ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਪੱਛਮੀ ਏਸ਼ੀਆ ਵਿੱਚ ਜਾਰੀ ਘਟਨਾਕ੍ਰਮਾਂ ਦੇ ਮੱਦੇਨਜ਼ਰ ਪ੍ਰਮੁੱਖ ਖੇਤਰਾਂ ਬਾਰੇ ਤਾਜ਼ਾ ਜਾਣਕਾਰੀ


ਐੱਲਪੀਜੀ ਕੰਟਰੋਲ ਆਰਡਰ ਵਿੱਚ ਸੋਧਾਂ ਤਹਿਤ ਪੀਐੱਨਜੀ ਸਪਲਾਈ ਵਾਲੇ ਖ਼ਪਤਕਾਰਾਂ ਨੂੰ ਐੱਲਪੀਜੀ ਕਨੈਕਸ਼ਨ ਵਾਪਸ ਜਮ੍ਹਾਂ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ; ਇਸ ਫ਼ੈਸਲੇ ਦਾ ਮੰਤਵ ਐੱਲਪੀਜੀ ਦੀ ਉਪਲਬਧਤਾ ਵਿੱਚ ਸੁਧਾਰ ਕਰਨਾ ਹੈ

ਖ਼ਪਤਕਾਰਾਂ ਨੂੰ ਐੱਲਪੀਜੀ ਸਿਲੰਡਰ ਬੁੱਕ ਕਰਨ ਲਈ ਡਿਜੀਟਲ ਪਲੈਟਫਾਰਮ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ

ਨਾਗਰਿਕਾਂ ਨੂੰ ਜਿੱਥੇ ਵੀ ਸੰਭਵ ਹੋਵੇ, ਪੀਐੱਨਜੀ ਦਾ ਵਿਕਲਪ ਚੁਣਨ ਲਈ ਉਤਸ਼ਾਹਿਤ ਕੀਤਾ ਗਿਆ ਹੈ

ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ

22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਥਿਤੀ ਦੀ ਨਿਗਰਾਨੀ ਲਈ ਕੰਟਰੋਲ ਰੂਮ ਸਥਾਪਤ ਕੀਤੇ ਹਨ; ਹੋਰ ਸੂਬਿਆਂ ਵਿੱਚ ਵੀ ਇਸੇ ਤਰ੍ਹਾਂ ਦੀ ਪ੍ਰਕਿਰਿਆ ਜਾਰੀ ਹੈ

ਫੁਜੈਰਾ ਟਰਮੀਨਲ ਘਟਨਾ ਤੋਂ ਬਾਅਦ ਭਾਰਤੀ ਜਹਾਜ਼ ਜਗ ਲਾਡਕੀ ਸੁਰੱਖਿਅਤ ਢੰਗ ਨਾਲ ਭਾਰਤ ਲਈ ਰਵਾਨਾ ਹੋ ਗਿਆ ਹੈ

ਦੇਸ਼ ਭਰ ਦੇ ਬੰਦਰਗਾਹ ਜਹਾਜ਼ਾਂ ਦੀ ਆਵਾਜਾਈ ਅਤੇ ਮਾਲ ਸੰਚਾਲਨ ਦੀ ਨਿਗਰਾਨੀ ਕਰ ਰਹੇ ਹਨ

ਪੱਛਮੀ ਏਸ਼ੀਆ ਵਿੱਚ ਭਾਰਤੀ ਮਿਸ਼ਨ 24x7 ਹੈਲਪਲਾਈਨਾਂ ਸੰਚਾਲਿਤ ਕਰਕੇ ਭਾਰਤੀ ਭਾਈਚਾਰੇ ਦੀ ਸਹਾਇਤਾ ਕਰ ਰਹੇ ਹਨ

Posted On: 15 MAR 2026 3:50PM by PIB Chandigarh

ਪੱਛਮੀ ਏਸ਼ੀਆ ਵਿੱਚ ਹਾਲ ਹੀ ਵਿੱਚ ਹੋਏ ਘਟਨਾਕ੍ਰਮਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਦੀਆਂ ਤਿਆਰੀਆਂ ਅਤੇ ਰਾਹਤ ਉਪਾਵਾਂ ਨਾਲ ਸਬੰਧਿਤ ਤਾਜ਼ਾ ਜਾਣਕਾਰੀ ਹੇਠਾਂ ਦਿੱਤੀ ਗਈ ਹੈ। ਇਹ ਉਪਾਅ ਬਾਲਣ ਸਪਲਾਈ ਪ੍ਰਬੰਧਨ, ਸਮੁੰਦਰੀ ਸੰਚਾਲਨ, ਖੇਤਰ ਵਿੱਚ ਭਾਰਤੀ ਨਾਗਰਿਕਾਂ ਦੀ ਭਲਾਈ ਅਤੇ ਜਨਤਕ ਸੰਚਾਰ ਉਪਾਵਾਂ ਨਾਲ ਸਬੰਧਿਤ ਹਨ।

ਬਾਲਣ ਦੀ ਸਪਲਾਈ ਅਤੇ ਉਪਲਬਧਤਾ

ਦੇਸ਼ ਭਰ ਵਿੱਚ ਪੈਟ੍ਰੋਲੀਅਮ ਉਤਪਾਦਾਂ ਅਤੇ ਐੱਲਪੀਜੀ ਦੀ ਸਥਿਰ ਉਪਲਬਧਤਾ ਯਕੀਨੀ ਬਣਾਉਣ ਲਈ ਕਦਮ ਚੁੱਕੇ ਗਏ ਹਨ। ਨਿਯਮਿਤ ਸਪਲਾਈ ਅਤੇ ਵੰਡ ਨੂੰ ਬਣਾਈ ਰੱਖਣ ਲਈ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਵਰਤਮਾਨ ਸਥਿਤੀ ਇਸ ਤਰ੍ਹਾਂ ਹੈ:

ਕੱਚਾ ਤੇਲ/ ਤੇਲ ਰਿਫਾਇਨਰੀਆਂ

  • ਸਾਰੀਆਂ ਤੇਲ ਰਿਫਾਇਨਰੀਆਂ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ ਅਤੇ ਕੱਚੇ ਤੇਲ ਦੇ ਢੁਕਵੇਂ ਭੰਡਾਰ ਨੂੰ ਬਣਾਈ ਰੱਖਦੀਆਂ ਹਨ। ਸਾਡਾ ਦੇਸ਼ ਪੈਟਰੋਲ ਅਤੇ ਡੀਜ਼ਲ ਦੇ ਉਤਪਾਦਨ ਵਿੱਚ ਸਵੈ-ਨਿਰਭਰ ਹੈ ਅਤੇ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਪੈਟਰੋਲ ਅਤੇ ਡੀਜ਼ਲ ਦੇ ਆਯਾਤ ਦੀ ਲੋੜ ਨਹੀਂ ਹੈ।

ਪ੍ਰਚੂਨ ਦੁਕਾਨਾਂ

  • ਤੇਲ ਮਾਰਕਿਟਿੰਗ ਕੰਪਨੀਆਂ ਵੱਲੋਂ ਪ੍ਰਚੂਨ ਸਟੋਰਾਂ 'ਤੇ ਬਾਲਣ ਦੀ ਕਮੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਿਯਮਿਤ ਤੌਰ 'ਤੇ ਜਾਰੀ ਹੈ।
  • ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਘਬਰਾ ਕੇ ਖ਼ਰੀਦਦਾਰੀ ਨਾ ਕਰਨ ਕਿਉਂਕਿ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਢੁਕਵੇਂ ਭੰਡਾਰ ਉਪਲਬਧ ਹਨ।

ਕੁਦਰਤੀ ਗੈਸ

  • ਤਰਜੀਹ ਵਾਲੇ ਖੇਤਰਾਂ ਨੂੰ ਸੁਰੱਖਿਅਤ ਗੈਸ ਸਪਲਾਈ ਮਿਲਦੀ ਰਹਿੰਦੀ ਹੈ, ਜਿਸ ਵਿੱਚ ਪੀਐੱਨਜੀ ਅਤੇ ਸੀਐੱਨਜੀ ਦੀ 100 ਫ਼ੀਸਦੀ ਸਪਲਾਈ ਸ਼ਾਮਿਲ ਹੈ, ਜਦੋਂ ਕਿ ਉਦਯੋਗਿਕ ਅਤੇ ਵਪਾਰਕ ਖ਼ਪਤਕਾਰਾਂ ਨੂੰ ਸਪਲਾਈ ਲਗਭਗ 80 ਫ਼ੀਸਦੀ 'ਤੇ ਨਿਯੰਤ੍ਰਿਤ ਕੀਤੀ ਜਾ ਰਹੀ ਹੈ।
  • ਪ੍ਰਮੁੱਖ ਸ਼ਹਿਰਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਵਪਾਰਕ ਐੱਲਪੀਜੀ ਖ਼ਪਤਕਾਰਾਂ ਨੂੰ ਪੀਐੱਨਜੀ ਕਨੈਕਸ਼ਨ ਦਾ ਵਿਕਲਪ ਚੁਣਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਉਹ ਈਮੇਲ, ਪੱਤਰ ਜਾਂ ਸਿਟੀ ਗੈਸ ਡਿਸਟ੍ਰਿਬਿਊਸ਼ਨ (ਸੀਜੀਡੀ) ਕੰਪਨੀਆਂ ਦੇ ਗਾਹਕ ਪੋਰਟਲ ਜ਼ਰੀਏ ਅਰਜ਼ੀ ਦੇ ਸਕਦੇ ਹਨ।
  • ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ 14 ਮਾਰਚ, 2026 ਨੂੰ ਪੀਐੱਨਜੀਆਰਬੀ ਅਤੇ ਸੀਜੀਡੀ ਸੰਸਥਾਵਾਂ ਨਾਲ ਪੀਐੱਨਜੀ ਕਨੈਕਸ਼ਨਾਂ ਦੀ ਸਥਿਤੀ ਅਤੇ ਐੱਲਪੀਜੀ ਨੂੰ ਪੀਐੱਨਜੀ ਵਿੱਚ ਪਰਿਵਰਤਿਤ ਕਰਨ ਦੀ ਸਮੀਖਿਆ ਲਈ ਇੱਕ ਬੈਠਕ ਆਯੋਜਿਤ ਕੀਤੀ।

ਰਸੋਈ ਗੈਸ

  • ਮੌਜੂਦਾ ਭੂ-ਰਾਜਨੀਤਕ ਹਾਲਤ ਨੂੰ ਦੇਖਦੇ ਹੋਏ ਐੱਲਪੀਜੀ ਸਪਲਾਈ ਦੀ ਨਿਗਰਾਨੀ ਲਗਾਤਾਰ ਜਾਰੀ ਹੈ।
  • ਐੱਲਪੀਜੀ ਡਿਸਟ੍ਰਿਬਿਊਟਰਾਂ ਵਿੱਚ ਸਪਲਾਈ ਬੰਦ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
  • ਐੱਲਪੀਜੀ ਦੀ ਬੁਕਿੰਗ ਵਿੱਚ ਗਿਰਾਵਟ ਦੇਖੀ ਗਈ ਹੈ, ਕੱਲ੍ਹ ਲਗਭਗ 77 ਲੱਖ ਬੁਕਿੰਗਾਂ ਦਰਜ ਕੀਤੀਆਂ ਗਈਆਂ, ਜਦੋਂ ਕਿ 13 ਮਾਰਚ, 2026 ਨੂੰ 88.8 ਲੱਖ ਬੁਕਿੰਗਾਂ ਦਰਜ ਕੀਤੀਆਂ ਗਈਆਂ ਸਨ।
  • ਔਨਲਾਈਨ ਐੱਲਪੀਜੀ ਸਿਲੰਡਰ ਬੁਕਿੰਗ ਵਿੱਚ 84 ਫ਼ੀਸਦੀ ਤੋਂ ਵਧ ਕੇ ਲਗਭਗ 87 ਫ਼ੀਸਦੀ ਦਾ ਵਾਧਾ ਹੋਇਆ ਹੈ।
  • ਬਿਹਾਰ, ਦਿੱਲੀ, ਹਰਿਆਣਾ ਅਤੇ ਰਾਜਸਥਾਨ ਸਮੇਤ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਗੈਰ-ਘਰੇਲੂ ਐੱਲਪੀਜੀ ਦੀ ਅਲੋਕੇਸ਼ਨ ਦੇ ਆਦੇਸ਼ ਜਾਰੀ ਕੀਤੇ ਹਨ।
  • ਵਪਾਰਕ ਐੱਲਪੀਜੀ ਸਿਲੰਡਰਾਂ ਨੂੰ ਤਰਜੀਹ ਦੇ ਅਧਾਰ ’ਤੇ ਵੰਡਣ ਲਈ ਸੂਬਾ ਸਰਕਾਰਾਂ ਕੋਲ ਰੱਖਿਆ ਗਿਆ ਹੈ ਅਤੇ ਹੁਣ ਇਹ 30 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਖ਼ਪਤਕਾਰਾਂ ਲਈ ਉਪਲਬਧ ਹਨ।

ਸੂਬਾ ਸਰਕਾਰਾਂ ਵੱਲੋਂ ਆਯੋਜਿਤ ਬੈਠਕਾਂ

  • ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੈਟਰੋਲ, ਡੀਜ਼ਲ ਅਤੇ ਐੱਲਪੀਜੀ ਸਮੇਤ ਜ਼ਰੂਰੀ ਵਸਤੂਆਂ ਦੀ ਸਪਲਾਈ ਦੀ ਨਿਗਰਾਨੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹਿੰਦੇ ਹਨ।
  • ਐੱਲਪੀਜੀ ਦੀ ਸਪਲਾਈ ਦੀ ਸਮੀਖਿਆ ਕਰਨ, ਵੰਡ ਦੀ ਲਗਾਤਾਰਤਾ ਯਕੀਨੀ ਬਣਾਉਣ ਅਤੇ ਕਾਲਾਬਾਜ਼ਾਰੀ ਅਤੇ ਘਬਰਾਹਟ ਵਿੱਚ ਬੁਕਿੰਗ ਨੂੰ ਰੋਕਣ ਲਈ ਕਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉੱਚ-ਪੱਧਰੀ ਬੈਠਕਾਂ ਕੀਤੀਆਂ ਗਈਆਂ ਹਨ।
  • 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹਾਲਤ ’ਤੇ ਨਜ਼ਰ ਰੱਖਣ ਲਈ ਕੰਟਰੋਲ ਰੂਮ ਸਥਾਪਤ ਕੀਤੇ ਹਨ ਅਤੇ ਕਈ ਸੂਬੇ ਨਾਗਰਿਕਾਂ ਨੂੰ ਸੂਚਿਤ ਰੱਖਣ ਲਈ ਮੀਡੀਆ ਸੰਮੇਲਨ (ਮੀਡੀਆ ਬ੍ਰੀਫਿੰਗਸ) ਵੀ ਆਯੋਜਿਤ ਕਰ ਰਹੇ ਹਨ।

ਲਾਗੂਕਰਨ ਦੀ ਕਾਰਵਾਈ

  • ਸੂਬਾ ਸਰਕਾਰਾਂ ਪੈਟਰੋਲ, ਡੀਜ਼ਲ ਅਤੇ ਐੱਲਪੀਜੀ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਲਾਗੂਕਰਨ ਉਪਾਅ ਕਰ ਰਹੀਆਂ ਹਨ।
  • ਐੱਲਪੀਜੀ ਸਿਲੰਡਰਾਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਆਂਧਰਾ ਪ੍ਰਦੇਸ਼ ਅਤੇ ਬਿਹਾਰ ਸਮੇਤ ਕਈ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
  • ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਦੇ ਅਧਿਕਾਰੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਅਤੇ ਬੇਨਿਯਮੀਆਂ ਨੂੰ ਰੋਕਣ ਲਈ ਐੱਲਪੀਜੀ ਡਿਸਟ੍ਰਿਬਿਊਸ਼ਨ ਕੇਂਦਰਾਂ 'ਤੇ ਅਚਾਨਕ ਨਿਰੀਖਣ ਵੀ ਕਰ ਰਹੇ ਹਨ।

ਹੋਰ ਸਰਕਾਰੀ ਉਪਾਅ

  • ਸਰਕਾਰ ਦਾ ਘਰੇਲੂ ਖ਼ਪਤਕਾਰਾਂ ਦੇ ਹਿਤਾਂ ਨੂੰ ਤਰਜੀਹ ਦੇਣਾ ਜਾਰੀ ਹੈ ਅਤੇ ਖ਼ਾਸ ਤੌਰ ’ਤੇ ਘਰਾਂ ਅਤੇ ਹਸਪਤਾਲਾਂ ਅਤੇ ਵਿੱਦਿਅਕ ਅਦਾਰਿਆਂ ਜਿਹੇ ਤਰਜੀਹ ਵਾਲੇ ਖੇਤਰਾਂ ਲਈ ਐੱਲਪੀਜੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾ ਰਹੀ ਹੈ।
  • ਰਿਫਾਇਨਰੀਆਂ ਤੋਂ ਘਰੇਲੂ ਐੱਲਪੀਜੀ ਉਤਪਾਦਨ ਨੂੰ ਵੱਧ ਤੋਂ ਵੱਧ ਕੀਤਾ ਗਿਆ ਹੈ ਅਤੇ ਸਪਲਾਈ ਅਤੇ ਮੰਗ ਨਾਲ ਸਬੰਧਿਤ ਕਈ ਉਪਾਅ ਲਾਗੂ ਕੀਤੇ ਗਏ ਹਨ।
  • 14 ਮਾਰਚ, 2026 ਨੂੰ ਜਾਰੀ ਐੱਲਪੀਜੀ ਕੰਟਰੋਲ ਆਰਡਰ ਵਿੱਚ ਇੱਕ ਸੋਧ ਦੇ ਅਨੁਸਾਰ, ਪੀਐੱਨਜੀ ਦੇ ਖ਼ਪਤਕਾਰਾਂ ਨੂੰ ਆਪਣੇ ਘਰੇਲੂ ਐੱਲਪੀਜੀ ਕਨੈਕਸ਼ਨ ਵਾਪਸ ਜਮ੍ਹਾਂ ਕਰਨੇ ਹੋਣਗੇ ਅਤੇ ਪੀਐੱਨਜੀ ਦੇ ਖ਼ਪਤਕਾਰਾਂ ਲਈ ਨਵੇਂ ਐੱਲਪੀਜੀ ਕਨੈਕਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
  • ਬਰਾਬਰ ਵੰਡ ਨੂੰ ਯਕੀਨੀ ਬਣਾਉਣ ਲਈ ਸ਼ਹਿਰੀ ਖੇਤਰਾਂ ਵਿੱਚ ਬੁਕਿੰਗ ਅੰਤਰਾਲ ਨੂੰ 25 ਦਿਨਾਂ ਤੱਕ ਅਤੇ ਪੇਂਡੂ ਖੇਤਰਾਂ ਵਿੱਚ 45 ਦਿਨਾਂ ਤੱਕ ਤਰਕਸੰਗਤ ਬਣਾਇਆ ਗਿਆ ਹੈ।
  • ਬਦਲਵੇਂ ਬਾਲਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 48,000 ਕਿੱਲੋਲੀਟਰ ਮਿੱਟੀ ਦਾ ਤੇਲ ਵਾਧੂ ਅਲੋਕੇਟ ਕੀਤਾ ਗਿਆ ਹੈ।
  • ਐੱਲਪੀਜੀ ਦੀ ਸਪਲਾਈ 'ਤੇ ਦਬਾਅ ਨੂੰ ਘੱਟ ਕਰਨ ਲਈ ਹੌਸਪੀਟੈਲਿਟੀ ਅਤੇ ਰੈਸਟੋਰੈਂਟਸ ਸਮੇਤ ਕੁਝ ਖੇਤਰਾਂ ਵਿੱਚ ਮਿੱਟੀ ਦਾ ਤੇਲ ਅਤੇ ਕੋਲੇ ਜਿਹੇ ਬਦਲਵੇਂ ਬਾਲਣਾਂ ਦੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
  • ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਡਿਜੀਟਲ ਬੁਕਿੰਗ ਨੂੰ ਹੁਲਾਰਾ ਦੇ ਰਹੀਆਂ ਹਨ, ਘਬਰਾਹਟ ਵਿੱਚ ਬੁਕਿੰਗ ਕਰਨ ਨੂੰ ਰੋਕ ਰਹੀਆਂ ਹਨ ਅਤੇ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਐਤਵਾਰ ਨੂੰ ਵੀ ਐੱਲਪੀਜੀ ਡਿਸਟ੍ਰਿਬਿਊਸ਼ਨ ਕੇਂਦਰ ਖੁੱਲ੍ਹੇ ਰੱਖੇ ਗਏ ਹਨ।

ਜਨਤਕ ਸਲਾਹ

  • ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਘਰਾਂ ਅਤੇ ਜ਼ਰੂਰੀ ਖੇਤਰਾਂ ਲਈ ਢੁਕਵੀਂ ਐੱਲਪੀਜੀ ਦੀ ਉਪਲਬਧਤਾ ਬਣਾਈ ਰੱਖਣ ਲਈ ਵਚਨਬੱਧ ਹੈ।
  • ਐੱਲਪੀਜੀ ਸਿਲੰਡਰ ਦੀ ਬੁਕਿੰਗ ਆਈਵੀਆਰਐੱਸ ਕਾਲਾਂ, ਐੱਸਐੱਮਐੱਸ ਬੁਕਿੰਗ, ਵਟਸਐਪ ਬੁਕਿੰਗ ਅਤੇ ਤੇਲ ਮਾਰਕਿਟਿੰਗ ਕੰਪਨੀਆਂ ਦੇ ਮੋਬਾਈਲ ਐਪਲੀਕੇਸ਼ਨ ਸਮੇਤ ਕਈ ਡਿਜੀਟਲ ਪਲੈਟਫਾਰਮਾਂ ਜ਼ਰੀਏ ਕੀਤੀ ਜਾ ਸਕਦੀ ਹੈ।
  • ਖ਼ਪਤਕਾਰਾਂ ਨੂੰ ਬੇਨਤੀ ਹੈ ਕਿ ਉਹ ਘਬਰਾਹਟ ਵਿੱਚ ਬੁਕਿੰਗ ਕਰਨ ਤੋਂ ਬਚਣ, ਡਿਜੀਟਲ ਬੁਕਿੰਗ ਪਲੈਟਫਾਰਮਾਂ ਦੀ ਵਰਤੋਂ ਕਰਨ ਅਤੇ ਐੱਲਪੀਜੀ ਡਿਸਟ੍ਰਿਬਿਊਟਰਾਂ ਕੋਲ ਬਿਨਾਂ ਲੋੜ ਤੋਂ ਜਾਣ ਤੋਂ ਬਚਣ।
  • ਨਾਗਰਿਕਾਂ ਨੂੰ ਜਿੱਥੇ ਵੀ ਸੰਭਵ ਹੋਵੇ, ਪੀਐੱਨਜੀ ਜਿਹੇ ਬਦਲਵੇਂ ਬਾਲਣਾਂ ਦਾ ਵਿਕਲਪ ਚੁਣਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
  • ਸਰਕਾਰ ਅਤੇ ਜਨਤਕ ਖੇਤਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ ਨਿਰਵਿਘਨ ਐੱਲਪੀਜੀ ਸਪਲਾਈ ਅਤੇ ਹਾਲ ਹੀ ਵਿੱਚ ਘਬਰਾਹਟ ਵਿੱਚ ਕੀਤੀ ਗਈ ਬੁਕਿੰਗ ਵਿੱਚ ਆਈ ਕਮੀ ਬਾਰੇ ਜਾਗਰੂਕਤਾ ਫੈਲਾਉਣਾ ਜਾਰੀ ਰੱਖਦੀਆਂ ਹਨ।
  • ਨਾਗਰਿਕਾਂ ਅਤੇ ਮੀਡੀਆ ਸੰਗਠਨਾਂ ਨੂੰ ਬੇਨਤੀ ਹੈ ਕਿ ਉਹ ਅਧਿਕਾਰਤ ਜਾਣਕਾਰੀ ਸਰੋਤਾਂ 'ਤੇ ਭਰੋਸਾ ਕਰਨ ਅਤੇ ਬੇਲੋੜੀ ਘਬਰਾਹਟ ਤੋਂ ਬਚਣ ਲਈ ਸਟੀਕ ਜਾਣਕਾਰੀ ਦਾ ਪ੍ਰਸਾਰ ਕਰਨ ਵਿੱਚ ਮਦਦ ਕਰਨ।

ਸਮੁੰਦਰੀ ਸੁਰੱਖਿਆ ਅਤੇ ਜਹਾਜ਼ਰਾਨੀ ਸੰਚਾਲਨ

ਇਸ ਖੇਤਰ ਵਿੱਚ ਕੰਮ ਕਰਨ ਵਾਲੇ ਭਾਰਤੀ ਜਹਾਜ਼ਾਂ ਅਤੇ ਸਮੁੰਦਰੀ ਨਾਵਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਢੁਕਵੇਂ ਉਪਾਅ ਕੀਤੇ ਗਏ ਹਨ। ਸੁਚਾਰੂ ਸਮੁੰਦਰੀ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਜਹਾਜ਼ਰਾਨੀ ਅਧਿਕਾਰੀਆਂ ਅਤੇ ਉਦਯੋਗ ਨਾਲ ਜੁੜੇ ਹਿਤਧਾਰਕਾਂ ਨਾਲ ਤਾਲਮੇਲ ਬਣਾ ਕੇ ਰੱਖਿਆ ਜਾ ਰਿਹਾ ਹੈ।

  • ਇਸ ਖੇਤਰ ਦੇ ਸਾਰੇ ਭਾਰਤੀ ਨਾਵਿਕ ਸੁਰੱਖਿਅਤ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਭਾਰਤੀ ਨਾਵਿਕਾਂ ਨਾਲ ਜੁੜੀ ਕੋਈ ਵੀ ਜਹਾਜ਼ ਸਬੰਧੀ ਘਟਨਾ ਸਾਹਮਣੇ ਨਹੀਂ ਆਈ ਹੈ।
  • 14 ਮਾਰਚ 2026 ਨੂੰ, ਜਦੋਂ ਭਾਰਤੀ ਝੰਡੇ ਵਾਲਾ ਜਹਾਜ਼ ਜਗ ਲਾਡਕੀ ਫੁਜੈਰਾਹ ਸਿੰਗਲ ਪੁਆਇੰਟ ਮੂਰਿੰਗ 'ਤੇ ਕੱਚਾ ਤੇਲ ਲੋਡ ਕਰ ਰਿਹਾ ਸੀ, ਉਸ ਦੌਰਾਨ ਫੁਜੈਰਾਹ ਤੇਲ ਟਰਮੀਨਲ 'ਤੇ ਹਮਲਾ ਹੋਇਆ। ਜਹਾਜ਼ ਜਹਾਜ਼ ਭਾਰਤੀ ਸਮੇਂ ਅਨੁਸਾਰ ਅੱਜ ਸਵੇਰੇ ਲਗਭਗ 10:30 ਵਜੇ 80,800 ਮੀਟ੍ਰਿਕ ਟਨ ਮੁਰਬਾਨ ਕੱਚੇ ਤੇਲ ਨੂੰ ਲੈ ਕੇ ਫੁਜੈਰਾਹ ਤੋਂ ਭਾਰਤ ਲਈ ਸੁਰੱਖਿਅਤ ਰਵਾਨਾ ਹੋ ਗਿਆ ਹੈ। ਜਹਾਜ਼ ਅਤੇ ਉਸ ‘ਤੇ ਸਵਾਰ ਸਾਰੇ ਭਾਰਤੀ ਨਾਵਿਕ ਸੁਰੱਖਿਅਤ ਹਨ।
  • ਭਾਰਤੀ ਝੰਡੇ ਵਾਲੇ ਦੋ ਐੱਲਪੀਜੀ ਕੈਰੀਅਰ ਜਹਾਜ਼, ਸ਼ਿਵਾਲਿਕ ਅਤੇ ਨੰਦਾ ਦੇਵੀ, ਜਿਨ੍ਹਾਂ ਵਿੱਚ ਲਗਭਗ 92,712 ਮੀਟ੍ਰਿਕ ਟਨ ਐੱਲਪੀਜੀ ਭਰੀ ਹੋਈ ਹੈ, ਜੋ 14 ਮਾਰਚ, 2026 ਨੂੰ ਸਟ੍ਰੇਟ ਆਫ਼ ਹੋਰਮੁਜ਼ ਨੂੰ ਪਾਰ ਕਰ ਚੁੱਕੇ ਸਨ, ਵਰਤਮਾਨ ਵਿੱਚ ਭਾਰਤ ਵੱਲ ਵਧ ਰਹੇ ਹਨ ਅਤੇ ਕ੍ਰਮਵਾਰ 16 ਮਾਰਚ ਨੂੰ ਮੁੰਦ੍ਰਾ ਬੰਦਰਗਾਹ ਅਤੇ 17 ਮਾਰਚ ਨੂੰ ਕਾਂਡਲਾ ਬੰਦਰਗਾਹ ਪਹੁੰਚਣ ਵਾਲੇ ਹਨ।
  • ਵਰਤਮਾਨ ਵਿੱਚ, ਫ਼ਾਰਸ ਦੀ ਖਾੜੀ ਖੇਤਰ ਦੇ ਪੱਛਮ ਵਿੱਚ ਭਾਰਤੀ ਝੰਡੇ ਵਾਲੇ 22 ਜਹਾਜ਼ ਅਤੇ ਉਨ੍ਹਾਂ ’ਤੇ ਸਵਾਰ 611 ਨਾਵਿਕ ਮੌਜੂਦ ਹਨ। ਡਾਇਰੈਕਟੋਰੇਟ ਜਨਰਲ ਆਫ਼ ਸ਼ਿਪਿੰਗ, ਜਹਾਜ਼ ਮਾਲਕਾਂ, ਆਰਪੀਐੱਸਐੱਲ ਏਜੰਸੀਆਂ ਅਤੇ ਭਾਰਤੀ ਦੂਤਾਵਾਸਾਂ ਦੇ ਤਾਲਮੇਲ ਨਾਲ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।
  • ਡਾਇਰੈਕਟੋਰੇਟ ਜਨਰਲ ਆਫ਼ ਸ਼ਿਪਿੰਗ ਕੰਟਰੋਲ ਰੂਮ ਦੇ ਸਰਗਰਮ ਹੋਣ ਤੋਂ ਬਾਅਦ, ਸੂਚਨਾ ਅਤੇ ਸਹਾਇਤਾ ਦੀ ਮੰਗ ਕਰਨ ਵਾਲੇ ਨਾਵਿਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮੁੰਦਰੀ ਹਿਤਧਾਰਕਾਂ ਤੋਂ 2,995 ਫੋਨ ਕਾਲ ਅਤੇ 5,357 ਤੋਂ ਵੱਧ ਈਮੇਲ ਪ੍ਰਾਪਤ ਹੋਏ ਹਨ।
  • ਡਾਇਰੈਕਟੋਰੇਟ ਜਨਰਲ ਆਫ਼ ਸ਼ਿਪਿੰਗ ਨੇ ਹੁਣ ਤੱਕ ਖਾੜੀ ਖੇਤਰ ਤੋਂ 276 ਭਾਰਤੀ ਨਾਵਿਕਾਂ ਦੀ ਸੁਰੱਖਿਅਤ ਸਵਦੇਸ਼ ਵਾਪਸੀ ਵਿੱਚ ਸਹਾਇਤਾ ਕੀਤੀ ਹੈ, ਜਿਨ੍ਹਾਂ ਵਿੱਚ 24 ਘੰਟਿਆਂ ਵਿੱਚ ਹਵਾਈ ਅੱਡਿਆਂ ਅਤੇ ਖੇਤਰੀ ਸਥਾਨਾਂ ਤੋਂ 23 ਨਾਵਿਕਾਂ ਦੀ ਸਵਦੇਸ਼ ਵਾਪਸੀ ਸ਼ਾਮਿਲ ਹੈ।
  • ਦੇਸ਼ ਭਰ ਦੇ ਬੰਦਰਗਾਹ ਸਮੁੰਦਰੀ ਹਾਲਤਾਂ ਵਿੱਚ ਹੋ ਰਹੇ ਬਦਲਾਵਾਂ ਨੂੰ ਦੇਖਦੇ ਹੋਏ ਜਹਾਜ਼ਾਂ ਦੀ ਆਵਾਜਾਈ ਅਤੇ ਮਾਲ ਢੁਆਈ ਕਾਰਜਾਂ ’ਤੇ ਸਖ਼ਤ ਨਿਗਰਾਨੀ ਰੱਖ ਰਹੇ ਹਨ।
  • ਭਾਰਤੀ ਨਾਵਿਕਾਂ ਦੀ ਸੁਰੱਖਿਆ ਅਤੇ ਭਲਾਈ ਯਕੀਨੀ ਬਣਾਉਣ ਦੇ ਨਾਲ-ਨਾਲ ਸਮੁੰਦਰੀ ਵਪਾਰ ਅਤੇ ਬੰਦਰਗਾਹ ਸੰਚਾਲਨ ਦੀ ਲਗਾਤਾਰਤਾ ਬਣਾਈ ਰੱਖਣ ਲਈ ਮੰਤਰਾਲਾ, ਵਿਦੇਸ਼ ਮੰਤਰਾਲੇ, ਭਾਰਤੀ ਦੂਤਾਵਾਸਾਂ, ਸ਼ਿਪਿੰਗ ਕੰਪਨੀਆਂ ਅਤੇ ਸਮੁੰਦਰੀ ਹਿਤਧਾਰਕਾਂ ਨਾਲ ਤਾਲਮੇਲ ਜਾਰੀ ਰੱਖ ਰਿਹਾ ਹੈ।

ਖੇਤਰ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ

ਭਾਰਤੀ ਦੂਤਾਵਾਸ ਭਾਰਤੀ ਭਾਈਚਾਰੇ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਜਿੱਥੇ ਵੀ ਲੋੜ ਹੋਵੇ, ਸਹਾਇਤਾ ਪ੍ਰਦਾਨ ਕਰ ਰਹੇ ਹਨ। ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਜ਼ਰੂਰੀ ਸਲਾਹਾਂ ਜਾਰੀ ਕੀਤੀਆਂ ਜਾ ਰਹੀਆਂ ਹਨ।

  • ਵਿਦੇਸ਼ ਮੰਤਰਾਲਾ ਪੱਛਮੀ ਏਸ਼ੀਆ ਅਤੇ ਖਾੜੀ ਖੇਤਰ ਵਿੱਚ ਪੈਦਾ ਹੋ ਰਹੀ ਹਾਲਤ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਇਸ ਖੇਤਰ ਵਿੱਚ ਭਾਰਤੀ ਨਾਗਰਿਕਾਂ ਦਾ ਬਚਾਅ, ਭਲਾਈ ਅਤੇ ਸੁਰੱਖਿਆ ਸਰਕਾਰ ਦੀ ਸਰਵਉੱਚ ਤਰਜੀਹ ਬਣੀ ਹੋਈ ਹੈ।
  • ਭਾਰਤੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਵਿਦੇਸ਼ ਮੰਤਰਾਲੇ ਦਾ ਇੱਕ ਸਮਰਪਿਤ ਕੰਟਰੋਲ ਰੂਮ ਕਾਰਜਸ਼ੀਲ ਹੈ, ਨਾਲ ਹੀ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਤਾਲਮੇਲ ਵੀ ਬਣਾ ਕੇ ਰੱਖਿਆ ਜਾ ਰਿਹਾ ਹੈ।
  • ਇਸ ਖੇਤਰ ਵਿੱਚ ਭਾਰਤੀ ਦੂਤਾਵਾਸ 24 ਘੰਟੇ ਕੰਮ ਕਰ ਰਹੇ ਹਨ, 24x7 ਹੈਲਪਲਾਈਨ ਸੰਚਾਲਿਤ ਕਰ ਰਹੇ ਹਨ, ਭਾਰਤੀ ਭਾਈਚਾਰਕ ਸੰਗਠਨਾਂ ਨਾਲ ਸੰਪਰਕ ਬਣਾ ਰਹੇ ਹਨ ਅਤੇ ਨਿਯਮਿਤ ਤੌਰ ’ਤੇ ਸਲਾਹਾਂ ਜਾਰੀ ਕਰ ਰਹੇ ਹਨ।
  • ਭਾਰਤੀ ਦੂਤਾਵਾਸ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਅਤੇ ਫ਼ਸੇ ਹੋਏ ਭਾਰਤੀਆਂ ਅਤੇ ਥੋੜ੍ਹੇ ਸਮੇਂ ਦੇ ਸੈਲਾਨੀਆਂ ਨੂੰ ਵੀਜ਼ਾ ਸਹਾਇਤਾ, ਲੌਜਿਸਟਿਕਸ ਸਹਾਇਤਾ ਅਤੇ ਆਵਾਜਾਈ ਸਹੂਲਤ ਸਮੇਤ ਕਈ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰ ਰਹੇ ਹਨਦੂਤਾਵਾਸ ਖੇਤਰ ਵਿੱਚ ਭਾਰਤੀ ਨਾਵਿਕਾਂ ਨੂੰ ਵੀ ਸਹਾਇਤਾ ਪ੍ਰਦਾਨ ਕਰ ਰਹੇ ਹਨ।
  • 28 ਫ਼ਰਵਰੀ, 2026 ਤੋਂ ਹੁਣ ਤੱਕ ਇਸ ਖੇਤਰ ਤੋਂ ਲਗਭਗ 194,000 ਯਾਤਰੀ ਭਾਰਤ ਵਾਪਸ ਜਾ ਚੁੱਕੇ ਹਨ।
  • ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ, ਯੂਏਈ ਸਿਵਲ ਏਵੀਏਸ਼ਨ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਏਅਰਲਾਈਨਾਂ ਸੋਧੀਆਂ ਅਤੇ ਸੀਮਤ ਉਡਾਣ ਕਾਰਜਕ੍ਰਮ ਸੰਚਾਲਿਤ ਕਰ ਰਹੀਆਂ ਹਨ। ਅਬੂ ਧਾਬੀ, ਦੁਬਈ, ਰਸ ਅਲ ਖੈਮਾਹ, ਸ਼ਾਰਜਾਹ ਅਤੇ ਫੁਜੈਰਾਹ ਤੋਂ ਭਾਰਤ ਦੇ ਵੱਖ-ਵੱਖ ਸਥਾਨਾਂ ਲਈ ਉਡਾਨਾਂ ਸੰਚਾਲਿਤ ਹੋ ਰਹੀਆਂ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤਾਜ਼ਾ ਜਾਣਕਾਰੀ ਲਈ ਸਬੰਧਿਤ ਏਅਰਲਾਈਨਾਂ ਨਾਲ ਸੰਪਰਕ ਕਰਨ।
  • ਸਾਊਦੀ ਅਰਬ ਵਿੱਚ ਵੱਖ-ਵੱਖ ਹਵਾਈ ਅੱਡਿਆਂ ਤੋਂ ਭਾਰਤ ਦੇ ਵੱਖ-ਵੱਖ ਸਥਾਨਾਂ ਲਈ ਉਡਾਨਾਂ ਸੰਚਾਲਿਤ ਹੋ ਰਹੀਆਂ ਹਨ।
  • ਓਮਾਨ ਤੋਂ ਭਾਰਤ ਦੇ ਵੱਖ-ਵੱਖ ਸਥਾਨਾਂ ਲਈ ਵੀ ਉਡਾਨਾਂ ਸੰਚਾਲਿਤ ਹੋ ਰਹੀਆਂ ਹਨ।
  • ਕਤਰ ਦਾ ਹਵਾਈ ਖੇਤਰ ਅੰਸ਼ਕ ਤੌਰ 'ਤੇ ਖੁੱਲ੍ਹਾ ਹੈ, ਕਤਰ ਏਅਰਵੇਜ਼ ਭਾਰਤ ਲਈ ਸੀਮਤ ਉਡਾਨਾਂ ਸੰਚਾਲਿਤ ਕਰ ਰਹੀ ਹੈ, ਜਿਸ ਵਿੱਚ ਅੱਜ ਦਿੱਲੀ ਲਈ ਇੱਕ ਉਡਾਨ ਵੀ ਸ਼ਾਮਿਲ ਹੈ।
  • ਬਹਿਰੀਨ, ਕੁਵੈਤ ਅਤੇ ਇਰਾਕ ਵਿੱਚ ਮੌਜੂਦ ਭਾਰਤੀ ਨਾਗਰਿਕਾਂ ਲਈ, ਜਿੱਥੇ ਦਾ ਹਵਾਈ ਖੇਤਰ ਹਾਲੇ ਬੰਦ ਹੈ, ਸਾਊਦੀ ਅਰਬ ਦੇ ਰਸਤੇ ਆਵਾਜਾਈ ਦੀ ਸਹੂਲਤਾਂ ਪ੍ਰਦਾਨ ਕੀਤੀ ਜਾ ਰਹੀ ਹੈ।
  • ਇਸ ਤੋਂ ਪਹਿਲਾਂ ਦੀਆਂ ਘਟਨਾਵਾਂ ਵਿੱਚ, ਬਦਕਿਸਮਤੀ ਨਾਲ ਚੱਲ ਰਹੇ ਸੰਘਰਸ਼ ਵਿੱਚ ਪੰਜ ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ ਅਤੇ ਇੱਕ ਭਾਰਤੀ ਹਾਲੇ ਲਾਪਤਾ ਹੈ। ਓਮਾਨ, ਇਰਾਕ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਸਥਿਤ ਭਾਰਤੀ ਦੂਤਾਵਾਸ ਲਾਪਤਾ ਵਿਅਕਤੀ ਦੇ ਸਬੰਧ ਵਿੱਚ ਅਤੇ ਮ੍ਰਿਤਕਾਂ ਦੀ ਲਾਸ਼ ਨੂੰ ਜਲਦੀ ਵਾਪਸ ਲਿਆਉਣ ਲਈ ਸਬੰਧਿਤ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ।

ਸਰਕਾਰ ਸਬੰਧਿਤ ਮੰਤਰਾਲਿਆਂ ਅਤੇ ਏਜੰਸੀਆਂ ਵਿਚਕਾਰ ਤਾਲਮੇਲ ਬਣਾਈ ਰੱਖਣ ਲਈ ਵਚਨਬੱਧ ਹੈ ਅਤੇ ਪ੍ਰਮੁੱਖ ਖੇਤਰਾਂ ਵਿੱਚ ਤਿਆਰੀਆਂ ਨੂੰ ਯਕੀਨੀ ਬਣਾਉਣ ਅਤੇ ਰਾਸ਼ਟਰੀ ਹਿਤਾਂ ਦੀ ਰੱਖਿਆ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ।

 

************

 

ਐੱਮਐੱਨ
 


(Release ID: 2240652) ਵਿਜ਼ੀਟਰ ਕਾਊਂਟਰ : 8