ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬਿਹਾਰ ਵਿਧਾਨ ਸਭਾ ਦੇ ਸ਼ਤਾਬਦੀ ਜਸ਼ਨਾਂ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ “ਇਸ ਵਿਧਾਨ ਸਭਾ ਭਵਨ ਵਿੱਚ ਕਈ ਵੱਡੇ ਅਤੇ ਸਾਹਸੀ ਫ਼ੈਸਲੇ ਲਏ ਗਏ”

"ਇਹ ਵਿਧਾਨ ਸਭਾ ਇਸ ਗੱਲ ਦੀ ਉਦਾਹਰਣ ਹੈ ਕਿ ਕਿਵੇਂ ਇੱਕ ਲੋਕਤੰਤਰ ਵਿੱਚ ਸਮਾਜਿਕ ਜੀਵਨ ਵਿੱਚ ਬਰਾਬਰ ਦੀ ਭਾਗੀਦਾਰੀ ਅਤੇ ਬਰਾਬਰ ਅਧਿਕਾਰਾਂ ਦੀ ਪੈਰਵੀ ਕੀਤੀ ਜਾਂਦੀ ਹੈ"

"ਭਾਰਤ ਵਿੱਚ ਲੋਕਤੰਤਰ ਦਾ ਸੰਕਲਪ ਉਤਨਾ ਹੀ ਪ੍ਰਾਚੀਨ ਹੈ ਜਿਤਨਾ ਕਿ ਇਹ ਦੇਸ਼ ਅਤੇ ਸਾਡੀ ਸੰਸਕ੍ਰਿਤੀ ਹੈ”

"ਬਿਹਾਰ ਹਮੇਸ਼ਾ ਲੋਕਤੰਤਰ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰੱਖਿਆ ਲਈ ਆਪਣੀ ਪ੍ਰਤੀਬੱਧਤਾ ਨਾਲ ਖੜ੍ਹਾ ਰਿਹਾ ਹੈ"

“ਬਿਹਾਰ ਜਿਤਨਾ ਸਮ੍ਰਿੱਧ ਹੋਵੇਗਾ, ਭਾਰਤ ਦਾ ਲੋਕਤੰਤਰ ਉਤਨਾ ਹੀ ਸ਼ਕਤੀਸ਼ਾਲੀ ਹੋਵੇਗਾ। ਬਿਹਾਰ ਜਿਤਨਾ ਮਜ਼ਬੂਤ ​​ਹੋਵੇਗਾ, ਭਾਰਤ ਉਤਨਾ ਹੀ ਸਮਰੱਥ ਹੋਵੇਗਾ”

“ਪਾਰਟੀ-ਰਾਜਨੀਤੀ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਦੇਸ਼ ਲਈ ਸਾਡੀ ਆਵਾਜ਼ ਇੱਕ ਹੋਣੀ ਚਾਹੀਦੀ ਹੈ”

"ਸਾਡੇ ਵਿਵਹਾਰ ਨਾਲ ਸਾਡੇ ਦੇਸ਼ ਦੀ ਲੋਕਤੰਤਰੀ ਪਰਿਪੱਕਤਾ ਪ੍ਰਦਰਸ਼ਿਤ ਹੁੰਦੀ ਹੈ"

"ਦੇਸ਼ ਲੋਕਤੰਤਰੀ ਉਪਦੇਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਲਗਾਤਾਰ ਨਵੇਂ ਸੰਕਲਪਾਂ 'ਤੇ ਕੰਮ ਕਰ ਰਿਹਾ ਹੈ"

"ਅਗਲੇ 25 ਵਰ੍ਹੇ ਦੇਸ਼ ਲਈ ਕਰਤੱਵ ਦੇ ਮਾਰਗ 'ਤੇ ਚਲਣ ਦੇ ਵਰ੍ਹੇ ਹਨ"

"ਜਿਤਨਾ ਜ਼ਿਆਦਾ ਅਸੀਂ ਆਪਣੇ ਫਰਜ਼ਾਂ ਲਈ ਕੰਮ ਕਰਾਂਗੇ, ਸਾਡੇ ਅਧਿਕਾਰ ਉਤਨੇ ਹੀ ਮਜ਼ਬੂਤ ​​ਹੋਣਗੇ। ਕਰਤੱਵ ਪ੍ਰਤੀ ਸਾਡੀ ਵਫ਼ਾਦਾਰੀ ਹੀ ਸਾਡੇ ਅਧਿਕਾਰਾਂ ਦੀ ਗਾਰੰਟੀ ਹੈ"

Posted On: 12 JUL 2022 7:57PM by PIB Chandigarh

 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਟਨਾ ਵਿੱਚ ਬਿਹਾਰ ਵਿਧਾਨ ਸਭਾ ਦੇ ਸ਼ਤਾਬਦੀ ਜਸ਼ਨਾਂ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਬਿਹਾਰ ਵਿਧਾਨ ਸਭਾ ਦੇ 100 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ ਬਣਾਏ ਗਏ ਸ਼ਤਾਬਦੀ ਸਮ੍ਰਿਤੀ ਸਤੰਭ ਦਾ ਉਦਘਾਟਨ ਕੀਤਾ। ਉਨ੍ਹਾਂ ਵਿਧਾਨ ਸਭਾ ਅਜਾਇਬ ਘਰ ਦਾ ਨੀਂਹ ਪੱਥਰ ਵੀ ਰੱਖਿਆ। ਅਜਾਇਬ ਘਰ ਵਿੱਚ ਵਿਭਿੰਨ ਗੈਲਰੀਆਂ ਬਿਹਾਰ ਵਿੱਚ ਲੋਕਤੰਤਰ ਦੇ ਇਤਿਹਾਸ ਅਤੇ ਮੌਜੂਦਾ ਨਾਗਰਿਕ ਢਾਂਚੇ ਦੇ ਵਿਕਾਸ ਨੂੰ ਪ੍ਰਦਰਸ਼ਿਤ ਕਰਨਗੀਆਂ। ਇਸ ਵਿੱਚ 250 ਤੋਂ ਵੱਧ ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਇੱਕ ਕਾਨਫਰੰਸ ਹਾਲ ਵੀ ਹੋਵੇਗਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਵਿਧਾਨ ਸਭਾ ਗੈਸਟ ਹਾਊਸ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ 'ਤੇ ਬਿਹਾਰ ਦੇ ਰਾਜਪਾਲ ਸ਼੍ਰੀ ਫੱਗੂ ਚੌਹਾਨ ਅਤੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਵੀ ਹੋਰ ਪਤਵੰਤਿਆਂ ਦੇ ਨਾਲ ਮੌਜੂਦ ਸਨ।

 

 ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਿਹਾਰ ਦਾ ਸੁਭਾਅ ਹੈ ਕਿ ਜੋ ਬਿਹਾਰ ਨੂੰ ਪਿਆਰ ਕਰਦਾ ਹੈ, ਬਿਹਾਰ ਉਸ ਪਿਆਰ ਨੂੰ ਕਈ ਗੁਣਾ ਮੋੜ ਦਿੰਦਾ ਹੈ। ਉਨ੍ਹਾਂ ਕਿਹਾ “ਅੱਜ ਮੈਨੂੰ ਬਿਹਾਰ ਵਿਧਾਨ ਸਭਾ ਕੰਪਲੈਕਸ ਦਾ ਦੌਰਾ ਕਰਨ ਵਾਲਾ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹੋਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ। ਮੈਂ ਬਿਹਾਰ ਦੇ ਲੋਕਾਂ ਨੂੰ ਇਸ ਪਿਆਰ ਲਈ ਪ੍ਰਣਾਮ ਕਰਦਾ ਹਾਂ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਤਾਬਦੀ ਸਮ੍ਰਿਤੀ ਸਤੰਭ ਬਿਹਾਰ ਦੀਆਂ ਬੇਸ਼ੁਮਾਰ ਇੱਛਾਵਾਂ ਨੂੰ ਪ੍ਰੇਰਿਤ ਕਰੇਗਾ।

 

 ਬਿਹਾਰ ਵਿਧਾਨ ਸਭਾ ਦੇ ਸ਼ਾਨਦਾਰ ਇਤਿਹਾਸ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਵਿਧਾਨ ਸਭਾ ਭਵਨ ਵਿੱਚ ਇੱਕ ਤੋਂ ਬਾਅਦ ਇੱਕ ਵੱਡੇ ਅਤੇ ਸਾਹਸੀ ਫੈਸਲੇ ਲਏ ਗਏ ਹਨ। ਆਜ਼ਾਦੀ ਤੋਂ ਪਹਿਲਾਂ ਰਾਜਪਾਲ ਸਤੇਂਦਰ ਪ੍ਰਸੰਨਾ ਸਿਨਹਾ ਨੇ ਇਸ ਅਸੈਂਬਲੀ ਤੋਂ ਸਵਦੇਸ਼ੀ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਅਤੇ ਸਵਦੇਸ਼ੀ ਚਰਖਾ ਅਪਣਾਉਣ ਦਾ ਸੱਦਾ ਦਿੱਤਾ ਸੀ। ਆਜ਼ਾਦੀ ਤੋਂ ਬਾਅਦ ਇਸ ਅਸੈਂਬਲੀ ਵਿੱਚ ਜ਼ਮੀਨਦਾਰੀ ਖ਼ਾਤਮੇ ਦਾ ਐਕਟ (Zamindari Abolition Act) ਪਾਸ ਕੀਤਾ ਗਿਆ ਸੀ। ਉਨ੍ਹਾਂ ਯਾਦ ਕੀਤਾ ਕਿ ਇਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਨਿਤੀਸ਼ ਜੀ ਦੀ ਸਰਕਾਰ ਨੇ ਬਿਹਾਰ ਪੰਚਾਇਤੀ ਰਾਜ ਜਿਹਾ ਐਕਟ ਪਾਸ ਕਰਕੇ ਬਿਹਾਰ ਨੂੰ ਪਹਿਲਾ ਸੂਬਾ ਬਣਾਇਆ ਜਿੱਥੇ ਪੰਚਾਇਤਾਂ ਵਿੱਚ ਮਹਿਲਾਵਾਂ ਨੂੰ 50 ਫੀਸਦੀ ਰਾਖਵਾਂਕਰਣ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਇਹ ਅਸੈਂਬਲੀ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਕਿਵੇਂ ਲੋਕਤੰਤਰ ਵਿੱਚ ਸਮਾਜਿਕ ਜੀਵਨ ਵਿੱਚ ਬਰਾਬਰ ਦੀ ਭਾਗੀਦਾਰੀ ਅਤੇ ਬਰਾਬਰ ਅਧਿਕਾਰਾਂ ਦੀ ਪੈਰਵੀ ਕੀਤੀ ਜਾਂਦੀ ਹੈ।"

 

 ਪ੍ਰਧਾਨ ਮੰਤਰੀ ਨੇ ਭਾਰਤੀ ਲੋਕਤੰਤਰ ਦੀਆਂ ਪ੍ਰਾਚੀਨ ਜੜ੍ਹਾਂ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ, “ਦਹਾਕਿਆਂ ਤੋਂ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਕਿ ਭਾਰਤ ਨੂੰ ਲੋਕਤੰਤਰ ਵਿਦੇਸ਼ੀ ਸ਼ਾਸਨ ਅਤੇ ਵਿਦੇਸ਼ੀ ਸੋਚ ਕਾਰਨ ਮਿਲਿਆ ਹੈ। ਪਰ ਜਦੋਂ ਕੋਈ ਵਿਅਕਤੀ ਅਜਿਹਾ ਕਹਿੰਦਾ ਹੈ ਤਾਂ ਉਹ ਬਿਹਾਰ ਦੇ ਇਤਿਹਾਸ ਅਤੇ ਬਿਹਾਰ ਦੀ ਵਿਰਾਸਤ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਦੁਨੀਆ ਦੇ ਵੱਡੇ ਹਿੱਸਿਆਂ ਵਿੱਚ ਸਭਿਅਤਾ ਅਤੇ ਸੰਸਕ੍ਰਿਤੀ ਦੀ ਦਿਸ਼ਾ ਵੱਲ ਆਪਣੇ ਪਹਿਲੇ ਕਦਮ ਚੁੱਕੇ ਜਾ ਰਹੇ ਸਨ, ਵੈਸ਼ਾਲੀ ਵਿੱਚ ਇੱਕ ਆਧੁਨਿਕ ਲੋਕਤੰਤਰ ਕੰਮ ਕਰ ਰਿਹਾ ਸੀ। ਜਦੋਂ ਦੁਨੀਆ ਦੇ ਹੋਰ ਖੇਤਰਾਂ ਵਿੱਚ ਲੋਕਤੰਤਰੀ ਅਧਿਕਾਰਾਂ ਦੀ ਸਮਝ ਵਿਕਸਿਤ ਹੋਣ ਲੱਗੀ ਸੀ, ਲਿੱਛਵੀ ਅਤੇ ਵਜੀਸੰਘ (Lichchavi and Vajjisangh) ਜਿਹੇ ਗਣਰਾਜ ਆਪਣੇ ਸਿਖਰ 'ਤੇ ਸਨ। ਪ੍ਰਧਾਨ ਮੰਤਰੀ ਨੇ ਵਿਸਤਾਰ ਵਿੱਚ ਕਿਹਾ “ਭਾਰਤ ਵਿੱਚ ਲੋਕਤੰਤਰ ਦਾ ਸੰਕਲਪ ਉਤਨਾ ਹੀ ਪ੍ਰਾਚੀਨ ਹੈ ਜਿਤਨਾ ਇਹ ਦੇਸ਼ ਹੈ, ਅਤੇ ਜਿਤਨੀ ਕਿ ਸਾਡੀ ਸੰਸਕ੍ਰਿਤੀ ਹੈ। ਭਾਰਤ ਲੋਕਤੰਤਰ ਨੂੰ ਸਮਾਨਤਾ ਅਤੇ ਬਰਾਬਰੀ ਦਾ ਸਾਧਨ ਮੰਨਦਾ ਹੈ। ਭਾਰਤ ਸਹਿ-ਹੋਂਦ ਅਤੇ ਸਦਭਾਵਨਾ ਦੇ ਵਿਚਾਰ ਵਿੱਚ ਵਿਸ਼ਵਾਸ ਰੱਖਦਾ ਹੈ। ਅਸੀਂ ਸੱਚ ਵਿੱਚ ਵਿਸ਼ਵਾਸ਼ ਰੱਖਦੇ ਹਾਂ, ਅਸੀਂ ਸਹਿਯੋਗ ਵਿੱਚ ਵਿਸ਼ਵਾਸ਼ ਰੱਖਦੇ ਹਾਂ, ਅਸੀਂ ਸਦਭਾਵਨਾ ਵਿੱਚ ਵਿਸ਼ਵਾਸ਼ ਰੱਖਦੇ ਹਾਂ ਅਤੇ ਅਸੀਂ ਸਮਾਜ ਦੀ ਤਾਲਮੇਲ ਸ਼ਕਤੀ ਵਿੱਚ ਵਿਸ਼ਵਾਸ਼ ਰੱਖਦੇ ਹਾਂ।”

 

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਦੁਨੀਆ ਵਿੱਚ ਲੋਕਤੰਤਰ ਦੀ ਮਾਂ ਭਾਰਤ ਹੈ। ਭਾਰਤ ਲੋਕਤੰਤਰ ਦੀ ਜਨਨੀ ਹੈ। ਅਤੇ ਬਿਹਾਰ ਦੀ ਸ਼ਾਨਦਾਰ ਵਿਰਾਸਤ ਅਤੇ ਪਾਲੀ ਵਿੱਚ ਮੌਜੂਦ ਇਤਿਹਾਸਕ ਦਸਤਾਵੇਜ਼ ਇਸ ਦਾ ਜਿਉਂਦਾ ਜਾਗਦਾ ਸਬੂਤ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਦੀ ਇਸ ਸ਼ਾਨ ਨੂੰ ਕੋਈ ਵੀ ਮਿਟਾ ਜਾਂ ਲੁਕਾ ਨਹੀਂ ਸਕਦਾ। ਉਨ੍ਹਾਂ ਅੱਗੇ ਕਿਹਾ  “ਇਸ ਇਮਾਰਤ ਨੇ ਪਿਛਲੇ ਸੌ ਵਰ੍ਹਿਆਂ ਤੋਂ ਭਾਰਤੀ ਲੋਕਤੰਤਰ ਨੂੰ ਮਜ਼ਬੂਤ ​​ਕੀਤਾ ਹੈ, ਇਸ ਲਈ ਇਹ ਸਾਡੀ ਸ਼ਰਧਾਂਜਲੀ ਦੀ ਹੱਕਦਾਰ ਹੈ। ਇਹ ਇਮਾਰਤ ਉਸ ਚੇਤਨਾ ਨਾਲ ਜੁੜੀ ਹੋਈ ਹੈ ਜਿਸ ਨੇ ਗੁਲਾਮੀ ਦੇ ਦੌਰ ਵਿੱਚ ਵੀ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਖ਼ਤਮ ਨਹੀਂ ਹੋਣ ਦਿੱਤਾ।”

 

 ਪ੍ਰਧਾਨ ਮੰਤਰੀ ਨੇ ਅੰਗਰੇਜ਼ਾਂ ਵਿਰੁੱਧ ਸ੍ਰੀ ਬਾਬੂ ਦੁਆਰਾ ਸ਼ਾਸਨ ਵਿੱਚ ਸੁਤੰਤਰਤਾ ਦੇ ਦਾਅਵੇ ਨੂੰ ਯਾਦ ਕੀਤਾ। ਬਿਹਾਰ ਲੋਕਤੰਤਰ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰੱਖਿਆ ਲਈ ਆਪਣੀ ਪ੍ਰਤੀਬੱਧਤਾ ਵਿੱਚ ਹਮੇਸ਼ਾ ਅਡੋਲ ਰਿਹਾ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਬਿਹਾਰ ਨੇ ਡਾ. ਰਾਜੇਂਦਰ ਪ੍ਰਸਾਦ ਦੇ ਰੂਪ ਵਿੱਚ ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਦਿੱਤੇ। ਲੋਕਨਾਇਕ ਜੈਪ੍ਰਕਾਸ਼, ਕਰਪੂਰੀ ਠਾਕੁਰ ਅਤੇ ਬਾਬੂ ਜਗਜੀਵਨ ਰਾਮ ਜਿਹੇ ਆਗੂ ਇਸ ਧਰਤੀ ਤੋਂ ਆਏ। ਦੇਸ਼ ਵਿੱਚ ਜਦੋਂ ਸੰਵਿਧਾਨ ਨੂੰ ਕੁਚਲਣ ਦੀ ਕੋਸ਼ਿਸ਼ ਹੋਈ ਤਾਂ ਵੀ ਬਿਹਾਰ ਨੇ ਇਸ ਦੇ ਵਿਰੋਧ ਦਾ ਬਿਗਲ ਵਜਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ “ਬਿਹਾਰ ਜਿਤਨਾ ਸਮ੍ਰਿੱਧ ਹੋਵੇਗਾ, ਭਾਰਤ ਦਾ ਲੋਕਤੰਤਰ ਉਤਨਾ ਹੀ ਸ਼ਕਤੀਸ਼ਾਲੀ ਹੋਵੇਗਾ।  ਬਿਹਾਰ ਜਿਤਨਾ ਮਜ਼ਬੂਤ ​​ਹੋਵੇਗਾ, ਭਾਰਤ ਉਤਨਾ ਹੀ ਸਮਰੱਥ ਹੋਵੇਗਾ।”

 

 ਪ੍ਰਧਾਨ ਮੰਤਰੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, “ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਅਤੇ ਬਿਹਾਰ ਵਿਧਾਨ ਸਭਾ ਦੇ 100 ਵਰ੍ਹੇ ਪੂਰੇ ਹੋਣ ਦਾ ਇਹ ਇਤਿਹਾਸਕ ਅਵਸਰ ਸਾਡੇ ਸਭਨਾਂ ਲਈ, ਹਰੇਕ ਜਨ-ਪ੍ਰਤੀਨਿਧੀ ਲਈ ਆਤਮ-ਵਿਸ਼ਲੇਸ਼ਣ ਅਤੇ ਸਵੈ-ਵਿਸ਼ਲੇਸ਼ਣ ਦਾ ਸੰਦੇਸ਼ ਲੈ ਕੇ ਆਇਆ ਹੈ।” ਜਿਤਨਾ ਜ਼ਿਆਦਾ ਅਸੀਂ ਆਪਣੇ ਲੋਕਤੰਤਰ ਨੂੰ ਮਜ਼ਬੂਤ ​​ਕਰਾਂਗੇ, ਸਾਨੂੰ ਆਪਣੀ ਆਜ਼ਾਦੀ ਅਤੇ ਆਪਣੇ ਅਧਿਕਾਰਾਂ ਲਈ ਉਤਨੀ ਹੀ ਤਾਕਤ ਮਿਲੇਗੀ।”

 

 21ਵੀਂ ਸਦੀ ਦੀਆਂ ਬਦਲਦੀਆਂ ਲੋੜਾਂ ਅਤੇ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਨਵੇਂ ਭਾਰਤ ਦੇ ਸੰਕਲਪਾਂ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਦੇ ਸੰਸਦ ਮੈਂਬਰ, ਰਾਜ ਦੇ ਵਿਧਾਇਕ ਹੋਣ ਦੇ ਨਾਤੇ, ਇਹ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਇਕੱਠੇ ਹੋ ਕੇ ਲੋਕਤੰਤਰ ਨੂੰ ਦਰਪੇਸ਼ ਹਰ ਚੁਣੌਤੀ ਨੂੰ ਹਰਾਈਏ। ਪਾਰਟੀ-ਰਾਜਨੀਤੀ ਦੇ ਵਖਰੇਵਿਆਂ ਤੋਂ ਉਪਰ ਉਠ ਕੇ ਸਾਡੀ ਆਵਾਜ਼ ਦੇਸ਼ ਅਤੇ ਇਸ ਦੇ ਹਿਤਾਂ ਲਈ ਇਕਜੁੱਟ ਹੋਣੀ ਚਾਹੀਦੀ ਹੈ।“

 

 ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ "ਸਾਡੇ ਦੇਸ਼ ਦੀ ਲੋਕਤੰਤਰੀ ਪਰਿਪੱਕਤਾ ਸਾਡੇ ਵਿਵਹਾਰ ਦੁਆਰਾ ਪ੍ਰਦਰਸ਼ਿਤ ਹੁੰਦੀ ਹੈ", ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ "ਅਸੈਂਬਲੀਆਂ ਦੇ ਸਦਨਾਂ ਨੂੰ ਜਨਤਾ ਨਾਲ ਸਬੰਧਿਤ ਵਿਸ਼ਿਆਂ 'ਤੇ ਸਕਾਰਾਤਮਕ ਗੱਲਬਾਤ ਦਾ ਕੇਂਦਰ ਬਣਨ ਦਿਓ।"  ਸੰਸਦ ਦੀ ਕਾਰਗੁਜ਼ਾਰੀ 'ਤੇ, ਉਨ੍ਹਾਂ ਕਿਹਾ, "ਪਿਛਲੇ ਕੁਝ ਵਰ੍ਹਿਆਂ ਵਿੱਚ ਸੰਸਦ ਵਿੱਚ ਸੰਸਦ ਮੈਂਬਰਾਂ ਦੀ ਹਾਜ਼ਰੀ ਅਤੇ ਸੰਸਦ ਦੀ ਉਤਪਾਦਕਤਾ ਵਿੱਚ ਰਿਕਾਰਡ ਵਾਧਾ ਹੋਇਆ ਹੈ।  ਪਿਛਲੇ ਬਜਟ ਸੈਸ਼ਨ ਵਿੱਚ ਵੀ ਲੋਕ ਸਭਾ ਦੀ ਉਤਪਾਦਕਤਾ 129 ਫੀਸਦੀ ਰਹੀ ਸੀ। ਰਾਜ ਸਭਾ ਵਿੱਚ ਵੀ 99 ਫੀਸਦੀ ਉਤਪਾਦਕਤਾ ਦਰਜ ਕੀਤੀ ਗਈ। ਯਾਨੀ ਦੇਸ਼ ਲੋਕਤੰਤਰੀ ਉਪਦੇਸ਼ ਨੂੰ ਅੱਗੇ ਲਿਜਾਂਦਿਆਂ ਲਗਾਤਾਰ ਨਵੇਂ ਸੰਕਲਪਾਂ 'ਤੇ ਕੰਮ ਕਰ ਰਿਹਾ ਹੈ।

 

 21ਵੀਂ ਸਦੀ ਨੂੰ ਭਾਰਤ ਦੀ ਸਦੀ ਵਜੋਂ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਲਈ ਇਹ ਸਦੀ ਕਰਤੱਵਾਂ ਦੀ ਸਦੀ ਹੈ। ਅਸੀਂ ਇਸ ਸਦੀ ਵਿੱਚ, ਅਗਲੇ 25 ਵਰ੍ਹਿਆਂ ਵਿੱਚ ਨਵੇਂ ਭਾਰਤ ਦੇ ਸੁਨਹਿਰੀ ਲਕਸ਼ ਤੱਕ ਪਹੁੰਚਣਾ ਹੈ। ਸਾਡੇ ਕਰਤੱਵ ਸਾਨੂੰ ਇਨ੍ਹਾਂ ਲਕਸ਼ਾਂ ਤੱਕ ਲੈ ਜਾਣਗੇ। ਇਸ ਲਈ, ਇਹ 25 ਵਰ੍ਹੇ ਦੇਸ਼ ਲਈ ਕਰਤੱਵ ਦੇ ਮਾਰਗ 'ਤੇ ਚਲਣ ਦੇ ਵਰ੍ਹੇ ਹਨ। ਸ਼੍ਰੀ ਮੋਦੀ ਨੇ ਵਿਸਤਾਰ ਨਾਲ ਕਿਹਾ, “ਸਾਨੂੰ ਆਪਣੇ ਕਰਤੱਵਾਂ ਨੂੰ ਆਪਣੇ ਅਧਿਕਾਰਾਂ ਤੋਂ ਵੱਖ ਨਹੀਂ ਸਮਝਣਾ ਚਾਹੀਦਾ।  ਜਿਤਨਾ ਜ਼ਿਆਦਾ ਅਸੀਂ ਆਪਣੇ ਫਰਜ਼ਾਂ ਲਈ ਕੰਮ ਕਰਾਂਗੇ, ਸਾਡੇ ਅਧਿਕਾਰ ਉਤਨੇ ਹੀ ਮਜ਼ਬੂਤ ​​ਹੋਣਗੇ। ਕਰਤੱਵ ਪ੍ਰਤੀ ਸਾਡੀ ਵਫ਼ਾਦਾਰੀ ਹੀ ਸਾਡੇ ਅਧਿਕਾਰਾਂ ਦੀ ਗਰੰਟੀ ਹੈ।”

 

 *********

 

ਡੀਐੱਸ/ਏਕੇ



(Release ID: 1841249) Visitor Counter : 190