ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੰਵਿਧਾਨ ਦਿਵਸ 'ਤੇ ਨਾਗਰਿਕਾਂ ਨੂੰ ਇੱਕ ਚਿੱਠੀ ਲਿਖੀ


ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਫ਼ਰਜ਼ਾਂ ਨੂੰ ਪਹਿਲ ਦੇਣ ਕਿਉਂਕਿ ਭਾਰਤ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਵੱਲ ਵਧ ਰਿਹਾ ਹੈ

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਨੂੰ ਮਜ਼ਬੂਤ ​​ਕਰਨ ਦੀ ਅਪੀਲ ਕੀਤੀ

प्रविष्टि तिथि: 26 NOV 2025 9:00AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਮੌਕੇ 'ਤੇ ਭਾਰਤ ਦੇ ਨਾਗਰਿਕਾਂ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਇਤਿਹਾਸਕ ਤੌਰ 'ਤੇ 1949 ਵਿੱਚ ਸੰਵਿਧਾਨ ਨੂੰ ਅਪਣਾਏ ਜਾਣ ਅਤੇ ਦੇਸ਼ ਦੀ ਤਰੱਕੀ ਵਿੱਚ ਮਾਰਗ-ਦਰਸ਼ਨ ਕਰਨ ਵਿੱਚ ਇਸ ਦੀ ਸਥਾਈ ਭੂਮਿਕਾ ਨੂੰ ਯਾਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 2015 ਵਿੱਚ ਸਰਕਾਰ ਨੇ ਇਸ ਪਵਿੱਤਰ ਦਸਤਾਵੇਜ਼ ਦਾ ਸਨਮਾਨ ਕਰਨ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਐਲਾਨਿਆ ਸੀ।

ਸ਼੍ਰੀ ਮੋਦੀ ਨੇ ਸੰਸਦ ਅਤੇ ਸੰਵਿਧਾਨ ਪ੍ਰਤੀ ਸ਼ਰਧਾ ਦੇ ਆਪਣੇ ਅਨੁਭਵ ਸਾਂਝੇ ਕਰਦਿਆਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਵੇਂ ਸੰਵਿਧਾਨ ਨੇ ਨਿਮਰ ਪਿਛੋਕੜ ਵਾਲੇ ਵਿਅਕਤੀਆਂ ਨੂੰ ਉੱਚ ਪੱਧਰਾਂ 'ਤੇ ਦੇਸ਼ ਦੀ ਸੇਵਾ ਕਰਨ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਨੇ 2014 ਵਿੱਚ ਸੰਸਦ ਦੀਆਂ ਪੌੜੀਆਂ 'ਤੇ ਮੱਥਾ ਟੇਕਣ ਅਤੇ 2019 ਵਿੱਚ ਸੰਵਿਧਾਨ ਨੂੰ ਸਤਿਕਾਰ ਦੇ ਚਿੰਨ੍ਹ ਵਜੋਂ ਆਪਣੇ ਮੱਥੇ ਨਾਲ ਲਾਉਣ ਨੂੰ ਯਾਦ ਕੀਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੰਵਿਧਾਨ ਨੇ ਅਣਗਿਣਤ ਨਾਗਰਿਕਾਂ ਨੂੰ ਸੁਪਨੇ ਦੇਖਣ ਦੀ ਸ਼ਕਤੀ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਤਾਕਤ ਦਿੱਤੀ ਹੈ।

ਸੰਵਿਧਾਨ ਸਭਾ ਦੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਡਾ. ਰਾਜੇਂਦਰ ਪ੍ਰਸਾਦ, ਡਾ. ਬਾਬਾ ਸਾਹਿਬ ਅੰਬੇਦਕਰ ਅਤੇ ਕਈ ਖ਼ਾਸ ਮਹਿਲਾ ਮੈਂਬਰਾਂ ਨੂੰ ਯਾਦ ਕੀਤਾ ਜਿਨ੍ਹਾਂ ਦੇ ਦ੍ਰਿਸ਼ਟੀਕੋਣ ਨੇ ਸੰਵਿਧਾਨ ਨੂੰ ਵਡਮੁੱਲਾ ਬਣਾਇਆ। ਉਨ੍ਹਾਂ ਨੇ ਸੰਵਿਧਾਨ ਦੀ 60ਵੀਂ ਵਰ੍ਹੇਗੰਢ ਦੌਰਾਨ ਗੁਜਰਾਤ ਵਿੱਚ ਸੰਵਿਧਾਨ ਗੌਰਵ ਯਾਤਰਾ ਅਤੇ ਸੰਸਦ ਦੇ ਵਿਸ਼ੇਸ਼ ਸੈਸ਼ਨ ਅਤੇ ਇਸਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ ਦੇਸ਼-ਵਿਆਪੀ ਪ੍ਰੋਗਰਾਮਾਂ ਵਰਗੇ ਮੀਲ ਪੱਥਰਾਂ 'ਤੇ ਗੱਲ ਕੀਤੀ, ਜਿਸ ਵਿੱਚ ਲੋਕਾਂ ਦੀ ਰਿਕਾਰਡ ਭਾਗੀਦਾਰੀ ਦੇਖਣ ਨੂੰ ਮਿਲੀ ਸੀ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਸ ਸਾਲ ਦਾ ਸੰਵਿਧਾਨ ਦਿਵਸ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ ਕਿਉਂਕਿ ਇਹ ਸਰਦਾਰ ਵੱਲਭ ਭਾਈ ਪਟੇਲ ਅਤੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਨਮ ਵਰ੍ਹੇਗੰਢ, ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਦਰਸਾਉਂਦਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸ਼ਖ਼ਸੀਅਤਾਂ ਅਤੇ ਮੀਲ ਪੱਥਰ ਸਾਨੂੰ ਸੰਵਿਧਾਨ ਦੇ ਅਨੁਛੇਦ 51ਏ ਵਿੱਚ ਦਰਜ ਸਾਡੇ ਫ਼ਰਜ਼ਾਂ ਦੀ ਪ੍ਰਮੁੱਖਤਾ ਦੀ ਯਾਦ ਦਿਵਾਉਂਦੇ ਹਨ। ਉਨ੍ਹਾਂ ਮਹਾਤਮਾ ਗਾਂਧੀ ਦੇ ਵਿਸ਼ਵਾਸ ਨੂੰ ਯਾਦ ਕੀਤਾ ਕਿ ਅਧਿਕਾਰ ਫ਼ਰਜ਼ਾਂ ਦੀ ਪਾਲਣਾ ਨਾਲ ਹੀ ਹਾਸਲ ਹੁੰਦੇ ਹਨ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਫ਼ਰਜ਼ਾਂ ਨੂੰ ਪੂਰਾ ਕਰਨਾ ਸਮਾਜਿਕ ਅਤੇ ਆਰਥਿਕ ਤਰੱਕੀ ਦੀ ਬੁਨਿਆਦ ਹੈ।

ਭਵਿੱਖ ਵੱਲ ਦੇਖਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸਦੀ ਦੀ ਸ਼ੁਰੂਆਤ ਤੋਂ ਹੁਣ ਤੱਕ 25 ਸਾਲ ਬੀਤ ਚੁੱਕੇ ਹਨ ਅਤੇ ਹੋਰ ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਭਾਰਤ ਬਸਤੀਵਾਦੀ ਸ਼ਾਸਨ ਤੋਂ ਆਜ਼ਾਦੀ ਦੇ 100 ਸਾਲ ਦਾ ਜਸ਼ਨ ਮਨਾਏਗਾ। 2049 ਵਿੱਚ, ਸੰਵਿਧਾਨ ਨੂੰ ਅਪਣਾਏ ਜਾਣ ਨੂੰ ਇੱਕ ਸਦੀ ਮੁਕੰਮਲ ਹੋਵੇਗੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਦੀਆਂ ਨੀਤੀਆਂ ਅਤੇ ਫ਼ੈਸਲੇ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਨੂੰ ਸਰੂਪ ਦੇਣਗੇ ਅਤੇ ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਫ਼ਰਜ਼ਾਂ ਨੂੰ ਪਹਿਲ ਦੇਣ ਕਿਉਂਕਿ ਭਾਰਤ ਇੱਕ ਵਿਕਸਿਤ ਭਾਰਤ ਦੇ ਵਿਜ਼ਨ ਵੱਲ ਵਧ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਨੂੰ ਮਜ਼ਬੂਤ ​​ਕਰਨ ਦੀ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ ਅਤੇ ਸੁਝਾਅ ਦਿੱਤਾ ਕਿ ਸਕੂਲ ਅਤੇ ਕਾਲਜ 18 ਸਾਲ ਦੇ ਪਹਿਲੀ ਵਾਰ ਵੋਟਰਾਂ ਦਾ ਸਨਮਾਨ ਕਰਕੇ ਸੰਵਿਧਾਨ ਦਿਵਸ ਮਨਾਉਣ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਨੌਜਵਾਨਾਂ ਨੂੰ ਜ਼ਿੰਮੇਵਾਰੀ ਅਤੇ ਮਾਣ ਨਾਲ ਪ੍ਰੇਰਿਤ ਕਰਨ ਨਾਲ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਦੇਸ਼ ਦੇ ਭਵਿੱਖ ਨੂੰ ਮਜ਼ਬੂਤੀ ਮਿਲੇਗੀ।

ਚਿੱਠੀ ਦੇ ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਇਸ ਮਹਾਨ ਦੇਸ਼ ਦੇ ਨਾਗਰਿਕਾਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਦੀ ਅਪੀਲ ਕੀਤੀ ਅਤੇ ਇਸ ਤਰ੍ਹਾਂ ਇੱਕ ਵਿਕਸਿਤ ਅਤੇ ਮਜ਼ਬੂਤ ​​ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਸ਼੍ਰੀ ਮੋਦੀ ਨੇ ਐੱਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਕਿਹਾ:

“ਸੰਵਿਧਾਨ ਦਿਵਸ 'ਤੇ, ਮੈਂ ਆਪਣੇ ਸਾਥੀ ਨਾਗਰਿਕਾਂ ਨੂੰ ਇੱਕ ਚਿੱਠੀ ਲਿਖੀ, ਜਿਸ ਵਿੱਚ ਮੈਂ ਸਾਡੇ ਸੰਵਿਧਾਨ ਦੀ ਮਹਾਨਤਾ, ਸਾਡੇ ਜੀਵਨ ਵਿੱਚ ਮੌਲਿਕ ਕਰਤੱਵਾਂ ਦੀ ਮਹੱਤਤਾ, ਸਾਨੂੰ ਪਹਿਲੀ ਵਾਰ ਵੋਟਰ ਬਣਨ ਦਾ ਜਸ਼ਨ ਕਿਉਂ ਮਨਾਉਣਾ ਚਾਹੀਦਾ ਹੈ ਅਤੇ ਹੋਰ ਕਈ ਵਿਚਾਰ ਸਾਂਝੇ ਕੀਤੇ ਹਨ...”

“ਸੰਵਿਧਾਨ ਦਿਵਸ 'ਤੇ, ਮੈਂ ਆਪਣੇ ਦੇਸ਼ਭਰ ਦੇ ਨਾਗਰਿਕਾਂ ਦੇ ਨਾਮ ਇੱਕ ਚਿੱਠੀ ਲਿਖੀ, ਜਿਸ ਵਿੱਚ ਮੈਂ ਸਾਡੇ ਸੰਵਿਧਾਨ ਦੀ ਮਹਾਨਤਾ, ਸਾਡੇ ਜੀਵਨ ਵਿੱਚ ਮੌਲਿਕ ਕਰਤੱਵਾਂ ਦੀ ਮਹੱਤਤਾ, ਸਾਨੂੰ ਪਹਿਲੀ ਵਾਰ ਵੋਟਰ ਬਣਨ ਦਾ ਜਸ਼ਨ ਕਿਉਂ ਮਨਾਉਣਾ ਚਾਹੀਦਾ ਹੈ ਅਤੇ ਹੋਰ ਕਈ ਵਿਚਾਰ ਸਾਂਝੇ ਕੀਤੇ ਹਨ...“

“ਪ੍ਰਧਾਨ ਮੰਤਰੀ @narendramodi ਨੇ ਸੰਵਿਧਾਨ ਦਿਵਸ 'ਤੇ ਭਾਰਤ ਦੇ ਨਾਗਰਿਕਾਂ ਨੂੰ ਇੱਕ ਚਿੱਠੀ ਲਿਖੀ। ਜ਼ਰੂਰ ਪੜ੍ਹੋ!

nm-4.com/MSNypJ

“ਭਾਰਤ ਦਾ ਸੰਵਿਧਾਨ ਇੱਕ ਪਵਿੱਤਰ ਦਸਤਾਵੇਜ਼ ਹੈ, ਜੋ ਸਪੱਸ਼ਟਤਾ ਅਤੇ ਦ੍ਰਿੜ੍ਹਤਾ ਨਾਲ ਦੇਸ਼ ਦੀ ਤਰੱਕੀ ਦਾ ਮਾਰਗ-ਦਰਸ਼ਨ ਕਰਦਾ ਰਿਹਾ ਹੈ: ਪ੍ਰਧਾਨ ਮੰਤਰੀ @narendramodi”

“ਇਹ ਸਾਡੇ ਸੰਵਿਧਾਨ ਦੀ ਤਾਕਤ ਹੈ, ਜਿਸ ਨੇ ਮੇਰੇ ਵਰਗੇ ਵਿਅਕਤੀ ਨੂੰ, ਇੱਕ ਨਿਮਰ ਅਤੇ ਆਰਥਿਕ ਤੌਰ 'ਤੇ ਪਛੜੇ ਪਰਿਵਾਰ ਤੋਂ, 24 ਸਾਲਾਂ ਤੋਂ ਵੱਧ ਸਮੇਂ ਤੱਕ ਲਗਾਤਾਰ ਸਰਕਾਰ ਦੇ ਮੁਖੀ ਵਜੋਂ ਸੇਵਾ ਕਰਨ ਦੇ ਯੋਗ ਬਣਾਇਆ: ਪ੍ਰਧਾਨ ਮੰਤਰੀ @narendramodi”

“ਜਿਵੇਂ -ਜਿਵੇਂ ਅਸੀਂ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਅੱਗੇ ਵਧ ਰਹੇ ਹਾਂ, ਸਾਨੂੰ ਹਮੇਸ਼ਾ ਆਪਣੇ ਰਾਸ਼ਟਰ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਪਹਿਲ ਦੇਣੀ ਚਾਹੀਦੀ  ਹੈ।”

“ਅਸੀਂ ਜੋ ਨੀਤੀਆਂ ਬਣਾਉਂਦੇ ਹਾਂ, ਅੱਜ ਅਸੀਂ ਜੋ ਫ਼ੈਸਲੇ ਲੈਂਦੇ ਹਾਂ ਅਤੇ ਸਾਡੇ ਸਮੂਹਿਕ ਕੰਮ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਨੂੰ ਸਰੂਪ ਦੇਣਗੇ।”

“ਸਦਾ ਹਰ ਕੰਮ ਸੰਵਿਧਾਨ ਦੀ ਮਜ਼ਬੂਤੀ ਲਈ ਹੋਣਾ ਚਾਹੀਦਾ ਹੈ ਅਤੇ ਰਾਸ਼ਟਰੀ ਟੀਚਿਆਂ ਅਤੇ ਹਿੱਤਾਂ ਨੂੰ ਅੱਗੇ ਰੱਖਣਾ ਚਾਹੀਦਾ ਹੈ।”

“ਸਾਡੇ ਸੰਵਿਧਾਨ ਨਿਰਮਾਤਾਵਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਸਾਡੀ ਜ਼ਿੰਮੇਵਾਰੀ ਹੈ। ਜਦੋਂ ਅਸੀਂ ਇਸ ਫਰਜ਼ ਦੀ ਭਾਵਨਾ ਨਾਲ ਕੰਮ ਕਰਦੇ ਹਾਂ, ਤਾਂ ਸਾਡੇ ਦੇਸ਼ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਕਈ ਗੁਣਾ ਵਧੇਗੀ।”

"ਸਾਡੇ ਸੰਵਿਧਾਨ ਨੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ। ਨਾਗਰਿਕ ਹੋਣ ਦੇ ਨਾਤੇ, ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਰਾਸ਼ਟਰੀ, ਸੂਬਾਈ ਅਤੇ ਸਥਾਨਕ ਚੋਣਾਂ ਵਿੱਚ ਵੋਟ ਪਾਉਣ ਦਾ ਮੌਕਾ ਕਦੇ ਨਾ ਗੁਆਈਏ, ਜਿੱਥੇ ਅਸੀਂ ਰਜਿਸਟਰਡ ਹਾਂ।"

"ਜਦੋਂ ਅਸੀਂ ਆਪਣੇ ਨੌਜਵਾਨਾਂ ਨੂੰ ਜ਼ਿੰਮੇਵਾਰੀ ਅਤੇ ਮਾਣ ਦੀ ਭਾਵਨਾ ਨਾਲ ਪ੍ਰੇਰਿਤ ਕਰਦੇ ਹਾਂ, ਤਾਂ ਉਹ ਆਪਣੀ ਸਾਰੀ ਜ਼ਿੰਦਗੀ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧ ਰਹਿਣਗੇ। ਵਚਨਬੱਧਤਾ ਦੀ ਇਹ ਭਾਵਨਾ ਇੱਕ ਮਜ਼ਬੂਤ ​​ਰਾਸ਼ਟਰ ਦੀ ਬੁਨਿਆਦ ਹੈ।"

"ਆਓ, ਇਸ ਸੰਵਿਧਾਨ ਦਿਵਸ 'ਤੇ, ਇਸ ਮਹਾਨ ਰਾਸ਼ਟਰ ਦੇ ਨਾਗਰਿਕਾਂ ਵਜੋਂ ਆਪਣੇ ਫ਼ਰਜ਼ਾਂ ਨੂੰ ਪੂਰਾ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਈਏ।"

****

ਐੱਮਜੇਪੀਐੱਸਐੱਸਆਰ


(रिलीज़ आईडी: 2195854) आगंतुक पटल : 24
इस विज्ञप्ति को इन भाषाओं में पढ़ें: English , Khasi , Urdu , Marathi , हिन्दी , Manipuri , Bengali , Bengali-TR , Assamese , Gujarati , Odia , Tamil , Telugu , Kannada , Malayalam