ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 12 ਫਰਵਰੀ ਨੂੰ ਰਾਜਸਥਾਨ ਅਤੇ 13 ਫਰਵਰੀ ਨੂੰ ਕਰਨਾਟਕ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਰਾਜਸਥਾਨ ਦੇ ਦੌਸਾ ਵਿੱਚ 18,100 ਕਰੋੜ ਰੁਪਏ ਤੋਂ ਵੱਧ ਦੇ ਸੜਕ ਪ੍ਰੋਜੈਕਟਾਂ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਦਿੱਲੀ ਮੁੰਬਈ ਐਕਸਪ੍ਰੈੱਸਵੇਅ ਦਾ ਦਿੱਲੀ–ਦੌਸਾ–ਲਾਲਸੋਤ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਸੈਕਸ਼ਨ ਨਾਲ ਦਿੱਲੀ ਤੋਂ ਜੈਪੁਰ ਤੱਕ ਦਾ ਸਫਰ ਸਮਾਂ 5 ਘੰਟੇ ਤੋਂ ਘਟ ਕੇ 3.5 ਘੰਟੇ ਹੋਵੇਗਾ
ਪ੍ਰਧਾਨ ਮੰਤਰੀ ਬੰਗਲੁਰੂ ਵਿੱਚ ਏਅਰੋ ਇੰਡੀਆ 2023 ਦੇ 14ਵੇਂ ਐਡੀਸ਼ਨ ਦਾ ਉਦਘਾਟਨ ਕਰਨਗੇ
ਏਅਰੋ ਇੰਡੀਆ 2023 'ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ' ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ ਸਵਦੇਸ਼ੀ ਉਪਕਰਣ/ਟੈਕਨੋਲੋਜੀ ਨੂੰ ਪ੍ਰਦਰਸ਼ਿਤ ਕਰਨ ਅਤੇ ਵਿਦੇਸ਼ੀ ਕੰਪਨੀਆਂ ਨਾਲ ਭਾਈਵਾਲੀ 'ਤੇ ਫੋਕਸ ਕਰੇਗਾ
Posted On:
11 FEB 2023 10:14AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਫਰਵਰੀ ਨੂੰ ਰਾਜਸਥਾਨ ਅਤੇ 13 ਫਰਵਰੀ ਨੂੰ ਕਰਨਾਟਕ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ 12 ਫਰਵਰੀ ਨੂੰ ਦੁਪਹਿਰ 3 ਵਜੇ ਦੇ ਕਰੀਬ 18,100 ਕਰੋੜ ਰੁਪਏ ਤੋਂ ਵੱਧ ਦੇ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਰਾਸ਼ਟਰ ਨੂੰ ਸਮਰਪਿਤ ਕਰਨ ਲਈ ਰਾਜਸਥਾਨ ਦੇ ਦੌਸਾ ਪਹੁੰਚਣਗੇ।
ਉਹ 13 ਫਰਵਰੀ ਨੂੰ ਸਵੇਰੇ 9:30 ਵਜੇ ਬੰਗਲੁਰੂ ਦੇ ਏਅਰ ਫੋਰਸ ਸਟੇਸ਼ਨ, ਯੇਲਹੰਕਾ ਵਿਖੇ ਏਅਰੋ ਇੰਡੀਆ 2023 ਦੇ 14ਵੇਂ ਐਡੀਸ਼ਨ ਦਾ ਉਦਘਾਟਨ ਕਰਨਗੇ।
ਦੌਸਾ ਵਿੱਚ ਪ੍ਰਧਾਨ ਮੰਤਰੀ
ਨਿਊ ਇੰਡੀਆ ਵਿੱਚ ਵਿਕਾਸ, ਪ੍ਰਗਤੀ ਅਤੇ ਕਨੈਕਟੀਵਿਟੀ ਦੇ ਇੰਜਣ ਵਜੋਂ ਸ਼ਾਨਦਾਰ ਸੜਕ ਬੁਨਿਆਦੀ ਢਾਂਚੇ ਦੇ ਨਿਰਮਾਣ ਨੂੰ ਪ੍ਰਧਾਨ ਮੰਤਰੀ ਦੁਆਰਾ ਦਿੱਤੀ ਜਾ ਰਹੀ ਪ੍ਰਾਥਮਿਕਤਾ ਸਦਕਾ ਦੇਸ਼ ਭਰ ਵਿੱਚ ਚਲ ਰਹੇ ਕਈ ਵਿਸ਼ਵ ਪੱਧਰੀ ਐਕਸਪ੍ਰੈੱਸਵੇਜ਼ ਦੇ ਨਿਰਮਾਣ ਨਾਲ ਪੂਰਾ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਹੱਤਵਪੂਰਨ ਪ੍ਰੋਜੈਕਟ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਹੈ, ਜਿਸਦਾ ਪਹਿਲਾ ਮੁਕੰਮਲ ਦਿੱਲੀ–ਦੌਸਾ–ਲਾਲਸੋਤ ਸੈਕਸ਼ਨ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ।
ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ 246 ਕਿਲੋਮੀਟਰ ਦਿੱਲੀ-ਦੌਸਾ-ਲਾਲਸੋਤ ਸੈਕਸ਼ਨ ਨੂੰ 12,150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਸੈਕਸ਼ਨ ਦੇ ਚਾਲੂ ਹੋਣ ਨਾਲ ਦਿੱਲੀ ਤੋਂ ਜੈਪੁਰ ਤੱਕ ਦੀ ਯਾਤਰਾ ਦਾ ਸਮਾਂ 5 ਘੰਟੇ ਤੋਂ ਘਟ ਕੇ ਲਗਭਗ 3.5 ਘੰਟੇ ਹੋ ਜਾਵੇਗਾ ਅਤੇ ਪੂਰੇ ਖੇਤਰ ਦੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ।
ਦਿੱਲੀ-ਮੁੰਬਈ ਐਕਸਪ੍ਰੈੱਸਵੇਅ 1,386 ਕਿਲੋਮੀਟਰ ਦੀ ਲੰਬਾਈ ਦੇ ਨਾਲ ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈੱਸਵੇਅ ਹੋਵੇਗਾ। ਇਹ ਦਿੱਲੀ ਅਤੇ ਮੁੰਬਈ ਦਰਮਿਆਨ ਯਾਤਰਾ ਦੀ ਦੂਰੀ ਨੂੰ 1,424 ਕਿਲੋਮੀਟਰ ਤੋਂ 1,242 ਕਿਲੋਮੀਟਰ ਤੱਕ 12% ਘਟਾ ਦੇਵੇਗਾ ਅਤੇ ਯਾਤਰਾ ਦਾ ਸਮਾਂ 24 ਘੰਟਿਆਂ ਤੋਂ 12 ਘੰਟੇ ਤੱਕ 50% ਘੱਟ ਜਾਵੇਗਾ। ਇਹ ਛੇ ਰਾਜਾਂ ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਿੱਚੋਂ ਲੰਘੇਗਾ ਅਤੇ ਕੋਟਾ, ਇੰਦੌਰ, ਜੈਪੁਰ, ਭੋਪਾਲ, ਵਡੋਦਰਾ ਅਤੇ ਸੂਰਤ ਜਿਹੇ ਵੱਡੇ ਸ਼ਹਿਰਾਂ ਨੂੰ ਆਪਸ ਵਿੱਚ ਜੋੜੇਗਾ। ਇਹ ਐਕਸਪ੍ਰੈੱਸਵੇਅ 93 ਪੀਐੱਮ ਗਤੀ ਸ਼ਕਤੀ ਇਕਨੌਮਿਕ ਨੋਡਸ, 13 ਬੰਦਰਗਾਹਾਂ, 8 ਪ੍ਰਮੁੱਖ ਹਵਾਈ ਅੱਡੇ ਅਤੇ 8 ਮਲਟੀ-ਮੌਡਲ ਲੌਜਿਸਟਿਕ ਪਾਰਕਸ (ਐੱਮਐੱਮਐੱਲਪੀਜ਼) ਦੇ ਨਾਲ-ਨਾਲ ਨਵੇਂ ਆਉਣ ਵਾਲੇ ਗ੍ਰੀਨਫੀਲਡ ਹਵਾਈ ਅੱਡਿਆਂ ਜਿਵੇਂ ਕਿ ਜੇਵਰ ਏਅਰਪੋਰਟ, ਨਵੀਂ ਮੁੰਬਈ ਏਅਰਪੋਰਟ ਅਤੇ ਜੇਐੱਨਪੀਟੀ ਪੋਰਟ ਨੂੰ ਵੀ ਸੇਵਾ ਪ੍ਰਦਾਨ ਕਰੇਗਾ। ਇਹ ਐਕਸਪ੍ਰੈੱਸਵੇਅ ਸਾਰੇ ਨਾਲ ਲਗਦੇ ਖੇਤਰਾਂ ਦੇ ਵਿਕਾਸ ਦਿਸ਼ਾ ਵਿੱਚ ਇੱਕ ਉਤਪ੍ਰੇਰਕ ਦੇ ਤੌਰ 'ਤੇ ਪ੍ਰਭਾਵ ਪਾਵੇਗਾ। ਇਸ ਤਰ੍ਹਾਂ ਇਹ ਦੇਸ਼ ਦੇ ਆਰਥਿਕ ਪਰਿਵਰਤਨ ਵਿੱਚ ਵੱਡਾ ਯੋਗਦਾਨ ਦੇਵੇਗਾ।
ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ 5940 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣ ਵਾਲੇ 247 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਵਿੱਚ 2000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤੀ ਜਾਣ ਵਾਲੀ ਬਾਂਦੀਕੁਈ ਤੋਂ ਜੈਪੁਰ ਤੱਕ 67 ਕਿਲੋਮੀਟਰ ਲੰਬੀ ਚਾਰ-ਮਾਰਗੀ ਸਪੱਰ (ਸ਼ਾਖਾ) ਸੜਕ, ਕੋਟਪੁਤਲੀ ਤੋਂ ਬੜੌਦਾਨੇਓ ਤੱਕ ਛੇ ਮਾਰਗੀ ਸਪੱਰ ਸੜਕ ਲਗਭਗ 3775 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੀ ਜਾਣੀ ਹੈ ਅਤੇ ਲਾਲਸੋਤ-ਕਰੋਲੀ ਸੈਕਸ਼ਨ ਦੇ ਦੋ-ਮਾਰਗੀ ਪੱਕੇ ਭਾਗ ਨੂੰ ਲਗਭਗ 150 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।
ਬੰਗਲੁਰੂ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਬੰਗਲੁਰੂ ਦੇ ਯੇਲਹੰਕਾ ਦੇ ਏਅਰ ਫੋਰਸ ਸਟੇਸ਼ਨ ਵਿਖੇ ਏਅਰੋ ਇੰਡੀਆ 2023 ਦੇ 14ਵੇਂ ਐਡੀਸ਼ਨ ਦਾ ਉਦਘਾਟਨ ਕਰਨਗੇ। ਏਅਰੋ ਇੰਡੀਆ 2023 ਦਾ ਥੀਮ “ਇੱਕ ਬਿਲੀਅਨ ਮੌਕਿਆਂ ਦਾ ਰਨਵੇਅ” ਹੈ।
ਪ੍ਰਧਾਨ ਮੰਤਰੀ ਦੇ ‘ਮੇਕ ਇਨ ਇੰਡੀਆ, ਮੇਕ ਫੌਰ ਦ ਵਰਲਡ’ ਦੇ ਵਿਜ਼ਨ ਦੇ ਅਨੁਸਾਰ, ਇਹ ਸਮਾਗਮ ਸਵਦੇਸ਼ੀ ਉਪਕਰਣ/ਟੈਕਨੋਲੋਜੀ ਨੂੰ ਪ੍ਰਦਰਸ਼ਿਤ ਕਰਨ ਅਤੇ ਵਿਦੇਸ਼ੀ ਕੰਪਨੀਆਂ ਨਾਲ ਭਾਈਵਾਲੀ ‘ਤੇ ਕੇਂਦ੍ਰਿਤ ਹੋਵੇਗਾ। ਭਾਰਤੀ ਰੱਖਿਆ ਖੇਤਰ ਵਿੱਚ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ, ਕਿਉਂਕਿ ਇਹ ਸਮਾਗਮ ਡਿਜ਼ਾਈਨ ਲੀਡਰਸ਼ਿਪ ਵਿੱਚ ਦੇਸ਼ ਦੀ ਪ੍ਰਗਤੀ, ਯੂਏਵੀਜ਼ ਸੈਕਟਰ ਵਿੱਚ ਵਿਕਾਸ, ਰੱਖਿਆ, ਪੁਲਾੜ ਅਤੇ ਭਵਿੱਖੀ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕਰੇਗਾ। ਇਸ ਤੋਂ ਇਲਾਵਾ, ਇਹ ਸਮਾਗਮ ਲਾਈਟ ਕੰਬੈਟ ਏਅਰਕ੍ਰਾਫਟ (ਐੱਲਸੀਏ)-ਤੇਜਸ, ਐੱਚਟੀਟੀ-40, ਡੋਰਨੀਅਰ ਲਾਈਟ ਯੂਟਿਲਿਟੀ ਹੈਲੀਕੌਪਟਰ (ਐੱਲਯੂਐੱਚ), ਲਾਈਟ ਕੰਬੈਟ ਹੈਲੀਕੌਪਟਰ (ਐੱਲਸੀਐੱਚ) ਅਤੇ ਐਡਵਾਂਸਡ ਲਾਈਟ ਹੈਲੀਕੌਪਟਰ (ਏਐੱਲਐੱਚ) ਜਿਹੇ ਸਵਦੇਸ਼ੀ ਹਵਾਈ ਪਲੈਟਫਾਰਮਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰੇਗਾ। ਇਹ ਘਰੇਲੂ ਐੱਮਐੱਸਐੱਮਈਜ਼ ਅਤੇ ਸਟਾਰਟ-ਅੱਪਸ ਨੂੰ ਗਲੋਬਲ ਸਪਲਾਈ ਚੇਨ ਨਾਲ ਜੋੜਨ ਅਤੇ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਲਈ ਸਾਂਝੇਦਾਰੀ ਸਮੇਤ ਵਿਦੇਸ਼ੀ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਵਿੱਚ ਵੀ ਮਦਦ ਕਰੇਗਾ।
ਏਅਰੋ ਇੰਡੀਆ 2023 ਵਿੱਚ 80 ਤੋਂ ਵੱਧ ਦੇਸ਼ ਹਿੱਸਾ ਲੈਣਗੇ। ਲਗਭਗ 30 ਦੇਸ਼ਾਂ ਦੇ ਮੰਤਰੀ ਅਤੇ ਗਲੋਬਲ ਅਤੇ ਭਾਰਤੀ ਓਈਐੱਮ ਦੇ 65 ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਦੁਆਰਾ ਏਅਰੋ ਇੰਡੀਆ 2023 ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ।
ਏਅਰੋ ਇੰਡੀਆ 2023 ਪ੍ਰਦਰਸ਼ਨੀ ਵਿੱਚ ਲਗਭਗ 100 ਵਿਦੇਸ਼ੀ ਅਤੇ 700 ਭਾਰਤੀ ਕੰਪਨੀਆਂ ਸਮੇਤ 800 ਤੋਂ ਵੱਧ ਰੱਖਿਆ ਕੰਪਨੀਆਂ ਦੀ ਭਾਗੀਦਾਰੀ ਹੋਵੇਗੀ। ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੀਆਂ ਭਾਰਤੀ ਕੰਪਨੀਆਂ ਵਿੱਚ ਐੱਮਐੱਸਐੱਮਈ ਅਤੇ ਸਟਾਰਟ-ਅੱਪਸ ਸ਼ਾਮਲ ਹਨ, ਜੋ ਦੇਸ਼ ਵਿੱਚ ਵਿਸ਼ੇਸ਼ ਟੈਕਨੋਲੋਜੀਆਂ ਦੀ ਪ੍ਰਗਤੀ, ਏਅਰੋਸਪੇਸ ਵਿੱਚ ਪ੍ਰਗਤੀ ਅਤੇ ਰੱਖਿਆ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਨਗੇ। ਏਅਰੋ ਇੰਡੀਆ 2023 ਵਿੱਚ ਪ੍ਰਮੁੱਖ ਪ੍ਰਦਰਸ਼ਕਾਂ ਵਿੱਚ ਏਅਰਬੱਸ, ਬੋਇੰਗ, ਡਸਾਲਟ ਐਵੀਏਸ਼ਨ, ਲਾਕਹੀਡ ਮਾਰਟਿਨ, ਇਜ਼ਰਾਈਲ ਏਅਰੋਸਪੇਸ ਇੰਡਸਟਰੀ, ਬ੍ਰਹਮੋਸ ਏਅਰੋਸਪੇਸ, ਆਰਮੀ ਏਵੀਏਸ਼ਨ, ਐੱਚਸੀ ਰੋਬੋਟਿਕਸ, ਐੱਸਏਏਬੀ, ਸਫਰਾਨ, ਰੌਲਸ ਰਾਇਸ, ਲਾਰਸਨ ਐਂਡ ਟੁਬਰੋ, ਭਾਰਤ ਫੋਰਜ ਲਿਮਿਟਿਡ, ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ (ਐੱਚਏਐੱਲ), ਭਾਰਤ ਇਲੈਕਟ੍ਰੌਨਿਕਸ ਲਿਮਿਟਿਡ (ਬੀਈਐੱਲ), ਭਾਰਤ ਡਾਇਨਾਮਿਕਸ ਲਿਮਿਟਿਡ (ਬੀਡੀਐੱਲ) ਅਤੇ ਬੀਈਐੱਮਐੱਲ ਲਿਮਿਟਿਡ ਸ਼ਾਮਲ ਹਨ।
********
ਡੀਐੱਸ/ਐੱਸਐੱਚ
(Release ID: 1898503)
Visitor Counter : 186
Read this release in:
Kannada
,
Assamese
,
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Malayalam