ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿਪੁਰਾ ਦੇ 1.47 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਦੀ ਪਹਿਲੀ ਕਿਸ਼ਤ ਟ੍ਰਾਂਸਫ਼ਰ ਕੀਤੀ
“ਅੱਜ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ਦੇ ਤਹਿਤ ਦਿੱਤੀ ਗਈ ਪਹਿਲੀ ਕਿਸ਼ਤ ਤ੍ਰਿਪੁਰਾ ਦੇ ਸੁਪਨਿਆਂ ਨੂੰ ਇੱਕ ਨਵਾਂ ਹੁਲਾਰਾ ਦੇਵੇਗੀ”
“ਡਬਲ ਇੰਜਣ ਸਰਕਾਰ ਪੂਰੀ ਤਾਕਤ ਤੇ ਸੁਹਿਰਦਤਾ ਨਾਲ ਤ੍ਰਿਪੁਰਾ ਦੇ ਵਿਕਾਸ ’ਚ ਲੱਗੀ ਹੋਈ ਹੈ”
“ਬੇਲੋੜੇ ਨਿਯਮਾਂ ਨੂੰ ਆਮ ਨਾਗਰਿਕਾਂ ਦੀ ਭਲਾਈ ਦੇ ਰਾਹ ’ਚ ਅੜਿੱਕੇ ਨਹੀਂ ਬਣਨ ਦਿੱਤਾ ਜਾਵੇਗਾ”
“ਪਹਿਲਾਂ ਦੇਸ਼ ਦੇ ਉੱਤਰੀ ਤੇ ਪੱਛਮੀ ਭਾਗਾਂ ਤੋਂ ਸਾਡੇ ਦਰਿਆ ਪੂਰਬ ਵੱਲ ਆਉਂਦੇ ਸਨ ਪਰ ਵਿਕਾਸ ਦੀ ਗੰਗਾ ਉੱਥੇ ਪੁੱਜਣ ਤੋਂ ਪਹਿਲਾਂ ਹੀ ਰੁਕ ਜਾਇਆ ਕਰਦੀ ਸੀ”
“ਅੱਜ ਦੇਸ਼ ਦਾ ਵਿਕਾਸ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨਾਲ ਦੇਖਿਆ ਜਾਂਦਾ ਹੈ। ਹੁਣ ਵਿਕਾਸ ਨੂੰ ਦੇਸ਼ ਦੀ ਏਕਤਾ–ਅਖੰਡਤਾ ਦਾ ਸਮਾਨਾਰਥੀ ਸਮਝਿਆ ਜਾਂਦਾ ਹੈ”
“ਦੇਸ਼ ਹੁਣ ਹਰ ਸਾਲ 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦੀ ਜਨਮ ਜਯੰਤੀ ‘ਜਨਜਾਤੀਯ ਗੌਰਵ ਦਿਵਸ’ ਵਜੋਂ ਮਨਾਏਗਾ। ਇਹ ਦਿਨ ਨਾ ਕੇਵਲ ਆਦਿਵਾਸੀ ਸਮਾਜ ਦੀ ਦੇਣ ਨੂੰ ਸ਼ਰਧਾਂਜਲੀ ਭੇਟ ਕਰੇਗਾ, ਸਗੋਂ ਇੱਕ ਦੋਸਤਾਨਾ ਸਮਾਜ ਦੇ ਪ੍ਰਤੀਕ ਵਜੋਂ ਵੀ ਉੱਭਰੇਗਾ”
Posted On:
14 NOV 2021 2:21PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤ੍ਰਿਪੁਰਾ ਦੇ 1.47 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (ਪੀਐੱਮਏਵਾਈ-ਜੀ) ਦੀ ਪਹਿਲੀ ਕਿਸ਼ਤ ਟ੍ਰਾਂਸਫ਼ਰ ਕਰ ਦਿੱਤੀ ਹੈ। ਇਸ ਮੌਕੇ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ 700 ਕਰੋੜ ਰੁਪਏ ਭੇਜੇ ਗਏ ਹਨ। ਪ੍ਰਧਾਨ ਮੰਤਰੀ ਦੇ ਦਖ਼ਲ ਤੋਂ ਬਾਅਦ, ਤ੍ਰਿਪੁਰਾ ਦੀ ਵਿਲੱਖਣ ਭੂ–ਜਲਵਾਯੂ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਕੱਚੇ ਘਰ ਦੀ ਪਰਿਭਾਸ਼ਾ ਇਸ ਰਾਜ ਲਈ ਖ਼ਾਸ ਤੌਰ ’ਤੇ ਬਦਲ ਦਿੱਤੀ ਗਈ ਹੈ, ਜਿਸ ਕਾਰਣ ਕੱਚੇ ਘਰਾਂ ’ਚ ਰਹਿੰਦੇ ਵੱਡੀ ਗਿਣਤੀ ’ਚ ਲਾਭਾਰਥੀ ਪੱਕੇ ਘਰਾਂ ਦੀ ਉਸਾਰੀ ਕਰਵਾਉਣ ਲਈ ਸਹਾਇਤਾ ਹਾਸਲ ਕਰ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਅਤੇ ਤ੍ਰਿਪੁਰਾ ਦੇ ਮੰਤਰੀ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਧਲਾਈ ਤ੍ਰਿਪੁਰਾ ਦੀ ਅਨੀਤਾ ਕੁਕੀ ਦੇਬਾਰਮਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਬਾਰੇ ਪੁੱਛਿਆ ਅਤੇ ਉਨ੍ਹਾਂ ਨੂੰ ਇੱਕ ਮਜ਼ਬੂਤ ਅਤੇ ਸ਼ਾਨਦਾਰ ਘਰ ਬਣਾਉਣ ਲਈ ਕਿਹਾ, ਕਿਉਂਕਿ ਜਲਦੀ ਹੀ ਉਨ੍ਹਾਂ ਕੋਲ ਇੱਕ ਪੱਕਾ ਘਰ ਹੋਵੇਗਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਤੋਂ ਇਹ ਸਰਕਾਰ ਸੱਤਾ ਵਿੱਚ ਆਈ ਹੈ, ਗ਼ਰੀਬਾਂ ਅਤੇ ਆਦਿਵਾਸੀ ਵਰਗ ਦੀ ਭਲਾਈ ਇਸ ਦੀ ਸਰਬਉੱਚ ਤਰਜੀਹ ਰਹੀ ਹੈ। ਏਕਲਵਯ ਸਕੂਲ, ਵੈਨ ਉਤਪਾਦਨ ਜਿਹੀਆਂ ਸਬੰਧਿਤ ਯੋਜਨਾਵਾਂ ਬੁਨਿਆਦੀ ਪੱਧਰ 'ਤੇ ਯੋਜਨਾਬੱਧ ਅਤੇ ਲਾਗੂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਲਾਭਾਰਥੀ ਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਪ੍ਰੇਰਿਤ ਕੀਤਾ।
ਪ੍ਰਧਾਨ ਮੰਤਰੀ ਨੇ ਸਿਪਾਹੀਜਾਲਾ ਦੇ ਸ੍ਰੀਮਤੀ ਸੋਮਾ ਮਜੂਮਦਾਰ ਨੂੰ ਇਸ ਯੋਜਨਾ ਦਾ ਲਾਭ ਲੈਣ ਦੇ ਉਨ੍ਹਾਂ ਦੇ ਤਜਰਬੇ ਬਾਰੇ ਪੁੱਛਿਆ। ਉਨ੍ਹਾਂ ਇਹ ਵੀ ਪੁੱਛਿਆ ਕਿ ਨਵਾਂ ਪੱਕਾ ਘਰ ਮਿਲਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਸੁਧਰੇਗੀ। ਉਨ੍ਹਾਂ ਜਵਾਬ ’ਚ ਕਿਹਾ ਕਿ ਉਨ੍ਹਾਂ ਦਾ ਪੱਕਾ ਘਰ ਬਣਾਉਣ ਦਾ ਸੁਪਨਾ ਇਸ ਸਕੀਮ ਕਾਰਨ ਪੂਰਾ ਹੋ ਗਿਆ ਹੈ ਅਤੇ ਇਹ ਮੌਨਸੂਨ ਦੌਰਾਨ ਬਹੁਤ ਮਦਦਗਾਰ ਸਾਬਤ ਹੋਵੇਗਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪਣੇ ਘਰ ਦੀ ਉਸਾਰੀ 'ਤੇ ਹੀ ਕਿਸ਼ਤਾਂ ਖਰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਲਾਭਾਰਥੀਆਂ ਨੂੰ ਬਿਨਾ ਕਿਸੇ ਪ੍ਰੇਸ਼ਾਨੀ ਜਾਂ ਵਿਚੋਲੇ ਦੇ ਇਸ ਸਕੀਮ ਦਾ ਲਾਭ ਦਿਵਾਉਣਾ ਹੈ।
ਪ੍ਰਧਾਨ ਮੰਤਰੀ ਨੇ ਉੱਤਰੀ ਤ੍ਰਿਪੁਰਾ ਦੇ ਸ਼੍ਰੀ ਸਮੀਰਨ ਨਾਥ ਤੋਂ ਪੁੱਛਿਆ ਕਿ ਕੀ ਉਹ ਆਪਣੇ ਘਰ ਦੀ ਉਸਾਰੀ ਲਈ ਪੀਐੱਮਏਵਾਈ-ਜੀ ਦੇ ਤਹਿਤ ਕਿਸ਼ਤਾਂ ਦੇ ਨਾਲ ਮਿਲਣ ਵਾਲੇ ਲਾਭਾਂ ਤੋਂ ਜਾਣੂ ਸਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਤੋਂ ਘਰ ਦੀ ਉਸਾਰੀ ਲਈ ਕੀਤੇ ਗਏ ਸਰਵੇਖਣ ਜਿਹੀਆਂ ਪ੍ਰੀ-ਸਕੀਮ ਗਤੀਵਿਧੀਆਂ ਵਿੱਚ ਉਨ੍ਹਾਂ ਦੇ ਅਨੁਭਵ ਬਾਰੇ ਵੀ ਪੁੱਛਿਆ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਹ ਵੀ ਪੁੱਛਿਆ ਕਿ ਕੀ ਉਨ੍ਹਾਂ ਨੂੰ ਇਸ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰਨ ਦੌਰਾਨ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਾਂ ਕੀ ਉਨ੍ਹਾਂ ਨੇ ਲਾਭ ਲੈਣ ਲਈ ਰਿਸ਼ਵਤ ਦਾ ਸਹਾਰਾ ਲਿਆ। ਪ੍ਰਧਾਨ ਮੰਤਰੀ ਨੇ ਪਹਿਲਾਂ ਦੀ ਪ੍ਰਣਾਲੀ ਦੀ ਆਲੋਚਨਾ ਕੀਤੀ ਜਿਸ ਵਿੱਚ ਲਾਭਾਰਥੀ ਰਿਸ਼ਵਤ ਦਿੱਤੇ ਬਿਨਾ ਕੋਈ ਲਾਭ ਪ੍ਰਾਪਤ ਹੀ ਨਹੀਂ ਕਰ ਸਕਦੇ ਸਨ।
ਦੱਖਣੀ ਤ੍ਰਿਪੁਰਾ ਤੋਂ ਸ੍ਰੀਮਤੀ ਕਾਦਰ ਬਿਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਪਤਾ ਹੈ ਕਿ ਇਸ ਸਕੀਮ ਤਹਿਤ ਉਨ੍ਹਾਂ ਨੂੰ ਕਿੰਨੀਆਂ ਕਿਸ਼ਤਾਂ ਮਿਲਣਗੀਆਂ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਕਦੇ ਅਜਿਹਾ ਸੁਪਨਾ ਵੀ ਦੇਖਿਆ ਸੀ ਕਿ ਸਰਕਾਰ ਉਨ੍ਹਾਂ ਦੀ ਇੱਛਾ ਅਨੁਸਾਰ ਘਰ ਬਣਾਉਣ ਲਈ ਕਦੇ ਉਨ੍ਹਾਂ ਦੀ ਆਰਥਿਕ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਪੱਕਾ ਘਰ ਉਨ੍ਹਾਂ ਦੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਵੇਗਾ। ਉਨ੍ਹਾਂ ਕਿਹਾ ਕਿ ਸ੍ਰੀਮਤੀ ਬਿਆ ਵਰਗੇ ਲਾਭਾਰਥੀ ਇਸ ਗੱਲ ਦਾ ਸਬੂਤ ਹਨ ਕਿ ਸਰਕਾਰ ਬਿਨਾ ਕਿਸੇ ਭੇਦਭਾਵ ਅਤੇ ਵਿਚੋਲੇ ਦੇ ਲਾਭ ਯਕੀਨੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਾਗਰਿਕਾਂ ਨੂੰ ਲਾਭ ਪਹੁੰਚਾਉਣ ਦੇ ਰਵੱਈਏ ਨਾਲ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਤੇਜ਼ੀ ਨਾਲ ਕੰਮ ਕਰਨ ਲਈ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਚਾਹੇ ਬਿਪਲਬ ਕੁਮਾਰ ਦੇਬ ਜੀ ਦੀ ਸਰਕਾਰ ਹੋਵੇ ਜਾਂ ਮੋਦੀ ਸਰਕਾਰ, ਨਿਯਮਾਂ ਨੂੰ ਨਾਗਰਿਕਾਂ ਦੀ ਭਲਾਈ ਲਈ ਅੜਿੱਕਾ ਨਹੀਂ ਬਣਨ ਦਿੱਤਾ ਜਾਂਦਾ। ਉਨ੍ਹਾਂ ਇਸ ਗੱਲ 'ਤੇ ਵੀ ਖੁਸ਼ੀ ਜ਼ਾਹਿਰ ਕੀਤੀ ਕਿ ਹਰ ਸੰਭਵ ਹੱਦ ਤੱਕ ਪੀਐੱਮਏਵਾਈ-ਜੀ ਦੇ ਤਹਿਤ ਬਣੇ ਘਰ ਔਰਤਾਂ ਦੇ ਨਾਂ 'ਤੇ ਹਨ।
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਸਮਾਰੋਹ ਆਉਣ ਵਾਲੇ ਮਹਾਨ ਦਿਨਾਂ ਦਾ ਸੰਕੇਤ ਹੈ ਅਤੇ ਤ੍ਰਿਪੁਰਾ ਲਈ ਆਸ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਰਾਜ ਵਿੱਚ ਬਿਪਲਬ ਦੇਬ ਜੀ ਦੀ ਸਰਕਾਰ ਅਤੇ ਕੇਂਦਰ ਵਿੱਚ ਸਰਕਾਰ ਸੂਬੇ ਦੀ ਤਰੱਕੀ ਨੂੰ ਅੱਗੇ ਲਿਜਾਣ ਲਈ ਵਚਨਬੱਧ ਹੈ। ਸ਼੍ਰੀ ਮੋਦੀ ਨੇ ਕਿਹਾ,“ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦਿੱਤੀ ਗਈ ਪਹਿਲੀ ਕਿਸ਼ਤ ਨੇ ਤ੍ਰਿਪੁਰਾ ਦੇ ਸੁਪਨਿਆਂ ਨੂੰ ਨਵਾਂ ਹੁਲਾਰਾ ਦਿੱਤਾ ਹੈ। ਮੈਂ ਤ੍ਰਿਪੁਰਾ ਦੇ ਸਾਰੇ ਲੋਕਾਂ, ਲਗਭਗ ਡੇਢ ਲੱਖ ਪਰਿਵਾਰਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ, ਜਿਨ੍ਹਾਂ ਨੂੰ ਪਹਿਲੀ ਕਿਸ਼ਤ ਦਾ ਲਾਭ ਮਿਲਿਆ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰਿਪੁਰਾ ਨੂੰ ਗ਼ਰੀਬ ਰੱਖਣ ਅਤੇ ਤ੍ਰਿਪੁਰਾ ਦੇ ਲੋਕਾਂ ਨੂੰ ਸੁਵਿਧਾਵਾਂ ਤੋਂ ਦੂਰ ਰੱਖਣ ਵਾਲੀ ਸੋਚ ਦਾ ਅੱਜ ਤ੍ਰਿਪੁਰਾ ਵਿੱਚ ਕੋਈ ਸਥਾਨ ਨਹੀਂ ਹੈ। ਹੁਣ ਦੋਹਰੇ ਇੰਜਣ ਵਾਲੀ ਸਰਕਾਰ ਪੂਰੇ ਜ਼ੋਰ ਅਤੇ ਇਮਾਨਦਾਰੀ ਨਾਲ ਸੂਬੇ ਦੇ ਵਿਕਾਸ ਵਿੱਚ ਲੱਗੀ ਹੋਈ ਹੈ।
ਇਸ ਖੇਤਰ ਦੀ ਲੰਬੇ ਸਮੇਂ ਤੋਂ ਅਣਗਹਿਲੀ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਤੋਂ ਸਾਡੇ ਦਰਿਆ ਪੂਰਬ ਵੱਲ ਆਉਂਦੇ ਸਨ ਪਰ ਵਿਕਾਸ ਦੀ ਗੰਗਾ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਰੁਕ ਜਾਂਦੀ ਸੀ। ਉਨ੍ਹਾਂ ਜ਼ੋਰ ਦਿੰਦਿਆਂ ਆਖਿਆ,"ਦੇਸ਼ ਦੇ ਸਮੁੱਚੇ ਵਿਕਾਸ ਨੂੰ ਟੁਕੜੇ-ਟੁਕੜੇ ਦੇਖਿਆ ਗਿਆ ਸੀ ਅਤੇ ਸਿਆਸੀ ਨਜ਼ਰੀਏ ਤੋਂ ਦੇਖਿਆ ਗਿਆ ਸੀ। ਇਸ ਲਈ, ਸਾਡੇ ਉੱਤਰ-ਪੂਰਬ ਨੂੰ ਅਣਗੌਲਿਆ ਮਹਿਸੂਸ ਹੋਇਆ।’’ ਉਨ੍ਹਾਂ ਇਹ ਵੀ ਕਿਹਾ ਕਿ ਪਰ ਅੱਜ ਦੇਸ਼ ਦੇ ਵਿਕਾਸ ਨੂੰ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੀ ਭਾਵਨਾ ਨਾਲ ਦੇਖਿਆ ਜਾ ਰਿਹਾ ਹੈ। ਵਿਕਾਸ ਨੂੰ ਹੁਣ ਦੇਸ਼ ਦੀ ਏਕਤਾ-ਅਖੰਡਤਾ ਦਾ ਸਮਾਨਾਰਥੀ ਮੰਨਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਵਿੱਚ ਭਾਰਤ ਦੀ ਭਰੋਸੇਮੰਦ ਅਤੇ ਆਤਮ–ਵਿਸ਼ਵਾਸ ਨਾਲ ਭਰਪੂਰ ਨਾਰੀ ਸ਼ਕਤੀ ਦੇ ਯੋਗਦਾਨ ਦਾ ਜ਼ਿਕਰ ਕੀਤਾ। ਇਸ ਨਾਰੀ ਸ਼ਕਤੀ ਦੇ ਪ੍ਰਮੁੱਖ ਪ੍ਰਤੀਕ ਵਜੋਂ ਸਾਡੇ ਕੋਲ ਔਰਤਾਂ ਦੇ ਸਵੈ-ਸਹਾਇਤਾ ਸਮੂਹ ਵੀ ਹਨ। ਇਹ ਐੱਸਐੱਚਜੀ ਜਨ ਧਨ ਖਾਤਿਆਂ ਨਾਲ ਜੁੜੇ ਹੋਏ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੇ ਸਮੂਹਾਂ ਲਈ ਉਪਲਬਧ ਗਰੰਟੀ–ਮੁਕਤ ਕਰਜ਼ੇ ਨੂੰ ਦੁੱਗਣਾ ਕਰਕੇ 20 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਜੀਵਨ ਦੀ ਵਧ ਰਹੀ ਸੌਖ ਬਾਰੇ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਆਮ ਆਦਮੀ ਨੂੰ ਹਰ ਕੰਮ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ, ਪਰ ਹੁਣ ਸਰਕਾਰ ਖੁਦ ਲੋਕਾਂ ਨੂੰ ਸਾਰੀਆਂ ਸੇਵਾਵਾਂ ਅਤੇ ਸੁਵਿਧਾਵਾਂ ਦੇਣ ਲਈ ਆਉਂਦੀ ਹੈ। ਉਨ੍ਹਾਂ ਅੱਗੇ ਕਿਹਾ,“ਪਹਿਲਾਂ, ਸਰਕਾਰੀ ਕਰਮਚਾਰੀ ਸਮੇਂ ਸਿਰ ਤਨਖਾਹ ਮਿਲਣ ਦੀ ਚਿੰਤਾ ਕਰਦੇ ਸਨ, ਹੁਣ ਉਨ੍ਹਾਂ ਨੂੰ 7ਵੇਂ ਤਨਖਾਹ ਕਮਿਸ਼ਨ ਦਾ ਲਾਭ ਮਿਲ ਰਿਹਾ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਇਤਿਹਾਸ ਵਿੱਚ ਸਾਡੇ ਉੱਤਰ-ਪੂਰਬ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਆਦਿਵਾਸੀ ਜੰਗਜੂਆਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਇਸ ਪਰੰਪਰਾ ਦਾ ਸਨਮਾਨ ਕਰਨ ਲਈ, ਦੇਸ਼ ਇਸ ਵਿਰਾਸਤ ਨੂੰ ਅੱਗੇ ਵਧਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਇਸੇ ਲੜੀ ਵਿੱਚ ਦੇਸ਼ ਨੇ ਅੰਮ੍ਰਿਤ ਮਹੋਤਸਵ ਦੌਰਾਨ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਦੇਸ਼ ਹੁਣ ਹਰ ਸਾਲ 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਨ ਨੂੰ ‘ਜਨਜਾਤੀਯ ਗੌਰਵ ਦਿਵਸ’ ਵਜੋਂ ਮਨਾਏਗਾ। ਇਹ ਦਿਨ 2 ਅਕਤੂਬਰ - ਅਹਿੰਸਾ ਦਿਵਸ, 31 ਅਕਤੂਬਰ ਏਕਤਾ ਦਿਵਸ, 26 ਜਨਵਰੀ ਗਣਤੰਤਰ ਦਿਵਸ, ਰਾਮ ਨੌਮੀ, ਕ੍ਰਿਸ਼ਨਾ ਅਸ਼ਟਮੀ ਆਦਿ ਜਿਹੇ ਰਾਸ਼ਟਰੀ ਆਦਰ–ਮਾਣ ਦੇ ਬਰਾਬਰ ਮਹੱਤਵ ਪ੍ਰਾਪਤ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ,‘ਇਹ ਦਿਨ ਨਾ ਸਿਰਫ਼ ਆਦਿਵਾਸੀ ਸਮਾਜ ਦੇ ਯੋਗਦਾਨ ਨੂੰ ਸ਼ਰਧਾਂਜਲੀ ਭੇਟ ਕਰੇਗਾ, ਸਗੋਂ ਇੱਕਸੁਰ ਸਮਾਜ ਦੇ ਪ੍ਰਤੀਕ ਵਜੋਂ ਵੀ ਉੱਭਰੇਗਾ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਬੁਨਿਆਦੀ ਢਾਂਚਾ ਤਿਆਰ ਕਰਕੇ ਅਤੇ ਕਨੈਕਟੀਵਿਟੀ ਵਿੱਚ ਸੁਧਾਰ ਕਰਕੇ ਇਸ ਖੇਤਰ ਦੀਆਂ ਵਿਸ਼ਾਲ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਖੇਤਰ ਵਿੱਚ ਕੀਤੇ ਜਾ ਰਹੇ ਕੰਮ ਦੇਸ਼ ਨੂੰ ਵਿਕਾਸ ਦੇ ਨਵੇਂ ਸਿਖ਼ਰਾਂ ’ਤੇ ਲੈ ਜਾਣਗੇ।
https://twitter.com/PMOIndia/status/1459797005618745344
https://twitter.com/PMOIndia/status/1459797551209598982
https://twitter.com/PMOIndia/status/1459798244846759936
https://twitter.com/PMOIndia/status/1459798242133102592
https://twitter.com/PMOIndia/status/1459799265232900098
https://twitter.com/PMOIndia/status/1459799975034982400
https://twitter.com/PMOIndia/status/1459799972224716802
https://twitter.com/PMOIndia/status/1459800780022583298
https://twitter.com/PMOIndia/status/1459800777241759746
https://youtu.be/7WEjl_uxLdE
*********
ਡੀਐੱਸ/ਏਕੇ
(Release ID: 1771770)
Visitor Counter : 190
Read this release in:
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam