ਪ੍ਰਧਾਨ ਮੰਤਰੀ ਦਫਤਰ
ਬੰਗਲੁਰੂ ਵਿੱਚ ਬੌਸ਼ ਸਮਾਰਟ ਕੈਂਪਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
30 JUN 2022 12:55PM by PIB Chandigarh
ਬੌਸ਼ ਇੰਡੀਆ ਦੇ ਸਾਰੇ ਟੀਮ ਮੈਂਬਰ,
ਪਿਆਰੇ ਮਿੱਤਰੋ, ਨਮਸਤੇ!
ਬੌਸ਼ ਇੰਡੀਆ ਨੂੰ 100 ਵਰ੍ਹੇ ਪੂਰੇ ਕਰਨ 'ਤੇ ਵਧਾਈਆਂ। ਇਹ ਭਾਰਤ ਅਤੇ ਬੌਸ਼ ਇੰਡੀਆ ਦੋਵਾਂ ਲਈ ਵਿਸ਼ੇਸ਼ ਵਰ੍ਹਾ ਹੈ। ਸਾਡਾ ਦੇਸ਼ ਆਜ਼ਾਦੀ ਦੇ 75 ਵਰ੍ਹੇ ਮਨਾ ਰਿਹਾ ਹੈ। ਅਤੇ, ਤੁਸੀਂ ਭਾਰਤ ਵਿੱਚ ਆਪਣੀ ਮੌਜੂਦਗੀ ਦੀ ਇੱਕ ਸਦੀ ਦਾ ਜਸ਼ਨ ਮਨਾ ਰਹੇ ਹੋ। ਮੈਨੂੰ ਬੌਸ਼ ਸਮਾਰਟ ਕੈਂਪਸ ਦਾ ਉਦਘਾਟਨ ਕਰਕੇ ਵੀ ਖੁਸ਼ੀ ਹੋ ਰਹੀ ਹੈ। ਇਹ ਕੈਂਪਸ ਨਿਸ਼ਚਿਤ ਤੌਰ 'ਤੇ ਭਾਰਤ ਅਤੇ ਦੁਨੀਆ ਲਈ ਭਵਿੱਖ ਦੇ ਉਤਪਾਦਾਂ ਅਤੇ ਸਮਾਧਾਨਾਂ ਨੂੰ ਵਿਕਸਿਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਏਗਾ। ਅਕਤੂਬਰ 2015 ਵਿੱਚ, ਮੈਨੂੰ ਚਾਂਸਲਰ ਮਰਕੇਲ ਦੇ ਨਾਲ ਬੰਗਲੌਰ ਵਿੱਚ ਬੌਸ਼ ਫੈਸਿਲਿਟੀ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਮੈਂ ਉੱਥੇ ਹੋ ਰਹੇ ਇਨੋਵੇਟਿਵ ਕੰਮਾਂ ਨੂੰ ਪ੍ਰਤੱਖ ਦੇਖਿਆ। ਦੋਹਰੀ ਸਿੱਖਿਆ ਦੀ ਪਹੁੰਚ ਵੀ ਇੰਨੀ ਹੀ ਆਨੰਦਮਈ ਸੀ ਜੋ ਬੌਸ਼ ਦੁਆਰਾ ਨੌਜਵਾਨਾਂ ਨੂੰ ਕੌਸ਼ਲ ਸੰਪੰਨ ਬਣਾਉਣ ਲਈ ਵਰਤੀ ਜਾਂਦੀ ਹੈ।
ਮਿੱਤਰੋ,
ਇਹ ਟੈਕਨੋਲੋਜੀ ਦਾ ਯੁਗ ਹੈ। ਅਸੀਂ ਸਾਰਿਆਂ ਨੇ ਪਿਛਲੇ ਦੋ ਵਰ੍ਹਿਆਂ ਵਿੱਚ ਟੈਕਨੋਲੋਜੀ ਦੇ ਫਾਇਦੇ ਦੇਖੇ ਹਨ ਜਦੋਂ ਦੁਨੀਆ ਇੱਕ ਸਦੀ ਵਿੱਚ ਆਉਣ ਵਾਲੀ ਸਭ ਤੋਂ ਵੱਡੀ ਮਹਾਮਾਰੀ ਨਾਲ ਲੜ ਰਹੀ ਹੈ। ਇਸ ਲਈ, ਟੈੱਕ ਅਤੇ ਇਨੋਵੇਸ਼ਨ ਵਿੱਚ ਹੋਰ ਵੀ ਨਿਵੇਸ਼ ਕਰਨਾ ਮਹੱਤਵਪੂਰਨ ਹੈ। ਮੈਨੂੰ ਖੁਸ਼ੀ ਹੈ ਕਿ ਬੌਸ਼ ਇੰਡੀਆ ਨੇ ਨਾ ਸਿਰਫ਼ ਇਨੋਵੇਸ਼ਨ 'ਤੇ ਕੰਮ ਕੀਤਾ ਹੈ ਬਲਕਿ ਇਸ ਨੂੰ ਵਧਾਉਣ ਵਿੱਚ ਵੀ ਕੰਮ ਕੀਤਾ ਹੈ। ਇਸ ਵਿੱਚ ਇੱਕ ਮੁੱਖ ਥੰਮ੍ਹ ਸਥਿਰਤਾ ਵੀ ਹੋਵੇਗਾ। ਪਿਛਲੇ 8 ਵਰ੍ਹਿਆਂ ਵਿੱਚ ਸੌਰ ਊਰਜਾ ਦੀ ਸਥਾਪਿਤ ਸਮਰੱਥਾ ਵਿੱਚ ਕਰੀਬ 20 ਗੁਣਾ ਵਾਧਾ ਹੋਣ ਨਾਲ ਭਾਰਤ ਦਾ ਵਿਕਾਸ ਹਰਿਆ-ਭਰਿਆ ਹੋ ਰਿਹਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਬੌਸ਼ ਨੇ ਭਾਰਤ ਅਤੇ ਵਿਦੇਸ਼ਾਂ, ਦੋਵੇਂ ਪਾਸੇ ਕਾਰਬਨ ਨਿਰਪੱਖਤਾ ਹਾਸਲ ਕੀਤੀ ਹੈ। ਇਹ ਬਹੁਤ ਪ੍ਰੇਰਣਾਦਾਇਕ ਹੈ।
ਮਿੱਤਰੋ,
ਅੱਜ ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਪਿਛਲੇ ਦੋ ਵਰ੍ਹਿਆਂ ਵਿੱਚ ਨਿਵੇਸ਼ ਵਧਿਆ ਹੈ। ਸਾਡੇ ਨੌਜਵਾਨਾਂ ਦੇ ਉੱਦਮ ਸਦਕਾ, ਸਾਡਾ ਸਟਾਰਟ-ਅੱਪ ਈਕੋ-ਸਿਸਟਮ ਦੁਨੀਆ ਦੇ ਸਭ ਤੋਂ ਵੱਡੇ ਸਿਸਟਮਾਂ ਵਿੱਚੋਂ ਇੱਕ ਹੈ। ਟੈੱਕ ਵਰਲਡ ਵਿੱਚ ਆਪਣੇ ਆਪ ਵਿੱਚ ਬਹੁਤ ਸਾਰੇ ਮੌਕੇ ਹਨ। ਭਾਰਤ ਸਰਕਾਰ ਹਰੇਕ ਪਿੰਡ ਵਿੱਚ ਹਾਈ ਸਪੀਡ ਇੰਟਰਨੈੱਟ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਡਿਜੀਟਲ ਇੰਡੀਆ ਦੇ ਸਾਡੇ ਵਿਜ਼ਨ ਵਿੱਚ ਸਰਕਾਰ ਦੇ ਹਰੇਕ ਪਹਿਲੂ ਨਾਲ ਟੈਕਨੋਲੋਜੀ ਨੂੰ ਜੋੜਨਾ ਸ਼ਾਮਲ ਹੈ। ਮੈਂ ਦੁਨੀਆ ਨੂੰ ਇਨ੍ਹਾਂ ਅਵਸਰਾਂ ਦੀ ਵਰਤੋਂ ਕਰਨ ਅਤੇ ਸਾਡੇ ਦੇਸ਼ ਵਿੱਚ ਨਿਵੇਸ਼ ਕਰਨ ਦੀ ਤਾਕੀਦ ਕਰਾਂਗਾ।
ਮਿੱਤਰੋ,
ਮੀਲ ਪੱਥਰ ਮਹੱਤਵਪੂਰਨ ਹਨ। ਇਹ ਜਸ਼ਨ ਮਨਾਉਣ ਅਤੇ ਅੱਗੇ ਦੇਖਣ ਦਾ ਅਵਸਰ ਹਨ। ਮੈਂ ਬੌਸ਼ ਨੂੰ ਭਾਰਤ ਵਿੱਚ ਹੋਰ ਜ਼ਿਆਦਾ ਕੰਮ ਕਰਨ ਬਾਰੇ ਸੋਚਣ ਦੀ ਤਾਕੀਦ ਕਰਦਾ ਹਾਂ। ਆਉਣ ਵਾਲੇ 25 ਵਰ੍ਹਿਆਂ ਲਈ ਲਕਸ਼ ਨਿਰਧਾਰਿਤ ਕਰੋ ਕਿ ਤੁਹਾਡੀ ਟੀਮ ਹੋਰ ਕੀ ਕਰ ਸਕਦੀ ਹੈ। 100 ਵਰ੍ਹੇ ਪਹਿਲਾਂ ਬੌਸ਼ ਜਰਮਨ ਕੰਪਨੀ ਦੇ ਰੂਪ ਵਿੱਚ ਭਾਰਤ ਆਈ ਸੀ। ਪਰ ਅੱਜ ਇਹ ਉਤਨੀ ਹੀ ਭਾਰਤੀ ਹੈ ਜਿਤਨੀ ਇਹ ਜਰਮਨ ਹੈ। ਇਹ ਜਰਮਨ ਇੰਜਨੀਅਰਿੰਗ ਅਤੇ ਭਾਰਤੀ ਊਰਜਾ ਦੀ ਇੱਕ ਵੱਡੀ ਉਦਾਹਰਣ ਹੈ। ਇਹ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਰਹੇਗਾ। ਇੱਕ ਵਾਰ ਫਿਰ, ਮੈਂ ਬੌਸ਼ ਇੰਡੀਆ ਦੇ ਪੂਰੇ ਪਰਿਵਾਰ ਨੂੰ ਵਧਾਈ ਦਿੰਦਾ ਹਾਂ ਅਤੇ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ।
************
ਡੀਐੱਸ/ਐੱਸਟੀ/ਏਕੇ
(Release ID: 1838370)
Visitor Counter : 146
Read this release in:
Bengali
,
English
,
Urdu
,
Hindi
,
Marathi
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam