ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲਖਨਊ ਵਿਖੇ ਯੂਪੀ ਇਨਵੈਸਟਰਸ ਸਮਿਟ @3.0 ਦੇ ਗਰਾਊਂਡ ਬ੍ਰੇਕਿੰਗ ਸਮਾਰੋਹ ਵਿੱਚ ਸ਼ਿਰਕਤ ਕੀਤੀ
80,000 ਕਰੋੜ ਰੁਪਏ ਤੋਂ ਵੱਧ ਦੇ 1406 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
"ਸਿਰਫ਼ ਸਾਡੇ ਲੋਕਤੰਤਰੀ ਭਾਰਤ ਵਿੱਚ ਹੀ ਇੱਕ ਭਰੋਸੇਮੰਦ ਸਾਥੀ ਦੇ ਮਾਪਦੰਡਾਂ ਨੂੰ ਪੂਰਾ ਕਰਨ ਦੀ ਸ਼ਕਤੀ ਹੈ ਜਿਸਦੀ ਦੁਨੀਆ ਅੱਜ ਭਾਲ ਕਰ ਰਹੀ ਹੈ"
"ਅੱਜ ਦੁਨੀਆ ਭਾਰਤ ਦੀ ਸਮਰੱਥਾ ਨੂੰ ਦੇਖ ਰਹੀ ਹੈ ਅਤੇ ਇਸ ਦੇ ਪ੍ਰਦਰਸ਼ਨ ਦੀ ਸ਼ਲਾਘਾ ਵੀ ਕਰ ਰਹੀ ਹੈ"
"ਅਸੀਂ ਪਿਛਲੇ 8 ਵਰ੍ਹਿਆਂ ਵਿੱਚ ਨੀਤੀਗਤ ਇਕਸਾਰਤਾ, ਤਾਲਮੇਲ ਅਤੇ ਵਪਾਰ ਕਰਨ ਵਿੱਚ ਅਸਾਨਤਾ (ਈਜ਼ ਆਵੑ ਡੂਇੰਗ ਬਿਜ਼ਨਸ) 'ਤੇ ਜ਼ੋਰ ਦਿੱਤਾ ਹੈ"
ਉੱਤਰ ਪ੍ਰਦੇਸ਼ ਦੇ ਤੇਜ਼ ਵਿਕਾਸ ਲਈ, ਸਾਡੀ ਡਬਲ ਇੰਜਣ ਵਾਲੀ ਸਰਕਾਰ ਬੁਨਿਆਦੀ ਢਾਂਚੇ, ਨਿਵੇਸ਼ ਅਤੇ ਮੈਨੂਫੈਕਚਰਿੰਗ 'ਤੇ ਮਿਲ ਕੇ ਕੰਮ ਕਰ ਰਹੀ ਹੈ।
"ਰਾਜ ਦੇ ਸਾਂਸਦ ਹੋਣ ਦੇ ਨਾਤੇ, ਮੈਨੂੰ ਰਾਜ ਦੇ ਪ੍ਰਸ਼ਾਸਨ ਅਤੇ ਸਰਕਾਰ ਵਿੱਚ ਉਸ ਕਾਬਲੀਅਤ ਅਤੇ ਸਮਰੱਥਾ ਦਾ ਅਹਿਸਾਸ ਹੋਇਆ ਹੈ, ਜਿਸ ਦੀ ਦੇਸ਼ ਉਨ੍ਹਾਂ ਤੋਂ ਉਮੀਦ ਕਰਦਾ ਹੈ"
Posted On:
03 JUN 2022 1:39PM by PIB Chandigarh
"ਅਸੀਂ ਨੀਤੀ, ਫੈਸਲੇ ਅਤੇ ਇਰਾਦੇ ਨਾਲ ਵਿਕਾਸ ਦੇ ਸਮਰਥਕ ਹਾਂ" ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਖਨਊ ਵਿਖੇ ਯੂਪੀ ਇਨਵੈਸਟਰ ਸਮਿਟ @3.0 ਦੇ ਗਰਾਊਂਡ ਬ੍ਰੇਕਿੰਗ ਸਮਾਰੋਹ ਵਿੱਚ ਸ਼ਿਰਕਤ ਕੀਤੀ। ਗਰਾਊਂਡ ਬ੍ਰੇਕਿੰਗ ਸਮਾਰੋਹ ਦੌਰਾਨ, ਪ੍ਰਧਾਨ ਮੰਤਰੀ ਨੇ 80,000 ਕਰੋੜ ਰੁਪਏ ਤੋਂ ਵੱਧ ਦੇ 1406 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਪ੍ਰੋਜੈਕਟਾਂ ਵਿੱਚ ਖੇਤੀਬਾੜੀ ਅਤੇ ਸਹਾਇਕ ਧੰਦੇ, ਆਈਟੀ ਅਤੇ ਇਲੈਕਟ੍ਰੌਨਿਕਸ, ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ), ਮੈਨੂਫੈਕਚਰਿੰਗ, ਅਖੁੱਟ ਊਰਜਾ, ਫਾਰਮਾ, ਟੂਰਿਜ਼ਮ, ਰੱਖਿਆ ਅਤੇ ਏਰੋਸਪੇਸ, ਹੈਂਡਲੂਮ ਅਤੇ ਟੈਕਸਟਾਈਲ ਆਦਿ ਜਿਹੇ ਵਿਵਿਧ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਮਾਰੋਹ ਵਿੱਚ ਦੇਸ਼ ਦੇ ਚੋਟੀ ਦੇ ਉਦਯੋਗ ਲੀਡਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਕੇਂਦਰੀ ਮੰਤਰੀ ਸ਼੍ਰੀ ਰਾਜਨਾਥ ਸਿੰਘ ਵੀ ਮੌਜੂਦ ਸਨ।
ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਦੀ ਸਮਰੱਥਾ, ਸਮਰਪਣ, ਸਖ਼ਤ ਮਿਹਨਤ ਅਤੇ ਸਮਝ ਵਿੱਚ ਵਿਸ਼ਵਾਸ ਦਿਖਾਉਣ ਲਈ ਨਿਵੇਸ਼ਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਉਦਯੋਗਪਤੀਆਂ ਨੂੰ ਕਾਸ਼ੀ ਦਾ ਦੌਰਾ ਕਰਨ ਲਈ ਵੀ ਕਿਹਾ। ਉਨ੍ਹਾਂ ਅੱਗੇ ਕਿਹਾ “ਕਾਸ਼ੀ ਦੇ ਨੁਮਾਇੰਦੇ ਵਜੋਂ, ਮੈਂ ਤੁਹਾਨੂੰ ਮੇਰੀ ਕਾਸ਼ੀ ਆਉਣ ਦੀ ਤਾਕੀਦ ਕਰਾਂਗਾ। ਤੱਥ ਇਹ ਹੈ ਕਿ ਕਾਸ਼ੀ, ਆਪਣੀ ਪ੍ਰਾਚੀਨ ਸ਼ਾਨ ਨਾਲ ਆਪਣੇ ਆਪ ਵਿੱਚ ਇੱਕ ਨਵੇਂ ਰੂਪ ਵਿੱਚ ਉਭਰ ਸਕਦਾ ਹੈ, ਉੱਤਰ ਪ੍ਰਦੇਸ਼ ਦੀ ਸਮਰੱਥਾ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਪ੍ਰਸਤਾਵ ਅੱਜ ਦਾਖਲ ਕੀਤੇ ਗਏ ਹਨ, ਉਹ ਉੱਤਰ ਪ੍ਰਦੇਸ਼ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕਰਨਗੇ ਅਤੇ ਉੱਤਰ ਪ੍ਰਦੇਸ਼ ਦੀ ਵਿਕਾਸ ਕਹਾਣੀ ਵਿੱਚ ਵੱਧ ਰਹੇ ਵਿਸ਼ਵਾਸ ਨੂੰ ਦਰਸਾਉਣਗੇ। “ਸਿਰਫ਼ ਸਾਡੇ ਲੋਕਤੰਤਰੀ ਭਾਰਤ ਵਿੱਚ ਹੀ ਇੱਕ ਭਰੋਸੇਯੋਗ ਸਾਥੀ ਦੇ ਮਾਪਦੰਡਾਂ ਨੂੰ ਪੂਰਾ ਕਰਨ ਦੀ ਸ਼ਕਤੀ ਹੈ ਜਿਸ ਦੀ ਦੁਨੀਆ ਅੱਜ ਭਾਲ ਕਰ ਰਹੀ ਹੈ। ਅੱਜ ਦੁਨੀਆ ਭਾਰਤ ਦੀ ਸਮਰੱਥਾ ਨੂੰ ਦੇਖ ਰਹੀ ਹੈ ਅਤੇ ਭਾਰਤ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਜੀ-20 ਅਰਥਵਿਵਸਥਾਵਾਂ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਹੈ ਅਤੇ ਗਲੋਬਲ ਰਿਟੇਲ ਇੰਡੈਕਸ ਵਿੱਚ ਦੂਸਰੇ ਨੰਬਰ 'ਤੇ ਹੈ। ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਊਰਜਾ ਖਪਤਕਾਰ ਦੇਸ਼ ਹੈ। ਪਿਛਲੇ ਵਰ੍ਹੇ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਤੋਂ 84 ਬਿਲੀਅਨ ਡਾਲਰ ਦਾ ਰਿਕਾਰਡ ਐੱਫਡੀਆਈ ਆਇਆ ਸੀ। ਉਨ੍ਹਾਂ ਦੱਸਿਆ ਕਿ ਭਾਰਤ ਨੇ ਪਿਛਲੇ ਵਿੱਤੀ ਵਰ੍ਹੇ ਵਿੱਚ 417 ਬਿਲੀਅਨ ਡਾਲਰ ਯਾਨੀ 30 ਲੱਖ ਕਰੋੜ ਰੁਪਏ ਤੋਂ ਵੱਧ ਦੇ ਮਾਲ ਦੀ ਬਰਾਮਦ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ।
ਕੇਂਦਰ ਵਿੱਚ ਐੱਨਡੀਏ ਸਰਕਾਰ ਦੇ 8 ਵਰ੍ਹੇ ਪੂਰੇ ਹੋਣ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ “ਪਿਛਲੇ ਵਰ੍ਹਿਆਂ ਵਿੱਚ ਅਸੀਂ ਰਿਫਾਰਮ-ਪ੍ਰਫਾਰਮ-ਟ੍ਰਾਂਫਾਰਮ ਦੇ ਮੰਤਰ ਨਾਲ ਅੱਗੇ ਵਧੇ ਹਾਂ। ਅਸੀਂ ਨੀਤੀ ਸਥਿਰਤਾ 'ਤੇ ਜ਼ੋਰ ਦਿੱਤਾ ਹੈ, ਤਾਲਮੇਲ 'ਤੇ ਜ਼ੋਰ ਦਿੱਤਾ ਹੈ, ਕਾਰੋਬਾਰ ਕਰਨ ਦੀ ਸੌਖ (ਈਜ਼ ਆਵੑ ਡੂਇੰਗ ਬਿਜ਼ਨਸ) 'ਤੇ ਜ਼ੋਰ ਦਿੱਤਾ ਹੈ।” ਉਨ੍ਹਾਂ ਪੂਰੇ ਦੇਸ਼ ਨੂੰ ਇੱਕ ਰਾਸ਼ਟਰ ਵਜੋਂ ਇੱਕਜੁਟ ਕਰਨ ਵਾਲੇ ਸੁਧਾਰਾਂ ਬਾਰੇ ਗੱਲ ਕਰਕੇ ਇਸ ਨੁਕਤੇ ਨੂੰ ਹੋਰ ਸਪੱਸ਼ਟ ਕੀਤਾ। ਉਨ੍ਹਾਂ ਕਿਹਾ, “ਅਸੀਂ ਆਪਣੇ ਸੁਧਾਰਾਂ ਨਾਲ ਭਾਰਤ ਨੂੰ ਇੱਕ ਰਾਸ਼ਟਰ ਵਜੋਂ ਮਜ਼ਬੂਤ ਕਰਨ ਲਈ ਕੰਮ ਕੀਤਾ ਹੈ। ਇੱਕ ਰਾਸ਼ਟਰ-ਇੱਕ ਟੈਕਸ ਜੀਐੱਸਟੀ, ਇੱਕ ਰਾਸ਼ਟਰ-ਇੱਕ ਗ੍ਰਿੱਡ, ਇੱਕ ਰਾਸ਼ਟਰ-ਇੱਕ ਮੋਬਿਲਿਟੀ ਕਾਰਡ, ਇੱਕ ਰਾਸ਼ਟਰ-ਇੱਕ ਰਾਸ਼ਨ ਕਾਰਡ।” ਉਨ੍ਹਾਂ ਅੱਗੇ ਕਿਹਾ “ਇਹ ਪ੍ਰਯਤਨ ਸਾਡੀਆਂ ਠੋਸ ਅਤੇ ਸਪਸ਼ਟ ਨੀਤੀਆਂ ਦਾ ਪ੍ਰਤੀਬਿੰਬ ਹਨ।”
2017 ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਹੋਈ ਪ੍ਰਗਤੀ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ, "ਤੇਜ਼ ਵਿਕਾਸ ਲਈ, ਸਾਡੀ ਡਬਲ ਇੰਜਣ ਵਾਲੀ ਸਰਕਾਰ ਬੁਨਿਆਦੀ ਢਾਂਚੇ, ਨਿਵੇਸ਼ ਅਤੇ ਮੈਨੂਫੈਕਚਰਿੰਗ 'ਤੇ ਮਿਲ ਕੇ ਕੰਮ ਕਰ ਰਹੀ ਹੈ। ਇਸ ਵਰ੍ਹੇ ਦੇ ਬਜਟ ਵਿੱਚ 7.50 ਲੱਖ ਕਰੋੜ ਰੁਪਏ ਦੇ ਬੇਮਿਸਾਲ ਪੂੰਜੀ ਖਰਚੇ ਦੀ ਵੰਡ ਇਸ ਦਿਸ਼ਾ ਵਿੱਚ ਇੱਕ ਕਦਮ ਹੈ।” ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਸੁਧਰੀ ਸਥਿਤੀ ਨੇ ਵਪਾਰਕ ਭਾਈਚਾਰੇ ਦਾ ਭਰੋਸਾ ਬਹਾਲ ਕੀਤਾ ਹੈ, ਉਦਯੋਗਾਂ ਲਈ ਢੁਕਵਾਂ ਮਾਹੌਲ ਸਿਰਜਿਆ ਹੈ ਅਤੇ ਰਾਜ ਵਿੱਚ ਪ੍ਰਸ਼ਾਸਨਿਕ ਪ੍ਰਣਾਲੀਆਂ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਸਾਂਸਦ ਹੋਣ ਦੇ ਨਾਤੇ ਉਨ੍ਹਾਂ ਨੇ ਰਾਜ ਦੇ ਪ੍ਰਸ਼ਾਸਨ ਅਤੇ ਸਰਕਾਰ ਵਿੱਚ ਉਸ ਕਾਬਲੀਅਤ ਅਤੇ ਸਮਰੱਥਾ ਨੂੰ ਮਹਿਸੂਸ ਕੀਤਾ ਹੈ ਜਿਸ ਦੀ ਦੇਸ਼ ਉਨ੍ਹਾਂ ਤੋਂ ਉਮੀਦ ਕਰਦਾ ਹੈ। ਉਨ੍ਹਾਂ ਰਾਜ ਤੰਤਰ ਦੇ ਬਦਲੇ ਹੋਏ ਮਿਜਾਜ਼ ਅਤੇ ਵਰਕ ਕਲਚਰ ਦੀ ਤਾਰੀਫ਼ ਕੀਤੀ। ਉੱਤਰ ਪ੍ਰਦੇਸ਼ ਦੇਸ਼ ਦੀ ਪੰਜਵੇਂ ਜਾਂ ਛੇਵੇਂ ਹਿੱਸੇ ਦੀ ਆਬਾਦੀ ਦਾ ਘਰ ਹੈ, ਇਸ ਲਈ ਇਸਦਾ ਦੇਸ਼ ਦੇ ਵਿਕਾਸ 'ਤੇ ਬਹੁਤ ਵੱਡਾ ਪ੍ਰਭਾਵ ਹੈ। ਉੱਤਰ ਪ੍ਰਦੇਸ਼ ਦੀਆਂ ਅੰਦਰੂਨੀ ਖੂਬੀਆਂ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਨੂੰ ਵਿਕਾਸ ਦੇ ਮਾਰਗ 'ਤੇ ਅੱਗੇ ਵਧਣ ਤੋਂ ਕੋਈ ਵੀ ਚੀਜ਼ ਨਹੀਂ ਰੋਕ ਸਕਦੀ। ਉਨ੍ਹਾਂ ਦੱਸਿਆ ਕਿ ਤਾਜ਼ਾ ਬਜਟ ਵਿੱਚ ਗੰਗਾ ਦੇ ਦੋਵੇਂ ਕਿਨਾਰਿਆਂ 'ਤੇ 5 ਕਿਲੋਮੀਟਰ ਰਸਾਇਣ ਮੁਕਤ ਕੁਦਰਤੀ ਖੇਤੀ ਗਲਿਆਰੇ ਦਾ ਐਲਾਨ ਕੀਤਾ ਗਿਆ ਸੀ। ਉੱਤਰ ਪ੍ਰਦੇਸ਼ ਵਿੱਚ 1100 ਕਿਲੋਮੀਟਰ ਗੰਗਾ ਨਦੀ 25-30 ਜ਼ਿਲ੍ਹਿਆਂ ਨੂੰ ਕਵਰ ਕਰਦੀ ਹੈ। ਇਸ ਨਾਲ ਕੁਦਰਤੀ ਖੇਤੀ ਦੇ ਵੱਡੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਕਾਰਪੋਰੇਟ ਜਗਤ ਲਈ ਹੁਣ ਖੇਤੀ ਖੇਤਰ ਵਿੱਚ ਨਿਵੇਸ਼ ਕਰਨ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਪੀਐੱਲਆਈ ਸਕੀਮਾਂ ਅਤੇ ਪੂੰਜੀਗਤ ਖਰਚਿਆਂ ਲਈ 7.5 ਲੱਖ ਕਰੋੜ ਰੁਪਏ ਦੀ ਅਲਾਟਮੈਂਟ ਨਾਲ ਵੀ ਰਾਜ ਨੂੰ ਫਾਇਦਾ ਹੋਵੇਗਾ। ਉਨ੍ਹਾਂ ਨੇ ਰਾਜ ਵਿੱਚ ਡਿਫੈਂਸ ਕੌਰੀਡੋਰ ਦਾ ਵੀ ਨਵੇਂ ਮੌਕਿਆਂ ਦੀ ਪੂਰਤੀ ਵਜੋਂ ਜ਼ਿਕਰ ਕੀਤਾ। ਆਧੁਨਿਕ ਪਾਵਰ ਗ੍ਰਿੱਡ, ਗੈਸ ਪਾਈਪਲਾਈਨ, ਮਲਟੀ ਮੌਡਲ ਕਨੈਕਟੀਵਿਟੀ, ਐਕਸਪ੍ਰੈਸ ਵੇਅਜ਼ ਦੀ ਰਿਕਾਰਡ ਸੰਖਿਆ, ਆਰਥਿਕ ਜ਼ੋਨਾਂ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕਰਨਾ, ਆਧੁਨਿਕ ਰੇਲਵੇ ਬੁਨਿਆਦੀ ਢਾਂਚਾ, ਪੂਰਬੀ ਅਤੇ ਪੱਛਮੀ ਸਮਰਪਿਤ ਫ੍ਰੇਟ ਕੌਰੀਡੋਰ, ਸਾਰੇ ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਇੱਕ ਨਵਾਂ ਹੁਲਾਰਾ ਦੇਣ ਦੇ ਵਾਅਦੇ ਨਾਲ ਇਕੱਠੇ ਹੋ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਦੇਸ਼ ਵਿੱਚ ਸਮੇਂ ਸਿਰ ਪ੍ਰੋਜੈਕਟਾਂ ਨੂੰ ਪ੍ਰਦਾਨ ਕਰਨ ਦਾ ਇੱਕ ਨਵਾਂ ਸੱਭਿਆਚਾਰ ਵਿਕਸਿਤ ਹੋਇਆ ਹੈ। ਇਸ ਪ੍ਰਵਿਰਤੀ ਦੀ ਇੱਕ ਉਦਾਹਰਣ ਵਜੋਂ ਡਿਜੀਟਲ ਕ੍ਰਾਂਤੀ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਵਰ੍ਹਿਆਂ ਦੀ ਦੇਸ਼ ਦੀ ਵਿਕਾਸ ਕਹਾਣੀ ਨੂੰ ਦੁਹਰਾਇਆ। ਉਨ੍ਹਾਂ ਦੱਸਿਆ ਕਿ 2014 ਵਿੱਚ ਸਾਡੇ ਦੇਸ਼ ਵਿੱਚ ਸਿਰਫ਼ 65 ਮਿਲੀਅਨ ਬ੍ਰੌਡਬੈਂਡ ਗਾਹਕ ਸਨ। ਅੱਜ ਇਨ੍ਹਾਂ ਦੀ ਗਿਣਤੀ 78 ਕਰੋੜ ਨੂੰ ਪਾਰ ਕਰ ਗਈ ਹੈ। 2014 ਵਿੱਚ, ਇੱਕ ਜੀਬੀ ਡੇਟਾ ਦੀ ਕੀਮਤ ਲਗਭਗ 200 ਰੁਪਏ ਸੀ, ਅੱਜ ਇਸ ਦੀ ਕੀਮਤ 11-12 ਰੁਪਏ ਤੱਕ ਆ ਗਈ ਹੈ। ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਡੇਟਾ ਬਹੁਤ ਸਸਤਾ ਹੈ। 2014 ਵਿੱਚ, ਦੇਸ਼ ਵਿੱਚ 100 ਤੋਂ ਘੱਟ ਗ੍ਰਾਮ ਪੰਚਾਇਤਾਂ ਨੂੰ ਔਪਟੀਕਲ ਫਾਈਬਰ ਨਾਲ ਜੋੜਿਆ ਗਿਆ ਸੀ। ਅੱਜ ਔਪਟੀਕਲ ਫਾਈਬਰ ਨਾਲ ਜੁੜੀਆਂ ਗ੍ਰਾਮ ਪੰਚਾਇਤਾਂ ਦੀ ਸੰਖਿਆ ਵੀ ਢਾਈ ਲੱਖ ਨੂੰ ਪਾਰ ਕਰ ਗਈ ਹੈ। 2014 ਤੋਂ ਪਹਿਲਾਂ, ਸਾਡੇ ਕੋਲ ਸਿਰਫ ਕੁਝ ਸੌ ਸਟਾਰਟ-ਅੱਪ ਸਨ। ਪਰ ਅੱਜ ਦੇਸ਼ ਵਿੱਚ ਰਜਿਸਟਰਡ ਸਟਾਰਟ-ਅੱਪਸ ਦੀ ਸੰਖਿਆ ਵੀ 70 ਹਜ਼ਾਰ ਦੇ ਕਰੀਬ ਪਹੁੰਚ ਰਹੀ ਹੈ। ਹਾਲ ਹੀ ਵਿੱਚ ਭਾਰਤ ਨੇ 100 ਯੂਨੀਕੋਰਨਾਂ ਦਾ ਰਿਕਾਰਡ ਵੀ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਨਿਵੇਸ਼ਕਾਂ ਅਤੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ “ਅਸੀਂ ਨੀਤੀ, ਫੈਸਲਿਆਂ ਅਤੇ ਇਰਾਦੇ ਨਾਲ ਵਿਕਾਸ ਦੇ ਸਮੱਰਥਕ ਹਾਂ। ਅਸੀਂ ਸਭ ਤੁਹਾਡੇ ਹਰੇਕ ਪ੍ਰਯਤਨ ਵਿੱਚ ਤੁਹਾਡੇ ਨਾਲ ਰਹਾਂਗੇ ਅਤੇ ਹਰੇਕ ਕਦਮ 'ਤੇ ਤੁਹਾਡਾ ਸਾਥ ਦੇਵਾਂਗੇ।”
ਯੂਪੀ ਇਨਵੈਸਟਰ ਸਮਿਟ 2018 ਦਾ ਆਯੋਜਨ 21 ਤੋਂ 22 ਫਰਵਰੀ 2018 ਨੂੰ ਕੀਤਾ ਗਿਆ ਸੀ, ਜਿਸ ਵਿੱਚ ਪਹਿਲਾ ਗਰਾਊਂਡ ਬ੍ਰੇਕਿੰਗ ਸਮਾਰੋਹ 29 ਜੁਲਾਈ, 2018 ਅਤੇ ਦੂਸਰਾ ਗਰਾਊਂਡ ਬ੍ਰੇਕਿੰਗ ਸਮਾਰੋਹ 28 ਜੁਲਾਈ 2019 ਨੂੰ ਆਯੋਜਿਤ ਕੀਤਾ ਗਿਆ ਸੀ। ਪਹਿਲੇ ਗਰਾਊਂਡ ਬ੍ਰੇਕਿੰਗ ਸਮਾਰੋਹ ਦੌਰਾਨ, 61,500 ਕਰੋੜ ਰੁਪਏ ਤੋਂ ਵੱਧ ਦੇ 81 ਪ੍ਰੋਜੈਕਟਾਂ ਦੀ ਨੀਂਹ ਰੱਖੀ ਗਈ ਸੀ, ਜਦਕਿ ਦੂਸਰੇ ਗਰਾਊਂਡ ਬ੍ਰੇਕਿੰਗ ਸਮਾਰੋਹ ਵਿੱਚ 67,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਵਾਲੇ 290 ਪ੍ਰੋਜੈਕਟਾਂ ਦੀ ਨੀਂਹ ਰੱਖੀ ਗਈ ਸੀ।
https://twitter.com/narendramodi/status/1532618676645396482
https://twitter.com/PMOIndia/status/1532620230538989568
https://twitter.com/PMOIndia/status/1532620560882143232
https://twitter.com/PMOIndia/status/1532620563365380096
https://twitter.com/PMOIndia/status/1532621005545676805
https://twitter.com/PMOIndia/status/1532621185238048768
https://twitter.com/PMOIndia/status/1532622734274236416
https://twitter.com/PMOIndia/status/1532624548407148544
https://twitter.com/PMOIndia/status/1532624684394881024
***********
ਡੀਐੱਸ
(Release ID: 1830884)
Read this release in:
Malayalam
,
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada