ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਨਵਾ ਰਾਏਪੁਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ
ਅੱਜ ਛੱਤੀਸਗੜ੍ਹ ਆਪਣੀਆਂ ਇੱਛਾਵਾਂ ਦੇ ਇੱਕ ਨਵੇਂ ਸਿਖਰ 'ਤੇ ਖੜ੍ਹਾ ਹੈ; ਇਸ ਮਾਣਮੱਤੇ ਮੌਕੇ 'ਤੇ ਮੈਂ ਉਸ ਦੂਰਦਰਸ਼ੀ ਅਤੇ ਹਮਦਰਦ ਨੇਤਾ - ਭਾਰਤ ਰਤਨ, ਸਤਿਕਾਰਯੋਗ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਦੇ ਦ੍ਰਿਸ਼ਟੀਕੋਣ ਨੇ ਇਸ ਸੂਬੇ ਦਾ ਨਿਰਮਾਣ ਕੀਤਾ: ਪ੍ਰਧਾਨ ਮੰਤਰੀ
ਅੱਜ ਪੂਰਾ ਦੇਸ਼ ਵਿਰਾਸਤ ਅਤੇ ਵਿਕਾਸ ਦੋਵਾਂ ਨੂੰ ਇਕੱਠੇ ਲੈ ਕੇ ਅੱਗੇ ਵਧ ਰਿਹਾ ਹੈ: ਸ਼੍ਰੀ ਮੋਦੀ
ਭਾਰਤ ਲੋਕਤੰਤਰ ਦੀ ਮਾਂ ਹੈ: ਪ੍ਰਧਾਨ ਮੰਤਰੀ
ਭਾਰਤ ਹੁਣ ਨਕਸਲਵਾਦ ਅਤੇ ਮਾਓਵਾਦੀ ਅੱਤਵਾਦ ਨੂੰ ਖ਼ਤਮ ਕਰਨ ਵੱਲ ਵਧ ਰਿਹਾ ਹੈ: ਸ਼੍ਰੀ ਮੋਦੀ
ਇਹ ਵਿਧਾਨ ਸਭਾ ਸਿਰਫ਼ ਕਾਨੂੰਨ ਬਣਾਉਣ ਦੀ ਥਾਂ ਨਹੀਂ ਹੈ, ਸਗੋਂ ਛੱਤੀਸਗੜ੍ਹ ਦੀ ਕਿਸਮਤ ਨੂੰ ਆਕਾਰ ਦੇਣ ਲਈ ਇੱਕ ਜੀਵਤ ਕੇਂਦਰ ਹੈ: ਪ੍ਰਧਾਨ ਮੰਤਰੀ
Posted On:
01 NOV 2025 2:59PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਨਵਾ ਰਾਏਪੁਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ ਮੌਜੂਦ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਛੱਤੀਸਗੜ੍ਹ ਦੀ ਵਿਕਾਸ ਯਾਤਰਾ ਦੀ ਸੁਨਹਿਰੀ ਸ਼ੁਰੂਆਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਨਿੱਜੀ ਤੌਰ 'ਤੇ ਬਹੁਤ ਖ਼ੁਸ਼ੀ ਦਾ ਅਤੇ ਮਹੱਤਵਪੂਰਨ ਦਿਨ ਹੈ। ਉਨ੍ਹਾਂ ਨੇ ਇਸ ਧਰਤੀ ਨਾਲ ਆਪਣੇ ਡੂੰਘੇ ਭਾਵਨਾਤਮਕ ਸਬੰਧ ਦਾ ਜ਼ਿਕਰ ਕੀਤਾ ਜੋ ਕਈ ਦਹਾਕਿਆਂ ਦਾ ਸਬੰਧ ਹੈ। ਇੱਕ ਪਾਰਟੀ ਵਰਕਰ ਵਜੋਂ ਇੱਥੇ ਬਿਤਾਏ ਆਪਣੇ ਸਮੇਂ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਛੱਤੀਸਗੜ੍ਹ ਵਿੱਚ ਬਹੁਤ ਸਮਾਂ ਬਿਤਾਇਆ ਅਤੇ ਬਹੁਤ ਕੁਝ ਸਿੱਖਿਆ। ਉਨ੍ਹਾਂ ਨੇ ਛੱਤੀਸਗੜ੍ਹ ਦੇ ਦ੍ਰਿਸ਼ਟੀਕੋਣ, ਇਸ ਨੂੰ ਬਣਾਉਣ ਦੇ ਸੰਕਲਪ ਅਤੇ ਉਸ ਸੰਕਲਪ ਦੀ ਪੂਰਤੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਛੱਤੀਸਗੜ੍ਹ ਦੇ ਪਰਿਵਰਤਨ ਦੇ ਹਰ ਪਲ ਦੇ ਗਵਾਹ ਰਹੇ ਹੈ। ਛੱਤੀਸਗੜ੍ਹ ਦੇ ਗਠਨ ਦੀ 25 ਸਾਲਾਂ ਦੀ ਯਾਤਰਾ ਦੇ ਇੱਕ ਮਹੱਤਵਪੂਰਨ ਪੜਾਅ ਅਤੇ ਇਸ ਪਲ ਦਾ ਹਿੱਸਾ ਬਣਨ ਦੇ ਮੌਕੇ ਲਈ ਉਨ੍ਹਾਂ ਨੇ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਸਿਲਵਰ ਜੁਬਲੀ ਸਮਾਗਮ ਦੇ ਮੌਕੇ 'ਤੇ ਕਿਹਾ ਕਿ ਸੂਬੇ ਦੇ ਲੋਕਾਂ ਲਈ ਨਵੀਂ ਵਿਧਾਨ ਸਭਾ ਇਮਾਰਤ ਦਾ ਉਦਘਾਟਨ ਕਰਨਾ ਉਨ੍ਹਾਂ ਲਈ ਇੱਕ ਸਨਮਾਨ ਦੀ ਗੱਲ ਹੈ। ਉਨ੍ਹਾਂ ਨੇ ਇਸ ਮੌਕੇ 'ਤੇ ਛੱਤੀਸਗੜ੍ਹ ਦੇ ਲੋਕਾਂ ਅਤੇ ਸੂਬਾ ਸਰਕਾਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ।
ਸ਼੍ਰੀ ਮੋਦੀ ਨੇ ਕਿਹਾ, “ਇਹ ਸਾਲ, 2025, ਭਾਰਤੀ ਗਣਰਾਜ ਦਾ ਅੰਮ੍ਰਿਤ ਵਰ੍ਹਾ ਹੈ, ਜੋ ਭਾਰਤ ਵੱਲੋਂ ਆਪਣੇ ਨਾਗਰਿਕਾਂ ਨੂੰ ਆਪਣਾ ਸੰਵਿਧਾਨ ਸਮਰਪਿਤ ਕੀਤੇ ਜਾਣ ਦੇ 75 ਸਾਲ ਪੂਰੇ ਹੋਣ ਦੀ ਯਾਦ ਦਿਵਾਉਂਦਾ ਹੈ।” ਇਸ ਇਤਿਹਾਸਕ ਮੌਕੇ 'ਤੇ ਉਨ੍ਹਾਂ ਨੇ ਇਸ ਖੇਤਰ ਦੇ ਸੰਵਿਧਾਨ ਸਭਾ ਦੇ ਪ੍ਰਸਿੱਧ ਮੈਂਬਰਾਂ - ਸ਼੍ਰੀ ਰਵੀਸ਼ੰਕਰ ਸ਼ੁਕਲਾ, ਬੈਰਿਸਟਰ ਠਾਕੁਰ ਛੇਦੀਲਾਲ, ਸ਼੍ਰੀ ਘਣਸ਼ਿਆਮ ਸਿੰਘ ਗੁਪਤਾ, ਸ਼੍ਰੀ ਕਿਸ਼ੋਰੀ ਮੋਹਨ ਤ੍ਰਿਪਾਠੀ, ਸ਼੍ਰੀ ਰਾਮਪ੍ਰਸਾਦ ਪੋਟਾਈ ਅਤੇ ਸ਼੍ਰੀ ਰਘੂਰਾਜ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਉਸ ਸਮੇਂ ਖੇਤਰ ਦੇ ਪਛੜੇਪਣ ਦੇ ਬਾਵਜੂਦ, ਦਿੱਲੀ ਪਹੁੰਚ ਕੇ ਬਾਬਾ ਸਾਹਿਬ ਅੰਬੇਦਕਰ ਦੀ ਅਗਵਾਈ ਹੇਠ ਸੰਵਿਧਾਨ ਦੇ ਖਰੜੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਛੱਤੀਸਗੜ੍ਹ ਦੇ ਇਤਿਹਾਸ ਦਾ ਇੱਕ ਸੁਨਹਿਰੀ ਅਧਿਆਇ ਹੈ। ਸ਼ਾਨਦਾਰ ਅਤੇ ਆਧੁਨਿਕ ਵਿਧਾਨ ਸਭਾ ਇਮਾਰਤ ਦੇ ਉਦਘਾਟਨ ਦੇ ਮੌਕੇ ’ਤੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਇੱਕ ਇਮਾਰਤ ਲਈ ਇੱਕ ਸਮਾਰੋਹ ਨਹੀਂ ਹੈ, ਸਗੋਂ 25 ਸਾਲਾਂ ਦੀਆਂ ਲੋਕਾਂ ਦੀਆਂ ਇੱਛਾਵਾਂ, ਸੰਘਰਸ਼ ਅਤੇ ਮਾਣ ਦਾ ਜਸ਼ਨ ਹੈ। ਸ਼੍ਰੀ ਮੋਦੀ ਨੇ ਕਿਹਾ "ਅੱਜ ਛੱਤੀਸਗੜ੍ਹ ਆਪਣੀਆਂ ਇੱਛਾਵਾਂ ਦੇ ਇੱਕ ਨਵੇਂ ਸਿਖਰ 'ਤੇ ਖੜ੍ਹਾ ਹੈ।" ਇਸ ਮਾਣਮੱਤੇ ਮੌਕੇ 'ਤੇ ਮੈਂ ਉਸ ਦੂਰਦਰਸ਼ੀ ਅਤੇ ਹਮਦਰਦ ਨੇਤਾ - ਭਾਰਤ ਰਤਨ, ਸਤਿਕਾਰਯੋਗ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਜਿਨ੍ਹਾਂ ਦੇ ਦ੍ਰਿਸ਼ਟੀਕੋਣ ਨੇ ਇਸ ਸੂਬਾ ਦੀ ਸਿਰਜਣਾ ਕੀਤੀ।" ਉਨ੍ਹਾਂ ਨੇ ਯਾਦ ਦਿਵਾਇਆ ਕਿ ਜਦੋਂ ਅਟਲ ਜੀ ਨੇ ਸਾਲ 2000 ਵਿੱਚ ਛੱਤੀਸਗੜ੍ਹ ਸੂਬਾ ਦਾ ਗਠਨ ਕੀਤਾ ਸੀ, ਤਾਂ ਇਹ ਸਿਰਫ਼ ਇੱਕ ਪ੍ਰਸ਼ਾਸਨਿਕ ਫੈਸਲਾ ਨਹੀਂ ਸੀ, ਸਗੋਂ ਵਿਕਾਸ ਦੇ ਨਵੇਂ ਰਸਤੇ ਖੋਲ੍ਹਣ ਅਤੇ ਛੱਤੀਸਗੜ੍ਹ ਦੀ ਆਤਮਾ ਨੂੰ ਪਛਾਣਨ ਵੱਲ ਇੱਕ ਕਦਮ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵਿਧਾਨ ਸਭਾ ਇਮਾਰਤ ਦੇ ਉਦਘਾਟਨ ਦੇ ਨਾਲ ਹੀ ਅਟਲ ਜੀ ਦੇ ਬੁੱਤ ਦਾ ਉਦਘਾਟਨ ਵੀ ਹੋਇਆ ਹੈ ਅਤੇ ਮਨ ਕੁਦਰਤੀ ਤੌਰ 'ਤੇ ਕਹਿ ਰਿਹਾ ਹੈ, "ਅਟਲ ਜੀ ਦੇਖੋ ਤੁਹਾਡਾ ਸੁਪਨਾ ਸੱਚ ਹੋ ਰਿਹਾ ਹੈ। ਜਿਸ ਛੱਤੀਸਗੜ੍ਹ ਦੀ ਤੁਸੀਂ ਕਲਪਨਾ ਕੀਤੀ ਸੀ ਉਹ ਹੁਣ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ।"
ਸ਼੍ਰੀ ਮੋਦੀ ਨੇ ਛੱਤੀਸਗੜ੍ਹ ਵਿਧਾਨ ਸਭਾ ਦੇ ਇਤਿਹਾਸ ਨੂੰ ਆਪਣੇ ਆਪ ਵਿੱਚ ਪ੍ਰੇਰਨਾ ਦਾ ਸਰੋਤ ਦੱਸਦੇ ਹੋਏ ਯਾਦ ਦਿਵਾਇਆ ਕਿ ਜਦੋਂ ਇਸ ਸੁੰਦਰ ਸੂਬਾ ਦੀ ਸਥਾਪਨਾ ਸਾਲ 2000 ਵਿੱਚ ਹੋਈ ਸੀ ਤਾਂ ਪਹਿਲਾ ਵਿਧਾਨ ਸਭਾ ਸੈਸ਼ਨ ਰਾਏਪੁਰ ਦੇ ਰਾਜਕੁਮਾਰ ਕਾਲਜ ਦੇ ਜਸ਼ਪੁਰ ਹਾਲ ਵਿੱਚ ਹੋਇਆ ਸੀ। ਉਹ ਸੀਮਿਤ ਸਰੋਤਾਂ ਅਤੇ ਬੇਸ਼ੁਮਾਰ ਸੁਪਨਿਆਂ ਦਾ ਸਮਾਂ ਸੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਇੱਕੋ ਇੱਕ ਭਾਵਨਾ ਸੀ, "ਅਸੀਂ ਆਪਣੀ ਕਿਸਮਤ ਨੂੰ ਤੇਜ਼ ਰਫ਼ਤਾਰ ਨਾਲ ਰੌਸ਼ਨ ਕਰਾਂਗੇ।" ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬਾਅਦ ਵਿੱਚ ਬਣਾਈ ਗਈ ਵਿਧਾਨ ਸਭਾ ਇਮਾਰਤ ਅਸਲ ਵਿੱਚ ਕਿਸੇ ਹੋਰ ਵਿਭਾਗ ਦਾ ਕੈਂਪਸ ਸੀ ਅਤੇ ਉੱਥੋਂ ਛੱਤੀਸਗੜ੍ਹ ਵਿੱਚ ਲੋਕਤੰਤਰ ਦੀ ਯਾਤਰਾ ਨਵੀਂ ਊਰਜਾ ਨਾਲ ਸ਼ੁਰੂ ਹੋਈ। ਉਨ੍ਹਾਂ ਨੇ ਕਿਹਾ ਇਸ ਗੱਲ ਦਾ ਜ਼ਿਕਰ ਕੀਤਾ ਕਿ ਅੱਜ 25 ਸਾਲਾਂ ਬਾਅਦ ਉਹੀ ਲੋਕਤੰਤਰ ਅਤੇ ਉਹੀ ਲੋਕ ਇੱਕ ਆਧੁਨਿਕ, ਡਿਜੀਟਲ ਅਤੇ ਸਵੈ-ਨਿਰਭਰ ਵਿਧਾਨ ਸਭਾ ਇਮਾਰਤ ਦਾ ਉਦਘਾਟਨ ਕਰ ਰਹੇ ਹਨ।
ਵਿਧਾਨ ਸਭਾ ਦੀ ਇਮਾਰਤ ਨੂੰ ਲੋਕਤੰਤਰ ਦਾ ਤੀਰਥ ਸਥਾਨ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਹਰ ਥੰਮ੍ਹ ਪਾਰਦਰਸ਼ਤਾ ਦਾ ਪ੍ਰਤੀਕ ਹੈ। ਹਰ ਗਲਿਆਰਾ ਸਾਨੂੰ ਜਵਾਬਦੇਹੀ ਦੀ ਯਾਦ ਦਿਵਾਉਂਦਾ ਹੈ ਅਤੇ ਹਰ ਚੈਂਬਰ ਲੋਕਾਂ ਦੀ ਆਵਾਜ਼ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਲਏ ਗਏ ਫੈਸਲੇ ਆਉਣ ਵਾਲੇ ਦਹਾਕਿਆਂ ਲਈ ਛੱਤੀਸਗੜ੍ਹ ਦੀ ਕਿਸਮਤ ਨੂੰ ਆਕਾਰ ਦੇਣਗੇ ਅਤੇ ਇਨ੍ਹਾਂ ਕੰਧਾਂ ਦੇ ਅੰਦਰ ਬੋਲਿਆ ਗਿਆ ਹਰ ਸ਼ਬਦ ਸੂਬਾ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦਾ ਇੱਕ ਅਨਿੱਖੜਵਾਂ ਅੰਗ ਬਣ ਜਾਵੇਗਾ। ਸ਼੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਇਮਾਰਤ ਆਉਣ ਵਾਲੇ ਦਹਾਕਿਆਂ ਲਈ ਛੱਤੀਸਗੜ੍ਹ ਦੀ ਨੀਤੀ, ਕਿਸਮਤ ਅਤੇ ਨੀਤੀ-ਨਿਰਮਾਣ ਦੇ ਕੇਂਦਰ ਵਜੋਂ ਕੰਮ ਕਰੇਗੀ।
ਪ੍ਰਧਾਨ ਮੰਤਰੀ ਨੇ ਕਿਹਾ, "ਅੱਜ, ਪੂਰਾ ਦੇਸ਼ ਵਿਰਾਸਤ ਅਤੇ ਵਿਕਾਸ ਦੋਵਾਂ ਨੂੰ ਨਾਲ ਲੈ ਕੇ ਅੱਗੇ ਵਧ ਰਿਹਾ ਹੈ।" ਇਹ ਭਾਵਨਾ ਸਰਕਾਰ ਦੀ ਹਰ ਨੀਤੀ ਅਤੇ ਫੈਸਲੇ ਵਿੱਚ ਝਲਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪਵਿੱਤਰ ਸੇਂਗੋਲ ਹੁਣ ਭਾਰਤੀ ਸੰਸਦ ਨੂੰ ਪ੍ਰੇਰਿਤ ਕਰਦਾ ਹੈ ਅਤੇ ਸੰਸਦ ਦੀਆਂ ਨਵੀਆਂ ਗੈਲਰੀਆਂ ਦੁਨੀਆ ਨੂੰ ਭਾਰਤ ਦੇ ਲੋਕਤੰਤਰ ਦੀਆਂ ਪ੍ਰਾਚੀਨ ਜੜ੍ਹਾਂ ਨਾਲ ਜੋੜਦੀਆਂ ਹਨ। ਸੰਸਦ ਕੰਪਲੈਕਸ ਵਿੱਚ ਸਥਾਪਿਤ ਬੁੱਤ ਦੁਨੀਆ ਨੂੰ ਭਾਰਤ ਦੀਆਂ ਲੋਕਤੰਤਰੀ ਪਰੰਪਰਾਵਾਂ ਦੀ ਡੂੰਘਾਈ ਤੋਂ ਜਾਣੂ ਕਰਵਾਉਂਦੀਆਂ ਹਨ। ਖ਼ੁਸ਼ੀ ਪ੍ਰਗਟ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਾਵਨਾ ਨਵੀਂ ਛੱਤੀਸਗੜ੍ਹ ਵਿਧਾਨ ਸਭਾ ਵਿੱਚ ਵੀ ਝਲਕਦੀ ਹੈ। ਉਨ੍ਹਾਂ ਨੇ ਕਿਹਾ ਕਿ ਨਵਾਂ ਵਿਧਾਨ ਸਭਾ ਕੰਪਲੈਕਸ ਸੂਬਾ ਦੇ ਖ਼ੁਸ਼ਹਾਲ ਸਭਿਆਚਾਰਕ ਵਿਰਾਸਤ ਦਾ ਪ੍ਰਤੀਬਿੰਬ ਹੈ। ਇਸ ਵਿਧਾਨ ਸਭਾ ਦਾ ਹਰ ਤੱਤ ਛੱਤੀਸਗੜ੍ਹ ਦੀ ਧਰਤੀ 'ਤੇ ਜੰਮੀਆਂ ਮਹਾਨ ਸ਼ਖ਼ਸੀਅਤਾਂ ਦੀ ਪ੍ਰੇਰਨਾ ਨਾਲ ਭਰਪੂਰ ਹੈ। ਉਨ੍ਹਾਂ ਨੇ ਕਿਹਾ ਕਿ ਗ਼ਰੀਬਾਂ ਨੂੰ ਤਰਜੀਹ ਦੇਣਾ ਅਤੇ "ਸਬਕਾ ਸਾਥ, ਸਬਕਾ ਵਿਕਾਸ" ਦਾ ਸਿਧਾਂਤ ਉਨ੍ਹਾਂ ਦੀ ਸਰਕਾਰ ਦੇ ਸੁਸ਼ਾਸਨ ਦੀ ਪਹਿਚਾਣ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤੀ ਸੰਵਿਧਾਨ ਅਤੇ ਸਾਡੇ ਮਹਾਨ ਨੇਤਾਵਾਂ, ਰਿਸ਼ੀਆਂ ਅਤੇ ਚਿੰਤਕਾਂ ਵੱਲੋਂ ਦਿੱਤੀਆਂ ਗਈਆਂ ਕਦਰਾਂ-ਕੀਮਤਾਂ ਦੀ ਭਾਵਨਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਨਵੀਂ ਵਿਧਾਨ ਸਭਾ ਇਮਾਰਤ ਦਾ ਨਿਰੀਖਣ ਕਰਦੇ ਸਮੇਂ, ਉਨ੍ਹਾਂ ਨੂੰ ਬਸਤਰ ਕਲਾ ਦੀ ਇੱਕ ਸੁੰਦਰ ਝਲਕ ਦਿਖਾਈ ਦਿੱਤੀ। ਉਨ੍ਹਾਂ ਨੇ ਯਾਦ ਕੀਤਾ ਕਿ ਕੁਝ ਮਹੀਨੇ ਪਹਿਲਾਂ, ਉਨ੍ਹਾਂ ਨੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੂੰ ਉਹੀ ਬਸਤਰ ਕਲਾ ਭੇਟ ਕੀਤੀ ਸੀ, ਇਸ ਨੂੰ ਭਾਰਤ ਦੀ ਰਚਨਾਤਮਕਤਾ ਅਤੇ ਸਭਿਆਚਾਰਕ ਤਾਕਤ ਦਾ ਪ੍ਰਤੀਕ ਦੱਸਿਆ ਸੀ।
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਇਮਾਰਤ ਦੀਆਂ ਕੰਧਾਂ ਬਾਬਾ ਗੁਰੂ ਘਾਸੀਦਾਸ ਜੀ ਦੇ ਸੰਦੇਸ਼ ਨੂੰ ਦਰਸਾਉਂਦੀਆਂ ਹਨ, ਜੋ ਸਮਾਵੇਸ਼, ਸਾਰਿਆਂ ਲਈ ਵਿਕਾਸ ਅਤੇ ਸਾਰਿਆਂ ਲਈ ਸਤਿਕਾਰ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰੇਕ ਦਰਵਾਜ਼ਾ ਮਾਤਾ ਸ਼ਬਰੀ ਵੱਲੋਂ ਸਿਖਾਈ ਗਈ ਗਰਮਜੋਸ਼ੀ ਨੂੰ ਦਰਸਾਉਂਦਾ ਹੈ, ਜੋ ਸਾਨੂੰ ਹਰ ਮਹਿਮਾਨ ਅਤੇ ਨਾਗਰਿਕ ਦਾ ਨਿੱਘਾ ਸਵਾਗਤ ਕਰਨ ਦੀ ਯਾਦ ਦਿਵਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭਾ ਵਿੱਚ ਹਰੇਕ ਕੁਰਸੀ ਸੰਤ ਕਬੀਰ ਵੱਲੋਂ ਸਿਖਾਈ ਗਈ ਸਚਾਈ ਅਤੇ ਨਿਡਰਤਾ ਦੀ ਭਾਵਨਾ ਦਾ ਪ੍ਰਤੀਕ ਹੈ। ਇਸ ਇਮਾਰਤ ਦੀ ਨੀਂਹ ਮਹਾਪ੍ਰਭੂ ਵੱਲਭਾਚਾਰੀਆ ਜੀ ਦੇ "ਨਰ ਸੇਵਾ, ਨਾਰਾਇਣ ਸੇਵਾ" (ਮਨੁੱਖਤਾ ਦੀ ਸੇਵਾ, ਪਰਮਾਤਮਾ ਦੀ ਸੇਵਾ) ਦੇ ਸਿਧਾਂਤ ਨੂੰ ਦਰਸਾਉਂਦੀ ਹੈ।
"ਭਾਰਤ ਲੋਕਤੰਤਰ ਦੀ ਮਾਂ ਹੈ" ਦਾ ਐਲਾਨ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਕਬਾਇਲੀ ਭਾਈਚਾਰਿਆਂ ਨੇ ਪੀੜ੍ਹੀਆਂ ਤੋਂ ਲੋਕਤੰਤਰੀ ਪਰੰਪਰਾਵਾਂ ਦੀ ਪਾਲਣਾ ਕੀਤੀ ਹੈ। ਉਨ੍ਹਾਂ ਨੇ ਬਸਤਰ ਵਿੱਚ ਮੁਰੀਆ ਦਰਬਾਰ ਨੂੰ ਇਸ ਦੀ ਇੱਕ ਜੀਵਤ ਉਦਾਹਰਣ ਵਜੋਂ ਦਰਸਾਇਆ - ਇੱਕ "ਪ੍ਰਾਚੀਨ ਸੰਸਦ" ਜੋ ਜ਼ਮੀਨੀ ਪੱਧਰ ਦੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲਾਂ ਤੋਂ ਭਾਰਤ ਵਿੱਚ ਸਮਾਜ ਅਤੇ ਸ਼ਾਸਨ ਨੇ ਚੁਣੌਤੀਆਂ ਦਾ ਹੱਲ ਕਰਨ ਲਈ ਮਿਲ ਕੇ ਇਕੱਠੇ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਮੁਰੀਆ ਦਰਬਾਰ ਦੀ ਪਰੰਪਰਾ ਨੂੰ ਵੀ ਨਵੀਂ ਵਿਧਾਨ ਸਭਾ ਇਮਾਰਤ ਵਿੱਚ ਥਾਂ ਦਿੱਤੀ ਗਈ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਜਿੱਥੇ ਵਿਧਾਨ ਸਭਾ ਦਾ ਹਰ ਕੋਨਾ ਸਾਡੇ ਮਹਾਨ ਨੇਤਾਵਾਂ ਦੇ ਆਦਰਸ਼ਾਂ ਨੂੰ ਦਰਸਾਉਂਦਾ ਹੈ, ਉੱਥੇ ਸਪੀਕਰ ਦਾ ਅਹੁਦਾ ਡਾ. ਰਮਨ ਸਿੰਘ ਦੀ ਤਜਰਬੇਕਾਰ ਅਗਵਾਈ ਵੱਲੋਂ ਸੁਸ਼ੋਭਿਤ ਹੈ। ਉਨ੍ਹਾਂ ਨੇ ਕਿਹਾ ਕਿ ਡਾ. ਰਮਨ ਸਿੰਘ ਇਸ ਗੱਲ ਦੀ ਇੱਕ ਸਸ਼ਕਤ ਉਦਾਹਰਣ ਹਨ ਕਿ ਕਿਵੇਂ ਇੱਕ ਸਮਰਪਿਤ ਪਾਰਟੀ ਵਰਕਰ ਸਖ਼ਤ ਮਿਹਨਤ ਅਤੇ ਵਚਨਬੱਧਤਾ ਰਾਹੀਂ ਲੋਕਤੰਤਰੀ ਅਦਾਰਿਆਂ ਨੂੰ ਮਜ਼ਬੂਤ ਬਣਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਕਵੀ ਨਿਰਾਲਾ ਦੀ ਮਾਂ ਸਰਸਵਤੀ ਨੂੰ ਕੀਤੀ ਪ੍ਰਾਰਥਨਾ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਇੱਕ ਕਵਿਤਾ ਨਹੀਂ ਹੈ, ਸਗੋਂ ਸੁਤੰਤਰ ਭਾਰਤ ਦੇ ਪੁਨਰ-ਜਨਮ ਲਈ ਇੱਕ ਮੰਤਰ ਹੈ। ਉਨ੍ਹਾਂ ਨੇ ਨਿਰਾਲਾ ਦੇ "ਨਵ ਗਤੀ, ਨਵ ਲਯ, ਨਵ ਸਵਰ" ਦੇ ਸੱਦੇ ਦਾ ਜ਼ਿਕਰ ਕੀਤਾ ਜੋ ਪਰੰਪਰਾ ਦੀਆਂ ਜੜ੍ਹਾਂ ਵਿੱਚ ਸ਼ਾਮਲ ਅਤੇ ਨਾਲ ਹੀ ਆਤਮ-ਵਿਸ਼ਵਾਸ ਨਾਲ ਭਵਿੱਖ ਵੱਲ ਵਧਦੇ ਭਾਰਤ ਦਾ ਪ੍ਰਤੀਕ ਹੈ। ਛੱਤੀਸਗੜ੍ਹ ਦੀ ਨਵੀਂ ਵਿਧਾਨ ਸਭਾ ਵਿੱਚ ਖੜ੍ਹੇ ਹੋ ਕੇ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਾਵਨਾ ਇੱਥੇ ਵੀ ਓਨੀ ਹੀ ਪ੍ਰਸੰਗਿਕ ਹੈ। ਉਨ੍ਹਾਂ ਨੇ ਇਸ ਇਮਾਰਤ ਨੂੰ "ਨਵ ਸਵਰ" ਦਾ ਪ੍ਰਤੀਕ ਦੱਸਿਆ - ਜਿੱਥੇ ਪਿਛਲੇ ਅਨੁਭਵਾਂ ਦੀ ਗੂੰਜ ਨਵੇਂ ਸੁਪਨਿਆਂ ਦੀ ਊਰਜਾ ਨਾਲ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਊਰਜਾ ਨਾਲ, ਸਾਨੂੰ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਚਾਹੀਦਾ ਹੈ ਅਤੇ ਇੱਕ ਅਜਿਹੇ ਛੱਤੀਸਗੜ੍ਹ ਦੀ ਨੀਂਹ ਰੱਖਣੀ ਚਾਹੀਦੀ ਹੈ ਜੋ ਵਿਕਾਸ ਦੇ ਰਾਹ 'ਤੇ ਅੱਗੇ ਵਧਦੇ ਹੋਏ ਆਪਣੀ ਵਿਰਾਸਤ ਨਾਲ ਜੁੜਿਆ ਰਹੇ।
"ਨਾਗਰਿਕ ਦੇਵੋ ਭਵ" ਨੂੰ ਚੰਗੇ ਸ਼ਾਸਨ ਦਾ ਮਾਰਗ-ਦਰਸ਼ਕ ਸਿਧਾਂਤ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਲਏ ਗਏ ਹਰ ਫੈਸਲੇ ਵਿੱਚ ਜਨ ਭਲਾਈ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਇੱਥੇ ਬਣਾਏ ਗਏ ਕਾਨੂੰਨਾਂ ਨਾਲ ਸੁਧਾਰਾਂ ਨੂੰ ਤੇਜ਼ ਕਰਨਾ ਚਾਹੀਦਾ ਹੈ, ਨਾਗਰਿਕਾਂ ਦੇ ਜੀਵਨ ਨੂੰ ਸਰਲ ਬਣਾਉਣਾ ਚਾਹੀਦਾ ਹੈ ਅਤੇ ਗ਼ੈਰ-ਜ਼ਰੂਰੀ ਸਰਕਾਰੀ ਦਖਲਅੰਦਾਜ਼ੀ ਨੂੰ ਘਟਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਸਨ ਦੀ ਨਾ ਘਾਟ ਹੋਵੇ ਅਤੇ ਨਾ ਹੀ ਗ਼ੈਰ-ਜ਼ਰੂਰੀ ਪ੍ਰਭਾਵ ਹੋਵੇ, ਇਹੀ ਸੰਤੁਲਨ ਤੇਜ਼ ਤਰੱਕੀ ਦਾ ਇੱਕੋ-ਇੱਕ ਸੱਚਾ ਫਾਰਮੂਲਾ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਛੱਤੀਸਗੜ੍ਹ ਭਗਵਾਨ ਸ਼੍ਰੀ ਰਾਮ ਦਾ ਨਾਨਕਾ ਘਰ ਹੈ ਅਤੇ ਉਹ ਇਸ ਧਰਤੀ ਦੇ ਭਾਣਜੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਵਿਧਾਨ ਸਭਾ ਕੰਪਲੈਕਸ ਵਿੱਚ ਸ਼੍ਰੀ ਰਾਮ ਦੇ ਆਦਰਸ਼ਾਂ ਨੂੰ ਯਾਦ ਕਰਨ ਲਈ ਅੱਜ ਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਭਗਵਾਨ ਰਾਮ ਦੀਆਂ ਕਦਰਾਂ-ਕੀਮਤਾਂ ਚੰਗੇ ਸ਼ਾਸਨ ਦੇ ਸਦੀਵੀ ਸਿੱਖਿਆ ਦਿੰਦੇ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਪਵਿੱਤਰ ਉਦਘਾਟਨ ਦੇ ਮੌਕੇ 'ਤੇ ਰਾਸ਼ਟਰ ਨੇ ਸਮੂਹਿਕ ਤੌਰ 'ਤੇ ਭਗਤੀ ਨਾਲ ਰਾਸ਼ਟਰ ਨਿਰਮਾਣ ਵੱਲ ਵਧਣ ਦਾ ਸੰਕਲਪ ਲਿਆ ਹੈ - "ਦੇਵ ਤੋਂ ਦੇਸ਼" ਅਤੇ "ਰਾਮ ਤੋਂ ਰਾਸ਼ਟਰ"। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ "ਰਾਮ ਤੋਂ ਰਾਸ਼ਟਰ" ਦਾ ਸਾਰ ਚੰਗੇ ਸ਼ਾਸਨ ਅਤੇ ਜਨ ਭਲਾਈ 'ਤੇ ਅਧਾਰਤ ਸ਼ਾਸਨ ਦੇ ਪ੍ਰਤੀਕ ਵਿੱਚ ਹੈ, ਜੋ ਕਿ ਸਮਾਵੇਸ਼ੀ ਵਿਕਾਸ ਦੀ ਭਾਵਨਾ, "ਸਬਕਾ ਸਾਥ, ਸਬਕਾ ਵਿਕਾਸ" ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ "ਰਾਮ ਤੋਂ ਰਾਸ਼ਟਰ" ਇੱਕ ਅਜਿਹੇ ਰਾਸ਼ਟਰ ਦੀ ਕਲਪਨਾ ਕਰਦਾ ਹੈ ਜਿੱਥੇ ਸਮਾਜ ਗ਼ਰੀਬੀ ਅਤੇ ਦੁੱਖਾਂ ਤੋਂ ਮੁਕਤ ਹੋਵੇ, ਜਿੱਥੇ ਭਾਰਤ ਕਮੀਆਂ ਨੂੰ ਦੂਰ ਕਰਕੇ ਅੱਗੇ ਵਧੇ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦਾ ਮਤਲਬ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਕਿਸੇ ਦੀ ਵੀ ਬਿਮਾਰੀ ਦੇ ਕਾਰਨ ਸਮੇਂ ਤੋਂ ਪਹਿਲਾਂ ਮੌਤ ਨਾ ਹੋਵੇ ਅਤੇ ਜਿੱਥੇ ਇੱਕ ਸਿਹਤਮੰਦ ਅਤੇ ਖੁਸ਼ਹਾਲ ਭਾਰਤ ਦਾ ਨਿਰਮਾਣ ਹੋਵੇ। "ਰਾਮ ਤੋਂ ਰਾਸ਼ਟਰ" ਇੱਕ ਅਜਿਹੇ ਸਮਾਜ ਦਾ ਵੀ ਪ੍ਰਤੀਕ ਹੈ ਜੋ ਵਿਤਕਰੇ ਤੋਂ ਮੁਕਤ ਹੋਵੇ, ਜਿੱਥੇ ਸਾਰੇ ਭਾਈਚਾਰਿਆਂ ਵਿੱਚ ਸਮਾਜਿਕ ਨਿਆਂ ਪ੍ਰਬਲ ਹੋਵੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ "ਰਾਮ ਤੋਂ ਰਾਸ਼ਟਰ" ਮਨੁੱਖਤਾ ਵਿਰੋਧੀ ਤਾਕਤਾਂ ਨੂੰ ਖ਼ਤਮ ਕਰਨ ਦੇ ਸੰਕਲਪ ਅਤੇ ਅੱਤਵਾਦ ਨੂੰ ਖ਼ਤਮ ਕਰਨ ਦੇ ਸੰਕਲਪ ਦਾ ਵੀ ਪ੍ਰਤੀਕ ਹੈ। ਇਹ ਸੰਕਲਪ ਆਪ੍ਰੇਸ਼ਨ ਸਿੰਧੂਰ ਵਿੱਚ ਸਪੱਸ਼ਟ ਤੌਰ 'ਤੇ ਪ੍ਰਦਰਸ਼ਿਤ ਹੋਇਆ ਸੀ, ਜਿੱਥੇ ਭਾਰਤ ਨੇ ਅੱਤਵਾਦ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਸੀ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਹੁਣ ਨਕਸਲਵਾਦ ਅਤੇ ਮਾਓਵਾਦੀ ਅੱਤਵਾਦ ਨੂੰ ਖ਼ਤਮ ਕਰਨ ਵੱਲ ਵਧ ਰਿਹਾ ਹੈ ਅਤੇ ਆਪਣੀ ਬੇਮਿਸਾਲ ਜਿੱਤ 'ਤੇ ਮਾਣ ਨਾਲ ਭਰਿਆ ਹੋਇਆ ਹੈ।" ਛੱਤੀਸਗੜ੍ਹ ਵਿਧਾਨ ਸਭਾ ਦੇ ਨਵੇਂ ਕੰਪਲੈਕਸ ਵਿੱਚ ਵੀ ਇਹ ਮਾਣ ਸਪੱਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ।
ਪਿਛਲੇ 25 ਸਾਲਾਂ ਵਿੱਚ ਛੱਤੀਸਗੜ੍ਹ ਵਿੱਚ ਆਏ ਬਦਲਾਅ ਨੂੰ ਸ਼ਾਨਦਾਰ ਅਤੇ ਪ੍ਰੇਰਨਾਦਾਇਕ ਦੱਸਦਿਆਂ ਸ਼੍ਰੀ ਮੋਦੀ ਨੇ ਕਿਹਾ, "ਇੱਕ ਸਮੇਂ ਨਕਸਲਵਾਦ ਅਤੇ ਪਛੜੇਪਣ ਲਈ ਜਾਣਿਆ ਜਾਣ ਵਾਲਾ ਇਹ ਸੂਬਾ ਹੁਣ ਖ਼ੁਸ਼ਹਾਲੀ, ਸੁਰੱਖਿਆ ਅਤੇ ਸਥਿਰਤਾ ਦੇ ਪ੍ਰਤੀਕ ਵਜੋਂ ਉੱਭਰ ਰਿਹਾ ਹੈ।" ਉਨ੍ਹਾਂ ਨੇ ਕਿਹਾ ਕਿ ਬਸਤਰ ਓਲੰਪਿਕ ਦੀ ਹੁਣ ਪੂਰੇ ਦੇਸ਼ ਭਰ ਵਿੱਚ ਚਰਚਾ ਹੋ ਰਹੀ ਹੈ ਅਤੇ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਵਿਕਾਸ ਅਤੇ ਸ਼ਾਂਤੀ ਵਾਪਸ ਆ ਗਈ ਹੈ। ਉਨ੍ਹਾਂ ਨੇ ਇਸ ਬਦਲਾਅ ਦਾ ਸਿਹਰਾ ਛੱਤੀਸਗੜ੍ਹ ਦੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਉਨ੍ਹਾਂ ਦੀਆਂ ਸਰਕਾਰਾਂ ਦੀ ਦੂਰਦਰਸ਼ੀ ਅਗਵਾਈ ਨੂੰ ਦਿੱਤਾ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਛੱਤੀਸਗੜ੍ਹ ਦਾ ਸਿਲਵਰ ਜੁਬਲੀ ਸਮਾਰੋਹ ਹੁਣ ਇੱਕ ਵੱਡੇ ਰਾਸ਼ਟਰੀ ਟੀਚੇ ਲਈ ਇੱਕ ਸ਼ੁਰੂਆਤੀ ਬਿੰਦੂ ਬਣ ਰਿਹਾ ਹੈ ਅਤੇ ਛੱਤੀਸਗੜ੍ਹ 2047 ਤੱਕ ਇੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵਿੱਚ ਇੱਕ ਮੁੱਖ ਭੂਮਿਕਾ ਨਿਭਾਵੇਗਾ। ਸ਼੍ਰੀ ਮੋਦੀ ਨੇ ਸਾਰਿਆਂ ਨੂੰ ਇੱਕ ਅਜਿਹੀ ਪ੍ਰਣਾਲੀ ਬਣਾਉਣ ਅਤੇ ਸਦਨ ਰਾਹੀਂ ਇੱਕ ਉਦਾਹਰਣ ਸਥਾਪਤ ਕਰਨ ਦੀ ਅਪੀਲ ਕੀਤੀ ਜੋ ਦੇਸ਼ ਦੇ ਹਰ ਸੂਬਾ ਨੂੰ ਇਸ ਮਿਸ਼ਨ ਵਿੱਚ ਨਵੀਨਤਾ ਲਿਆਉਣ ਅਤੇ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇ। ਉਨ੍ਹਾਂ ਨੇ ਇੱਥੇ ਹੋਏ ਸੰਵਾਦਾਂ, ਚੁੱਕੇ ਗਏ ਸਵਾਲਾਂ ਅਤੇ ਸਦਨ ਦੀ ਕਾਰਵਾਈ ਵਿੱਚ ਉੱਤਮਤਾ ਦਾ ਤਾਕੀਦ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਰ ਕਾਰਵਾਈ, ਹਰ ਰੂਪ ਵਿੱਚ, ਇੱਕ ਵਿਕਸਿਤ ਛੱਤੀਸਗੜ੍ਹ ਅਤੇ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵੱਲ ਹੋਣੀ ਚਾਹੀਦੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਨਵੀਂ ਛੱਤੀਸਗੜ੍ਹ ਵਿਧਾਨ ਸਭਾ ਦੀ ਅਸਲ ਮਹਾਨਤਾ ਇਸ ਦੀ ਸ਼ਾਨ ਵਿੱਚ ਨਹੀਂ ਹੈ, ਸਗੋਂ ਇਸ ਵੱਲੋਂ ਲਏ ਗਏ ਭਲਾਈ ਫੈਸਲਿਆਂ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਸਦਨ ਛੱਤੀਸਗੜ੍ਹ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਕਿੰਨੀ ਡੂੰਘਾਈ ਨਾਲ ਸਮਝਦਾ ਹੈ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਕਿੰਨੀ ਦੂਰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਫੈਸਲੇ ਨੂੰ ਕਿਸਾਨਾਂ ਦੀ ਸਖ਼ਤ ਮਿਹਨਤ ਦਾ ਸਨਮਾਨ ਕਰਨਾ ਚਾਹੀਦਾ ਹੈ, ਨੌਜਵਾਨਾਂ ਦੇ ਸੁਪਨਿਆਂ ਨੂੰ ਦਿਸ਼ਾ ਦੇਣੀ ਚਾਹੀਦੀ ਹੈ, ਮਹਿਲਾਵਾਂ ਵਿੱਚ ਨਵੀਂ ਉਮੀਦ ਜਗਾਉਣੀ ਚਾਹੀਦੀ ਹੈ ਅਤੇ ਸਭ ਤੋਂ ਵਾਂਝੇ ਵਰਗਾਂ ਦੇ ਉਥਾਨ ਲਈ ਇੱਕ ਮਾਧਿਅਮ ਬਣਨਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਕਿਹਾ, "ਇਹ ਵਿਧਾਨ ਸਭਾ ਸਿਰਫ਼ ਕਾਨੂੰਨ ਬਣਾਉਣ ਦੀ ਜਗ੍ਹਾ ਨਹੀਂ ਹੈ, ਸਗੋਂ ਛੱਤੀਸਗੜ੍ਹ ਦੀ ਕਿਸਮਤ ਨੂੰ ਆਕਾਰ ਦੇਣ ਲਈ ਇੱਕ ਜੀਵਤ ਕੇਂਦਰ ਹੈ।" ਉਨ੍ਹਾਂ ਨੇ ਤਾਕੀਦ ਕੀਤੀ ਕਿ ਇਸ ਸਦਨ ਤੋਂ ਨਿਕਲਣ ਵਾਲੇ ਹਰ ਵਿਚਾਰ ਨੂੰ ਜਨਤਕ ਸੇਵਾ ਦੀ ਭਾਵਨਾ, ਵਿਕਾਸ ਲਈ ਸੰਕਲਪ ਅਤੇ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੇ ਵਿਸ਼ਵਾਸ ਨਾਲ ਭਰਿਆ ਜਾਣਾ ਚਾਹੀਦਾ ਹੈ। ਇਹ ਸਾਡੀ ਸਮੂਹਿਕ ਇੱਛਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਨਵੀਂ ਵਿਧਾਨ ਸਭਾ ਇਮਾਰਤ ਦੇ ਉਦਘਾਟਨ ਦਾ ਅਸਲ ਮਹੱਤਵ ਲੋਕਤੰਤਰ ਵਿੱਚ ਫਰਜ਼ ਨੂੰ ਸਭ ਤੋਂ ਉੱਪਰ ਰੱਖਣ ਅਤੇ ਜਨਤਕ ਜੀਵਨ ਵਿੱਚ ਆਪਣੀਆਂ ਭੂਮਿਕਾਵਾਂ ਨੂੰ ਵਚਨਬੱਧਤਾ ਨਾਲ ਨਿਭਾਉਣ ਦਾ ਪ੍ਰਣ ਲੈਣ ਵਿੱਚ ਹੈ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਸ ਕੰਪਲੈਕਸ ਤੋਂ, ਖਾਸ ਕਰਕੇ ਭਾਰਤੀ ਗਣਰਾਜ ਦੇ ਇਸ ਅੰਮ੍ਰਿਤ ਵਰ੍ਹੇ ਵਿੱਚ ਆਪਣਾ ਜੀਵਨ ਜਨਤਕ ਸੇਵਾ ਲਈ ਸਮਰਪਿਤ ਕਰਨ ਦਾ ਸੰਕਲਪ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਤੰਤਰ ਦੇ ਇਸ ਸੁੰਦਰ ਨਵੇਂ ਮੰਦਿਰ ਦੇ ਉਦਘਾਟਨ 'ਤੇ ਸਾਰਿਆਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣਾ ਭਾਸ਼ਣ ਸਮਾਪਤ ਕੀਤਾ।
ਇਸ ਸਮਾਗਮ ਵਿੱਚ ਛੱਤੀਸਗੜ੍ਹ ਦੇ ਰਾਜਪਾਲ ਸ਼੍ਰੀ ਰਮਨ ਡੇਕਾ, ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ, ਛੱਤੀਸਗੜ੍ਹ ਵਿਧਾਨ ਸਭਾ ਦੇ ਸਪੀਕਰ ਡਾ. ਰਮਨ ਸਿੰਘ, ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਨੂੰ ਦੇਵ ਸਾਏ, ਕੇਂਦਰੀ ਮੰਤਰੀ ਸ਼੍ਰੀ ਟੋਕਨ ਸਾਹੂ ਅਤੇ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਇੱਕ ਹਰੀ ਇਮਾਰਤ (ਗ੍ਰੀਨ ਬਿਲਡਿੰਗ) ਦੀ ਧਾਰਨਾ 'ਤੇ ਬਣਾਈ ਗਈ ਹੈ, ਜਿਸ ਨੂੰ ਪੂਰੀ ਤਰ੍ਹਾਂ ਸੂਰਜੀ ਊਰਜਾ ਨਾਲ ਸੰਚਾਲਿਤ ਕਰਨ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀ ਨਾਲ ਲੈਸ ਕਰਨ ਦੀ ਯੋਜਨਾ ਹੈ।
*********
ਐੱਮਜੇਪੀਐੱਸ/ਐੱਸਆਰ
(Release ID: 2185877)
Visitor Counter : 9
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam