ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਮੌਕੇ ਇੱਕ ਸਾਲ ਤੱਕ ਚੱਲਣ ਵਾਲੇ ਯਾਦਗਾਰੀ ਸਮਾਗਮ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਨੇ ਕਿਹਾ: ਵੰਦੇ ਮਾਤਰਮ ਦਾ ਸਾਰ ਹੈ ਭਾਰਤ, ਮਾਂ-ਭਾਰਤੀ ਜੋ ਦੇਸ਼ ਦਾ ਸਦੀਵੀ ਵਿਚਾਰ ਹੈ
ਬਸਤੀਵਾਦੀ ਦੌਰ ਦੌਰਾਨ, ਵੰਦੇ ਮਾਤਰਮ ਇਸ ਸੰਕਲਪ ਦਾ ਐਲਾਨ ਬਣ ਗਿਆ ਕਿ ਦੇਸ਼ ਆਜ਼ਾਦ ਹੋਵੇਗਾ, ਮਾਂ-ਭਾਰਤੀ ਦੇ ਬੰਧਨਾਂ ਦੀਆਂ ਜ਼ੰਜੀਰਾਂ ਤੋੜੀਆਂ ਜਾਣਗੀਆਂ ਅਤੇ ਉਸ ਦੀਆਂ ਸੰਤਾਨਾਂ ਆਪਣੀ ਕਿਸਮਤ ਦੇ ਨਿਰਮਾਤਾ ਖ਼ੁਦ ਬਣਨਗੀਆਂ
ਵੰਦੇ ਮਾਤਰਮ ਦੇਸ਼ ਦੇ ਸੁਤੰਤਰਤਾ ਸੰਗਰਾਮ ਦੀ ਆਵਾਜ਼ ਬਣ ਗਿਆ, ਇੱਕ ਅਜਿਹਾ ਮੰਤਰ ਜੋ ਹਰੇਕ ਕ੍ਰਾਂਤੀਕਾਰੀ ਦੇ ਬੁੱਲ੍ਹਾਂ 'ਤੇ ਗੂੰਜਦਾ ਸੀ, ਇੱਕ ਅਜਿਹੀ ਆਵਾਜ਼ ਜਿਸ ਨੇ ਹਰੇਕ ਭਾਰਤੀ ਦੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ
ਵੰਦੇ ਮਾਤਰਮ, ਸੁਤੰਤਰਤਾ ਅੰਦੋਲਨ ਦੇ ਸ਼ਹੀਦਾਂ ਦਾ ਗੀਤ ਹੋਣ ਦੇ ਨਾਲ-ਨਾਲ ਸਦੀਵੀ ਪ੍ਰੇਰਨਾ ਦਾ ਵੀ ਕੰਮ ਕਰਦਾ ਹੈ, ਇਹ ਸਾਨੂੰ ਨਾ ਸਿਰਫ਼ ਇਹ ਯਾਦ ਦਿਵਾਉਂਦਾ ਹੈ ਕਿ ਅਸੀਂ ਆਜ਼ਾਦੀ ਕਿਵੇਂ ਹਾਸਲ ਕੀਤੀ, ਸਗੋਂ ਇਹ ਵੀ ਦੱਸਦਾ ਹੈ ਕਿ ਸਾਨੂੰ ਇਸ ਦੀ ਰੱਖਿਆ ਕਿਵੇਂ ਕਰਨੀ ਚਾਹੀਦੀ ਹੈ
ਜਦੋਂ ਵੀ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ, ਇਹ ਸ਼ਬਦ ਸਹਿਜੇ ਹੀ ਸਾਡੇ ਦਿਲਾਂ ਵਿੱਚੋਂ ਉੱਠਦੇ ਹਨ - ਭਾਰਤ ਮਾਤਾ ਦੀ ਜੈ! ਵੰਦੇ ਮਾਤਰਮ!
Posted On:
07 NOV 2025 12:17PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਮੌਕੇ ਸਾਲ ਭਰ ਚੱਲਣ ਵਾਲੇ ਯਾਦਗਾਰੀ ਸਮਾਗਮ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਇਸ ਮੌਕੇ ਮੌਜੂਦ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੰਦੇ ਮਾਤਰਮ ਸਿਰਫ਼ ਇੱਕ ਸ਼ਬਦ ਨਹੀਂ ਹੈ - ਇਹ ਇੱਕ ਮੰਤਰ ਹੈ, ਇੱਕ ਊਰਜਾ ਹੈ, ਇੱਕ ਸੁਪਨਾ ਹੈ ਅਤੇ ਇੱਕ ਪਵਿੱਤਰ ਸੰਕਲਪ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੰਦੇ ਮਾਤਰਮ ਮਾਂ ਭਾਰਤੀ ਪ੍ਰਤੀ ਭਗਤੀ ਅਤੇ ਅਧਿਆਤਮਿਕ ਸਮਰਪਣ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ਬਦ ਸਾਨੂੰ ਸਾਡੇ ਇਤਿਹਾਸ ਨਾਲ ਜੋੜਦਾ ਹੈ, ਸਾਡੇ ਵਰਤਮਾਨ ਨੂੰ ਆਤਮ-ਵਿਸ਼ਵਾਸ ਨਾਲ ਭਰ ਦਿੰਦਾ ਹੈ ਅਤੇ ਸਾਡੇ ਭਵਿੱਖ ਨੂੰ ਇਹ ਵਿਸ਼ਵਾਸ ਦਿਵਾਉਣ ਦਾ ਹੌਸਲਾ ਦਿੰਦਾ ਹੈ ਕਿ ਕੋਈ ਵੀ ਸੰਕਲਪ ਪੂਰਾ ਹੋਣ ਤੋਂ ਪਰੇ ਨਹੀਂ ਹੈ, ਕੋਈ ਵੀ ਟੀਚਾ ਸਾਡੀ ਪਹੁੰਚ ਤੋਂ ਬਾਹਰ ਨਹੀਂ ਹੈ।
ਵੰਦੇ ਮਾਤਰਮ ਦੇ ਸਮੂਹਿਕ ਗਾਇਨ ਨੂੰ ਪ੍ਰਗਟਾਵੇ ਦੀਆਂ ਹੱਦਾਂ ਤੋਂ ਪਰੇ ਸੱਚਮੁੱਚ ਇੱਕ ਵਿਲੱਖਣ ਤਜਰਬਾ ਦੱਸਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇੰਨੀਆਂ ਸਾਰੀਆਂ ਆਵਾਜ਼ਾਂ ਵਿਚਾਲੇ ਵਿਲੱਖਣ ਲੈਅ, ਇਕਸਾਰ ਸੁਰ, ਸਾਂਝਾ ਰੋਮਾਂਚ ਅਤੇ ਨਿਰਵਿਘਨ ਪ੍ਰਵਾਹ ਉੱਭਰਿਆ। ਉਨ੍ਹਾਂ ਨੇ ਦਿਲ ਨੂੰ ਊਰਜਾ ਨਾਲ ਭਰਨ ਵਾਲੀ ਤਾਲਮੇਲ ਦੀ ਗੂੰਜ ਅਤੇ ਤਰੰਗਾਂ ਦੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 7 ਨਵੰਬਰ ਇਤਿਹਾਸਕ ਦਿਨ ਹੈ, ਅੱਜ ਰਾਸ਼ਟਰ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਮੌਕਾ ਸਾਡੇ ਨਾਗਰਿਕਾਂ ਨੂੰ ਨਵੀਂ ਪ੍ਰੇਰਨਾ ਅਤੇ ਨਵੀਂ ਊਰਜਾ ਦੇਵੇਗਾ। ਇਸ ਦਿਨ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਕਰਨ ਲਈ ਵੰਦੇ ਮਾਤਰਮ ਨੂੰ ਸਮਰਪਿਤ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਮਾਂ ਭਾਰਤੀ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਭਾਰਤ ਦੇ ਸਾਰੇ ਵੀਰਾਂ ਅਤੇ ਮਹਾਨ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਾਜ਼ਰ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ 'ਤੇ ਹਰੇਕ ਨਾਗਰਿਕ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਹ ਧਿਆਨ ਵਿੱਚ ਰੱਖਦਿਆਂ ਕਿ ਹਰ ਗੀਤ ਅਤੇ ਹਰ ਕਵਿਤਾ ਇੱਕ ਮੂਲ ਭਾਵਨਾ ਅਤੇ ਵਿਸ਼ੇਸ਼ ਸੰਦੇਸ਼ ਰੱਖਦੀ ਹੈ, ਪ੍ਰਧਾਨ ਮੰਤਰੀ ਨੇ ਸਵਾਲ ਚੁੱਕਿਆ - ਵੰਦੇ ਮਾਤਰਮ ਦਾ ਸਾਰ ਕੀ ਹੈ? ਉਨ੍ਹਾਂ ਕਿਹਾ ਕਿ ਇਸ ਦਾ ਸਾਰ ਹੈ ਭਾਰਤ, ਮਾਂ-ਭਾਰਤੀ - ਜੋ ਦੇਸ਼ ਦਾ ਸਦੀਵੀ ਵਿਚਾਰ ਹੈ। ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਇਹ ਵਿਚਾਰ ਮਨੁੱਖੀ ਸਭਿਅਤਾ ਦੀ ਸ਼ੁਰੂਆਤ ਤੋਂ ਹੀ ਆਕਾਰ ਲੈਣ ਲੱਗਾ ਸੀ। ਇਹ ਹਰ ਯੁੱਗ ਨੂੰ ਅਧਿਆਇ ਵਜੋਂ ਦੇਖਦਿਆਂ, ਵੱਖ-ਵੱਖ ਰਾਸ਼ਟਰਾਂ ਦੇ ਉਭਾਰ, ਵੱਖ-ਵੱਖ ਸ਼ਕਤੀਆਂ ਦੇ ਉਭਾਰ, ਨਵੀਆਂ ਸਭਿਅਤਾਵਾਂ ਦੇ ਵਿਕਾਸ, ਸਿਫ਼ਰ ਤੋਂ ਮਹਾਨਤਾ ਤੱਕ ਦੀ ਉਨ੍ਹਾਂ ਦੀ ਯਾਤਰਾ ਅਤੇ ਅੰਤ ਵਿੱਚ ਸਿਫ਼ਰ ਵਿੱਚ ਇਕਮਿਕ ਹੋਣ ਦਾ ਗਵਾਹ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੇ ਇਤਿਹਾਸ ਦੇ ਨਿਰਮਾਣ ਅਤੇ ਵਿਨਾਸ਼, ਵਿਸ਼ਵ ਦੇ ਬਦਲਦੇ ਭੂਗੋਲ ਨੂੰ ਦੇਖਿਆ ਹੈ। ਇਸ ਅਨੰਤ ਮਨੁੱਖੀ ਇਤਿਹਾਸ ਯਾਤਰਾ ਤੋਂ ਭਾਰਤ ਨੇ ਸਿੱਖਿਆ, ਨਵੇਂ ਸਿੱਟੇ ਕੱਢੇ ਅਤੇ ਉਨ੍ਹਾਂ ਦੇ ਆਧਾਰ 'ਤੇ ਆਪਣੀ ਸਭਿਅਤਾ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਨੂੰ ਆਕਾਰ ਦਿੱਤਾ ਅਤੇ ਆਪਣੀ ਇੱਕ ਵਿਲੱਖਣ ਸਭਿਆਚਾਰਕ ਪਛਾਣ ਬਣਾਈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਸ਼ਕਤੀ ਅਤੇ ਨੈਤਿਕਤਾ ਦੇ ਵਿਚਕਾਰ ਸੰਤੁਲਨ ਨੂੰ ਸਮਝਦਿਆਂ ਸ਼ੁੱਧ ਸੋਨੇ ਵਾਂਗ ਇੱਕ ਨਿਖਰੇ ਹੋਇਆ ਰਾਸ਼ਟਰ ਵਜੋਂ ਉੱਭਰਿਆ ਅਤੇ ਅਤੀਤ ਦੀਆਂ ਸੱਟਾਂ ਦੇ ਬਾਵਜੂਦ ਅਮਰ ਹੈ।
ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਦੀ ਧਾਰਨਾ ਅਤੇ ਉਸ ਦੇ ਪਿੱਛੇ ਦੀ ਦਾਰਸ਼ਨਿਕ ਸ਼ਕਤੀ ਵਿਸ਼ਵ-ਵਿਆਪੀ ਸ਼ਕਤੀਆਂ ਦੇ ਉਭਾਰ ਅਤੇ ਪਤਨ ਤੋਂ ਵੱਖਰੀ ਹੈ ਅਤੇ ਇੱਕ ਸੁਤੰਤਰ ਹੋਂਦ ਦੀ ਵਿਲੱਖਣ ਭਾਵਨਾ ਵਿੱਚ ਜੜੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਚੇਤਨਾ ਨੂੰ ਲਿਖਤੀ ਅਤੇ ਲੈਅਬੱਧ ਰੂਪ ਵਿੱਚ ਪ੍ਰਗਟ ਕੀਤਾ ਗਿਆ ਤਾਂ ਵੰਦੇ ਮਾਤਰਮ ਵਰਗੀ ਰਚਨਾ ਦਾ ਜਨਮ ਹੋਇਆ। ਸ਼੍ਰੀ ਮੋਦੀ ਨੇ ਕਿਹਾ, ‘ਇਹੀ ਕਾਰਨ ਹੈ ਕਿ ਬਸਤੀਵਾਦੀ ਦੌਰ ਵਿੱਚ ਵੰਦੇ ਮਾਤਰਮ ਇਸ ਸੰਕਲਪ ਦਾ ਐਲਾਨ ਬਣ ਗਿਆ ਕਿ ਦੇਸ਼ ਆਜ਼ਾਦ ਹੋਵੇਗਾ, ਮਾਂ-ਭਾਰਤੀ ਦੀ ਗ਼ੁਲਾਮੀ ਦੀਆਂ ਬੇੜੀਆਂ ਟੁੱਟ ਜਾਣਗੀਆਂ ਅਤੇ ਉਸ ਦੀਆਂ ਸੰਤਾਨਾਂ ਆਪਣੀ ਕਿਸਮਤ ਦੇ ਨਿਰਮਾਤਾ ਖ਼ੁਦ ਬਣਨਗੀਆਂ।’
ਗੁਰੂਦੇਵ ਰਬਿੰਦਰਨਾਥ ਟੈਗੋਰ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਕਰਦਿਆਂ ਕਿ ਬੰਕਿਮਚੰਦਰ ਦਾ ‘ਆਨੰਦਮਠ’ ਸਿਰਫ਼ ਇੱਕ ਨਾਵਲ ਨਹੀਂ ਹੈ—ਇਹ ਇੱਕ ਆਜ਼ਾਦ ਭਾਰਤ ਦਾ ਸੁਪਨਾ ਹੈ, ਪ੍ਰਧਾਨ ਮੰਤਰੀ ਨੇ ‘ਆਨੰਦਮਠ’ ਵਿੱਚ ਵੰਦੇ ਮਾਤਰਮ ਦੇ ਡੂੰਘੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਬੰਕਿਮ ਬਾਬੂ ਦੀ ਰਚਨਾ ਦੀ ਹਰ ਲਾਈਨ, ਹਰ ਸ਼ਬਦ ਅਤੇ ਹਰ ਭਾਵਨਾ ਡੂੰਘੇ ਅਰਥ ਰੱਖਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਗੀਤ ਬਸਤੀਵਾਦੀ ਦੌਰ ਵਿੱਚ ਰਚਿਆ ਗਿਆ ਸੀ, ਫਿਰ ਵੀ ਇਸ ਦੇ ਸ਼ਬਦ ਸਦੀਆਂ ਦੀ ਗ਼ੁਲਾਮੀ ਦੇ ਪਰਛਾਵੇਂ ਵਿੱਚ ਕਦੇ ਵੀ ਸੀਮਤ ਨਹੀਂ ਰਹੇ। ਇਹ ਗ਼ੁਲਾਮੀ ਦੀਆਂ ਯਾਦਾਂ ਤੋਂ ਮੁਕਤ ਰਿਹਾ ਅਤੇ ਇਸੇ ਲਈ ਵੰਦੇ ਮਾਤਰਮ ਹਰ ਯੁੱਗ ਅਤੇ ਹਰ ਸਮੇਂ ਵਿੱਚ ਢੁਕਵਾਂ ਬਣਿਆ ਹੋਇਆ ਹੈ। ਸ਼੍ਰੀ ਮੋਦੀ ਨੇ ਗੀਤ ਦੀ ਪਹਿਲੀ ਸਤਰ — ‘ਸੁਜਲਾਮ ਸੁਫਲਾਮ ਮਲਯਜ ਸ਼ੀਤਲਾਮ ਸ਼ਸਯਸ਼ਿਆਮਲਾਮ ਮਾਤਰਮ’ — ਦਾ ਹਵਾਲਾ ਦਿੱਤਾ ਅਤੇ ਕੁਦਰਤ ਦੇ ਅਸ਼ੀਰਵਾਦ ਨਾਲ ਸ਼ਿੰਗਾਰੀ ਸਾਡੀ ਮਾਤ-ਭੂਮੀ ਪ੍ਰਤੀ ਸ਼ਰਧਾਂਜਲੀ ਵਜੋਂ ਇਸ ਦੀ ਵਿਆਖਿਆ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਨਦੀਆਂ, ਪਹਾੜ, ਜੰਗਲ, ਰੁੱਖ ਅਤੇ ਉਪਜਾਊ ਮਿੱਟੀ ਵਿੱਚ ਹਮੇਸ਼ਾ ਭਰਪੂਰਤਾ ਪ੍ਰਦਾਨ ਕਰਨ ਦੀ ਸ਼ਕਤੀ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਪਛਾਣ ਰਹੀ ਹੈ। ਸਦੀਆਂ ਤੋਂ ਦੁਨੀਆ ਭਾਰਤ ਦੀ ਖ਼ੁਸ਼ਹਾਲੀ ਦੀਆਂ ਕਹਾਣੀਆਂ ਸੁਣਦੀ ਰਹੀ ਹੈ। ਕੁਝ ਸਦੀਆਂ ਪਹਿਲਾਂ ਭਾਰਤ ਵਿਸ਼ਵ ਦੇ ਕੁੱਲ ਘਰੇਲੂ ਉਤਪਾਦ ਦਾ ਲਗਭਗ ਇੱਕ-ਚੌਥਾਈ ਹਿੱਸਾ ਸੀ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਬੰਕਿਮ ਬਾਬੂ ਨੇ ਵੰਦੇ ਮਾਤਰਮ ਦੀ ਰਚਨਾ ਕੀਤੀ, ਉਦੋਂ ਭਾਰਤ ਉਸ ਸੁਨਹਿਰੀ ਯੁੱਗ ਤੋਂ ਬਹੁਤ ਦੂਰ ਆ ਚੁੱਕਾ ਸੀ। ਵਿਦੇਸ਼ੀ ਹਮਲਿਆਂ, ਲੁੱਟ-ਖੋਹ ਅਤੇ ਸ਼ੋਸ਼ਣਕਾਰੀ ਬਸਤੀਵਾਦੀ ਨੀਤੀਆਂ ਨੇ ਦੇਸ਼ ਨੂੰ ਗ਼ਰੀਬੀ ਅਤੇ ਭੁੱਖਮਰੀ ਨਾਲ ਗ੍ਰਸਤ ਕਰ ਦਿੱਤਾ ਸੀ। ਫਿਰ ਵੀ, ਬੰਕਿਮ ਬਾਬੂ ਨੇ ਇੱਕ ਖ਼ੁਸ਼ਹਾਲ ਭਾਰਤ ਦੇ ਦ੍ਰਿਸ਼ਟੀਕੋਣ ਦਾ ਸੱਦਾ ਦਿੱਤਾ, ਜੋ ਇਸ ਵਿਸ਼ਵਾਸ ਤੋਂ ਪ੍ਰੇਰਿਤ ਸੀ ਕਿ ਭਾਵੇਂ ਕਿੰਨੀਆਂ ਵੀ ਵੱਡੀਆਂ ਚੁਣੌਤੀਆਂ ਕਿਉਂ ਨਾ ਹੋਣ, ਭਾਰਤ ਆਪਣੇ ਸੁਨਹਿਰੀ ਯੁੱਗ ਨੂੰ ਮੁੜ ਸੁਰਜੀਤ ਕਰ ਸਕਦਾ ਹੈ। ਅਤੇ ਇਸ ਤਰ੍ਹਾਂ, ਉਨ੍ਹਾਂ ਨੇ ਵੰਦੇ ਮਾਤਰਮ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਸਤੀਵਾਦੀ ਦੌਰ ਵਿੱਚ ਅੰਗਰੇਜ਼ ਭਾਰਤ ਨੂੰ ਨੀਵਾਂ ਅਤੇ ਪਛੜਿਆ ਦੱਸ ਕੇ ਆਪਣੇ ਸ਼ਾਸਨ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਸਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਵੰਦੇ ਮਾਤਰਮ ਦੀ ਪਹਿਲੀ ਸਤਰ ਹੀ ਇਸ ਝੂਠੇ ਪ੍ਰਚਾਰ ਨੂੰ ਪੂਰੀ ਤਾਕਤ ਨਾਲ ਢਹਿ-ਢੇਰੀ ਕਰ ਦਿੰਦੀ ਹੈ। ਇਸ ਲਈ ਵੰਦੇ ਮਾਤਰਮ ਸਿਰਫ਼ ਆਜ਼ਾਦੀ ਦਾ ਗੀਤ ਨਹੀਂ ਸੀ—ਇਸ ਨੇ ਕਰੋੜਾਂ ਭਾਰਤੀਆਂ ਦੇ ਸਾਹਮਣੇ ਇੱਕ ਆਜ਼ਾਦ ਭਾਰਤ ਦੀ ਤਸਵੀਰ ਵੀ ਪੇਸ਼ ਕੀਤੀ, ਯਾਨੀ ਸੁਜਲਾਮ ਸੁਫਲਾਮ ਭਾਰਤ ਦਾ ਸੁਪਨਾ।
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਸਾਨੂੰ ਵੰਦੇ ਮਾਤਰਮ ਦੀ ਅਸਧਾਰਨ ਯਾਤਰਾ ਅਤੇ ਪ੍ਰਭਾਵ ਨੂੰ ਸਮਝਣ ਦਾ ਮੌਕਾ ਦਿੰਦਾ ਹੈ। ਜਦੋਂ ਬੰਕਿਮ ਬਾਬੂ ਨੇ 1875 ਵਿੱਚ ਬੰਗਦਰਸ਼ਨ ਵਿੱਚ ਵੰਦੇ ਮਾਤਰਮ ਪ੍ਰਕਾਸ਼ਿਤ ਕੀਤਾ, ਤਾਂ ਕੁਝ ਲੋਕਾਂ ਨੇ ਇਸ ਨੂੰ ਸਿਰਫ਼ ਇੱਕ ਗੀਤ ਮੰਨਿਆ। ਪਰ ਜਲਦੀ ਹੀ ਵੰਦੇ ਮਾਤਰਮ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਆਵਾਜ਼ ਬਣ ਗਿਆ - ਹਰ ਕ੍ਰਾਂਤੀਕਾਰੀ ਦੇ ਬੁੱਲ੍ਹਾਂ 'ਤੇ ਇੱਕ ਮੰਤਰ, ਹਰ ਭਾਰਤੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ। ਉਨ੍ਹਾਂ ਕਿਹਾ ਕਿ ਸੁਤੰਤਰਤਾ ਅੰਦੋਲਨ ਦਾ ਸ਼ਾਇਦ ਹੀ ਕੋਈ ਅਧਿਆਇ ਹੋਵੇ ਜਿੱਥੇ ਵੰਦੇ ਮਾਤਰਮ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਨਾ ਹੋਵੇ। ਸਾਲ 1896 ਵਿੱਚ ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਕਲਕੱਤਾ ਸੈਸ਼ਨ ਵਿੱਚ ਵੰਦੇ ਮਾਤਰਮ ਗਾਇਆ ਸੀ। ਸਾਲ 1905 ਵਿੱਚ ਜਦੋਂ ਬੰਗਾਲ ਦੀ ਵੰਡ ਹੋਈ, ਜੋ ਰਾਸ਼ਟਰ ਨੂੰ ਵੰਡਣ ਲਈ ਅੰਗਰੇਜ਼ਾਂ ਦਾ ਖ਼ਤਰਨਾਕ ਪ੍ਰਯੋਗ ਸੀ, ਉਸ ਸਮੇਂ ਵੰਦੇ ਮਾਤਰਮ ਅਜਿਹੀਆਂ ਸਾਜ਼ਿਸ਼ਾਂ ਖਿਲਾਫ਼ ਇੱਕ ਚੱਟਾਨ ਵਾਂਗ ਖੜ੍ਹਾ ਸੀ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਬੰਗਾਲ ਦੀ ਵੰਡ ਦੇ ਵਿਰੋਧ ਦੌਰਾਨ ਸੜਕਾਂ ਇੱਕ ਸਮੂਹਿਕ ਵੰਦੇ ਮਾਤਰਮ ਦੀ ਆਵਾਜ਼ ਨਾਲ ਗੂੰਜ ਉੱਠੀਆਂ ਸਨ।
ਇਹ ਯਾਦ ਕਰਦਿਆਂ ਕਿ ਜਦੋਂ ਬਾਰੀਸਾਲ ਸੈਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ 'ਤੇ ਗੋਲ਼ੀਆਂ ਚਲਾਈਆਂ ਗਈਆਂ, ਉਦੋਂ ਵੀ ਉਨ੍ਹਾਂ ਦੇ ਬੁੱਲ੍ਹਾਂ 'ਤੇ ਸ਼ਬਦ ਸਨ - ਵੰਦੇ ਮਾਤਰਮ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਵੀਰ ਸਾਵਰਕਰ ਵਰਗੇ ਸੁਤੰਤਰਤਾ ਸੈਨਾਨੀ, ਜੋ ਵਿਦੇਸ਼ ਤੋਂ ਕੰਮ ਕਰ ਰਹੇ ਸਨ, ਇੱਕ-ਦੂਜੇ ਨੂੰ ਵੰਦੇ ਮਾਤਰਮ ਕਹਿ ਕੇ ਨਮਸਕਾਰ ਕਰਦੇ ਸਨ। ਕਈ ਕ੍ਰਾਂਤੀਕਾਰੀਆਂ ਨੇ ਫਾਂਸੀ ਦੇ ਤਖ਼ਤੇ 'ਤੇ ਖੜ੍ਹੇ ਹੋ ਕੇ ਵੀ ਵੰਦੇ ਮਾਤਰਮ ਗਾਇਆ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੀਆਂ ਅਣਗਿਣਤ ਘਟਨਾਵਾਂ, ਇਤਿਹਾਸ ਦੀਆਂ ਅਣਗਿਣਤ ਤਾਰੀਖ਼ਾਂ, ਵੱਖ-ਵੱਖ ਖੇਤਰਾਂ ਅਤੇ ਭਾਸ਼ਾਵਾਂ ਵਾਲੇ ਇੱਕ ਵਿਸ਼ਾਲ ਰਾਸ਼ਟਰ ਵਿੱਚ, ਅਜਿਹੇ ਅੰਦੋਲਨ ਹੋਏ ਜਿੱਥੇ ਇੱਕ ਨਾਅਰਾ, ਇੱਕ ਸੰਕਲਪ, ਇੱਕ ਗੀਤ ਹਰ ਆਵਾਜ਼ ਵਿੱਚ ਗੂੰਜਦਾ ਸੀ - ਵੰਦੇ ਮਾਤਰਮ। ਉਨ੍ਹਾਂ ਨੇ ਮਹਾਤਮਾ ਗਾਂਧੀ ਦੀ 1927 ਦੀ ਟਿੱਪਣੀ ਦਾ ਜ਼ਿਕਰ ਕੀਤਾ ਕਿ ਵੰਦੇ ਮਾਤਰਮ ਸਾਡੇ ਸਾਹਮਣੇ ਅਣਵੰਡੇ ਭਾਰਤ ਦੀ ਤਸਵੀਰ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਰਬਿੰਦੋ ਨੇ ਵੰਦੇ ਮਾਤਰਮ ਨੂੰ ਸਿਰਫ਼ ਇੱਕ ਗੀਤ ਨਹੀਂ, ਸਗੋਂ ਇੱਕ ਮੰਤਰ ਵਜੋਂ ਵਰਣਨ ਕੀਤਾ ਹੈ - ਜੋ ਅੰਦਰੂਨੀ ਸ਼ਕਤੀ ਨੂੰ ਜਗਾਉਂਦਾ ਹੈ।
ਸ਼੍ਰੀ ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਭਾਰਤ ਦਾ ਰਾਸ਼ਟਰੀ ਝੰਡਾ ਆਪਣੇ ਸ਼ੁਰੂਆਤੀ ਰੂਪ ਤੋਂ ਲੈ ਕੇ ਅੱਜ ਦੇ ਤਿਰੰਗੇ ਦੇ ਰੂਪ ਵਿੱਚ ਸਮੇਂ ਨਾਲ ਵਿਕਸਿਤ ਹੋਇਆ ਹੈ, ਪਰ ਇੱਕ ਗੱਲ ਹਮੇਸ਼ਾ ਬਣੀ ਰਹੀ ਹੈ—ਜਦੋਂ ਵੀ ਝੰਡਾ ਲਹਿਰਾਇਆ ਜਾਂਦਾ ਹੈ, ਹਰ ਭਾਰਤੀ ਦੇ ਦਿਲ ਵਿੱਚੋਂ ਸਹਿਜੇ ਹੀ ਭਾਰਤ ਮਾਤਾ ਦੀ ਜੈ! ਅਤੇ ਵੰਦੇ ਮਾਤਰਮ! ਦੇ ਸ਼ਬਦ ਨਿਕਲਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਰਾਸ਼ਟਰ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ, ਤਾਂ ਇਹ ਦੇਸ਼ ਦੇ ਮਹਾਨ ਨਾਇਕਾਂ ਨੂੰ ਵੀ ਸ਼ਰਧਾਂਜਲੀ ਹੈ। ਇਹ ਉਨ੍ਹਾਂ ਅਣਗਿਣਤ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਵੰਦੇ ਮਾਤਰਮ ਦਾ ਐਲਾਨ ਕਰਦਿਆਂ ਫਾਂਸੀ ਨੂੰ ਗਲੇ ਲਗਾ ਲਿਆ, ਵੰਦੇ ਮਾਤਰਮ ਦਾ ਐਲਾਨ ਕਰਦਿਆਂ ਕੋਰੜਿਆਂ ਦੀ ਮਾਰ ਝੱਲੀ, ਵੰਦੇ ਮਾਤਰਮ ਦਾ ਮੰਤਰ ਪੜ੍ਹਦਿਆਂ ਬਰਫ਼ ਦੀਆਂ ਸਿੱਲਾਂ 'ਤੇ ਅਡੋਲ ਰਹੇ।
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਅੱਜ ਸਾਰੇ 140 ਕਰੋੜ ਭਾਰਤੀ ਵੰਦੇ ਮਾਤਰਮ ਦਾ ਉਚਾਰਨ ਕਰਦਿਆਂ ਰਾਸ਼ਟਰ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਉਨ੍ਹਾਂ ਹਰੇਕ ਜਾਣੇ, ਅਨਜਾਣੇ ਅਤੇ ਗੁਮਨਾਮ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ, ਜਿਨ੍ਹਾਂ ਦੇ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਕਦੇ ਦਰਜ ਨਹੀਂ ਕੀਤੇ ਗਏ।
ਵੈਦਿਕ ਸ਼ਲੋਕ ਦਾ ਹਵਾਲਾ ਦਿੰਦਿਆਂ, ‘ਇਹ ਦੇਸ਼ ਦੀ ਧਰਤੀ ਸਾਡੀ ਮਾਤਾ ਹੈ, ਸਾਡੀ ਜਨਨੀ ਹੈ ਅਤੇ ਅਸੀਂ ਇਸ ਦੀਆਂ ਸੰਤਾਨਾਂ ਹਾਂ,’ ਸ਼੍ਰੀ ਮੋਦੀ ਨੇ ਕਿਹਾ ਕਿ ਵੈਦਿਕ ਕਾਲ ਤੋਂ ਹੀ ਭਾਰਤ ਦੇ ਲੋਕ ਰਾਸ਼ਟਰ ਦੀ ਮਾਂ ਦੇ ਰੂਪ ਵਿੱਚ ਪੂਜਾ ਕਰਦੇ ਆਏ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸੇ ਵੈਦਿਕ ਵਿਚਾਰ ਨੇ ਵੰਦੇ ਮਾਤਰਮ ਰਾਹੀਂ ਸੁਤੰਤਰਤਾ ਸੰਗਰਾਮ ਵਿੱਚ ਨਵੀਂ ਚੇਤਨਾ ਦਾ ਸੰਚਾਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਲੋਕ ਰਾਸ਼ਟਰ ਨੂੰ ਸਿਰਫ਼ ਇੱਕ ਭੂ-ਰਾਜਨੀਤਿਕ ਇਕਾਈ ਵਜੋਂ ਦੇਖਦੇ ਹਨ, ਉਨ੍ਹਾਂ ਲਈ ਰਾਸ਼ਟਰ ਨੂੰ ਮਾਂ ਮੰਨਣ ਦਾ ਵਿਚਾਰ ਹੈਰਾਨੀਜਨਕ ਲੱਗ ਸਕਦਾ ਹੈ। ਪਰ ਭਾਰਤ ਵੱਖਰਾ ਹੈ। ਭਾਰਤ ਵਿੱਚ ਮਾਂ ਜਨਮ ਦੇਣ ਵਾਲੀ, ਪਾਲਣ-ਪੋਸ਼ਣ ਕਰਨ ਵਾਲੀ ਅਤੇ ਜਦੋਂ ਉਸ ਦੀ ਸੰਤਾਨ ਸੰਕਟ ਵਿੱਚ ਹੁੰਦੀ ਹੈ, ਤਾਂ ਉਹ ਸੰਕਟਾਂ ਨੂੰ ਦੂਰ ਕਰਨ ਵਾਲੀ ਵੀ ਹੁੰਦੀ ਹੈ। ਉਨ੍ਹਾਂ ਨੇ ਵੰਦੇ ਮਾਤਰਮ ਦੀਆਂ ਸਤਰਾਂ ਦਾ ਹਵਾਲਾ ਦਿੰਦਿਆਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਮਾਂ ਭਾਰਤੀ ਬੇਹੱਦ ਸ਼ਕਤੀ ਰੱਖਦੀ ਹੈ, ਮੁਸੀਬਤ ਵਿੱਚ ਸਾਡਾ ਮਾਰਗ-ਦਰਸ਼ਨ ਕਰਦੀ ਹੈ ਅਤੇ ਦੁਸ਼ਮਣਾਂ ਦਾ ਨਾਸ਼ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨੂੰ ਮਾਂ ਅਤੇ ਮਾਂ ਨੂੰ ਸ਼ਕਤੀ ਦੇ ਦੈਵੀ ਅਵਤਾਰ ਵਜੋਂ ਦੇਖਣ ਦੀ ਧਾਰਨਾ ਨੇ ਇੱਕ ਅਜਿਹੇ ਸੁਤੰਤਰਤਾ ਅੰਦੋਲਨ ਨੂੰ ਜਨਮ ਦਿੱਤਾ, ਜਿਸ ਵਿੱਚ ਪੁਰਸ਼ਾਂ ਅਤੇ ਔਰਤਾਂ ਦੋਵਾਂ ਨੂੰ ਬਰਾਬਰ ਸ਼ਾਮਲ ਕਰਨ ਦਾ ਸੰਕਲਪ ਲਿਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਨੇ ਭਾਰਤ ਨੂੰ ਇੱਕ ਵਾਰ ਫਿਰ ਇੱਕ ਅਜਿਹੇ ਰਾਸ਼ਟਰ ਦਾ ਸੁਪਨਾ ਦੇਖਣ ਦੇ ਯੋਗ ਬਣਾਇਆ ਜਿਸ ਵਿੱਚ ਮਹਿਲਾ ਸ਼ਕਤੀ ਰਾਸ਼ਟਰ ਨਿਰਮਾਣ ਵਿੱਚ ਸਭ ਤੋਂ ਅੱਗੇ ਹੋਵੇ।
ਸ਼੍ਰੀ ਮੋਦੀ ਨੇ ਕਿਹਾ ਕਿ ਵੰਦੇ ਮਾਤਰਮ, ਆਜ਼ਾਦੀ ਦੇ ਸ਼ਹੀਦਾਂ ਦਾ ਗੀਤ ਹੋਣ ਦੇ ਨਾਲ-ਨਾਲ ਸਾਨੂੰ ਉਸੇ ਆਜ਼ਾਦੀ ਦੀ ਰੱਖਿਆ ਕਰਨ ਲਈ ਪ੍ਰੇਰਿਤ ਵੀ ਕਰਦਾ ਹੈ। ਉਨ੍ਹਾਂ ਨੇ ਮਾਂ-ਭਾਰਤੀ ਨੂੰ ਗਿਆਨਦਾਇਨੀ ਸਰਸਵਤੀ, ਖ਼ੁਸ਼ਹਾਲੀ ਦੇਣ ਵਾਲੀ ਲਕਸ਼ਮੀ ਅਤੇ ਸ਼ਸਤਰ ਅਤੇ ਸ਼ਕਤੀ ਦੀ ਦੇਵੀ ਦੁਰਗਾ ਦਾ ਰੂਪ ਦੱਸਣ ਵਾਲੀ ਬੰਕਿਮ ਬਾਬੂ ਦੀ ਮੂਲ ਰਚਨਾ ਦੀਆਂ ਸਤਰਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਸਾਡਾ ਦ੍ਰਿਸ਼ਟੀਕੋਣ ਇੱਕ ਅਜਿਹੇ ਰਾਸ਼ਟਰ ਦੇ ਨਿਰਮਾਣ ਦਾ ਹੈ ਜੋ ਗਿਆਨ, ਵਿਗਿਆਨ ਅਤੇ ਤਕਨਾਲੋਜੀ ਵਿੱਚ ਮੋਹਰੀ ਹੋਵੇ; ਇੱਕ ਅਜਿਹਾ ਰਾਸ਼ਟਰ ਜੋ ਗਿਆਨ ਅਤੇ ਨਵੀਨਤਾ ਦੀ ਸ਼ਕਤੀ ਨਾਲ ਖ਼ੁਸ਼ਹਾਲ ਹੋਵੇ; ਅਤੇ ਇੱਕ ਅਜਿਹਾ ਰਾਸ਼ਟਰ ਜੋ ਰਾਸ਼ਟਰੀ ਸੁਰੱਖਿਆ ਦੇ ਮਾਮਲਿਆਂ ਵਿੱਚ ਆਤਮ-ਨਿਰਭਰ ਹੋਵੇ।
ਹਾਲ ਹੀ ਦੇ ਸਾਲਾਂ ਵਿੱਚ ਦੁਨੀਆ ਨੇ ਭਾਰਤ ਦੇ ਅਸਲ ਰੂਪ ਦਾ ਉਭਾਰ ਦੇਖਿਆ ਹੈ, ਇਸ ਗੱਲ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਦੀ ਬੇਮਿਸਾਲ ਤਰੱਕੀ ਅਤੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਵਜੋਂ ਇਸਦੇ ਉਭਰਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀਆਂ ਨੇ ਅੱਤਵਾਦ ਰਾਹੀਂ ਭਾਰਤ ਦੀ ਸੁਰੱਖਿਆ ਅਤੇ ਸਨਮਾਨ 'ਤੇ ਹਮਲਾ ਕਰਨ ਦੀ ਗੁਸਤਾਖੀ ਕੀਤੀ, ਤਾਂ ਦੁਨੀਆ ਨੇ ਦੇਖਿਆ ਕਿ ਨਵਾਂ ਭਾਰਤ ਮਨੁੱਖਤਾ ਦੀ ਸੇਵਾ ਵਿੱਚ ਕਮਲਾ ਅਤੇ ਵਿਮਲਾ ਦੀ ਭਾਵਨਾ ਦਾ ਪ੍ਰਤੀਕ ਤਾਂ ਹੈ ਹੀ, ਨਾਲ ਹੀ ਆਤੰਕ ਦੇ ਵਿਨਾਸ਼ ਲਈ ਦਸ ਹਥਿਆਰਾਂ ਦੀ ਧਾਰਕ ਦੁਰਗਾ ਬਣਨਾ ਵੀ ਜਾਣਦਾ ਹੈ।
ਵੰਦੇ ਮਾਤਰਮ ਨਾਲ ਜੁੜੇ ਇੱਕ ਹੋਰ ਅਹਿਮ ਪਹਿਲੂ ਬਾਰੇ ਗੱਲ ਕਰਦਿਆਂ ਅਤੇ ਇਸ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਵੰਦੇ ਮਾਤਰਮ ਦੀ ਭਾਵਨਾ ਨੇ ਸੁਤੰਤਰਤਾ ਸੰਗਰਾਮ ਦੌਰਾਨ ਪੂਰੇ ਦੇਸ਼ ਨੂੰ ਰੋਸ਼ਨ ਕੀਤਾ ਸੀ। ਹਾਲਾਂਕਿ, ਉਨ੍ਹਾਂ ਨੇ ਇਸ ਗੱਲ 'ਤੇ ਅਫ਼ਸੋਸ ਪ੍ਰਗਟ ਕੀਤਾ ਕਿ 1937 ਵਿੱਚ ਵੰਦੇ ਮਾਤਰਮ ਦੀ ਆਤਮਾ, ਇਸ ਦੇ ਮਹੱਤਵਪੂਰਨ ਛੰਦ ਨੂੰ ਵੱਖ ਕਰ ਦਿੱਤਾ ਗਿਆ। ਇਹ ਗੀਤ ਖੰਡਿਤ ਹੋ ਗਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸੇ ਵੰਡ ਨੇ ਦੇਸ਼ ਦੀ ਵੰਡ ਦੇ ਬੀਜ ਬੀਜੇ। ਪ੍ਰਧਾਨ ਮੰਤਰੀ ਨੇ ਸਵਾਲ ਚੁੱਕਿਆ ਕਿ ਇਸ ਮਹਾਨ ਰਾਸ਼ਟਰੀ ਮੰਤਰ ਨਾਲ ਅਜਿਹਾ ਅਨਿਆਂ ਕਿਉਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਇਸ ਇਤਿਹਾਸ ਨੂੰ ਸਮਝਣਾ ਹੋਵੇਗਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਹੀ ਵੰਡਕਾਰੀ ਮਾਨਸਿਕਤਾ ਅੱਜ ਵੀ ਰਾਸ਼ਟਰ ਲਈ ਚੁਣੌਤੀ ਬਣੀ ਹੋਈ ਹੈ।
ਇਸ ਸਦੀ ਨੂੰ ਭਾਰਤ ਦੀ ਸਦੀ ਬਣਾਉਣ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਇਸ ਨੂੰ ਹਾਸਲ ਕਰਨ ਦੀ ਤਾਕਤ ਭਾਰਤ ਅਤੇ ਉਸ ਦੇ ਲੋਕਾਂ ਵਿੱਚ ਸਮਾਈ ਹੋਈ ਹੈ। ਉਨ੍ਹਾਂ ਨੇ ਇਸ ਸੰਕਲਪ ਨੂੰ ਪੂਰਾ ਕਰਨ ਲਈ ਆਤਮ-ਵਿਸ਼ਵਾਸ ਦੀ ਲੋੜ 'ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਚਿਤਾਵਨੀ ਦਿੱਤੀ ਕਿ ਇਸ ਯਾਤਰਾ ਵਿੱਚ ਸਾਨੂੰ ਉਨ੍ਹਾਂ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ ਜੋ ਸਾਨੂੰ ਗੁਮਰਾਹ ਕਰਨਾ ਚਾਹੁੰਦੇ ਹਨ ਅਤੇ ਨਕਾਰਾਤਮਕ ਮਾਨਸਿਕਤਾ ਵਾਲੇ ਲੋਕ ਜੋ ਸ਼ੱਕ ਅਤੇ ਸੰਕੋਚ ਦਾ ਬੀਜ ਬੀਜਣ ਦੀ ਕੋਸ਼ਿਸ਼ ਕਰਨਗੇ। ਅਜਿਹੇ ਪਲਾਂ ਵਿੱਚ ਉਨ੍ਹਾਂ ਨੇ ਰਾਸ਼ਟਰ ਨੂੰ ‘ਆਨੰਦਮਠ’ ਦੇ ਉਸ ਪ੍ਰਸੰਗ ਨੂੰ ਯਾਦ ਕਰਨ ਦੀ ਅਪੀਲ ਕੀਤੀ, ਜਿੱਥੇ ਭਵਾਨੰਦ ਵੰਦੇ ਮਾਤਰਮ ਗਾਉਂਦੇ ਹਨ ਅਤੇ ਇੱਕ ਹੋਰ ਪਾਤਰ ਸਵਾਲ ਕਰਦਾ ਹੈ ਕਿ ਇਕੱਲਾ ਵਿਅਕਤੀ ਕੀ ਹਾਸਲ ਕਰ ਸਕਦਾ ਹੈ। ਓਦੋਂ ਵੰਦੇ ਮਾਤਰਮ ਤੋਂ ਪ੍ਰੇਰਨਾ ਮਿਲਦੀ ਹੈ - ਕਰੋੜਾਂ ਬੱਚਿਆਂ ਅਤੇ ਕਰੋੜਾਂ ਹੱਥਾਂ ਵਾਲੀ ਮਾਂ ਕਦੇ ਸ਼ਕਤੀਹੀਣ ਕਿਵੇਂ ਹੋ ਸਕਦੀ ਹੈ? ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਮਾਤਾ ਕੋਲ 140 ਕਰੋੜ ਬੱਚੇ ਅਤੇ 280 ਕਰੋੜ ਹੱਥ ਹਨ, ਜਿਨ੍ਹਾਂ ਵਿੱਚੋਂ 60 ਪ੍ਰਤੀਸ਼ਤ ਤੋਂ ਵੱਧ ਨੌਜਵਾਨ ਹਨ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ ਕੋਲ ਦੁਨੀਆ ਦਾ ਸਭ ਤੋਂ ਵੱਡਾ ਅਬਾਦੀ ਲਾਭ ਹੈ, ਜੋ ਸਾਡੇ ਰਾਸ਼ਟਰ ਅਤੇ ਮਾਂ ਭਾਰਤੀ ਦੀ ਸ਼ਕਤੀ ਹੈ। ਸ਼੍ਰੀ ਮੋਦੀ ਨੇ ਪੁੱਛਿਆ ਕਿ ਅੱਜ ਸਾਡੇ ਲਈ ਅਸਲ ਵਿੱਚ ਕੀ ਅਸੰਭਵ ਹੈ? ਵੰਦੇ ਮਾਤਰਮ ਦੇ ਮੂਲ ਸੁਪਨੇ ਨੂੰ ਪੂਰਾ ਕਰਨ ਤੋਂ ਸਾਨੂੰ ਕੌਣ ਰੋਕ ਸਕਦਾ ਹੈ?
ਇਸ ਗੱਲ ਨੂੰ ਉਭਾਰਦਿਆਂ ਕਿ ਅੱਜ ਜਦੋਂ ਆਤਮ-ਨਿਰਭਰ ਭਾਰਤ ਦਾ ਦ੍ਰਿਸ਼ਟੀਕੋਣ ਸਫ਼ਲ ਹੋ ਰਿਹਾ ਹੈ, ਜਦੋਂ ਰਾਸ਼ਟਰ ‘ਮੇਕ ਇਨ ਇੰਡੀਆ’ ਦੇ ਸੰਕਲਪ ਨਾਲ ਅੱਗੇ ਵੱਧ ਰਿਹਾ ਹੈ ਅਤੇ ਜਦੋਂ ਅਸੀਂ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਵੱਲ ਨਿਰੰਤਰ ਵੱਧ ਰਹੇ ਹਾਂ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਬੇਮਿਸਾਲ ਯੁੱਗ ਵਿੱਚ ਹਰ ਨਵੀਂ ਪ੍ਰਾਪਤੀ, ਸਹਿਜ ਨਾਅਰੇ - ਵੰਦੇ ਮਾਤਰਮ - ਨੂੰ ਜਨਮ ਦਿੰਦੀ ਹੈ! ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਜਦੋਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣਦਾ ਹੈ, ਜਦੋਂ ਨਵੇਂ ਭਾਰਤ ਦੀ ਗੂੰਜ ਪੁਲਾੜ ਦੇ ਦੂਰ-ਦੁਰਾਡੇ ਕੋਨੇ ਤੱਕ ਪਹੁੰਚਦੀ ਹੈ, ਤਾਂ ਹਰ ਨਾਗਰਿਕ ਮਾਣ ਨਾਲ ਕਹਿੰਦਾ ਹੈ - ਵੰਦੇ ਮਾਤਰਮ! ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜਦੋਂ ਅਸੀਂ ਆਪਣੀਆਂ ਧੀਆਂ ਨੂੰ ਪੁਲਾੜ ਤਕਨਾਲੋਜੀ ਤੋਂ ਲੈ ਕੇ ਖੇਡਾਂ ਤੱਕ ਦੇ ਖੇਤਰਾਂ ਵਿੱਚ ਸਿਖਰ 'ਤੇ ਪਹੁੰਚਦੇ ਦੇਖਦੇ ਹਾਂ, ਜਦੋਂ ਅਸੀਂ ਉਨ੍ਹਾਂ ਨੂੰ ਲੜਾਕੂ ਜਹਾਜ਼ ਉਡਾਉਂਦੇ ਹੋਏ ਦੇਖਦੇ ਹਾਂ, ਤਾਂ ਹਰ ਮਾਣਮੱਤੇ ਭਾਰਤੀ ਦਾ ਨਾਅਰਾ - ਵੰਦੇ ਮਾਤਰਮ – ਗੂੰਜ ਉੱਠਦਾ ਹੈ!
ਵਨ ਰੈਂਕ ਵਨ ਪੈਨਸ਼ਨ ਦੇ ਲਾਗੂ ਹੋਣ ਦੇ 11 ਸਾਲ ਪੂਰੇ ਹੋਣ ਦਾ ਜ਼ਿਕਰ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਸਾਡੀਆਂ ਹਥਿਆਰਬੰਦ ਸੈਨਾਵਾਂ ਦੁਸ਼ਮਣ ਦੇ ਨਾਪਾਕ ਇਰਾਦਿਆਂ ਨੂੰ ਕੁਚਲ ਦਿੰਦੀਆਂ ਹਨ, ਜਦੋਂ ਅੱਤਵਾਦ, ਨਕਸਲਵਾਦ ਅਤੇ ਮਾਓਵਾਦੀ ਉਗਰਵਾਦ ਨੂੰ ਨਿਰਨਾਇਕ ਤੌਰ 'ਤੇ ਹਰਾ ਦਿੱਤਾ ਜਾਂਦਾ ਹੈ ਤਾਂ ਸਾਡੀਆਂ ਸੁਰੱਖਿਆ ਬਲਾਂ ਐਲਾਨ ਕਰਦੀਆਂ ਹਨ - ਵੰਦੇ ਮਾਤਰਮ!
ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਮਾਂ-ਭਾਰਤੀ ਪ੍ਰਤੀ ਸ਼ਰਧਾ ਦੀ ਇਹ ਭਾਵਨਾ ਸਾਨੂੰ ਇੱਕ ਵਿਕਸਿਤ ਭਾਰਤ ਦੇ ਟੀਚੇ ਵੱਲ ਲੈ ਜਾਵੇਗੀ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਵੰਦੇ ਮਾਤਰਮ ਦਾ ਮੰਤਰ ਇਸ ਅੰਮ੍ਰਿਤ ਕਾਲ ਦੀ ਯਾਤਰਾ ਵਿੱਚ ਮਾਂ ਭਾਰਤੀ ਦੀਆਂ ਅਣਗਿਣਤ ਸੰਤਾਨਾਂ ਨੂੰ ਸਸ਼ਕਤ ਅਤੇ ਪ੍ਰੇਰਿਤ ਕਰਦਾ ਰਹੇਗਾ। ਅੰਤ ਵਿੱਚ ਉਨ੍ਹਾਂ ਨੇ ਇੱਕ ਵਾਰ ਫਿਰ ਸਾਰੇ ਦੇਸ਼ ਵਾਸੀਆਂ ਨੂੰ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ।
ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਦਿੱਲੀ ਦੇ ਉੱਪ ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੈਨਾ, ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਇਸ ਮੌਕੇ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ। ਇਹ ਪ੍ਰੋਗਰਾਮ 7 ਨਵੰਬਰ, 2025 ਤੋਂ 7 ਨਵੰਬਰ, 2026 ਤੱਕ ਸਾਲ ਭਰ ਚੱਲਣ ਵਾਲੇ ਦੇਸ਼-ਵਿਆਪੀ ਯਾਦਗਾਰੀ ਸਮਾਗਮ ਦਾ ਰਸਮੀ ਸ਼ੁਭ ਸ਼ੁਰੂਆਤ ਹੈ। ਇਹ ਭਾਰਤ ਦੇ ਸੁਤੰਤਰਤਾ ਅੰਦੋਲਨ ਨੂੰ ਪ੍ਰੇਰਿਤ ਕਰਨ ਅਤੇ ਅੱਜ ਵੀ ਰਾਸ਼ਟਰੀ ਗੌਰਵ ਅਤੇ ਏਕਤਾ ਦੀ ਜੋਤ ਜਗਾਉਣ ਵਾਲੀ ਸਦੀਵੀ ਰਚਨਾ ਦੇ 150 ਸਾਲ ਪੂਰੇ ਹੋਣ ਦਾ ਜਸ਼ਨ ਹੈ।
ਸਮਾਗਮ ਵਿੱਚ ਮੁੱਖ ਪ੍ਰੋਗਰਾਮ ਦੇ ਨਾਲ-ਨਾਲ ਸਮਾਜ ਦੇ ਸਾਰੇ ਵਰਗਾਂ ਦੇ ਨਾਗਰਿਕਾਂ ਦੀ ਹਿੱਸੇਦਾਰੀ ਨਾਲ ਜਨਤਕ ਥਾਵਾਂ 'ਤੇ ‘ਵੰਦੇ ਮਾਤਰਮ’ ਦੇ ਪੂਰੇ ਸੰਸਕਰਨ ਦਾ ਸਮੂਹਿਕ ਗਾਇਨ ਕੀਤਾ ਗਿਆ।
ਸਾਲ 2025 ਵਿੱਚ ਅੱਜ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋ ਰਹੇ ਹਨ। ਬੰਕਿਮਚੰਦਰ ਚੈਟਰਜੀ ਨੇ ਸਾਡੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੀ ਰਚਨਾ 7 ਨਵੰਬਰ, 1875 ਨੂੰ ਅਕਸ਼ੈ ਨੌਮੀ ਦੇ ਪਵਿੱਤਰ ਮੌਕੇ 'ਤੇ ਕੀਤੀ ਸੀ। ਵੰਦੇ ਮਾਤਰਮ ਪਹਿਲੀ ਵਾਰ ਸਾਹਿਤਕ ਪੱਤ੍ਰਿਕਾ ‘ਬੰਗਦਰਸ਼ਨ’ ਵਿੱਚ ਉਨ੍ਹਾਂ ਦੇ ਨਾਵਲ ‘ਆਨੰਦਮਠ’ ਦੇ ਇੱਕ ਅੰਸ਼ ਵਜੋਂ ਪ੍ਰਕਾਸ਼ਿਤ ਹੋਇਆ ਸੀ। ਮਾਤ-ਭੂਮੀ ਨੂੰ ਸ਼ਕਤੀ, ਖ਼ੁਸ਼ਹਾਲੀ ਅਤੇ ਅਲੌਕਿਕਤਾ ਦਾ ਪ੍ਰਤੀਕ ਦੱਸਦਿਆਂ ਇਸ ਗੀਤ ਨੇ ਭਾਰਤ ਦੀ ਏਕਤਾ ਅਤੇ ਸਵੈ-ਮਾਣ ਦੀ ਜਾਗ੍ਰਿਤ ਭਾਵਨਾ ਨੂੰ ਕਾਵਿਕ ਪ੍ਰਗਟਾਵਾ ਪ੍ਰਦਾਨ ਕੀਤਾ ਅਤੇ ਜਲਦੀ ਹੀ ਇਹ ਰਾਸ਼ਟਰ ਭਗਤੀ ਦਾ ਸਥਾਈ ਪ੍ਰਤੀਕ ਬਣ ਗਿਆ।
<\center>
************
ਐੱਮਜੇਪੀਐੱਸ/ਐੱਸਆਰ
(Release ID: 2188202)
Visitor Counter : 10
Read this release in:
Marathi
,
Tamil
,
Khasi
,
English
,
Urdu
,
हिन्दी
,
Nepali
,
Bengali
,
Manipuri
,
Assamese
,
Gujarati
,
Odia
,
Telugu
,
Kannada
,
Malayalam