ਵਿੱਤ ਮੰਤਰਾਲਾ
azadi ka amrit mahotsav g20-india-2023

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐੱਮਐੱਸਬੀਵਾਈ), ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) ਅਤੇ ਅਟਲ ਪੈਨਸ਼ਨ ਯੋਜਨਾ (ਏਪੀਵਾਈ) ਨੇ ਜਨ ਸੁਰੱਖਿਆ ਪ੍ਰਦਾਨ ਕਰਨ ਦੇ 8 ਸਾਲ ਪੂਰੇ


ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਤਿੰਨ ਜਨ ਸੁਰੱਖਿਆ ਯੋਜਨਾਵਾਂ ਨਾਗਰਿਕਾਂ ਦੀ ਭਲਾਈ ਲਈ ਸਮਰਪਿਤ ਹਨ ਅਤੇ ਅਣਕਿਆਸੇ ਖ਼ਤਰਿਆਂ, ਨੁਕਸਾਨਾਂ ਅਤੇ ਵਿੱਤੀ ਅਨਿਸ਼ਚਿਤਤਾਵਾਂ ਦੇ ਖ਼ਿਲਾਫ਼ ਮਨੁੱਖੀ ਜੀਵਨ ਨੂੰ ਸੁਰੱਖਿਆ ਪ੍ਰਦਾਨ ਕਰਦੀਆਂ ਹਨ।

ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਰਾਡ ਨੇ ਜਨ ਸੁਰੱਖਿਆ ਯੋਜਨਾਵਾਂ ਦੇ ਕਵਰੇਜ ਨੂੰ ਹੋਰ ਵਧਾਉਣ ਲਈ ਇਸ ਨਾਲ ਜੁੜੇ (ਫੀਲਡ ਲੈਵਲ) ਕਾਰਜਕਰਤਾਵਾਂ ਨੂੰ ਪ੍ਰੋਤਸਾਹਿਤ ਕੀਤਾ

Posted On: 09 MAY 2023 7:45AM by PIB Chandigarh
  • ਪੀਐੱਮਜੇਜੇਬੀਵਾਈ: ਹੁਣ ਤੱਕ ਕੁੱਲ 16 ਕਰੋੜ ਤੋਂ ਵਧ ਨਾਮਾਂਕਣ

  • ਪੀਐੱਮਐੱਸਬੀਵਾਈ:  ਹੁਣ ਤੱਕ ਕੁੱਲ 34 ਕਰੋੜ ਤੋਂ ਵਧ ਨਾਮਾਂਕਣ

  • ਏਪੀਵਾਈ: 5 ਕਰੋੜ ਤੋਂ ਵਧ ਗਾਹਕ

 

ਹੁਣ ਜਿਵੇਂ ਕਿ ਅਸੀਂ ਤਿੰਨ ਜਨ ਸੁਰੱਖਿਆ ਯੋਜਨਾਵਾਂ - ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ), ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐੱਮਐੱਸਬੀਵਾਈ) ਅਤੇ ਅਟਲ ਪੈਨਸ਼ਨ ਯੋਜਨਾ (ਏਪੀਵਾਈ) ਦੀ 8ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਤਾਂ ਆਓ ਅਸੀਂ ਦੇਖੀਏ ਕਿ ਇਨ੍ਹਾਂ ਯੋਜਨਾਵਾਂ ਨੇ ਕਿਵੇਂ ਲੋਕਾਂ ਲਈ ਕਿਫਾਇਤੀ ਬੀਮਾ ਅਤੇ ਸੁਰੱਖਿਆ ਪ੍ਰਦਾਨ ਕਰਵਾਈ, ਇਨ੍ਹਾਂ ਯੋਜਨਾਵਾਂ ਦੀਆਂ ਉਪਲਬਧੀਆਂ ਅਤੇ ਮੁੱਖ ਵਿਸ਼ੇਸ਼ਤਾਵਾਂ ਕੀ ਹਨ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੀਐੱਮਜੇਜੇਬੀਵਾਈ, ਪੀਐੱਮਐੱਸਬੀਵਾਈ ਅਤੇ ਏਪੀਵਾਈ ਦੀ ਸ਼ੁਰੂਆਤ 9 ਮਈ, 2015 ਨੂੰ ਕੋਲਕਾਤਾ, ਪੱਛਮੀ ਬੰਗਾਲ ਤੋਂ ਕੀਤੀ ਸੀ।

ਇਹ ਤਿੰਨੋਂ ਯੋਜਨਾਵਾਂ ਨਾਗਰਿਕਾਂ ਦੀ ਭਲਾਈ ਲਈ ਸਮਰਪਿਤ ਹਨ, ਜੋ ਅਣਕਿਆਸੀਆਂ ਘਟਨਾਵਾਂ ਅਤੇ ਵਿੱਤੀ ਅਨਿਸ਼ਚਿਤਤਾਵਾਂ ਤੋਂ ਮਨੁੱਖੀ ਜੀਵਨ ਨੂੰ ਸੁਰੱਖਿਅਤ ਕਰਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਹਨ। ਸਰਕਾਰ ਨੇ ਇਹ ਸੁਨਿਸ਼ਚਿਤ ਕਰਨ ਲਈ ਦੇਸ਼ ਦੇ ਅਸੰਗਠਿਤ ਵਰਗ ਦੇ ਲੋਕ ਵਿੱਤੀ ਤੌਰ ’ਤੇ ਸੁਰੱਖਿਅਤ ਰਹਿਣ, ਦੋ ਬੀਮਾ ਯੋਜਨਾਵਾਂ ਸ਼ੁਰੂ ਕੀਤੀਆਂ-ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ। ਇਸ ਦੇ ਨਾਲ ਹੀ ਸਰਕਾਰ ਨੇ ਬੁਢਾਪੇ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਲਈ ਅਟਲ ਪੈਨਸ਼ਨ ਯੋਜਨਾ-ਏਪੀਵਾਈ ਵੀ ਸ਼ੁਰੂ ਕੀਤੀ।

 

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਇਨ੍ਹਾਂ ਤਿੰਨਾਂ ਜਨ ਸੁਰੱਖਿਆ ਯੋਜਨਾਵਾਂ ਦੇ ਪਿੱਛੇ ਦੇ ਦ੍ਰਿਸ਼ਟੀਕੋਣ ਨੂੰ ਯਾਦ ਕਰਦੇ ਹੋਏ ਕਿਹਾ, “ਵਰ੍ਹੇ 2014 ਵਿੱਚ ਰਾਸ਼ਟਰੀ ਵਿੱਤੀ ਸਮਾਵੇਸ਼ਨ ਮਿਸ਼ਨ ਨੂੰ ਇਹ ਸੁਨਿਸ਼ਚਿਤ ਕਰਨ ਦੇ ਪ੍ਰਾਥਮਿਕ ਉਦੇਸ਼ ਦੇ ਨਾਲ ਸ਼ੁਰੂ ਕੀਤਾ ਗਿਆ ਸੀ ਕਿ ਭਾਰਤ ਹਰੇਕ ਨਾਗਰਿਕ ਦੀ ਪਹੁੰਚ ਬੈਂਕਿੰਗ ਸੁਵਿਧਾਵਾਂ, ਵਿੱਤੀ ਸਾਖਰਤਾ ਅਤੇ ਸਮਾਜਿਕ ਸੁਰੱਖਿਆ ਕਵਰੇਜ ਤੱਕ ਵਧਾਏਗਾ। ਇਸ ਪਹਿਲ ਦੇ ਅਧਾਰ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 9 ਮਈ 2015 ਨੂੰ ਦੇਸ਼ ਵਿੱਚ ਵਿੱਤੀ ਸਮਾਵੇਸ਼ਨ ਨੂੰ ਹੋਰ ਅੱਗੇ ਵਧਾਉਣ ਦੇ ਉਦੇਸ਼ ਨਾਲ ਇਨ੍ਹਾਂ ਤਿੰਨ ਜਨ ਸੁਰੱਖਿਆ ਯੋਜਨਾਵਾਂ ਦੀ ਸ਼ੁਰੂਆਤ ਕੀਤੀ।”

 

ਕੇਂਦਰੀ ਵਿੱਤ ਮੰਤਰੀ ਨੇ ਕਿਹਾ, “ਇਹ ਤਿੰਨ ਸਮਾਜਿਕ ਸੁਰੱਖਿਆ ਯੋਜਨਾਵਾਂ ਨਾਗਰਿਕਾਂ ਦੀ ਭਲਾਈ ਲਈ ਸਮਰਪਿਤ ਹਨ, ਜੋ ਅਣਕਿਆਸੇ ਖ਼ਤਰਿਆਂ, ਨੁਕਸਾਨਾਂ ਅਤੇ ਵਿੱਤੀ ਅਨਿਸ਼ਚਿਤਤਾਵਾਂ ਦੀ ਸਥਿਤੀ ਵਿੱਚ ਮਨੁੱਖੀ ਜੀਵਨ ਦੀ ਸੁਰੱਖਿਆ ਦੇ ਮਹੱਤਵ ਨੂੰ ਸਵੀਕਾਰ ਕਰਦੀਆਂ ਹਨ। ਇਨ੍ਹਾਂ ਯੋਜਨਾਵਾਂ ਦਾ ਉਦੇਸ਼ ਵੰਚਿਤ ਪਿਛੋਕੜ ਵਾਲੇ ਲੋਕਾਂ ਨੂੰ ਲੋੜੀਂਦੀਆਂ ਵਿੱਤੀ ਸੇਵਾਵਾਂ ਪ੍ਰਦਾਨ ਕਰਨਾ ਹੈ, ਜਿਸ ਨਾਲ ਉਨ੍ਹਾਂ ਦੀ ਵਿੱਤੀ ਕਮਜ਼ੋਰੀ ਨੂੰ ਦੂਰ ਕੀਤਾ ਜਾ ਸਕੇ।

ਸ਼੍ਰੀਮਤੀ ਸੀਤਾਰਮਨ ਨੇ ਜਨ ਸੁਰੱਖਿਆ ਯੋਜਨਾਵਾਂ ਦੀ 8ਵੀਂ ਵਰ੍ਹੇਗੰਢ ’ਤੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 26 ਅਪ੍ਰੈਲ 2023 ਤੱਕ ਪੀਐੱਮਜੇਜੇਬੀਵਾਈ, ਪੀਐੱਮਐੱਸਬੀਵਾਈ ਅਤੇ ਏਪੀਵਾਈ ਦੇ ਤਹਿਤ ਕ੍ਰਮਵਾਰ 16.2 ਕਰੋੜ, 34.2 ਕਰੋੜ ਅਤੇ 5.2 ਕਰੋੜ ਨਾਮਾਂਕਣ ਕੀਤੇ ਗਏ ਹਨ।

 

ਪੀਐੱਮਜੇਜੇਬੀਵਾਈ ਯੋਜਨਾ ਬਾਰੇ ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਨ ਨੇ ਦੱਸਿਆ ਕਿ ਇਸ ਯੋਜਨਾ ਨੇ 6.64 ਲੱਖ ਪਰਿਵਾਰਾਂ ਨੂੰ ਮਹੱਤਵਪੂਰਣ ਸਹਾਇਤਾ ਪ੍ਰਦਾਨ ਕੀਤੀ ਹੈ ਅਤੇ ਬੀਮਾ ਦਾਅਵਿਆਂ ਦੇ ਰੂਪ ਵਿੱਚ ਇਨ੍ਹਾਂ ਪਰਿਵਾਰਾਂ ਨੂੰ 13,290 ਕਰੋੜ ਰੁਪਏ ਮਿਲੇ।

ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਪੀਐੱਮਐੱਸਬੀਵਾਈ ਯੋਜਨਾ ਦੇ ਤਹਿਤ 1.15 ਲੱਖ ਤੋਂ ਵਧ ਪਰਿਵਾਰਾਂ ਨੂੰ 2,302  ਕਰੋੜ ਰੁਪਏ ਦੇ ਦਾਅਵੇ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਦੋਵਾਂ ਯੋਜਨਾਵਾਂ ਲਈ ਦਾਅਵਾ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੇ ਕਾਰਨ ਦਾਅਵਿਆਂ ਦਾ ਤੇਜ਼ੀ ਨਾਲ ਨਿਪਟਾਰਾ ਹੋਇਆ ਹੈ।

ਸ਼੍ਰੀਮਤੀ ਸੀਤਾਰਮਨ ਨੇ ਸਿੱਟਾ ਨਿਕਾਲਦੇ ਹੋਏ ਕਿਹਾ ਕਿ ਇਹ ਦੇਖਣਾ ਉਤਸ਼ਾਹਜਨਕ ਹੈ ਕਿ ਇਨ੍ਹਾਂ ਯੋਜਨਾਵਾਂ ਨੂੰ ਵਧੇਰੇ ਲੋਕਾਂ ਤੱਕ ਪਹੁੰਚਾਉਣ ਲਈ ਲਕਸ਼ਿਤ ਦ੍ਰਿਸ਼ਟੀਕੋਣ ਦੇ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਸਾਡੀ ਸਰਕਾਰ ਇਹ ਸੁਨਿਸ਼ਚਿਤ ਕਰਨ ਲਈ ਦ੍ਰਿੜਤਾ ਨਾਲ ਸਮਰਪਿਤ ਹੈ ਕਿ ਇਨ੍ਹਾਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਲਾਭ ਪੂਰੇ ਦੇਸ਼ ਵਿੱਚ ਹਰੇਕ ਯੋਗ ਵਿਅਕਤੀ ਤੱਕ ਪਹੁੰਚੇ।

 

ਇਸ ਮੌਕੇ ’ਤੇ  ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਿਸ਼ਨਰਾਓ ਕਰਾੜ ਨੇ ਕਿਹਾ, “ਸਰਕਾਰ ਨੇ ਗ੍ਰਾਮੀਣ ਖੇਤਰਾਂ ਵਿੱਚ ਲੋਕਾਂ ਨੂੰ ਬੀਮਾ ਸੁਰੱਖਿਆ ਪ੍ਰਦਾਨ ਕਰਨ ਲਈ ਇੱਕ ਲਕਸ਼ਿਤ ਦ੍ਰਿਸ਼ਟੀਕੋਣ ਅਪਣਾਇਆ ਹੈ ਅਤੇ ਯੋਜਨਾ ਦੇ ਤਹਿਤ ਪੂਰੇ ਦੇਸ਼ ਵਿੱਚ ਯੋਗ ਲਾਭਾਰਥੀਆਂ ਨੂੰ ਕਵਰੇਜ ਪ੍ਰਦਾਨ ਕਰਨ ਲਈ ਹਰੇਕ ਗ੍ਰਾਮ ਪੰਚਾਇਤ ਵਿੱਚ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

ਇਨ੍ਹਾਂ ਜਨ ਸੁਰੱਖਿਆ ਯੋਜਨਾਵਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਇਸ ਨਾਲ ਜੁੜੇ (ਫੀਲਡ ਲੈਵਲ) ਸਾਰੇ ਕਾਰਜਕਰਤਾਵਾਂ ਨੂੰ ਵਧਾਈ ਦਿੰਦੇ ਹੋਏ ਡਾ. ਕਰਾਡ ਨੇ ਉਨ੍ਹਾਂ ਨੂੰ ਇਨ੍ਹਾਂ ਯੋਜਨਾਵਾਂ ਨਾਲ ਜੁੜਨ ਵਾਲੇ ਲੋਕਾਂ ਦੀ ਸੰਖਿਆ (ਕਵਰੇਜ) ਹੋਰ ਵਧਾਉਣ ਦੇ ਪ੍ਰਯਾਸਾਂ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।

 

ਅਸੀਂ ਜਨ ਸੁਰੱਖਿਆ ਯੋਜਨਾਵਾਂ ਦੀ 8ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਤਾਂ ਅਜਿਹੇ ਵਿੱਚ ਆਓ, ਹੁਣ ਤੱਕ ਦੀ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਉਪਲਬਧੀਆਂ ’ਤੇ ਇੱਕ ਨਜ਼ਰ ਪਾਉਂਦੇ ਹਾਂ।

  1. ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ)

ਯੋਜਨਾ: ਪੀਐੱਮਜੇਜੇਬੀਵਾਈ ਇੱਕ ਸਾਲ ਦੀ ਜੀਵਨ ਬੀਮਾ ਯੋਜਨਾ ਹੈ ਜੋ ਕਿਸੇ ਵੀ ਕਾਰਨ ਤੋਂ ਹੋਣ ਵਾਲੀ ਮੌਤ ਨੂੰ ਕਵਰ ਕਰਦੀ ਹੈ। ਇਸ ਦਾ ਸਾਲ-ਦਰ-ਸਾਲ ਨਵੀਨੀਕਰਨ ਕੀਤਾ ਜਾਂਦਾ ਹੈ।

ਯੋਗਤਾ: 18.50 ਸਾਲ ਦੀ ਉਮਰ ਵਰਗ ਦੇ ਵਿਅਕਤੀ ਜਿਨ੍ਹਾਂ ਦੇ ਪਾਸ ਇੱਕ ਵਿਅਕਤੀਗਤ ਬੈਂਕ ਜਾਂ ਡਾਕਘਰ ਖਾਤਾ ਹੈ, ਯੋਜਨਾ ਦੇ ਤਹਿਤ ਨਾਮਾਂਕਣ ਦੇ ਯੋਗ ਹਨ। 50 ਸਾਲ ਦੀ ਉਮਰ ਪੂਰੀ ਕਰਨ ਤੋਂ ਪਹਿਲਾਂ ਯੋਜਨਾ ਵਿੱਚ ਸ਼ਾਮਲ ਹੋਣ ਵਾਲੇ ਲੋਕ ਨਿਯਮਿਤ ਪ੍ਰੀਮੀਅਮ ਦੇ ਭੁਗਤਾਨ ‘ਤੇ 55 ਸਾਲ ਦੀ ਉਮਰ ਤੱਕ ਜੀਵਨ ਦੇ ਜ਼ੋਖਮ ਨੂੰ ਜਾਰੀ ਰੱਖ ਸਕਦੇ ਹਨ।

ਲਾਭ: 436/-ਰੁਪਏ ਪ੍ਰਤੀ ਸਾਲ ਦੀ ਪ੍ਰੀਮੀਅਮ ’ਤੇ ਕਿਸੇ ਵੀ ਕਾਰਨ ਕਰਕੇ ਮੌਤ ਦੇ ਮਾਮਲੇ ਵਿੱਚ 2 ਲੱਖ ਰੁਪਏ ਦਾ ਜੀਵਨ ਕਵਰ।

ਨਾਮਾਂਕਣ: ਯੋਜਨਾ ਦੇ ਤਹਿਤ ਨਾਮਾਂਕਣ ਖਾਤਾਧਾਰਕ ਦੇ ਬੈਂਕ ਦੀ ਸ਼ਾਖਾ/ਬੀਸੀ ਪੁਆਇੰਟ ਜਾਂ ਬੈਂਕ ਦੀ ਵੈੱਬਸਾਈਟ ’ਤੇ ਜਾ ਕੇ ਜਾਂ ਡਾਕਘਰ ਬਚਤ ਬੈਂਕ ਖਾਤੇ ਦੇ ਮਾਮਲੇ ਵਿੱਚ ਡਾਕਘਰ ਵਿੱਚ ਕੀਤਾ ਜਾ ਸਕਦਾ ਹੈ।

ਯੋਜਨਾ ਦੇ ਤਹਿਤ ਪ੍ਰੀਮੀਅਰ ਖਾਤਾ ਧਾਰਕ ਦੇ ਇੱਕ ਵਾਰ ਦੇ ਹੁਕਮ ਦੇ ਅਧਾਰ ’ਤੇ ਗਾਹਕ ਦੇ ਬੈਂਕ ਖਾਤੇ ਤੋਂ ਹਰ ਸਾਲ ਆਟੋ ਡੈਬਿਟ ਕੀਤਾ ਜਾਂਦਾ ਹੈ। ਯੋਜਨਾ ਅਤੇ ਫਾਰਮਾਂ ਬਾਰੇ ਵਿਸਤ੍ਰਿਤ ਜਾਣਕਾਰੀ (ਹਿੰਦੀ, ਅੰਗ੍ਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਵਿੱਚ) https://jansuraksha.gov.in ’ਤੇ ਉਪਲਬਧ ਹੈ।

 

ਉਪਲਬਧੀਆਂ: 26.04.2023 ਤੱਕ, ਯੋਜਨਾ ਦੇ ਤਹਿਤ ਕੁੱਲ ਨਾਮਾਂਕਣ 16.19 ਕਰੋੜ ਤੋਂ ਵਧ ਹੋ ਗਏ ਹਨ ਅਤੇ 6,64,520 ਦਾਅਵਿਆਂ ਲਈ 13,290.40  ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।

  1. ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐੱਮਐੱਸਬੀਵਾਈ)

ਯੋਜਨਾ: ਪੀਐੱਮਐੱਸਬੀਵਾਈ ਇੱਕ ਸਾਲ ਦੀ ਦੁਰਘਟਨਾ ਬੀਮਾ ਯੋਜਨਾ ਹੈ ਜੋ ਦੁਰਘਟਨਾ ਦੇ ਕਾਰਨ ਮੌਤ ਜਾਂ ਅਪਾਹਜਤਾ ਲਈ ਕਵਰੇਜ ਪ੍ਰਦਾਨ ਕਰਦੀ ਹੈ ਅਤੇ ਇਹ ਸਾਲ-ਦਰ-ਸਾਲ ਨਵਿਆਉਣਯੋਗ ਹੈ।

 

ਯੋਗਤਾ: 18-70 ਸਾਲ ਦੀ ਉਮਰ ਵਰਗ ਦੇ ਵਿਅਕਤੀ ਜਿਨ੍ਹਾਂ ਦੇ ਪਾਸ ਇੱਕ ਵਿਅਕਤੀਗਤ ਬੈਂਕ ਜਾਂ ਡਾਕਘਰ ਖਾਤਾ ਹੈ, ਯੋਜਨਾ ਦੇ ਤਹਿਤ ਨਾਮਾਂਕਣ ਦੇ ਯੋਗ ਹਨ।

ਲਾਭ: ਦੁਰਘਟਨਾ ਦੇ ਕਾਰਨ ਮੌਤ ਜਾਂ ਅਪਾਹਜਤਾ ਲਈ 20/- ਰੁਪਏ ਪ੍ਰਤੀ ਸਾਲ ਦੀ ਪ੍ਰੀਮੀਅਰ ’ਤੇ 2 ਲੱਖ ਰੁਪਏ (ਅੰਸ਼ਕ ਅਪੰਗਤਾ ਦੇ ਮਾਮਲੇ ਵਿੱਚ ਰੁਪਏ 1 ਲੱਖ) ਦਾ ਐਕਸੀਡੈਂਟਲ ਡੈਥ ਕਮ ਅਪੰਗਤਾ ਕਵਰ ਮਿਲਦਾ ਹੈ।

ਨਾਮਾਂਕਣ: ਯੋਜਨਾ ਦੇ ਤਹਿਤ ਨਾਮਾਂਕਣ ਖਾਤਾਧਾਰਕ ਦੇ ਬੈਂਕ ਦੀ ਸ਼ਾਖਾ/ਬੀਸੀ ਪੁਆਇੰਟ ਜਾਂ ਬੈਂਕ ਦੀ ਵੈੱਬਸਾਈਟ ’ਤੇ ਜਾਂ ਡਾਕਘਰ ਬਚਤ ਬੈਂਕ ਖਾਤੇ ਦੇ ਮਾਮਲੇ ਵਿੱਚ ਡਾਕਘਰ ਵਿੱਚ ਜਾ ਕੇ ਕੀਤਾ ਜਾ ਸਕਦਾ ਹੈ। ਯੋਜਨਾ ਦੇ ਤਹਿਤ ਪ੍ਰੀਮੀਅਰ ਖਾਤਾਧਾਰਕ ਦੇ ਇੱਕ ਵਾਰ ਦੇ ਹੁਕਮ ਦੇ ਅਧਾਰ ’ਤੇ ਗਾਹਕ ਦੇ ਬੈਂਕ ਖਾਤੇ ਤੋਂ ਹਰ ਸਾਲ ਆਟੋ ਡੈਬਿਟ ਕੀਤਾ ਜਾਂਦਾ ਹੈ। ਯੋਜਨਾ ਅਤੇ ਫਾਰਮਾਂ ਬਾਰੇ ਵਿਸਤ੍ਰਿਤ ਜਾਣਕਾਰੀ (ਹਿੰਦੀ, ਅੰਗ੍ਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਵਿੱਚ) https://jansuraksha.gov.in ’ਤੇ ਉਪਲਬਧ ਹੈ।

 

ਉਪਲਬਧੀਆਂ: 26.04.2023 ਤੱਕ, ਯੋਜਨਾ ਦੇ ਤਹਿਤ ਕੁੱਲ ਨਾਮਾਂਕਣ 34.18 ਕਰੋੜ ਤੋਂ ਵਧ ਅਤੇ 1,15,951  ਦਾਅਵਿਆਂ ਲਈ 2,302.26  ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।

ਅਟਲ ਪੈਨਸ਼ਨ ਯੋਜਨਾ (ਏਪੀਵਾਈ)

ਪਿਛੋਕੜ: ਅਟਲ ਪੈਨਸ਼ਨ ਯੋਜਨਾ (ਏਪੀਵਾਈ) ਸਾਰੇ ਭਾਰਤੀਆਂ, ਵਿਸ਼ੇਸ਼  ਤੌਰ ’ਤੇ ਗ਼ਰੀਬਾਂ, ਵੰਚਿਤਾਂ ਅਤੇ ਅਸੰਗਠਿਤ ਖੇਤਰ ਦੇ ਵਰਕਰਾਂ ਲਈ ਇੱਕ ਯੂਨੀਵਰਸਲ ਸਮਾਜਿਕ ਸੁਰੱਖਿਆ ਸਿਸਟਮ ਬਣਾਉਣ ਲਈ ਸ਼ੁਰੂ ਕੀਤੀ ਗਈ ਸੀ। ਇਹ ਅਸੰਗਠਿਤ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਲਈ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਦੀ ਇੱਕ ਪਹਿਲ ਹੈ। ਏਪੀਵਾਈ ਦਾ ਪ੍ਰਬੰਧਨ ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐੱਨਪੀਐੱਸ) ਦੇ ਸਮੁੱਚੇ ਪ੍ਰਸ਼ਾਸਨਿਕ ਅਤੇ ਸੰਸਥਾਗਤਾ ਢਾਂਚੇ ਦੇ ਤਹਿਤ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਪੀਐੱਫਆਰਡੀਏ) ਕਰਦਾ ਹੈ।

ਯੋਗਤਾ: ਏਪੀਵਾਈ 18 ਤੋਂ 40 ਸਾਲ ਦੀ ਉਮਰ ਦੇ ਸਾਰੇ ਬੈਂਕ ਖਾਤਾ ਧਾਰਕਾਂ ਲਈ ਖੁਲ੍ਹਾ ਹੈ ਜੋ ਇਨਕਮ ਟੈਕਸ ਦਾਤਾ ਨਹੀਂ ਹਨ ਅਤੇ ਚੁਣੀ ਗੀ ਪੈਨਸ਼ਨ ਦੀ ਰਕਮ ਦੇ ਅਧਾਰ ’ਤੇ ਭੁਗਤਾਨਯੋਗ ਯੋਗਦਾਨ ਵੱਖ-ਵੱਖ ਹਨ।

 

ਲਾਭ: ਇਸ ਯੋਜਨਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਗਾਹਕ ਦੁਆਰਾ ਕੀਤੇ ਗਏ ਯੋਗਦਾਨ ਦੇ ਅਧਾਰ ’ਤੇ ਉਨ੍ਹਾਂ ਦੀ 60 ਸਾਲ ਦੀ ਉਮਰ ਦੇ ਬਾਅਦ ਗਾਹਕਾਂ ਨੂੰ ਗਾਰੰਟੀਸ਼ੁਦਾ ਘੱਟੋ-ਘੱਟ ਮਾਸਿਕ ਪੈਨਸ਼ਨ 1000 ਰੁਪਏ, 2000 ਰੁਪਏ, 3000 ਰੁਪਏ, 4000 ਰੁਪਏ ਜਾਂ 5000 ਰੁਪਏ ਮਿਲਦੀ ਹੈ।

ਯੋਜਨਾ ਦੇ ਲਾਭਾਂ ਦੀ ਵੰਡ: ਇਸ ਦੇ ਤਹਿਤ ਮਾਸਿਕ ਪੈਨਸ਼ਨ ਗਾਹਕ ਨੂੰ ਮਿਲੇਗੀ, ਅਤੇ ਉਸ ਤੋਂ ਬਾਅਦ ਉਸ ਦੇ ਪਤੀ ਜਾਂ ਪਤਨੀ ਨੂੰ ਅਤੇ ਫਿਰ ਉਨ੍ਹਾਂ ਦੋਵਾਂ ਦੀ ਮੌਤ ਤੋਂ ਬਾਅਦ ਗਾਹਕ ਦੀ 60 ਸਾਲ ਦੀ ਉਮਰ ਵਿੱਚ ਇੱਕਠੀ ਹੋਈ ਪੈਨਸ਼ਨ ਰਾਸ਼ੀ, ਗਾਹਕ ਦੇ ਨਾਮਜ਼ਦ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਵੇਗੀ।

ਗਾਹਕ ਦੀ ਸਮੇਂ ਤੋਂ ਪਹਿਲਾਂ ਮੌਤ (60 ਸਾਲ ਦੀ ਉਮਰ ਤੋਂ ਪਹਿਲਾਂ ਮੌਤ) ਦੇ ਮਾਮਲੇ ਵਿੱਚ, ਗਾਹਕ ਦਾ ਪਤੀ ਜਾਂ ਪਤਨੀ ਬਾਕੀ ਬਚੀ ਮਿਆਦ ਲਈ ਗਾਹਕ ਦੇ ਏਪੀਵਾਈ ਖਾਤੇ ਵਿੱਚ ਯੋਗਦਾਨ ਜਾਰੀ ਰੱਖ ਸਕਦੇ ਹਨ, ਜਦੋਂ ਤੱਕ ਕਿ ਅਸਲੀ ਗਾਹਕ ਦੀ ਉਮਰ 60 ਸਾਲ ਪੂਰੀ ਨਾ ਹੋ ਜਾਵੇ।

ਕੇਂਦਰ ਸਰਕਾਰ ਦੁਆਰਾ ਯੋਗਦਾਨ: ਘੱਟੋ-ਘੱਟ ਪੈਨਸ਼ਨ ਦੀ ਗਾਰੰਟੀ ਸਰਕਾਰ ਦੁਆਰਾ ਦਿੱਤੀ ਜਾਵੇਗੀ, ਅਰਥਾਤ, ਜੇਕਰ ਯੋਗਦਾਨ ਦੇ ਅਧਾਰ ’ਤੇ ਸੰਚਿਤ ਰਾਸ਼ੀ ਨਿਵੇਸ਼ ’ਤੇ ਅਨੁਮਾਨਿਤ ਰਿਟਰਨ ਤੋਂ ਘੱਟ ਹੁੰਦੀ ਹੈ ਅਤੇ ਘੱਟੋ-ਘੱਟ ਗਾਰੰਟੀ ਪੈਨਸ਼ਨ ਪ੍ਰਦਾਨ ਕਰਨ ਲਈ ਨਾਕਾਫ਼ੀ ਹੈ, ਤਾਂ ਕੇਂਦਰ ਸਰਕਾਰ ਅਜਿਹੀ ਨਾਕਾਫ਼ੀ ਨੂੰ ਪੂਰਾ ਕਰਨ ਲਈ ਫੰਡ ਦੇਵੇਗੀ। ਵਿਕਲਪਕ ਤੌਰ ’ਤੇ ਜੇਕਰ ਨਿਵੇਸ਼ ’ਤੇ ਰਿਟਰਨ ਵਧ ਹੁੰਦਾ ਹੈ, ਤਾਂ ਗਾਹਕਾਂ ਨੂੰ ਵਧੇ ਹੋਏ ਪੈਨਸ਼ਨਰੀ ਲਾਭ ਮਿਲਣਗੇ।

ਭੁਗਤਾਨ ਦੀ ਬਾਰੰਬਾਰਤਾ: ਗ੍ਰਾਹਕ ਮਾਸਿਕ/ਤਿਮਾਹੀ/ਛਮਾਹੀ ਅਧਾਰ ’ਤੇ ਏਪੀਵਾਈ ਵਿੱਚ ਯੋਗਦਾਨ ਕਰ ਸਕਦੇ ਹਨ।

ਸਕੀਮ ਤੋਂ ਕਢਵਾਉਣਾ: ਸਰਕਾਰੀ ਸਹਿ-ਯੋਗਦਾਨ ਅਤੇ ਉਸ ’ਤੇ ਵਾਪਸੀ/ਵਿਆਜ ਦੀ ਕਟੌਤੀ ’ਤੇ ਕੁਝ ਸ਼ਰਤਾਂ ਦੇ ਅਧੀਨ ਮੈਂਬਰ ਸਵੈ-ਇੱਛਾ ਨਾਲ ਏਪੀਵਾਈ ਤੋਂ ਬਾਹਰ ਨਿਕਲ ਸਕਦੇ ਹਨ।

ਉਪਲਬਧੀਆਂ: 27.04.2023  ਤੱਕ 5 ਕਰੋੜ ਤੋਂ ਵਧ ਲੋਕਾਂ ਨੇ ਯੋਜਨਾ ਦੀ ਮੈਂਬਰਸ਼ਿਪ ਲਈ ਹੈ।

****************

ਪੀਪੀਜੀ/ਕੇਐੱਮਐੱਨ(Release ID: 1922974) Visitor Counter : 111