ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਵੱਲੋਂ ਪੂਰਵਾਂਚਲ ਐਕਸਪ੍ਰੈੱਸਵੇਅ ਦਾ ਉਦਘਾਟਨ



ਸੁਲਤਾਨਪਰ ਜ਼ਿਲ੍ਹੇ ’ਚ ਐਕਸਪ੍ਰੈੱਸਵੇਅ ’ਤੇ ਉਸਾਰੀ ਗਈ 3.2 ਕਿਲੋਮੀਟਰ ਲੰਮੀ ਹਵਾਈ–ਪੱਟੀ ’ਤੇ ਏਅਰਸ਼ੋਅ ਵੀ ਵੇਖਿਆ

“ਇਹ ਐਕਸਪ੍ਰੈੱਸਵੇਅ ਉੱਤਰ ਪ੍ਰਦੇਸ਼ ’ਚ ਸੰਕਲਪਾਂ ਦੀ ਪੂਰਤੀ ਦਾ ਪ੍ਰਮਾਣ ਹੈ ਤੇ ਇਹ ਉੱਤਰ ਪ੍ਰਦੇਸ਼ ਦਾ ਮਾਣ ਤੇ ਅਜੂਬਾ ਹੈ "

“ਅੱਜ ਪੂਰਵਾਂਚਲ ਦੀਆਂ ਮੰਗਾਂ ਦਾ ਪੱਛਮ ਦੀਆਂ ਮੰਗਾਂ ਦੇ ਸਮਾਨ ਹੀ ਮਹੱਤਵ ਹੈ ”

“ਇਸ ਦਹਾਕੇ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖ ਕੇ ਹੀ ਇੱਕ ਖ਼ੁਸ਼ਹਾਲ ਉੱਤਰ ਪ੍ਰਦੇਸ਼ ਦਾ ਨਿਰਮਾਣ ਕਰਨ ਲਈ ਬੁਨਿਆਦੀ ਢਾਂਚੇ ਦੀ ਉਸਾਰੀ ਕੀਤੀ ਜਾ ਰਹੀ ਹੈ ”

Posted On: 16 NOV 2021 4:27PM by PIB Chandigarh

“ ‘ਡਬਲ ਇੰਜਣ ਵਾਲੀ ਸਰਕਾਰ’ ਉੱਤਰ ਪ੍ਰਦੇਸ਼ ਦੇ ਵਿਕਾਸ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੂਰਵਾਂਚਲ ਐਕਸਪ੍ਰੈੱਸਵੇਅ ਦਾ ਉਦਘਾਟਨ ਕੀਤਾ। ਉਨ੍ਹਾਂ ਸੁਲਤਾਨਪੁਰ ਜ਼ਿਲ੍ਹੇ ’ਚ ਐਕਸਪ੍ਰੈੱਸਵੇਅ ’ਤੇ ਉਸਾਰੀ ਗਈ 3.2 ਕਿਲੋਮੀਟਰ ਲੰਮੀ ਹਵਾਈ–ਪੱਟੀ ਉੱਤੇ ਏਅਰਸ਼ੋਅ ਵੀ ਵੇਖਿਆ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨ ਵਰ੍ਹੇ ਪਹਿਲਾਂ ਪੂਰਵਾਂਚਲ ਐਕਸਪ੍ਰੈੱਸਵੇਅ ਦਾ ਨੀਂਹ–ਪੱਥਰ ਰੱਖਦੇ ਸਮੇਂ ਉਨ੍ਹਾਂ ਇਹ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਉਸੇ ਐਕਸਪ੍ਰੈੱਸਵੇਅ ’ਤੇ ਲੈਂਡ ਕਰਨਗੇ। ਉਨ੍ਹਾਂ ਕਿਹਾ ‘ਇਹ ਐਕਸਪ੍ਰੈੱਸਵੇਅ ਤੇਜ਼ ਰਫ਼ਤਾਰ ਨਾਲ ਬਿਹਤਰ ਭਵਿੱਖ ਵੱਲ ਲੈ ਕੇ ਜਾਵੇਗਾ, ਇਹ ਐਕਸਪ੍ਰੈੱਸਵੇਅ ਉੱਤਰ ਪ੍ਰਦੇਸ਼ ਦੇ ਵਿਕਾਸ ਲਈ ਹੈ, ਇਹ ਐਕਸਪ੍ਰੈੱਸਵੇਅ ਨਵੇਂ ਉੱਤਰ ਪ੍ਰਦੇਸ਼ ਦੇ ਨਿਰਮਾਣ ਲਈ ਹੈ, ਇਹ ਐਕਸਪ੍ਰੈੱਸਵੇਅ ਉੱਤਰ ਪ੍ਰਦੇਸ਼ ’ਚ ਆਧੁਨਿਕ ਸੁਵਿਧਾਵਾਂ ਦਾ ਪ੍ਰਤੀਬਿੰਬ ਹੈ, ਇਹ ਐਕਸਪ੍ਰੈੱਸਵੇਅ ਉੱਤਰ ਪ੍ਰਦੇਸ਼ ਦੇ ਸੰਕਲਪਾਂ ਦੀ ਪੂਰਤੀ ਦਾ ਪ੍ਰਮਾਣ ਹੈ ਅਤੇ ਇਹ ਉੱਤਰ ਪ੍ਰਦੇਸ਼ ਦਾ ਮਾਣ ਤੇ ਅਜੂਬਾ ਹੈ।’

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਦੇਸ਼ ਦੇ ਸਰਬਪੱਖੀ ਵਿਕਾਸ ਲਈ ਦੇਸ਼ ਦਾ ਸੰਤੁਲਿਤ ਵਿਕਾਸ ਵੀ ਬਰਾਬਰ ਜ਼ਰੂਰੀ ਹੈ। ਕੁਝ ਖੇਤਰ ਵਿਕਾਸ ਦੇ ਮਾਮਲੇ ’ਚ ਅੱਗੇ ਵਧਦੇ ਹਨ ਅਤੇ ਕੁਝ ਖੇਤਰ ਕਈ ਦਹਾਕੇ ਪਿੱਛੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਅਸਮਾਨਤਾ ਕਿਸੇ ਵੀ ਦੇਸ਼ ਲਈ ਚੰਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪੂਰਬੀ ਹਿੱਸੇ ਅਤੇ ਉੱਤਰ–ਪੂਰਬੀ ਰਾਜਾਂ ਵਿੱਚ ਵਿਕਾਸ ਦੀਆਂ ਇੰਨੀਆਂ ਸੰਭਾਵਨਾਵਾਂ ਹੋਣ ਦੇ ਬਾਵਜੂਦ ਦੇਸ਼ ਵਿੱਚ ਹੋ ਰਹੇ ਵਿਕਾਸ ਦਾ ਬਹੁਤਾ ਲਾਭ ਨਹੀਂ ਮਿਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਲੰਬਾ ਸਮਾਂ ਚੱਲੀਆਂ, ਉਨ੍ਹਾਂ ਨੇ ਯੂ.ਪੀ. ਦੇ ਸਰਬ–ਪੱਖੀ ਵਿਕਾਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਪੂਰਬੀ ਉੱਤਰ ਪ੍ਰਦੇਸ਼ ਵਿੱਚ ਅੱਜ ਵਿਕਾਸ ਦਾ ਨਵਾਂ ਅਧਿਆਇ ਲਿਖਿਆ ਜਾਣ ਵਾਲਾ ਹੈ।

ਪ੍ਰਧਾਨ ਮੰਤਰੀ ਨੇ ਪੂਰਵਾਂਚਲ ਐਕਸਪ੍ਰੈਸਵੇਅ ਦੇ ਮੁਕੰਮਲ ਹੋਣ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ, ਉਨ੍ਹਾਂ ਦੀ ਟੀਮ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਸਾਨਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਜ਼ਮੀਨ ਇਸ ਪ੍ਰਾਜੈਕਟ ਲਈ ਅਕਵਾਇਰ ਕੀਤੀ ਗਈ ਸੀ। ਉਨ੍ਹਾਂ ਨੇ ਇਸ ਪ੍ਰਾਜੈਕਟ ਵਿੱਚ ਸ਼ਾਮਲ ਮਜ਼ਦੂਰਾਂ ਅਤੇ ਇੰਜਨੀਅਰਾਂ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਦੇਸ਼ ਦੀ ਸੁਰੱਖਿਆ ਦੇਸ਼ ਦੀ ਖੁਸ਼ਹਾਲੀ ਜਿੰਨੀ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦਿਆਂ ਪੂਰਵਾਂਚਲ ਐਕਸਪ੍ਰੈਸਵੇਅ ਦਾ ਨਿਰਮਾਣ ਕਰਦੇ ਸਮੇਂ ਜੰਗੀ ਜਹਾਜ਼ਾਂ ਲਈ ਐਮਰਜੈਂਸੀ ਲੈਂਡਿੰਗ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜਹਾਜ਼ਾਂ ਦੀ ਦਹਾੜ ਉਨ੍ਹਾਂ ਲੋਕਾਂ ਲਈ ਹੋਵੇਗੀ ਜਿਨ੍ਹਾਂ ਨੇ ਦਹਾਕਿਆਂ ਤੋਂ ਦੇਸ਼ ਦੇ ਰੱਖਿਆ ਢਾਂਚੇ ਨੂੰ ਨਜ਼ਰਅੰਦਾਜ਼ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟਾਇਆ ਕਿ ਗੰਗਾ ਜੀ ਅਤੇ ਹੋਰ ਨਦੀਆਂ ਦੀ ਬਖਸ਼ਿਸ਼ ਵਾਲੇ ਇੰਨੇ ਵੱਡੇ ਖੇਤਰ ਦੇ ਬਾਵਜੂਦ 7-8 ਸਾਲ ਪਹਿਲਾਂ ਤੱਕ ਕੋਈ ਵਿਕਾਸ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ 2014 ਵਿੱਚ ਜਦੋਂ ਦੇਸ਼ ਨੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਉਨ੍ਹਾਂ ਨੇ ਯੂ.ਪੀ. ਦੇ ਵਿਕਾਸ ਨੂੰ ਪਹਿਲ ਦਿੱਤੀ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਪੱਕੇ ਘਰ ਮਿਲਣੇ ਚਾਹੀਦੇ ਹਨ, ਗਰੀਬਾਂ ਕੋਲ ਪਖਾਨੇ ਹੋਣੇ ਚਾਹੀਦੇ ਹਨ, ਔਰਤਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਨਹੀਂ ਕਰਨਾ ਚਾਹੀਦਾ ਤੇ ਹਰ ਕਿਸੇ ਦੇ ਘਰ ਬਿਜਲੀ ਹੋਣੀ ਚਾਹੀਦੀ ਹੈ ਅਤੇ ਅਜਿਹੇ ਬਹੁਤ ਸਾਰੇ ਕੰਮ ਇੱਥੇ ਕੀਤੇ ਜਾਣ ਦੀ ਲੋੜ ਹੈ। ਪਿਛਲੀ ਸਰਕਾਰ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਉਸ ਵੇਲੇ ਦੀ ਯੂ.ਪੀ. ਸਰਕਾਰ ਨੇ ਇਹ ਸਹੂਲਤਾਂ ਪ੍ਰਦਾਨ ਕਰਨ ਵਿੱਚ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ‘‘ਯੂ.ਪੀ. ਦੇ ਲੋਕ ਉਸ ਸਰਕਾਰ ਨੂੰ ਜਵਾਬਦੇਹ ਠਹਿਰਾਉਣਗੇ ਅਤੇ ਯੂ.ਪੀ. ਦੇ ਲੋਕਾਂ ਨਾਲ ਹੋਏ ਅਣਉਚਿਤ ਵਿਵਹਾਰ, ਵਿਕਾਸ ਵਿੱਚ ਕੀਤੇ ਗਏ ਵਿਤਕਰੇ ਅਤੇ ਉਸ ਸਮੇਂ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਸਿਰਫ਼ ਆਪਣੇ ਹੀ ਪਰਿਵਾਰ ਦੇ ਹਿੱਤਾਂ ਦੀ ਪੂਰਤੀ ਕੀਤੀ ਜਾ ਰਹੀ ਸੀ, ਉਸ ਨੂੰ ਦੂਰ ਕਰਨਗੇ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੌਣ ਭੁੱਲ ਸਕਦਾ ਹੈ ਕਿ ਯੂ.ਪੀ. ਵਿੱਚ ਪਹਿਲਾਂ ਕਿੰਨੇ ਬਿਜਲੀ ਕੱਟ ਲੱਗਦੇ ਹੁੰਦੇ ਸਨ, ਕੌਣ ਭੁੱਲ ਸਕਦਾ ਹੈ ਕਿ ਯੂ.ਪੀ. ਵਿੱਚ ਅਮਨ-ਕਾਨੂੰਨ ਦੀ ਸਥਿਤੀ ਕੀ ਸੀ ਅਤੇ ਯੂ.ਪੀ. ਵਿੱਚ ਮੈਡੀਕਲ ਸਹੂਲਤਾਂ ਦੀ ਕੀ ਹਾਲਤ ਸੀ, ਇਹ ਕੌਣ ਭੁੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਯੂ.ਪੀ. ਵਿੱਚ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਚਾਹੇ ਪੂਰਬ ਹੋਵੇ ਜਾਂ ਪੱਛਮ, ਹਜ਼ਾਰਾਂ ਪਿੰਡਾਂ ਨੂੰ ਨਵੀਆਂ ਸੜਕਾਂ ਨਾਲ ਜੋੜਿਆ ਗਿਆ ਹੈ ਅਤੇ ਹਜ਼ਾਰਾਂ ਕਿਲੋਮੀਟਰ ਨਵੀਆਂ ਸੜਕਾਂ ਬਣਾਈਆਂ ਗਈਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਰਗਰਮ ਭਾਗੀਦਾਰੀ ਨਾਲ ਯੂ.ਪੀ. ਦੇ ਵਿਕਾਸ ਦਾ ਸੁਫ਼ਨਾ ਹੁਣ ਦਿਖਾਈ ਦੇ ਰਿਹਾ ਹੈ। ਨਵੇਂ ਮੈਡੀਕਲ ਕਾਲਜ ਬਣ ਰਹੇ ਹਨ, ਏਮਸ ਬਣ ਰਹੇ ਹਨ, ਯੂ.ਪੀ. ਵਿੱਚ ਆਧੁਨਿਕ ਵਿਦਿਅਕ ਅਦਾਰੇ ਬਣ ਰਹੇ ਹਨ। ਕੁਝ ਹਫ਼ਤੇ ਪਹਿਲਾਂ ਕੁਸ਼ੀਨਗਰ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਹੋਇਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵੀ ਇੱਕ ਤੱਥ ਹੈ ਕਿ ਯੂ.ਪੀ. ਵਰਗੇ ਵਿਸ਼ਾਲ ਰਾਜ ਦੇ ਹਿੱਸੇ ਪਹਿਲਾਂ ਇੱਕ ਦੂਜੇ ਤੋਂ ਕਾਫੀ ਹੱਦ ਤੱਕ ਕੱਟੇ ਹੋਏ ਸਨ। ਲੋਕ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਜਾਂਦੇ ਸਨ ਪਰ ਸੰਪਰਕ ਨਾ ਹੋਣ ਕਾਰਨ ਉਹ ਪ੍ਰੇਸ਼ਾਨ ਸਨ। ਪੂਰਬੀ ਉੱਤਰ ਪ੍ਰਦੇਸ਼ ਦੇ ਲੋਕਾਂ ਲਈ ਵੀ ਲਖਨਊ ਪਹੁੰਚਣਾ ਵੀ ਕਾਫੀ ਵੱਡਾ ਕੰਮ ਸਮਝਿਆ ਜਾਂਦਾ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ,“ਪਿਛਲੇ ਮੁੱਖ ਮੰਤਰੀਆਂ ਲਈ, ਵਿਕਾਸ ਉਨ੍ਹਾਂ ਦੇ ਘਰ ਤੱਕ ਸੀਮਤ ਸੀ। ਪਰ ਅੱਜ, ਪੂਰਵਾਂਚਲ ਦੀਆਂ ਮੰਗਾਂ ਨੂੰ ਪੱਛਮ ਦੀਆਂ ਮੰਗਾਂ ਵਾਂਗ ਹੀ ਮਹੱਤਵ ਦਿੱਤਾ ਜਾਂਦਾ ਹੈ।” ਉਨ੍ਹਾਂ ਕਿਹਾ ਕਿ ਇਹ ਐਕਸਪ੍ਰੈਸਵੇਅ ਉਨ੍ਹਾਂ ਸ਼ਹਿਰਾਂ ਨੂੰ ਲਖਨਊ ਨਾਲ ਜੋੜੇਗਾ, ਜਿਨ੍ਹਾਂ ਨਾਲ ਵਿਕਾਸ ਦੀਆਂ ਵੱਡੀਆਂ ਆਕਾਂਖਿਆਵਾਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਚੰਗੀ ਸੜਕ ਚਲਦੀ ਹੈ, ਚੰਗੇ ਮਾਰਗ ਪਹੁੰਚਦੇ ਹਨ, ਉੱਥੇ ਵਿਕਾਸ ਦੀ ਰਫ਼ਤਾਰ ਵਧਦੀ ਹੈ, ਰੋਜ਼ਗਾਰ ’ਚ ਵਾਧਾ ਤੇਜ਼ੀ ਨਾਲ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਉੱਤਰ ਪ੍ਰਦੇਸ਼ ਦੇ ਉਦਯੋਗਿਕ ਵਿਕਾਸ ਲਈ, ਸ਼ਾਨਦਾਰ ਕੁਨੈਕਟੀਵਿਟੀ ਜ਼ਰੂਰੀ ਹੈ, ਯੂ.ਪੀ. ਦੇ ਹਰ ਕੋਣੇ ਨੂੰ ਜੋੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਯੂ.ਪੀ. ਵਿੱਚ ਐਕਸਪ੍ਰੈਸਵੇਅ ਬਣ ਰਹੇ ਹਨ, ਉਦਯੋਗਿਕ ਲਾਂਘੇ (ਇੰਡਸਟ੍ਰੀਅਲ ਕੌਰੀਡੋਰ) ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਪੂਰਵਾਂਚਲ ਐਕਸਪ੍ਰੈਸਵੇਅ ਦੇ ਆਲੇ-ਦੁਆਲੇ ਬਹੁਤ ਜਲਦੀ ਨਵੇਂ ਉਦਯੋਗ ਆਉਣੇ ਸ਼ੁਰੂ ਹੋ ਜਾਣਗੇ। ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਐਕਸਪ੍ਰੈਸ ਵੇਅ ਦੇ ਨਾਲ ਸਥਿਤ ਸ਼ਹਿਰਾਂ ਵਿਚ ਫੂਡ ਪ੍ਰੋਸੈਸਿੰਗ, ਦੁੱਧ, ਕੋਲਡ ਸਟੋਰੇਜ, ਫਲਾਂ ਅਤੇ ਸਬਜ਼ੀਆਂ ਦੀ ਸਟੋਰੇਜ, ਅਨਾਜ, ਪਸ਼ੂ ਪਾਲਣ ਅਤੇ ਹੋਰ ਖੇਤੀਬਾੜੀ ਉਤਪਾਦਾਂ ਨਾਲ ਸਬੰਧਤ ਉਤਪਾਦਾਂ 'ਤੇ ਕੰਮ ਤੇਜ਼ੀ ਨਾਲ ਵਧਣ ਵਾਲਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਉਦਯੋਗੀਕਰਨ ਲਈ ਹੁਨਰਮੰਦ ਮਨੁੱਖੀ ਸ਼ਕਤੀ ਜ਼ਰੂਰੀ ਹੈ। ਇਸ ਲਈ ਮਾਨਵ–ਸ਼ਕਤੀ ਨੂੰ ਟਰੇਨਿੰਗ ਦੇਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਸ਼ਹਿਰਾਂ ਵਿੱਚ ਆਈਟੀਆਈ ਅਤੇ ਹੋਰ ਸਿਖਲਾਈ ਸੰਸਥਾਵਾਂ ਅਤੇ ਮੈਡੀਕਲ ਸੰਸਥਾਵਾਂ ਵੀ ਸਥਾਪਿਤ ਕੀਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਯੂ.ਪੀ. ਵਿੱਚ ਬਣਾਇਆ ਜਾ ਰਿਹਾ ਰੱਖਿਆ ਗਲਿਆਰਾ ਇੱਥੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਲਿਆਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਯੂ.ਪੀ. ਵਿੱਚ ਇਹ ਬੁਨਿਆਦੀ ਢਾਂਚੇ ਦੇ ਕੰਮ ਆਉਣ ਵਾਲੇ ਸਮੇਂ ਵਿੱਚ ਅਰਥਚਾਰੇ ਨੂੰ ਨਵੀਆਂ ਉਚਾਈਆਂ ਪ੍ਰਦਾਨ ਕਰਨਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਕੋਈ ਵਿਅਕਤੀ ਘਰ ਬਣਾਉਂਦਾ ਹੈ, ਉਹ ਪਹਿਲਾਂ ਸੜਕਾਂ ਦੀ ਚਿੰਤਾ ਕਰਦਾ ਹੈ, ਮਿੱਟੀ ਦੀ ਜਾਂਚ ਕਰਦਾ ਹੈ ਅਤੇ ਹੋਰ ਪਹਿਲੂਆਂ 'ਤੇ ਵਿਚਾਰ ਕਰਦਾ ਹੈ। ਪਰ ਯੂ.ਪੀ. ਵਿੱਚ, ਅਸੀਂ ਅਜਿਹੇ ਸ਼ਾਸਕਾਂ ਦਾ ਲੰਮਾ ਦੌਰ ਦੇਖਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਕੋਈ ਵਿਅਕਤੀ ਘਰ ਬਣਾਉਂਦਾ ਹੈ, ਉਹ ਪਹਿਲਾਂ ਸੜਕਾਂ ਦੀ ਚਿੰਤਾ ਕਰਦਾ ਹੈ, ਮਿੱਟੀ ਦੀ ਜਾਂਚ ਕਰਦਾ ਹੈ ਅਤੇ ਹੋਰ ਪੱਖਾਂ 'ਤੇ ਵਿਚਾਰ ਕਰਦਾ ਹੈ। ਪਰ ਯੂ.ਪੀ. ਵਿੱਚ, ਅਸੀਂ ਅਜਿਹੀਆਂ ਸਰਕਾਰਾਂ ਦਾ ਇੱਕ ਲੰਮਾ ਦੌਰ ਦੇਖਿਆ ਹੈ ਜਿਨ੍ਹਾਂ ਨੇ ਸੰਪਰਕ ਦੀ ਚਿੰਤਾ ਕੀਤੇ ਬਿਨਾਂ ਉਦਯੋਗੀਕਰਨ ਦੇ ਸੁਫ਼ਨੇ ਦਿਖਾਏ। ਨਤੀਜਾ ਇਹ ਹੋਇਆ ਕਿ ਲੋੜੀਂਦੀਆਂ ਸਹੂਲਤਾਂ ਦੀ ਘਾਟ ਕਾਰਨ ਇੱਥੇ ਸਥਿਤ ਕਈ ਫੈਕਟਰੀਆਂ ਨੂੰ ਜਿੰਦਰੇ ਲੱਗ ਗਏ। ਇਨ੍ਹਾਂ ਹਾਲਾਤ ਵਿਚ ਇਹ ਵੀ ਮੰਦਭਾਗਾ ਸੀ ਕਿ ਦਿੱਲੀ ਅਤੇ ਲਖਨਊ ਦੋਹਾਂ ਵਿਚ ਪਰਿਵਾਰਕ–ਵੰਸ਼ਾਂ ਦਾ ਦਬਦਬਾ ਸੀ। ਸਾਲਾਂ-ਬੱਧੀ ਪਰਿਵਾਰਕ ਮੈਂਬਰਾਂ ਦੀ ਇਹ ਸਾਂਝ ਯੂ.ਪੀ. ਦੀਆਂ ਆਸਾਂ ਨੂੰ ਕੁਚਲਦੀ ਰਹੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਯੂ.ਪੀ. ਵਿੱਚ ਡਬਲ ਇੰਜਣ ਵਾਲੀ ਸਰਕਾਰ ਯੂ.ਪੀ. ਦੇ ਆਮ ਲੋਕਾਂ ਨੂੰ ਆਪਣਾ ਪਰਿਵਾਰ ਸਮਝ ਕੇ ਕੰਮ ਕਰ ਰਹੀ ਹੈ। ਨਵੀਆਂ ਫੈਕਟਰੀਆਂ ਲਈ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਹਾਕੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਖੁਸ਼ਹਾਲ ਉੱਤਰ ਪ੍ਰਦੇਸ਼ ਬਣਾਉਣ ਲਈ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕੋਰੋਨਾ ਟੀਕਾਕਰਨ ਲਈ ਕੀਤੇ ਸ਼ਾਨਦਾਰ ਕੰਮ ਲਈ ਉੱਤਰ ਪ੍ਰਦੇਸ਼ ਸਰਕਾਰ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਯੂ.ਪੀ. ਦੇ ਲੋਕਾਂ ਦੀ ਭਾਰਤ ਵਿੱਚ ਬਣੀ ਵੈਕਸੀਨ ਵਿਰੁੱਧ ਕਿਸੇ ਵੀ ਸਿਆਸੀ ਪ੍ਰਚਾਰ ਦਾ ਪਾਸਾਰ ਨਾ ਹੋਣ ਦੇਣ ਲਈ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਯੂ.ਪੀ. ਦੇ ਸਰਬਪੱਖੀ ਵਿਕਾਸ ਲਈ ਦਿਨ ਰਾਤ ਕੰਮ ਕਰ ਰਹੀ ਹੈ। ਕਨੈਕਟੀਵਿਟੀ ਦੇ ਨਾਲ, ਯੂ.ਪੀ. ਵਿੱਚ ਬੁਨਿਆਦੀ ਢਾਂਚੇ ਨੂੰ ਵੀ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਦੋ ਸਾਲਾਂ ਵਿੱਚ ਯੂ.ਪੀ. ਸਰਕਾਰ ਨੇ ਲਗਭਗ 30 ਲੱਖ ਪੇਂਡੂ ਪਰਿਵਾਰਾਂ ਨੂੰ ਪਾਈਪ ਰਾਹੀਂ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਏ ਹਨ। ਅਤੇ ਇਸ ਸਾਲ ਡਬਲ ਇੰਜਣ ਵਾਲੀ ਸਰਕਾਰ ਲੱਖਾਂ ਭੈਣਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਾਈਪ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੇਵਾ ਦੀ ਭਾਵਨਾ ਨਾਲ ਰਾਸ਼ਟਰ ਨਿਰਮਾਣ ਵਿਚ ਲੱਗੇ ਰਹਿਣਾ ਸਾਡਾ ਫਰਜ਼ ਹੈ, ਅਸੀਂ ਵੀ ਅਜਿਹਾ ਹੀ ਕਰਾਂਗੇ।

 

************

ਡੀਐੱਸ/ਏਕੇ



(Release ID: 1772642) Visitor Counter : 180