ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਨੂੰ ਲਾਗੂ ਕਰਨ 'ਤੇ ‘ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ’ ਦਾ ਉਦਘਾਟਨ ਕੀਤਾ
“ਰਾਸ਼ਟਰੀ ਸਿੱਖਿਆ ਨੀਤੀ ਦਾ ਮੂਲ ਅਧਾਰ ਸਿੱਖਿਆ ਨੂੰ ਤੰਗ ਸੋਚ ਤੋਂ ਬਾਹਰ ਕੱਢ ਕੇ 21ਵੀਂ ਸਦੀ ਦੇ ਆਧੁਨਿਕ ਵਿਚਾਰਾਂ ਨਾਲ ਜੋੜਨਾ ਹੈ”
“ਅੰਗ੍ਰੇਜ਼ਾਂ ਦੁਆਰਾ ਬਣਾਈ ਗਈ ਸਿੱਖਿਆ ਪ੍ਰਣਾਲੀ ਕਦੇ ਵੀ ਭਾਰਤੀ ਲੋਕਾਚਾਰ ਦਾ ਹਿੱਸਾ ਨਹੀਂ ਸੀ”
"ਸਾਡੇ ਨੌਜਵਾਨ ਕੌਸ਼ਲ ਸੰਪੰਨ, ਆਤਮਵਿਸ਼ਵਾਸੀ ਅਤੇ ਵਿਵਹਾਰਕ ਬਣਨ, ਸਿੱਖਿਆ ਨੀਤੀ ਇਸ ਲਈ ਜ਼ਮੀਨ ਤਿਆਰ ਕਰ ਰਹੀ ਹੈ"
"ਜੋ ਸੈਕਟਰ ਪਹਿਲਾਂ ਮਹਿਲਾਵਾਂ ਲਈ ਬੰਦ ਹੁੰਦੇ ਸਨ, ਉਨ੍ਹਾਂ ਵਿੱਚ ਅੱਜ ਉਹ ਆਪਣੀ ਕਾਬਲੀਅਤ ਦੀ ਮਿਸਾਲ ਪੇਸ਼ ਕਰ ਰਹੀਆਂ ਹਨ"
"’ਰਾਸ਼ਟਰੀ ਸਿੱਖਿਆ ਨੀਤੀ' ਨੇ ਸਾਨੂੰ ਅਣਗਿਣਤ ਸੰਭਾਵਨਾਵਾਂ ਨੂੰ ਸਾਕਾਰ ਕਰਨ ਦਾ ਇੱਕ ਸਾਧਨ ਦਿੱਤਾ ਹੈ"
Posted On:
07 JUL 2022 4:11PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ 'ਤੇ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ (Akhil Bhartiya Shiksha Samagam) ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਸ਼੍ਰੀਮਤੀ ਅੰਨਪੂਰਣਾ ਦੇਵੀ, ਡਾ. ਸੁਭਾਸ਼ ਸਰਕਾਰ, ਡਾ. ਰਾਜਕੁਮਾਰ ਰੰਜਨ ਸਿੰਘ, ਰਾਜ ਦੇ ਮੰਤਰੀ, ਸਿੱਖਿਆ ਸ਼ਾਸਤਰੀ ਅਤੇ ਹੋਰ ਹਿਤਧਾਰਕ ਮੌਜੂਦ ਸਨ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਅੰਮ੍ਰਿਤ ਕਾਲ’ ਦੇ ਵਾਅਦਿਆਂ ਨੂੰ ਸਾਕਾਰ ਕਰਨ ਵਿੱਚ ਸਾਡੀ ਸਿੱਖਿਆ ਪ੍ਰਣਾਲੀ ਅਤੇ ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਹੈ। ਉਨ੍ਹਾਂ ਨੇ ਮਹਾਮਨਾ ਮਦਨ ਮੋਹਨ ਮਾਲਵੀਆ ਨੂੰ ਨਮਨ ਕਰਦੇ ਹੋਏ ਸਮਾਗਮ ਲਈ ਸ਼ੁਭ ਕਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਦਿਨ ਵਿੱਚ, ਪ੍ਰਧਾਨ ਮੰਤਰੀ ਨੇ ਐੱਲਟੀ ਕਾਲਜ ਵਿੱਚ ਅਕਸ਼ੈ ਪਾਤਰ ਮਿਡ-ਡੇ-ਮੀਲ ਰਸੋਈ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨਾਲ ਉਨ੍ਹਾਂ ਨੇ ਗੱਲਬਾਤ ਕੀਤੀ ਉਨ੍ਹਾਂ ਦੀ ਉੱਚ ਪੱਧਰੀ ਪ੍ਰਤਿਭਾ ਦਰਸਾਉਂਦੀ ਹੈ ਕਿ ਉਸ ਪ੍ਰਤਿਭਾ ਦਾ ਲਾਭ ਉਠਾਉਣ ਲਈ ਲੋੜੀਂਦੇ ਪ੍ਰਯਤਨ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ "ਰਾਸ਼ਟਰੀ ਸਿੱਖਿਆ ਨੀਤੀ ਦਾ ਮੂਲ ਅਧਾਰ ਸਿੱਖਿਆ ਨੂੰ ਸੌੜੀ ਸੋਚ ਤੋਂ ਬਾਹਰ ਕੱਢਣਾ ਅਤੇ ਇਸਨੂੰ 21ਵੀਂ ਸਦੀ ਦੇ ਆਧੁਨਿਕ ਵਿਚਾਰਾਂ ਨਾਲ ਜੋੜਨਾ ਹੈ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਗਿਆਨ ਅਤੇ ਪ੍ਰਤਿਭਾ ਦੀ ਕਦੇ ਵੀ ਕਮੀ ਨਹੀਂ ਸੀ, ਹਾਲਾਂਕਿ, ਅੰਗ੍ਰੇਜ਼ਾਂ ਦੁਆਰਾ ਬਣਾਈ ਗਈ ਸਿੱਖਿਆ ਪ੍ਰਣਾਲੀ ਕਦੇ ਵੀ ਭਾਰਤੀ ਲੋਕਾਚਾਰ ਦਾ ਹਿੱਸਾ ਨਹੀਂ ਸੀ। ਉਨ੍ਹਾਂ ਸਿੱਖਿਆ ਦੇ ਭਾਰਤੀ ਲੋਕਾਚਾਰ ਦੀ ਬਹੁ-ਆਯਾਮੀਤਾ ਨੂੰ ਰੇਖਾਂਕਿਤ ਕੀਤਾ ਅਤੇ ਉਸ ਪਹਿਲੂ ਨੂੰ ਆਧੁਨਿਕ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਦਰਸਾਉਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ “ਸਾਨੂੰ ਸਿਰਫ਼ ਡਿਗਰੀ ਧਾਰਕ ਨੌਜਵਾਨਾਂ ਨੂੰ ਹੀ ਤਿਆਰ ਨਹੀਂ ਕਰਨਾ ਚਾਹੀਦਾ ਬਲਕਿ ਦੇਸ਼ ਨੂੰ ਅੱਗੇ ਵਧਣ ਲਈ ਜੋ ਵੀ ਮਾਨਵ ਸੰਸਾਧਨਾਂ ਦੀ ਜ਼ਰੂਰਤ ਹੈ, ਸਾਡੀ ਸਿੱਖਿਆ ਪ੍ਰਣਾਲੀ ਨੂੰ ਉਹ ਦੇਸ਼ ਨੂੰ ਦੇਣਾ ਚਾਹੀਦਾ ਹੈ। ਸਾਡੇ ਅਧਿਆਪਕਾਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਇਸ ਸੰਕਲਪ ਦੀ ਅਗਵਾਈ ਕਰਨੀ ਹੋਵੇਗੀ।” ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਨਵੇਂ ਭਾਰਤ ਦੀ ਸਿਰਜਣਾ ਲਈ, ਨਵੀਂ ਪ੍ਰਣਾਲੀ ਅਤੇ ਆਧੁਨਿਕ ਪ੍ਰਕਿਰਿਆਵਾਂ ਮਹੱਤਵਪੂਰਨ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਦੀ ਪਹਿਲਾਂ ਕਦੀ ਕਲਪਨਾ ਵੀ ਨਹੀਂ ਕੀਤੀ ਗਈ ਸੀ ਉਹ ਹੁਣ ਹਕੀਕਤ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਨਾ ਸਿਰਫ਼ ਅਸੀਂ ਕੋਰੋਨਾ ਦੀ ਵੱਡੀ ਮਹਾਮਾਰੀ ਤੋਂ ਇੰਨੀ ਤੇਜ਼ੀ ਨਾਲ ਉਭਰੇ ਹਾਂ, ਬਲਕਿ ਅੱਜ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਅੱਜ ਅਸੀਂ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹਾਂ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪੇਸ ਟੈਕਨੋਲੋਜੀ ਜਿਹੇ ਖੇਤਰਾਂ ਵਿੱਚ, ਜਿੱਥੇ ਪਹਿਲਾਂ ਸਿਰਫ਼ ਸਰਕਾਰ ਹੀ ਸਭ ਕੁਝ ਕਰਦੀ ਸੀ, ਹੁਣ ਪ੍ਰਾਈਵੇਟ ਖਿਡਾਰੀਆਂ ਜ਼ਰੀਏ ਨੌਜਵਾਨਾਂ ਲਈ ਇੱਕ ਨਵੀਂ ਦੁਨੀਆਂ ਬਣਾਈ ਜਾ ਰਹੀ ਹੈ। ਜਿਹੜੇ ਸੈਕਟਰ ਪਹਿਲਾਂ ਮਹਿਲਾਵਾਂ ਲਈ ਬੰਦ ਹੁੰਦੇ ਸਨ, ਉਨ੍ਹਾਂ ਵਿੱਚ ਉਹ ਹੁਣ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਨਵੀਂ ਨੀਤੀ ਵਿੱਚ, ਬੱਚਿਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਅਤੇ ਬੱਚਿਆਂ ਦੀ ਪਸੰਦ ਦੇ ਅਨੁਸਾਰ ਕੌਸ਼ਲ ਸੰਪੰਨ ਬਣਾਉਣ 'ਤੇ ਪੂਰਾ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ “ਸਾਡੇ ਨੌਜਵਾਨ ਕੌਸ਼ਲ ਸੰਪੰਨ, ਆਤਮਵਿਸ਼ਵਾਸੀ, ਵਿਵਹਾਰਕ ਅਤੇ ਗਣਨਾਤਮਕ ਹੋਣ, ਸਿੱਖਿਆ ਨੀਤੀ ਇਸ ਲਈ ਜ਼ਮੀਨ ਤਿਆਰ ਕਰ ਰਹੀ ਹੈ।” ਪ੍ਰਧਾਨ ਮੰਤਰੀ ਨੇ ਇੱਕ ਨਵੀਂ ਸੋਚ ਪ੍ਰਕਿਰਿਆ ਨਾਲ ਭਵਿੱਖ ਲਈ ਕੰਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਬੱਚੇ ਬਹੁਤ ਉੱਨਤ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਾਨੂੰ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਮਦਦ ਕਰਨ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਨੇ ਐੱਨਈਪੀ ਦੀ ਤਿਆਰੀ ਵਿੱਚ ਕੀਤੇ ਗਏ ਪ੍ਰਯਤਨਾਂ ਦੀ ਸ਼ਲਾਘਾ ਕੀਤੀ, ਹਾਲਾਂਕਿ, ਉਨ੍ਹਾਂ ਨੇ ਜ਼ੋਰ ਦਿੱਤਾ ਕਿ ਨੀਤੀ ਬਣਾਉਣ ਤੋਂ ਬਾਅਦ ਗਤੀ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਗਈ। ਨੀਤੀ ਨੂੰ ਲਾਗੂ ਕਰਨ 'ਤੇ ਲਗਾਤਾਰ ਚਰਚਾ ਅਤੇ ਕੰਮ ਹੁੰਦਾ ਰਿਹਾ ਹੈ। ਨੀਤੀ ਨੂੰ ਲਾਗੂ ਕਰਨ ਬਾਰੇ ਗੱਲ ਕਰਨ ਲਈ ਪ੍ਰਧਾਨ ਮੰਤਰੀ ਵਿਅਕਤੀਗਤ ਤੌਰ 'ਤੇ ਕਈ ਸੈਮੀਨਾਰਾਂ ਅਤੇ ਸਮਾਗਮਾਂ ਵਿੱਚ ਸ਼ਾਮਲ ਹੋਏ। ਇਸ ਦੇ ਨਤੀਜੇ ਵਜੋਂ ਅਜਿਹੀ ਸਥਿਤੀ ਪੈਦਾ ਹੋਈ ਹੈ ਜਿੱਥੇ ਦੇਸ਼ ਦੇ ਨੌਜਵਾਨ ਦੇਸ਼ ਦੇ ਵਿਕਾਸ ਵਿੱਚ ਇੱਕ ਸਰਗਰਮ ਭਾਈਵਾਲ ਬਣ ਰਹੇ ਹਨ।
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਵੱਡੇ ਪੱਧਰ 'ਤੇ ਸੁਧਾਰ ਦੀ ਗੱਲ ਵੀ ਕੀਤੀ। ਦੇਸ਼ ਵਿੱਚ ਕਈ ਨਵੇਂ ਕਾਲਜ, ਯੂਨੀਵਰਸਿਟੀਆਂ, ਆਈਆਈਟੀ ਅਤੇ ਆਈਆਈਐੱਮ ਖੁੱਲ੍ਹ ਰਹੇ ਹਨ। ਉਨ੍ਹਾਂ ਦੱਸਿਆ ਕਿ 2014 ਤੋਂ ਬਾਅਦ ਮੈਡੀਕਲ ਕਾਲਜਾਂ ਦੀ ਸੰਖਿਆ ਵਿੱਚ 55 ਫੀਸਦੀ ਦਾ ਵਾਧਾ ਹੋਇਆ ਹੈ। ਯੂਨੀਵਰਸਿਟੀਆਂ ਲਈ ਸਾਂਝੀ ਦਾਖਲਾ ਪਰੀਖਿਆ ਯੂਨੀਵਰਸਿਟੀ ਦਾਖਲਿਆਂ ਵਿੱਚ ਅਸਾਨੀ ਅਤੇ ਸਮਾਨਤਾ ਲਿਆਵੇਗੀ। ਉਨ੍ਹਾਂ ਨੇ ਕਿਹਾ “ਰਾਸ਼ਟਰੀ ਸਿੱਖਿਆ ਨੀਤੀ ਹੁਣ ਮਾਤ ਭਾਸ਼ਾ ਵਿੱਚ ਪੜ੍ਹਾਈ ਲਈ ਰਾਹ ਖੋਲ੍ਹ ਰਹੀ ਹੈ। ਇਸ ਕ੍ਰਮ ਵਿੱਚ, ਸੰਸਕ੍ਰਿਤ ਜਿਹੀਆਂ ਪ੍ਰਾਚੀਨ ਭਾਰਤੀ ਭਾਸ਼ਾਵਾਂ ਨੂੰ ਵੀ ਅੱਗੇ ਲਿਜਾਇਆ ਜਾ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਭਾਰਤ ਗਲੋਬਲ ਸਿੱਖਿਆ ਦੇ ਇੱਕ ਵੱਡੇ ਕੇਂਦਰ ਵਜੋਂ ਉਭਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਉਚੇਰੀ ਸਿੱਖਿਆ ਨੂੰ ਅੰਤਰਰਾਸ਼ਟਰੀ ਸਟੈਂਡਰਡਸ ਅਨੁਸਾਰ ਤਿਆਰ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇੰਸਟੀਟਿਊਸ਼ਨਾਂ ਦੇ ਅੰਤਰਰਾਸ਼ਟਰੀ ਮਾਮਲਿਆਂ ਲਈ 180 ਯੂਨੀਵਰਸਿਟੀਆਂ ਵਿੱਚ ਵਿਸ਼ੇਸ਼ ਦਫ਼ਤਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਮਾਹਿਰਾਂ ਨੂੰ ਇਸ ਖੇਤਰ ਵਿੱਚ ਅੰਤਰਰਾਸ਼ਟਰੀ ਪ੍ਰੈਕਟਿਸਾਂ ਤੋਂ ਜਾਣੂ ਹੋਣ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਵਿਵਹਾਰਕ ਅਨੁਭਵ ਅਤੇ ਫੀਲਡ ਵਰਕ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ 'ਲੈਬ ਟੂ ਲੈਂਡ' (‘lab to land’) ਪਹੁੰਚ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਿੱਖਿਆ ਸ਼ਾਸਤਰੀਆਂ ਨੂੰ ਆਪਣੇ ਅਨੁਭਵ ਨੂੰ ਪ੍ਰਮਾਣਿਤ ਟੈਸਟਿੰਗ ਨਾਲ ਪ੍ਰਮਾਣਿਤ ਕਰਨ ਲਈ ਕਿਹਾ। ਉਨ੍ਹਾਂ ਸਬੂਤ ਅਧਾਰਿਤ ਖੋਜ ਕਰਨ ਲਈ ਕਿਹਾ। ਉਨ੍ਹਾਂ ਨੇ ਭਾਰਤ ਦੇ ਜਨਸੰਖਿਅਕ ਲਾਭਅੰਸ਼ 'ਤੇ ਖੋਜ ਕਰਨ ਅਤੇ ਇਸ ਦੀ ਸਰਵੋਤਮ ਵਰਤੋਂ ਕਰਨ ਦੇ ਤਰੀਕੇ ਢੂੰਡਣ ਅਤੇ ਦੁਨੀਆ ਦੇ ਉਮਰ-ਦਰਾਜ਼ ਹੋ ਰਹੇ ਸਮਾਜਾਂ ਲਈ ਸਮਾਧਾਨ ਲੱਭਣ ਲਈ ਵੀ ਕਿਹਾ। ਇਸੇ ਤਰ੍ਹਾਂ, ਲਚੀਲਾ ਬੁਨਿਆਦੀ ਢਾਂਚਾ ਖੋਜ ਦਾ ਇੱਕ ਹੋਰ ਖੇਤਰ ਹੈ। ਅੰਤ ਵਿੱਚ ਉਨ੍ਹਾਂ ਨੇ ਕਿਹਾ “‘ਰਾਸ਼ਟਰੀ ਸਿੱਖਿਆ ਨੀਤੀ’ ਨੇ ਸਾਨੂੰ ਅਣਗਿਣਤ ਸੰਭਾਵਨਾਵਾਂ ਨੂੰ ਸਾਕਾਰ ਕਰਨ ਦਾ ਇੱਕ ਸਾਧਨ ਦਿੱਤਾ ਹੈ ਜੋ ਪਹਿਲਾਂ ਉਪਲਬਧ ਨਹੀਂ ਸਨ। ਸਾਨੂੰ ਇਸ ਦੀ ਪੂਰੀ ਵਰਤੋਂ ਕਰਨ ਦੀ ਜ਼ਰੂਰਤ ਹੈ।
ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ
ਸਿੱਖਿਆ ਮੰਤਰਾਲਾ 7 ਤੋਂ 9 ਜੁਲਾਈ ਤੱਕ ਸ਼ਿਕਸ਼ਾ ਸਮਾਗਮ (Shiksha Samagam) ਦਾ ਆਯੋਜਨ ਕਰ ਰਿਹਾ ਹੈ। ਇਹ ਉੱਘੇ ਸਿੱਖਿਆ ਸ਼ਾਸਤਰੀਆਂ, ਨੀਤੀ ਨਿਰਮਾਤਾਵਾਂ ਅਤੇ ਅਕਾਦਮਿਕ ਲੀਡਰਾਂ ਨੂੰ ਵਿਚਾਰ-ਵਟਾਂਦਰਾ ਕਰਨ ਅਤੇ ਆਪਣੇ ਅਨੁਭਵ ਸਾਂਝੇ ਕਰਨ ਅਤੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਰੋਡਮੈਪ 'ਤੇ ਚਰਚਾ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ। ਇਹ ਸਮਾਗਮ, ਦੇਸ਼ ਭਰ ਦੀਆਂ ਯੂਨੀਵਰਸਿਟੀਆਂ (ਕੇਂਦਰੀ, ਰਾਜ, ਡੀਮਡ, ਅਤੇ ਪ੍ਰਾਈਵੇਟ), ਅਤੇ ਰਾਸ਼ਟਰੀ ਮਹੱਤਵ ਦੀਆਂ ਸੰਸਥਾਵਾਂ (ਆਈਆਈਟੀ, ਆਈਆਈਐੱਮ, ਐੱਨਆਈਟੀ, ਆਈਆਈਐੱਸਈਆਰ) ਤੋਂ 300 ਤੋਂ ਵੱਧ ਅਕਾਦਮਿਕ, ਪ੍ਰਸ਼ਾਸਨਿਕ ਅਤੇ ਸੰਸਥਾਗਤ ਲੀਡਰਾਂ ਦੀ ਸਮਰੱਥਾ ਨਿਰਮਾਣ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ। ਵਿਭਿੰਨ ਸਟੇਕਹੋਲਡਰਸ ਆਪੋ-ਆਪਣੇ ਅਦਾਰਿਆਂ ਵਿੱਚ ਐੱਨਈਪੀ ਨੂੰ ਲਾਗੂ ਕਰਨ ਦੀ ਪ੍ਰਗਤੀ ਨੂੰ ਪੇਸ਼ ਕਰਨਗੇ ਅਤੇ ਮਹੱਤਵਪੂਰਨ ਲਾਗੂਕਰਨ ਰਣਨੀਤੀਆਂ, ਬਿਹਤਰੀਨ ਪਿਰਤਾਂ ਅਤੇ ਸਫ਼ਲਤਾ ਦੀਆਂ ਕਹਾਣੀਆਂ ਵੀ ਸਾਂਝੀਆਂ ਕਰਨਗੇ।
ਤਿੰਨ ਦਿਨਾਂ ‘ਸ਼ਿਕਸ਼ਾ ਸਮਾਗਮ’ ਦੌਰਾਨ, ਐੱਨਈਪੀ 2020 ਦੇ ਤਹਿਤ ਉਚੇਰੀ ਸਿੱਖਿਆ ਲਈ ਪਹਿਚਾਣੇ ਗਏ ਨੌਂ ਵਿਸ਼ਿਆਂ 'ਤੇ ਪੈਨਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਹ ਵਿਸ਼ੇ ਹਨ - ਬਹੁ-ਅਨੁਸ਼ਾਸਨੀ ਅਤੇ ਸਮੱਗਰ ਸਿੱਖਿਆ; ਕੌਸ਼ਲ ਵਿਕਾਸ ਅਤੇ ਰੋਜ਼ਗਾਰਯੋਗਤਾ; ਖੋਜ, ਇਨੋਵੇਸ਼ਨ ਅਤੇ ਉੱਦਮਤਾ; ਗੁਣਵੱਤਾਪੂਰਨ ਸਿੱਖਿਆ ਲਈ ਅਧਿਆਪਕਾਂ ਦਾ ਸਮਰੱਥਾ ਨਿਰਮਾਣ; ਗੁਣਵੱਤਾ, ਰੈਂਕਿੰਗ ਅਤੇ ਮਾਨਤਾ; ਡਿਜੀਟਲ ਸਸ਼ਕਤੀਕਰਣ ਅਤੇ ਔਨਲਾਈਨ ਸਿੱਖਿਆ; ਬਰਾਬਰ ਅਤੇ ਸਮਾਵੇਸ਼ੀ ਸਿੱਖਿਆ; ਭਾਰਤੀ ਗਿਆਨ ਪ੍ਰਣਾਲੀ; ਅਤੇ ਉਚੇਰੀ ਸਿੱਖਿਆ ਦਾ ਅੰਤਰਰਾਸ਼ਟਰੀਕਰਣ।
https://twitter.com/pmoindia/status/1544984042541842432
***********
ਡੀਐੱਸ/ਏਕੇ
(Release ID: 1839996)
Read this release in:
Bengali
,
English
,
Urdu
,
Hindi
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam