ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਚੱਕਰਵਾਤ “ਰੈਮਲ” ਦੇ ਪ੍ਰਭਾਵ ਦੀ ਸਮੀਖਿਆ ਕੀਤੀ


ਪ੍ਰਧਾਨ ਮੰਤਰੀ ਨੂੰ ਪ੍ਰਭਾਵਿਤ ਰਾਜਾਂ ‘ਤੇ ਚੱਕਰਵਾਤ ਦੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਗਈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪ੍ਰਭਾਵਿਤ ਰਾਜਾਂ ਨੂੰ ਪੂਰਾ ਸਹਿਯੋਗ ਦੇਣਾ ਜਾਰੀ ਰੱਖੇਗੀ

ਜ਼ਰੂਰਤ ਮੁਤਾਬਕ ਐੱਨਡੀਆਰਐੱਫ ਦੀਆਂ ਟੀਮਾਂ ਤੈਨਾਤ; ਟੀਮਾਂ ਨੇ ਲੋਕਾਂ ਨੂੰ ਸੁਰੱਖਿਅਤ ਬਾਹਰ ਨਿਕਾਲਣ ਦਾ ਕੰਮ ਕੀਤਾ, ਏਅਰਲਿਫਟਿੰਗ ਅਤੇ ਸੜਕ ਸਾਫ ਕਰਨ ਦੇ ਅਭਿਆਨ ਚਲਾਏ

ਪ੍ਰਧਾਨ ਮੰਤਰੀ ਨੇ ਗ੍ਰਹਿ ਮੰਤਰਾਲੇ ਨੂੰ ਸਥਿਤੀ ਦੀ ਨਿਗਰਾਨੀ ਕਰਨ ਅਤੇ ਮੁੜ-ਸਥਾਪਨਾ ਨੂੰ ਲੈ ਕੇ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਨਿਯਮਿਤ ਤੌਰ ‘ਤੇ ਮਾਮਲੇ ਦੀ ਸਮੀਖਿਆ ਕਰਨ ਦਾ ਵੀ ਨਿਰਦੇਸ਼ ਦਿੱਤਾ

Posted On: 02 JUN 2024 2:34PM by PIB Chandigarh

ਪ੍ਰਧਾਨ ਮੰਤਰੀ ਨੇ ਅੱਜ ਨਵੀਂ ਦਿੱਲੀ ਦੇ ਲੋਕ ਕਲਿਆਣ ਮਾਰਗ ਸਥਿਤ ਆਪਣੇ ਨਿਵਾਸ ‘ਤੇ ਚੱਕਰਵਾਤ “ਰੈਮਲ” ਦੇ ਪ੍ਰਭਾਵ ਦੀ ਸਮੀਖਿਆ ਕੀਤੀ।

ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਨੂੰ ਚੱਕਰਵਾਤ ਦੇ ਪ੍ਰਭਾਵਿਤ ਰਾਜਾਂ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਗਈ। ਮਿਜ਼ੋਰਮ, ਅਸਮ, ਮਨੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਦੇ ਕਾਰਨ ਹੋਏ ਜਾਨੀ ਨੁਕਸਾਨ ਅਤੇ ਘਰਾਂ ਅਤੇ ਸੰਪਤੀਆਂ ਦੇ ਨੁਕਸਾਨ ਬਾਰੇ ਵੀ ਚਰਚਾ ਕੀਤੀ ਗਈ। ਜ਼ਰੂਰਤ ਮੁਤਾਬਕ ਐੱਨਡੀਆਰਐੱਫ ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਟੀਮਾਂ ਨੇ ਲੋਕਾਂ ਨੂੰ ਸੁਰੱਖਿਅਤ ਬਚਾਉਣ, ਏਅਰਲਿਫਟ ਅਤੇ ਸੜਕਾਂ ਸਾਫ਼ ਕਰਨ ਲਈ ਅਭਿਆਨ ਚਲਾਏ ਹਨ। ਮੀਟਿੰਗ ਦੇ ਦੌਰਾਨ, ਇਹ ਦੱਸਿਆ ਗਿਆ ਕਿ ਗ੍ਰਹਿ ਮੰਤਰਾਲਾ ਰਾਜ ਸਰਕਾਰਾਂ ਦੇ ਨਾਲ ਨਿਰੰਤਰ ਸੰਪਰਕ ਵਿੱਚ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਚੱਕਰਵਾਤ ਤੋਂ ਪ੍ਰਭਾਵਿਤ ਰਾਜ ਨੂੰ ਪੂਰਾ ਸਹਿਯੋਗ ਦੇਣਾ ਜਾਰੀ ਰੱਖੇਗੀ। ਪ੍ਰਧਾਨ ਮੰਤਰੀ ਨੇ ਗ੍ਰਹਿ ਮੰਤਰਾਲੇ ਨੂੰ ਸਥਿਤੀ ‘ਤੇ ਨਜ਼ਰ ਰੱਖਣ ਅਤੇ ਸਥਿਤੀ ਦੀ ਨਿਯਮਿਤ ਸਮੀਖਿਆ ਕਰਨ ਦਾ ਨਿਰਦੇਸ਼ ਦਿੱਤਾ, ਤਾਕਿ ਮੁੜ-ਸਥਾਪਨਾ ਦੇ ਲਈ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। 

 ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ, ਕੈਬਨਿਟ ਸਕੱਤਰ, ਗ੍ਰਹਿ ਸਕੱਤਰ, ਭੂ-ਵਿਗਿਆਨ ਮੰਤਰਾਲੇ ਦੇ ਸਕੱਤਰ, ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਅਤੇ ਐੱਨਡੀਐੱਮਏ ਦੇ ਮੈਂਬਰ ਸਕੱਤਰ ਦੇ ਨਾਲ-ਨਾਲ ਪੀਐੱਮਓ (ਪ੍ਰਧਾਨ ਮੰਤਰੀ ਦਫ਼ਤਰ) ਅਤੇ ਸਬੰਧਿਤ ਮੰਤਰਾਲਿਆਂ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। 

 

************

ਡੀਐੱਸ/ਐੱਸਟੀ



(Release ID: 2022558) Visitor Counter : 45