ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪਰੀਕਸ਼ਾ ਪੇ ਚਰਚਾ 2024 ਦੇ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ


"ਸਾਡੇ ਬੱਚਿਆਂ ਵਿੱਚ ਲਚਕਤਾ ਪੈਦਾ ਕਰਨਾ ਅਤੇ ਦਬਾਅ ਨਾਲ ਨਜਿੱਠਣ ਵਿੱਚ ਉਨ੍ਹਾਂ ਦੀ ਮਦਦ ਕਰਨਾ ਮਹੱਤਵਪੂਰਨ ਹੈ"

"ਵਿਦਿਆਰਥੀਆਂ ਦੀਆਂ ਚੁਣੌਤੀਆਂ ਨੂੰ ਮਾਪਿਆਂ ਅਤੇ ਅਧਿਆਪਕਾਂ ਦੁਆਰਾ ਸਾਂਝੇ ਤੌਰ 'ਤੇ ਹੱਲ ਕਰਨਾ ਚਾਹੀਦਾ ਹੈ"

"ਸਿਹਤਮੰਦ ਪ੍ਰਤੀਯੋਗਤਾ ਵਿਦਿਆਰਥੀਆਂ ਦੇ ਵਿਕਾਸ ਲਈ ਵਧੀਆ ਹੈ"

"ਅਧਿਆਪਕ ਨੌਕਰੀ ਦੀ ਭੂਮਿਕਾ ਵਿੱਚ ਨਹੀਂ ਹਨ, ਪਰ ਉਹ ਵਿਦਿਆਰਥੀਆਂ ਦੇ ਜੀਵਨ ਨੂੰ ਸੰਵਾਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ"

“ਮਾਪਿਆਂ ਨੂੰ ਆਪਣੇ ਬੱਚਿਆਂ ਦੇ ਰਿਪੋਰਟ ਕਾਰਡਾਂ ਨੂੰ ਵਿਜ਼ਿਟਿੰਗ ਕਾਰਡ ਨਹੀਂ ਬਣਾਉਣਾ ਚਾਹੀਦਾ”

"ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਦਰਮਿਆਨ ਬੰਧਨ ਸਿਲੇਬਸ ਅਤੇ ਪਾਠਕ੍ਰਮ ਤੋਂ ਹਟਕੇ ਹੋਣਾ ਚਾਹੀਦਾ ਹੈ"

“ਆਪਣੇ ਬੱਚਿਆਂ ਦਰਮਿਆਨ ਕਦੇ ਭੀ ਮੁਕਾਬਲੇ ਅਤੇ ਦੁਸ਼ਮਣੀ ਦੇ ਬੀਜ ਨਾ ਬੀਜੋ। ਇਸ ਦੀ ਬਜਾਏ, ਭੈਣ-ਭਰਾ ਇੱਕ ਦੂਸਰੇ ਲਈ ਪ੍ਰੇਰਣਾ ਸਰੋਤ ਹੋਣੇ ਚਾਹੀਦੇ ਹਨ”

"ਤੁਹਾਡੇ ਦੁਆਰਾ ਕੀਤੇ ਸਾਰੇ ਕੰਮ ਅਤੇ ਅਧਿਐਨ ਵਿੱਚ ਪ੍ਰਤੀਬੱਧ ਹੋਣ ਅਤੇ ਨਿਰਣਾਇਕ ਬਣਨ ਦੀ ਕੋਸ਼ਿਸ਼ ਕਰੋ"

“ਜਿੰਨਾ ਸੰਭਵ ਹੋ ਸਕੇ ਉੱਤਰ ਲਿਖਣ ਦਾ ਅਭਿਆਸ ਕਰੋ। ਜੇ ਤੁਹਾਡੇ ਕੋਲ ਇਹ ਅਭਿਆਸ ਹੈ, ਤਾਂ ਪਰੀਖਿਆ ਹਾਲ ਦਾ ਬਹੁਤਾ ਤਣਾਅ ਦੂਰ ਹੋ ਜਾਵੇਗਾ"

“ਟੈਕਨੋਲੋਜੀ ਬੋਝ ਨਹੀਂ ਬਣਨੀ ਚਾਹੀਦੀ। ਇਸ ਦੀ ਸਮਝਦਾਰੀ ਨਾਲ ਵਰਤੋਂ ਕਰੋ"

&

Posted On: 29 JAN 2024 1:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਰੀਕਸ਼ਾ ਪੇ ਚਰਚਾ (ਪੀਪੀਸੀ) ਦੇ 7ਵੇਂ ਸੰਸਕਰਣ ਦੇ ਦੌਰਾਨ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਮੌਕੇ ਲਗਾਈ ਗਈ ਕਲਾ ਅਤੇ ਸ਼ਿਲਪਕਾਰੀ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ। ਪਰੀਕਸ਼ਾ ਪੇ ਚਰਚਾ (ਪੀਪੀਸੀ) ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਸਮਾਜ ਨੂੰ ਇੱਕ ਅਜਿਹੇ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਇਕਜੁੱਟ ਕਰਨ ਦੇ ਯਤਨਾਂ ਦੇ ਤਹਿਤ ਚਲਾਇਆ ਗਿਆ ਇੱਕ ਅੰਦੋਲਨ ਹੈ, ਜਿਸ ਵਿੱਚ ਹਰੇਕ ਬੱਚੇ ਦੀ ਵਿਲੱਖਣ ਸ਼ਖ਼ਸੀਅਤ ਦਾ ਜਸ਼ਨ ਮਨਾਇਆ ਜਾਂਦਾ ਹੈ, ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਖ਼ੁਦ ਨੂੰ ਪੂਰੀ ਤਰ੍ਹਾਂ ਉਜਾਗਰ ਕਰਨ ਦਿੱਤਾ ਜਾਂਦਾ ਹੈ।

ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਦੁਆਰਾ ਬਣਾਈਆਂ ਰਚਨਾਵਾਂ ਦਾ ਜ਼ਿਕਰ ਕੀਤਾ, ਜਿੰਨ੍ਹਾਂ ਵਿੱਚ ਉਨ੍ਹਾਂ ਨੇ ਵੱਖ-ਵੱਖ ਰੂਪਾਂ ਵਿੱਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਜਿਹੀਆਂ ਆਕਾਂਖਿਆਵਾਂ ਅਤੇ ਸੰਕਲਪਾਂ ਨੂੰ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਦਰਸ਼ਨੀਆਂ ਦਰਸਾਉਂਦੀਆਂ ਹਨ ਕਿ ਨਵੀਂ ਪੀੜ੍ਹੀ ਵੱਖ-ਵੱਖ ਵਿਸ਼ਿਆਂ ਬਾਰੇ ਕੀ ਸੋਚਦੀ ਹੈ ਅਤੇ ਇਨ੍ਹਾਂ ਮੁੱਦਿਆਂ ਲਈ ਉਨ੍ਹਾਂ ਕੋਲ ਕੀ ਹੱਲ ਹਨ।

ਆਪਣੀ ਗੱਲਬਾਤ ਸ਼ੁਰੂ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਪ੍ਰੋਗਰਾਮ ਸਥਾਨ, ਭਾਵ ਭਾਰਤ ਮੰਡਪਮ ਦੇ ਮਹੱਤਵ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਜੀ-20 ਸਮਿਟ ਬਾਰੇ ਦੱਸਿਆ ਜਿੱਥੇ ਦੁਨੀਆ ਦੇ ਸਾਰੇ ਪ੍ਰਮੁੱਖ ਨੇਤਾ ਇਕੱਠੇ ਹੋਏ ਅਤੇ ਦੁਨੀਆ ਦੇ ਭਵਿੱਖ ਬਾਰੇ ਚਰਚਾ ਕੀਤੀ।

ਬਾਹਰੀ ਦਬਾਅ ਅਤੇ ਤਣਾਅ

ਓਮਾਨ ਦੇ ਇੱਕ ਪ੍ਰਾਈਵੇਟ ਸੀਬੀਐੱਸਈ ਸਕੂਲ ਤੋਂ ਦਾਨੀਆ ਸ਼ਾਬੂ ਅਤੇ ਦਿੱਲੀ ਦੇ ਸਰਕਾਰੀ ਸਰਵੋਦਯ ਬਾਲ ਵਿਦਿਆਲਿਆ, ਬੁਰਾੜੀ ਤੋਂ ਮੁਹੰਮਦ ਅਰਸ਼ ਨੇ ਬਾਹਰੀ ਕਾਰਕਾਂ ਜਿਵੇਂ ਕਿ ਸੰਸਕ੍ਰਿਤਕ ਅਤੇ ਸਮਾਜਿਕ ਉਮੀਦਾਂ ਦਾ ਵਿਦਿਆਰਥੀਆਂ 'ਤੇ ਦਬਾਅ ਵਧਾਉਣ ਵਿੱਚ ਯੋਗਦਾਨ ਦਾ ਮੁੱਦਾ ਉਠਾਇਆ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਪੀਪੀਸੀ ਵਿੱਚ ਸੰਸਕ੍ਰਿਤਕ ਅਤੇ ਸਮਾਜਿਕ ਉਮੀਦਾਂ ਬਾਰੇ ਸਵਾਲ ਹਮੇਸ਼ਾ ਆਉਂਦੇ ਰਹੇ ਹਨ, ਭਾਵੇਂ ਇਹ 7ਵਾਂ ਐਡੀਸ਼ਨ ਹੈ। ਉਨ੍ਹਾਂ ਵਿਦਿਆਰਥੀਆਂ 'ਤੇ ਬਾਹਰੀ ਕਾਰਕਾਂ ਦੇ ਵਾਧੂ ਦਬਾਅ ਦੇ ਪ੍ਰਭਾਵ ਨੂੰ ਘਟਾਉਣ ਵਿੱਚ ਅਧਿਆਪਕਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਇਹ ਵੀ ਦੱਸਿਆ ਕਿ ਮਾਪਿਆਂ ਨੇ ਸਮੇਂ-ਸਮੇਂ 'ਤੇ ਇਸ ਦਾ ਅਨੁਭਵ ਕੀਤਾ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਦਬਾਅ ਨਾਲ ਨਜਿੱਠਣ ਦੇ ਸਮਰੱਥ ਬਣਾਉਣ ਅਤੇ ਇਸ ਲਈ ਜੀਵਨ ਦਾ ਹਿੱਸਾ ਬਣਾਉਣ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਇੱਕ ਅਤਿਅੰਤ ਮੌਸਮੀ ਸਥਿਤੀ ਤੋਂ ਦੂਸਰੀ ਤੱਕ ਯਾਤਰਾ ਕਰਨ ਦੀ ਉਦਾਹਰਣ ਦੇ ਕੇ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਤਿਆਰ ਕਰਨ ਦੀ ਅਪੀਲ ਕੀਤੀ, ਜਿੱਥੇ ਮਨ ਪਹਿਲਾਂ ਤੋਂ ਹੀ ਅਤਿਅੰਤ ਮੌਸਮੀ ਸਥਿਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੁੰਦਾ ਹੈ। ਉਨ੍ਹਾਂ ਤਣਾਅ ਦੇ ਪੱਧਰਾਂ ਦਾ ਮੁੱਲਾਂਕਣ ਕਰਨ ਅਤੇ ਇਸ ਨੂੰ ਹੌਲ਼ੀ-ਹੌਲ਼ੀ ਵਧਾ ਕੇ ਅੱਗੇ ਵਧਣ ਦਾ ਸੁਝਾਅ ਦਿੱਤਾ ਤਾਂ ਜੋ ਵਿਦਿਆਰਥੀ ਦੀ ਯੋਗਤਾ ਲਈ ਇਸ ਨਾਲ ਰੁਕਾਵਟ ਨਾ ਪਵੇ। ਸ਼੍ਰੀ ਮੋਦੀ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇੱਕ ਯੋਜਨਾਬੱਧ ਸਿਧਾਂਤ ਨੂੰ ਲਾਗੂ ਕਰਨ ਦੀ ਬਜਾਏ ਪ੍ਰਕਿਰਿਆ ਨੂੰ ਵਿਕਸਿਤ ਕਰਦੇ ਹੋਏ ਬਾਹਰੀ ਤਣਾਅ ਦੇ ਮੁੱਦੇ ਨੂੰ ਸਮੂਹਿਕ ਤੌਰ 'ਤੇ ਹੱਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵੱਖੋ-ਵੱਖਰੇ ਤਰੀਕਿਆਂ ਬਾਰੇ ਚਰਚਾ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਵਿੱਚੋਂ ਹਰੇਕ ਲਈ ਕੰਮ ਕਰਦੇ ਹਨ।

ਸਾਥੀਆਂ ਦਾ ਦਬਾਅ ਅਤੇ ਦੋਸਤਾਂ ਦੇ ਦਰਮਿਆਨ ਮੁਕਾਬਲਾ

ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਗਵਰਨਮੈਂਟ ਡੈਮੋਸਟ੍ਰੇਸ਼ਨ ਮਲਟੀਪਰਪਜ਼ ਸਕੂਲ ਤੋਂ ਭਾਗਿਆ ਲਕਸ਼ਮੀ, ਗੁਜਰਾਤ ਦੇ ਜੇਐੱਨਵੀ ਪੰਚਮਹਲ ਤੋਂ ਦ੍ਰਿਸ਼ਟੀ ਚੌਹਾਨ ਅਤੇ ਕੇਂਦਰੀ ਵਿਦਿਆਲਿਆ, ਕਾਲੀਕਟ, ਕੇਰਲਾ ਤੋਂ ਸਵਾਤੀ ਦਲੀਪ ਦੁਆਰਾ ਸਾਥੀਆਂ ਦੇ ਦਬਾਅ ਅਤੇ ਮੁਕਾਬਲੇ ਦੇ ਮੁੱਦੇ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਮੁਕਾਬਲਾ ਸਿਹਤਮੰਦ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਕਸਰ ਪਰਿਵਾਰਕ ਸਥਿਤੀਆਂ ਵਿੱਚ ਗ਼ੈਰ-ਸਿਹਤਮੰਦ ਮੁਕਾਬਲੇ ਦੇ ਬੀਜ ਬੀਜੇ ਜਾਂਦੇ ਹਨ, ਜਿਸ ਨਾਲ ਭੈਣ-ਭਰਾਵਾਂ ਵਿੱਚ ਵਿਪਰੀਤ ਮੁਕਾਬਲਾ ਹੁੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਾਪਿਆਂ ਨੂੰ ਬੱਚਿਆਂ ਦੀ ਤੁਲਨਾ ਕਰਨ ਤੋਂ ਬਚਣ ਲਈ ਆਖਿਆ। ਪ੍ਰਧਾਨ ਮੰਤਰੀ ਨੇ ਇੱਕ ਵੀਡੀਓ ਦੀ ਉਦਾਹਰਣ ਦਿੱਤੀ, ਜਿਸ ਵਿੱਚ ਬੱਚਿਆਂ ਨੇ ਸਿਹਤਮੰਦ ਢੰਗ ਨਾਲ ਮੁਕਾਬਲਾ ਕਰਦੇ ਹੋਏ ਇੱਕ ਦੂਸਰੇ ਦੀ ਮਦਦ ਕਰਨ ਨੂੰ ਤਰਜੀਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਮਤਿਹਾਨਾਂ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਕੋਈ ਜ਼ੀਰੋ-ਸਮ ਖੇਡ ਨਹੀਂ ਹੈ ਅਤੇ ਮੁਕਾਬਲਾ ਆਪਣੇ ਆਪ ਨਾਲ ਹੁੰਦਾ ਹੈ ਕਿਉਂਕਿ ਕਿਸੇ ਦੋਸਤ ਦੁਆਰਾ ਚੰਗਾ ਪ੍ਰਦਰਸ਼ਨ ਖੁਦ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਖੇਤਰ ਨੂੰ ਸੀਮਤ ਨਹੀਂ ਕਰਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰੁਝਾਨ ਉਨ੍ਹਾਂ ਲੋਕਾਂ ਨਾਲ ਮਿੱਤਰਤਾ ਕਰਨ ਦੀ ਪ੍ਰਵਿਰਤੀ ਨੂੰ ਜਨਮ ਦੇ ਸਕਦਾ ਹੈ, ਜੋ ਇੱਕ ਪ੍ਰੇਰਣਾਦਾਇਕ ਸਾਥ ਨਹੀਂ ਹੋਣਗੇ। ਉਨ੍ਹਾਂ ਮਾਪਿਆਂ ਨੂੰ ਵੀ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਦੂਜੇ ਬੱਚਿਆਂ ਨਾਲ ਤੁਲਨਾ ਨਾ ਕਰਨ। ਉਨ੍ਹਾਂ ਬੱਚਿਆਂ ਦੀ ਪ੍ਰਾਪਤੀ ਨੂੰ ਆਪਣਾ ਵਿਜ਼ਿਟਿੰਗ ਕਾਰਡ ਨਾ ਬਣਾਉਣ ਲਈ ਵੀ ਕਿਹਾ। ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਆਪਣੇ ਦੋਸਤਾਂ ਦੀ ਸਫ਼ਲਤਾ 'ਤੇ ਖੁਸ਼ੀ ਮਨਾਉਣ ਲਈ ਆਖਿਆ। ਉਨ੍ਹਾਂ ਨੇ ਕਿਹਾ, ''ਦੋਸਤੀ ਕੋਈ ਲੈਣ-ਦੇਣ ਵਾਲੀ ਭਾਵਨਾ ਨਹੀਂ ਹੈ।"

ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਿੱਚ ਅਧਿਆਪਕਾਂ ਦੀ ਭੂਮਿਕਾ

ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਿੱਚ ਅਧਿਆਪਕਾਂ ਦੀ ਭੂਮਿਕਾ 'ਤੇ ਰੋਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੇ ਉਪਾਰਾਪੱਲੀ, ਜ਼ੈੱਡ ਪੀ ਹਾਈ ਸਕੂਲ ਦੇ ਇੱਕ ਸੰਗੀਤ ਅਧਿਆਪਕ ਸ਼੍ਰੀ ਕੋਂਡਕਾਂਚੀ ਸੰਪਤਾ ਰਾਓ ਅਤੇ ਸ਼ਿਵਸਾਗਰ, ਅਸਾਮ ਦੇ ਇੱਕ ਅਧਿਆਪਕ ਬੰਟੀ ਮੇਦੀ ਦੇ ਸਵਾਲਾਂ ਦੇ ਜਵਾਬ ਦਿੱਤੇ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸੰਗੀਤ ਉਨ੍ਹਾਂ ਵਿਦਿਆਰਥੀਆਂ ਦੇ ਤਣਾਅ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ, ਜੋ ਸਿਰਫ਼ ਇੱਕ ਜਮਾਤ ਦੇ ਹੀ ਨਹੀਂ ਬਲਕਿ ਪੂਰੇ ਸਕੂਲ ਨਾਲ ਸਬੰਧਿਤ ਹਨ। ਸ਼੍ਰੀ ਮੋਦੀ ਨੇ ਜਮਾਤ ਦੇ ਪਹਿਲੇ ਦਿਨ ਤੋਂ ਲੈ ਕੇ ਪਰੀਖਿਆ ਦੇ ਸਮੇਂ ਤੱਕ ਵਿਦਿਆਰਥੀ-ਅਧਿਆਪਕ ਸਬੰਧ ਨੂੰ ਹੌਲ਼ੀ-ਹੌਲ਼ੀ ਵਧਾਉਣ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਪਰੀਖਿਆਵਾਂ ਦੌਰਾਨ ਤਣਾਅ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਉਨ੍ਹਾਂ ਨੇ ਅਧਿਆਪਕਾਂ ਨੂੰ ਭੀ ਤਾਕੀਦ ਕੀਤੀ ਕਿ ਉਹ ਪੜ੍ਹਾਏ ਗਏ ਵਿਸ਼ਿਆਂ ਦੇ ਅਧਾਰ 'ਤੇ ਵਿਦਿਆਰਥੀਆਂ ਨਾਲ ਜੁੜਨ ਦੀ ਬਜਾਏ ਉਨ੍ਹਾਂ ਤੱਕ ਪਹੁੰਚ ਕਰਨ ਵਾਲੇ ਬਣਨ। ਡਾਕਟਰਾਂ ਦੀ ਉਦਾਹਰਣ ਦਿੰਦੇ ਹੋਏ ਜਿਨ੍ਹਾਂ ਦਾ ਆਪਣੇ ਮਰੀਜ਼ਾਂ ਨਾਲ ਨਿਜੀ ਸਬੰਧ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਬੰਧਨ ਅੱਧੇ ਇਲਾਜ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਪਰਿਵਾਰਾਂ ਨਾਲ ਨਿਜੀ ਸੰਪਰਕ ਵਿਕਸਿਤ ਕਰਨ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਉਨ੍ਹਾਂ ਦੀ ਸ਼ਲਾਘਾ ਕਰਨ ਦਾ ਸੁਝਾਅ ਵੀ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, “ਅਧਿਆਪਕ ਨੌਕਰੀ ਦੀ ਭੂਮਿਕਾ ਵਿੱਚ ਨਹੀਂ ਹਨ, ਪਰ ਉਹ ਵਿਦਿਆਰਥੀਆਂ ਦੇ ਜੀਵਨ ਨੂੰ ਸੰਵਾਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ”।

ਪਰੀਖਿਆ ਦੇ ਤਣਾਅ ਨਾਲ ਨਜਿੱਠਣਾ

ਪ੍ਰਣਵੰਦਾ ਬਿਦਿਆ ਮੰਦਿਰ, ਪੱਛਮੀ ਤ੍ਰਿਪੁਰਾ ਦੀ ਅਦ੍ਰਿਤਾ ਚੱਕਰਵਰਤੀ, ਜਵਾਹਰ ਨਵੋਦਯ ਵਿਦਿਆਲਿਆ, ਬਸਤਰ, ਛੱਤੀਸਗੜ੍ਹ ਦੇ ਵਿਦਿਆਰਥੀ ਸ਼ੇਖ ਤੈਫੁਰ ਰਹਿਮਾਨ ਅਤੇ ਆਦਰਸ਼ ਵਿਦਿਆਲਿਆ, ਕਟਕ, ਓਡੀਸ਼ਾ ਦੇ ਵਿਦਿਆਰਥੀ ਰਾਜਲਕਸ਼ਮੀ ਅਚਾਰੀਆ ਨੇ ਪ੍ਰਧਾਨ ਮੰਤਰੀ ਨੂੰ ਪਰੀਖਿਆ ਦੇ ਤਣਾਅ ਨਾਲ ਨਜਿੱਠਣ ਬਾਰੇ ਸਵਾਲ ਪੁੱਛਿਆ। ਪ੍ਰਧਾਨ ਮੰਤਰੀ ਨੇ ਮਾਪਿਆਂ ਦੇ ਜ਼ਿਆਦਾ ਉਤਸ਼ਾਹ ਜਾਂ ਵਿਦਿਆਰਥੀਆਂ ਦੀ ਜ਼ਿਆਦਾ ਨਿਸ਼ਠਾ ਕਾਰਨ ਗਲਤੀਆਂ ਤੋਂ ਬਚਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਉਹ ਆਖਰੀ ਪਲਾਂ ਤੱਕ ਤਿਆਰੀ ਨਾ ਕਰਦੇ ਰਹਿਣ ਅਤੇ ਇਮਤਿਹਾਨਾਂ ਨੂੰ ਨਿਸਚਿੰਤ ਮਾਨਸਿਕਤਾ ਨਾਲ ਲੈਣ ਅਤੇ ਕਿਸੇ ਵੀ ਬਾਹਰੀ ਨੁਕਸਾਨ ਤੋਂ ਬਚਣ, ਜਿਸ ਨਾਲ ਅਣਚਾਹਿਆ ਤਣਾਅ ਪੈਦਾ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਅਤੇ ਆਖਰੀ ਸਮੇਂ 'ਤੇ ਘਬਰਾਹਟ ਤੋਂ ਬਚਣ ਲਈ ਸਮਾਂ ਨਿਰਧਾਰਨ ਨਾਲ ਯੋਜਨਾ ਬਣਾਉਣ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਯਾਦ ਦਿਵਾਇਆ ਕਿ ਜ਼ਿਆਦਾਤਰ ਪਰੀਖਿਆਵਾਂ ਅਜੇ ਵੀ ਲਿਖਤੀ ਹਨ ਅਤੇ ਕੰਪਿਊਟਰ ਅਤੇ ਫੋਨ ਕਾਰਨ ਲਿਖਣ ਦੀ ਆਦਤ ਘਟ ਰਹੀ ਹੈ। ਉਨ੍ਹਾਂ ਨੂੰ ਲਿਖਣ ਦੀ ਆਦਤ ਬਰਕਰਾਰ ਰੱਖਣ ਲਈ ਆਖਿਆ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਪੜ੍ਹਨ/ਅਧਿਐਨ ਦੇ ਸਮੇਂ ਦਾ 50 ਪ੍ਰਤੀਸ਼ਤ ਸਮਾਂ ਲਿਖਣ ਲਈ ਸਮਰਪਿਤ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸੀਂ ਕੁਝ ਲਿਖਦੇ ਹੋ ਤਾਂ ਤੁਹਾਨੂੰ ਅਸਲ ਵਿੱਚ ਸਮਝ ਆਉਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਵਿਦਿਆਰਥੀਆਂ ਦੀ ਰਫ਼ਤਾਰ ਤੋਂ ਨਾ ਘਬਰਾਉਣ ਲਈ ਆਖਿਆ।

ਸਿਹਤਮੰਦ ਜੀਵਨ ਸ਼ੈਲੀ ਨੂੰ ਕਾਇਮ ਰੱਖਣਾ

ਇਮਤਿਹਾਨ ਦੀ ਤਿਆਰੀ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਬਣਾਈ ਰੱਖਣ ਦੇ ਦਰਮਿਆਨ ਸੰਤੁਲਨ ਬਣਾਉਣ ਦੇ ਮੁੱਦੇ ਨੂੰ ਉਠਾਉਂਦੇ ਹੋਏ, ਰਾਜਸਥਾਨ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਧੀਰਜ ਸੁਭਾਸ; ਕਾਰਗਿਲ, ਲੱਦਾਖ ਵਿੱਚ ਪੀਐੱਮ ਸ਼੍ਰੀ ਕੇਂਦਰੀ ਵਿਦਿਆਲਿਆ ਦੀ ਵਿਦਿਆਰਥਣ ਨਜਮਾ ਖਾਤੂਨ ਅਤੇ ਅਭਿਸ਼ੇਕ ਕੁਮਾਰ ਤਿਵਾਰੀ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਸਰਕਾਰੀ ਹਾਇਰ ਸੈਕੰਡਰੀ ਤੋਬੀ ਲਹਮੇ ਦੇ ਇੱਕ ਅਧਿਆਪਕ ਨੇ ਪ੍ਰਧਾਨ ਮੰਤਰੀ ਨੂੰ ਕਸਰਤ ਦੇ ਨਾਲ-ਨਾਲ ਪੜ੍ਹਾਈ ਦਾ ਪ੍ਰਬੰਧ ਕਰਨ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਸਰੀਰਕ ਸਿਹਤ ਦਾ ਖਿਆਲ ਰੱਖਣ ਦੀ ਜ਼ਰੂਰਤ ਨੂੰ ਦਰਸਾਉਣ ਲਈ ਮੋਬਾਈਲ ਫੋਨ ਰੀਚਾਰਜ ਕਰਨ ਦੀ ਉਦਾਹਰਣ ਦਿੱਤੀ। ਉਨ੍ਹਾਂ ਸੰਤੁਲਿਤ ਜੀਵਨ ਸ਼ੈਲੀ ਬਣਾਈ ਰੱਖਣ ਅਤੇ ਹਰ ਚੀਜ਼ ਦੀ ਵਧੀਕੀ ਤੋਂ ਬਚਣ ਲਈ ਆਖਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਤੰਦਰੁਸਤ ਦਿਮਾਗ਼ ਲਈ ਸਿਹਤਮੰਦ ਸਰੀਰ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤਮੰਦ ਰਹਿਣ ਲਈ ਕੁਝ ਰੁਟੀਨ ਦੀ ਜ਼ਰੂਰਤ ਹੁੰਦੀ ਹੈ ਅਤੇ ਸੂਰਜ ਦੀ ਰੌਸ਼ਨੀ ਵਿੱਚ ਸਮਾਂ ਬਿਤਾਉਣ ਅਤੇ ਨਿਯਮਤ ਅਤੇ ਪੂਰੀ ਨੀਂਦ ਲੈਣ ਬਾਰੇ ਕਿਹਾ। ਉਨ੍ਹਾਂ ਨੇ ਕਿਹਾ ਕਿ ਸਕ੍ਰੀਨ ਟਾਈਮ ਜਿਹੀਆਂ ਆਦਤਾਂ ਲੋੜੀਂਦੀ ਨੀਂਦ ਨੂੰ ਖਤਮ ਕਰ ਰਹੀਆਂ ਹਨ, ਜਿਸ ਨੂੰ ਆਧੁਨਿਕ ਸਿਹਤ ਵਿਗਿਆਨ ਨਾਲ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਨਿਜੀ ਜੀਵਨ ਵਿੱਚ ਵੀ ਲੇਟਣ ਦੇ 30 ਸਕਿੰਟਾਂ ਦੇ ਅੰਦਰ ਡੂੰਘੀ ਨੀਂਦ ਵਿੱਚ ਜਾਣ ਦੀ ਪ੍ਰਣਾਲੀ ਬਣਾਈ ਰੱਖੀ ਹੈ। ਉਨ੍ਹਾਂ ਨੇ ਕਿਹਾ, "ਜਾਗਦੇ ਸਮੇਂ ਪੂਰੀ ਤਰ੍ਹਾਂ ਜਾਗਣਾ ਅਤੇ ਸੌਂਦੇ ਸਮੇਂ ਚੰਗੀ ਨੀਂਦ, ਇੱਕ ਸੰਤੁਲਨ ਹੈ ਜੋ ਪ੍ਰਾਪਤ ਕੀਤਾ ਜਾ ਸਕਦਾ ਹੈ।" ਪੋਸ਼ਣ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਸੰਤੁਲਿਤ ਖੁਰਾਕ 'ਤੇ ਜ਼ੋਰ ਦਿੱਤਾ। ਉਨ੍ਹਾਂ ਤੰਦਰੁਸਤੀ ਲਈ ਨਿਯਮਿਤ ਕਸਰਤ ਅਤੇ ਸਰੀਰਕ ਗਤੀਵਿਧੀਆਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।

ਕੈਰੀਅਰ ਵਿੱਚ ਤਰੱਕੀ

ਕੇਂਦਰੀ ਵਿਦਿਆਲਿਆ, ਬੈਰਕਪੁਰ, ਉੱਤਰੀ 24 ਪਰਗਣਾ, ਪੱਛਮ ਬੰਗਾਲ ਦੀ ਮਧੂਮਿਤਾ ਮਲਿਕ ਅਤੇ ਪਾਣੀਪਤ, ਹਰਿਆਣਾ ਦੇ ਦ ਮਿਲੇਨੀਅਮ ਸਕੂਲ ਦੀ ਅਦਿਤੀ ਤੰਵਰ ਦੁਆਰਾ ਉਠਾਏ ਗਏ ਮੁੱਦੇ 'ਤੇ ਕੈਰੀਅਰ ਦੀ ਤਰੱਕੀ ਬਾਰੇ ਸਮਝਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕੈਰੀਅਰ ਦੇ ਮਾਰਗ ਦੀ ਗੱਲ ਕਰਦੇ ਹੋਏ ਸਪੱਸ਼ਟਤਾ ਪ੍ਰਾਪਤ ਕਰਨ ਅਤੇ ਉਲਝਣ ਅਤੇ ਅਣਨਿਰਣਾਇਕਤਾ ਤੋਂ ਬਚਣ ਦਾ ਸੁਝਾਅ ਦਿੱਤਾ। ਸਵੱਛਤਾ ਦੀ ਉਦਾਹਰਣ ਅਤੇ ਆਪਣਾ ਸੰਕਲਪ ਦੱਸਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ 'ਸਵੱਛਤਾ' ਦੇਸ਼ ਵਿੱਚ ਇੱਕ ਤਰਜੀਹੀ ਖੇਤਰ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਭਾਰਤ ਦਾ ਬਜ਼ਾਰ 250 ਗੁਣਾ ਵਧਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਘੱਟ ਨਾ ਸਮਝਣ ਦੀ ਤਾਕੀਦ ਕਰਦਿਆਂ ਕਿਹਾ, “ਜੇ ਸਾਡੇ ਕੋਲ ਸਮਰੱਥਾ ਹੈ, ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ”। ਉਨ੍ਹਾਂ ਨੇ ਪੂਰੀ ਲਗਨ ਨਾਲ ਕੰਮ ਕਰਨ ਦਾ ਸੁਝਾਅ ਵੀ ਦਿੱਤਾ। ਰਾਸ਼ਟਰੀ ਸਿੱਖਿਆ ਨੀਤੀ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਧਾਰਾ ਨਾਲ ਬੱਝਣ ਦੀ ਬਜਾਏ ਵੱਖ-ਵੱਖ ਕੋਰਸਾਂ ਨੂੰ ਅਪਣਾਉਣ ਦੇ ਉਪਬੰਧਾਂ ਨੂੰ ਉਜਾਗਰ ਕੀਤਾ। ਉਨ੍ਹਾਂ ਇਸ ਮੌਕੇ ਲਾਈ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ, ਹੁਨਰ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਮੁਕਾਬਲੇ ਸਰਕਾਰੀ ਸਕੀਮਾਂ ਨੂੰ ਸੰਚਾਰਿਤ ਕਰਨ ਲਈ ਉਨ੍ਹਾਂ ਦੁਆਰਾ ਕੀਤਾ ਗਿਆ ਕੰਮ ਬਹੁਤ ਵਧੀਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਰੈਸਟੋਰੈਂਟ ਵਿੱਚ ਭੋਜਨ ਦਾ ਆਰਡਰ ਕਰਨ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਿੱਥੇ ਕਿਸੇ ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਕੀ ਖਾਣਾ ਹੈ, ਉਸੇ ਤਰ੍ਹਾਂ ਸਾਨੂੰ ਉਲਝਣ ਨੂੰ ਦੂਰ ਕਰਨ ਲਈ ਨਿਰਣਾਇਕ ਹੋਣਾ ਚਾਹੀਦਾ ਹੈ।" ਉਨ੍ਹਾਂ ਨੇ ਲਏ ਜਾਣ ਵਾਲੇ ਫੈਸਲਿਆਂ ਦੇ ਸਕਾਰਾਤਮਕ ਅਤੇ ਨਕਾਰਾਤਮਕ ਮੁੱਲਾਂਕਣ ਦਾ ਸੁਝਾਅ ਵੀ ਦਿੱਤਾ।

ਮਾਪਿਆਂ ਦੀ ਭੂਮਿਕਾ

ਪੁਡੂਚੇਰੀ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੀ ਇੱਕ ਵਿਦਿਆਰਥਣ ਦੀਪਾਸਰੀ, ਜੋ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰੋਗਰਾਮ ਵਿੱਚ ਸ਼ਾਮਲ ਹੋਈ, ਨੇ ਪ੍ਰਧਾਨ ਮੰਤਰੀ ਨੂੰ ਮਾਪਿਆਂ ਦੀ ਭੂਮਿਕਾ ਬਾਰੇ ਅਤੇ ਵਿਦਿਆਰਥੀ ਵਿਸ਼ਵਾਸ ਕਿਵੇਂ ਪੈਦਾ ਕਰ ਸਕਦੇ ਹਨ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਪਰਿਵਾਰਾਂ ਵਿੱਚ ਭਰੋਸੇ ਦੀ ਘਾਟ ਦੇ ਪਹਿਲੂ ਨੂੰ ਛੂਹਿਆ ਅਤੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਗੰਭੀਰ ਮੁੱਦੇ ਨਾਲ ਨਜਿੱਠਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਇਹ ਘਾਟ ਅਚਾਨਕ ਨਹੀਂ ਹੈ, ਬਲਕਿ ਇੱਕ ਲੰਬੀ ਪ੍ਰਕਿਰਿਆ ਦਾ ਨਤੀਜਾ ਹੈ ਅਤੇ ਹਰ ਕਿਸੇ ਦੇ ਆਚਰਣ ਦੇ ਡੂੰਘੇ ਸਵੈ-ਵਿਸ਼ਲੇਸ਼ਣ ਦੀ ਜ਼ਰੂਰਤ ਹੈ, ਚਾਹੇ ਉਹ ਅਧਿਆਪਕ, ਮਾਪੇ ਜਾਂ ਵਿਦਿਆਰਥੀ ਹੋਣ। ਉਨ੍ਹਾਂ ਨੇ ਕਿਹਾ, ਇਮਾਨਦਾਰ ਸੰਚਾਰ ਭਰੋਸੇ ਦੀ ਘਾਟ ਦੀ ਸੰਭਾਵਨਾ ਨੂੰ ਘਟਾ ਸਕਦਾ ਹੈ। ਵਿਦਿਆਰਥੀਆਂ ਨੂੰ ਆਪਣੇ ਵਿਵਹਾਰ ਵਿੱਚ ਇਮਾਨਦਾਰ ਅਤੇ ਨਿਸ਼ਠਾਵਾਨ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ’ਤੇ ਸ਼ੱਕ ਦੀ ਥਾਂ ਉਨ੍ਹਾਂ ’ਤੇ ਭਰੋਸਾ ਕਰਨ। ਭਰੋਸੇ ਦੀ ਘਾਟ ਕਾਰਨ ਪੈਦਾ ਹੋਈ ਦੂਰੀ ਬੱਚਿਆਂ ਨੂੰ ਡਿਪਰੈਸ਼ਨ ਵਿੱਚ ਧੱਕ ਸਕਦੀ ਹੈ। ਪ੍ਰਧਾਨ ਮੰਤਰੀ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਸੰਚਾਰ ਦੇ ਮਾਧਿਅਮ ਖੁੱਲ੍ਹੇ ਰੱਖਣ ਅਤੇ ਪੱਖਪਾਤ ਤੋਂ ਬਚਣ ਲਈ ਆਖਿਆ। ਉਨ੍ਹਾਂ ਨੇ ਇੱਕ ਪ੍ਰਯੋਗ ਕਰਨ ਲਈ ਕਿਹਾ ਅਤੇ ਦੋਸਤਾਂ ਦੇ ਪਰਿਵਾਰਾਂ ਨੂੰ ਨਿਯਮਿਤ ਤੌਰ 'ਤੇ ਮਿਲਣ ਅਤੇ ਸਕਾਰਾਤਮਕ ਗੱਲਾਂ 'ਤੇ ਚਰਚਾ ਕਰਨ ਦੀ ਬੇਨਤੀ ਕੀਤੀ, ਜੋ ਬੱਚਿਆਂ ਦੀ ਮਦਦ ਕਰ ਸਕਦੀਆਂ ਹਨ।

ਟੈਕਨੋਲੋਜੀ ਦੀ ਘੁਸਪੈਠ

ਮਹਾਰਾਸ਼ਟਰ ਦੇ ਪੁਣੇ ਤੋਂ ਇੱਕ ਪਿਤਾ ਚੰਦਰੇਸ਼ ਜੈਨ ਨੇ ਵਿਦਿਆਰਥੀਆਂ ਦੇ ਜੀਵਨ ਵਿੱਚ ਟੈਕਨੋਲੋਜੀ ਦੀ ਘੁਸਪੈਠ ਦਾ ਮੁੱਦਾ ਉਠਾਇਆ ਅਤੇ ਰਾਮਗੜ੍ਹ, ਝਾਰਖੰਡ ਤੋਂ ਮਾਤਾ ਕੁਮਾਰੀ ਪੂਜਾ ਸ਼੍ਰੀਵਾਸਤਵ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਬਹੁਤਾਤ ਨਾਲ ਪੜ੍ਹਾਈ ਦਾ ਪ੍ਰਬੰਧਨ ਕਰਨ ਬਾਰੇ ਪੁੱਛਿਆ। ਅਭਿਨਵ ਰਾਣਾ, ਟੀਆਰ ਡੀਏਵੀ ਸਕੂਲ, ਕੰਗੂ, ਹਮੀਰਪੁਰ, ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀ ਨੇ ਵਿਦਿਆਰਥੀਆਂ ਨੂੰ ਪਰੀਖਿਆ ਤਣਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਲਈ ਸਿੱਖਿਅਤ ਅਤੇ ਉਤਸ਼ਾਹਿਤ ਕਰਨ ਦਾ ਮੁੱਦਾ ਉਠਾਇਆ ਅਤੇ ਨਾਲ ਹੀ ਸਿੱਖਣ ਦੇ ਇੱਕ ਸਾਧਨ ਵਜੋਂ ਮੋਬਾਈਲ ਟੈਕਨੋਲੋਜੀ ਦੇ ਲਾਭਾਂ ਦੀ ਵਰਤੋਂ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, "ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਮਾੜੀ ਹੁੰਦੀ ਹੈ", ਘਰ ਵਿੱਚ ਪਕਾਏ ਗਏ ਖਾਣੇ ਦੇ ਨਾਲ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨਾਲ ਸਮਾਨਤਾ ਕਰਦੇ ਹੋਏ ਕਿਹਾ ਕਿ ਜਦੋਂ ਜ਼ਿਆਦਾ ਮਾਤਰਾ ਵਿੱਚ ਲਿਆ ਜਾਂਦਾ ਹੈ ਤਾਂ ਪੇਟ ਦੀਆਂ ਸਮੱਸਿਆਵਾਂ ਅਤੇ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਭਾਵੇਂ ਕਿ ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੈ। ਉਨ੍ਹਾਂ ਨੇ ਨਿਰਣਾ-ਅਧਾਰਿਤ ਫ਼ੈਸਲੇ ਲੈਣ ਦੀ ਮਦਦ ਨਾਲ ਟੈਕਨੋਲੋਜੀ ਅਤੇ ਮੋਬਾਈਲ ਫੋਨ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਗੋਪਨੀਯਤਾ ਅਤੇ ਗੁਪਤਤਾ ਦੇ ਵਿਸ਼ੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਹਰੇਕ ਮਾਤਾ-ਪਿਤਾ ਨੂੰ ਇਸ ਮੁੱਦੇ ਦਾ ਸਾਹਮਣਾ ਕਰਨਾ ਪੈਂਦਾ ਹੈ”। ਉਨ੍ਹਾਂ ਪਰਿਵਾਰ ਵਿੱਚ ਨਿਯਮ ਅਤੇ ਕਾਇਦਿਆਂ ਦਾ ਇੱਕ ਸੈੱਟ ਬਣਾਉਣ 'ਤੇ ਜ਼ੋਰ ਦਿੱਤਾ ਅਤੇ ਰਾਤ ਦੇ ਖਾਣੇ ਦੌਰਾਨ ਕੋਈ ਇਲੈਕਟ੍ਰੌਨਿਕ ਯੰਤਰ ਕੋਲ ਨਾ ਹੋਣ ਅਤੇ ਘਰ ਵਿੱਚ ਕੋਈ ਨੋ ਗੈਜੇਟ ਜ਼ੋਨ ਬਣਾਉਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਦੀ ਦੁਨੀਆ ਵਿੱਚ, "ਕੋਈ ਵੀ ਟੈਕਨੋਲੋਜੀ ਤੋਂ ਭੱਜ ਨਹੀਂ ਸਕਦਾ।" ਉਨ੍ਹਾਂ ਨੇ ਕਿਹਾ ਕਿ ਇਸ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਬਲਕਿ ਇਸ ਦੀ ਪ੍ਰਭਾਵਸ਼ਾਲੀ ਵਰਤੋਂ ਸਿੱਖਣੀ ਲਾਜ਼ਮੀ ਹੈ। ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਮਾਤਾ-ਪਿਤਾ ਨੂੰ ਟੈਕਨੋਲੋਜੀ ਨੂੰ ਇੱਕ ਵਿਦਿਅਕ ਸਰੋਤ ਹੋਣ ਬਾਰੇ ਸਿੱਖਿਅਤ ਕਰਨ ਅਤੇ ਪਾਰਦਰਸ਼ਤਾ ਸਥਾਪਤ ਕਰਨ ਲਈ ਉਨ੍ਹਾਂ ਦੇ ਘਰਾਂ ਵਿੱਚ ਹਰੇਕ ਮੋਬਾਈਲ ਫੋਨ ਦੇ ਪਾਸਕੋਡ ਨੂੰ ਹਰੇਕ ਮੈਂਬਰ ਨਾਲ ਸਾਂਝਾ ਕਰਨ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਨੇ ਅੱਗੇ ਕਿਹਾ, "ਇਸ ਨਾਲ ਬਹੁਤ ਸਾਰੀਆਂ ਬੁਰਾਈਆਂ ਨੂੰ ਰੋਕਿਆ ਜਾ ਸਕੇਗਾ"। ਪ੍ਰਧਾਨ ਮੰਤਰੀ ਮੋਦੀ ਨੇ ਸਮਰਪਿਤ ਮੋਬਾਈਲ ਐਪਲੀਕੇਸ਼ਨਾਂ ਅਤੇ ਸਾਧਨਾਂ ਦੀ ਵਰਤੋਂ ਨਾਲ ਸਕ੍ਰੀਨ ਦੇਖਣ ਦੇ ਸਮੇਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਲਾਸਰੂਮ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਕੁਸ਼ਲਤਾ ਬਾਰੇ ਜਾਗਰੂਕ ਕਰਨ ਦਾ ਸੁਝਾਅ ਵੀ ਦਿੱਤਾ।

ਪ੍ਰਧਾਨ ਮੰਤਰੀ ਤਣਾਅ ਨੂੰ ਕਿਵੇਂ ਸੰਭਾਲਦੇ ਹਨ ਅਤੇ ਸਕਾਰਾਤਮਕ ਰਹਿੰਦੇ ਹਨ?

ਐੱਮ ਵਾਗੇਸ਼, ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਚੇਨਈ, ਤਾਮਿਲਨਾਡੂ ਦੇ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਦਬਾਅ ਅਤੇ ਤਣਾਅ ਨਾਲ ਕਿਵੇਂ ਨਜਿੱਠਦੇ ਹਨ। ਡਾਇਨੈਸਟੀ ਮਾਡਰਨ ਗੁਰੂਕੁਲ ਅਕੈਡਮੀ, ਉਦਮ ਸਿੰਘ ਨਗਰ, ਉੱਤਰਾਖੰਡ ਦੀ ਵਿਦਿਆਰਥੀ ਸਨੇਹਾ ਤਿਆਗੀ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ, "ਅਸੀਂ ਤੁਹਾਡੇ ਵਰਗੇ ਸਕਾਰਾਤਮਕ ਕਿਵੇਂ ਹੋ ਸਕਦੇ ਹਾਂ?"। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜਾਣਨਾ ਚੰਗਾ ਹੈ ਕਿ ਬੱਚੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਬਾਅ ਨੂੰ ਜਾਣਦੇ ਹਨ। ਉਨ੍ਹਾਂ ਨੇ ਕਿਹਾ ਕਿ ਹਰ ਕੋਈ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਉਨ੍ਹਾਂ 'ਤੇ ਪਰਹੇਜ਼ ਕਰਕੇ ਪ੍ਰਤੀਕਿਰਿਆ ਕਰ ਸਕਦਾ ਹੈ, ਪਰ ਅਜਿਹੇ ਲੋਕ ਜੀਵਨ ਵਿੱਚ ਬਹੁਤ ਕੁਝ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੇ ਹਨ। "ਮੇਰੀ ਪਹੁੰਚ ਜੋ ਮੈਨੂੰ ਉਪਯੋਗੀ ਲੱਗੀ ਉਹ ਹੈ 'ਮੈਂ ਹਰ ਚੁਣੌਤੀ ਨੂੰ ਚੁਣੌਤੀ ਦਿੰਦਾ ਹਾਂ'। ਮੈਂ ਚੁਣੌਤੀ ਦੇ ਲੰਘ ਜਾਣ ਲਈ ਅਸਥਾਈ ਤੌਰ 'ਤੇ ਇੰਤਜ਼ਾਰ ਨਹੀਂ ਕਰਦਾ ਹਾਂ। ਇਹ ਮੈਨੂੰ ਹਰ ਸਮੇਂ ਸਿੱਖਣ ਦਾ ਮੌਕਾ ਦਿੰਦਾ ਹੈ। ਨਵੀਆਂ ਸਥਿਤੀਆਂ ਨਾਲ ਨਜਿੱਠਣਾ ਮੈਨੂੰ ਸਮ੍ਰਿੱਧ ਬਣਾਉਂਦਾ ਹੈ।” ਉਨ੍ਹਾਂ ਨੇ ਅੱਗੇ ਕਿਹਾ, ''ਮੇਰਾ ਸਭ ਤੋਂ ਵੱਡਾ ਭਰੋਸਾ ਇਹ ਹੈ ਕਿ ਮੇਰੇ ਨਾਲ 140 ਕਰੋੜ ਦੇਸ਼ ਵਾਸੀ ਹਨ। ਜੇਕਰ 100 ਮਿਲੀਅਨ ਚੁਣੌਤੀਆਂ ਹਨ, ਤਾਂ ਅਰਬਾਂ ਹੱਲ ਹਨ। ਮੈਂ ਕਦੇ ਵੀ ਆਪਣੇ ਆਪ ਨੂੰ ਇਕੱਲਾ ਨਹੀਂ ਪਾਉਂਦਾ ਅਤੇ ਸਭ ਕੁਝ ਮੇਰੇ 'ਤੇ ਹੈ, ਮੈਂ ਹਮੇਸ਼ਾ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਦੀ ਸਮਰੱਥਾ ਤੋਂ ਜਾਣੂ ਹਾਂ। ਇਹ ਮੇਰੀ ਸੋਚ ਦੀ ਬੁਨਿਆਦੀ ਜੜ੍ਹ ਹੈ।” ਉਨ੍ਹਾਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਸਭ ਤੋਂ ਅੱਗੇ ਰਹਿਣਾ ਪਵੇਗਾ ਅਤੇ ਗਲਤੀਆਂ ਉਨ੍ਹਾਂ ਦੀਆਂ ਹੀ ਹੋਣਗੀਆਂ ਪਰ ਕੌਮ ਦੀ ਕਾਬਲੀਅਤ ਹੀ ਬਲ ਦਿੰਦੀ ਹੈ। ਉਨ੍ਹਾਂ ਨੇ ਕਿਹਾ, “ਜਿੰਨਾ ਜ਼ਿਆਦਾ ਮੈਂ ਆਪਣੇ ਦੇਸ਼ਵਾਸੀਆਂ ਦੀਆਂ ਸਮਰੱਥਾਵਾਂ ਨੂੰ ਵਧਾਉਂਦਾ ਹਾਂ, ਚੁਣੌਤੀਆਂ ਨੂੰ ਚੁਣੌਤੀ ਦੇਣ ਦੀ ਮੇਰੀ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ।” ਗ਼ਰੀਬੀ ਦੇ ਮੁੱਦੇ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਗਰੀਬ ਖੁਦ ਗ਼ਰੀਬੀ ਹਟਾਉਣ ਦਾ ਫ਼ੈਸਲਾ ਕਰਨਗੇ ਤਾਂ ਇਹ ਦੂਰ ਹੋ ਜਾਵੇਗੀ। “ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਉਨ੍ਹਾਂ ਨੂੰ ਪੱਕਾ ਘਰ, ਪਖਾਨਾ, ਸਿੱਖਿਆ, ਆਯੁਸ਼ਮਾਨ, ਟੂਟੀ ਵਾਲਾ ਪਾਣੀ ਵਰਗੇ ਸੁਪਨੇ ਦੇਖਣ ਲਈ ਮਾਧਿਅਮ ਦੇਵਾਂ। ਪ੍ਰਧਾਨ ਮੰਤਰੀ ਨੇ ਕਿਹਾ, "ਇੱਕ ਵਾਰ ਜਦੋਂ ਉਹ ਰੋਜ਼ਾਨਾ ਦੀ ਬੇਇੱਜ਼ਤੀ ਤੋਂ ਮੁਕਤ ਹੋ ਜਾਂਦਾ ਹੈ, ਤਾਂ ਉਹ ਗ਼ਰੀਬੀ ਦੇ ਖਾਤਮੇ ਬਾਰੇ ਯਕੀਨੀ ਹੋ ਜਾਵੇਗਾ”। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ 10 ਸਾਲਾਂ ਦੇ ਕਾਰਜਕਾਲ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ।

ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਚੀਜ਼ਾਂ ਨੂੰ ਪ੍ਰਾਥਮਿਕਤਾ ਦੇਣ ਦੀ ਸਮਝ ਹੋਣੀ ਚਾਹੀਦੀ ਹੈ। ਇਹ ਅਨੁਭਵ ਅਤੇ ਹਰ ਚੀਜ਼ ਦਾ ਵਿਸ਼ਲੇਸ਼ਣ ਕਰਨ ਦੇ ਨਾਲ ਆਉਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਪਣੀਆਂ ਗਲਤੀਆਂ ਨੂੰ ਸਬਕ ਸਮਝਦੇ ਹਨ।

ਉਨ੍ਹਾਂ ਨੇ ਕੋਵਿਡ ਮਹਾਮਾਰੀ ਦੀ ਇੱਕ ਉਦਾਹਰਣ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਵਿਹਲੇ ਬੈਠਣ ਦੀ ਬਜਾਏ ਲੋਕਾਂ ਨੂੰ ਇਕੱਠਾ ਕਰਨਾ ਅਤੇ ਦੀਆ ਜਾਂ 'ਥਾਲੀ' ਦੇ ਸੱਦੇ ਵਰਗੇ ਕੰਮਾਂ ਰਾਹੀਂ ਉਨ੍ਹਾਂ ਦੀ ਸਮੂਹਿਕ ਤਾਕਤ ਨੂੰ ਵਧਾਉਣਾ ਚੁਣਿਆ। ਇਸੇ ਤਰ੍ਹਾਂ, ਖੇਡਾਂ ਦੀ ਸਫ਼ਲਤਾ ਦਾ ਜਸ਼ਨ ਅਤੇ ਸਹੀ ਰਣਨੀਤੀ, ਦਿਸ਼ਾ ਅਤੇ ਅਗਵਾਈ ਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੱਡੇ ਪੱਧਰ 'ਤੇ ਤਗਮੇ ਜਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਸਹੀ ਸ਼ਾਸਨ ਲਈ ਹੇਠਾਂ ਤੋਂ ਉੱਪਰ ਤੱਕ ਸੰਪੂਰਨ ਜਾਣਕਾਰੀ ਅਤੇ ਉੱਪਰ ਤੋਂ ਹੇਠਾਂ ਤੱਕ ਸੰਪੂਰਨ ਮਾਰਗਦਰਸ਼ਨ ਦੀ ਪ੍ਰਣਾਲੀ ਹੋਣੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਨੇ ਜ਼ਿੰਦਗੀ 'ਚ ਨਿਰਾਸ਼ ਨਾ ਹੋਣ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇੱਕ ਵਾਰ ਇਹ ਫ਼ੈਸਲਾ ਕਰ ਲੈਣ ਤੋਂ ਬਾਅਦ ਸਿਰਫ਼ ਸਕਾਰਾਤਮਕਤਾ ਹੀ ਰਹਿ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਆਪਣੀ ਜ਼ਿੰਦਗੀ ਵਿੱਚ ਨਿਰਾਸ਼ਾ ਦੇ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਕੁਝ ਕਰਨ ਦਾ ਸੰਕਲਪ ਮਜ਼ਬੂਤ ਹੋਵੇ ਤਾਂ ਫ਼ੈਸਲਾ ਲੈਣਾ ਅਸਾਨ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ, "ਜਦੋਂ ਕੋਈ ਸੁਆਰਥੀ ਇਰਾਦਾ ਨਹੀਂ ਹੁੰਦਾ, ਤਾਂ ਫ਼ੈਸਲੇ ਵਿੱਚ ਕਦੇ ਵੀ ਉਲਝਣ ਨਹੀਂ ਹੁੰਦੀ।"ਮੌਜੂਦਾ ਪੀੜ੍ਹੀ ਦੇ ਜੀਵਨ ਨੂੰ ਅਸਾਨ ਬਣਾਉਣ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਅੱਜ ਦੀ ਪੀੜ੍ਹੀ ਨੂੰ ਉਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੋ ਉਨ੍ਹਾਂ ਦੇ ਮਾਪਿਆਂ ਨੂੰ ਦਰਪੇਸ਼ ਆਈਆਂ ਸਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ “ਸਰਕਾਰ ਇੱਕ ਅਜਿਹਾ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿੱਥੇ ਨਾ ਸਿਰਫ਼ ਮੌਜੂਦਾ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੋਸ਼ਨ ਹੋਣ ਅਤੇ ਆਪਣੀ ਸਮਰੱਥਾ ਦਿਖਾਉਣ ਦਾ ਮੌਕਾ ਮਿਲੇ”, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪੂਰੇ ਰਾਸ਼ਟਰ ਦਾ ਸਮੂਹਿਕ ਸੰਕਲਪ ਹੋਣਾ ਚਾਹੀਦਾ ਹੈ। ਸਕਾਰਾਤਮਕ ਸੋਚ ਦੀ ਸ਼ਕਤੀ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਭ ਤੋਂ ਨਕਾਰਾਤਮਕ ਸਥਿਤੀਆਂ ਵਿੱਚ ਵੀ ਸਕਾਰਾਤਮਕ ਨਤੀਜਿਆਂ ਦੀ ਤਲਾਸ਼ ਕਰਨ ਦੀ ਤਾਕਤ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਸਾਰੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਆਪਣੀ ਗੱਲਬਾਤ ਦੀ ਸਮਾਪਤੀ ਕੀਤੀ ਅਤੇ ਉਨ੍ਹਾਂ ਦੇ ਜੀਵਨ ਦੇ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ 'ਤੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਭੀ ਮੌਜੂਦ ਸਨ।

ਪਰੀਕਸ਼ਾ ਪੇ ਚਰਚਾ ਦੇ ਪਿਛਲੇ ਸੰਸਕਰਣ ਹੇਠਾਂ ਦੇਖੇ ਜਾ ਸਕਦੇ ਹਨ:

ਪਰੀਕਸ਼ਾ ਪੇ ਚਰਚਾ 2023

ਪਰੀਕਸ਼ਾ ਪੇ ਚਰਚਾ 2022

ਪਰੀਕਸ਼ਾ ਪੇ ਚਰਚਾ 2021

ਪਰੀਕਸ਼ਾ ਪੇ ਚਰਚਾ 2020

ਪਰੀਕਸ਼ਾ ਪੇ ਚਰਚਾ 2019

ਪਰੀਕਸ਼ਾ ਪੇ ਚਰਚਾ 2018

 

 **********

ਡੀਐੱਸ/ਟੀਐੱਸ


(Release ID: 2002295) Visitor Counter : 88