ਪ੍ਰਧਾਨ ਮੰਤਰੀ ਦਫਤਰ

ਸੰਯੁਕਤ ਬਿਆਨ: ਭਾਰਤ–ਆਸਟ੍ਰੇਲੀਆ ਵਰਚੁਅਲ ਸਮਿਟ

Posted On: 21 MAR 2022 7:00PM by PIB Chandigarh


ਮਾਣਯੋਗ ਸ਼੍ਰੀ ਨਰੇਂਦਰ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ, ਅਤੇ ਆਸਟ੍ਰੇਲੀਆ ਦੇ ਮਾਣਯੋਗ ਪ੍ਰਧਾਨ ਮੰਤਰੀ ਅਤੇ ਐੱਮਪੀ ਸਕੌਟ ਮੌਰੀਸਨ ਨੇ 21 ਮਾਰਚ 2022 ਨੂੰ ਦੂਸਾਰ ਭਾਰਤ-ਆਸਟ੍ਰੇਲੀਆ ਵਰਚੁਅਲ ਸਮਿਟ ਆਯੋਜਿਤ ਕੀਤਾ।

2. ਨੇਤਾਵਾਂ ਨੇ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਭਾਈਵਾਲੀ (CSP) ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਸਿਆਸੀ, ਆਰਥਿਕ, ਸੁਰੱਖਿਆ, ਸਾਇਬਰ, ਟੈਕਨੋਲੋਜੀ ਅਤੇ ਰੱਖਿਆ ਸਹਿਯੋਗ ਨੂੰ ਡੂੰਘਾ ਕਰਨ ਵਿੱਚ ਅਹਿਮ ਪ੍ਰਗਤੀ ਦਾ ਸੁਆਗਤ ਕੀਤਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੁਵੱਲੇ ਸਬੰਧ ਵਿਸ਼ਵਾਸ, ਸਮਝਦਾਰੀ, ਸਾਂਝੇ ਹਿਤਾਂ ਅਤੇ ਲੋਕਤੰਤਰ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਕਾਨੂੰਨ ਦੇ ਸ਼ਾਸਨ ਦੀਆਂ ਮਜ਼ਬੂਤ ਨੀਹਾਂ 'ਤੇ ਮਜ਼ਬੂਤ ਹੋਏ ਹਨ। ਉਨ੍ਹਾਂ ਨੇ ਕਰੀਬੀ ਸਹਿਯੋਗ ਵਧਾਉਣ ਲਈ ਸਲਾਨਾ ਸਮਿਟ ਆਯੋਜਿਤ ਕਰਨ ਲਈ ਪ੍ਰਤੀਬੱਧਤਾ ਪ੍ਰਗਟਾਈ।

3. ਨੇਤਾਵਾਂ ਨੇ ਭਾਰਤ ਦੀ ਪ੍ਰਧਾਨਗੀ ਹੇਠ ਹੋਣ ਵਾਲੇ 2023 G20 ’ਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਅਤੇ ਗਲੋਬਲ ਹਿਤਾਂ ਤੇ ਚਿੰਤਾਵਾਂ ਦੇ ਆਰਥਿਕ ਮੁੱਦਿਆਂ 'ਤੇ ਨੇੜਿਓਂ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।

ਆਰਥਿਕ ਅਤੇ ਵਪਾਰਕ ਸਹਿਯੋਗ

4. ‘ਆਸਟ੍ਰੇਲੀਆ ਇੰਡੀਆ ਬਿਜ਼ਨਸ ਐਕਸਚੇਂਜ’ ਦੇ ਮਾਧਿਅਮ ਸਮੇਤ, CSP ਅਧੀਨ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਗੂ ਪ੍ਰਤੀਬੱਧ ਹਨ। ਪ੍ਰਧਾਨ ਮੰਤਰੀ ਮੌਰੀਸਨ ਨੇ ‘ਆਸਟ੍ਰੇਲੀਆ ਇੰਡੀਆ ਇਨਫ੍ਰਾਸਟ੍ਰਕਚਰ ਫੋਰਮ’ ਦੀ ਸ਼ੁਰੂਆਤ ਅਤੇ ਬੈਂਗਲੁਰੂ ਵਿੱਚ ਇੱਕ ਨਵਾਂ ਕੌਂਸਲੇਟ-ਜਨਰਲ ਖੋਲ੍ਹਣ ਦੇ ਆਸਟ੍ਰੇਲੀਆ ਦੇ ਇਰਾਦੇ ਅਤੇ ਮਿਆਰਾਂ, ਭਵਿੱਖ ਦੇ ਹੁਨਰਾਂ 'ਤੇ ਸਹਿਯੋਗ ਸਮੇਤ ਦੋ-ਪੱਖੀ ਵਪਾਰ ਅਤੇ ਨਵੀਨਤਾ ਨੂੰ ਚਲਾਉਣ ਲਈ ਨਵੀਆਂ ਪਹਿਲਕਦਮੀਆਂ ਅਤੇ ਇੱਕ ਨਵਾਂ ਆਸਟ੍ਰੇਲੀਆ ਇੰਡੀਆ ਇਨੋਵੇਸ਼ਨ ਨੈੱਟਵਰਕ ਦਾ ਐਲਾਨ ਕਰਦਿਆਂ ਖੁਸੀ ਪ੍ਰਗਟਾਈ।

5. ਨੇਤਾਵਾਂ ਨੇ ‘ਵਿਆਪਕ ਆਰਥਿਕ ਸਹਿਯੋਗ ਸਮਝੌਤਾ’ (CECA) ਗੱਲਬਾਤ ਵਿੱਚ ਹੋਈ ਵਰਨਣਯੋਗ ਪ੍ਰਗਤੀ ਦਾ ਸੁਆਗਤ ਕੀਤਾ। ਉਨ੍ਹਾਂ ਨੇ ਬਹੁਤ ਸਾਰੇ ਤੱਤਾਂ 'ਤੇ ਵੱਡੇ ਪੱਧਰ 'ਤੇ ਕੇਂਦਰਮੁਖਤਾ ਉੱਤੇ ਤਸੱਲੀ ਪ੍ਰਗਟਾਈ ਜੋ ਅੰਤਿਮ ਰੂਪ ਦੇਣ ਦੇ ਨੇੜੇ ਹਨ। ਨੇਤਾਵਾਂ ਨੇ ਇੱਕ ਅੰਤਰਿਮ CECA ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਪ੍ਰਤੀਬੱਧਤਾ ਦੁਹਰਾਈ ਅਤੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਅਤੇ CSP ਨੂੰ ਡੂੰਘਾ ਕਰਨ ਲਈ ਸਾਲ ਦੇ ਅੰਤ ਤੱਕ ਇੱਕ ਉਤਸ਼ਾਹੀ, ਸੰਪੂਰਨ CECA ਦੀ ਦਿਸ਼ਾ ’ਚ ਕੰਮ ਕਰਨ ਦੀ ਗੱਲ ਕੀਤੀ। ਨੇਤਾਵਾਂ ਨੇ ਸੈਰ-ਸਪਾਟਾ ਸਹਿਯੋਗ ਬਾਰੇ ਭਾਰਤ-ਆਸਟ੍ਰੇਲੀਆ ਮੈਮੋਰੈਂਡਮ ਆਵ੍ ਅੰਡਰਸਟੈਂਡਿੰਗ ਦੇ ਨਵੀਨੀਕਰਨ ਦਾ ਵੀ ਸੁਆਗਤ ਕੀਤਾ।

6. ਨੇਤਾਵਾਂ ਨੇ ਇੰਡੀਆ ਆਸਟ੍ਰੇਲੀਆ ਡਬਲ ਟੈਕਸੇਸ਼ਨ ਅਵਾਇਡੈਂਸ ਐਗਰੀਮੈਂਟ (DTAA) ਅਧੀਨ ਭਾਰਤੀ ਫਰਮਾਂ ਦੀ ਆਫਸ਼ੋਰ ਆਮਦਨ 'ਤੇ ਟੈਕਸ ਲਾਉਣ ਦੇ ਮੁੱਦੇ ਦੇ ਛੇਤੀ ਹੱਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

7. ਨੇਤਾਵਾਂ ਨੇ ਇੱਕ ਮੁਕਤ, ਨਿਰਪੱਖ, ਸਮਾਵੇਸ਼ੀ ਅਤੇ ਨਿਯਮ-ਅਧਾਰਿਤ ਵਪਾਰਕ ਮਾਹੌਲ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਵਿਸ਼ਵ ਵਪਾਰ ਸੰਗਠਨ ਦੇ ਨਾਲ ਨਿਯਮਾਂ 'ਤੇ ਅਧਾਰਿਤ ਬਹੁ-ਪੱਖੀ ਵਪਾਰ ਪ੍ਰਣਾਲੀ ਨੂੰ ਕਾਇਮ ਰੱਖਣ ਅਤੇ ਮਜ਼ਬੂਤ ਕਰਨ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ, ਅਤੇ MC12 ’ਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ, ਜਿਸ ਨੂੰ ਜੂਨ ਵਿੱਚ ਆਯੋਜਿਤ ਕਰਨ ਲਈ ਸਹਿਮਤੀ ਦਿੱਤੀ ਗਈ ਹੈ। ਉਨ੍ਹਾਂ ਨੇ ਸਪਲਾਈ ਚੇਨ ਬਣਾਉਣ, ਮਜ਼ਬੂਤ ਕਰਨ ਅਤੇ ਵਿਭਿੰਨਤਾ ਲਿਆਉਣ ਅਤੇ ਸਪਲਾਈ ਚੇਨ ’ਚ ਵਿਘਨ ਤੋਂ ਬਚਣ ਲਈ ਮਿਲ ਕੇ ਕੰਮ ਕਰਨ ਦੇ ਮਹੱਤਵ ਨੂੰ ਨੋਟ ਕੀਤਾ।

ਜਲਵਾਯੂ, ਊਰਜਾ, ਵਿਗਿਆਨ, ਟੈਕਨੋਲੋਜੀ ਅਤੇ ਖੋਜ ਸਹਿਯੋਗ

8. ਨੇਤਾਵਾਂ ਨੇ ਦੋਵੇਂ ਦੇਸ਼ਾਂ ਵਿਚਾਲੇ ਵਿਗਿਆਨ ਤੇ ਟੈਕਨੋਲੋਜੀ ਸਹਿਯੋਗ ਦੇ ਮਹੱਤਵਪੂਰਨ ਘੇਰੇ ਨੂੰ ਮਾਨਤਾ ਦਿੱਤੀ। ਉਨ੍ਹਾਂ ਨੇ ਆਸਟ੍ਰੇਲੀਆ-ਭਾਰਤ ਰਣਨੀਤਕ ਖੋਜ ਫੰਡ (AISRF) ਦੇ ਵਿਸਤਾਰ - ਵਿਗਿਆਨ, ਟੈਕਨੋਲੋਜੀ ਅਤੇ ਖੋਜ 'ਤੇ ਸਹਿਯੋਗ ਦੇ ਇੱਕ ਥੰਮ੍ਹ - ਅਤੇ 2021 ਇੰਡੀਆ ਆਸਟ੍ਰੇਲੀਆ ਸਰਕੂਲਰ ਇਕਾਨਮੀ ਹੈਕਾਥਨ ਨੂੰ ਸਫ਼ਲ ਬਣਾਉਣ ਲਈ ਪ੍ਰਤੀਬੱਧਤਾ ਦਾ ਸੁਆਗਤ ਕੀਤਾ।

9. ਨੇਤਾਵਾਂ ਨੇ ਜਲਵਾਯੂ ਪਰਿਵਰਤਨ, ਊਰਜਾ ਸੁਰੱਖਿਆ ਅਤੇ ਨੌਕਰੀਆਂ ਦੀ ਸਿਰਜਣਾ ਅਤੇ ਕੁਐਡ, ਜੀ20, UNFCCC ਅਤੇ ਅੰਤਰਰਾਸ਼ਟਰੀ ਸੌਰ ਗਠਬੰਧਨ ਰਾਹੀਂ ਸਮੇਤ ਅੰਤਰਰਾਸ਼ਟਰੀ ਸਹਿਯੋਗ ਨੂੰ ਜਾਰੀ ਰੱਖਣ ਲਈ ਨਿਕਾਸ ਨੂੰ ਘਟਾਉਣ ਲਈ ਰਾਸ਼ਟਰੀ ਤੌਰ 'ਤੇ ਉਚਿਤ ਕਾਰਵਾਈਆਂ ਨੂੰ ਉਤਸ਼ਾਹਿਤ ਕਰਨ ਹਿਤ ਆਪਣੀ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਟਿਕਾਊ ਖਪਤ ਅਤੇ ਉਤਪਾਦਨ, ਅਤੇ ਸਰੋਤ-ਕੁਸ਼ਲ, ਸਰਕੂਲਰ ਅਰਥਵਿਵਸਥਾਵਾਂ ਦੇ ਯੋਗਦਾਨ ਨੂੰ ਨੋਟ ਕੀਤਾ। ਇਸ ਸੰਦਰਭ ਵਿੱਚ ਨੇਤਾਵਾਂ ਨੇ ਧਿਆਨ ਨਾਲ ਖਪਤ, ਵਧੇਰੇ ਟਿਕਾਊ ਜੀਵਨ ਸ਼ੈਲੀ ਅਤੇ ਰਹਿੰਦ-ਖੂੰਹਦ ਨੂੰ ਘਟਾਉਣ ਦੀ ਮਹੱਤਤਾ ਨੂੰ ਨੋਟ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਿਕਾਊ ਜੀਵਨ ਸ਼ੈਲੀ ਲਈ ਵਿਸ਼ਵਵਿਆਪੀ ਜਨ ਅੰਦੋਲਨ ਦੇ ਸੱਦੇ ਨੂੰ ਦੁਹਰਾਇਆ ਜੋ ਧਿਆਨ ਨਾਲ ਖਪਤ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਰਹਿੰਦ-ਖੂੰਹਦ ਨੂੰ ਘਟਾਉਂਦਾ ਹੈ।

10. ਨੇਤਾਵਾਂ ਨੇ 15 ਫਰਵਰੀ 2022 ਨੂੰ ਮੰਤਰੀ ਸਿੰਘ ਅਤੇ ਮੰਤਰੀ ਟੇਲਰ ਵਿਚਾਲੇ ਚੌਥੀ ਭਾਰਤ-ਆਸਟ੍ਰੇਲੀਆ ਊਰਜਾ ਗੱਲਬਾਤ ਦਾ ਸੁਆਗਤ ਕੀਤਾ, ਵਿਆਪਕ ਊਰਜਾ ਅਤੇ ਸਰੋਤ ਸਹਿਯੋਗ ਦਾ ਸਮਰਥਨ ਕੀਤਾ। ਉਨ੍ਹਾਂ ਨੇ ਨਵੀਂ ਅਤੇ ਨਵਿਆਉਣਯੋਗ ਊਰਜਾ ਟੈਕਨੋਲੋਜੀ 'ਤੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਛਾ–ਪੱਤਰ ਦਾ ਸੁਆਗਤ ਕੀਤਾ, ਜਿਸ ਦਾ ਉਦੇਸ਼ ਘੱਟ ਅਤੇ ਜ਼ੀਰੋ ਨਿਕਾਸੀ ਤਕਨੀਕਾਂ ਦੀ ਲਾਗਤ ਨੂੰ ਘੱਟ ਕਰਨ ਅਤੇ ਉੱਚ ਨਿਕਾਸੀ ਵਿਕਲਪਾਂ ਦੇ ਨਾਲ ਮੁਕਾਬਲੇਬਾਜ਼ੀ ਕਰਨ ਅਤੇ ਸਾਫ਼-ਸੁਥਰੀਆਂ ਟੈਕਨੋਲੋਜੀਆਂ 'ਤੇ ਸਹਿਯੋਗ ਨੂੰ ਹੋਰ ਤੀਖਣ ਕਰਨ ਲਈ ਲੋੜੀਂਦੀਆਂ ਸਫ਼ਲਤਾਵਾਂ ਲਈ ਖੋਜ ਤੇ ਵਿਕਾਸ ਅਤੇ ਮਿਸ਼ਨ ਇਨੋਵੇਸ਼ਨ ਵਰਗੇ ਫੋਰਮਾਂ ਰਾਹੀਂ ਪ੍ਰਤੀਬੱਧ ਹੈ। ਨੇਤਾਵਾਂ ਨੇ 2022 ਇੰਟਰਨੈਸ਼ਨਲ ਐਨਰਜੀ ਏਜੰਸੀ (IEA) ਦੀ ਮੰਤਰੀ ਪੱਧਰ ਦੀ ਮੀਟਿੰਗ ਤੋਂ ਪਹਿਲਾਂ ਹੋਰ ਬਹੁ–ਪੱਖੀ ਊਰਜਾ ਸਹਿਯੋਗ ਦਾ ਵੀ ਸੁਆਗਤ ਕੀਤਾ, ਜਿਸ ਵਿੱਚ IEA ਭਾਰਤ ਦੀਆਂ ਵਧੀਆਂ ਗਤੀਵਿਧੀਆਂ ਨੂੰ ਸਮਰਥਨ ਦੇਣ ਅਤੇ ਭਾਰਤ ਲਈ IEA ਮੈਂਬਰਸ਼ਿਪ ਦੇ ਮਾਰਗ ਨੂੰ ਅੱਗੇ ਵਧਾਉਣ ਲਈ IEA ਕਲੀਨ ਐਨਰਜੀ ਟ੍ਰਾਂਜਿਸ਼ਨ ਪ੍ਰੋਗਰਾਮ ਲਈ $2 ਮਿਲੀਅਨ ਦੇ ਫੰਡਿੰਗ ਯੋਗਦਾਨ ਵੀ ਸ਼ਾਮਲ ਹੈ। ਨੇਤਾਵਾਂ ਨੇ ਜੁਲਾਈ 2022 ਵਿੱਚ ਹੋਣ ਵਾਲੇ ਇੰਡੋ-ਪੈਸਿਫਿਕ ਵਿੱਚ ਸਵੱਛ ਊਰਜਾ ਸਪਲਾਈ ਚੇਨ ਉੱਤੇ ਸਿਡਨੀ ਐਨਰਜੀ ਫੋਰਮ ਵਿੱਚ ਭਾਰਤ ਦੀ ਭਾਗੀਦਾਰੀ ਦੀ ਆਸ ਪ੍ਰਗਟਾਈ।

11. ਨੇਤਾਵਾਂ ਨੇ ਨੋਟ ਕੀਤਾ ਕਿ ਗਲੋਬਲ ਘੱਟ ਕਾਰਬਨ ਪਰਿਵਰਤਨ ਲਈ ਸਾਫ਼ ਟੈਕਨੋਲੋਜੀਆਂ ਦੇ ਤੇਜ਼ੀ ਨਾਲ ਵਿਕਾਸ ਅਤੇ ਅਹਿਮ ਖਣਿਜਾਂ ਤੱਕ ਬਰਾਬਰ ਪਹੁੰਚ ਦੀ ਲੋੜ ਹੈ। ਨੇਤਾਵਾਂ ਨੇ ਨਾਜ਼ੁਕ ਖਣਿਜਾਂ ਅਤੇ ਸੁਰੱਖਿਅਤ, ਲਚਕੀਲੇ ਅਤੇ ਟਿਕਾਊ ਨਾਜ਼ੁਕ ਖਣਿਜ ਸਪਲਾਈ ਚੇਨਾਂ ਦੇ ਨਿਰਮਾਣ ਲਈ ਸਹਿਯੋਗ ਹਿਤ ਆਪਣੀ ਸਾਂਝੀ ਪ੍ਰਤੀਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਭਾਰਤ-ਆਸਟ੍ਰੇਲੀਆ ਸੰਯੁਕਤ ਕਾਰਜ ਸਮੂਹ ਦੁਆਰਾ ਲਾਗੂ ਯੋਜਨਾ ਨੂੰ ਅੱਗੇ ਲਿਜਾਣ ਵਿੱਚ ਹੋਈ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ, ਜਿਸ ਵਿੱਚ ਖੋਜ ਅਤੇ ਵਿਗਿਆਨਕ ਸੰਸਥਾਵਾਂ ਵਿਚਕਾਰ ਤਕਨੀਕੀ ਆਦਾਨ-ਪ੍ਰਦਾਨ, ਅਤੇ ਇੱਕ ਦੁਵੱਲੇ ਵਪਾਰ ਅਤੇ ਨਿਵੇਸ਼ ਗੋਲਮੇਜ਼ ਸ਼ਾਮਲ ਹਨ। ਉਨ੍ਹਾਂ ਨੇ ਨਾਜ਼ੁਕ ਖਣਿਜ ਪ੍ਰੋਜੈਕਟਾਂ 'ਤੇ ਸਾਂਝੇ ਸਹਿਯੋਗ ਲਈ ਭਾਰਤ ਦੀ ਖਣਿਜਬਿਦੇਸ਼ ਲਿਮਿਟਿਡ (ਕਾਬਿਲ – KABIL) ਅਤੇ ਆਸਟ੍ਰੇਲੀਆ ਦੇ ਕ੍ਰਿਟੀਕਲ ਮਿਨਰਲ ਫੈਸਿਲੀਟੇਸ਼ਨ ਦਫਤਰ ਵਿਚਕਾਰ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ।

12. ਨੇਤਾਵਾਂ ਨੇ 12 ਫਰਵਰੀ 2022 ਨੂੰ ਮੰਤਰੀ ਪੇਨੇ ਅਤੇ ਮੰਤਰੀ ਜੈਸ਼ੰਕਰ ਵਿਚਕਾਰ ਆਯੋਜਿਤ ਭਾਰਤ-ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਦੀ ਸਾਇਬਰ ਫਰੇਮਵਰਕ ਵਾਰਤਾ ਦਾ ਸੁਆਗਤ ਕੀਤਾ। ਉਨ੍ਹਾਂ ਨੇ ਸਾਇਬਰ ਗਵਰਨੈਂਸ, ਸਾਇਬਰ ਸੁਰੱਖਿਆ, ਸਮਰੱਥਾ ਨਿਰਮਾਣ, ਸਾਇਬਰ ਕ੍ਰਾਈਮ, ਡਿਜੀਟਲ ਅਰਥਵਿਵਸਥਾ, ਅਤੇ ਨਾਜ਼ੁਕ ਅਤੇ ਉੱਭਰ ਰਹੀ ਟੈਕਨੋਲੋਜੀ 'ਤੇ ਸਹਿਯੋਗ ਦਾ ਸੁਆਗਤ ਕੀਤਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਟੈਕਨੋਲੋਜੀ ਨੂੰ ਸਾਡੀਆਂ ਸਾਂਝੀਆਂ ਜਮਹੂਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੇ ਸਨਮਾਨ ਅਨੁਸਾਰ ਡਿਜ਼ਾਈਨ, ਵਿਕਸਿਤ, ਨਿਯੰਤਰਿਤ ਕੀਤਾ ਅਤੇ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇੱਕ ਖੁੱਲ੍ਹੇ, ਸੁਰੱਖਿਅਤ, ਮੁਫਤ, ਪਹੁੰਚਯੋਗ, ਸਥਿਰ, ਸ਼ਾਂਤੀਪੂਰਨ ਅਤੇ ਅੰਤਰ-ਕਾਰਜਸ਼ੀਲ ਸਾਇਬਰਸਪੇਸ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰਨ ਵਾਲੀਆਂ ਟੈਕਨੋਲੋਜੀਆਂ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਥਿਰਤਾ ਨੂੰ ਕਮਜ਼ੋਰ ਕਰਨ ਲਈ ਸਾਇਬਰਸਪੇਸ ਅਤੇ ਸਾਇਬਰ-ਸਮਰਥਿਤ ਟੈਕਨੋਲੋਜੀਆਂ ਦੀ ਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ। ਉਨ੍ਹਾਂ ਨੇ ਸਾਇਬਰ ਸਪੇਸ ਲਈ ਅੰਤਰਰਾਸ਼ਟਰੀ ਮਾਪਦੰਡਾਂ, ਨਿਯਮਾਂ ਅਤੇ ਢਾਂਚੇ ਦੇ ਵਿਕਾਸ ਵਿੱਚ ਸੰਯੁਕਤ ਰਾਸ਼ਟਰ ਸਮੇਤ ਵੱਖ-ਵੱਖ ਬਹੁਪੱਖੀ ਮੰਚਾਂ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਨਾਲ ਕੰਮ ਕਰਨ ਲਈ ਪ੍ਰਤੀਬੱਧਤਾ ਪ੍ਰਗਟਾਈ।

13. ਨੇਤਾਵਾਂ ਨੇ ਨਾਜ਼ੁਕ ਅਤੇ ਉੱਭਰ ਰਹੀ ਟੈਕਨੋਲੋਜੀ, ਅਤੇ ਵਿਭਿੰਨ ਅਤੇ ਭਰੋਸੇਮੰਦ ਟੈਕਨੋਲੋਜੀ ਸਪਲਾਈ ਲੜੀਆਂ ਦੀ ਸਥਾਪਨਾ 'ਤੇ ਨਜ਼ਦੀਕੀ ਸਹਿਯੋਗ ਦੀ ਮਹੱਤਤਾ ਨੂੰ ਪਛਾਣਿਆ। ਉਨ੍ਹਾਂ ਨੇ ਬੈਂਗਲੁਰੂ ਵਿੱਚ ਭਾਰਤ-ਆਸਟ੍ਰੇਲੀਆ ਸੈਂਟਰ ਆਵ੍ ਐਕਸੇਲੈਂਸ ਫੌਰ ਕ੍ਰਿਟੀਕਲ ਐਂਡ ਐਮਰਜਿੰਗ ਟੈਕਨੋਲੋਜੀ ਪਾਲਿਸੀ ਦੀ ਸਥਾਪਨਾ ਲਈ ਸਮਝੌਤੇ ਦਾ ਸੁਆਗਤ ਕੀਤਾ।

14. ਨੇਤਾਵਾਂ ਨੇ ਭਾਰਤ ਦੇ ਗਗਨਯਾਨ ਸਪੇਸ ਪ੍ਰੋਗਰਾਮ ਲਈ ਆਸਟ੍ਰੇਲੀਆ ਦੇ ਚਲ ਰਹੇ ਸਮਰਥਨ ਸਮੇਤ ਭਾਰਤ ਅਤੇ ਆਸਟ੍ਰੇਲੀਆ ਦੇ ਪੁਲਾੜ ਰੁਝੇਵੇਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਨੇਤਾਵਾਂ ਨੇ ਭਾਰਤ ਦੇ ਪੁਲਾੜ ਖੇਤਰ ਦੇ ਸੁਧਾਰਾਂ ਤੋਂ ਪੈਦਾ ਹੋਣ ਵਾਲੇ ਦੁਵੱਲੇ ਪੁਲਾੜ ਸਹਿਯੋਗ ਦੇ ਵਿਸਤਾਰ ਨੂੰ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਮੌਰੀਸਨ ਨੇ ਆਸਟ੍ਰੇਲੀਆਈ ਪੁਲਾੜ ਏਜੰਸੀ ਦੀ ਅੰਤਰਰਾਸ਼ਟਰੀ ਪੁਲਾੜ ਨਿਵੇਸ਼ ਪਹਿਲਕਦਮੀ ਦੀ ਇੱਕ ਸਮਰਪਿਤ ਭਾਰਤ ਧਾਰਾ ਦਾ ਐਲਾਨ ਕਰਦਿਆਂ ਖੁਸੀ ਪ੍ਰਗਟਾਈ।

ਦੋਵੇਂ ਦੇਸ਼ਾਂ ਦੀ ਜਨਤਾ ਵਿਚਾਲੇ ਸਬੰਧ

15. ਨੇਤਾਵਾਂ ਨੇ ਦੋਵੇਂ ਦੇਸ਼ਾਂ ਭਾਰਤ ਅਤੇ ਆਸਟ੍ਰੇਲੀਆ ਦੀ ਜਨਤਾ ਵਿਚਲੇ ਮਜ਼ਬੂਤ ਸਬੰਧਾਂ ਨੂੰ ਪ੍ਰਵਾਨ ਕੀਤਾ। ਪ੍ਰਧਾਨ ਮੰਤਰੀ ਮੌਰੀਸਨ ਨੇ ਨਵੇਂ ਮੈਤਰੀ ਸਕੌਲਰਸ਼ਿਪ ਪ੍ਰੋਗਰਾਮ, ਮੈਤਰੀ ਗ੍ਰਾਂਟਸ ਅਤੇ ਫੈਲੋਸ਼ਿਪਸ ਪ੍ਰੋਗਰਾਮ ਅਤੇ ਆਸਟ੍ਰੇਲੀਆ ਇੰਡੀਆ ਮੈਤਰੀ ਕਲਚਰਲ ਪਾਰਟਨਰਸ਼ਿਪ ਤੋਂ ਇਲਾਵਾ, ਆਸਟ੍ਰੇਲੀਆ ਇੰਡੀਆ ਰਿਲੇਸ਼ਨਸ ਲਈ ਕੇਂਦਰ ਦੀ ਸਥਾਪਨਾ ਦਾ ਐਲਾਨ ਕੀਤਾ। ਨੇਤਾਵਾਂ ਨੇ ਮਾਈਗ੍ਰੇਸ਼ਨ ਅਤੇ ਗਤੀਸ਼ੀਲਤਾ 'ਤੇ ਇੱਛਾ–ਪੱਤਰ ਦਾ ਸੁਆਗਤ ਕੀਤਾ ਅਤੇ ਇੱਕ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ ਸਮਝੌਤੇ ਦੇ ਛੇਤੀ ਸਿੱਟੇ ਦੀ ਮੰਗ ਕੀਤੀ, ਜੋ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਵਧੀ ਹੋਈ ਗਤੀਸ਼ੀਲਤਾ ਦਾ ਸਮਰਥਨ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਸਰਕਾਰ ਵੱਲੋਂ 29 ਕਲਾਕ੍ਰਿਤੀਆਂ ਦੀ ਵਾਪਸੀ ਦਾ ਸੁਆਗਤ ਕੀਤਾ। ਨੇਤਾਵਾਂ ਨੇ ਪ੍ਰਸਾਰ ਭਾਰਤੀ, ਭਾਰਤ ਅਤੇ ਐੱਸਬੀਐੱਸ, ਆਸਟ੍ਰੇਲੀਆ ਵਿਚਕਾਰ ਪ੍ਰਸਾਰਣ 'ਤੇ ਸਹਿਯੋਗ ਅਤੇ ਸਹਿਯੋਗ ਬਾਰੇ ਸਹਿਮਤੀ–ਪੱਤਰ ਦਾ ਵੀ ਸੁਆਗਤ ਕੀਤਾ।

16. ਨੇਤਾਵਾਂ ਨੇ ਲਿੰਗ ਸਮਾਨਤਾ ਨੂੰ ਅੱਗੇ ਵਧਾਉਣ ਲਈ ਦੋਵੇਂ ਦੇਸ਼ਾਂ ਦੇ ਕੰਮ ਨੂੰ ਮਾਨਤਾ ਦਿੱਤੀ ਅਤੇ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਵਿਸ਼ਿਆਂ ਵਿੱਚ ਲਿੰਗ ਪਾੜੇ ਨੂੰ ਹੱਲ ਕਰਨ ਸਮੇਤ ਔਰਤਾਂ ਅਤੇ ਲੜਕੀਆਂ ਦੇ ਸਸ਼ਕਤੀਕਰਣ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਲਈ ਸਹਿਮਤ ਹੋਏ।

17. ਲੰਬੇ ਸਮੇਂ ਤੋਂ ਚਲ ਰਹੇ ਭਾਰਤ ਆਸਟ੍ਰੇਲੀਆ ਸਿੱਖਿਆ ਅਤੇ ਹੁਨਰ ਸਬੰਧਾਂ ਨੂੰ ਵਧਾਉਣ ਅਤੇ ਅਨੁਕੂਲ ਬਣਾਉਣ ਦੇ ਦ੍ਰਿਸ਼ਟੀਕੋਣ ਨਾਲ ਅਤੇ ਸਿੱਖਿਆ ਯੋਗਤਾਵਾਂ ਦੀ ਮਾਨਤਾ ਲਈ ਦੋਵਾਂ ਦੇਸ਼ਾਂ ਵਿੱਚ ਵੱਖ-ਵੱਖ ਪ੍ਰਣਾਲੀਆਂ ਨੂੰ ਪ੍ਰਵਾਨ ਕਰਦਿਆਂ ਨੇਤਾਵਾਂ ਨੇ ਸਿੱਖਿਆ ਯੋਗਤਾ ਮਾਨਤਾ 'ਤੇ ਇੱਕ ਟਾਸਕ ਫੋਰਸ ਸਥਾਪਤ ਕਰਨ ਦੀ ਵਿਵਸਥਾ ਦਾ ਸੁਆਗਤ ਕੀਤਾ। ਟਾਸਕ ਫੋਰਸ ਆਪਣੀ ਸਥਾਪਨਾ ਦੇ ਛੇ ਮਹੀਨਿਆਂ ਦੇ ਅੰਦਰ, ਉੱਚ ਸਿੱਖਿਆ ਤੱਕ ਪਹੁੰਚ ਲਈ ਯੋਗਤਾਵਾਂ ਦੀ ਮਾਨਤਾ (ਵਿਭਿੰਨ ਡਿਲੀਵਰੀ ਢੰਗਾਂ ਰਾਹੀਂ ਪ੍ਰਾਪਤ ਕੀਤੇ ਗਏ ਵਿਅਕਤੀਆਂ ਸਮੇਤ) ਦੇ ਪ੍ਰਬੰਧਾਂ ਵਿੱਚ ਸੁਧਾਰ ਕਰਨ ਲਈ, ਅਤੇ ਰੁਜ਼ਗਾਰ ਦੇ ਮੌਕਿਆਂ ਦਾ ਸਮਰਥਨ ਕਰਨ ਲਈ ਇੱਕ ਸਹਿਕਾਰੀ ਵਿਧੀ ਪ੍ਰਦਾਨ ਕਰੇਗੀ।

ਕੋਵਿਡ-19 ਸਹਿਯੋਗ

18. ਨੇਤਾਵਾਂ ਨੇ ਵੈਕਸੀਨੇਸ਼ਨ ਸਰਟੀਫਿਕੇਟ ਸਮਾਧਾਨਾਂ ਦੀ ਗਲੋਬਲ ਅੰਤਰ-ਕਾਰਜਸ਼ੀਲਤਾ ਦੇ ਮਹੱਤਵ 'ਤੇ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਮੌਰੀਸਨ ਨੇ ਭਾਰਤ ਦੀ ਵੈਕਸੀਨ ਮੈਤਰੀ ਪਹਿਲਕਦਮੀ ਅਤੇ ਵਿਸ਼ਵਵਿਆਪੀ ਟੀਕਾਕਰਨ ਯਤਨਾਂ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਦਾ ਸੁਆਗਤ ਕੀਤਾ।

19. Quad ਅਤੇ COVAX ਵੱਲੋਂ ਆਪਣੇ ਮਜ਼ਬੂਤ ਸਹਿਯੋਗ ਨੂੰ ਮਾਨਤਾ ਦਿੰਦਿਆਂ ਨੇਤਾਵਾਂ ਨੇ ਵਿਸ਼ਵ ਪੱਧਰ 'ਤੇ ਉੱਚ ਮਿਆਰੀ, ਸੁਰੱਖਿਅਤ, ਪ੍ਰਭਾਵੀ ਅਤੇ ਕਿਫਾਇਤੀ ਕੋਵਿਡ-19 ਟੀਕਿਆਂ, ਇਲਾਜਾਂ ਅਤੇ ਨਾਜ਼ੁਕ ਮੈਡੀਕਲ ਸਪਲਾਈ ਤੱਕ ਨਿਰਪੱਖ, ਸਮੇਂ ਸਿਰ ਅਤੇ ਬਰਾਬਰ ਪਹੁੰਚ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਨੇ ਇੰਡੋ-ਪੈਸਿਫਿਕ ਅਤੇ ਗਲੋਬਲ ਭਾਈਵਾਲਾਂ ਨੂੰ ਉੱਚ-ਗੁਣਵੱਤਾ ਵਾਲੇ ਟੀਕਿਆਂ ਦੀ ਸਪੁਰਦਗੀ ਯਕੀਨੀ ਬਣਾਉਣ ਲਈ ਆਪਣੇ ਚਲ ਰਹੇ ਸਹਿਯੋਗ 'ਤੇ ਜ਼ੋਰ ਦਿੱਤਾ।

ਸੁਰੱਖਿਆ ਅਤੇ ਰੱਖਿਆ ਸਹਿਯੋਗ

20. ਨੇਤਾਵਾਂ ਨੇ ਸੁਰੱਖਿਆ ਅਤੇ ਰੱਖਿਆ ਖਤਰਿਆਂ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਸਹਿਯੋਗ ਨੂੰ ਡੂੰਘਾ ਕਰਨ ’ਤੇ ਸਹਿਮਤੀ ਪ੍ਰਗਟਾਈ ਅਤੇ ਜਨਰਲ ਰਾਵਤ ਭਾਰਤ-ਆਸਟ੍ਰੇਲੀਆ ਯੰਗ ਡਿਫੈਂਸ ਅਫਸਰ ਐਕਸਚੇਂਜ ਪ੍ਰੋਗਰਾਮ ਦੀ ਸਥਾਪਨਾ ਦਾ ਸੁਆਗਤ ਕੀਤਾ। ਉਨ੍ਹਾਂ ਨੇ ਵਧੀ ਹੋਈ ਸਮੁੰਦਰੀ ਜਾਣਕਾਰੀ ਸਾਂਝੀ ਕਰਨ ਅਤੇ ਸਮੁੰਦਰੀ ਡੋਮੇਨ ਜਾਗਰੂਕਤਾ ਦਾ ਸੁਆਗਤ ਕੀਤਾ। ਉਨ੍ਹਾਂ ਨੇ ਇੰਡੋ ਪੈਸਿਫਿਕ ਖੇਤਰ ਵਿੱਚ ਵਧੇਰੇ ਨਜ਼ਦੀਕੀ ਤਾਲਮੇਲ ਕਰਨ ਲਈ ਰੱਖਿਆ ਜਾਣਕਾਰੀ ਸਾਂਝਾ ਕਰਨ ਦੇ ਪ੍ਰਬੰਧਾਂ ਨੂੰ ਬਣਾਉਣ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਉਹ ਇਸ ਸਾਲ ਦੇ ਅੰਤ ਵਿੱਚ ਆਸਟ੍ਰੇਲੀਆ ਦੇ ਇੰਡੋ ਪੈਸਿਫਿਕ ਐਂਡੇਵਰ ਅਭਿਆਸ ਵਿੱਚ ਭਾਰਤ ਦੀ ਭਾਗੀਦਾਰੀ ਦੀ ਉਡੀਕ ਕਰ ਰਹੇ ਸਨ।

21. ਨੇਤਾਵਾਂ ਨੇ ਡੂੰਘੇ ਸੰਚਾਲਨ ਰੱਖਿਆ ਸਹਿਯੋਗ ਦੀ ਸੁਵਿਧਾ ਲਈ ਆਪਸੀ ਪਹੁੰਚ ਪ੍ਰਬੰਧਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਮੁਫਤ ਅਤੇ ਖੁੱਲ੍ਹੇ ਨਾਜ਼ੁਕ ਖੇਤਰੀ ਸਮੁੰਦਰੀ ਗਲਿਆਰਿਆਂ ਲਈ ਇਸ ਦੇ ਯੋਗਦਾਨ ਨੂੰ ਦਰਸਾਇਆ। ਨੇਤਾਵਾਂ ਨੇ ਆਪਸੀ ਹਿਤਾਂ ਦੇ ਖੇਤਰਾਂ ਵਿੱਚ ਹੋਰ ਰੱਖਿਆ ਸਹਿਯੋਗ ਲਈ ਮੌਕਿਆਂ ਦੀ ਪਾਲਣਾ ਕਰਨ ਦੀ ਪੁਸ਼ਟੀ ਕੀਤੀ।

22. ਇਹ ਮੰਨਦਿਆਂ ਕਿ ਆਤੰਕਵਾਦ ਸਾਡੇ ਖੇਤਰ ਵਿੱਚ ਸ਼ਾਂਤੀ ਤੇ ਸਥਿਰਤਾ ਲਈ ਖਤਰਾ ਬਣਿਆ ਹੋਇਆ ਹੈ, ਨੇਤਾਵਾਂ ਨੇ ਆਤੰਕਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਅਤੇ ਸਰਹੱਦ ਪਾਰ ਆਤੰਕਵਾਦ ਲਈ ਅੱਤਵਾਦੀ ਪ੍ਰੌਕਸੀਜ਼ ਦੀ ਵਰਤੋਂ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਤੁਰੰਤ, ਨਿਰੰਤਰ, ਪ੍ਰਮਾਣਿਤ ਅਤੇ ਅਟੱਲ ਕਾਰਵਾਈ ਕਰਨ ਦੀ ਤੁਰੰਤ ਲੋੜ ਨੂੰ ਦੁਹਰਾਇਆ ਕਿ ਉਨ੍ਹਾਂ ਦੇ ਨਿਯੰਤਰਣ ਅਧੀਨ ਕੋਈ ਵੀ ਖੇਤਰ ਅੱਤਵਾਦੀ ਹਮਲਿਆਂ ਲਈ ਨਾ ਵਰਤਿਆ ਜਾਵੇ, ਅਤੇ ਅਜਿਹੇ ਹਮਲਿਆਂ ਦੇ ਦੋਸ਼ੀਆਂ ਨੂੰ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਇਆ ਜਾ ਸਕੇ। ਉਹ ਸੂਚਨਾਵਾਂ ਨੂੰ ਸਾਂਝਾ ਕਰਨਾ ਜਾਰੀ ਰੱਖਣ ਅਤੇ ਆਤੰਕਵਾਦ ਵਿਰੋਧੀ ਯਤਨਾਂ 'ਤੇ ਦੁਵੱਲੇ ਤੌਰ 'ਤੇ, ਅਤੇ ਕਵਾਡ ਸਲਾਹ-ਮਸ਼ਵਰੇ ਅਤੇ ਬਹੁ-ਪੱਖੀ ਮੰਚਾਂ 'ਤੇ ਤਾਲਮੇਲ ਕਰਨ ਲਈ ਸਹਿਮਤ ਹੋਏ।

ਖੇਤਰੀ ਅਤੇ ਬਹੁਪੱਖੀ ਸਹਿਯੋਗ

23. ਨੇਤਾਵਾਂ ਨੇ ਯੂਕਰੇਨ ਵਿੱਚ ਚਲ ਰਹੇ ਸੰਘਰਸ਼ ਅਤੇ ਮਾਨਵਤਾਵਾਦੀ ਸੰਕਟ ਬਾਰੇ ਆਪਣੀ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਦੁਸ਼ਮਣੀ ਨੂੰ ਤੁਰੰਤ ਬੰਦ ਕਰਨ ਦੀ ਲੋੜ ਨੂੰ ਦੁਹਰਾਇਆ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਮਕਾਲੀ ਗਲੋਬਲ ਆਰਡਰ ਸੰਯੁਕਤ ਰਾਸ਼ਟਰ ਦੇ ਚਾਰਟਰ, ਅੰਤਰਰਾਸ਼ਟਰੀ ਕਾਨੂੰਨ ਅਤੇ ਪ੍ਰਭੂਸੱਤਾ ਅਤੇ ਰਾਜਾਂ ਦੀ ਖੇਤਰੀ ਅਖੰਡਤਾ ਦੇ ਸਨਮਾਨ 'ਤੇ ਬਣਾਇਆ ਗਿਆ ਹੈ। ਉਹ ਇਸ ਮੁੱਦੇ ਅਤੇ ਇੰਡੋ-ਪੈਸਿਫਿਕ ਲਈ ਇਸ ਦੇ ਵਿਆਪਕ ਪ੍ਰਭਾਵਾਂ 'ਤੇ ਨੇੜਿਓਂ ਜੁੜੇ ਰਹਿਣ ਲਈ ਸਹਿਮਤ ਹੋਏ।

24. ਨੇਤਾਵਾਂ ਨੇ ਇੱਕ ਸੁਤੰਤਰ, ਖੁੱਲ੍ਹੇ ਅਤੇ ਨਿਯਮਾਂ-ਅਧਾਰਿਤ ਇੰਡੋ ਪੈਸਿਫਿਕ ਖਿੱਤੇ ਲਈ ਆਪਣੀ ਸਾਂਝੀ ਪ੍ਰਤੀਬੱਧਤਾ ਪ੍ਰਗਟਾਈ, ਜੋ ਇੱਕ ਮਜ਼ਬੂਤ ਖੇਤਰੀ ਢਾਂਚੇ ਦੁਆਰਾ ਸਮਰਥਤ ਹੈ, ਇਸ ਦੇ ਕੇਂਦਰ ਵਿੱਚ ‘ਆਸੀਆਨ’ ਹੈ। ਉਨ੍ਹਾਂ ਇੱਕ ਸਮਾਵੇਸ਼ੀ ਤੇ ਖੁਸ਼ਹਾਲ ਖੇਤਰ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਜਿਸ ਵਿੱਚ ਸਾਰੇ ਰਾਜਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਦੇਸ਼ ਫੌਜੀ, ਆਰਥਿਕ ਅਤੇ ਸਿਆਸੀ ਜਬਰ ਤੋਂ ਮੁਕਤ ਹੁੰਦੇ ਹਨ।

25. ਨੇਤਾਵਾਂ ਨੇ ਖੇਤਰੀ ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਕਵਾਡ ਦੇ ਸਕਾਰਾਤਮਕ ਅਤੇ ਅਭਿਲਾਸ਼ੀ ਏਜੰਡਾ ਨੂੰ ਅੱਗੇ ਵਧਾਉਣ ਲਈ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਸਹਿਯੋਗ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਮਾਰਚ 2022 ਵਿੱਚ ਕੁਐਡ ਲੀਡਰਾਂ ਵਿਚਕਾਰ ਵਰਚੁਅਲ ਮੀਟਿੰਗ ਦਾ ਸੁਆਗਤ ਕੀਤਾ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਵਿਅਕਤੀਗਤ ਲੀਡਰਾਂ ਦੀ ਅਗਲੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾਂ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲਕਦਮੀ 'ਤੇ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਨਜ਼ਦੀਕੀ ਸਹਿਯੋਗ ਦਾ ਵੀ ਸੁਆਗਤ ਕੀਤਾ।

26. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਸਟ੍ਰੇਲੀਆ-ਯੂਕੇ-ਯੂਐੱਸ (AUKUS) ਸਾਂਝੇਦਾਰੀ 'ਤੇ ਪ੍ਰਧਾਨ ਮੰਤਰੀ ਮੌਰੀਸਨ ਦੁਆਰਾ ਬ੍ਰੀਫਿੰਗ ਦੀ ਸ਼ਲਾਘਾ ਕੀਤੀ। ਨੇਤਾਵਾਂ ਨੇ ਪ੍ਰਮਾਣੂ ਹਥਿਆਰਾਂ ਨੂੰ ਵਿਕਸਿਤ ਨਾ ਕਰਨ ਅਤੇ ਗੈਰ ਪ੍ਰਸਾਰ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਲਈ ਆਸਟ੍ਰੇਲੀਆ ਦੀ ਪ੍ਰਤੀਬੱਧਤਾ ਨੂੰ ਮਾਨਤਾ ਦਿੱਤੀ।

27. ਨੇਤਾਵਾਂ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਅਤੇ ਹਿੰਦ ਮਹਾਸਾਗਰ ਦੇ ਹੋਰ ਦੇਸ਼ਾਂ ਦੇ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ, ਜਿਸ ਵਿੱਚ ਹਿੰਦ ਮਹਾਸਾਗਰ ਰਿਮ ਐਸੋਸੀਏਸ਼ਨ ਲਈ ਉਨ੍ਹਾਂ ਦੇ ਸਮਰਥਨ ਸ਼ਾਮਲ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸਮੁੰਦਰੀ ਅਤੇ ਆਪਦਾ ਦੀ ਤਿਆਰੀ, ਵਪਾਰ, ਨਿਵੇਸ਼ ਅਤੇ ਸੰਪਰਕ ਵਿੱਚ ਹਿੰਦ ਮਹਾਸਾਗਰ ਵਿੱਚ ਆਸਟ੍ਰੇਲੀਆ ਦੀ ਵਧੀ ਹੋਈ ਸ਼ਮੂਲੀਅਤ ਦਾ ਸੁਆਗਤ ਕੀਤਾ।

28. ਨੇਤਾਵਾਂ ਨੇ ਪ੍ਰਸ਼ਾਂਤ ਖੇਤਰ ਦੇ ਲਚਕੀਲੇਪਣ ਅਤੇ ਰਿਕਵਰੀ ਨੂੰ ਸਮਰਥਨ ਦੇਣ ਲਈ ਆਪਣੇ ਚਲ ਰਹੇ ਸਹਿਯੋਗ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੌਰੀਸਨ ਨੇ ਹੁੰਗਾ ਟੋਂਗਾ-ਹੰਗਾਹਾਪਾਈ ਜਵਾਲਾਮੁਖੀ ਫਟਣ ਅਤੇ ਸੁਨਾਮੀ ਦੇ ਮੱਦੇਨਜ਼ਰ ਅਤੇ ਕੋਵਿਡ-19 ਦੀ ਆਪਦਾ ਦੇ ਜਵਾਬ ਵਿੱਚ ਕਿਰੀਬਾਤੀ ਲਈ ਭਾਰਤ ਦੀ ਸਹਾਇਤਾ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਪ੍ਰਸ਼ਾਂਤ ਭਾਈਵਾਲਾਂ ਨੂੰ ਭਾਰਤੀ HADR ਦੀ ਸਪੁਰਦਗੀ ਵਿੱਚ ਸਮਰਥਨ ਕਰਨ ਵਿੱਚ ਆਸਟਰੇਲੀਆ ਦੀ ਭੂਮਿਕਾ ਨੂੰ ਸਵੀਕਾਰ ਕੀਤਾ।

29. ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਦੇ ਸਾਰੇ ਸਮੁੰਦਰਾਂ ਅਤੇ ਮਹਾਸਾਗਰਾਂ ਵਿੱਚ ਅਧਿਕਾਰਾਂ ਅਤੇ ਸੁਤੰਤਰਤਾਵਾਂ ਦੀ ਵਰਤੋਂ ਕਰਨ ਦੇ ਯੋਗ ਹੋਣ ਦੇ ਮਹੱਤਵ ਨੂੰ ਉਜਾਗਰ ਕੀਤਾ, ਅੰਤਰਰਾਸ਼ਟਰੀ ਕਾਨੂੰਨ, ਖਾਸ ਤੌਰ 'ਤੇ ਸਮੁੰਦਰ ਦੇ ਕਾਨੂੰਨ 'ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ (UNCLOS), ਜਿਸ ਵਿੱਚ ਨੇਵੀਗੇਸ਼ਨ ਦੀ ਆਜ਼ਾਦੀ ਅਤੇ ਓਵਰਫਲਾਈਟ ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਵਾਦਾਂ ਦਾ ਨਿਬੇੜਾ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਸ਼ਾਂਤਮਈ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ, ਬਿਨਾਂ ਕਿਸੇ ਧਮਕੀ ਜਾਂ ਤਾਕਤ ਦੀ ਵਰਤੋਂ ਜਾਂ ਸਥਿਤੀ ਨੂੰ ਇਕਪਾਸੜ ਤੌਰ 'ਤੇ ਬਦਲਣ ਦੀ ਕੋਸ਼ਿਸ਼ ਦੇ ਅਤੇ ਦੇਸ਼ਾਂ ਨੂੰ ਅਜਿਹੀਆਂ ਗਤੀਵਿਧੀਆਂ ਦੇ ਸੰਚਾਲਨ ਵਿੱਚ ਸੰਜਮ ਵਰਤਣਾ ਚਾਹੀਦਾ ਹੈ ਜੋ ਗੁੰਝਲਦਾਰ ਜਾਂ ਵਧ ਸਕਦੀਆਂ ਹਨ। ਸ਼ਾਂਤੀ ਅਤੇ ਸਥਿਰਤਾ ਨੂੰ ਪ੍ਰਭਾਵਿਤ ਕਰਨ ਵਾਲੇ ਵਿਵਾਦ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੀ ਮਹੱਤਤਾ ਨੂੰ ਦੁਹਰਾਇਆ, ਖਾਸ ਤੌਰ 'ਤੇ ਸਮੁੰਦਰ ਦੇ ਕਾਨੂੰਨ 'ਤੇ ਸੰਯੁਕਤ ਰਾਸ਼ਟਰ ਸੰਮੇਲਨ (UNCLOS) ਵਿੱਚ ਪ੍ਰਤੀਬਿੰਬਤ, ਸਮੁੰਦਰੀ ਨਿਯਮਾਂ-ਅਧਾਰਿਤ ਵਿਵਸਥਾ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ, ਜਿਸ ਵਿੱਚ ਦੱਖਣੀ ਚੀਨ ਸਾਗਰ ਵੀ ਸ਼ਾਮਲ ਹੈ। ਉਨ੍ਹਾਂ ਨੇ ਦੱਖਣੀ ਚੀਨ ਸਾਗਰ ਵਿੱਚ ਕਿਸੇ ਵੀ ਜ਼ਾਬਤੇ ਨੂੰ ਪ੍ਰਭਾਵੀ, ਸਾਰਥਕ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਨਾਲ ਪੂਰੀ ਤਰ੍ਹਾਂ ਇਕਸਾਰ ਹੋਣ ਦੀ ਮੰਗ ਕੀਤੀ, ਅੰਤਰਰਾਸ਼ਟਰੀ ਕਾਨੂੰਨ ਦੇ ਅਧੀਨ, ਇਹਨਾਂ ਵਾਰਤਾਵਾਂ ਵਿੱਚ ਸ਼ਾਮਲ ਨਾ ਹੋਣ ਵਾਲੇ ਕਿਸੇ ਵੀ ਰਾਸ਼ਟਰ ਦੇ ਜਾਇਜ਼ ਅਧਿਕਾਰਾਂ ਅਤੇ ਹਿਤਾਂ ਨਾਲ ਪੱਖਪਾਤ ਨਾ ਕੀਤਾ ਜਾਵੇ ਅਤੇ ਖੇਤਰੀ ਆਰਕੀਟੈਕਚਰ ਸਮੇਤ ਮੌਜੂਦਾ ਸ਼ਮੂਲੀਅਤ ਦਾ ਸਮਰਥਨ ਕੀਤਾ ਜਾਵੇ।

30. ਨੇਤਾਵਾਂ ਨੇ ਮਿਆਂਮਾਰ ਵਿੱਚ ਨਾਗਰਿਕ ਆਬਾਦੀ ਦੇ ਖ਼ਿਲਾਫ਼ ਹਿੰਸਾ ਨੂੰ ਤੁਰੰਤ ਬੰਦ ਕਰਨ, ਵਿਦੇਸ਼ੀ ਸਮੇਤ, ਮਨਮਾਨੇ ਤੌਰ 'ਤੇ ਨਜ਼ਰਬੰਦ ਕੀਤੇ ਗਏ ਸਾਰੇ ਲੋਕਾਂ ਦੀ ਰਿਹਾਈ ਅਤੇ ਮਨੁੱਖੀ ਪਹੁੰਚ ਦੀ ਬਿਨਾਂ ਕਿਸੇ ਰੁਕਾਵਟ ਦੀ ਮੰਗ ਕੀਤੀ। ਉਨ੍ਹਾਂ ਨੇ ਮਿਆਂਮਾਰ ਨੂੰ ਆਸੀਆਨ ਦੀ ਪੰਜ-ਨੁਕਾਤੀ ਸਹਿਮਤੀ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਹਿੰਸਾ ਨੂੰ ਖਤਮ ਕਰਨ ਹਿਤ ਸਮਰਥਨ ਕਰਨ ਲਈ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ।

31. ਨੇਤਾਵਾਂ ਨੇ ਵਿਗੜਦੀ ਮਾਨਵਤਾਵਾਦੀ ਸਥਿਤੀ ਦੇ ਮੱਦੇਨਜ਼ਰ, ਅਫ਼ਗ਼ਾਨਿਸਤਾਨ ਦੇ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਆਪਣੀ ਦ੍ਰਿੜ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਅਫ਼ਗ਼ਾਨਿਸਤਾਨ ਵਿੱਚ ਸੱਤਾ ਦੇ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਯੂਐੱਨਐੱਸਸੀਆਰ 2593 ਅਨੁਸਾਰ, ਆਤੰਕਵਾਦ ਵਿਰੋਧੀ ਪ੍ਰਤੀਬੱਧਤਾਵਾਂ ਅਤੇ ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰਨ ਲਈ ਬੁਲਾਉਣ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਜਨਤਕ ਜੀਵਨ ਵਿੱਚ ਉਹਨਾਂ ਦੀ ਪੂਰੀ ਭਾਗੀਦਾਰੀ ਲਈ ਆਪਣੇ ਸੱਦੇ ਨੂੰ ਦੁਹਰਾਇਆ। ਉਹ ਇਸ ਗੱਲ 'ਤੇ ਸਹਿਮਤ ਹੋਏ ਕਿ ਅਫ਼ਗ਼ਾਨਿਸਤਾਨ ਵਿੱਚ ਲੰਬੇ ਸਮੇਂ ਦੀ ਸ਼ਾਂਤੀ ਅਤੇ ਸਥਿਰਤਾ ਲਈ ਇੱਕ ਵਿਆਪਕ ਅਧਾਰਿਤ ਅਤੇ ਸਮਾਵੇਸ਼ੀ ਸਰਕਾਰ ਜ਼ਰੂਰੀ ਹੈ।

32. ਮੀਟਿੰਗ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਨਿੱਘੇ, ਨਜ਼ਦੀਕੀ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਅਤੇ ਨੇਤਾਵਾਂ ਨੇ ਵਿਆਪਕ ਰਣਨੀਤਕ ਭਾਈਵਾਲੀ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।

 

************

 

ਡੀਐੱਸ/ਏਕੇ



(Release ID: 1808656) Visitor Counter : 117