ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਵਿੱਚ ਹੜ੍ਹ ਪ੍ਰਬੰਧਨ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ


2014 ਵਿੱਚ ਮੌਸਮ ਵਿਗਿਆਨ ਦੇ ਖੇਤਰ ਵਿੱਚ ਭਾਰਤ ਬਹੁਤ ਪਿੱਛੇ ਸੀ, ਲੇਕਿਨ ਅੱਜ ਮੋਦੀ ਜੀ ਦੀ ਅਗਵਾਈ ਵਿੱਚ ਅਸੀਂ ਵਿਕਸਿਤ ਦੇਸ਼ਾਂ ਦੇ ਬਰਾਬਰ ਹਾਂ, ਹੁਣ ਸਾਨੂੰ ਨੰਬਰ.1 ਬਣਨਾ ਹੈ

ਹੜ੍ਹ ਕੰਟਰੋਲ ਅਤੇ ਜਲ ਪ੍ਰਬੰਧਨ ਲਈ ਕੇਂਦਰੀ ਏਜੰਸੀਆਂ ਸਪੇਸ ਟੈਕਨੋਲੋਜੀ ਦੀ ਵਧੇਰੇ ਵਰਤੋਂ ਕਰਨ

ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਹੜ੍ਹ ਪ੍ਰਬੰਧਨ ਦੇ ਠੋਸ ਉਪਾਵਾਂ ਲਈ ਤਕਨੀਕ ਦੀ ਵਰਤੋਂ ਕਰਦੇ ਹੋਏ ਨਵੇਂ ਵਿਕਲਪਾਂ ਦੀ ਤਲਾਸ਼ ਕਰਨ

ਰਾਜਮਾਰਗਾਂ ਵਿੱਚ ਇੱਕ ਸਮਾਨ ਡਿਜ਼ਾਈਨ ਪਰਿਵਰਤਨ ਨੂੰ ਯਕੀਨੀ ਬਣਾਉਣ ਦੇ ਲਈ NHAI ਰਾਜਾਂ ਨਾਲ ਮਿਲ ਕੇ ਕੰਮ ਕਰਨ, ਤਾਂ ਜੋ ਭਾਰੀ ਮੀਂਹ ਦੀ ਸਥਿਤੀ ਵਿੱਚ ਸੜਕਾਂ ‘ਤੇ ਪਾਣੀ ਭਰਨ ਦੀ ਸਥਿਤੀ ਨਾਲ ਨਿਪਟਿਆ ਜਾ ਸਕੇ

NDSA, IMD ਅਤੇ NRSC ਜਿਹੇ ਵਿਭਾਗ ਮਿਲ ਕੇ ਇੱਕ ਅਜਿਹਾ ਸੰਮੇਲਨ ਆਯੋਜਿਤ ਕਰਨ ਜਿਸ ਵਿੱਚ ਭਾਰਤੀ ਮੂਲ ਦੇ ਮਾਹਿਰ ਹੜ੍ਹ, ਪੁਲਾੜ ਸਮੇਤ ਹੋਰ ਪਹਿਲੂਆਂ ‘ਤੇ ਚਰਚਾ ਕਰ ਸਕਣ

Posted On: 10 JUN 2025 8:17PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਵਿੱਚ ਹੜ੍ਹ ਪ੍ਰਬੰਧਨ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ ਦੇਸ਼ ਵਿੱਚ ਹੜ੍ਹ ਦੇ ਖ਼ਤਰੇ ਨੂੰ ਘੱਟ ਕਰਨ ਦੇ ਲਈ ਕੀਤੇ ਜਾ ਰਹੇ ਦੀਰਘਕਾਲੀ ਉਪਾਵਾਂ ਅਤੇ ਪਿਛਲੇ ਵਰ੍ਹੇ ਹੋਈ ਬੈਠਕ ਵਿੱਚ ਲਏ ਗਏ ਫੈਸਲਿਆਂ ‘ਤੇ ਚੁੱਕੇ ਗਏ ਕਦਮਾਂ ਦੀ ਵੀ ਸਮੀਖਿਆ ਕੀਤੀ। 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਬੈਠਕ ਵਿੱਚ ਹੜ੍ਹ ਪ੍ਰਬੰਧਨ ਲਈ ਸਾਰੀਆਂ ਏਜੰਸੀਆਂ ਦੁਆਰਾ ਅਪਣਾਈਆਂ ਗਈਆਂ ਨਵੀਆਂ ਤਕਨੀਕਾਂ ਅਤੇ ਉਨ੍ਹਾਂ ਦੇ ਨੈੱਟਵਰਕ ਦੇ ਵਿਸਤਾਰ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਹੜ੍ਹ ਕੰਟਰੋਲ ਅਤੇ ਜਲ ਪ੍ਰਬੰਧਨ ਦੇ ਲਈ ਵੱਖ-ਵੱਖ ਕੇਂਦਰੀ ਏਜੰਸੀਆਂ ਦੁਆਰਾ ਸਪੇਸ ਟੈਕਨੋਲੋਜੀ ਦੀ ਜ਼ਿਆਦਾ ਵਰਤੋਂ ‘ਤੇ ਜ਼ੋਰ ਦਿੱਤਾ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਦੀ ਅਗਵਾਈ ਵਿੱਚ ਭਾਰਤ ਦਾ ਆਫਤ ਪ੍ਰਬੰਧਨ ‘Zero Casualty Approach’ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਨੈਸ਼ਨਲ ਡਿਜ਼ਾਸਟਰ  ਮੈਨੇਜਮੈਂਟ ਅਥਾਰਿਟੀ (NDMA) ਨੂੰ ਨਿਰਦੇਸ਼ ਦਿੱਤਾ ਕਿ ਉਹ ਜ਼ਮੀਨੀ ਪੱਧਰ ਤੱਕ ਪਹਿਲਾਂ ਚੇਤਾਵਨੀ ਅਲਰਟ ਦਾ ਪ੍ਰਸਾਰ ਯਕੀਨੀ ਬਣਾਉਣ ਲਈ ਸਾਰੀਆਂ ਸਟੇਟ ਡਿਜ਼ਾਸਟਰ  ਮੈਨੇਜਮੈਂਟ ਅਥਾਰਿਟੀਜ਼ (SDMAs) ਅਤੇ ਡਿਸਟ੍ਰਿਕਟ ਡਿਜ਼ਾਸਟਰ  ਮੈਨੇਜਮੈਂਟ ਅਥਾਰਿਟੀਜ਼ (DDMAs) ਨਾਲ ਤਾਲਮੇਲ ਕਰਨ। ਗ੍ਰਹਿ ਮੰਤਰੀ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੜ੍ਹ ਪ੍ਰਬੰਧਨ ਲਈ NDMA ਦੁਆਰਾ ਜਾਰੀ ਕੀਤੀ ਗਈ ਸਲਾਹ ਨੂੰ ਸਮੇਂ ‘ਤੇ ਲਾਗੂਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਐੱਨਡੀਐੱਮਏ ਅਤੇ ਐੱਨਡੀਆਰਐੱਫ ਨੂੰ ਰਾਜਾਂ ਦੇ ਨਾਲ ਪੂਰਨ ਤਾਲਮੇਲ ਨਾਲ ਕੁਸ਼ਲਤਾਪੂਰਵਕ ਹੜ੍ਹ ਪ੍ਰਬੰਧਨ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਕਿਹਾ।

ਕੇਂਦਰੀ ਗ੍ਰਹਿ ਮੰਤਰੀ, ਨੇ ਹੜ੍ਹ ਪੂਰਵ ਅਨੁਮਾਨ/ਮਸ਼ਵਰਾ ਜਾਰੀ ਕਰਨ ਲਈ ਸਮਾਂ ਸੀਮਾ ਵਧਾਉਣ ਲਈ ਸੈਂਟਰਲ ਵਾਟਰ ਕਮਿਸ਼ਨ (CWC) ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਦੀ ਸ਼ਲਾਘਾ ਕਰਦੇ ਹੋਏ ਪੂਰਵ ਅਨੁਮਾਨਾਂ ਦੀ ਸਟੀਕਤਾ ਦੇ ਪੱਧਰ ਨੂੰ ਵਧਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੈਂਟਰਲ ਵਾਟਰ ਕਮਿਸ਼ਨ (CWC) ਦੇ ਹੜ੍ਹ ਨਿਗਰਾਨੀ ਕੇਂਦਰ ਸਾਡੀਆਂ ਜ਼ਰੂਰਤਾਂ ਅਤੇ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਸਾਰ ਹੋਣੇ ਚਾਹੀਦੇ ਹਨ। ਸ਼੍ਰੀ ਸ਼ਾਹ ਨੇ ਜਲ ਸ਼ਕਤੀ ਮੰਤਰਾਲੇ, NDMA ਅਤੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (NRSC) ਨੂੰ ਗਲੇਸ਼ੀਅਲ ਝੀਲਾਂ ਦੀ ਬਰੀਕੀ ਨਾਲ ਨਿਗਰਾਨੀ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਵਿਸਫੋਟ (outburst) ਦੀ ਸਥਿਤੀ ਵਿੱਚ ਸਮੇਂ ‘ਤੇ ਕਦਮ ਚੁੱਕਣ ਦੀ ਸਲਾਹ ਦਿੱਤੀ। 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ/ (MoRTH) ਨੈਸ਼ਨਲ ਹਾਈਵੇਅਜ਼ ਅਥਾਰਿਟੀ ਆਫ਼ ਇੰਡੀਆ (NHAI) ਨੂੰ ਰਾਜਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਰਾਜ ਅਤੇ ਜ਼ਿਲ੍ਹਾ ਰਾਜਮਾਰਗਾਂ ਵਿੱਚ ਵੀ ਇਕਸਮਾਨ ਡਿਜ਼ਾਈਨ ਪਰਿਵਰਤਨ ਯਕੀਨੀ ਬਣਾਏ ਜਾ ਸਕਣ, ਤਾਂ ਜੋ ਭਾਰੀ ਮੀਂਹ ਦੀ ਸਥਿਤੀ ਵਿੱਚ ਸੜਕਾਂ ‘ਤੇ ਪਾਣੀ ਭਰਨ ਦੀ ਸਥਿਤੀ ਨਾਲ ਨਜਿੱਠਣ ਲਈ ਰਾਜਮਾਰਗਾਂ ਦੀ ਜਲ ਨਿਕਾਸੀ ਪ੍ਰਣਾਲੀ (highways drainage system) ਸੜਕ ਨਿਰਮਾਣ ਦੇ ਡਿਜ਼ਾਈਨ ਦਾ ਅਣਿਖੱੜਵਾਂ ਅੰਗ ਬਣ ਜਾਣ। ਇਸ ਤੋਂ ਇਲਾਵਾ ਐੱਨਡੀਐੱਮਏ ਨੂੰ ਹੜ੍ਹ ਦੀਆਂ ਤਿਆਰੀਆਂ ਅਤੇ ਮਿਟੀਗੇਸ਼ਨ ਲਈ ਕੇਂਦਰੀ ਏਜੰਸੀਆਂ ਅਤੇ ਰਾਜਾਂ ਦਰਮਿਆਨ ਤਾਲਮੇਲ ਲਈ ਸਟੇਟ ਅਥਾਰਿਟੀਆਂ ਨਾਲ ਵੀ ਤਾਲਮੇਲ ਕਰਨਾ ਚਾਹੀਦਾ ਹੈ। 

ਗ੍ਰਹਿ ਮੰਤਰੀ ਨੇ ਨਰਮਦਾ ਨਦੀ ਖੇਤਰ ਵਿੱਚ ਵਣ ਖੇਤਰ ਨੂੰ ਹੋਰ ਵਧਾਉਣ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਪ੍ਰਯੋਗ ਸਫ਼ਲ ਰਿਹਾ ਤਾਂ ਹੋਰ ਨਦੀਆਂ ਦੇ ਖੇਤਰ ਵਿੱਚ ਵੀ ਅਜਿਹੇ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਦੀ ਖੇਤਰ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਇਤਾ ਮਿਲੇਗੀ, ਮਿੱਟੀ ਦਾ ਖੁਰਨਾ ਘੱਟ ਹੋਵੇਗਾ ਅਤੇ ਖੇਤਰ ਵਿੱਚ  ਘੱਟ ਮੀਂਹ ਦੀ ਉਭਰਦੀ ਸਮੱਸਿਆ ਨਾਲ ਵੀ ਨਿਪਟਿਆ ਜਾ ਸਕੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਹੜ੍ਹ ਪ੍ਰਬੰਧਨ ਦੇ ਠੋਸ ਉਪਾਵਾਂ ਲਈ ਤਕਨੀਕ ਦੀ ਵਰਤੋਂ ਕਰਦੇ ਹੋਏ ਨਵੇਂ ਵਿਕਲਪਾਂ ਦੀ ਤਲਾਸ਼ ਕੀਤੀ ਜਾਣੀ ਚਾਹੀਦੀ ਹੈ। 

ਗ੍ਰਹਿ ਮੰਤਰੀ ਨੇ ਸ਼ਹਿਰੀ ਖੇਤਰਾਂ ਵਿੱਚ ਵਧਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਸਾਰੀਆਂ ਕੇਂਦਰੀ ਏਜੰਸੀਆਂ ਨੂੰ ਇਨ੍ਹਾਂ ਸ਼ਹਿਰਾਂ ਵਿੱਚ ਹੜ੍ਹ ਕੰਟਰੋਲ ਲਈ ਜ਼ਰੂਰੀ, ਸਮਾਂਬੱਧ ਕਾਰਵਾਈ ਕਰਨ ਅਤੇ ਵੱਡੇ ਸ਼ਹਿਰਾਂ ਵਿੱਚ ਹੜ੍ਹ ਪ੍ਰਬੰਧਨ ਲਈ ਵਿਆਪਕ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ ਸ਼੍ਰੀ ਸ਼ਾਹ ਨੇ ਮਾਨਸੂਨ ਦੌਰਾਨ ਘੱਟ ਸਮੇਂ ਵਿੱਚ ਭਾਰੀ ਮੀਂਹ ਦੀ ਉਭਰਦੀ ਪ੍ਰਵਿਰਤੀ ਨਾਲ ਨਜਿੱਠਣ ਲਈ ਵੇਟਲੈਂਡਜ਼ ਨੂੰ ਮੁੜ ਸੁਰਜੀਤ ਕਰਨਾ (wetland rejuvenation) ਅਤੇ  ਜੰਗਲ ਆਬਾਦ ਕਰਨ (afforestation) ਦੇ ਉਪਾਵਾਂ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਜਲ ਸ਼ਕਤੀ ਮੰਤਰਾਲੇ ਨੂੰ ਬ੍ਰਹਮਪੁੱਤਰ ਬੇਸਿਨ ਵਿੱਚ ਵੇਟਲੈਂਡਜ਼ ਦੀ ਸਥਿਤੀ ਨੂੰ ਬਿਹਤਰ ਬਣਾਉਣ ‘ਤੇ ਕੰਮ ਕਰਨ ਦੀ ਸਲਾਹ ਦਿੱਤੀ, ਜੋ ਹੜ੍ਹ ਦੀ ਰੋਕਥਾਮ ਦੇ ਨਾਲ ਹੀ ਆਰਥਿਕ ਅਤੇ ਟੂਰਿਜ਼ਮ ਗਤੀਵਿਧੀਆਂ ਲਈ ਮਹੱਤਵਪੂਰਨ ਹੋਵੇਗਾ। 

ਸ਼੍ਰੀ ਅਮਿਤ ਸ਼ਾਹ ਨੇ ਨੈਸ਼ਨਲ ਡੈਮ ਸੇਫਟੀ ਅਥਾਰਿਟੀ (NDSA), ਆਈਐੱਮਡੀ ਅਤੇ ਐੱਨਆਰਐੱਸਸੀ ਸਹਿਤ ਹੋਰ ਵਿਭਾਗਾਂ ਨੂੰ ਸੰਯੁਕਤ ਤੌਰ ‘ਤੇ ਇੱਕ ਅਜਿਹੇ ਸੰਮੇਲਨ ਨੂੰ ਆਯੋਜਿਤ ਕਰਨ ਦਾ ਸੁਝਾਅ ਦਿੱਤਾ ਜਿਸ ਵਿੱਚ ਮਾਹਿਰਾਂ ਨੂੰ ਹੜ੍ਹ, ਪੁਲਾੜ ਸਹਿਤ ਹੋਰ ਪਹਿਲੂਆਂ ਬਾਰੇ ਚਰਚਾ ਲਈ ਸੱਦਾ ਦਿੱਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਮੌਸਮ ਵਿਗਿਆਨ ਦੇ ਖੇਤਰ ਵਿੱਚ ਭਾਰਤ ਬਹੁਤ ਪਿੱਛੇ ਸੀ, ਲੇਕਿਨ ਅੱਜ ਮੋਦੀ ਜੀ ਦੀ ਅਗਵਾਈ ਵਿੱਚ ਅਸੀਂ ਵਿਕਸਿਤ ਦੇਸ਼ਾਂ ਦੇ ਬਰਾਬਰ ਹਾਂ, ਹੁਣ ਸਾਨੂੰ ਨੰ.1 ਬਣਨਾ ਹੈ। 

ਬੈਠਕ ਦੌਰਾਨ IMD, CWC ਸਹਿਤ ਕਈ ਵਿਭਾਗਾਂ ਨੇ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ। ਸਬੰਧਿਤ ਮੰਤਰਾਲਿਆਂ/ਵਿਭਾਗਾਂ ਨੇ ਪਿਛਲੇ ਵਰ੍ਹੇ ਆਯੋਜਿਤ ਹੜ੍ਹ ਸਮੀਖਿਆ ਬੈਠਕ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਦੁਆਰਾ ਦਿੱਤੇ ਗਏ ਨਿਰਦੇਸ਼ਾਂ ‘ਤੇ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਾਨਸੂਨ ਦੇ ਮੌਜੂਦਾ ਮੌਸਮ ਲਈ ਆਪਣੀਆਂ ਤਿਆਰੀਆਂ ਅਤੇ ਭਵਿੱਖ ਦੇ ਐਕਸ਼ਨ ਪਲਾਨ ਬਾਰੇ ਵੀ ਗ੍ਰਹਿ ਮੰਤਰੀ ਨੂੰ ਜਾਣੂ ਕਰਵਾਇਆ। ਗ੍ਰਹਿ ਮੰਤਰੀ ਨੇ ਸਾਰੇ ਵਿਭਾਗਾਂ ਦੁਆਰਾ ਕੀਤੀਆਂ ਗਈਆਂ ਤਿਆਰੀਆਂ ‘ਤੇ ਸੰਤੋਸ਼ ਵਿਅਕਤ ਕੀਤਾ। ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਤਾਲਮੇਲ ਨਾਲ ਇੱਕ ਅਜਿਹਾ ਸਾਫਟਵੇਅਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਅਪੀਲ ਕੀਤੀ, ਜਿਸ ਨਾਲ ਸਾਰੇ ਵਿਭਾਗਾਂ ਦੇ ਯੋਗਦਾਨ ਨਾਲ ਖਰਾਬ ਮੌਸਮ ਦੀਆਂ ਸਥਿਤੀਆਂ ਨਾਲ ਨਿਪਟਿਆ ਜਾ ਸਕੇ। 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਦੀ ਅਗਵਾਈ ਵਿੱਚ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਹੜ੍ਹ ਅਤੇ ਹੋਰ ਕੁਦਰਤੀ ਆਫਤਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਤਿਆਰੀਆਂ ਨੂੰ ਸਰਬਉੱਚ ਤਰਜੀਹ ਦਿੰਦੇ ਹਨ। ਹਰ ਵਰ੍ਹੇ ਕੇਂਦਰੀ ਗ੍ਰਹਿ ਮੰਤਰੀ ਹੜ੍ਹ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹਨ। ਉਨ੍ਹਾਂ ਦੇ ਨਿਰਦੇਸ਼ ‘ਤੇ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਅਤੇ ਸੈਂਟਰਲ ਵਾਟਰ ਕਮਿਸ਼ਨ (CWC) ਦੁਆਰਾ ਪਹਿਲਾਂ ਤੋਂ ਹੀ ਮੀਂਹ ਅਤੇ ਹੜ੍ਹ ਦੇ ਪੂਰਵ ਅਨੁਮਾਨ ਨੂੰ 3 ਦਿਨਾਂ ਤੋਂ ਵਧਾ ਕੇ 7 ਦਿਨ ਕਰਨਾ ਅਤੇ ਹੀਟਵੇਵ ਪੂਰਵ ਅਨੁਮਾਨ ਲਈ ਬਿਹਤਰ ਪੈਰਾਮੀਟਰ ਸ਼ਾਮਲ ਹਨ। 

ਬੈਠਕ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀਆਰ ਪਾਟਿਲ, ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ, ਕੇਂਦਰੀ ਗ੍ਰਹਿ ਸਕੱਤਰ, ਨਦੀ ਵਿਕਾਸ ਅਤੇ ਗੰਗਾ ਦੀ ਸੰਭਾਲ, ਪ੍ਰਿਥਵੀ ਵਿਗਿਆਨ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ, ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰ, ਰੇਲਵੇ ਬੋਰਡ ਦੇ ਚੇਅਰਪਰਸਨ, NDMA ਦੇ ਮੈਂਬਰ ਅਤੇ ਡਾਇਰੈਕਟਰ ਜਨਰਲ, NDRF ਅਤੇ IMD ਦੇ ਡਾਇਰੈਕਟਰ ਜਨਰਲ, NHAI ਅਤੇ CWC ਦੇ ਚੇਅਰਮੈਨ, ਅਤੇ NRSC ਅਤੇ ਹੋਰ ਸਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। 

 

************

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2135734) Visitor Counter : 3