ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਮਾਸਕੋ ਵਿੱਚ 'ਵੀਟੀਬੀ ਰਸ਼ੀਆ ਕਾਲਿੰਗ ਇਨਵੈਸਟਮੈਂਟ ਫੋਰਮ' ਵਿਖੇ ਪ੍ਰਧਾਨ ਮੰਤਰੀ ਮੋਦੀ ਦੀ "ਭਾਰਤ-ਪਹਿਲਾਂ" ਨੀਤੀ ਅਤੇ "ਮੇਕ ਇਨ ਇੰਡੀਆ" ਪਹਿਲਕਦਮੀ ਦੀ ਸ਼ਲਾਘਾ ਕੀਤੀ


ਰਾਸ਼ਟਰਪਤੀ ਪੁਤਿਨ ਨੇ ਭਾਰਤ ਵਿੱਚ ਮੈਨੂਫੈਕਚਰਿੰਗ ਪਲਾਂਟ ਸਥਾਪਿਤ ਕਰਨ ਲਈ ਰੂਸ ਦੀ ਇੱਛਾ ਨੂੰ ਉਜਾਗਰ ਕੀਤਾ

ਰਾਸ਼ਟਰਪਤੀ ਪੁਤਿਨ ਨੇ ਐੱਸਐੱਮਈਜ਼ ਦੇ ਵਿਕਾਸ ਲਈ ਰੂਸ-ਭਾਰਤ ਸਹਿਯੋਗ 'ਤੇ ਜ਼ੋਰ ਦਿੱਤਾ

ਰਾਸ਼ਟਰਪਤੀ ਪੁਤਿਨ ਨੇ ਬ੍ਰਿਕਸ ਨਿਵੇਸ਼ ਫੋਰਮ ਨੂੰ ਗਲੋਬਲ ਸਾਊਥ ਦੀਆਂ ਅਰਥਵਿਵਸਥਾਵਾਂ ਨੂੰ ਸਮਰਥਨ ਦੇਣ ਲਈ ਮਹੱਤਵਪੂਰਨ ਮੰਨਿਆ

Posted On: 05 DEC 2024 12:48PM by PIB Chandigarh

ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 15ਵੀਂ 'ਵੀਟੀਬੀ ਰਸ਼ੀਆ ਕਾਲਿੰਗ ਇਨਵੈਸਟਮੈਂਟ ਫੋਰਮ' ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ "ਭਾਰਤ-ਪਹਿਲਾਂ" ਨੀਤੀ ਅਤੇ "ਮੇਕ ਇਨ ਇੰਡੀਆ" ਪਹਿਲਕਦਮੀ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਪੁਤਿਨ ਨੇ ਵਿਕਾਸ ਲਈ ਸਥਿਰ ਮਾਹੌਲ ਨੂੰ ਪ੍ਰਫੁੱਲਤ ਕਰਨ ਲਈ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਇਨ੍ਹਾਂ ਨੀਤੀਆਂ ਨੇ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ ਹੈ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਮੰਤਵ ਨਾਲ "ਮੇਕ ਇਨ ਇੰਡੀਆ" ਪਹਿਲਕਦਮੀ ਨੇ ਆਲਮੀ ਅਰਥਵਿਵਸਥਾ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਰਾਸ਼ਟਰਪਤੀ ਪੁਤਿਨ ਦੀ ਟਿੱਪਣੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਦੀ ਆਰਥਿਕ ਤਰੱਕੀ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਭਾਰਤ ਸਰਕਾਰ ਅਤੇ ਛੋਟੇ ਅਤੇ ਮੱਧ ਅਕਾਰ ਦੇ ਉਦਯੋਗਾਂ (ਐੱਸਐੱਮਈਜ਼) ਲਈ "ਸਥਿਰ ਸਥਿਤੀਆਂ" ਬਣਾਉਣ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ, ਖਾਸ ਤੌਰ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਸ਼ੁਰੂ ਕੀਤੀਆਂ ਆਰਥਿਕ ਪਹਿਲਕਦਮੀਆਂ ਨੂੰ ਉਜਾਗਰ ਕੀਤਾ, ਜਿਸ ਵਿੱਚ "ਮੇਕ ਇਨ ਇੰਡੀਆ" ਪ੍ਰੋਗਰਾਮ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।

ਰਾਸ਼ਟਰਪਤੀ ਪੁਤਿਨ ਨੇ ਭਾਰਤ ਵਿੱਚ ਮੈਨੂਫੈਕਚਰਿੰਗ ਆਪ੍ਰੇਸ਼ਨ ਸਥਾਪਿਤ ਕਰਨ ਲਈ ਰੂਸ ਦੀ ਇੱਛਾ ਪ੍ਰਗਟ ਕਰਦਿਆਂ ਰੂਸ ਦੇ ਆਯਾਤ ਘਟਾਉਣ ਦੇ ਪ੍ਰੋਗਰਾਮ ਅਤੇ ਭਾਰਤ ਦੀ "ਮੇਕ ਇਨ ਇੰਡੀਆ" ਪਹਿਲਕਦਮੀ ਦੇ ਦਰਮਿਆਨ ਸਮਾਨਤਾਵਾਂ ਨੂੰ ਦਰਸਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਨਿਵੇਸ਼ ਲਾਭਦਾਇਕ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਭਾਰਤ ਦੀ ਲੀਡਰਸ਼ਿਪ ਨੇ ਆਪਣੇ ਰਾਸ਼ਟਰੀ ਹਿਤਾਂ ਨੂੰ ਪਹਿਲ ਦੇਣ 'ਤੇ ਧਿਆਨ ਕੇਂਦ੍ਰਿਤ ਕੀਤਾ ਹੈ।

ਉਨ੍ਹਾਂ ਨੇ ਕਿਹਾ, ''ਪ੍ਰਧਾਨ ਮੰਤਰੀ ਮੋਦੀ ਦਾ ਵੀ 'ਮੇਕ ਇਨ ਇੰਡੀਆ' ਨਾਮਕ ਇੱਕ ਅਜਿਹਾ ਹੀ ਪ੍ਰੋਗਰਾਮ ਹੈ। ਅਸੀਂ ਭਾਰਤ ਵਿੱਚ ਆਪਣੇ ਮੈਨੂਫੈਕਚਰਿੰਗ ਪਲਾਂਟ ਨੂੰ ਸਥਾਪਤ ਕਰਨ ਲਈ ਵੀ ਤਿਆਰ ਹਾਂ। ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਸਰਕਾਰ, ਭਾਰਤ ਨੂੰ ਪਹਿਲ ਦੇਣ ਦੀ ਨੀਤੀ ਦੇ ਤਹਿਤ, ਸਥਿਰ ਹਾਲਾਤ ਪੈਦਾ ਕਰ ਰਹੀ ਹੈ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਭਾਰਤ ਵਿੱਚ ਨਿਵੇਸ਼ ਕਰਨਾ ਲਾਭਦਾਇਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੂਸੀ ਕੰਪਨੀ ਰੋਜ਼ਨੈਫਟ ਨੇ ਹਾਲ ਹੀ ਵਿੱਚ ਦੇਸ਼ ਵਿੱਚ $20 ਬਿਲੀਅਨ ਦਾ ਨਿਵੇਸ਼ ਕੀਤਾ ਹੈ। 

ਰਾਸ਼ਟਰਪਤੀ ਪੁਤਿਨ ਨੇ ਬ੍ਰਿਕਸ ਦੇ ਵਿਕਾਸ ਦੇ ਸਬੰਧ ਵਿੱਚ ਰੂਸ ਦੇ ਆਯਾਤ ਘਟਾਉਣ ਦੇ ਪ੍ਰੋਗਰਾਮ ਦੀ ਮਹੱਤਤਾ 'ਤੇ ਚਾਨਣਾ ਪਾਇਆ, ਜਿਸ ਵਿੱਚ ਐੱਸਐੱਮਈਜ਼ ਦੇ ਵਿਕਾਸ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਅਤੇ ਬ੍ਰਿਕਸ + ਦੇਸ਼ਾਂ ਵਿੱਚ ਐੱਸਐੱਮਈਜ਼ ਲਈ ਸੁਚਾਰੂ ਵਪਾਰਕ ਲੈਣ-ਦੇਣ ਦੀ ਸਹੂਲਤ ਲਈ ਤੇਜ਼ੀ ਨਾਲ ਵਿਵਾਦ ਹੱਲ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ।

ਉਨ੍ਹਾਂ ਨੇ ਨਵੇਂ ਰੂਸੀ ਬ੍ਰਾਂਡਾਂ ਦੇ ਉਭਾਰ ਵੱਲ ਧਿਆਨ ਦਿਵਾਇਆ ਜੋ ਬਾਜ਼ਾਰ ਤੋਂ ਬਾਹਰ ਹੋ ਚੁੱਕੇ ਪੱਛਮੀ ਬ੍ਰਾਂਡਾਂ ਦੀ ਥਾਂ ਲੈ ਰਹੇ ਹਨ ਅਤੇ ਖਪਤਕਾਰ ਵਸਤੂਆਂ, ਆਈਟੀ, ਉੱਚ-ਤਕਨੀਕ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਸਥਾਨਕ ਰੂਸੀ ਨਿਰਮਾਤਾਵਾਂ ਦੀ ਸਫ਼ਲਤਾ ਦਾ ਜ਼ਿਕਰ ਕੀਤਾ।

ਉਨ੍ਹਾਂ ਕਿਹਾ, "ਸਾਡੇ ਲਈ, ਇਹ ਸਾਡੇ ਆਯਾਤ ਘਟਾਉਣ ਦੇ ਪ੍ਰੋਗਰਾਮ ਦੇ ਹਿੱਸੇ ਵਜੋਂ ਖਾਸ ਤੌਰ 'ਤੇ ਮਹੱਤਵਪੂਰਨ ਹੈ। ਨਵੇਂ ਰੂਸੀ ਬ੍ਰਾਂਡਾਂ ਦਾ ਉਭਾਰ ਨਾਲ ਉਨ੍ਹਾਂ ਪੱਛਮੀ ਕੰਪਨੀਆਂ ਦੇ ਬਦਲ ਵਜੋਂ ਮਦਦ ਕਰ ਰਿਹਾ ਹੈ, ਜਿਨ੍ਹਾਂ ਨੇ ਸਵੈ-ਇੱਛਾ ਨਾਲ ਸਾਡੇ ਬਜ਼ਾਰ ਨੂੰ ਛੱਡ ਦਿੱਤਾ ਹੈ। ਉਨ੍ਹਾਂ ਕਿਹਾ, "ਸਾਡੇ ਸਥਾਨਕ ਨਿਰਮਾਤਾਵਾਂ ਨੇ ਨਾ ਸਿਰਫ਼ ਖਪਤਕਾਰ ਵਸਤੂਆਂ ਵਿੱਚ, ਸਗੋਂ ਆਈਟੀ ਅਤੇ ਉੱਚ ਤਕਨੀਕ ਉਦਯੋਗਾਂ ਵਿੱਚ ਮਹੱਤਵਪੂਰਨ ਸਫ਼ਲਤਾ ਪ੍ਰਾਪਤ ਕੀਤੀ ਹੈ।"

ਰਾਸ਼ਟਰਪਤੀ ਪੁਤਿਨ ਨੇ ਐੱਸਐੱਮਈਜ਼ ਦੇ ਵਾਧੇ ਨੂੰ ਸਮਰਥਨ ਦੇਣ ਲਈ ਬ੍ਰਿਕਸ ਦੇਸ਼ਾਂ ਦਰਮਿਆਨ ਹੋਰ ਜ਼ਿਆਦਾ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਅਤੇ ਮੈਂਬਰ ਦੇਸ਼ਾਂ ਨੂੰ ਅਗਲੇ ਸਾਲ ਬ੍ਰਾਜ਼ੀਲ ਵਿੱਚ ਹੋਣ ਵਾਲੇ ਸਮਿਟ ਵਿੱਚ ਸਹਿਯੋਗ ਲਈ ਮੁੱਖ ਖੇਤਰਾਂ ਦੀ ਪਹਿਚਾਣ ਕਰਨ ਲਈ ਉਤਸ਼ਾਹਿਤ ਕੀਤਾ। ਬ੍ਰਿਕਸ ਦੇ ਨਾਲ ਰੂਸ ਦੇ ਨਿਵੇਸ਼ ਪਲੈਟਫਾਰਮ ਦਾ ਜ਼ਿਕਰ ਕਰਦੇ ਹੋਏ, ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਇਸ ਵਿੱਚ ਸਾਰੇ ਭਾਈਵਾਲ ਦੇਸ਼ਾਂ ਨੂੰ ਲਾਭ ਪਹੁੰਚਾਉਣ ਦੀ ਸਮਰੱਥਾ ਹੈ ਅਤੇ ਉਮੀਦ ਹੈ ਕਿ ਇਹ ਸਾਡੀਆਂ ਅਰਥਵਿਵਸਥਾਵਾਂ ਨੂੰ ਸਮਰਥਨ ਦੇਣ ਅਤੇ ਗਲੋਬਲ ਸਾਊਥ ਅਤੇ ਪੂਰਬ ਦੇ ਦੇਸ਼ਾਂ ਨੂੰ ਵਿੱਤੀ ਸਰੋਤ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਸਾਧਨ ਬਣ ਜਾਵੇਗਾ।

ਉਨ੍ਹਾਂ ਨੇ ਅੱਗੇ ਕਿਹਾ, "ਮੈਂ ਆਪਣੇ ਬ੍ਰਿਕਸ ਦੇ ਭਾਗੀਦਾਰ ਦੇਸ਼ਾਂ ਤੋਂ ਸਹਿਯੋਗ ਦੇ ਮੁੱਖ ਖੇਤਰਾਂ ਵਿੱਚ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨ ਦੀ ਅਪੀਲ ਕਰਦਾ ਹਾਂ ਅਤੇ ਅਸੀਂ ਯਕੀਨੀ ਤੌਰ 'ਤੇ ਇਸ ਨੂੰ ਆਪਣੇ ਬ੍ਰਾਜ਼ੀਲਿਆਈ ਹਮਰੁਤਬਾ ਦੇ ਧਿਆਨ ਵਿੱਚ ਲਿਆਵਾਂਗੇ, ਜੋ ਅਗਲੇ ਸਾਲ ਬ੍ਰਿਕਸ ਦੀ ਅਗਵਾਈ ਕਰਨਗੇ।"

ਹੋਰ ਵੇਰਵਿਆਂ ਲਈ ਵੇਖੋ http://en.kremlin.ru/events/president/news/75751 

*********

ਏਡੀ/ਜੀਡੀਐੱਚ/ਸੀਐੱਨਏਐੱਨ/ਏਐੱਮ


(Release ID: 2081071) Visitor Counter : 47