ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕਾਸ਼ੀ ਵਿੱਚ ਵੱਜ ਰਹੀ ਹੈ ਤਰੱਕੀ ਦੀ ਘੰਟੀ
ਆਧੁਨਿਕ ਭਾਰਤ ਦਾ ਨਿਰਮਾਣ
Posted On:
16 APR 2025 2:28PM by PIB Chandigarh
“ ਕਾਸ਼ੀ ਅੱਜ ਸਿਰਫ਼ ਪੁਰਾਤਨਤਾ ਹੀ ਨਹੀਂ, ਤਰੱਕੀ ਦਾ ਵੀ ਪ੍ਰਤੀਕ ਹੈ। ”
~ਪ੍ਰਧਾਨ ਮੰਤਰੀ ਨਰੇਂਦਰ ਮੋਦੀ
ਜਾਣ-ਪਹਿਚਾਣ
ਪੀਐੱਮ ਮੋਦੀ ਨੇ 11 ਅਪ੍ਰੈਲ ਨੂੰ ਕਾਸ਼ੀ ਵਿੱਚ 3,880 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਪ੍ਰਾਚੀਨ ਸ਼ਹਿਰ ਨੂੰ ਆਧੁਨਿਕ ਰੂਪ ਦਿੱਤਾ ਜਾ ਰਿਹਾ ਹੈ। ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ; ਸਕੂਲਾਂ ਨੂੰ ਅੱਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਨਵੇਂ ਬਿਜਲੀ ਘਰ ਸਥਾਪਿਤ ਕੀਤੇ ਜਾ ਰਹੇ ਹਨ। ਕਾਸ਼ੀ ਆਪਣੀਆਂ ਜੜ੍ਹਾਂ ਜੀਵਿਤ ਰੱਖਦੇ ਹੋਏ ਵਿਕਾਸ ਦੀ ਰਾਹ ‘ਤੇ ਅਗ੍ਰਸਰ ਹੈ। ਵਰ੍ਹੇ 2014 ਤੋਂ ਮਾਰਚ 2025 ਤੱਕ ਕਾਸ਼ੀ ਵਿੱਚ ਵਿਕਾਸ ਦੇ ਤਹਿਤ ਕੁੱਲ 48,459 ਕਰੋੜ ਰੁਪਏ ਦੀ ਲਾਗਤ ਨਾਲ 580 ਪ੍ਰੋਜੈਕਟਾਂ ‘ਤੇ ਕੰਮ ਸ਼ੁਰੂ ਕੀਤਾ ਗਿਆ। ਇਸ ਦਾ ਉਦੇਸ਼ ਵਾਰਾਣਸੀ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ, ਵਿਰਾਸਤ ਦੀ ਸੰਭਾਲ਼ ਕਰਨਾ ਅਤੇ ਲੋਕਲ ਟੂਰਿਜ਼ਮ ਨੂੰ ਹੁਲਾਰਾ ਦੇਣਾ ਹੈ।

ਕਾਸ਼ੀ ਦੀ ਵਿਕਾਸ ਯਾਤਰਾ: ਜ਼ਿਕਰਯੋਗ ਉਪਲਬਧੀਆਂ
- 7 ਨਵੰਬਰ, 2014: ਪਾਵਰਲੂਮ (ਬਿਜਲੀ ਸ਼ਕਤੀ ਨਾਲ ਚੱਲਣ ਵਾਲਾ ਲੂਮ) ਸਰਵਿਸ ਸੈਂਟਰ ਦਾ ਉਦਘਾਟਨ ਕੀਤਾ ਗਿਆ ਅਤੇ ਜ਼ਿਲ੍ਹਾ ਸਹਿਕਾਰੀ ਬੈਂਕਾਂ ਦੇ ਲਈ 2,375 ਕਰੋੜ ਰੁਪਏ ਦੇ ਮੁੜ-ਸੁਰਜੀਤ ਪੈਕੇਜ ਦਾ ਐਲਾਨ ਕੀਤਾ ਗਿਆ।
- 18 ਸਤੰਬਰ, 2015: ਕਾਸ਼ੀ ਨਗਰੀ ਦੇ ਅੱਪਗ੍ਰੇਡੇਸ਼ਨ ਲਈ 572 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ, ਨਾਲ ਹੀ ਨੇੜਲੇ ਜ਼ਿਲ੍ਹਿਆਂ ਨੂੰ ਜੋੜਨ ਵਾਲੀਆਂ ਸੜਕਾਂ ਲਈ 11,000 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ।
- 22 ਦਸੰਬਰ, 2016: ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖੇ ਜਾਣ ਸਮੇਤ 2,100 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ।
- 22 ਸਤੰਬਰ, 2017: ਪੀਐੱਮ ਮੋਦੀ ਨੇ ਦੀਨਦਿਆਲ ਹਸਤਕਲਾ ਸੰਕੁਲ, ਜੋ ਕਿ ਦਸਤਕਾਰੀ ਲਈ ਇੱਕ ਵਪਾਰ ਸਹੂਲਤ ਕੇਂਦਰ ਹੈ, ਨੂੰ ਸਮਰਪਿਤ ਕੀਤਾ।
- 14 ਜੁਲਾਈ, 2018: 900 ਕਰੋੜ ਰੁਪਏ ਤੋਂ ਵੱਧ ਦੇ ਪ੍ਰਮੁੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ।
- 8 ਮਾਰਚ, 2019: ਪ੍ਰਧਾਨ ਮੰਤਰੀ ਨੇ ਕਾਸ਼ੀ ਵਿਸ਼ਵਨਾਥ ਕੌਰੀਡੋਰ ਦਾ ਨੀਂਹ ਪੱਥਰ ਰੱਖਿਆ।
- 30 ਨਵੰਬਰ, 2020: ਪ੍ਰਯਾਗਰਾਜ ਅਤੇ ਵਾਰਾਣਸੀ ਦਰਮਿਆਨ ਯਾਤਰਾ ਦੀ ਪਹੁੰਚਯੋਗਤਾ ਲਈ 2,447 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਛੇ ਲੇਨ ਵਾਲੇ 73 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ 19 ਦਾ ਉਦਘਾਟਨ ਕੀਤਾ ਗਿਆ। ਮਹਾ ਕਾਲ ਐਕਸਪ੍ਰੈੱਸ ਭਾਰਤ ਦੀ ਪਹਿਲੀ ਰਾਤ ਭਰ ਚੱਲਣ ਵਾਲੀ ਪ੍ਰਾਈਵੇਟ ਟ੍ਰੇਨ ਵੀ ਸ਼ੁਰੂ ਕੀਤੀ ਗਈ।
- 13-14 ਦਸੰਬਰ, 2021: ਲਗਭਗ 339 ਕਰੋੜ ਰੁਪਏ ਦੇ ਖਰਚ ਨਾਲ ਤਿਆਰ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦੇ ਫੇਜ 1 ਦਾ ਉਦਘਾਟਨ।
- 7 ਜੁਲਾਈ, 2022: ਪੀਐੱਮ ਮੋਦੀ ਨੇ 1,800 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਵਿੱਚ ਵਾਰਾਣਸੀ ਸਮਾਰਟ ਸਿਟੀ ਅਤੇ 590 ਕਰੋੜ ਰੁਪਏ ਦੀ ਲਾਗਤ ਦੇ ਸ਼ਹਿਰੀ ਪ੍ਰੋਜੈਕਟਸ ਸ਼ਾਮਲ ਹਨ।
- 13 ਜਨਵਰੀ, 2023: ਪੀਐੱਮ ਮੋਦੀ ਨੇ ਵਿਸ਼ਵ ਦੇ ਸਭ ਤੋਂ ਲੰਬੇ ਰਿਵਰ ਕਰੂਜ਼ ਸੇਵਾ ‘ਐੱਮਵੀ ਗੰਗਾ ਵਿਲਾਸ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
- 18 ਦਸੰਬਰ, 2023: ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ 19,150 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ।
- 10 ਅਕਤੂਬਰ, 2024: ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 6,100 ਕਰੋੜ ਰੁਪਏ ਦੀ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ।
ਤੀਰਥਯਾਤਰਾ ਤੋਂ ਲੈ ਕੇ ਵਿਸ਼ਿਸ਼ਟ ਅਨੁਭਵ ਤੱਕ
ਵਾਰਾਣਸੀ ਵਿੱਚ ਟੂਰਿਜ਼ਮ ਯਾਤਰਾ ਤੋਂ ਕਿਤੇ ਵਧ ਕੇ ਹੈ। ਇਹ ਇਤਿਹਾਸ, ਆਸਥਾ ਅਤੇ ਜੀਵੰਤ ਸੱਭਿਆਚਾਰ ਤੋਂ ਗੁਜ਼ਰਨ ਦਾ ਤਜ਼ਰਬਾ ਹੈ। ਹੇਠ ਲਿਖੀਆਂ ਕੁਝ ਪਹਿਲਕਦਮੀਆਂ ਦੁਆਰਾ ਵਾਰਾਣਸੀ ਵਿੱਚ ਟੂਰਿਜ਼ਮ ਨੂੰ ਨਵਾਂ ਆਕਾਰ ਦਿੱਤਾ ਜਾ ਰਿਹਾ ਹੈ।:

1 ਐੱਮਵੀ ਗੰਗਾ ਵਿਲਾਸ: ਵਿਸ਼ਵ ਦਾ ਸਭ ਤੋਂ ਲੰਬਾ ਕਰੂਜ਼
13 ਜਨਵਰੀ, 2023 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤਾ ਗਿਆ ਐੱਮਵੀ ਗੰਗਾ ਵਿਲਾਸ ਵਿਸ਼ਵ ਦਾ ਸਭ ਤੋਂ ਲੰਬਾ ਰਿਵਰ ਕਰੂਜ਼ ਵਾਰਾਣਸੀ ਤੋਂ ਚੱਲ ਕੇ 28 ਫਰਵਰੀ, 2023 ਨੂੰ ਡਿਬਰੂਗੜ੍ਹ ਵਿੱਚ ਪੂਰਾ ਹੋਇਆ।

2 ਟੈਂਟ ਸਿਟੀ: ਨਦੀ ਕਿਨਾਰੇ ਆਰਾਮਦਾਇਕ ਅਨੁਭਵ
ਸ਼ਹਿਰ ਵਿੱਚ ਗੰਗਾ ਨਦੀ ਦੇ ਕਿਨਾਰੇ ‘ਤੇ ਸਥਾਪਿਤ ਟੈਂਟ ਸਿਟੀ ਦਾ 13 ਜਨਵਰੀ, 2023 ਨੂੰ ਉਦਘਾਟਨ ਕੀਤਾ ਗਿਆ। ਸਲਾਨਾ ਤੌਰ ‘ਤੇ ਅਕਤੂਬਰ ਤੋਂ ਜੂਨ ਤੱਕ ਸੰਚਾਲਿਤ ਇਹ ਟੈਂਟ ਸ਼ਹਿਰ ਵਿੱਚ ਟੂਰਿਸਟਾਂ ਦੀ ਵਧਦੀ ਸੰਖਿਆ ਨੂੰ ਨਿਵਾਸ ਦੀ ਸੁਵਿਧਾ ਅਤੇ ਨਦੀ ਕਿਨਾਰੇ ਰਹਿਣ ਦਾ ਅਨੋਖਾ ਅਤੇ ਸ਼ਾਂਤੀਪੂਰਨ ਅਨੁਭਵ ਪ੍ਰਦਾਨ ਕਰਦੇ ਹਨ।

3 ਸ਼੍ਰੀ ਕਾਸ਼ੀ ਵਿਸ਼ਵਨਾਥ ਕੌਰੀਡੋਰ
5.5 ਏਕੜ ਖੇਤਰ ਵਿੱਚ ਫੈਲੇ 355 ਕਰੋੜ ਰੁਪਏ ਦਾ ਪਰਿਵਰਤਨਕਾਰੀ ਪ੍ਰੋਜੈਕਟ ਕਾਸ਼ੀ ਵਿਸ਼ਵਨਾਥ ਕੌਰੀਡੋਰ ਦਾ ਉਦਘਾਟਨ 13 ਦਸੰਬਰ, 2021 ਨੂੰ ਕੀਤਾ ਗਿਆ। ਇਹ ਕੌਰੀਡੋਰ ਕਾਸ਼ੀ ਵਿਸ਼ਵਨਾਥ ਮੰਦਿਰ ਨੂੰ ਚਾਰ ਲੇਨ ਮਾਰਗ ਦੁਆਰਾ ਸਿੱਧੇ ਗੰਗਾ ਨਦੀ ਨਾਲ ਜੋੜ੍ਹਦਾ ਹੈ ਅਤੇ ਮੰਦਿਰ ਜਾਣ ਵਾਲੇ ਤੀਰਥਯਾਤਰੀਆਂ ਨੂੰ ਸੁਗਮਤਾ ਪ੍ਰਦਾਨ ਕਰਦਾ ਹੈ।

4 ਸਮਾਰਕ ਰੌਸ਼ਨੀ ਪ੍ਰੋਜੈਕਟਸ
ਵਾਰਾਣਸੀ ਦੇ ਇਤਿਹਾਸਿਕ ਸਮਾਰਕਾਂ ਦੀ ਵਿਜ਼ੁਅਲ ਅਪੀਲ (ਸੁੰਦਰਤਾ) ਨੂੰ ਵਧਾਉਣ ਲਈ ਕਈ ਰੌਸ਼ਨੀ ਪ੍ਰੋਜੈਕਟਸ ਸ਼ੁਰੂ ਕੀਤੇ ਗਏ ਹਨ: ਵਰ੍ਹੇ 2015 ਵਿੱਚ, ਧਮੇਖ ਸਤੂਪ, ਚੌਖੰਡੀ ਸਤੂਪ, ਲਾਲਕਨ ਦਾ ਮਕਬਰਾ ਅਤੇ ਮਾਨ ਮਹਿਲ ਜਿਹੇ ਸਮਾਰਕਾਂ ਨੂੰ ਰੌਸ਼ਨ ਕਰਨ ਲਈ 5.12 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ। ਵਰ੍ਹੇ 2017 ਵਿੱਚ, ਦਸ਼ਾਸ਼ਵਮੇਧ ਤੋਂ ਦਰਭੰਗਾ ਘਾਟ, ਤੁਲਸੀ ਮਾਨਸ ਮੰਦਿਰ ਅਤੇ ਸਾਰਨਾਥ ਮਿਊਜ਼ੀਅਮ ਨੂੰ ਰੌਸ਼ਨ ਕਰਨ ਲਈ 2.93 ਕਰੋੜ ਰੁਪਏ ਮਨਜ਼ੂਰ ਕੀਤੇ ਗਏ।
ਕਾਸ਼ੀ ਦੇ ਬੁਨਿਆਦੀ ਢਾਂਚੇ ਦਾ ਵਿਕਾਸ
ਕਾਸ਼ੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਵਰ੍ਹੇ 2021 ਤੋਂ 2025 ਤੱਕ ਵਿਆਪਕ ਵਿਕਾਸ ਹੋਇਆ ਹੈ। 25 ਅਕਤੂਬਰ, 2021 ਨੂੰ 72.16 ਕਿਲੋਮੀਟਰ ਲੰਬੀ ਸੜਕ ਵਾਰਾਣਸੀ-ਗੋਰਖਪੁਰ ਰਾਸ਼ਟਰੀ ਰਾਜਮਾਰਗ ਐੱਨਐੱਚ-20 (ਪੈਕੇਜ -2) ਦਾ ਉਦਘਾਟਨ ਕੀਤਾ ਗਿਆ। ਇਸ ਪ੍ਰੋਜੈਕਟ ਵਿੱਚ 3,509 ਕਰੋੜ ਰੁਪਏ ਦੀ ਲਾਗਤ ਆਈ। ਨਮੋ ਘਾਟ (ਖਿੜਕੀਆ ਘਾਟ- Khidkiya Ghat) ਦਾ ਪੁਨਰ-ਵਿਕਾਸ ਕਾਰਜ 95.2 ਕਰੋੜ ਰੁਪਏ ਦੇ ਖਰਚ ਨਾਲ 15 ਨਵੰਬਰ, 2024 ਨੂੰ ਪੂਰਾ ਹੋਇਆ। ਘਾਟ ਹੁਣ ਇੱਕ ਕੈਫੇਟੇਰੀਆ, ਵਿਊਇੰਗ ਪਲੈਟਫਾਰਮ ਅਤੇ ਵਿਰਾਸਤੀ ਕੰਧ-ਚਿੱਤਰਾਂ ਨਾਲ ਲੈਸ ਹਨ। ਰਾਜਘਾਟ 'ਤੇ ਜੈੱਟੀ ਦੇ ਨਿਰਮਾਣ 'ਤੇ ਲਗਭਗ 10 ਕਰੋੜ ਰੁਪਏ ਦੀ ਲਾਗਤ ਆਈ। ਹਰੇਕ ਕਰੂਜ਼ ਕਿਸ਼ਤੀ 20 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਸੀ। ਇਸ ਤੋਂ ਇਲਾਵਾ, ਰਿਵਰਫ੍ਰੰਟ ਦੇ ਨਾਲ-ਨਾਲ ਟੂਰਿਜ਼ਮ ਸੈਕਟਰ ਵਿੱਚ ਇੱਕ ਵੌਕਵੇਅ, ਵਿਊਇੰਗ ਡੈੱਕ ਅਤੇ ਇੱਕ ਫੂਡ ਕੋਰਟ ਦਾ ਨਿਰਮਾਣ ਹੋਵੇਗਾ। ਕਰੂਜ਼ ਕਿਸ਼ਤੀਆਂ ਦਾ ਸੰਚਾਲਨ ਮਾਰਚ, 2023 ਵਿੱਚ ਸ਼ੁਰੂ ਹੋਇਆ। ਇਸ ਤੋਂ ਇਲਾਵਾ, ਅਪ੍ਰੈਲ, 2025 ਤੱਕ ਫਲਾਈਓਵਰ, ਸੜਕ ਪੁਲ਼ ਅਤੇ ਇੱਕ ਏਅਰਪੋਰਟ ਦੇ ਅੰਡਰਪਾਸ ਲਈ 980 ਕਰੋੜ ਰੁਪਏ ਤੋਂ ਵੱਧ ਦੀ ਧਨਰਾਸ਼ੀ ਐਲੋਕੇਟ ਕੀਤੀ ਗਈ ਹੈ।

ਕਾਸ਼ੀ ਵਿੱਚ ਸ਼ਹਿਰੀ ਖੇਤਰ ਪਰਿਵਰਤਨ
ਵਾਰਾਣਸੀ ਸਥਿਰਤਾ ਅਤੇ ਨਾਗਰਿਕ ਸੇਵਾ ਅੱਪਗ੍ਰੇਡ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇੱਕ ਵਿਆਪਕ ਸ਼ਹਿਰੀ ਤਬਦੀਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਗੰਗਾ ਨਦੀ ਵਿੱਚ ਪ੍ਰਦੂਸ਼ਣ ਘਟਾਉਣ ਲਈ ਡੀਜ਼ਲ/ਪੈਟਰੋਲ ਨਾਲ ਚੱਲਣ ਵਾਲੀਆਂ ਕਿਸ਼ਤੀਆਂ ਨੂੰ ਸੀਐੱਨਜੀ ਵਿੱਚ ਬਦਲਿਆ ਗਿਆ ਹੈ। 29.7 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਦਾ ਉਦਘਾਟਨ ਪ੍ਰਧਾਨ ਮੰਤਰੀ ਨੇ 7 ਜੁਲਾਈ, 2022 ਨੂੰ ਕੀਤਾ ਸੀ। ਇਸ ਨੂੰ ਵਾਰਾਣਸੀ ਸਮਾਰਟ ਸਿਟੀ ਲਿਮਟਿਡ ਅਤੇ ਮੇਲ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ। ਹਰ ਰੋਜ਼ 120 ਮਿਲੀਅਨ ਲੀਡਰ (ਐੱਮਐੱਲਡੀ) ਦੀ ਸਮਰੱਥਾ ਵਾਲੇ ਗੋਇਥਾ ਸੀਵੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਦਾ ਉਦਘਟਾਨ 19 ਫਰਵਰੀ, 2019 ਨੂੰ ਕੀਤਾ ਗਿਆ। 217.57 ਕਰੋੜ ਰੁਪਏ ਦੇ ਖਰਚ ਨਾਲ ਤਿਆਰ ਇਹ ਟ੍ਰੀਟਮੈਂਟ ਪਲਾਂਟ ਸੀਵੇਜ ਨੂੰ ਉਪਚਾਰਿਤ ਕਰਕੇ ਗੰਗਾ ਨਦੀ ਵਿੱਚ ਪ੍ਰਦੂਸ਼ਣ ਵਿੱਚ ਕਮੀ ਲਿਆਉਂਦਾ ਹੈ। ਨਮਾਮਿ ਗੰਗੇ ਯੋਜਨਾ ਦੇ ਤਹਿਤ 300 ਕਰੋੜ ਰੁਪਏ ਦੀ ਲਾਗਤ ਨਾਲ ਹਰ ਰੋਜ਼ 55 ਮਿਲੀਅਨ ਲੀਟਰ (ਐੱਮਐੱਲਡੀ) ਸਮਰੱਥਾ ਵਾਲਾ ਸੀਵੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਜਲ ਜੀਵਨ ਮਿਸ਼ਨ ਦੇ ਤਹਿਤ ਗ੍ਰਾਮੀਣ ਪੇਅਜਲ ਯੋਜਨਾਵਾਂ ਦੇ ਲਈ 11 ਅਪ੍ਰੈਲ, 2025 ਨੂੰ 345 ਕਰੋੜ ਰੁਪਏ ਵੰਡੇ ਗਏ। ਮਾਰਚ 2017 ਤੱਕ 105 ਕਰੋੜ ਰੁਪਏ ਦੇ ਖਰਚ ਨਾਲ ਵਾਰਾਣਸੀ ਵਿੱਚ ਅਮਰੁਤ (AMRUT-ਅਟਲ ਮਿਸ਼ਨ ਫਾਰ ਰਿਜ਼ੁਵੇਨੇਸ਼ਨ ਐਂਡ ਅਰਬਨ ਟ੍ਰਾਂਸਫਾਰਮੇਸ਼ਨ), ਦੇ ਤਹਿਤ 55,000 ਘਰਾਂ ਨੂੰ ਸੀਵਰ ਲਾਈਨਾਂ ਨਾਲ ਜੋੜਿਆ ਗਿਆ। ਬਿਹਤਰ ਪਾਰਕਿੰਗ ਅਤੇ ਆਵਾਜਾਈ ਲਈ ਗੋਦੌਲੀਆ ਮਲਟੀਲੈਵਲ ਟੂ-ਵ੍ਹੀਲਰ ਪਾਰਕਿੰਗ (Godowlia Multilevel Two-wheeler Parking), 375 ਵਾਹਨਾਂ ਲਈ ਚਾਰ ਮੰਜ਼ਿਲਾਂ ਪਾਰਕਿੰਗ ਸੁਵਿਧਾ 19.55 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਜੋ ਹਰ ਦਿਨ ਚੌਬੀ ਘੰਟੇ ਪੂਰੀ ਸੁਰੱਖਿਆ ਨਾਲ ਸੰਚਾਲਿਤ ਹੁੰਦੀ ਹੈ।

ਵਾਰਾਣਸੀ ਹੈਂਡਲੂਮ ਐਂਡ ਹੈਂਡੀਕ੍ਰਾਫਟ ਨਿਰਮਾਣ ਮੁੜ-ਸੁਰਜੀਤ
ਵਾਰਾਣਸੀ ਆਪਣੀ ਅਧਿਆਤਮਿਕ ਆਭਾ ਦੇ ਨਾਲ ਹੀ ਹੈਂਡਲੂਮ ਅਤੇ ਹੈਂਡੀਕ੍ਰਾਫਟ ਦੀ ਸਮ੍ਰਿੱਧ ਪਰੰਪਰਾ ਦੇ ਲਈ ਪ੍ਰਸਿੱਧ ਹੈ। ਕਾਰੀਗਰਾਂ ਦੀਆਂ ਕਈ ਪੀੜ੍ਹੀਆਂ ਨੇ ਆਪਣੀ ਕੁਸ਼ਲਤਾ ਨਾਲ ਰੇਸ਼ਮੀ ਕੱਪੜਿਆਂ ਦੀ ਬੁਣਾਈ, ਲੱਕੜ ਅਤੇ ਪੱਥਰਾਂ ‘ਤੇ ਨੱਕਾਸ਼ੀ, ਧਾਤੂ ਦੀਆਂ ਵਸਤਾਂ, ਮਿੱਟੀ ਦੇ ਬਰਤਨ ਅਤੇ ਗਹਿਣੇ ਬਣਾਉਣ ਦੀ ਕਲਾ ਵਿੱਚ ਮੁਹਾਰਤ ਹਾਸਲ ਕੀਤੀ ਹੈ। ਉਨ੍ਹਾਂ ਦੀਆਂ ਰਚਨਾਵਾਂ ਸ਼ਾਨਦਾਰ ਕੌਸ਼ਲ ਅਤੇ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਵਿੱਚ ਬਨਾਰਸੀ ਸਾੜੀਆਂ, ਪੱਥਰਾਂ ‘ਤੇ ਬਰੀਕ ਜਾਲੀਦਾਰੀ ਦਾ ਕੰਮ, ਬਨਾਰਸ ਗੁਲਾਬੀ ਮੀਨਾਕਾਰੀ ਅਤੇ ਲੱਕੜ ‘ਤੇ ਲਾਖ ਯੁਕਤ ਵਸਤਾਂ ਅਤੇ ਬਰਤਨ ਅਤੇ ਖਿਡੌਣੇ ਆਦਿ ਨੂੰ ਭੂਗੌਲਿਕ ਸੰਕੇਤ (ਜੀਆਈ) ਟੈਗ ਮਿਲੇ ਹਨ, ਜੋ ਉਨ੍ਹਾਂ ਦੀ ਪ੍ਰਮਾਣਿਕਤਾ ਅਤੇ ਉੱਤਮਤਾ ਨੂੰ ਦਰਸਾਉਂਦੇ ਹਨ।

ਇਨ੍ਹਾਂ ਰਵਾਇਤੀ ਕਲਾਵਾਂ ਨੂੰ ਹੁਲਾਰਾ ਦੇਣ ਅਤੇ ਸਹਾਇਤਾ ਦੇਣ ਲਈ ਸਰਕਾਰ ਨੇ 2014-15 ਦੇ ਕੇਂਦਰੀ ਬਜਟ ਵਿੱਚ ਇੱਕ ਵਪਾਰ ਸੁਵਿਧਾ ਕੇਂਦਰ ਅਤੇ ਕ੍ਰਾਫਟਸ ਮਿਊਜ਼ੀਅਮ ਦੀ ਸਥਾਪਨਾ ਦਾ ਐਲਾਨ ਕੀਤਾ। ਇਸ ਪਹਿਲ ਦਾ ਉਦੇਸ਼ ਬੁਣਕਰਾਂ, ਕਾਰੀਗਰਾਂ ਅਤੇ ਉੱਦਮੀਆਂ ਨੂੰ ਉਨ੍ਹਾਂ ਦੇ ਉਤਪਾਦਾਂ ਨੂੰ ਬਜ਼ਾਰ ਵਿੱਚ ਲਿਆਉਣ ਵਿੱਚ ਮਦਦ ਕਰਨਾ ਹੈ। 300 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 7.93 ਏਕੜ ਵਿੱਚ ਬਣਿਆ ਇਹ ਕੰਪਲੈਕਸ ਲੋਕਲ ਕ੍ਰਾਫਟਸ ਪ੍ਰਦਰਸ਼ਨ, ਟ੍ਰੇਨਿੰਗ ਅਤੇ ਵੇਚਣ ਲਈ ਪ੍ਰਮੁੱਖ ਸਥਾਨ ਹੈ। ਇਸ ਕੇਂਦਰ ਦਾ ਉਦਘਾਟਨ 22 ਸਤੰਬਰ, 2017 ਨੂੰ ਹੋਇਆ ਸੀ ਅਤੇ ਅੱਜ ਇਹ ਵਾਰਾਣਸੀ ਦੀ ਕਲਾਤਮਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਕਾਸ਼ੀ ਵਿੱਚ ਸਿੱਖਿਆ ਅਤੇ ਸਿਹਤ ਮੁਹਿੰਮ
ਕਾਸ਼ੀ ਵਿੱਚ ਵਿਆਪਕ ਨਿਵੇਸ਼ ਦੁਆਰਾ ਖੋਜ, ਸਿਹਤ ਸੰਭਾਲ, ਊਰਜਾ ਅਤੇ ਸਿੱਖਿਆ ਦੇ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਵਾਰਾਣਸੀ ਦੀ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਵਿਖੇ ਅੰਤਰ-ਯੂਨੀਵਰਸਿਟੀ ਅਧਿਆਪਕ ਸਿੱਖਿਆ ਕੇਂਦਰ (ਆਈਯੂਟੀਈਸੀ) ਦਾ ਉਦਘਾਟਨ 23 ਦਸੰਬਰ, 2021 ਨੂੰ ਕੀਤਾ ਗਿਆ ਸੀ। ₹107.36 ਕਰੋੜ ਦੀ ਲਾਗਤ ਨਾਲ ਬਣੇ ਇਸ ਕੇਂਦਰ ਦਾ ਉਦੇਸ਼ 1,000 ਵਿਦਿਆਰਥੀਆਂ ਲਈ ਦੋ ਵਰ੍ਹਿਆਂ ਦਾ ਐੱਮ.ਐਡ. ਪ੍ਰੋਗਰਾਮ ਪ੍ਰਦਾਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਫਰਵਰੀ 2019 ਵਿੱਚ ਬੀਐੱਚਯੂ ਵਿਖੇ ₹32.5 ਕਰੋੜ ਦੀ ਲਾਗਤ ਨਾਲ ਤਿਆਰ 3.3 ਪੈਟਾਫਲੌਪਸ ਪੀਕ ਪ੍ਰਦਰਸ਼ਨ ਵਾਲੇ ਪਰਮ ਸ਼ਿਵਾਏ ਸੁਪਰਕੰਪਿਊਟਿੰਗ ਸੈਂਟਰ ਦਾ ਉਦਘਾਟਨ ਕੀਤਾ।
ਖੇਤੀਬਾੜੀ ਨਾਲ ਸਬੰਧਿਤ ਖੇਤਰ ਵਿੱਚ, 11 ਅਪ੍ਰੈਲ, 2025 ਨੂੰ ਬਨਾਸ ਡੇਅਰੀ ਮਿਲਕ ਸਪਲਾਇਰਾਂ ਨੂੰ ₹105 ਕਰੋੜ ਦਾ ਬੋਨਸ ਟ੍ਰਾਂਸਫਰ ਕੀਤਾ ਗਿਆ। ਬਿਜਲੀ ਖੇਤਰ ਵਿੱਚ, ਨਵੇਂ ਸਬਸਟੇਸ਼ਨਾਂ ਦੀ ਸਥਾਪਨਾ ਅਤੇ ਟ੍ਰਾਂਸਮਿਸ਼ਨ ਅੱਪਗ੍ਰੇਡੇਸ਼ਨ ਲਈ ₹1,820 ਕਰੋੜ ਅਲਾਟ ਕੀਤੇ ਗਏ ਹਨ। ਸਿਗਰਾ ਵਿੱਚ ਖੇਡਾਂ ਲਈ ਵਿਸ਼ਵ ਪੱਧਰੀ ਕੇਂਦਰ ਵਜੋਂ ਡਿਜ਼ਾਈਨ ਕੀਤੇ ਗਏ ਸਪੋਰਟਸ ਸਟੇਡੀਅਮ ਦਾ ਪੁਨਰ ਵਿਕਾਸ ਇੱਕ ਮਹੱਤਵਅਕਾਂਖੀ ਪ੍ਰੋਜੈਕਟ ਹੈ ਜਿਸ ਦਾ ਕੁੱਲ ਬਜਟ ₹180.03 ਕਰੋੜ ਹੈ (ਫੇਜ 1: ₹90.01 ਕਰੋੜ, ਫੇਜ 2: ₹90.02 ਕਰੋੜ ਦਾ ਖਰਚ) ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 20 ਅਕਤੂਬਰ, 2024 ਨੂੰ ਇਸ ਦਾ ਉਦਘਾਟਨ ਕੀਤਾ ਗਿਆ ਸੀ।
ਸਿੱਟਾ
ਕਾਸ਼ੀ ਅੱਜ ਚਮਕਦਾਰ ਉਦਾਹਰਣ ਹੈ ਕਿ ਵਿਰਾਸਤ ਅਤੇ ਆਧੁਨਿਕਤਾ ਇਕੱਠੇ ਫਲ-ਫੁੱਲ ਸਕਦੇ ਹਨ। ਇਨਫ੍ਰਾਸਟ੍ਰਕਚਰ, ਟੂਰਿਜ਼ਮ, ਹੈਲਥ, ਐਜੂਕੇਸ਼ਨ ਅਤੇ ਕਲਚਰ ਦੇ ਖੇਤਰ ਵਿੱਚ ਪਰਿਵਰਤਨਕਾਰੀ ਪ੍ਰੋਜੈਕਟਾਂ ਦੇ ਨਾਲ ਇਹ ਸ਼ਹਿਰ ਆਪਣੇ ਅਧਿਆਤਮਿਕ ਸਾਰ ਦੀ ਸੰਭਾਲ ਕਰਦੇ ਹੋਏ ਇੱਕ ਜੀਵੰਤ, ਭਵਿੱਖ ਦੀ ਪਹਿਚਾਣ ਵੀ ਸਥਾਪਿਤ ਕਰ ਰਿਹਾ ਹੈ। ਘਾਟਾਂ (ghats) ਤੋਂ ਲੈ ਕੇ ਵਿਕਾਸ ਦੇ ਪ੍ਰਵੇਸ਼ਦੁਆਰਾਂ ਤੱਕ, ਕਾਸ਼ੀ ਵਿੱਚ ਵਾਕਈ ਹੀ ਤਰੱਕੀ ਦੀਆਂ ਘੰਟੀਆਂ ਵੱਜ ਰਹੀਆਂ ਹਨ।
ਸੰਦਰਭ
Click here to see PDF.
*****
ਸੰਤੋਸ਼ ਕੁਮਾਰ/ਸਰਲਾ ਮੀਨਾ/ਕਾਮਨਾ ਲਕਾਰੀਆ/ਕ੍ਰਿਤਿਕਾ ਰਾਣੇ
(Release ID: 2122822)
Visitor Counter : 14