ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੂਰਨੀਆ, ਬਿਹਾਰ ਵਿੱਚ ਲਗਭਗ ₹40,000 ਕਰੋੜ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
ਹੁਣ ਪੂਰਨੀਆ ਦੇਸ਼ ਦੇ ਐਵੀਏਸ਼ਨ ਮੈਪ 'ਤੇ ਆ ਗਿਆ ਹੈ: ਪ੍ਰਧਾਨ ਮੰਤਰੀ
ਮੈਂ ਬਿਹਾਰ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਰਾਸ਼ਟਰੀ ਮਖਾਨਾ ਬੋਰਡ (Makhana Board) ਦਾ ਗਠਨ ਕੀਤਾ ਜਾਵੇਗਾ, ਕੱਲ੍ਹ ਹੀ ਕੇਂਦਰ ਸਰਕਾਰ ਨੇ ਇਸ ਦੀ ਸਥਾਪਨਾ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ: ਪ੍ਰਧਾਨ ਮੰਤਰੀ
ਭਾਰਤ ਵਿੱਚ ਭਾਰਤ ਦਾ ਕਾਨੂੰਨ ਚਲੇਗਾ, ਘੁਸਪੈਠੀਆਂ ਦੀ ਮਨਮਾਨੀ ਨਹੀਂ ਅਤੇ ਇਹ ਮੋਦੀ ਦੀ ਗਰੰਟੀ ਹੈ: ਘੁਸਪੈਠੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਦੇਸ਼ ਚੰਗੇ ਨਤੀਜੇ ਵੀ ਦੇਖੇਗਾ: ਪ੍ਰਧਾਨ ਮੰਤਰੀ
Posted On:
15 SEP 2025 5:50PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਵਿੱਚ ਲਗਭਗ 40,000 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਮੌਜੂਦ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰਿਆਂ ਦਾ ਹਾਰਦਿਕ ਅਭਿਨੰਦਨ ਕੀਤਾ। ਉਨ੍ਹਾਂ ਕਿਹਾ ਕਿ ਪੂਰਨੀਆ ਮਾਂ ਪੂਰਣ ਦੇਵੀ, ਭਗਤ ਪ੍ਰਹਿਲਾਦ ਅਤੇ ਮਹਾਰਿਸ਼ੀ ਮੇਂਹੀ ਬਾਬਾ ਦੀ ਧਰਤੀ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇਸ ਧਰਤੀ ਨੇ ਫਣੀਸ਼ਵਰਨਾਥ ਰੇਣੂ ਅਤੇ ਸਤੀਨਾਥ ਭਾਦੁੜੀ ਜਿਹੇ ਸਾਹਿਤਕਾਰਾਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਵਿਨੋਬਾ ਭਾਵੇ ਜਿਹੇ ਸਮਰਪਿਤ ਕਰਮਯੋਗੀਆਂ ਦੀ ਕਰਮਭੂਮੀ ਰਹੀ ਹੈ ਅਤੇ ਇਸ ਧਰਤੀ ਦੇ ਪ੍ਰਤੀ ਉਨ੍ਹਾਂ ਨੇ ਆਪਣੀ ਡੂੰਘੀ ਸ਼ਰਧਾ ਹੋਣ ਦੀ ਗੱਲ ਦੁਹਰਾਈ।
ਬਿਹਾਰ ਲਈ ਲਗਭਗ ₹40,000 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਦਾ ਐਲਾਨ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰੇਲਵੇ, ਹਵਾਈ ਅੱਡੇ, ਬਿਜਲੀ ਅਤੇ ਪਾਣੀ ਦੇ ਖੇਤਰਾਂ ਨਾਲ ਜੁੜੇ ਇਹ ਪ੍ਰੋਜੈਕਟ ਸੀਮਾਂਚਲ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਇੱਕ ਸਾਧਨ ਬਣਨਗੇ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 40,000 ਤੋਂ ਵੱਧ ਲਾਭਪਾਤਰੀਆਂ ਨੂੰ ਪੱਕਾ ਆਵਾਸ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇਨ੍ਹਾਂ 40,000 ਪਰਿਵਾਰਾਂ ਦੇ ਜੀਵਨ ਵਿੱਚ ਇੱਕ ਨਵੀਂ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਧਨਤੇਰਸ, ਦੀਵਾਲੀ ਅਤੇ ਛਠ ਪੂਜਾ ਤੋਂ ਪਹਿਲਾਂ ਪੱਕੇ ਘਰ ਵਿੱਚ ਗ੍ਰਹਿ ਪ੍ਰਵੇਸ਼ ਬਹੁਤ ਸੁਭਾਗ ਨਾਲ ਹੁੰਦਾ ਹੈ। ਉਨ੍ਹਾਂ ਨੇ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਇਹ ਅਵਸਰ ਉਨ੍ਹਾਂ ਦੇ ਬੇਘਰ ਭਰਾਵਾਂ-ਭੈਣਾਂ ਨੂੰ ਇਹ ਭਰੋਸਾ ਦਿਵਾਉਣ ਦਾ ਵੀ ਹੈ ਕਿ ਇੱਕ ਦਿਨ ਉਨ੍ਹਾਂ ਨੂੰ ਵੀ ਪੱਕਾ ਘਰ ਮਿਲੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪਿਛਲੇ 11 ਵਰ੍ਹਿਆਂ ਦੌਰਾਨ ਉਨ੍ਹਾਂ ਦੀ ਸਰਕਾਰ ਨੇ ਗਰੀਬਾਂ ਲਈ 4 ਕਰੋੜ ਤੋਂ ਜ਼ਿਆਦਾ ਪੱਕੇ ਘਰ ਬਣਾਏ ਅਤੇ ਉਪਲਬਧ ਕਰਵਾਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਹੁਣ 3 ਕਰੋੜ ਨਵੇਂ ਘਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਤੱਕ ਹਰ ਗ਼ਰੀਬ ਨਾਗਰਿਕ ਨੂੰ ਪੱਕਾ ਘਰ ਨਹੀਂ ਮਿਲ ਜਾਂਦਾ, ਮੋਦੀ ਨਾ ਰੁਕੇਗਾ, ਨਾ ਥਮੇਗਾ। ਉਨ੍ਹਾਂ ਨੇ ਕਿਹਾ ਕਿ ਪਛੜਿਆਂ ਨੂੰ ਤਰਜੀਹ ਦੇਣਾ ਅਤੇ ਗਰੀਬਾਂ ਦੀ ਸੇਵਾ ਕਰਨਾ ਉਨ੍ਹਾਂ ਦੇ ਸ਼ਾਸਨ ਦਾ ਮੂਲ ਉਦੇਸ਼ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਰ ਐੱਮ. ਵਿਸ਼ਵੇਸ਼ਵਰੈਯਾ ਜੀ ਦੀ ਯਾਦ ਵਿੱਚ ਅਸੀਂ ਇੰਜੀਨੀਅਰ ਡੇਅ ਮਨਾਉਂਦੇ ਹਾਂ। ਇੱਕ ਵਿਕਸਿਤ ਭਾਰਤ ਅਤੇ ਇੱਕ ਵਿਕਸਿਤ ਬਿਹਾਰ ਦੇ ਨਿਰਮਾਣ ਵਿੱਚ ਇੰਜੀਨੀਅਰਾਂ ਦੀ ਬਹੁਤ ਵੱਡੀ ਭੂਮਿਕਾ ਹੈ। ਉਨ੍ਹਾਂ ਨੇ ਦੇਸ਼ ਭਰ ਦੇ ਸਾਰੇ ਇੰਜੀਨੀਅਰਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇੰਜੀਨੀਅਰਾਂ ਦੀ ਮਿਹਨਤ ਅਤੇ ਉਨ੍ਹਾਂ ਦਾ ਕੌਸ਼ਲ ਅੱਜ ਦੇ ਪ੍ਰੋਗਰਾਮ ਵਿੱਚ ਵੀ ਸਪਸ਼ਟ ਤੌਰ ‘ਤੇ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰਨੀਆ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਪੰਜ ਮਹੀਨੇ ਤੋਂ ਵੀ ਘੱਟ ਦੇ ਰਿਕਾਰਡ ਸਮੇਂ ਵਿੱਚ ਬਣਾਈ ਗਈ ਹੈ। ਉਨ੍ਹਾਂ ਨੇ ਟਰਮੀਨਲ ਦੇ ਉਦਘਾਟਨ ਦਾ ਐਲਾਨ ਕੀਤਾ ਅਤੇ ਪਹਿਲੀ ਕਮਰਸ਼ੀਅਲ ਫਲਾਈਟ ਨੂੰ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਨਵੇਂ ਹਵਾਈ ਅੱਡੇ ਦੀ ਸ਼ੁਰੂਆਤ ਦੇ ਨਾਲ ਹੀ, ਪੂਰਨੀਆ ਹੁਣ ਦੇਸ਼ ਦੇ ਐਵੀਏਸ਼ਨ ਮੈਪ ‘ਤੇ ਆ ਗਿਆ ਹੈ।” ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪੂਰਨੀਆ ਅਤੇ ਸੀਮਾਂਚਲ ਦੀ ਦੇਸ਼ ਭਰ ਦੇ ਪ੍ਰਮੁੱਖ ਸ਼ਹਿਰਾਂ ਅਤੇ ਪ੍ਰਮੁੱਖ ਵਪਾਰਕ ਕੇਂਦਰਾਂ ਨਾਲ ਸਿੱਧੀ ਕਨੈਕਟੀਵਿਟੀ ਸੰਭਵ ਹੋ ਸਕੇਗੀ।
ਸ਼੍ਰੀ ਮੋਦੀ ਨੇ ਉਤਸ਼ਾਹ ਨਾਲ ਕਿਹਾ, “ਸਾਡੀ ਸਰਕਾਰ ਪੂਰੇ ਖੇਤਰ ਨੂੰ ਆਧੁਨਿਕ, ਹਾਈ-ਟੈੱਕ ਰੇਲ ਸੇਵਾਵਾਂ ਨਾਲ ਜੋੜ ਰਹੀ ਹੈ।” ਉਨ੍ਹਾਂ ਨੇ ਅੱਜ ਇੱਕ ਵੰਦੇ ਭਾਰਤ, ਦੋ ਅੰਮ੍ਰਿਤ ਭਾਰਤ ਅਤੇ ਇੱਕ ਪੈਸੇਂਜਰ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਨੇ ਨਵੀਂ ਅਰਰੀਆ-ਗਲਗਲੀਆ ਰੇਲ ਲਾਈਨ ਦੇ ਉਦਘਾਟਨ ਦਾ ਐਲਾਨ ਕੀਤਾ ਅਤੇ ਵਿਕਰਮਸ਼ਿਲਾ-ਕਟਾਰੀਆ ਰੇਲ ਲਾਈਨ ਦਾ ਨੀਂਹ ਪੱਥਰ ਰੱਖਿਆ।
ਇਸ ਗੱਲ ਦਾ ਜ਼ਿਕਰ ਕਰਦੇ ਹੋਏ, ਕਿ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਬਕਸਰ-ਭਾਗਲਪੁਰ ਹਾਈ-ਸਪੀਡ ਕੌਰੀਡੋਰ ਦੇ ਮੋਕਾਮਾ-ਮੁੰਗੇਰ ਸੈਕਸ਼ਨ ਨੂੰ ਮਨਜ਼ੂਰੀ ਦੇ ਕੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਸ ਨਾਲ ਮੁੰਗੇਰ, ਜਮਾਲਪੁਰ ਅਤੇ ਭਾਗਲਪੁਰ ਜਿਹੇ ਇੰਡਸਟ੍ਰੀਅਲ ਕੇਂਦਰਾਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਭਾਗਲਪੁਰ-ਦੁਮਕਾ-ਰਾਮਪੁਰਹਾਟ ਰੇਲ ਲਾਈਨ ਦੇ ਦੋਹਰੀਕਰਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਦੇ ਲਈ ਬਿਹਾਰ ਦਾ ਵਿਕਾਸ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਬਿਹਾਰ ਦੀ ਪ੍ਰਗਤੀ ਲਈ ਪੂਰਨੀਆ ਅਤੇ ਸੀਮਾਂਚਲ ਖੇਤਰ ਦਾ ਵਿਕਾਸ ਬੇਹੱਦ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਪਿਛਲੀਆਂ ਸਰਕਾਰਾਂ ਦੇ ਕੁਸ਼ਾਸਨ ਦੇ ਕਾਰਨ ਇਸ ਖੇਤਰ ਨੂੰ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੁਣ ਇਸ ਸਥਿਤੀ ਨੂੰ ਬਦਲ ਰਹੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਖੇਤਰ ਹੁਣ ਵਿਕਾਸ ਦੇ ਕੇਂਦਰ ਵਿੱਚ ਹੈ।
ਇਸ ਗੱਲ ‘ਤੇ ਚਾਨਣਾ ਪਾਉਂਦੇ ਹੋਏ, ਕਿ ਬਿਹਾਰ ਨੂੰ ਬਿਜਲੀ ਦੇ ਖੇਤਰ ਵਿੱਚ ਆਤਮਨਿਰਭਰ ਬਣਾਉਣ ਦੇ ਯਤਨਾਂ ‘ਤੇ ਕੰਮ ਚੱਲ ਰਿਹਾ ਹੈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਗਲਪੁਰ ਦੇ ਪੀਰਪੈਂਤੀ ਵਿੱਚ 2400 ਮੇਗਾਵਾਟ ਦੇ ਥਰਮਲ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਅਤੇ ਰਾਜ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ ਲਈ ਪ੍ਰਤੀਬੱਧ ਹਨ। ਸ਼੍ਰੀ ਮੋਦੀ ਨੇ ਕੋਸੀ-ਮੇਚੀ ਇੰਟ੍ਰਾ-ਸਟੇਟ ਰਿਵਰ ਲਿੰਕ ਪ੍ਰੋਜੈਕਟ ਦੇ ਪਹਿਲੇ ਪੜਾਅ ਲਈ ਨੀਂਹ ਪੱਥਰ ਰੱਖਣ ਦਾ ਵੀ ਐਲਾਨ ਕੀਤਾ, ਜਿਸ ਨਾਲ ਪੂਰਬੀ ਕੋਸੀ ਮੁੱਖ ਨਹਿਰ ਦਾ ਵਿਸਤਾਰ ਹੋਵੇਗਾ। ਇਸ ਵਿਸਤਾਰ ਨਾਲ ਲੱਖਾਂ ਹੈਕਟੇਅਰ ਜ਼ਮੀਨ ਵਿੱਚ ਸਿੰਚਾਈ ਦੀ ਸੁਵਿਧਾ ਹਾਸਲ ਹੋਵੇਗੀ ਅਤੇ ਹੜ੍ਹਾਂ ਦੀ ਚੁਣੌਤੀ ਨਾਲ ਨਜਿੱਠਣ ਵਿੱਚ ਵੀ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਮਖਾਨੇ ਦੀ ਖੇਤੀ ਬਿਹਾਰ ਦੇ ਕਿਸਾਨਾਂ ਦੀ ਆਮਦਨ ਦਾ ਇੱਕ ਸਰੋਤ ਰਹੀ ਹੈ, ਪਰ ਪਿਛਲੀਆਂ ਸਰਕਾਰਾਂ ਨੇ ਇਸ ਫਸਲ ਅਤੇ ਇਸ ਦੇ ਕਿਸਾਨਾਂ ਦੋਵਾਂ ਨੂੰ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੌਜੂਦਾ ਸਰਕਾਰ ਹੀ ਹੈ ਜਿਸ ਨੇ ਮਖਾਨੇ ਨੂੰ ਉਹ ਤਰਜੀਹ ਦਿੱਤੀ ਹੈ ਜਿਸ ਦਾ ਉਹ ਹੱਕਦਾਰ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਬਿਹਾਰ ਦੇ ਲੋਕਾਂ ਨਾਲ ਰਾਸ਼ਟਰੀ ਮਖਾਨਾ ਬੋਰਡ ਦੇ ਗਠਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਕੱਲ੍ਹ ਹੀ ਇਸ ਦੀ ਸਥਾਪਨਾ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਬੋਰਡ ਮਖਾਨਾ ਕਿਸਾਨਾਂ ਲਈ ਬਿਹਤਰ ਕੀਮਤਾਂ ਯਕੀਨੀ ਬਣਾਉਣ ਅਤੇ ਇਸ ਖੇਤਰ ਵਿੱਚ ਟੈਕਨੋਲੋਜੀ ਦੀ ਵਰਤੋਂ ਨੂੰ ਵਧਾਉਣ ਲਈ ਨਿਰੰਤਰ ਕੰਮ ਕਰੇਗਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਮਖਾਨਾ ਸੈਕਟਰ ਦੇ ਵਿਕਾਸ ਲਈ ਲਗਭਗ 475 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ।
ਬਿਹਾਰ ਦੇ ਵਿਕਾਸ ਅਤੇ ਪ੍ਰਗਤੀ ਦੀ ਮੌਜੂਦਾ ਗਤੀ ਨੂੰ ਕੁਝ ਲੋਕਾਂ ਲਈ ਚਿੰਤਾਜਨਕ ਦੱਸਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਦਹਾਕਿਆਂ ਤੱਕ ਬਿਹਾਰ ਦਾ ਸ਼ੋਸ਼ਣ ਕੀਤਾ ਅਤੇ ਇਸ ਦੀ ਧਰਤੀ ਦੇ ਨਾਲ ਧੋਖਾ ਕੀਤਾ, ਉਹ ਇਹ ਮੰਨਣ ਲਈ ਤਿਆਰ ਹੀ ਨਹੀਂ ਹਨ ਕਿ ਬਿਹਾਰ ਹੁਣ ਨਵੇਂ ਰਿਕਾਰਡ ਸਥਾਪਿਤ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਬਿਹਾਰ ਵਿੱਚ ਹਰ ਖੇਤਰ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਚਲ ਰਹੇ ਹਨ। ਉਨ੍ਹਾਂ ਨੇ ਰਾਜਗੀਰ ਵਿੱਚ ਹਾਕੀ ਏਸ਼ੀਆ ਕੱਪ ਦੀ ਮੇਜ਼ਬਾਨੀ, ਔਂਟਾ-ਸਿਮਰਿਆ ਬ੍ਰਿਜ ਦੇ ਇਤਿਹਾਸਕ ਨਿਰਮਾਣ ਅਤੇ ਅਫਰੀਕਾ ਨੂੰ ਬਿਹਾਰ ਵਿੱਚ ਬਣਾਏ ਗਏ ਰੇਲ ਇੰਜਣ ਦੇ ਨਿਰਯਾਤ ਜਿਹੀਆਂ ਪ੍ਰਮੁੱਖ ਉਪਲਬਧੀਆਂ ਦਾ ਜ਼ਿਕਰ ਕੀਤਾ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਨੇਤਾਵਾਂ ਲਈ ਇਹ ਉਪਲਬਧੀਆਂ ਹਜਮ ਕਰ ਪਾਉਂਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਬਿਹਾਰ ਅੱਗੇ ਵਧਦਾ ਹੈ, ਵਿਰੋਧੀ ਪਾਰਟੀਆਂ ਰਾਜ ਦਾ ਅਪਮਾਨ ਕਰਨ ਲਗਦੀਆਂ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਵਿਰੋਧੀ ਪਾਰਟੀ ਵੱਲੋਂ ਸੋਸ਼ਲ ਮੀਡੀਆ 'ਤੇ ਬਿਹਾਰ ਦੀ ਤੁਲਨਾ ਬੀੜੀ ਨਾਲ ਕਰਨ ਦੀ ਘਟਨਾ ਦਾ ਜ਼ਿਕਰ ਕੀਤਾ, ਜੋ ਕਿ ਡੂੰਘੀ ਨਫ਼ਰਤ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਇਨ੍ਹਾਂ ਪਾਰਟੀਆਂ 'ਤੇ ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਰਾਹੀਂ ਬਿਹਾਰ ਦੀ ਪ੍ਰਤਿਸ਼ਠਾ ਨੂੰ ਨੁਕਸਾਨ ਪਹੁੰਚਾਉਣ ਅਤੇ ਹੁਣ, ਜਦੋਂ ਰਾਜ ਵਿਕਾਸ ਕਰ ਰਿਹਾ ਹੈ ਤਾਂ ਇਸ ਨੂੰ ਦੁਬਾਰਾ ਤੋਂ ਬਦਨਾਮ ਕਰਨ ਦਾ ਯਤਨ ਕਰਨ ਦਾ ਆਰੋਪ ਲਗਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਲੋਕ ਬਿਹਾਰ ਦੀ ਭਲਾਈ ਲਈ ਕਦੇ ਕੰਮ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਸਿਰਫ ਆਪਣੇ ਖਜਾਨੇ ਭਰਨ ਵਿੱਚ ਲੱਗੇ ਰਹਿੰਦੇ ਹਨ, ਉਹ ਗਰੀਬਾਂ ਦੇ ਘਰਾਂ ਦੀ ਚਿੰਤਾ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਇੱਕ ਸਾਬਕਾ ਪ੍ਰਧਾਨ ਮੰਤਰੀ ਨੇ ਮੰਨਿਆ ਸੀ ਕਿ ਸਰਕਾਰ ਦੁਆਰਾ ਭੇਜੇ ਗਏ ਹਰੇਕ ₹1 ਵਿੱਚੋਂ, ₹0.85 ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਜਾਂਦੇ ਸਨ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਵਿਰੋਧੀ ਧਿਰ ਦੇ ਰਾਜ ਵਿੱਚ ਪੈਸਾ ਸਿੱਧਾ ਗਰੀਬਾਂ ਦੇ ਖਾਤਿਆਂ ਵਿੱਚ ਪਹੁੰਚਿਆ ਸੀ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ, ਹਰੇਕ ਗ਼ਰੀਬ ਨਾਗਰਿਕ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ। ਉਨ੍ਹਾਂ ਪੁੱਛਿਆ ਕਿ ਕੀ ਵਿਰੋਧੀ ਸਰਕਾਰਾਂ ਦੇ ਅਧੀਨ ਕਦੇ ਅਜਿਹੇ ਲਾਭ ਪ੍ਰਦਾਨ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ, ਹੁਣ ਹਰ ਗ਼ਰੀਬ ਵਿਅਕਤੀ ਨੂੰ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੀ ਸੁਵਿਧਾ ਉਪਲਬਧ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਜੋ ਲੋਕ ਹਸਪਤਾਲ ਨਹੀਂ ਬਣਾ ਪਾਏ, ਕੀ ਉਹ ਕਦੇ ਅਜਿਹੇ ਸਿਹਤ ਸੇਵਾ ਲਾਭ ਪ੍ਰਦਾਨ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਵਿਰੋਧੀ ਦਲ ਨਾ ਸਿਰਫ਼ ਬਿਹਾਰ ਦੇ ਮਾਣ, ਸਗੋਂ ਉਸ ਦੀ ਪਛਾਣ ਦੇ ਲਈ ਵੀ ਖਤਰਾ ਹੈ। ਉਨ੍ਹਾਂ ਨੇ ਅਵੈਧ ਘੁਸਪੈਠੀਆਂ ਦੇ ਕਾਰਨ ਸੀਮਾਂਚਲ ਅਤੇ ਪੂਰਬੀ ਭਾਰਤ ਵਿੱਚ ਉੱਭਰ ਰਹੇ ਗੰਭੀਰ ਜਨਸੰਖਿਆ ਸਬੰਧੀ ਸੰਕਟ ‘ਤੇ ਚਾਨਣਾ ਪਾਇਆ। ਸ਼੍ਰੀ ਮੋਦੀ ਨੇ ਚਿੰਤਾ ਵਿਅਕਤ ਕੀਤੀ ਕਿ ਬਿਹਾਰ, ਬੰਗਾਲ ਅਤੇ ਅਸਾਮ ਦੇ ਲੋਕ ਆਪਣੀਆਂ ਭੈਣਾਂ ਅਤੇ ਬੇਟੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ। ਉਨ੍ਹਾਂ ਨੇ ਇਸ ਮੁੱਦੇ ਦੇ ਸਮਾਧਾਨ ਦੇ ਲਈ ਲਾਲ ਕਿਲ੍ਹੇ ਤੋਂ ਕੀਤੇ ਗਏ ਜਨਸੰਖਿਆ ਸਬੰਧੀ ਮਿਸ਼ਨ ਦੇ ਐਲਾਨ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਵਿਰੋਧੀ ਗਠਬੰਧਨ ਅਤੇ ਉਸ ਦੀ ਪ੍ਰਣਾਲੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਘੁਸਪੈਠੀਆਂ ਦਾ ਬਚਾਅ ਕਰ ਰਹੇ ਹਨ ਅਤੇ ਵੋਟ ਬੈਂਕ ਦੀ ਰਾਜਨੀਤੀ ਲਈ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਮੂਹ ਬਿਹਾਰ ਅਤੇ ਰਾਸ਼ਟਰ ਦੇ ਸੰਸਾਧਨਾਂ ਅਤੇ ਸੁਰੱਖਿਆ, ਦੋਨਾਂ ਨੂੰ ਖ਼ਤਰੇ ਵਿੱਚ ਪਾਉਣ ਲਈ ਤਿਆਰ ਹਨ। ਪੂਰਨੀਆ ਦੀ ਧਰਤੀ ਤੋਂ ਬੋਲਦੇ ਹੋਏ, ਉਨ੍ਹਾਂ ਨੇ ਐਲਾਨ ਕੀਤਾ ਕਿ ਹਰ ਘੁਸਪੈਠੀਏ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘੁਸਪੈਠ ਨੂੰ ਰੋਕਣਾ ਉਨ੍ਹਾਂ ਦੀ ਸਰਕਾਰ ਦੀ ਦ੍ਰਿੜ੍ਹ ਜ਼ਿੰਮੇਦਾਰੀ ਹੈ। ਸਿੱਧੀ ਚੁਣੌਤੀ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਘੁਸਪੈਠੀਆਂ ਦਾ ਬਚਾਅ ਕਰਨ ਵਾਲੇ ਨੇਤਾ ਸਾਹਮਣੇ ਆਉਣ। ਉਨ੍ਹਾਂ ਕਿਹਾ ਕਿ ਉਹ ਘੁਸਪੈਠੀਆਂ ਨੂੰ ਬਚਾਉਣ ਦੀ ਕਿੰਨੀ ਵੀ ਕੋਸ਼ਿਸ਼ ਕਰ ਲਓ, ਸਰਕਾਰ ਉਨ੍ਹਾਂ ਨੂੰ ਬਾਹਰ ਕੱਢਣ ਦੇ ਸੰਕਲਪ ਦੇ ਨਾਲ ਕੰਮ ਕਰਦੀ ਰਹੇਗੀ। ਉਨ੍ਹਾਂ ਨੇ ਘੁਸਪੈਠੀਆਂ ਦੀ ਢਾਲ ਬਣਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਭਾਰਤ ਵਿੱਚ ਭਾਰਤ ਦਾ ਕਾਨੂੰਨ ਚਲੇਗਾ, ਅਵੈਧ ਘੁਸਪੈਠੀਆਂ ਦੀ ਮਨਮਾਨੀ ਨਹੀਂ। ਉਨ੍ਹਾਂ ਨੇ ਦੇਸ਼ ਨੂੰ ਭਰੋਸਾ ਦਿੱਤਾ ਕਿ ਇਹ ਉਨ੍ਹਾਂ ਦੀ ਗਰੰਟੀ ਹੈ: ਘੁਸਪੈਠੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਦੇਸ਼ ਇਸ ਦੇ ਚੰਗੇ ਨਤੀਜੇ ਦੇਖੇਗਾ। ਸ਼੍ਰੀ ਮੋਦੀ ਨੇ ਘੁਸਪੈਠ ਦੇ ਸਮਰਥਨ ਵਿੱਚ ਘਟੀਆ ਪ੍ਰਚਾਰ ਕਰਨ ਲਈ ਵਿਰੋਧੀ ਗਠਬੰਧਨ ਦੀ ਆਲੋਚਨਾ ਕੀਤੀ ਅਤੇ ਐਲਾਨ ਕੀਤਾ ਕਿ ਬਿਹਾਰ ਅਤੇ ਭਾਰਤ ਦੀ ਜਨਤਾ ਉਨ੍ਹਾਂ ਨੂੰ ਸਖ਼ਤ ਅਤੇ ਨਿਰਣਾਇਕ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਵਿਰੋਧੀ ਸੱਤਾ ਤੋਂ ਬਾਹਰ ਹੈ ਅਤੇ ਉਨ੍ਹਾਂ ਨੇ ਇਸ ਬਦਲਾਅ ਦੇ ਪਿੱਛੇ ਬਿਹਾਰ ਦੀਆਂ ਮਹਿਲਾਵਾਂ, ਇਸ ਦੀਆਂ ਮਾਤਾਵਾਂ ਅਤੇ ਭੈਣਾਂ ਨੂੰ ਪ੍ਰੇਰਕ ਸ਼ਕਤੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਦਲਾਂ ਦੇ ਸ਼ਾਸਨਕਾਲ ਵਿੱਚ, ਹੱਤਿਆ, ਬਲਾਤਕਾਰ ਅਤੇ ਜ਼ਬਰਦਸਤੀ ਵਸੂਲੀ ਵਰਗੇ ਵੱਡੇ ਪੈਮਾਨੇ ‘ਤੇ ਹੋਣ ਵਾਲੇ ਅਪਰਾਧਾਂ ਦੀਆਂ ਮੁੱਖ ਸ਼ਿਕਾਰ ਮਹਿਲਾਵਾਂ ਹੀ ਸਨ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣ ਪਾਇਆ ਕਿ ਕੇਂਦਰ ਅਤੇ ਰਾਜ ਵਿੱਚ ਸਾਡੀਆਂ ਸਰਕਾਰਾਂ ਦੇ ਤਹਿਤ, ਇਹੀ ਮਹਿਲਾਵਾਂ ਹੁਣ ‘ਲਖਪਤੀ ਦੀਦੀ’ ਅਤੇ ‘ਡ੍ਰੋਨ ਦੀਦੀ’ ਵਜੋਂ ਉੱਭਰ ਰਹੀਆਂ ਹਨ ਅਤੇ ਸੈਲਫ-ਹੈਲਪ ਗਰੁੱਪਾਂ ਰਾਹੀਂ ਇੱਕ ਪਰਿਵਰਤਨਕਾਰੀ ਕ੍ਰਾਂਤੀ ਦੀ ਅਗਵਾਈ ਕਰ ਰਹੀਆਂ ਹਨ। ਉਨ੍ਹਾਂ ਨੇ ਸ਼੍ਰੀ ਨਿਤਿਸ਼ ਕੁਮਾਰ ਦੀ ਅਗਵਾਈ ਵਿੱਚ ਜੀਵਿਕਾ ਦੀਦੀ ਅਭਿਆਨ ਦੀ ਬੇਮਿਸਾਲ ਸਫ਼ਲਤਾ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਮਹਿਲਾਵਾਂ ਲਈ ਲਗਭਗ 500 ਕਰੋੜ ਰੁਪਏ ਦਾ ਕਮਿਊਨਿਟੀ ਇਨਵੈਸਟਮੈਂਟ ਫੰਡ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਰਾਸ਼ੀ ਕਲਸਟਰ-ਪੱਧਰੀ ਫੈੱਡਰੇਸ਼ਨਾਂ ਤੱਕ ਪਹੁੰਚੇਗੀ, ਜੋ ਪਿੰਡਾਂ ਵਿੱਚ ਸੈਲਫ-ਹੈਲਪ ਗਰੁਪਾਂ ਨੂੰ ਸਸ਼ਕਤ ਬਣਾਉਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਮਹਿਲਾਵਾਂ ਨੂੰ ਆਪਣੀਆਂ ਸਮਰੱਥਾਵਾਂ ਅਤੇ ਆਰਥਿਕ ਸ਼ਕਤੀ ਨੂੰ ਵਧਾਉਣ ਦੇ ਨਵੇਂ ਮੌਕੇ ਪ੍ਰਦਾਨ ਕਰੇਗੀ।
ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਲਈ, ਆਪਣੇ ਪਰਿਵਾਰਾਂ ਦੀ ਭਲਾਈ ਹਮੇਸ਼ਾ ਉਨ੍ਹਾਂ ਦੀ ਸਰਵਉੱਚ ਤਰਜੀਹ ਰਹੀ ਹੈ, ਅਤੇ ਉਨ੍ਹਾਂ ਨੇ ਕਦੇ ਵੀ ਜਨਤਾ ਦੇ ਪਰਿਵਾਰਾਂ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਲਈ ਹਰੇਕ ਨਾਗਰਿਕ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹੈ। ਇਸ ਲਈ ਉਨ੍ਹਾਂ ਨੂੰ ਲੋਕਾਂ ਦੇ ਖਰਚਿਆਂ ਅਤੇ ਉਨ੍ਹਾਂ ਦੀ ਬੱਚਤ ਦੀ ਚਿੰਤਾ ਹੈ। ਦੀਵਾਲੀ ਅਤੇ ਛਠ ਸਹਿਤ ਕਈ ਤਿਉਹਾਰਾਂ ਦੇ ਨੇੜੇ ਆਉਣ ਦੇ ਨਾਲ, ਪ੍ਰਧਾਨ ਮੰਤਰੀ ਨੇ ਗ਼ਰੀਬ ਅਤੇ ਮੱਧ ਵਰਗ ਲਈ ਸਰਕਾਰ ਵੱਲੋਂ ਇੱਕ ਵੱਡੀ ਸੌਗਾਤ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ 15 ਸਤੰਬਰ ਹੈ ਅਤੇ ਠੀਕ ਇੱਕ ਹਫ਼ਤੇ ਬਾਅਦ ਨਵਰਾਤ੍ਰੇ ਸ਼ੁਰੂ ਹੋ ਜਾਏਗੀ। ਉਸੇ ਦਿਨ, 22 ਸਤੰਬਰ ਨੂੰ, ਪੂਰੇ ਦੇਸ਼ ਵਿੱਚ ਜੀਐੱਸਟੀ ਘੱਟ ਕਰ ਦਿੱਤੀ ਜਾਵੇਗੀ।
ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਚਾਨਣਾ ਪਿਆ ਕਿ ਜ਼ਿਆਦਾਤਰ ਰੋਜ਼ਾਨਾ ਦੀ ਵਰਤੋਂ ਵਾਲੀਆਂ ਵਸਤਾਂ ‘ਤੇ ਜੀਐੱਸਟੀ ਵਿੱਚ ਜ਼ਿਕਰਯੋਗ ਕਮੀ ਕੀਤੀ ਗਈ ਹੈ। ਮੌਜੂਦ ਮਹਿਲਾਵਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਵਿੱਚ ਕਮੀ ਨਾਲ ਰਸੋਈ ਦੇ ਖਰਚਿਆਂ ਵਿੱਚ ਕਾਫੀ ਕਮੀ ਆਵੇਗੀ। ਟੁੱਥਪੇਸਟ, ਸਾਬਣ, ਸ਼ੈਂਪੂ, ਘੀ ਅਤੇ ਵੱਖ-ਵੱਖ ਭੋਜਨ ਪਦਾਰਥ ਵਧੇਰੇ ਕਫਾਇਤੀ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਵਿੱਚ ਇਸਤੇਮਾਲ ਹੋਣ ਵਾਲੀ ਸਟੇਸ਼ਨਰੀ ਦੀ ਲਾਗਤ ਵੀ ਘੱਟ ਹੋ ਜਾਵੇਗੀ। ਇਸ ਤਿਉਹਾਰਾਂ ਦੇ ਸੀਜ਼ਨ ਵਿੱਚ, ਬੱਚਿਆਂ ਦੇ ਲਈ ਨਵੇਂ ਕੱਪੜੇ ਅਤੇ ਜੁੱਤੇ ਖਰੀਦਣਾ ਅਸਾਨ ਹੋਵੇਗਾ, ਕਿਉਂਕਿ ਇਹ ਵੀ ਸਸਤੇ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਸਰਕਾਰ ਅਸਲ ਵਿੱਚ ਗ਼ਰੀਬਾਂ ਦੀ ਪਰਵਾਹ ਕਰਦੀ ਹੈ, ਤਾਂ ਉਹ ਅਜਿਹੇ ਪ੍ਰਭਾਵਸ਼ਾਲੀ ਉਪਾਅ ਕਰਦੀ ਹੈ।
ਸੁਤੰਤਰਤਾ ਸੰਗ੍ਰਾਮ ਦੌਰਾਨ ਪੂਰਨੀਆ ਦੇ ਸਪੂਤਾਂ ਦੁਆਰਾ ਅੰਗਰੇਜ਼ਾਂ ਨੂੰ ਭਾਰਤ ਦੀ ਤਾਕਤ ਦਾ ਪ੍ਰਦਰਸ਼ਨ ਕਰਵਾਏ ਜਾਣਾ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵਾਰ ਫਿਰ, ਆਪ੍ਰੇਸ਼ਨ ਸਿੰਦੂਰ ਰਾਹੀਂ, ਰਾਸ਼ਟਰ ਨੇ ਆਪਣੇ ਵਿਰੋਧੀਆਂ ਨੂੰ ਉਹੀ ਤਾਕਤ ਦਿਖਾਈ ਹੈ। ਸ਼੍ਰੀ ਮੋਦੀ ਨੇ ਇਸ ਆਪ੍ਰੇਸ਼ਨ ਦੇ ਰਣਨੀਤਕ ਲਾਗੂਕਰਨ ਵਿੱਚ ਪੂਰਨੀਆ ਦੇ ਇੱਕ ਵੀਰ ਸਪੂਤ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਵੇਂ ਰਾਸ਼ਟਰੀ ਸੁਰੱਖਿਆ ਹੋਵੇ ਜਾਂ ਰਾਸ਼ਟਰੀ ਵਿਕਾਸ, ਬਿਹਾਰ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਅੰਤ ਵਿੱਚ ਤਾਕੀਦ ਕੀਤੀ ਕਿ ਬਿਹਾਰ ਦੇ ਵਿਕਾਸ ਅਭਿਆਨ ਦੀ ਗਤੀ ਪੂਰੀ ਤਾਕਤ ਨਾਲ ਜਾਰੀ ਰਹਿਣੀ ਚਾਹੀਦੀ ਹੈ।
ਇਸ ਪ੍ਰੋਗਰਾਮ ਵਿੱਚ ਬਿਹਾਰ ਦੇ ਰਾਜਪਾਲ, ਸ਼੍ਰੀ ਆਰਿਫ ਮੋਹੰਮਦ ਖਾਨ; ਬਿਹਾਰ ਦੇ ਮੁੱਖ ਮੰਤਰੀ, ਸ਼੍ਰੀ ਨਿਤਿਸ਼ ਕੁਮਾਰ; ਕੇਂਦਰੀ ਮੰਤਰੀ, ਸ਼੍ਰੀ ਰਾਮਮੋਹਨ ਨਾਇਡੂ; ਸ਼੍ਰੀ ਰਾਜੀਵ ਰੰਜਨ ਸਿੰਘ, ਸ਼੍ਰੀ ਜੀਤਨ ਰਾਮ ਮਾਂਝੀ, ਸ਼੍ਰੀ ਗਿਰਿਰਾਜ ਸਿੰਘ, ਸ਼੍ਰੀ ਚਿਰਾਗ ਪਾਸਵਾਨ, ਸ਼੍ਰੀ ਨਿਤਯਾਨੰਦ ਰਾਏ, ਸ਼੍ਰੀ ਰਾਮ ਨਾਥ ਠਾਕੁਰ, ਡਾ. ਰਾਜ ਭੂਸ਼ਣ ਚੌਧਰੀ, ਸ਼੍ਰੀ ਸਤੀਸ਼ ਚੰਦਰ ਦੁਬੇ ਸਹਿਤ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਰਾਸ਼ਟਰੀ ਮਖਾਨਾ ਬੋਰਡ ਦੀ ਸ਼ੁਰੂਆਤ ਕੀਤੀ। ਇਹ ਬੋਰਡ ਉਤਪਾਦਨ ਅਤੇ ਨਵੀਂ ਟੈਕਨੋਲੋਜੀ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ, ਪੋਸਟ-ਹਾਰਵੈਸਟ ਮੈਨੇਜਮੈਂਟ ਨੂੰ ਮਜ਼ਬੂਤ ਕਰੇਗਾ, ਵੈਲਿਊ ਐਡੀਸ਼ਨ ਅਤੇ ਪ੍ਰੋਸੈੱਸਿੰਗ ਨੂੰ ਹੁਲਾਰਾ ਦੇਵੇਗਾ ਅਤੇ ਮਖਾਨੇ ਦੇ ਬਜ਼ਾਰ, ਨਿਰਯਾਤ ਅਤੇ ਬ੍ਰਾਂਡ ਵਿਕਾਸ ਨੂੰ ਸਰਲ ਬਣਾਏਗਾ, ਜਿਸ ਨਾਲ ਬਿਹਾਰ ਅਤੇ ਦੇਸ਼ ਦੇ ਮਖਾਨਾ ਕਿਸਾਨਾਂ ਨੂੰ ਲਾਭ ਹੋਵੇਗਾ।
ਦੇਸ਼ ਦੇ ਕੁੱਲ ਮਖਾਨਾ ਉਤਪਾਦਨ ਵਿੱਚ ਬਿਹਾਰ ਦਾ ਯੋਗਦਾਨ ਲਗਭਗ 90% ਹੈ। ਮਧੁਬਨੀ, ਦਰਭੰਗਾ, ਸੀਤਾਮੜ੍ਹੀ, ਸਹਿਰਸਾ, ਕਟਿਹਾਰ, ਪੂਰਨੀਆ, ਸੁਪੌਲ, ਕਿਸ਼ਨਗੰਜ ਅਤੇ ਅਰਰੀਆ ਜਿਹੇ ਪ੍ਰਮੁੱਖ ਜ਼ਿਲ੍ਹੇ ਮਖਾਨਾ ਉਤਪਾਦਨ ਦੇ ਪ੍ਰਾਇਮਰੀ ਹੱਬਸ ਹਨ ਕਿਉਂਕਿ ਇੱਥੋਂ ਦੀ ਅਨੁਕੂਲ ਜਲਵਾਯੂ ਅਤੇ ਉਪਜਾਊ ਮਿੱਟੀ ਮਖਾਨਾ ਦੀ ਉੱਚ ਗੁਣਵੱਤਾ ਵਿੱਚ ਯੋਗਦਾਨ ਦਿੰਦੀ ਹੈ। ਬਿਹਾਰ ਵਿੱਚ ਮਖਾਨਾ ਬੋਰਡ ਦੀ ਸਥਾਪਨਾ ਨਾਲ ਰਾਜ ਅਤੇ ਦੇਸ਼ ਵਿੱਚ ਮਖਾਨਾ ਉਤਪਾਦਨ ਨੂੰ ਵਿਆਪਕ ਹੁਲਾਰਾ ਮਿਲੇਗਾ ਅਤੇ ਗਲੋਬਲ ਮੈਪ ‘ਤੇ ਇਸ ਖੇਤਰ ਵਿੱਚ ਬਿਹਾਰ ਦੀ ਮੌਜੂਦਗੀ ਹੋਰ ਮਜ਼ਬੂਤ ਹੋਵੇਗੀ।
ਪ੍ਰਧਾਨ ਮੰਤਰੀ ਨੇ ਪੂਰਨੀਆ ਏਅਰਪੋਰਟ ਦੇ ਨਿਊ ਸਿਵਿਲ ਐਨਕਲੇਵ ਵਿੱਚ ਇਨਟੈਰਮ ਟਰਮੀਨਲ ਬਿਲਡਿੰਗ ਦਾ ਉਦਘਾਟਨ ਕੀਤਾ, ਜਿਸ ਨਾਲ ਖੇਤਰ ਵਿੱਚ ਯਾਤਰੀ ਪ੍ਰਬੰਧਨ ਸਮਰੱਥਾ ਵਿੱਚ ਵਾਧਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਪੂਰਨੀਆ ਵਿੱਚ ਲਗਭਗ 40,000 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੇ ਭਾਗਲਪੁਰ ਦੇ ਪੀਰਪੈਂਤੀ ਵਿੱਚ 3x800 ਮੈਗਾਵਾਟ ਦੀ ਥਰਮਲ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਹ ਬਿਹਾਰ ਵਿੱਚ ਨਿਜੀ ਖੇਤਰ ਦਾ ਸਭ ਨਾਲੋਂ ਵੱਡਾ-25,000 ਕਰੋੜ ਰੁਪਏ ਦਾ –ਨਿਵੇਸ਼ ਹੋਵੇਗਾ। ਇਸ ਨੂੰ ਅਲਟ੍ਰਾ-ਸੁਪਰ ਕ੍ਰਿਟੀਕਲ, ਘੱਟ ਨਿਕਾਸੀ ਵਾਲੀ ਟੈਕਨੋਲੋਜੀ ‘ਤੇ ਡਿਜ਼ਾਈਨ ਕੀਤਾ ਗਿਆ ਹੈ। ਇਹ ਪ੍ਰੋਜੈਕਟ ਸਮਰਪਿਤ ਬਿਜਲੀ ਪ੍ਰਦਾਨ ਕਰੇਗਾ ਅਤੇ ਬਿਹਾਰ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰੇਗਾ।
ਪ੍ਰਧਾਨ ਮੰਤਰੀ ਨੇ 2680 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਕੋਸੀ-ਮੇਚੀ ਇੰਟ੍ਰਾ-ਸਟੇਟ ਰਿਵਰ ਲਿੰਕ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਵਿੱਚ ਨਹਿਰ ਦੇ ਅੱਪਗ੍ਰੇਡੇਸ਼ਨ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਜਿਸ ਵਿੱਚ ਗਾਦ ਕੱਢਣਾ, ਨੁਕਸਾਨੇ ਗਏ ਢਾਂਚੇ ਦੀ ਮੁੜ ਉਸਾਰੀ ਅਤੇ ਸੈਟਲਿੰਗ ਬੇਸਿਨ ਦਾ ਨਵੀਨੀਕਰਣ ਸ਼ਾਮਲ ਹੈ। ਨਾਲ ਹੀ, ਇਸ ਦੀ ਜਲ-ਨਿਕਾਸ ਸਮਰੱਥਾ ਨੂੰ 15,000 ਕਿਓਸਕ ਤੋਂ ਵਧਾ ਕੇ 20,000 ਕਿਓਸਕ ਕੀਤਾ ਜਾਵੇਗਾ। ਇਸ ਨਾਲ ਉੱਤਰ ਪੂਰਬ ਬਿਹਾਰ ਦੇ ਕਈ ਜ਼ਿਲ੍ਹਿਆਂ ਨੂੰ ਸਿੰਚਾਈ ਵਿਸਤਾਰ, ਫਲੱਡ ਕੰਟਰੋਲ ਅਤੇ ਖੇਤੀਬਾੜੀ ਲਚੀਲਾਪਣ ਦਾ ਲਾਭ ਮਿਲੇਗਾ।
ਰੇਲ ਸੰਪਰਕ ਵਿੱਚ ਸੁਧਾਰ ਲਿਆਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਅਤੇ ਕਈ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ।
ਪ੍ਰਧਾਨ ਮੰਤਰੀ ਨੇ ਵਿਕ੍ਰਮਸ਼ਿਲਾ-ਕਟਾਰੀਆ ਦੇ ਵਿਚਕਾਰ 2,170 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਰੇਲ ਲਾਈਨ ਦਾ ਨੀਂਹ ਪੱਥਰ ਰੱਖਿਆ, ਜੋ ਗੰਗਾ ਨਦੀ ਦੇ ਪਾਰ ਸਿੱਧਾ ਰੇਲ ਸੰਪਰਕ ਪ੍ਰਦਾਨ ਕਰੇਗੀ। ਇਸ ਨਾਲ ਗੰਗਾ ਦੇ ਪਾਰ ਸਿੱਧਾ ਰੇਲ ਸੰਪਰਕ ਉਪਲਬਧ ਹੋਵੇਗਾ ਅਤੇ ਖੇਤਰ ਦੇ ਲੋਕਾਂ ਨੂੰ ਕਾਫੀ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਅਰਰੀਆ-ਗਲਗਲੀਆ (ਠਾਕੁਰਗੰਜ) ਦੇ ਦਰਮਿਆਨ 4,410 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਰੇਲ ਲਾਈਨ ਦਾ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੇ ਅਰਰੀਆ-ਗਲਗਲੀਆ (ਠਾਕੁਰਗੰਜ) ਸੈਕਸ਼ਨ ‘ਤੇ ਟ੍ਰੇਨ ਨੂੰ ਹਰੀ ਝੰਡੀ ਦਿਖਾਈ, ਜਿਸ ਨਾਲ ਅਰਰੀਆ ਅਤੇ ਕਿਸ਼ਨਗੰਜ ਜ਼ਿਲ੍ਹਿਆਂ ਦੇ ਦਰਮਿਆਨ ਸਿੱਧਾ ਰੇਲ ਸੰਪਰਕ ਸਥਾਪਿਤ ਹੋਵੇਗਾ ਅਤੇ ਉੱਤਰ ਪੂਰਬ ਬਿਹਾਰ ਤੱਕ ਪਹੁੰਚ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ। ਉਨ੍ਹਾਂ ਨੇ ਜੋਗਬਨੀ ਅਤੇ ਦਾਨਾਪੁਰ ਦੇ ਵਿਚਕਾਰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਈ, ਜਿਸ ਨਾਲ ਅਰਰੀਆ, ਪੂਰਨੀਆ, ਮਧੇਪੁਰਾ, ਸਹਿਰਸਾ, ਖਗੜੀਆ, ਬੇਗੂਸਰਾਏ, ਸਮਸਤੀਪੁਰ, ਮੁਜ਼ੱਫਰਪੁਰ, ਵੈਸ਼ਾਲੀ ਅਤੇ ਪਟਨਾ ਵਰਗੇ ਜ਼ਿਲ੍ਹਿਆਂ ਨੂੰ ਸਿੱਧਾ ਲਾਭ ਹੋਵੇਗਾ। ਉਹ ਸਹਿਰਸਾ ਅਤੇ ਛੇਹਰਟਾ (ਅੰਮ੍ਰਿਤਸਰ) ਅਤੇ ਜੋਗਬਨੀ ਅਤੇ ਈਰੋਡ ਵਿਚਕਾਰ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਹ ਟ੍ਰੇਨਾਂ ਆਧੁਨਿਕ ਅੰਦਰੂਨੀ ਸਜਾਵਟ, ਬਿਹਤਰ ਸੁਵਿਧਾਵਾਂ ਅਤੇ ਤੇਜ਼ ਯਾਤਰਾ ਸਮਰੱਥਾਵਾਂ ਪ੍ਰਦਾਨ ਕਰਨਗੀਆਂ, ਨਾਲ ਹੀ ਵੱਖ-ਵੱਖ ਖੇਤਰਾਂ ਵਿੱਚ ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਏਕੀਕਰਣ ਨੂੰ ਹੁਲਾਰਾ ਦੇਣਗੀਆਂ।
ਪ੍ਰਧਾਨ ਮੰਤਰੀ ਨੇ ਪੂਰਨੀਆ ਵਿੱਚ ਸੈਕਸ ਸੌਰਟਿਡ ਸੀਮੇਨ ਸੁਵਿਧਾ (Sex Sorted Semen Facility) ਦਾ ਵੀ ਉਦਘਾਟਨ ਕੀਤਾ। ਇਹ ਰਾਸ਼ਟਰੀਯ ਗੋਕੁਲ ਮਿਸ਼ਨ (Rashtriya Gokul Mission) ਦੇ ਤਹਿਤ ਇੱਕ ਅਤਿਆਧੁਨਿਕ ਸੀਮੇਨ ਸਟੇਸ਼ਨ ਹੈ, ਜੋ ਸਲਾਨਾ 5 ਲੱਖ ਸੈਕਸ ਸੌਰਟਿਡ ਸੀਮੇਨ ਖੁਰਾਕ ਦਾ ਉਤਪਾਦਨ ਕਰਨ ਵਿੱਚ ਸਮਰੱਥ ਹੈ। ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਆਪਣੀ ਤਰ੍ਹਾਂ ਦੀ ਇਹ ਪਹਿਲੀ ਸੁਵਿਧਾ, ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਅਕਤੂਬਰ 2024 ਵਿੱਚ ਲਾਂਚ ਕੀਤੀ ਗਈ ਸੀ ਅਤੇ ਇਹ ਸਵਦੇਸ਼ੀ ਤੌਰ ‘ਤੇ ਵਿਕਸਿਤ ਤਕਨੀਕ ਦੀ ਵਰਤੋਂ ਕਰਦੀ ਹੈ। ਮਾਦਾ ਵੱਛੇ ਦੇ ਜਨਮ ਦੀ ਵਧੇਰੇ ਸੰਭਾਵਨਾ ਨੂੰ ਸਮਰੱਥ ਕਰਕੇ, ਇਹ ਤਕਨੀਕ ਛੋਟੇ, ਦਰਮਿਆਨੇ ਕਿਸਾਨਾਂ ਅਤੇ ਭੂਮੀਹੀਣ ਮਜ਼ਦੂਰਾਂ ਨੂੰ ਵਧੇਰੇ ਬਦਲਵੇਂ ਵੱਛੇ ਪ੍ਰਾਪਤ ਕਰਨ, ਆਰਥਿਕ ਤਣਾਅ ਨੂੰ ਘਟਾਉਣ ਅਤੇ ਬਿਹਤਰ ਡੇਅਰੀ ਉਤਪਾਦਕਤਾ ਰਾਹੀਂ ਆਮਦਨ ਵਧਾਉਣ ਵਿੱਚ ਮਦਦ ਕਰੇਗੀ।
ਪ੍ਰਧਾਨ ਮੰਤਰੀ ਨੇ ਪੀਐੱਮਏਵਾਈ (ਆਰ) ਦੇ ਤਹਿਤ 35,000 ਗ੍ਰਾਮੀਣ ਲਾਭਾਰਥੀਆਂ ਅਤੇ ਪੀਐੱਮਏਵਾਈ (ਯੂ) ਦੇ ਤਹਿਤ 5,920 ਸ਼ਹਿਰੀ ਲਾਭਾਰਥੀਆਂ ਦੇ ਲਈ ਆਯੋਜਿਤ ਗ੍ਰਹਿ ਪ੍ਰਵੇਸ਼ ਸਮਾਰੋਹਾਂ ਵਿੱਚ ਵੀ ਹਿੱਸਾ ਲਿਆ ਅਤੇ ਕੁਝ ਲਾਭਾਰਥੀਆਂ ਨੂੰ ਚਾਬੀਆਂ ਸੌਂਪੀਆਂ।
ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਕਲਸਟਰ ਪੱਧਰੀ ਫੈੱਡਰੇਸ਼ਨਾਂ ਨੂੰ ਲਗਭਗ 500 ਕਰੋੜ ਰੁਪਏ ਦੇ ਕਮਿਊਨਿਟੀ ਇਨਵੈਸਟਮੈਂਟ ਫੰਡ ਵੀ ਵੰਡੇ ਗਏ ਅਤੇ ਕੁਝ ਸੀਐੱਲਐੱਫ ਪ੍ਰੈਜ਼ੀਡੈਂਟਾਂ ਨੂੰ ਚੈੱਕ ਸੌਂਪੇ।
************
ਐੱਮਜੇਪੀਐੱਸ/ਐੱਸਆਰ
(Release ID: 2167102)
Visitor Counter : 2
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam