57th International Film Festival of India 2026
20 – 28 Nov 2026

ਐਨੀਮੇਸ਼ਨ ਅਧਾਰਿਤ ਕਹਾਣੀ ਸੁਣਾਉਣ ਦੀ ਕਲਾ ਅਤੇ ਭਾਵਨਾਤਮਕ ਡੂੰਘਾਈ ਨੂੰ ਪੇਸ਼ ਕਰਨ ਲਈ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਆਈਐੱਫਐੱਫਆਈ) 2026 ਵਿੱਚ ਨਵੀਂ ਐਨੀਮੇਸ਼ਨ ਸ਼੍ਰੇਣੀ ਦੀ ਸ਼ੁਰੂਆਤ


​ਜਾਪਾਨ, ਫ੍ਰਾਂਸ, ਚੀਨ, ਸਿੰਗਾਪੁਰ ਅਤੇ ਅਮਰੀਕਾ ਦੀਆਂ ਪੰਜ ਚਰਚਿਤ ਅੰਤਰਰਾਸ਼ਟਰੀ ਐਨੀਮੇਟਿਡ ਫੀਚਰ ਫ਼ਿਲਮਾਂ ਮਨੁੱਖੀ ਤਜਰਬਿਆਂ ਦੇ ਵੱਖ-ਵੱਖ ਰੰਗਾਂ ਨੂੰ ਪੇਸ਼ ਕਰਨਗੀਆਂ

Posted On: 18 NOV 2026 1:09PMby PIB ChandigarhRelease ID: 2338264Views: 13

ਹਰ ਸੱਭਿਆਚਾਰ ਅਤੇ ਹਰ ਉਮਰ ਵਰਗ ਵਿੱਚ ਐਨੀਮੇਸ਼ਨ ਦੀ ਇੱਕ ਵਿਲੱਖਣ  ਵਿਸ਼ੇਸ਼ਤਾ ਰਹੀ ਹੈ। ਇਹ ਸਾਧਾਰਨ ਚਿੱਤਰਾਂ ਨੂੰ ਅਜਿਹੀਆਂ ਕਹਾਣੀਆਂ ਵਿੱਚ ਬਦਲਣ ਦੀ ਸਮਰੱਥਾ ਰੱਖਦਾ ਹੈ, ਜੋ ਦਰਸ਼ਕਾਂ ਦੇ ਦਿਲਾਂ ਨੂੰ ਡੂੰਘਾਈ ਨਾਲ ਛੂਹ ਜਾਂਦੀਆਂ ਹਨ। ਆਪਣੇ ਸਿਨੇਮਾਈ ਦਾਇਰੇ ਦਾ ਵਿਸਥਾਰ ਕਰਦੇ ਹੋਏ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਆਈਐੱਫਐੱਫਆਈ), 2026 ਵਿੱਚ ਐਨੀਮੇਸ਼ਨ ਫ਼ਿਲਮਾਂ ਦੀ ਇੱਕ ਨਵੀਂ ਸਮਰਪਿਤ ਸ਼੍ਰੇਣੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਐਨੀਮੇਸ਼ਨ ਰਾਹੀਂ ਕਹਾਣੀ ਸੁਣਾਉਣ ਦੀ ਕਲਾ ਅਤੇ ਇਸ ਦੀ ਭਾਵਨਾਤਮਕ ਡੂੰਘਾਈ ਨੂੰ ਪੇਸ਼ ਕਰਨਾ ਹੈ। ਇਸ ਸ਼੍ਰੇਣੀ ਵਿੱਚ ਜਾਪਾਨ, ਫ੍ਰਾਂਸ, ਚੀਨ ਅਤੇ ਅਮਰੀਕਾ ਦੀਆਂ ਪੰਜ ਬਿਹਤਰੀਨ ਅੰਤਰਰਾਸ਼ਟਰੀ ਐਨੀਮੇਟਿਡ ਫੀਚਰ ਫ਼ਿਲਮਾਂ ਸ਼ਾਮਲ ਕੀਤੀਆਂ ਗਈਆਂ ਹਨ। ਇਹ ਫ਼ਿਲਮਾਂ ਨਾ ਸਿਰਫ਼ ਦਰਸ਼ਕਾਂ ਨੂੰ ਆਪਣੀ ਦ੍ਰਿਸ਼ਟੀਗਤ ਸੁੰਦਰਤਾ ਨਾਲ ਆਕਰਸ਼ਿਤ ਕਰਨਗੀਆਂ, ਸਗੋਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਡੂੰਘਾਈ ਨਾਲ ਪ੍ਰਗਟ ਕਰਨਗੀਆਂ।

ਆਧੁਨਿਕ ਪ੍ਰੇਮ ਸਬੰਧਾਂ ਅਤੇ ਸਮਾਜਿਕ ਉਦਾਸੀ ਦੀ ਸੰਵੇਦਨਸ਼ੀਲ ਕਹਾਣੀ ਪੇਸ਼ ਕਰਨ ਵਾਲੀ ਜਾਪਾਨੀ ਐਨੀਮੇਟਿਡ ਫ਼ਿਲਮ ‘ਚੈਰੀ ਐਂਡ ਵਰਜਿਨ’ ਦਾ ਨਿਰਦੇਸ਼ਨ ਮਸਾਨਾਓ ਕਾਵਾਜਿਰੀ ਨੇ ਕੀਤਾ ਹੈ। ਸਾਲ 2026 ਦੀ ਇਹ ਐਨੀਮੇਟਿਡ ਫੀਚਰ ਫ਼ਿਲਮ ਰੀਓ ਦੀ ਕਹਾਣੀ ਹੈ, ਜੋ 32 ਸਾਲ ਦੀ ਇਰੋਟਿਕ ਮੰਗਾ ਕਲਾਕਾਰ ਹੈ ਅਤੇ ਮਹਿਲਾਵਾਂ ਨਾਲ ਗੱਲਬਾਤ ਕਰਨ ਵਿੱਚ ਮੁਸ਼ਕਲ ਮਹਿਸੂਸ ਕਰਦਾ ਹੈ। ਦੂਜੇ ਪਾਸੇ, 28 ਸਾਲ ਦੀ ਅਮੀ ਨੂੰ ਅਸਲ ਜ਼ਿੰਦਗੀ ਵਿੱਚ ਮਰਦਾਂ ਨਾਲ ਗੱਲਬਾਤ ਕਰਨ ਵਿੱਚ ਓਨੀ ਹੀ ਪਰੇਸ਼ਾਨੀ ਹੁੰਦੀ ਹੈ। ਆਪਣੇ ਡਰ ਅਤੇ ਪ੍ਰੇਮ ਸਬੰਧਾਂ ਦੇ ਤਜਰਬੇ ਦੀ ਘਾਟ ਦੇ ਬਾਵਜੂਦ ਦੋਵਾਂ ਦੀ ਮੁਲਾਕਾਤ ਹੁੰਦੀ ਹੈ। ਹੌਲੀ-ਹੌਲੀ ਉਹ ਇੱਕ-ਦੂਜੇ ਨੂੰ ਸਮਝਣ ਲੱਗਦੇ ਹਨ ਅਤੇ ਆਪਣੀਆਂ ਅਸੁਰੱਖਿਆਵਾਂ ‘ਤੇ ਕਾਬੂ ਪਾਉਂਦੇ ਹੋਏ ਇੱਕ ਸੱਚੇ ਰਿਸ਼ਤੇ ਤੋਂ ਮਿਲਣ ਵਾਲੀ ਸਹਿਜ ਖ਼ੁਸ਼ੀ ਦਾ ਅਹਿਸਾਸ ਕਰਦੇ ਹਨ।

ਲਾਈਵ-ਐਕਸ਼ਨ ਫੁਟੇਜ ਅਤੇ ਮੰਗਾ ਐਨੀਮੇਸ਼ਨ ਦੇ ਅਨੋਖੇ ਸੁਮੇਲ ਨਾਲ ਬਣੀ ਇਹ ਫ਼ਿਲਮ ਸਹਿਜ ਆਪਸੀ ਸਾਂਝ ਅਤੇ ਹਾਸੇ-ਮਜ਼ਾਕ ਨਾਲ ਆਪਣੀ ਕਹਾਣੀ ਪੇਸ਼ ਕਰਦੀ ਹੈ। ਓਸਾਕਾ ਯੂਨੀਵਰਸਿਟੀ ਆਫ਼ ਆਰਟਸ ਤੋਂ ਗ੍ਰੈਜੂਏਟ ਕਾਵਾਜਿਰੀ ਨੂੰ ਸਾਲ 2018 ਵਿੱਚ ਉਨ੍ਹਾਂ ਦੀ ਐਨੀਮੇਟਿਡ ਲਘੂ ਫ਼ਿਲਮ ‘ਅ ਜੈਪਨੀਜ਼ ਬੁਆਏ ਹੂ ਡ੍ਰਾਜ਼’ (A Japanese Boy Who Draws) ਲਈ ਵੱਖ-ਵੱਖ ਫ਼ਿਲਮ ਸਮਾਰੋਹਾਂ ਵਿੱਚ ਵਿਆਪਕ ਸ਼ਲਾਘਾ ਮਿਲੀ ਸੀ। ਇਸ ਫ਼ਿਲਮ ਰਾਹੀਂ ਉਨ੍ਹਾਂ ਨੇ ਇੱਕ ਅਜਿਹੀ ਮਿਸ਼ਰਤ ਦ੍ਰਿਸ਼ ਸ਼ੈਲੀ ਵਿਕਸਿਤ ਕੀਤੀ, ਜਿਸ ਨੂੰ ਜਾਪਾਨ ਅਤੇ ਵਿਦੇਸ਼ਾਂ ਵਿੱਚ ਲਗਾਤਾਰ ਪ੍ਰਸ਼ੰਸਾ ਮਿਲ ਰਹੀ ਹੈ।

ਸਮਕਾਲੀ ਵਿਅੰਗ ਨੂੰ ਤਿੱਖੇ ਹਾਸੇ ਅਤੇ ਸੰਵੇਦਨਸ਼ੀਲਤਾ ਨਾਲ ਪੇਸ਼ ਕਰਨ ਵਾਲੀ ਫ੍ਰੈਂਚ ਐਨੀਮੇਟਿਡ  ਫ਼ਿਲਮ ‘ਜਿਮ ਕਵੀਨ’ ਦਾ ਸਹਿ-ਨਿਰਦੇਸ਼ਨ ਨਿਕੋਲਸ ਅਥਾਨੇ ਅਤੇ ਮਾਰਕੋ ਗੁਏਨ ਨੇ ਕੀਤਾ ਹੈ। ਪੈਰਿਸ ਦੇ ਪਿਛੋਕੜ ’ਤੇ ਅਧਾਰਿਤ  ਸਾਲ 2026 ਦੀ ਇਹ ਐਨੀਮੇਟਿਡ ਫੀਚਰ ਫ਼ਿਲਮ ਜਿਮ ਦੀ ਕਹਾਣੀ ਹੈ, ਜੋ ਇੱਕ ਪ੍ਰਸਿੱਧ ਫਿਟਨੈਸ ਇਨਫਲੂਐਂਸਰ ਹੈ ਅਤੇ ਸ਼ਹਿਰ ਦੇ ਸਮਲਿੰਗੀ ਭਾਈਚਾਰੇ ਵਿੱਚ ਕਾਫ਼ੀ ਪ੍ਰਸਿੱਧ ਹੈ। ਹਾਲਾਂਕਿ, ‘ਹੈਟੇਰੋਸਿਸ’ ਨਾਮਕ ਇੱਕ ਰਹੱਸਮਈ ਵਾਇਰਸ ਦੇ ਫੈਲਣ ਨਾਲ ਉਸ ਦੀ ਦੁਨੀਆ ਰਾਤੋ-ਰਾਤ ਬਦਲ ਜਾਂਦੀ ਹੈ। ਇਹ ਵਾਇਰਸ ਸਮਲਿੰਗੀ ਮਰਦਾਂ ਨੂੰ ਵਿਸ਼ਮਲਿੰਗੀ ਬਣਾ ਦਿੰਦਾ ਹੈ, ਜਿਸ ਕਾਰਨ ਜਿਮ ਆਪਣੇ ਫਾਲੋਅਰਜ਼, ਦੋਸਤਾਂ ਅਤੇ ਸਮਾਜਿਕ ਪ੍ਰਤਿਸ਼ਠਾ ਨੂੰ ਗੁਆ ਦਿੰਦਾ ਹੈ।

ਅਜਿਹੇ ਸਮੇਂ ਵਿੱਚ ਸਿਰਫ ਲੂਸੀਅਨ ਨਾਮ ਦਾ ਇੱਕ ਨੌਜਵਾਨ ਉਸ ਦੇ ਨਾਲ ਖੜ੍ਹਾ ਰਹਿੰਦਾ ਹੈ, ਜੋ ਉਸ ਦਾ ਭਰੋਸੇਯੋਗ ਦੋਸਤ ਹੈ, ਹਾਲਾਂਕਿ ਉਹ ਖ਼ੁਦ ਓਨਾ ਪ੍ਰਸਿੱਧ ਨਹੀਂ ਹੈ। ਜਿਮ ਉਸ ਦੇ ਨਾਲ ਪੈਰਿਸ ਦੀਆਂ ਜੀਵੰਤ ਸਟ੍ਰੀਟ ਦੀਆਂ ਸੜਕਾਂ ‘ਤੇ  ਅਜਿਹੇ ਡਾਕਟਰ ਦੀ ਭਾਲ ਵਿੱਚ ਨਿਕਲ ਪੈਂਦਾ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਕੋਲ ਇਸ ਵਾਇਰਸ ਦਾ ਇਲਾਜ ਹੈ। ਦੋਵਾਂ ਨਿਰਦੇਸ਼ਕਾਂ ਨੇ ਐਨੀਮੇਸ਼ਨ ਦੇ ਪ੍ਰਤਿਸ਼ਠਿਤ ਸੰਸਥਾਨ ‘ਗੋਬੇਲਿਨਜ਼’ ਤੋਂ ਸਿਖਲਾਈ ਪ੍ਰਾਪਤ ਕੀਤੀ ਹੈ। ਅਥਾਨੇ ਇਸ ਤੋਂ ਪਹਿਲਾਂ ‘ਰੇਮਨ ਗੇਮਜ਼’, ‘ਦ ਰੈਬਿਸ ਕੈਟ’ ਅਤੇ ‘ਦ ਰੈੱਡ ਟਰਟਲ’ ਵਰਗੇ ਪ੍ਰੋਜੈਕਟਾਂ ’ਤੇ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਮਿਸਟਰ ਫਲੈਪ’, ‘ਸਟਾਰਟਅੱਪ ਹੀਰੋਜ਼’ ਅਤੇ ‘ਪੀਪੋਡੂ’ ਵਰਗੀਆਂ ਐਨੀਮੇਟਿਡ  ਸੀਰੀਜ਼ ਦਾ ਸਹਿ-ਨਿਰਦੇਸ਼ਨ ਵੀ ਕੀਤਾ ਹੈ। ਉੱਥੇ ਹੀ, ਗੁਏਨ ਨੇ ‘ਦ ਰੈਬਿਸ ਕੈਟ’, ‘ਅਰਨੇਸਟ ਐਂਡ ਸੇਲੇਸਟੀਨ’ ਅਤੇ ‘ਦ ਸਮਿਟ ਆਫ਼ ਦਾ ਗੌਡਜ਼’ ਵਰਗੀਆਂ ਫ਼ਿਲਮਾਂ ਵਿੱਚ ਆਪਣੇ ਯੋਗਦਾਨ ਨਾਲ ਸਮ੍ਰਿੱਧ ਦ੍ਰਿਸ਼ਗਤ ਤਜਰਬਾ ਹਾਸਲ ਕੀਤਾ ਹੈ।

ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਇਕੱਲੇਪਣ, ਚਾਹਤ ਅਤੇ ਭਾਵਨਾਤਮਕ ਜੁੜਾਅ ਦੀ ਪੜਤਾਲ ਕਰਨ ਵਾਲੀ ਚੀਨੀ ਐਨੀਮੇਟਿਡ ਫ਼ਿਲਮ ‘ਲਾਈਟ ਪਿੱਲਰ’, ਸਾਲ 2026 ਵਿੱਚ ਰਿਲੀਜ਼ ਹੋਣ ਵਾਲੀ ਲੇਖਕ, ਨਿਰਦੇਸ਼ਕ ਅਤੇ ਪ੍ਰੋਡਕਸ਼ਨ ਡਿਜ਼ਾਈਨਰ ਸ਼ੂ ਜਾਓ ਦੀ ਪਹਿਲੀ ਐਨੀਮੇਟਿਡ ਫੀਚਰ ਫ਼ਿਲਮ ਹੈ। ਭਵਿੱਖ ਦੀ ਅਜਿਹੀ ਦੁਨੀਆ ’ਤੇ ਅਧਾਰਿਤ , ਜਿੱਥੇ ਪੁਲਾੜ ਯਾਤਰਾ ਆਮ ਗੱਲ ਹੋ ਚੁੱਕੀ ਹੈ, ਇਹ ਫ਼ਿਲਮ ਝਾਅ (Zha) ਦੀ ਕਹਾਣੀ ਦੱਸਦੀ ਹੈ। ਉਹ ਇੱਕ ਦੀਵਾਲੀਆ ਫ਼ਿਲਮ ਸਟੂਡੀਓ ਦੇ ਪਰਿਸਰ ਦੀ ਦੇਖਭਾਲ ਕਰਨ ਵਾਲਾ ਇਕੱਲਾ ਸਫ਼ਾਈ ਕਰਮਚਾਰੀ ਹੈ। ਉਸ ਨੂੰ ਇੱਕ ਹਰੇ-ਭਰੇ ਵਰਚੁਅਲ ਸੰਸਾਰ ਵਿੱਚ ਰਹਿਣ ਵਾਲੀ ਮਹਿਲਾ ਨਾਲ ਪਿਆਰ ਹੋ ਜਾਂਦਾ ਹੈ। ਉਸ ਦੇ ਨਾਲ ਚੰਦਰਮਾ ’ਤੇ ਜਾਣ ਦੀ ਟਿਕਟ ਖ਼ਰੀਦਣ ਲਈ ਝਾਅ ਵਾਧੂ ਸਮੇਂ ਤੱਕ ਕੰਮ ਕਰਦਾ ਹੈ, ਪਰ ਬਾਅਦ ਵਿੱਚ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਟਿਕਟ ਅਯੋਗ  ਹੈ। ਇਸੇ ਦੌਰਾਨ ਇੱਕ ਫ਼ਿਲਮ ਦੀ ਟੀਮ ਪੁਰਾਣੀ ਸਟੂਡੀਓ ਇਮਾਰਤ ਨੂੰ ਫ਼ਿਲਮ ਦੇ ਅੰਤਿਮ ਦ੍ਰਿਸ਼ ਦੀ ਸ਼ੂਟਿੰਗ ਲਈ ਢਾਹੁਣ ਵਾਸਤੇ ਪਹੁੰਚਦੀ ਹੈ। ਅਜਿਹੇ ਵਿੱਚ ਝਾਅ ਇੱਕ ਭਾਵੁਕ ਫ਼ੈਸਲਾ ਲੈਂਦੇ ਹੋਏ ਉਸੇ ਦੁਨੀਆ ਦੇ ਨਾਲ ਉੱਥੇ ਹੀ ਰਹਿ ਕੇ ਹੌਲੀ-ਹੌਲੀ ਵਿਲੀਨ ਹੋਣ ਦਾ ਫੈਸਲਾ ਕਰਦਾ ਹੈ, ਜਿਸ ਨੂੰ ਉਹ ਹੁਣ ਤੱਕ ਆਪਣਾ ਇੱਕੋ-ਇੱਕ ਸੰਸਾਰ ਮੰਨਦਾ ਆਇਆ ਹੈ। ਸਾਲ 1991 ਵਿੱਚ ਚੀਨ ਦੇ ਆਨਸ਼ਾਨ ਵਿੱਚ ਜਨਮੇ ਸ਼ੂ ਜਾਓ ਨੇ ਬੀਜਿੰਗ ਫ਼ਿਲਮ ਅਕਾਦਮੀ ਤੋਂ ਪੋਸਟ-ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਦੀ ਐਨੀਮੇਟਿਡ ਲਘੂ ਫ਼ਿਲਮ ‘ਨੋ ਚੇਂਜਿਜ਼ ਹੈਵ ਟੇਕਨ ਇਨ ਆਵਰ ਲਾਈਫ਼’ (No Changes Have Taken in Our Life) ਦਾ ਅੰਤਰਰਾਸ਼ਟਰੀ ਰੌਟਰਡੈਮ ਫ਼ਿਲਮ ਮਹੋਤਸਵ (ਆਈਐੱਫਐੱਫਆਰਸ਼) ਵਿੱਚ ਪ੍ਰੀਮੀਅਰ ਹੋਇਆ ਸੀ, ਜਿਸ ਲਈ ਉਨ੍ਹਾਂ ਨੂੰ ਭਰਪੂਰ ਸ਼ਲਾਘਾ ਮਿਲੀ ਸੀ।

ਸਿੰਗਾਪੁਰ ਵੱਲੋਂ ਪੇਸ਼ ਕੀਤੀ ਗਈ ਚੀਨੀ ਭਾਸ਼ਾ ਦੀ ਐਨੀਮੇਟਿਡ ਫ਼ਿਲਮ ‘ਮੈਜਿਕ ਐਟਲਸ’ (Magic Atlas) ਯਾਦਾਂ ਅਤੇ ਵਿਰੋਧ ’ਤੇ ਅਧਾਰਿਤ  ਸਾਲ 2026 ਦੀ ਇੱਕ ਪ੍ਰਭਾਵਸ਼ਾਲੀ ਰੂਪਕਾਤਮਕ ਕਹਾਣੀ ਹੈ। ਇਸ ਦਾ ਨਿਰਦੇਸ਼ਨ ਸੁਨ ਸ਼ੁਨ (Sun Xun) ਨੇ ਕੀਤਾ ਹੈ। ਫ਼ਿਲਮ ਵਿੱਚ ਲੁਓਚਾ ਨਾਮਕ ਇੱਕ ਅਲੱਗ-ਥਲੱਗ ਕੋਲਾ ਸਾਮਰਾਜ ਵਿੱਚ ਇੱਕ ਰਹੱਸਮਈ ਜਾਦੂਗਰ ਦੇ ਆਉਣ ਨਾਲ ਪਹਿਲਾਂ ਤੋਂ ਹੀ ਤਣਾਅਗ੍ਰਸਤ ਸਮਾਜ ਵਿੱਚ ਡਰ ਅਤੇ ਅਸ਼ਾਂਤੀ ਫੈਲ ਜਾਂਦੀ ਹੈ। ਅਨਾਥ ਬਾਲਕ ਸ਼ਿਆਓ ਝੀ ਦੇ ਨਾਲ ਜਾਦੂਗਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ। ਮਿਮੇਂਗ ਉਤਸਵ ਦੌਰਾਨ, ਜਿਸ ਨੂੰ ਇੱਕ ਸਰਕਾਰੀ ਰਸਮ ਵਜੋਂ ਮਨਾਇਆ ਜਾਂਦਾ ਹੈ ਅਤੇ ਜਿਸ ਵਿੱਚ ਨਾਗਰਿਕਾਂ ਨੂੰ ਉਨ੍ਹਾਂ ਦਾ ਅਤੀਤ ਭੁਲਾ ਦਿੱਤਾ ਜਾਂਦਾ ਹੈ, ਜਾਦੂਗਰ ਨੂੰ ਜਨਤਕ ਤੌਰ ’ਤੇ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਸ ਤੋਂ ਠੀਕ ਪਹਿਲਾਂ ਉਹ ਚੁੱਪ-ਚੁਪੀਤੇ ਬਾਲਕ ਨੂੰ ਇੱਕ ਜਾਦੂਈ ਐਟਲਸ ਸੌਂਪ ਦਿੰਦਾ ਹੈ। ਸਾਲ 1980 ਵਿੱਚ ਚੀਨ ਦੇ ਫੁਕਸਿਨ ਵਿੱਚ ਜਨਮੇ ਸੁਨ ਸ਼ੁਨ ਬੀਜਿੰਗ ਵਿੱਚ ਰਹਿਣ ਵਾਲੇ ਕਲਾਕਾਰ ਹਨ ਅਤੇ ਉਨ੍ਹਾਂ ਨੇ ਚਾਈਨਾ ਅਕੈਡਮੀ ਆਫ਼ ਫਾਈਨ ਆਰਟਸ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਸਾਲ 2005 ਵਿੱਚ π (ਪਾਈ) ਐਨੀਮੇਸ਼ਨ ਸਟੂਡੀਓ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਦੀਆਂ ਕ੍ਰਿਤਾਂ ਵੇਨਿਸ ਅਤੇ ਬਰਲਿਨ ਫ਼ਿਲਮ ਸਮਾਰੋਹਾਂ ਵਿੱਚ ਪ੍ਰਦਰਸ਼ਿਤ ਹੋ ਚੁੱਕੀਆਂ ਹਨ। ‘ਮੈਜਿਕ ਐਟਲਸ’ ਲੋਕਾਰਨੋ ਅਤੇ ਟੋਕੀਓ ਫ਼ਿਲਮ ਸਮਾਰੋਹਾਂ ਦੀਆਂ ਮੁਕਾਬਲਾ ਸ਼੍ਰੇਣੀਆਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਆਈਐੱਫਐੱਫਆਈ (IFFI) ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ।

ਇਸ ਐਨੀਮੇਸ਼ਨ ਸ਼੍ਰੇਣੀ ਦੀ ਆਖ਼ਰੀ ਫ਼ਿਲਮ ਅਮਰੀਕੀ ਐਨੀਮੇਟਿਡ ਫੀਚਰ ਫ਼ਿਲਮ ‘ਰੇਅ ਗਨ’ (Ray Gunn) ਹੈ, ਜਿਸ ਦਾ ਨਿਰਦੇਸ਼ਨ ਸਾਲ 2026 ਵਿੱਚ ਅਕੈਡਮੀ ਪੁਰਸਕਾਰ ਜੇਤੂ ਫ਼ਿਲਮ ਨਿਰਮਾਤਾ ਬ੍ਰੈਡ ਬਰਡ ਨੇ ਕੀਤਾ ਹੈ। ਅੰਗਰੇਜ਼ੀ ਭਾਸ਼ਾ ਦੀ ਇਹ ਫ਼ਿਲਮ ਭਵਿੱਖ ਦੇ ਮਹਾਨਗਰ ‘ਮੈਟਰੋਪੀਆ’ ਦੇ ਪਿਛੋਕੜ ’ਤੇ ਅਧਾਰਿਤ  ਹੈ, ਜਿੱਥੇ ਮਨੁੱਖ ਅਤੇ ਏਲੀਅਨ ਇਕੱਠੇ ਰਹਿੰਦੇ ਹਨ। ਉੱਡਣ ਵਾਲੀਆਂ ਕਾਰਾਂ ਨਾਲ ਭਰੇ ਆਸਮਾਨ ਅਤੇ ਹਰ ਚੀਜ਼ ਦੀ ਕੀਮਤ ਚੁਕਾਉਣ ਵਾਲੀ ਇਸ ਦੁਨੀਆ ਦੀ ਚਮਕ-ਦਮਕ ਦੇ ਪਿੱਛੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਲੁਕਿਆ ਹੋਇਆ ਹੈ। ਇਸੇ ਮਾਹੌਲ ਵਿੱਚ ‘ਰੇਅ ਗਨ’ ਨਾਮ ਦਾ ਇੱਕ ਰਵਾਇਤੀ ਸੋਚ ਵਾਲਾ ਪ੍ਰਾਈਵੇਟ ਜਾਸੂਸ ਆਪਣੀ ਪਛਾਣ ਅਤੇ ਕਦਰਾਂ-ਕੀਮਤਾਂ ਨੂੰ ਬਚਾਈ ਰੱਖਣ ਲਈ ਸੰਘਰਸ਼ ਕਰ ਰਿਹਾ ਹੈ। ਅਜਿਹੇ ਸਮੇਂ ਵਿੱਚ, ਜਦੋਂ ਉਸ ਦੀ ਪੇਸ਼ੇਵਰ ਭੂਮਿਕਾ ਨੂੰ ਗੈਰ-ਜ਼ਰੂਰੀ ਮੰਨਿਆ ਜਾਣ ਲੱਗ ਪਿਆ ਹੈ, ਉਹ ਆਪਣੇ ਕਰੀਅਰ ਦੇ ਸਭ ਤੋਂ ਵੱਡੇ ਮਾਮਲੇ ਵਿੱਚ ਉਲਝ ਜਾਂਦਾ ਹੈ। ਲੇਖਕ, ਨਿਰਦੇਸ਼ਕ, ਨਿਰਮਾਤਾ ਅਤੇ ਵੌਇਸ ਐਕਟਰ ਵਜੋਂ ਦੁਨੀਆ ਭਰ ਵਿੱਚ ਪਛਾਣ ਬਣਾ ਚੁੱਕੇ ਬ੍ਰੈਡ ਬਰਡ ਆਪਣੀਆਂ ਫ਼ਿਲਮਾਂ ਵਿੱਚ ਭਾਵਨਾਵਾਂ, ਹਾਸੇ-ਮਜ਼ਾਕ ਅਤੇ ਰੋਮਾਂਚ ਦਾ ਸਹਿਜ ਸੁਮੇਲ ਕਰਦੇ ਹਨ। ‘ਦ ਇਨਕ੍ਰੈਡੀਬਲਜ਼’, ‘ਰੈਟਾਟੂਈ’ ਅਤੇ ‘ਮਿਸ਼ਨ: ਇੰਪੌਸੀਬਲ – ਘੋਸਟ ਪ੍ਰੋਟੋਕੋਲ’ ਵਰਗੀਆਂ ਚਰਚਿਤ ਫ਼ਿਲਮਾਂ ਰਾਹੀਂ ਉਨ੍ਹਾਂ ਨੇ ਕਹਾਣੀ ਸੁਣਾਉਣ ਦੀ ਜਿਸ ਵਿਲੱਖਣ ਕਲਾ ਦਾ ਪਰਿਚੈ ਦਿੱਤਾ ਹੈ, ਉਹੀ ਇਸ ਰੈਟਰੋ-ਫਿਊਚਰਿਸਟਿਕ ਐਨੀਮੇਟਿਡ ਨੋਆਇਰ (retro-futuristic animated noir) ਫ਼ਿਲਮ ਵਿੱਚ ਵੀ ਦੇਖਣ ਨੂੰ ਮਿਲੇਗੀ।

ਇਸ ਨਵੀਂ ਸ਼੍ਰੇਣੀ ਰਾਹੀਂ 57ਵਾਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਆਈਐੱਫਐੱਫਆਈ) 2026 ਦਰਸ਼ਕਾਂ ਨੂੰ ਐਨੀਮੇਸ਼ਨ ਰਾਹੀਂ ਪੇਸ਼ ਕੀਤੀਆਂ ਗਈਆਂ ਕਹਾਣੀਆਂ ਤੋਂ ਅੱਗੇ ਵਧ ਕੇ ਉਨ੍ਹਾਂ ਦੀਆਂ ਆਪਣੀਆਂ ਉਮੀਦਾਂ, ਕਮਜ਼ੋਰੀਆਂ ਅਤੇ ਸਾਂਝੀਆਂ ਮਨੁੱਖੀ ਸੰਵੇਦਨਾਵਾਂ ਦਾ ਇੱਕ ਆਤਮਿਕ ਪ੍ਰਤੀਬਿੰਬ ਦੇਖਣ ਦਾ ਮੌਕਾ ਪ੍ਰਦਾਨ ਕਰਦਾ ਹੈ।

ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ ਬਾਰੇ

 

​ਸਾਲ 1952 ਵਿੱਚ ਸਥਾਪਿਤ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ ਏਸ਼ੀਆ ਦੇ ਸਭ ਤੋਂ ਪੁਰਾਣੇ ਅਤੇ ਪ੍ਰਮੁੱਖ ਅੰਤਰਰਾਸ਼ਟਰੀ ਫ਼ਿਲਮ ਸਮਾਰੋਹਾਂ ਵਿੱਚੋਂ ਇੱਕ ਹੈ। ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਗੋਆ ਸਰਕਾਰ ਅਤੇ ਐਂਟਰਟੇਨਮੈਂਟ ਸੁਸਾਇਟੀ ਆਫ਼ ਗੋਆ ਦੇ ਸਹਿਯੋਗ ਨਾਲ ਆਯੋਜਿਤ ਇਹ ਮਹੋਤਸਵ ਵਿਸ਼ਵ ਸਿਨੇਮਾ ਦੀਆਂ ਬਿਹਤਰੀਨ ਫ਼ਿਲਮਾਂ ਨੂੰ ਪੇਸ਼ ਕਰਨ ਦੇ ਨਾਲ-ਨਾਲ ਭਾਰਤੀ ਫ਼ਿਲਮਾਂ ਅਤੇ ਪ੍ਰਤਿਭਾਵਾਂ ਨੂੰ ਵਿਸ਼ਵ ਪੱਧਰੀ ਮੰਚ ’ਤੇ ਉਤਸ਼ਾਹਿਤ ਕਰਦਾ ਹੈ। ਗੋਆ ਵਿੱਚ ਹਰ ਸਾਲ ਆਯੋਜਿਤ ਹੋਣ ਵਾਲਾ ਇਹ ਮਹੋਤਸਵ ਰਚਨਾਤਮਕ ਅਦਾਨ-ਪ੍ਰਦਾਨ, ਨਵੀਆਂ ਪ੍ਰਤਿਭਾਵਾਂ ਦੀ ਖੋਜ ਅਤੇ ਸਿਨੇਮਾ ਰਾਹੀਂ ਸੱਭਿਆਚਾਰਕ ਸਮਝ ਨੂੰ ਵਧਾਉਣ ਦਾ ਇੱਕ ਮਹੱਤਵਪੂਰਨ ਮੰਚ ਹੈ।

 

* * *

ਪੀਆਈਬੀ ਇਹੀ ਟੀਮ/ਰਾਜਿਥ ਚੰਦਰਾਨ/ਲਕਸ਼ਮੀ ਪ੍ਰਿਆ/ਮੁਹੰਮਦ ਆਕਿਬ ਖਾਨ/ਦਰਸ਼ਨਾ ਰਾਣੇ/ਸ਼ੀਨਮ


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2338264
•
Media Centre: Goa
•
Festival Dates: Nov 20 – 28, 2026