇ ਰਾਸ਼ਟਰ ਗੌਰਵ ਦਾ ਨਾਅਰਾ ਹੈ।
ਪਿਆਰੇ ਦੇਸ਼-ਵਾਸੀਓ,
ਤੁਸੀਂ ਸਾਰੇ, ਸਾਡੇ ਜੀਵਿਤ ਗਣਤੰਤਰ ਨੂੰ ਸ਼ਕਤੀਸ਼ਾਲੀ ਬਣਾ ਰਹੇ ਹੋ। ਸਾਡੀਆਂ ਤਿੰਨਾਂ ਸੈਨਾਵਾਂ ਦੇ ਬਹਾਦਰ ਜਵਾਨ, ਮਾਤਰ ਭੂਮੀ ਦੀ ਰਾਖੀ ਲਈ ਹਮੇਸ਼ਾ ਚੌਕਸ ਰਹਿੰਦੇ ਹਨ। ਸਾਡੇ ਸਮਰਪਿਤ ਪੁਲਿਸ-ਕਰਮੀਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨ, ਦੇਸ਼-ਵਾਸੀਆਂ ਦੀ ਅੰਦਰੂਨੀ ਸੁਰੱਖਿਆ ਲਈ ਤਿਆਰ ਰਹਿੰਦੇ ਹਨ। ਸਾਡੇ ਅੰਨਦਾਤਾ ਕਿਸਾਨ, ਦੇਸ਼-ਵਾਸੀਆਂ ਲਈ ਅਨਾਜ ਪੈਦਾ ਕਰਦੇ ਹਨ। ਸਾਡੇ ਦੇਸ਼ ਦੀਆਂ ਮਿਹਨਤੀ ਅਤੇ ਪ੍ਰਭਾਵਸ਼ਾਲੀ ਔਰਤਾਂ ਅਨੇਕ ਖੇਤਰਾਂ ਵਿੱਚ ਨਵੇਂ ਕੀਰਤੀਮਾਨ ਸਥਾਪਤ ਕਰ ਰਹੀਆਂ ਹਨ। ਸਾਡੇ ਸੇਵਾ ਧਰਮੀ ਡਾਕਟਰ, ਨਰਸਾਂ ਅਤੇ ਸਾਰੇ ਸਿਹਤ-ਕਰਮੀਂ ਦੇਸ਼-ਵਾਸੀਆਂ ਦੀ ਸਿਹਤ ਦੀ ਦੇਖਭਾਲ ਕਰਦੇ ਹਨ। ਸਾਡੇ ਸਮਰਪਿਤ ਸਫ਼ਾਈ ਮਿੱਤਰ, ਦੇਸ਼ ਨੂੰ ਸਾਫ਼ ਰੱਖਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਸਾਡੇ ਗਿਆਨਵਾਨ ਅਧਿਆਪਕ, ਭਵਿੱਖਤ ਪੀੜ੍ਹੀਆਂ ਦਾ ਨਿਰਮਾਣ ਕਰਦੇ ਹਨ। ਸਾਡੇ ਵਿਸ਼ਵ ਪੱਧਰੀ ਵਿਗਿਆਨੀ ਅਤੇ ਇੰਜੀਨੀਅਰ, ਦੇਸ਼ ਦੇ ਵਿਕਾਸ ਨੂੰ ਨਵੀਂਆਂ ਦਿਸ਼ਾਵਾਂ ਦਿੰਦੇ ਹਨ। ਸਾਡੇ ਮਿਹਨਤੀ ਕਾਮੇ ਭੈਣ-ਭਰਾ ਰਾਸ਼ਟਰ ਦਾ ਨਵ-ਨਿਰਮਾਣ ਕਰਦੇ ਹਨ। ਸਾਡੇ ਹੋਣਹਾਰ ਯੁਵਾ ਅਤੇ ਬੱਚੇ, ਆਪਣੀ ਪ੍ਰਤਿਭਾ ਅਤੇ ਯੋਗਦਾਨ ਨਾਲ ਦੇਸ਼ ਦੇ ਸੁਨਹਿਰੀ ਭਵਿੱਖ ਪ੍ਰਤੀ ਆਪਣਾ ਵਿਸ਼ਵਾਸ ਮਜ਼ਬੂਤ ਕਰਦੇ ਹਨ। ਸਾਡੇ ਪ੍ਰਤਿਭਾਸ਼ਾਲੀ ਕਲਾਕਾਰ, ਦਸਤਕਾਰ ਅਤੇ ਸਾਹਿਤਕਾਰ, ਸਾਡੀਆਂ ਅਮੀਰ ਪਰੰਪਰਾਵਾਂ ਨੂੰ ਆਧੁਨਿਕ ਪਛਾਣ ਦੇ ਰਹੇ ਹਨ। ਅਨੇਕ ਖੇਤਰਾਂ ਦੇ ਮਾਹਰ, ਦੇਸ਼ ਦੇ ਬਹੁਪੱਖੀ ਵਿਕਾਸ ਨੂੰ ਦਿਸ਼ਾ ਦੇ ਰਹੇ ਹਨ। ਸਾਡੇ ਊਰਜਾਵਾਨ ਉੱਦਮੀ, ਦੇਸ਼ ਨੂੰ ਵਿਕਸਤ ਅਤੇ ਆਤਮ-ਨਿਰਭਰ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਨਿਸ਼ਕਾਮ ਭਾਵ ਨਾਲ ਸਮਾਜ ਦੀ ਸੇਵਾ ਕਰਨ ਵਾਲੇ ਵਿਅਕਤੀ ਅਤੇ ਸੰਸਥਾਵਾਂ, ਅਣਗਿਣਤ ਲੋਕਾਂ ਦੇ ਜੀਵਨ ਵਿੱਚ ਚਾਨਣ ਦਾ ਸੰਚਾਰ ਕਰ ਰਹੇ ਹਨ। ਸਰਕਾਰੀ ਅਤੇ ਗੈਰ-ਸਰਕਾਰੀ ਦਫ਼ਤਰਾਂ ਅਤੇ ਸੰਸਥਾਵਾਂ ਵਿੱਚ ਕੰਮ ਨੂੰ ਫ਼ਰਜ਼ ਸਮਝ ਕੇ ਕਰਨ ਵਾਲੇ ਲੋਕ, ਰਾਸ਼ਟਰ ਨਿਰਮਾਣ ਵਿੱਚ ਆਪਣੀਆਂ ਸੇਵਾਵਾਂ ਸਮਰਪਿਤ ਕਰ ਰਹੇ ਹਨ। ਜਨ-ਸੇਵਾ ਲਈ ਸਮਰਪਿਤ ਜਨ ਪ੍ਰਤੀਨਿਧੀ ਦੇਸ਼-ਵਾਸੀਆਂ ਦੀਆਂ ਆਸਾਂ-ਉਮੀਦਾਂ ਅਨੁਸਾਰ ਭਲਾਈ ਅਤੇ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰ ਰਹੇ ਹਨ। ਇਸ ਤਰ੍ਹਾਂ, ਸਾਰੇ ਜਾਗਰੂਕ ਅਤੇ ਸੰਵੇਦਨਸ਼ੀਲ ਨਾਗਰਿਕ, ਸਾਡੇ ਗਣਤੰਤਰ ਦੀ ਪ੍ਰਗਤੀ ਯਾਤਰਾ ਨੂੰ ਅੱਗੇ ਵਧਾ ਰਹੇ ਹਨ। ਸਾਡੇ ਗਣਤੰਤਰ ਨੂੰ ਸਸ਼ਕਤ ਬਣਾਉਣ ਦੇ ਯਤਨਾਂ ਵਿੱਚ ਲੱਗੇ ਸਾਰੇ ਦੇਸ਼ਵਾਸੀਆਂ ਦੀ ਮੈਂ ਦਿਲੋਂ ਪ੍ਰਸੰਸਾ ਕਰਦੀ ਹਾਂ। ਪ੍ਰਵਾਸੀ ਭਾਰਤੀ, ਸਾਡੇ ਗਣਤੰਤਰ ਦੇ ਅਕਸ ਨੂੰ ਵਿਸ਼ਵ ਪੱਧਰ 'ਤੇ ਗੌਰਵ ਪ੍ਰਦਾਨ ਕਰਦੇ ਹਨ। ਮੈਂ ਉਨ੍ਹਾਂ ਦੀ ਵਿਸ਼ੇਸ਼ ਸ਼ਲਾਘਾ ਕਰਦੀ ਹਾਂ।
ਪਿਆਰੇ ਦੇਸ਼-ਵਾਸੀਓ,
ਅੱਜ ਦੇ ਦਿਨ, ਭਾਵ 25 ਜਨਵਰੀ ਨੂੰ ਸਾਡੇ ਦੇਸ਼ ਵਿੱਚ 'ਰਾਸ਼ਟਰੀ ਮਤਦਾਤਾ ਦਿਵਸ' ਮਨਾਇਆ ਜਾਂਦਾ ਹੈ। ਲੋਕ ਨੁਮਾਇੰਦਿਆਂ ਦੀ ਚੋਣ ਲਈ ਸਾਡੇ ਬਾਲਗ ਨਾਗਰਿਕ ਉਤਸ਼ਾਹਪੂਰਵਕ ਮਤਦਾਨ ਕਰਦੇ ਹਨ। ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਦਕਰ ਮੰਨਦੇ ਸਨ ਕਿ ਮਤਦਾਨ ਦੇ ਪ੍ਰਯੋਗ ਨਾਲ ਰਾਜਨੀਤਿਕ ਸਿੱਖਿਆ ਯਕੀਨੀ ਹੁੰਦੀ ਹੈ। ਸਾਡੇ ਮਤਦਾਤਾ, ਬਾਬਾ ਸਾਹਿਬ ਦੀ ਸੋਚ ਅਨੁਸਾਰ, ਆਪਣੀ ਰਾਜਨੀਤਿਕ ਜਾਗਰੂਕਤਾ ਦਾ ਪ੍ਰਮਾਣ ਦੇ ਰਹੇ ਹਨ। ਮਤਦਾਨ ਵਿੱਚ ਮਹਿਲਾਵਾਂ ਦੀ ਵੱਧਦੀ ਹੋਈ ਹਿੱਸੇਦਾਰੀ ਸਾਡੇ ਗਣਤੰਤਰ ਦਾ ਇੱਕ ਸ਼ਕਤੀਸ਼ਾਲੀ ਮਾਪਦੰਡ ਹੈ।
ਮਹਿਲਾਵਾਂ ਦਾ ਸਰਗਰਮ ਅਤੇ ਸਮਰੱਥ ਹੋਣਾ ਦੇਸ਼ ਦੇ ਵਿਕਾਸ ਲਈ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਦੀ ਸਿਹਤ, ਸਿੱਖਿਆ, ਸੁਰੱਖਿਆ ਅਤੇ ਆਰਥਿਕ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਰਾਸ਼ਟਰੀ ਯਤਨਾਂ ਨਾਲ ਅਨੇਕ ਖੇਤਰਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧੀ ਹੈ। 'ਬੇਟੀ ਬਚਾਓ, ਬੇਟੀ ਪੜ੍ਹਾਓ' ਅਭਿਆਨ ਨਾਲ ਬੇਟੀਆਂ ਦੀ ਸਿੱਖਿਆ ਨੂੰ ਉਤਸ਼ਾਹ ਮਿਲਿਆ ਹੈ। 'ਪ੍ਰਧਾਨ ਮੰਤਰੀ-ਜਨ ਧਨ ਯੋਜਨਾ' ਦੇ ਤਹਿਤ ਹੁਣ ਤੱਕ 57 ਕਰੋੜ ਤੋਂ ਵੱਧ ਬੈਂਕ ਖ਼ਾਤੇ ਖੋਲ੍ਹੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਮਹਿਲਾਵਾਂ ਦੇ ਖ਼ਾਤੇ ਲਗਭਗ 56 ਫ਼ੀਸਦੀ ਹਨ।
ਸਾਡੀਆਂ ਭੈਣਾਂ ਅਤੇ ਬੇਟੀਆਂ, ਰਵਾਇਤੀ ਰੂੜ੍ਹੀਵਾਦੀ ਸੋਚ ਨੂੰ ਛੱਡ ਕੇ ਅੱਗੇ ਵੱਧ ਰਹੀਆਂ ਹਨ। ਮਹਿਲਾਵਾਂ ਦੇਸ਼ ਦੇ ਸਮੁੱਚੇ ਵਿਕਾਸ ਵਿੱਚ ਸਰਗਰਮ ਯੋਗਦਾਨ ਦੇ ਰਹੀਆਂ ਹਨ। 10 ਕਰੋੜ ਤੋਂ ਵੱਧ ਸੈਲਫ਼ ਹੈਲਪ ਗਰੁੱਪਸ ਨਾਲ ਜੁੜੀਆਂ ਭੈਣਾਂ ਵਿਕਾਸ ਦੀ ਨਵੀਂ ਪਰਿਭਾਸ਼ਾ ਲਿਖ ਰਹੀਆਂ ਹਨ। ਮਹਿਲਾਵਾਂ, ਖੇਤਾਂ ਤੋਂ ਲੈ ਕੇ ਪੁਲਾੜ ਤੱਕ, ਸਵੈ-ਰੋਜ਼ਗਾਰ ਤੋਂ ਲੈ ਕੇ ਸੈਨਾਵਾਂ ਤੱਕ ਆਪਣੀ ਪ੍ਰਭਾਵੀ ਪਛਾਣ ਬਣਾ ਰਹੀਆਂ ਹਨ। ਖੇਡ ਦੇ ਖੇਤਰ ਵਿੱਚ ਸਾਡੀਆਂ ਬੇਟੀਆਂ ਨੇ ਵਿਸ਼ਵ ਪੱਧਰ 'ਤੇ ਨਵੀਂ ਮਿਸਾਲ ਕਾਇਮ ਕੀਤੀ ਹੈ। ਪਿਛਲੇ ਵਰ੍ਹੇ ਨਵੰਬਰ ਵਿੱਚ, ਭਾਰਤ ਦੀਆਂ ਬੇਟੀਆਂ ਨੇ ਆਈ ਸੀ ਸੀ ਵੂਮੈਨਜ਼ ਕ੍ਰਿਕਟ ਵਰਲਡ ਕੱਪ ਅਤੇ ਉਸ ਦੇ ਬਾਅਦ ਬਲਾਇੰਡ ਵੂਮੈਨਜ਼ ਟੀ-20 ਵਰਲਡ ਕੱਪ ਜਿੱਤ ਕੇ ਸੁਨਹਿਰੀ ਇਤਿਹਾਸ ਰਚਿਆ ਹੈ। ਪਿਛਲੇ ਹੀ ਸਾਲ ਚੈੱਸ ਵਰਲਡ ਕੱਪ ਦਾ ਫਾਈਨਲ ਮੈਚ ਭਾਰਤ ਦੀਆਂ ਹੀ ਦੋ ਬੇਟੀਆਂ ਵਿਚਾਲੇ ਖੇਡਿਆ ਗਿਆ। ਇਹ ਮਿਸਾਲ ਖੇਡ ਜਗਤ ਵਿੱਚ ਸਾਡੀਆਂ ਬੇਟੀਆਂ ਦੇ ਦਬਦਬੇ ਦਾ ਪ੍ਰਮਾਣ ਹੈ। ਅਜਿਹੀਆਂ ਬੇਟੀਆਂ 'ਤੇ ਦੇਸ਼-ਵਾਸੀਆਂ ਨੂੰ ਮਾਣ ਹੈ।
ਪੰਚਾਇਤੀ ਰਾਜ ਸੰਸਥਾਵਾਂ ਵਿੱਚ ਮਹਿਲਾਵਾਂ ਜਨ-ਪ੍ਰਤੀਨਿਧੀਆਂ ਦੀ ਗਿਣਤੀ ਲਗਭਗ 46 ਫ਼ੀਸਦ ਹੈ। ਮਹਿਲਾਵਾਂ ਦੇ ਰਾਜਨੀਤਿਕ ਸਸ਼ਕਤੀਕਰਨ ਨੂੰ ਨਵੀਂ ਉਚਾਈ ਦੇਣ ਵਾਲੇ 'ਨਾਰੀ ਸ਼ਕਤੀ ਵੰਦਨ ਅਧਿਨਿਯਮ' ਨਾਲ, ਮਹਿਲਾਵਾਂ ਦੀ ਅਗਵਾਈ ਰਾਹੀਂ ਵਿਕਾਸ ਦੀ ਸੋਚ ਨੂੰ ਬੇਮਿਸਾਲ ਸ਼ਕਤੀ ਮਿਲੇਗੀ। ਵਿਕਸਤ ਭਾਰਤ ਦੇ ਨਿਰਮਾਣ ਵਿੱਚ ਨਾਰੀ ਸ਼ਕਤੀ ਦੀ ਭੂਮਿਕਾ ਮਹੱਤਵਪੂਰਨ ਰਹੇਗੀ। ਉਨ੍ਹਾਂ ਦੇ ਵਧਦੇ ਹੋਏ ਯੋਗਦਾਨ ਨਾਲ, ਸਾਡਾ ਦੇਸ਼ ਮਹਿਲਾ-ਪੁਰਸ਼ ਸਮਾਨਤਾ 'ਤੇ ਅਧਾਰਤ ਸਮਾਵੇਸ਼ੀ ਗਣਤੰਤਰ ਦੀ ਮਿਸਾਲ ਪੇਸ਼ ਕਰੇਗਾ।
ਸਮਾਵੇਸ਼ੀ ਸੋਚ ਨਾਲ, ਵਾਂਝੇ ਵਰਗਾਂ ਦੀ ਭਲਾਈ ਅਤੇ ਵਿਕਾਸ ਲਈ ਕਈ ਯੋਜਨਾਵਾਂ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਪਿਛਲੇ ਵਰ੍ਹੇ 15 ਨਵੰਬਰ ਨੂੰ ਦੇਸ਼-ਵਾਸੀਆਂ ਨੇ ਧਰਤੀ ਆਬਾ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਦੇ ਦਿਨ ਪੰਜਵਾਂ 'ਜਨਜਾਤੀ ਗੌਰਵ ਦਿਵਸ' ਮਨਾਇਆ ਅਤੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦੇ ਸਬੰਧ ਵਿੱਚ ਮਨਾਏ ਗਏ ਉਤਸਵ ਪੂਰੇ ਹੋਏ। 'ਆਦਿ ਕਰਮਯੋਗੀ' ਅਭਿਆਨ ਦੇ ਜ਼ਰੀਏ, ਜਨਜਾਤੀ ਭਾਈਚਾਰੇ ਦੇ ਲੋਕਾਂ ਵਿੱਚ ਅਗਵਾਈ ਸਮਰੱਥਾ ਨੂੰ ਨਿਖ਼ਾਰਿਆ ਗਿਆ। ਪਿਛਲੇ ਸਾਲਾਂ ਵਿੱਚ ਸਰਕਾਰ ਨੇ ਜਨਜਾਤੀ ਸਮਾਜ ਦੇ ਗੌਰਵਸ਼ਾਲੀ ਇਤਿਹਾਸ ਨਾਲ ਦੇਸ਼-ਵਾਸੀਆਂ ਦੀ ਪਛਾਣ ਕਰਾਉਣ ਲਈ, ਲਾਇਬ੍ਰੇਰੀਆਂ ਦੇ ਨਿਰਮਾਣ ਸਹਿਤ ਕਈ ਕਦਮ ਚੁੱਕੇ ਹਨ। ਉਨ੍ਹਾਂ ਦੀ ਭਲਾਈ ਅਤੇ ਵਿਕਾਸ ਨੂੰ ਤਰਜੀਹ ਦਿੱਤੀ ਗਈ ਹੈ। 'ਰਾਸ਼ਟਰੀ ਸਿੱਕਲ ਸੈੱਲ ਅਨੀਮੀਆ ਖ਼ਾਤਮਾ ਮਿਸ਼ਨ' ਦੇ ਤਹਿਤ ਹੁਣ ਤੱਕ 6 ਕਰੋੜ ਤੋਂ ਵੱਧ ਸਕਰੀਨਿੰਗ ਕੀਤੀ ਜਾ ਚੁੱਕੀ ਹੈ। ਏਕਲਵਯ ਮਾਡਲ ਰੈਜੀਡੈਂਸ਼ਿਅਲ ਸਕੂਲਾਂ ਵਿੱਚ ਲਗਭਗ 1 ਲੱਖ 40 ਹਜ਼ਾਰ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਕਈ ਵਿਦਿਆਰਥੀਆਂ ਨੇ ਮੁਕਾਬਲਾ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਿਹਤ ਅਤੇ ਸਿੱਖਿਆ ਦੇ ਅਜਿਹੇ ਅਭਿਆਨ, ਜਨਜਾਤੀ ਭਾਈਚਾਰਿਆਂ ਦੀ ਵਿਰਾਸਤ ਅਤੇ ਵਿਕਾਸ ਦਾ ਸੁਮੇਲ ਕਰ ਰਹੇ ਹਨ। 'ਧਰਤੀ ਆਬਾ ਜਨਜਾਤੀ ਗ੍ਰਾਮ ਉਤਕਰਸ਼ ਅਭਿਆਨ' ਅਤੇ 'ਪੀ ਐੱਮ-ਜਨਮਨ ਯੋਜਨਾ' ਨਾਲ ਪੀਵੀਟੀਜੀ ਭਾਈਚਾਰਿਆਂ ਸਮੇਤ ਸਾਰੇ ਜਨਜਾਤੀ ਭਾਈਚਾਰਿਆਂ ਦਾ ਸਸ਼ਕਤੀਕਰਨ ਹੋਇਆ ਹੈ।
ਸਾਡੇ ਅੰਨਦਾਤਾ ਕਿਸਾਨ, ਸਾਡੇ ਸਮਾਜ ਦੇ ਅਤੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਨੇ ਕਿਸਾਨਾਂ ਦੀਆਂ ਮਿਹਨਤੀ ਪੀੜ੍ਹੀਆਂ ਨੇ ਸਾਡੇ ਦੇਸ਼ ਨੂੰ ਅਨਾਜ ਵਿੱਚ ਆਤਮ-ਨਿਰਭਰ ਬਣਾਇਆ ਹੈ। ਕਿਸਾਨਾਂ ਦੀ ਮਿਹਨਤ ਦੇ ਬਲ ਨਾਲ ਅਸੀਂ ਖੇਤੀ ਅਧਾਰਤ ਉਤਪਾਦਾਂ ਦਾ ਨਿਰਯਾਤ ਕਰ ਪਾ ਰਹੇ ਹਾਂ। ਅਨੇਕ ਕਿਸਾਨਾਂ ਨੇ ਸਫ਼ਲਤਾ ਦੀਆਂ ਬੇਹੱਦ ਪ੍ਰਭਾਵਸ਼ਾਲੀ ਉਦਾਹਰਣਾਂ ਪੇਸ਼ ਕੀਤੀਆਂ ਹਨ। ਕਿਸਾਨ ਭੈਣਾਂ-ਭਰਾਵਾਂ ਨੂੰ ਆਪਣੇ ਉਤਪਾਦਾਂ ਦਾ ਵਾਜਬ ਮੁੱਲ ਮਿਲੇ, ਰਿਆਇਤੀ ਵਿਆਜ 'ਤੇ ਕਰਜ਼ ਮਿਲੇ, ਪ੍ਰਭਾਵੀ ਬੀਮਾ ਸੁਰੱਖਿਆ ਮਿਲੇ, ਖੇਤੀ ਲਈ ਚੰਗੇ ਬੀਜ ਮਿਲਣ, ਸਿੰਚਾਈ ਦੀਆਂ ਸਹੂਲਤਾਂ ਮਿਲਣ, ਵੱਧ ਉਤਪਾਦਨ ਲਈ ਖਾਦ ਉਪਲਬਧ ਹੋਵੇ, ਉਨ੍ਹਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਨਾਲ ਜੋੜਿਆ ਜਾਵੇ ਅਤੇ ਜੈਵਿਕ ਖੇਤੀ ਨੂੰ ਹੁਲਾਰਾ ਦਿੱਤਾ ਜਾਵੇ, ਇਨ੍ਹਾਂ ਸਾਰਿਆਂ ਵਿਸ਼ਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। 'ਪੀਐੱਮ ਕਿਸਾਨ ਸਨਮਾਨ ਨਿਧੀ' ਨਾਲ ਕਿਸਾਨ ਭੈਣ-ਭਰਾਵਾਂ ਦੇ ਯੋਗਦਾਨ ਨੂੰ ਆਦਰ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਯਤਨਾਂ ਨੂੰ ਸਮਰਥਨ ਪ੍ਰਦਾਨ ਕੀਤਾ ਜਾ ਰਿਹਾ ਹੈ।
ਦਹਾਕਿਆਂ ਤੋਂ ਗ਼ਰੀਬੀ ਨਾਲ ਜੂਝ ਰਹੇ ਕਰੋੜਾਂ ਦੇਸ਼-ਵਾਸੀਆਂ ਨੂੰ, ਗ਼ਰੀਬੀ ਦੀ ਰੇਖਾ ਤੋਂ ਉੱਪਰ ਲਿਆਂਦਾ ਗਿਆ ਹੈ। ਨਾਲ ਹੀ, ਅਜਿਹੇ ਯਤਨ ਕੀਤੇ ਜਾ ਰਹੇ ਹਨ, ਕਿ ਉਹ ਫਿਰ ਤੋਂ ਗ਼ਰੀਬੀ ਨਾਲ ਪੀੜਿਤ ਨਾ ਹੋਣ। ਅੰਨਤੋਦਿਆ ਦੀ ਸੰਵੇਦਨਾ ਨੂੰ ਲਾਗੂ ਕਰਨ ਵਾਲੀ, ਵਿਸ਼ਵ ਦੀ ਸਭ ਤੋਂ ਵੱਡੀ ਯੋਜਨਾ 'ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ' ਇਸ ਸੋਚ 'ਤੇ ਅਧਾਰਤ ਹੈ ਕਿ 140 ਕਰੋੜ ਤੋਂ ਵੱਧ ਅਬਾਦੀ ਵਾਲੇ ਸਾਡੇ ਦੇਸ਼ ਵਿੱਚ ਕੋਈ ਵੀ ਭੁੱਖਾ ਨਾ ਰਹੇ। ਇਸ ਯੋਜਨਾ ਨਾਲ ਕਰੀਬ 81 ਕਰੋੜ ਲਾਭਪਾਤਰੀਆਂ ਨੂੰ ਸਹਾਇਤਾ ਮਿਲ ਰਹੀ ਹੈ। ਗ਼ਰੀਬ ਪਰਿਵਾਰਾਂ ਲਈ ਬਿਜਲੀ-ਪਾਣੀ ਅਤੇ ਪਖਾਣਿਆਂ ਦੀ ਸੁਵਿਧਾ ਨਾਲ ਲੈਸ 4 ਕਰੋੜ ਤੋਂ ਵੱਧ ਪੱਕੇ ਘਰਾਂ ਦਾ ਨਿਰਮਾਣ ਕਰਕੇ, ਉਨ੍ਹਾਂ ਨੂੰ ਸਨਮਾਨਜਨਕ ਜੀਵਨ ਜਿਊਣ ਅਤੇ ਅੱਗੇ ਵਧਣ ਦਾ ਆਧਾਰ ਪ੍ਰਦਾਨ ਕੀਤਾ ਗਿਆ ਹੈ। ਗ਼ਰੀਬਾਂ ਦੀ ਭਲਾਈ ਲਈ ਕੀਤੇ ਗਏ ਅਜਿਹੇ ਯਤਨ ਮਹਾਤਮਾ ਗਾਂਧੀ ਦੇ ਸਰਵੋਦਿਆ ਦੇ ਆਦਰਸ਼ਾਂ ਨੂੰ ਅਮਲੀ ਰੂਪ ਦਿੰਦੇ ਹਨ।
ਵਿਸ਼ਵ ਦੀ ਸਭ ਤੋਂ ਵੱਡੀ ਯੁਵਾ ਅਬਾਦੀ ਸਾਡੇ ਦੇਸ਼ ਵਿੱਚ ਹੈ। ਮਾਣ ਵਾਲੀ ਗੱਲ ਹੈ ਕਿ ਸਾਡੇ ਨੌਜਵਾਨਾਂ ਵਿੱਚ ਅਸੀਮ ਪ੍ਰਤਿਭਾ ਹੈ। ਸਾਡੇ ਯੁਵਾ ਉੱਦਮੀ, ਖਿਡਾਰੀ, ਵਿਗਿਆਨੀ ਅਤੇ ਪ੍ਰੋਫੈਸ਼ਨਲਜ਼, ਦੇਸ਼ ਵਿੱਚ ਨਵੀਂ ਊਰਜਾ ਦਾ ਸੰਚਾਰ ਕਰ ਰਹੇ ਹਨ ਅਤੇ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾ ਰਹੇ ਹਨ। ਅੱਜ ਵੱਡੀ ਗਿਣਤੀ ਵਿੱਚ ਸਾਡੇ ਨੌਜਵਾਨ, ਸਵੈ ਰੋਜ਼ਗਾਰ ਦੀ ਸਫਲਤਾ ਦੀਆਂ ਪ੍ਰਭਾਵਸ਼ਾਲੀ ਮਿਸਾਲਾਂ ਪੇਸ਼ ਕਰ ਰਹੇ ਹਨ। ਸਾਡੇ ਯੁਵਾ ਹੀ, ਸਾਡੇ ਰਾਸ਼ਟਰ ਦੇ ਵਿਕਾਸ ਦੀ ਯਾਤਰਾ ਦੇ ਝੰਡਾ ਬਰਦਾਰ ਹਨ। 'ਮੇਰਾ ਯੁਵਾ ਭਾਰਤ' ਜਾਂ 'ਮਾਈ ਭਾਰਤ' , ਤਕਨਾਲੋਜੀ ਦੀ ਸਹਾਇਤਾ ਨਾਲ ਸੰਚਾਲਤ ਇੱਕ ਤਜਰਬਾ ਅਧਾਰਤ ਸਿੱਖਿਆ ਵਿਵਸਥਾ ਹੈ। ਇਹ ਨੌਜਵਾਨਾਂ ਨੂੰ ਅਗਵਾਈ ਅਤੇ ਕੌਸ਼ਲ ਵਿਕਾਸ ਸਮੇਤ ਕਈ ਖੇਤਰਾਂ ਵਿੱਚ ਉਪਲਬਧ ਮੌਕਿਆਂ ਨਾਲ ਜੋੜਦੀ ਹੈ। ਸਾਡੇ ਦੇਸ਼ ਵਿੱਚ ਸਟਾਰਟ-ਅੱਪਸ ਦੀ ਪ੍ਰਭਾਵਸ਼ਾਲੀ ਸਫਲਤਾ ਦਾ ਪ੍ਰਮੁੱਖ ਸਿਹਰਾ ਸਾਡੇ ਯੁਵਾ ਉੱਦਮੀਆਂ ਦੇ ਸਿਰ ਹੈ। ਯੁਵਾ ਪੀੜ੍ਹੀ ਦੀਆਂ ਉਮੀਦਾਂ 'ਤੇ ਕੇਂਦਰਤ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਬਲ ਨਾਲ ਦੇਸ਼ ਦੇ ਵਿਕਾਸ ਨੂੰ ਗਤੀ ਮਿਲੇਗੀ। ਮੈਨੂੰ ਵਿਸ਼ਵਾਸ ਹੈ ਕਿ ਸਾਲ 2047 ਤੱਕ, ਵਿਕਸਤ ਭਾਰਤ ਦੇ ਨਿਰਮਾਣ ਵਿੱਚ ਯੁਵਾ ਸ਼ਕਤੀ ਦੀ ਪ੍ਰਮੁੱਖ ਭੂਮਿਕਾ ਰਹੇਗੀ।
ਪਿਆਰੇ ਦੇਸ਼-ਵਾਸੀਓ,
ਭਾਰਤ ਵਿਸ਼ਵ ਦੀ ਸਭ ਤੋਂ ਤੇਜ਼ ਗਤੀ ਨਾਲ ਵਧਣ ਵਾਲੀ ਵੱਡੀ ਅਰਥ-ਵਿਵਸਥਾ ਹੈ। ਵਿਸ਼ਵ ਪੱਧਰ 'ਤੇ ਅਨਿਸ਼ਚਿਤਤਾ ਦੇ ਬਾਵਜੂਦ ਭਾਰਤ ਵਿੱਚ ਲਗਾਤਾਰ ਆਰਥਿਕ ਵਿਕਾਸ ਹੋ ਰਿਹਾ ਹੈ। ਅਸੀਂ ਨੇੜਲੇ ਭਵਿੱਖ ਵਿੱਚ, ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਹੇ ਹਾਂ।
ਵਿਸ਼ਵ ਪੱਧਰੀ ਇੰਫਰਾਸਟ੍ਰਚਰ ਦੇ ਨਿਰਮਾਣ ਵਿੱਚ ਨਿਵੇਸ਼ ਕਰਕੇ, ਅਸੀਂ ਆਪਣੇ ਆਰਥਿਕ ਢਾਂਚੇ ਦਾ ਉੱਚ ਪੱਧਰ 'ਤੇ ਪੁਨਰ ਨਿਰਮਾਣ ਕਰ ਰਹੇ ਹਾਂ। ਆਰਥਿਕ ਨਿਯਤੀ ਦੇ ਨਿਰਮਾਣ ਦੀ ਯਾਤਰਾ ਵਿੱਚ, ਆਤਮ-ਨਿਰਭਰਤਾ ਅਤੇ ਸਵਦੇਸ਼ੀ ਸਾਡੇ ਮੂਲ-ਮੰਤਰ ਹਨ।
ਆਜ਼ਾਦੀ ਦੇ ਬਾਅਦ ਆਰਥਿਕ ਏਕੀਕਰਨ ਲਈ ਸਭ ਤੋਂ ਮਹੱਤਵਪੂਰਨ ਫ਼ੈਸਲਾ, ਜੀਐੱਸਟੀ ਨੂੰ ਲਾਗੂ ਕਰਨ ਨਾਲ ਵੰਨ ਨੇਸ਼ਨ, ਵੰਨ ਮਾਰਕਿਟ ਦੀ ਵਿਵਸਥਾ ਸਥਾਪਤ ਹੋਈ ਹੈ। ਜੀਐੱਸਟੀ ਵਿਵਸਥਾ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਲਈ ਹਾਲ ਹੀ ਦੇ ਫ਼ੈਸਲੇ ਨਾਲ ਸਾਡੀ ਅਰਥ-ਵਿਵਸਥਾ ਨੂੰ ਹੋਰ ਵਧ ਸ਼ਕਤੀ ਮਿਲੇਗੀ। ਕਿਰਤ ਸੁਧਾਰ ਦੇ ਖੇਤਰ ਵਿੱਚ ਚਾਰ 'ਲੇਬਰ ਕੋਡਜ਼' ਜਾਰੀ ਕੀਤੇ ਗਏ ਹਨ। ਇਸ ਨਾਲ ਸਾਡੇ ਕਿਰਤੀ ਭੈਣ-ਭਰਾਵਾਂ ਨੂੰ ਲਾਭ ਮਿਲੇਗਾ ਅਤੇ ਉੱਦਮਾਂ ਦੇ ਵਿਕਾਸ ਨੂੰ ਵੀ ਗਤੀ ਮਿਲੇਗੀ।
ਪਿਆਰੇ ਦੇਸ਼-ਵਾਸੀਓ
ਪ੍ਰਾਚੀਨ ਕਾਲ ਤੋਂ ਹੀ ਪੂਰੀ ਮਨੁੱਖਤਾ ਸਾਡੀ ਸਭਿਅਤਾ, ਸੰਸਕ੍ਰਿਤੀ ਅਤੇ ਅਧਿਆਤਮਕ ਪਰੰਪਰਾ ਨਾਲ ਲਾਭ ਪ੍ਰਾਪਤ ਕਰ ਰਹੀ ਹੈ। ਆਯੁਰਵੇਦ, ਯੋਗ ਅਤੇ ਪ੍ਰਾਣਾਯਾਮ ਦੀ ਵਿਸ਼ਵ ਭਾਈਚਾਰੇ ਨੇ ਸਲਾਹਿਆ ਹੈ , ਅਪਣਾਇਆ ਹੈ। ਅਨੇਕ ਮਹਾਨ ਸ਼ਖ਼ਸੀਅਤਾਂ ਨੇ ਸਾਡੀ ਅਧਿਆਤਮਕ ਅਤੇ ਸਮਾਜਿਕ ਏਕਤਾ ਦੀ ਧਾਰਾ ਨੂੰ ਨਿਰੰਤਰ ਪ੍ਰਵਾਹ ਦਿੱਤਾ ਹੈ। ਕੇਰਲ ਵਿੱਚ ਜੰਮੇ, ਮਹਾਨ ਕਵੀ, ਸਮਾਜ ਸੁਧਾਰਕ ਅਤੇ ਅਧਿਆਤਮਕ ਸ਼ਖ਼ਸੀਅਤ ਸ਼੍ਰੀਨਰਾਇਣ ਗੁਰੂ ਦੇ ਅਨੁਸਾਰ ਉਸ ਥਾਂ ਨੂੰ ਆਦਰਸ਼ ਮੰਨਿਆ ਜਾਂਦਾ ਹੈ, ਜਿੱਥੇ ਜਾਤੀ ਅਤੇ ਪੰਥ ਦੇ ਭੇਦਭਾਵ ਤੋਂ ਮੁਕਤ ਹੋ ਕੇ ਸਾਰੇ ਲੋਕ ਭਾਈਚਾਰੇ ਦੇ ਨਾਲ ਰਹਿੰਦੇ ਹਨ। ਮੈਂ ਸ਼੍ਰੀਨਰਾਇਣ ਗੁਰੂ ਦੇ ਇਸ ਵਿਚਾਰ ਨੂੰ ਆਪਣੀ ਭਾਸ਼ਾ ਵਿੱਚ ਦੁਹਰਾਉਣ ਦਾ ਯਤਨ ਕਰਦੀ ਹਾਂ।
जाति-भेदम् मत-द्वेषम्, एदुम्-इल्लादे सर्वरुम्
सोद-रत्वेन वाडुन्न, मात्रुका-स्थान मानित।
ਇਹ ਮਾਣ ਦੀ ਗੱਲ ਹੈ ਕਿ ਅੱਜ ਦਾ ਭਾਰਤ, ਨਵੇਂ ਆਤਮ-ਵਿਸ਼ਵਾਸ ਨਾਲ ਆਪਣੀਆਂ ਗੌਰਵਸ਼ਾਲੀ ਪਰੰਪਰਾਵਾਂ ਪ੍ਰਤੀ ਸਚੇਤ ਹੋ ਕੇ ਅੱਗੇ ਵੱਧ ਰਿਹਾ ਹੈ। ਹਾਲ ਹੀ ਦੇ ਸਾਲਾਂ ਵਿੱਚ ਸਾਡੀ ਅਧਿਆਤਮਕ ਪ੍ਰੰਪਰਾ ਦੇ ਪਵਿੱਤਰ ਸਥਾਨਾਂ ਨੂੰ ਜਨ ਚੇਤਨਾ ਨਾਲ ਜੋੜਿਆ ਗਿਆ ਹੈ।
ਮਿੱਥੇ ਸਮੇਂ ਵਿੱਚ ਗ਼ੁਲਾਮੀ ਦੀ ਮਾਨਸਿਕਤਾ ਦੇ ਅਵਸ਼ੇਸ਼ਾਂ ਤੋਂ ਮੁਕਤ ਹੋਣ ਦਾ ਸਮੇਂਬੱਧ ਸੰਕਲਪ ਕੀਤਾ ਗਿਆ ਹੈ। ਭਾਰਤੀ ਗਿਆਨ ਪ੍ਰੰਪਰਾ ਵਿੱਚ ਦਰਸ਼ਨ, ਚਿਕਿਤਸਾ, ਖਗੋਲ ਵਿਗਿਆਨ, ਗਣਿਤ, ਸਾਹਿਤ ਅਤੇ ਕਲਾ ਦੀ ਮਹਾਨ ਵਿਰਾਸਤ ਉਪਲਬਧ ਹੈ। ਇਹ ਮਾਣ ਵਾਲੀ ਗੱਲ ਹੈ ਕਿ 'ਗਿਆਨ ਭਾਰਤਮ ਮਿਸ਼ਨ ' ਵਰਗੇ ਯਤਨਾਂ ਨਾਲ ਭਾਰਤੀ ਪ੍ਰੰਪਰਾ ਵਿੱਚ ਉਪਲਬਧ ਰਚਨਾਤਮਕਤਾ ਨੂੰ ਸੁਰੱਖਿਅਤ ਅਤੇ ਪ੍ਰਸਾਰਤ ਕੀਤਾ ਜਾ ਰਿਹਾ ਹੈ। ਇਹ ਮਿਸ਼ਨ ਭਾਰਤ ਦੀਆਂ ਲੱਖਾਂ ਬਹੁ-ਮੁੱਲੀਆਂ ਪਾਂਡੂ ਲਿਪੀਆਂ ਵਿੱਚ ਸੰਚਿਤ ਵਿਰਾਸਤ ਨੂੰ ਆਧੁਨਿਕ ਪਰਿਪੇਖ਼ਾਂ ਵਿੱਚ ਅੱਗੇ ਵਧਾਏਗਾ। ਭਾਰਤੀ ਭਾਸ਼ਾਵਾਂ ਅਤੇ ਭਾਰਤੀ ਗਿਆਨ ਪ੍ਰੰਪਰਾ ਨੂੰ ਤਰਜੀਹ ਦੇ ਕੇ ਅਸੀਂ ਆਤਮ-ਨਿਰਭਰਤਾ ਦੇ ਯਤਨਾਂ ਨੂੰ ਸੰਸਕ੍ਰਿਤਿਕ ਅਧਾਰ ਪ੍ਰਦਾਨ ਕਰ ਰਹੇ ਹਾਂ।
ਭਾਰਤ ਦਾ ਸੰਵਿਧਾਨ ਹੁਣ 8ਵੀਂ ਅਨੁਸੂਚੀ ਵਿੱਚ ਸ਼ਾਮਲ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ। ਸੰਵਿਧਾਨ ਨੂੰ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਨ ਅਤੇ ਸਮਝਣ ਨਾਲ ਦੇਸ਼ਵਾਸੀਆਂ ਵਿੱਚ ਸੰਵਿਧਾਨਕ ਰਾਸ਼ਟਰੀਅਤਾ ਦਾ ਪ੍ਰਸਾਰ ਹੋਵੇਗਾ ਅਤੇ ਆਤਮ-ਗੌਰਵ ਦੀ ਭਾਵਨਾ ਮਜ਼ਬੂਤ ਹੋਵੇਗੀ।
ਸਰਕਾਰ ਅਤੇ ਜਨ-ਮਾਨਸ ਵਿੱਚ ਦੂਰੀ ਨੂੰ ਲਗਾਤਾਰ ਘੱਟ ਕੀਤਾ ਜਾ ਰਿਹਾ ਹੈ। ਆਪਸੀ ਵਿਸ਼ਵਾਸ 'ਤੇ ਅਧਾਰਤ ਸੁਸ਼ਾਸਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਈ ਬੇਲੋੜੇ ਨਿਯਮਾਂ ਨੂੰ ਖ਼ਤਮ ਕੀਤਾ ਗਿਆ ਹੈ, ਕਈ ਕੰਪਲਾਇਸਸ ਨੂੰ ਖ਼ਤਮ ਕੀਤਾ ਗਿਆ ਹੈ ਅਤੇ ਜਨਤਾ ਦੇ ਹਿਤ ਵਿੱਚ ਵਿਵਸਥਾਵਾਂ ਨੂੰ ਸੁਖਾਲਾ ਬਣਾਇਆ ਗਿਆ ਹੈ। ਤਕਨਾਲੋਜੀ ਦੇ ਜ਼ਰੀਏ ਲਾਭਪਾਤਰੀਆਂ ਨੂੰ ਸਹੂਲਤਾਂ ਦੇ ਨਾਲ ਸਿੱਧੇ ਜੋੜਿਆ ਜਾ ਰਿਹਾ ਹੈ। ਰੋਜ਼ਮਰ੍ਹਾ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਟੀਚੇ ਦੇ ਨਾਲ ਈਜ਼ ਆਫ਼ ਲਿਵਿੰਗ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਪਿਛਲੇ ਦਹਾਕੇ ਦੌਰਾਨ ਰਾਸ਼ਟਰੀ ਟੀਚਿਆਂ ਨੂੰ ਜਨ-ਭਾਗੀਦਾਰੀ ਦੇ ਮਾਧਿਅਮ ਰਾਹੀਂ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ ਹੈ। ਮਹੱਤਵਪੂਰਨ ਰਾਸ਼ਟਰੀ ਅਭਿਆਨਾਂ ਨੂੰ ਜਨ-ਅੰਦੋਲਨ ਦਾ ਰੂਪ ਦਿੱਤਾ ਗਿਆ ਹੈ। ਪਿੰਡ-ਪਿੰਡ ਵਿੱਚ, ਨਗਰ-ਨਗਰ ਵਿੱਚ ਸਥਾਨਕ ਸੰਸਥਾਵਾਂ ਨੂੰ ਪ੍ਰਗਤੀਸ਼ੀਲ ਬਦਲਾਅ ਦਾ ਮਾਧਿਅਮ ਬਣਾਇਆ ਗਿਆ ਹੈ। ਵਿਕਸਤ ਭਾਰਤ ਦਾ ਨਿਰਮਾਣ ਸਾਰੇ ਦੇਸ਼ਵਾਸੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸਮਾਜ ਵਿੱਚ ਅਸੀਮ ਸ਼ਕਤੀ ਹੁੰਦੀ ਹੈ। ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਸਮਾਜ ਦਾ ਸਰਗਰਮ ਸਮਰਥਨ ਮਿਲਣ ਨਾਲ ਕ੍ਰਾਂਤੀਕਾਰੀ ਬਦਲਾਅ ਆਉਂਦੇ ਹਨ। ਉਦਾਰਹਣ ਵਜੋਂ ਸਾਡੇ ਦੇਸ਼ਵਾਸੀਆਂ ਨੇ ਡਿਜੀਟਲ ਪੇਮੈਂਟ ਵਿਵਸਥਾ ਨੂੰ ਬਹੁਤ ਵੱਡੇ ਪੈਮਾਨੇ ਤੇ ਅਪਣਾਇਆ ਹੈ। ਅੱਜ ਵਿਸ਼ਵ ਦੇ ਅੱਧੇ ਤੋਂ ਵੱਧ ਡਿਜੀਟਲ ਲੈਣ-ਦੇਣ ਭਾਰਤ ਵਿੱਚ ਹੁੰਦੇ ਹਨ। ਛੋਟੀ ਤੋਂ ਛੋਟੀ ਦੁਕਾਨ ਤੋਂ ਸਮਾਨ ਖ਼ਰੀਦਣ ਤੋਂ ਲੈ ਕੇ ਆਟੋ-ਰਿਕਸ਼ਾ ਦਾ ਕਿਰਾਇਆ ਦੇਣ ਤੱਕ, ਡਿਜੀਟਲ ਭੁਗਤਾਨ ਦੀ ਵਰਤੋਂ ਵਿਸ਼ਵ ਭਾਈਚਾਰੇ ਲਈ ਪ੍ਰਭਾਵਸ਼ਾਲੀ ਮਿਸਾਲ ਬਣ ਗਈ ਹੈ। ਮੈਂ ਆਸ ਕਰਦੀ ਹਾਂ ਕਿ ਇਸ ਤਰ੍ਹਾਂ ਹੋਰ ਰਾਸ਼ਟਰੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਾਰੇ ਦੇਸ਼ਵਾਸੀ ਆਪਣੀ ਸਰਗਰਮ ਭਾਗੀਦਾਰੀ ਨਿਭਾਉਣਗੇ।
ਪਿਆਰੇ ਦੇਸ਼-ਵਾਸੀਓ,
ਪਿਛਲੇ ਵਰ੍ਹੇ ਸਾਡੇ ਦੇਸ਼ ਨੇ ਆਪ੍ਰੇਸ਼ਨ ਸਿੰਧੂਰ ਰਾਹੀਂ ਅੱਤਵਾਦ ਦੇ ਠਿਕਾਣਿਆਂ 'ਤੇ ਸਟੀਕ ਹਮਲਾ ਕੀਤਾ। ਅੱਤਵਾਦ ਦੇ ਕਈ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਕਈ ਅੱਤਵਾਦੀਆਂ ਨੂੰ ਉਨ੍ਹਾਂ ਦੇ ਅੰਜ਼ਾਮ ਤੱਕ ਪਹੁੰਚਾਇਆ ਗਿਆ। ਸੁਰੱਖਿਆ ਦੇ ਖੇਤਰ ਵਿੱਚ ਸਾਡੀ ਆਤਮ-ਨਿਰਭਰਤਾ ਨਾਲ ਆਪ੍ਰੇਸ਼ਨ ਸਿੰਧੂਰ ਦੀ ਇਤਿਹਾਸਕ ਸਫ਼ਲਤਾ ਨੂੰ ਸ਼ਕਤੀ ਮਿਲੀ।
ਸਿਆਚਿਨ ਬੇਸ ਕੈਂਪ ਪਹੁੰਚ ਕੇ ਮੈਂ ਬਹਾਦਰ ਫ਼ੌਜੀਆਂ ਨੂੰ ਬੇਹੱਦ ਔਖੇ ਹਾਲਾਤ ਵਿੱਚ ਦੇਸ਼ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਤਪਰ ਅਤੇ ਉਤਸ਼ਾਹਿਤ ਦੇਖਿਆ। ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ, ਸੁਖੋਈ ਅਤੇ ਰਾਫ਼ੇਲ ਵਿੱਚ ਉਡਾਣ ਭਰਨ ਦਾ ਮੌਕਾ ਵੀ ਮੈਂਨੂੰ ਮਿਲਿਆ। ਮੈਂ ਹਵਾਈ ਸੈਨਾ ਦੇ ਯੁੱਧ ਕੌਸ਼ਲ ਤੋਂ ਜਾਣੂ ਹੋਈ। ਮੈਂ ਭਾਰਤੀ ਜਲ ਸੈਨਾ ਦੇ ਸਵਦੇਸ਼ ਵਿੱਚ ਬਣੇ ਜੰਗੀ ਜਹਾਜ਼ ਆਈਐੱਨਐੱਸ ਵਿਕਰਾਂਤ ਦੀਆਂ ਅਸਧਾਰਨ ਸਮਰਥਾਵਾਂ ਨੂੰ ਦੇਖਿਆ। ਮੈਂ ਜਲ ਸੈਨਾ ਦੀ ਪਣਡੁੱਬੀ ਆਈਐੱਨਐੱਸ ਵਾਘਸ਼ੀਰ ਵਿੱਚ ਸਮੁੰਦਰ ਦੀਆਂ ਗਹਿਰਾਈਆਂ ਤੱਕ ਗਈ। ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦੀ ਸ਼ਕਤੀ ਦੇ ਅਧਾਰ 'ਤੇ ਸਾਡੀ ਸੁਰੱਖਿਆ ਸਮਰੱਥਾ 'ਤੇ ਦੇਸ਼-ਵਾਸੀਆਂ ਨੂੰ ਪੂਰਾ ਭਰੋਸਾ ਹੈ।
ਪਿਆਰੇ ਦੇਸ਼-ਵਾਸੀਓ,
ਵਾਤਾਵਰਨ ਸੰਭਾਲ ਅੱਜ ਦੀ ਸਭ ਤੋਂ ਮਹੱਤਵਪੂਰਨ ਤਰਜੀਹ ਹੈ। ਮੈਂਨੂੰ ਇਸ ਗੱਲ 'ਤੇ ਮਾਣ ਹੈ ਕਿ ਵਾਤਾਵਰਨ ਨਾਲ ਸਬੰਧਤ ਕਈ ਖੇਤਰਾਂ ਵਿੱਚ ਭਾਰਤ ਨੇ ਵਿਸ਼ਵ ਭਾਈਚਾਰੇ ਦਾ ਮਾਰਗ-ਦਰਸ਼ਨ ਕੀਤਾ ਹੈ। ਕੁਦਰਤ ਨਾਲ ਜੁੜੀ ਜੀਵਨ-ਸ਼ੈਲੀ ਭਾਰਤ ਦੀ ਸੰਸਕ੍ਰਿਤਕ ਪ੍ਰੰਪਰਾ ਦਾ ਹਿੰਸਾ ਰਹੀ ਹੈ। ਇਹੀ ਜੀਵਨ-ਸ਼ੈਲੀ, ਵਿਸ਼ਵ ਭਾਈਚਾਰੇ ਨੂੰ ਦਿੱਤੇ ਗਏ ਸਾਡੇ ਸੰਦੇਸ਼ 'ਲਾਈਫ਼ ਸਟਾਇਲ ਫੋਰ ਐਨਵਾਇਰਨਮੈਂਟ' ਭਾਵ ਲਾਈਫ਼ ਦਾ ਅਧਾਰ ਹੈ। ਅਸੀਂ ਅਜਿਹੇ ਯਤਨ ਕਰੀਏ ਜਿਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਮਾਤਾ ਦੇ ਅਨਮੋਲ ਸਰੋਤ ਉਪਲਬਧ ਰਹਿ ਸਕਣ।
ਸਾਡੀ ਪ੍ਰੰਪਰਾ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਸ਼ਾਂਤੀ ਦੇ ਬਣੇ ਰਹਿਣ ਦੀ ਅਰਦਾਸ ਕੀਤੀ ਜਾ ਰਹੀ ਹੈ। ਪੂਰੇ ਵਿਸ਼ਵ ਵਿੱਚ ਸ਼ਾਂਤੀਪੂਰਨ ਵਿਵਸਥਾ ਸਥਾਪਤ ਹੋਣ ਨਾਲ ਹੀ ਮਨੁੱਖਤਾ ਦਾ ਭਵਿੱਖ ਸੁਰੱਖਿਅਤ ਰਹਿ ਸਕਦਾ ਹੈ। ਵਿਸ਼ਵ ਦੇ ਅਨੇਕ ਖੇਤਰਾਂ ਵਿੱਚ ਵਿਆਪਤ ਅਸ਼ਾਂਤੀ ਦੇ ਵਾਤਾਵਰਨ ਵਿੱਚ ਭਾਰਤ ਵੱਲੋਂ ਵਿਸ਼ਵ ਸ਼ਾਂਤੀ ਦਾ ਸੰਦੇਸ਼ ਪ੍ਰਸਾਰਤ ਕੀਤਾ ਜਾ ਰਿਹਾ ਹੈ।
ਪਿਆਰੇ ਦੇਸ਼-ਵਾਸੀਓ,
ਇਹ ਸਾਡਾ ਸੁਭਾਗ ਹੈ ਕਿ ਅਸੀਂ ਭਾਰਤ ਭੂਮੀ ਦੇ ਨਿਵਾਸੀ ਹਾਂ। ਸਾਡੀ ਜਨਨੀ ਜਨਮ ਭੂਮੀ ਲਈ ਕਵੀ ਗੁਰੂ ਰਵਿੰਦਰਨਾਥ ਠਾਕੁਰ ਨੇ ਕਿਹਾ ਸੀ:
ਓ ਆਮਾਰ ਦੇਸ਼ੇਰ ਮਾਟੀ, ਤੋਮਾਰ ਪੋਰੇ ਠੇਕਾਈ ਮਾਥਾ। (ओ आमार देशेर माटी, तोमार पोरे ठेकाइ माथा।)
ਭਾਵ ਹੇ ਮੇਰੇ ਦੇਸ਼ ਦੀ ਮਿੱਟੀ। ਮੈਂ ਤੁਹਾਡੇ ਚਰਨਾਂ ਵਿੱਚ ਆਪਣਾ ਸੀਸ ਝੁਕਾਉਂਦਾ ਹਾਂ।
ਮੈਂ ਮੰਨਦੀ ਹਾਂ ਕਿ ਗਣਤੰਤਰ ਦਿਵਸ, ਦੇਸ਼-ਭਗਤੀ ਦੀ ਇਸ ਮਜ਼ਬੂਤ ਭਾਵਨਾ ਨੂੰ ਹੋਰ ਵੀ ਦ੍ਰਿੜ੍ਹ ਕਰਨ ਲਈ ਸੰਕਲਪ ਦਾ ਮੌਕਾ ਹੈ। ਆਓ ਆਪਾਂ ਸਾਰੇ ਮਿਲ ਕੇ 'ਰਾਸ਼ਟਰ ਪ੍ਰਥਮ' ਦੀ ਭਾਵਨਾ ਨਾਲ ਕੰਮ ਕਰਦੇ ਹੋਏ ਆਪਣੇ ਗਣਤੰਤਰ ਨੂੰ ਹੋਰ ਵੀ ਗੌਰਵਸ਼ਾਲੀ ਬਣਾਈਏ।
ਮੈਂ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਗਣਤੰਤਰ ਦਿਵਸ ਦੀ ਦਿਲੋਂ ਵਧਾਈ ਦਿੰਦੀ ਹਾਂ। ਮੈਨੂੰ ਦ੍ਰਿੜ੍ਹ ਵਿਸ਼ਵਾਸ ਹੈ ਕਿ ਤੁਹਾਡਾ ਜੀਵਨ ਸੁੱਖ, ਸ਼ਾਂਤੀ, ਸੁਰੱਖਿਆ ਅਤੇ ਖ਼ੁਸ਼ਹਾਲੀ ਨਾਲ ਭਰਪੂਰ ਰਹੇਗਾ। ਮੈਂ ਤੁਹਾਡੇ ਸਾਰਿਆਂ ਦੇ ਰੋਸ਼ਨ ਭਵਿੱਖ ਦੀ ਮੰਗਲਕਾਮਨਾ ਕਰਦੀ ਹਾਂ।
ਧੰਨਵਾਦ!
ਜੈ ਹਿੰਦ!
ਜੈ ਭਾਰਤ!
*******
ਐੱਮਜੇਪੀਐੱਸ/ਐੱਸਆਰ
(रिलीज़ आईडी: 2218661)
आगंतुक पटल : 4
इस विज्ञप्ति को इन भाषाओं में पढ़ें:
Tamil
,
Malayalam
,
Assamese
,
English
,
Khasi
,
Urdu
,
Marathi
,
हिन्दी
,
Bengali
,
Gujarati
,
Odia
,
Kannada