ਪ੍ਰਧਾਨ ਮੰਤਰੀ ਦਫਤਰ
ਪੈਨ ਆਈਆਈਟੀ ਗਲੋਬਲ ਸਮਿਟ ’ਚ ਪ੍ਰਧਾਨ ਮੰਤਰੀ ਦੇ ਮੁੱਖ ਭਾਸ਼ਣ ਦਾ ਮੂਲ–ਪਾਠ
Posted On:
04 DEC 2020 10:22PM by PIB Chandigarh
ਸ਼੍ਰੀ ਸੁੰਦਰਮ ਸ਼੍ਰੀਨਿਵਾਸਨ,
ਪ੍ਰਧਾਨ
ਪੈਨ ਆਈਆਈਟੀ ਯੂਐੱਸਏ,
ਵਿਸ਼ੇਸ਼ ਸਾਬਕਾ ਵਿਦਿਆਰਥੀਜਨ,
ਦੋਸਤੋ,
ਅੱਜ ਤੁਹਾਡੇ ਨਾਲ ਸ਼ਾਮਲ ਹੋਣ ਦੀ ਮੈਨੂੰ ਖ਼ੁਸ਼ੀ ਹੈ। ਮੈਨੂੰ ਚੇਨਈ, ਮੁੰਬਈ, ਗੁਹਾਟੀ ਤੇ ਹਾਲ ਹੀ ਵਿੱਚ ਦਿੱਲੀ ਵਿਖੇ IITs ਦੇ ਡਿਗਰੀ–ਵੰਡ ਸਮਾਰੋਹਾਂ ਵਿੱਚ ਸੰਬੋਧਨ ਕਰਨ ਦਾ ਮੌਕਾ ਮਿਲਿਆ ਹੈ। ਮੈਂ IITs ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਸਦਾ ਪ੍ਰਭਾਵਿਤ ਹੋਇਆ ਹਾਂ। ਮੈਂ ਭਾਰਤ ਤੇ ਸਾਡੀ ਧਰਤੀ ਦੇ ਭਵਿੱਖ ਬਾਰੇ ਤਾਜ਼ਾ–ਦਮ ਹੋ ਕੇ ਅਤੇ ਪੂਰਾ ਭਰੋਸਾ ਲੈ ਕੇ ਹੀ ਪਰਤਦਾ ਹਾਂ।
ਦੋਸਤੋ,
ਤੁਸੀਂ ਭਾਰਤ ਦੇ ਪੁੱਤਰ ਅਤੇ ਧੀਆਂ ਹੋ, ਜੋ ਮਾਨਵਤਾ ਦੀ ਸੇਵਾ ਕਰ ਰਹੇ ਹੋ। ਨਵਾਚਾਰ ਲਈ ਤੁਹਾਡੀ ਭਾਵਨਾ ਵਿਸ਼ਵ ਨੂੰ ਵੱਡਾ ਬਣਾਉਣ ਦਾ ਸੁਫ਼ਨਾ ਸਾਕਾਰ ਕਰਨ ਵਿੱਚ ਮਦਦ ਕਰ ਰਹੀ ਹੈ। ਇਹ ਤੁਹਾਡੀ ਮਹਾਨ ਤਾਕਤਾਂ ਵਿੱਚੋਂ ਇੱਕ ਵੀ ਹੈ। ਸ਼ਾਇਦ ਇਹ ਤੁਹਾਡੇ ਤਕਨੀਕੀ ਤੇ ਪ੍ਰਬੰਧਕੀ ਹੁਨਰਾਂ ਤੋਂ ਬਾਅਦ ਦੂਜੀ ਹੋਵੇ। ਕਿਸੇ ਨੂੰ ਸਮੁੱਚੀ ਧਰਤੀ ਦੀ ਆਰਥਿਕ ਕੀਮਤ ਵਿੱਚ IIT ਦੇ ਗ੍ਰੈਜੂਏਟ ਵਿਦਿਆਰਥੀਆਂ ਦੇ ਸਮੂਹਕ ਯੋਗਦਾਨ ਦੀ ਗਿਣਤੀ–ਮਿਣਤੀ ਕਰਨੀ ਚਾਹੀਦੀ ਹੈ। ਮੈਨੂੰ ਯਕੀਨ ਹੈ ਕਿ ਇਹ ਕਿਸੇ ਵੱਡੇ ਆਕਾਰ ਦੇ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਦੇ ਮੁਕਾਬਲੇ ਹੋਵੇਗੀ।
ਦੋਸਤੋ,
ਇੱਕ ਸਮਾਂ ਸੀ, ਜਦੋਂ ਅਜਿਹੇ ਕਿਸੇ ਇਕੱਠ ਵਿੱਚ ਸਿਰਫ਼ ਪੰਜ ਜਾਂ ਛੇ ਆਈਆਈਟੀਜ਼ ਦੇ ਹੀ ਸਾਬਕਾ ਵਿਦਿਆਰਥੀ ਸ਼ਾਮਲ ਹੁੰਦੇ ਸਨ। ਉਹ ਗਿਣਤੀ ਹੁਣ ਵਧ ਰਹੀ ਹੈ ਅਤੇ ਇਹ ਦੋ ਦਰਜਨ ਦੇ ਲਗਭਗ ਹੈ। ਵਿਦਿਆਰਥੀਆਂ ਤੇ ਸਾਬਕਾ ਵਿਦਿਆਰਥੀਆਂ ਦੀ ਗਿਣਛੀ ਵੀ ਵਧ ਰਹੀ ਹੈ। ਇਸ ਦੇ ਨਾਲ ਹੀ, ਅਸੀਂ ਇਹ ਯਕੀਨੀ ਬਣਾਇਆ ਹੈ ਕਿ ਸਿਰਫ਼ ਆਈਆਈਟੀਜ਼ ਦਾ ਬ੍ਰਾਂਡ ਹੀ ਮਜ਼ਬੂਤ ਬਣੇ। ਅਸੀਂ ਭਾਰਤ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਬੱਧ ਹਾਂ। ਤੁਸੀਂ ਇਹ ਗੱਲ ਨੋਟ ਕੀਤੀ ਹੋਵੇਗੀ ਕਿ ਪਿਛਲੇ ਕੁਝ ਸਮੇਂ ਦੌਰਾਨ, ਭਾਰਤ ਵਿੱਚ ਹੈਕਾਥੌਨਜ਼ ਦਾ ਸਭਿਆਚਾਰ ਵਿਕਸਤ ਹੋ ਰਿਹਾ ਹੈ। ਮੈਨੂੰ ਵੀ ਇਨ੍ਹਾਂ ਵਿੱਚੋਂ ਕੁਝ ਹੈਕਾਥੌਨਜ਼ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਸੀ। ਇਨ੍ਹਾਂ ਹੈਕਾਥੌਨਜ਼ ਵਿੱਚ, ਨੌਜਵਾਨ ਦਿਮਾਗ਼ ਰਾਸ਼ਟਰੀ ਤੇ ਵਿਸ਼ਵ ਸਮੱਸਿਆਵਾਂ ਦੇ ਬੇਮਿਸਾਲ ਹੱਲ ਦਿੰਦੇ ਵੇਖੇ ਹਨ।
ਅਸੀਂ ਦੱਖਣ–ਪੂਰਬੀ ਏਸ਼ੀਆ ਅਤੇ ਯੂਰੋਪ ਦੇ ਬਹੁਤ ਸਾਰੇ ਦੇਸ਼ਾਂ ਨਾਲ ਇਸ ਖੇਤਰ ਵਿੱਚ ਕੰਮ ਕਰਦੇ ਰਹੇ ਹਾਂ। ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਨੌਜਵਾਨਾਂ ਨੂੰ ਆਪਣੇ ਹੁਨਰ ਵਿਖਾਉਣ ਦਾ ਇੱਕ ਕੌਮਾਂਤਰੀ ਮੰਚ ਮਿਲੇ। ਅਤੇ ਵਿਸ਼ਵ ਦੇ ਬਿਹਤਰੀਨ ਪਿਰਤ ਸਿੱਖਣ ਦਾ ਵੀ। ਦੋ ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਭਾਰਤ ਦੀ ਮੇਜ਼ਬਾਨੀ ਵਿੱਚ ‘ਵੈਭਵ ਸਮਿਟ’ ਸ਼ੁਰੂ ਹੋਇਆ ਸੀ।
ਉਹ ਸਮਿਟ ਲਗਭਗ ਇੱਕ ਮਹੀਨਾ ਚੱਲਿਆ ਸੀ, ਉਸ ਵਿੱਚ ਵਿਗਿਆਨ ਤੇ ਨਵਾਚਾਰ ਦੇ ਖੇਤਰਾਂ ਦੀਆਂ ਉੱਚ–ਮਿਆਰੀ ਪ੍ਰਤਿਭਾਸ਼ਾਲੀ ਪ੍ਰਤਿਭਾਵਾਂ ਇਕੱਠੀਆਂ ਹੋਈਆਂ ਸਨ। ਭਾਗੀਦਾਰਾਂ ਦੀ ਗਿਣਤੀ ਲਗਭਗ ਤੇਈ ਹਜ਼ਾਰ ਸੀ। ਉੱਥੇ 230 ਪੈਨਲ ਵਿਚਾਰ–ਵਟਾਂਦਰੇ ਹੋਏ ਸਨ। ਲਗਭਗ 730 ਘੰਟਿਆਂ ਦਾ ਵਿਚਾਰ–ਵਟਾਂਦਰਾ। ਇਹ ਸਿਖ਼ਰ–ਸੰਮੇਲਨ ਫਲਦਾਇਕ ਰਿਹਾ ਸੀ ਤੇ ਉਸ ਨੇ ਵਿਗਿਆਨ ਤੇ ਨਵਾਚਾਰ ਵਿੱਚ ਭਵਿੱਖ ਦੇ ਤਾਲਮੇਲਾਂ ਦੀ ਸੁਰ ਤੈਅ ਕੀਤੀ ਸੀ।
ਦੋਸਤੋ,
ਭਾਰਤ ਦੇ ਕੰਮ ਕਰਨ ਦੇ ਤਰੀਕੇ ਵਿੱਚ ਵੱਡੀ ਤਬਦੀਲੀ ਵੇਖੀ ਜਾ ਰਹੀ ਹੈ। ਜਿਹੜੀਆਂ ਚੀਜ਼ਾਂ ਬਾਰੇ ਅਸੀਂ ਸੋਚਦੇ ਸਾਂ ਕਿ ਅਜਿਹਾ ਕਦੇ ਨਹੀਂ ਹੋ ਸਕਦਾ, ਉਹੀ ਤੇਜ਼ ਰਫ਼ਤਾਰ ਨਾਲ ਹੋ ਰਹੀਆਂ ਹਨ। ਮੈਂ ਉਸ ਖੇਤਰ ਦੀਆਂ ਕੁਝ ਉਦਾਹਰਣਾਂ ਦਿੰਦਾ ਹਾਂ, ਜਿਸ ਬਾਰੇ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਪਹਿਲਾਂ, ਜਦੋਂ IITs ਏਅਰੋ–ਸਪੇਸ ਇੰਜੀਨੀਅਰ ਪੈਦਾ ਕਰਦੇ ਸਨ, ਤਦ ਉਨ੍ਹਾਂ ਨੂੰ ਰੋਜ਼ਗਾਰ ਦੇਣ ਲਈ ਇੱਥੇ ਦੇਸ਼ ਵਿੱਚ ਕੋਈ ਮਜ਼ਬੂਤ ਉਦਯੋਗਿਕ ਈਕੋ–ਸਿਸਟਮ ਨਹੀਂ ਸੀ। ਅੱਜ ਪੁਲਾੜ ਖੇਤਰ ਵਿੱਚ ਸਾਡੇ ਇਤਿਹਾਸਕ ਸੁਧਾਰਾਂ ਨਾਲ ਮਨੁੱਖਤਾ ਸਾਹਮਣੇ ਆਖ਼ਰੀ ਮੋਰਚਾ ਭਾਰਤੀ ਪ੍ਰਤਿਭਾ ਲਈ ਖੁੱਲ੍ਹ ਗਿਆ ਹੈ।
ਇਹੋ ਕਾਰਨ ਹੈ ਕਿ ਭਾਰਤ ਵਿੱਚ ਹਰ ਰੋਜ਼ ਨਵੇਂ ਪੁਲਾੜ ਟੈੱਕ ਸਟਾਰਟ–ਅੱਪਸ ਆ ਰਹੇ ਹਨ। ਮੈਨੂੰ ਯਕੀਨ ਹੈ ਕਿ ਤੁਹਾਡੇ ਵਿੱਚੋਂ ਕੁਝ ਬਹਾਦਰੀ ਨਾਲ ਉੱਥੇ ਜਾਣਗੇ, ਜਿੱਥੇ ਪਹਿਲਾਂ ਕੋਈ ਨਹੀਂ ਗਿਆ ਹੋਵੇਗਾ! ‘ਭਾਰਤ ਦੇ ਬਹੁਤ ਸਾਰੇ ਖੇਤਰਾਂ ਵਿੱਚ ਅਤਿ–ਆਧੁਨਿਕ ਤੇ ਨਵਾਚਾਰਕ ਕੰਮ ਹੋ ਰਿਹਾ ਹੈ। ਸਾਡੀ ਸਰਕਾਰ ਪੂਰੀ ਤਰ੍ਹਾਂ ‘ਰਿਫ਼ਾਰਮ, ਪਰਫ਼ਾਰਮ, ਟ੍ਰਾਂਸਫ਼ਾਰਮ’ (ਸੁਧਾਰ ਕਰੋ, ਕਾਰਗੁਜ਼ਾਰੀ ਵਿਖਾਓ, ਕਾਇਆ–ਕਲਪ ਕਰੋ) ਦੇ ਸਿਧਾਂਤ ਪ੍ਰਤੀ ਪ੍ਰਤੀਬੱਧ ਹੈ।’
ਸਾਡੇ ਸੁਧਾਰਾਂ ਲਈ ਕੋਈ ਖੇਤਰ ਨਹੀਂ ਬਚਿਆ। ਖੇਤੀਬਾੜੀ, ਪ੍ਰਮਾਣੂ ਊਰਜਾ, ਰੱਖਿਆ, ਸਿੱਖਿਆ, ਸਿਹਤ–ਸੰਭਾਲ, ਬੁਨਿਆਦੀ ਢਾਂਚਾ, ਵਿੱਤ, ਬੈਂਕਿੰਗ, ਟੈਕਸੇਸ਼ਨ। ਇਹ ਸੂਚੀ ਲੰਮੀ ਹੈ। ਅਸੀਂ ਕਿਰਤ ਖੇਤਰ ਵਿੱਚ ਬਿਲਕੁਲ ਨਵੀਂ ਤਰ੍ਹਾਂ ਦੇ ਸੁਧਾਰ ਲਿਆਂਦੇ ਹਨ, 44 ਕੇਂਦਰੀ ਕਿਰਤ ਕਾਨੂੰਨਾਂ ਨੂੰ ਸਿਰਫ਼ 4 ਜ਼ਾਬਤਿਆਂ ਵਿੱਚ ਇਕੱਠਾ ਕਰ ਦਿੱਤਾ ਹੈ। ਸਾਡੀ ਕਾਰਪੋਰੇਟ ਟੈਕਸ ਦਰ ਵਿਸ਼ਵ ਦੀਆਂ ਸਭ ਤੋਂ ਘੱਟ ਦਰਾਂ ਵਿੱਚੋਂ ਇੱਕ ਹੈ।
ਕੁਝ ਹਫ਼ਤੇ ਪਹਾਂ, ਭਾਰਤੀ ਕੈਬਨਿਟ ਨੇ 10 ਪ੍ਰਮੁੱਖ ਖੇਤਰਾਂ ਵਿੱਚ ਇੱਕ ਨਿਵੇਕਲੀ ਉਤਪਾਦਨ ਸਬੰਧਿਤ ਪ੍ਰੋਤਸਾਹਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਇਹ ਫ਼ੈਸਲਾ ਬਰਾਮਦਾਂ ਦੇ ਨਾਲ–ਨਾਲ ਨਿਰਮਾਣ ਵਧਾਉਣ ਲਈ ਕੀਤਾ ਗਿਆ ਸੀ। ਇਨ੍ਹਾਂ ਖੇਤਰਾਂ ਵਿੱਚ ਬੈਟਰੀ, ਇਲੈਕਟ੍ਰੌਨਿਕਸ, ਫ਼ਾਰਮਾ, ਆਟੋਮੋਬਾਈਲਜ਼, ਟੈਲੀਕਾੱਮ, ਸੂਰਜੀ ਊਰਜਾ ਤੇ ਹੋਰ ਸ਼ਾਮਲ ਹਨ। ਇਨ੍ਹਾਂ ਵਿੱਚੋਂ ਹਰੇਕ ਖੇਤਰ ਟੈਕਨੋਲੋਜੀ ਨਾਲ ਸਬੰਧਿਤ ਹੈ। ਇਹ ਅਜਿਹੇ ਮੌਕੇ ਹਨ, ਜਿਹੜੇ ਉਪਯੋਗ ਦੀ ਉਡੀਕ ਕਰ ਰਹੇ ਹਨ।
ਕੋਵਿਡ–19 ਦੇ ਔਖੇ ਸਮਿਆਂ ਵਿੱਚ, ਭਾਰਤ ਵਿੱਚ ਰਿਕਾਰਡ ਨਿਵੇਸ਼ ਹੋਇਆ ਹੈ। ਇਸ ਨਿਵੇਸ਼ ਦਾ ਬਹੁਤਾ ਹਿੱਸਾ ਟੈੱਕ ਖੇਤਰ ਵਿੱਚ ਹੋਇਆ ਹੈ। ਸਪਸ਼ਟ ਤੌਰ ਉੱਤੇ, ਵਿਸ਼ਵ ਭਾਰਤ ਨੂੰ ਇੱਕ ਵਿਸ਼ਵਾਸਪਾਤਰ ਤੇ ਸੰਭਾਵਨਾਵਾਂ ਨਾਲ ਭਰਪੂਰ ਭਾਈਵਾਲ ਵਜੋਂ ਵੇਖਦਾ ਹੈ।
ਦੋਸਤੋ,
ਪੈਨ–ਆਈਆਈਟੀ ਲਹਿਰ ਦਾ ਸਮੂਹਕ ਬਲ ਸਾਡੇ ‘ਆਤਮਨਿਰਭਰ ਭਾਰਤ’ ਦੇ ਸੁਫ਼ਨੇ ਦੀ ਰਫ਼ਤਾਰ ਨੂੰ ਤੇਜ਼ ਕਰ ਸਕਦਾ ਹੈ। ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਕੁਝ ਅਹਿਮ ਮੋੜਾਂ ਉੱਤੇ, ਸਮੁੱਚੇ ਵਿਸ਼ਵ ਵਿੱਚ ਵੱਸਦੇ ਭਾਰਤੀ ਲੋਕ ਮੁੜ–ਉੱਭਰ ਰਹੇ ਭਾਰਤ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਉਂਦੇ ਹਨ। ਉਹ ਨਵਭਾਰਤ ਦੇ ਰਾਜਦੂਤ ਬਣੇ ਸਨ। ਅਤੇ ਉਨ੍ਹਾਂ ਦੀ ਆਵਾਜ਼ ਇਹ ਯਕੀਨੀ ਬਣਾਉਣ ਲਈ ਅਹਿਮ ਸੀ ਕਿ ਵਿਸ਼ਵ ਭਾਰਤ ਦੇ ਦ੍ਰਿਸ਼ਟੀਕੋਣਾਂ ਨੂੰ ਸਹੀ ਭਾਵਨਾ ਨਾਲ ਸਮਝੇ।
ਦੋਸਤੋ,
ਦੋ ਸਾਲਾਂ ਬਾਅਦ, ਸਾਲ 2022 ਵਿੱਚ ਭਾਰਤ ਦੀ ਆਜ਼ਾਦੀ–ਪ੍ਰਾਪਤੀ ਨੂੰ 75 ਵਰ੍ਹੇ ਹੋ ਜਾਣਗੇ। ਮੈਂ ਪੈਨ–ਆਈਆਈਟੀ ਲਹਿਰ ਨੂੰ ਬੇਨਤੀ ਕਰਦਾ ਹਾਂ ਕਿ ‘ਭਾਰਤ ਨੂੰ ਵਾਪਸ ਦੇਣ’ ਦਾ ਇਸ ਤੋਂ ਵੀ ਉਚੇਰਾ ਮਾਪਦੰਡ ਤੈਅ ਕਰਨ’। ਤੁਹਾਡੇ ਵਿੱਦਿਅਕ ਸੰਸਥਾਨ ਲਈ ਤੁਹਾਡੀਆਂ ਕੋਸ਼ਿਸ਼ਾਂ ਸਭ ਜਾਣਦੇ ਹਨ ਤੇ ਪ੍ਰੇਰਨਾਦਾਇਕ ਹਨ। ਮੈਨੂੰ ਪਤਾ ਹੈ ਕਿ ਤੁਹਾਡੇ ਵਿੱਚੋਂ ਬਹੁਤੇ ਸਹੀ ਕਰੀਅਰ ਰਾਹ ਚੁਣਨ ਦੇ ਮਾਮਲੇ ਵਿੱਚ ਆਪਣੇ ਜੂਨੀਅਰਾਂ ਦੇ ਮਾਰਗ–ਦਰਸ਼ਕ ਹੋ – ਭਾਵੇਂ ਅਕਾਦਮਿਕ ਖੇਤਰ ਹੋਵੇ ਜਾਂ ਉਦਯੋਗ। ਅੱਜ, ਉਨ੍ਹਾਂ ਵਿੱਚੋਂ ਬਹੁਤੇ ਆਪਣੇ ਖ਼ੁਦ ਦੇ ਉੱਦਮ ਸ਼ੁਰੂ ਕਰਨਾ ਚਾਹੁੰਦੇ ਹਨ। ਉਹ ਹੋਣਹਾਰ ਤੇ ਆਤਮ–ਵਿਸ਼ਵਾਸ ਨਾਲ ਭਰਪੂਰ ਨੌਜਵਾਨ ਹਨ, ਜੋ ਆਪਣੀ ਸਖ਼ਤ ਮਿਹਨਤ ਤੇ ਨਵਾਚਾਰ ਰਾਹੀਂ ਆਪਣੀ ਛਾਪ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ।
ਹੁਣ, ਮੈਂ ਤੁਹਾਨੂੰ ਇਨ੍ਹਾਂ ਕੋਸ਼ਿਸ਼ਾਂ ਵਿੱਚ ਵੀ ਉਨ੍ਹਾਂ ਦਾ ਮਾਰਗ–ਦਰਸ਼ਨ ਕਰਨ ਦਾ ਸੱਦਾ ਦਿੰਦਾ ਹਾਂ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਵਿਚਾਰ ਵੱਧ ਤੋਂ ਵੱਧ ਸਾਂਝੇ ਕਰੋ ਅਤੇ ਇਨਪੁਟਸ ਦੇਵੋ ਕਿ ਅਸੀਂ ਆਪਣੀ ਆਜ਼ਾਦੀ ਦੇ 75 ਸਾਲ ਕਿਵੇਂ ਮਨਾ ਸਕਦੇ ਹਾਂ। ਤੁਸੀਂ ਆਪਣੇ ਵਿਚਾਰ MyGov ਉੱਤੇ ਸਾਂਝੇ ਕਰ ਸਕਦੇ ਹੋ। ਜਾਂ, ਤੁਸੀਂ ਇਹ ਸਿੱਧੇ ਮੇਰੇ ਨਾਲ ਨਰੇਂਦਰ ਮੋਦੀ ਐਪ ਉੱਤੇ ਵੀ ਸਾਂਝੇ ਕਰ ਸਕਦੇ ਹੋ।
ਦੋਸਤੋ,
ਅੱਜ ਦੇ ਸਾਡੇ ਕਾਰਜ ਭਲਕੇ ਸਾਡੀ ਧਰਤੀ ਨੂੰ ਆਕਾਰ ਦੇਣਗੇ। ਕੋਵਿਡ–19 ਤੋਂ ਬਾਅਦ ਦੀ ਵਿਵਸਥਾ ਇਨ੍ਹਾਂ ਬਾਰੇ ਹੋਵੇਗੀ: ਮੁੜ–ਸਿੱਖਣਾ, ਮੁੜ–ਸੋਚਣਾ, ਮੁੜ–ਨਵਾਚਾਰ ਕਰਨਾ ਤੇ ਲਗਭਗ ਹਰੇਕ ਖੇਤਰ ਵਿੱਚ ਮੁੜ–ਖੋਜ ਕਰਨਾ। ਆਰਥਿਕ ਸੁਧਾਰਾਂ ਦੀ ਲੜੀ ਨਾਲ ਇਹ ਸਾਡੀ ਧਰਤੀ ਨੂੰ ਮੁੜ–ਊਰਜਿਤ ਕਰੇਗਾ। ਇਹ ‘ਜੀਵਨ ਬਤੀਤ ਕਰਨਾ ਆਸਾਨ’ ਬਣਾਏਗਾ ਅਤੇ ਹਾਸ਼ੀਏ ਉੱਤੇ ਪੁੱਜਿਆਂ ਦੇ ਨਾਲ–ਨਾਲ ਗ਼ਰੀਬਾਂ ਉੱਤੇ ਵੀ ਹਾਂ–ਪੱਖੀ ਅਸਰ ਪਾਵੇਗਾ। ਅਸੀਂ ਇਹ ਵੀ ਦੇਖਿਆ ਕਿ ਉਦਯੋਗ ਅਤੇ ਅਕਾਦਮਿਕ ਖੇਤਰ ਵਿਚਾਲੇ ਤਾਲਮੇਲ ਨਾਲ ਮਹਾਮਾਰੀ ਦੌਰਾਨ ਕਿੰਨੇ ਨਵਾਚਾਰ ਹੋਏ। ਨਵੇਂ ਆਮ ਮਾਹੌਲ ਨਾਲ ਐਡਜਸਟ ਕਰਨ ਲਈ ਅਜੋਕੇ ਵਿਸ਼ਵ ਨੂੰ ਵਿਵਹਾਰਕ ਸਮਾਧਾਨਾਂ ਦੀ ਜ਼ਰੂਰਤ ਹੈ। ਅਤੇ, ਇਸ ਵਾਰਤਾ ਨੂੰ ਸ਼ੁਰੂ ਕਰਨ ਲਈ ਤੁਹਾਡੇ ਤੋਂ ਬਿਹਤਰ ਹੋਰ ਕੌਣ ਹੋਵੇਗਾ? ਅੱਜ, ਆਈਆਈਟੀ ਦੇ ਗ੍ਰੈਜੂਏਟਸ ਵੱਡੀ ਗਿਣਤੀ ਵਿੱਚ ਪੂਰੀ ਦੁਨੀਆ ਵਿੱਚ ਲੀਡਰਸ਼ਿਪ ਵਾਲੇ ਅਹੁਦਿਆਂ ’ਤੇ ਹਨ। ਤੁਹਾਡੇ ਮਜ਼ਬੂਤ ਨੈੱਟਵਰਕਸ ਸਮੁੱਚੇ ਉਦਯੋਗ, ਅਕਾਦਮਿਕ ਖੇਤਰ, ਕਲਾ, ਸਰਕਾਰਾਂ ਤੱਕ ਫੈਲੇ ਹੋਏ ਹਨ। ਤੁਸੀਂ ਮਨੁੱਖੀ ਗਤੀਵਿਧੀ ਦੇ ਹਰੇਕ ਖੇਤਰ ਵਿੱਚ ਵਿਵਹਾਰਕ ਤੌਰ ਉੱਤੇ ਸ਼ਾਨਦਾਰ ਤਰੀਕੇ ਨਾਲ ਹੋ। ਮੈਂ ਖ਼ੁਦ ਜੇ ਰੋਜ਼ ਨਹੀਂ, ਤਾਂ ਹਰ ਹਫ਼ਤੇ ਤੁਹਾਡੇ ਇੱਕ ਜਾਂ ਵਧੇਰੇ ਸਾਥੀਆਂ ਨਾਲ ਗੱਲਬਾਤ ਕਰਦਾ ਹਾਂ! ਮੈਂ ਤੁਹਾਨੂੰ ਨਵੀਂ ਵਿਸ਼ਵ ਟੈੱਕ ਵਿਵਸਥਾ ਵਿੱਚ ਸਮਾਧਾਨਾਂ ਲਈ ਬਹਿਸ ਕਰਨ, ਵਿਚਾਰ ਕਰਨ ਤੇ ਯੋਗਦਾਨ ਪਾਉਣ ਦੀ ਬੇਨਤੀ ਕਰਦਾ ਹਾਂ। ਜ਼ਿੰਮੇਵਾਰੀ ਭਾਰੀ ਹੈ ਲੇਕਿਨ ਮੈਨੂੰ ਇਹ ਵੀ ਪਤਾ ਹੈ ਕਿ ਤੁਹਾਡੇ ਮੋਢੇ ਸਮਰੱਥ ਹਨ।
ਇਸ ਦੇ ਨਾਲ ਹੀ, ਮੈਂ ਤੁਹਾਨੂੰ ਇਸ ਸਾਲ ਦੀ ਕਾਨਫ਼ਰੰਸ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ, ਜਿਸ ਦਾ ਵਿਸ਼ਾ ਬਿਲਕੁਲ ਦਰੁਸਤ ‘ਭਵਿੱਖ ਹੁਣ ਹੈ’ ਹੈ। ਇਹ ਯਕੀਨੀ ਤੌਰ ਉੱਤੇ ਹੈ।
ਤੁਹਾਡਾ ਭਵਿੱਖ ਸੁਭਾਗਾ ਹੋਵੇ।
ਅਤੇ ਤੁਹਾਡਾ ਧੰਨਵਾਦ।
****
ਡੀਐੱਸ/ਐੱਸਐੱਚ
(Release ID: 1678488)
Visitor Counter : 235
Read this release in:
Assamese
,
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam