ਪ੍ਰਧਾਨ ਮੰਤਰੀ ਦਫਤਰ

ਇੰਨੇ ਵੱਡੇ ਪੱਧਰ ’ਤੇ ਟੀਕਾਕਰਣ ਮੁਹਿੰਮ ਮਨੁੱਖੀ ਇਤਿਹਾਸ ਵਿੱਚ ਬੇਮਿਸਾਲ ਹੈ: ਪ੍ਰਧਾਨ ਮੰਤਰੀ


‘ਭਾਰਤ ’ਚ ਬਣੀਆਂ’ ਵੈਕਸੀਨਾਂ ਦੀ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਕੇਵਲ ਤਦ ਹੀ ਦਿੱਤੀ ਗਈ ਹੈ, ਜਦੋਂ ਵਿਗਿਆਨੀ ਤੇ ਮਾਹਿਰ ਉਨ੍ਹਾਂ ਦੀ ਸੁਰੱਖਿਆ ਤੇ ਪ੍ਰਭਾਵਕਤਾ ਬਾਰੇ ਪੂਰੀ ਤਰ੍ਹਾਂ ਦ੍ਰਿੜ੍ਹ ਸਨ: ਪ੍ਰਧਾਨ ਮੰਤਰੀ


ਸਮੁੱਚੇ ਵਿਸ਼ਵ ’ਚ 60 ਫ਼ੀਸਦੀ ਬੱਚਿਆਂ ਨੂੰ ‘ਭਾਰਤ ’ਚ ਬਣੀਆਂ’ ਜੀਵਨ–ਬਚਾਊ ਵੈਕਸੀਨਾਂ ਮਿਲਦੀਆਂ ਹਨ: ਪ੍ਰਧਾਨ ਮੰਤਰੀ

Posted On: 16 JAN 2021 1:46PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਮੁੱਚੇ ਭਾਰਤ ’ਚ ਕੋਵਿਡ–19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਵਿਸ਼ਵ ਦਾ ਸਭ ਤੋਂ ਵਿਸ਼ਾਲ ਟੀਕਾਕਰਣ ਪ੍ਰੋਗਰਾਮ ਹੈ, ਜੋ ਦੇਸ਼ ਦੇ ਕੋਣੇ–ਕੋਣੇ ਤੱਕ ਪੁੱਜੇਗਾ।

 

ਪ੍ਰਧਾਨ ਮੰਤਰੀ ਨੇ ਟੀਕਾਕਰਣ ਮੁਹਿੰਮ ਦੇ ਬੇਮਿਸਾਲ ਪੱਧਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੇ ਗੇੜ ਵਿੱਚ ਹੀ 3 ਕਰੋੜ ਲੋਕਾਂ ਦਾ ਟੀਕਾਕਰਣ ਹੋ ਰਿਹਾ ਹੈ ਤੇ ਇਹ ਅੰਕੜਾ ਵਿਸ਼ਵ ਦੇ ਘੱਟੋ–ਘੱਟ 100 ਦੇਸ਼ਾਂ ਦੀ ਆਬਾਦੀ ਤੋਂ ਵੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਦੂਸਰੇ ਗੇੜ ’ਚ 30 ਕਰੋੜ ਲੋਕਾਂ ਦਾ ਟੀਕਾਕਰਣ ਹੋਵੇਗਾ; ਜਿਨ੍ਹਾਂ ਵਿੱਚ ਬਜ਼ੁਰਗ ਤੇ ਪਹਿਲਾਂ ਤੋਂ ਗੰਭੀਰ ਰੋਗਾਂ ਨਾਲ ਜੂਝ ਰਹੇ ਲੋਕ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਦੁਨੀਆ ’ਚ ਸਿਰਫ਼ ਤਿੰਨ ਦੇਸ਼ – ਭਾਰਤ, ਅਮਰੀਕਾ ਤੇ ਚੀਨ ਹੀ ਹਨ, ਜਿਨ੍ਹਾਂ ਦੀ ਆਬਾਦੀ 30 ਕਰੋੜ ਤੋਂ ਜ਼ਿਆਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇੰਨੇ ਵੱਡੇ ਪੱਧਰ ਉੱਤੇ ਟੀਕਾਕਰਣ ਮੁਹਿੰਮ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਈ ਤੇ ਇਸ ਤੋਂ ਭਾਰਤ ਦੀ ਸਮਰੱਥਾ ਦਾ ਪਤਾ ਲੱਗਦਾ ਹੈ।

 

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਉਹ ਅਫ਼ਵਾਹਾਂ ਤੇ ਕੂੜ–ਪ੍ਰਚਾਰ ਵੱਲ ਕੋਈ ਧਿਆਨ ਨਾ ਦੇਣ ਕਿਉਂਕਿ ਭਾਰਤ ’ਚ ਬਣੀਆਂ ਇਹ ਵੈਕਸੀਨਾਂ ਕੇਵਲ ਤਦ ਹੀ ਐਮਰਜੈਂਸੀ ਵਰਤੋਂ ਲਈ ਪ੍ਰਵਾਨ ਹੋਈਆਂ ਹਨ, ਜਦੋਂ ਵਿਗਿਆਨੀਆਂ ਤੇ ਮਾਹਿਰਾਂ ਨੇ ਉਨ੍ਹਾਂ ਦੀ ਸੁਰੱਖਿਆ ਅਤੇ ਪ੍ਰਭਾਵਕਤਾ ਬਾਰੇ ਪੂਰੀ ਤਸੱਲੀ ਪ੍ਰਗਟਾਈ ਸੀ। ਇਸ ਸਬੰਧੀ ਭਾਰਤੀ ਵੈਕਸੀਨ ਵਿਗਿਆਨੀ, ਮੈਡੀਕਲ ਪ੍ਰਣਾਲੀ, ਭਾਰਤੀ ਪ੍ਰਕਿਰਿਆ ਤੇ ਸੰਸਥਾਗਤ ਪ੍ਰਬੰਧ ਉੱਤੇ ਪੂਰੀ ਦੁਨੀਆ ਨੂੰ ਭਰੋਸਾ ਹੈ ਅਤੇ ਇਹ ਭਰੋਸਾ ਪਿਛਲੇ ਨਿਰੰਤਰ ਵਧੀਆ ਟ੍ਰੈਕ ਰਿਕਾਰਡ ਕਾਰਨ ਕਾਇਮ ਹੋਇਆ ਹੈ। ਪ੍ਰਧਾਨ ਮੰਤਰੀ ਨੇ ਇਹ ਨੁਕਤਾ ਉਭਾਰਿਆ ਕਿ ਦੁਨੀਆ ਦੇ 60 ਫ਼ੀਸਦੀ ਬੱਚਿਆਂ ਨੂੰ ਭਾਰਤ ’ਚ ਬਣੀਆਂ ਜੀਵਨ–ਬਚਾਊ ਵੈਕਸੀਨਾਂ ਮਿਲਦੀਆਂ ਹਨ ਅਤੇ ਉਹ ਸਖ਼ਤ ਭਾਰਤੀ ਵਿਗਿਆਨਕ ਪਰੀਖਣਾਂ ਵਿੱਚੋਂ ਲੰਘਦੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵੈਕਸੀਨ ਮੁਹਾਰਤ ਤੇ ਭਾਰਤੀ ਵੈਕਸੀਨ ਵਿਗਿਆਨੀਆਂ ਉੱਤੇ ਇਹ ਭਰੋਸਾ ਹੁਣ ਭਾਰਤ ’ਚ ਬਣੀ ਕੋਰੋਨਾ ਵੈਕਸੀਨ ਦੁਆਰਾ ਹੋਰ ਮਜ਼ਬੂਤ ਹੋਣ ਜਾ ਰਿਹਾ ਹੈ। ਭਾਰਤੀ ਵੈਕਸੀਨਾਂ ਵਿਦੇਸ਼ੀ ਵੈਕਸੀਨਾਂ ਦੇ ਮੁਕਾਬਲੇ ਨਾ ਸਿਰਫ਼ ਬਹੁਤ ਜ਼ਿਆਦਾ ਸਸਤੀਆਂ ਹਨ, ਬਲਕਿ ਉਹ ਦੇਣੀਆਂ ਵੀ ਬਹੁਤ ਅਸਾਨ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਵਿਦੇਸ਼ੀ ਵੈਕਸੀਨਾਂ ਦੀ ਕੀਮਤ ਤਾਂ ਪੰਜ ਹਜ਼ਾਰ ਰੁਪਏ ਪ੍ਰਤੀ ਖ਼ੁਰਾਕ ਹੈ ਤੇ ਉਨ੍ਹਾਂ ਨੁੰ ਮਨਫ਼ੀ (–) 70 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਸੰਭਾਲ ਕੇ ਰੱਖਣਾ ਪੈਂਦਾ ਹੈ। ਜਦ ਕਿ ਭਾਰਤੀ ਵੈਕਸੀਨਾਂ ਭਾਰਤ ’ਚ ਕਈ ਸਾਲਾਂ ਤੋਂ ਪੂਰੀ ਤਰ੍ਹਾਂ ਪਰਖੀ ਹੋਈ ਟੈਕਨੋਲੋਜੀ ਉੱਤੇ ਆਧਾਰਤ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਟੋਰੇਜ ਤੇ ਲਿਆਉਣ–ਲਿਜਾਣ ਦੇ ਮਾਮਲੇ ’ਚ ਇਹ ਵੈਕਸੀਨਾਂ ਪੂਰੀ ਤਰ੍ਹਾਂ ਭਾਰਤ ਦੀਆਂ ਪਰਿਸਥਿਤੀਆਂ ਮੁਤਾਬਕ ਢੁਕਵੀਂਆਂ ਹਨ ਤੇ ਇਹ ਕੋਰੋਨਾ ਖ਼ਿਲਾਫ਼ ਸਾਡੀ ਜੰਗ ਵਿੱਚ ਇੱਕ ਫ਼ੈਸਲਾਕੁੰਨ ਜਿੱਤ ਹਾਸਲ ਕਰਨਗੀਆਂ।

 

ਸ਼੍ਰੀ ਮੋਦੀ ਨੇ ਕੋਰੋਨਾ ਨਾਲ ਭਾਰਤ ਦੀ ਜੰਗ ਨੂੰ ਆਤਮ–ਵਿਸ਼ਵਾਸ ਅਤੇ ਆਤਮ–ਨਿਰਭਰਤਾ ਨਾਲ ਭਰਪੂਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਰੇਕ ਭਾਰਤੀ ਵਿੱਚ ਆਪਣਾ ਆਤਮ–ਵਿਸ਼ਵਾਸ ਕਮਜ਼ੋਰ ਨਾ ਹੋਣ ਦੇਣ ਦਾ ਦ੍ਰਿੜ੍ਹ ਇਰਾਦਾ ਹੈ। ਉਨ੍ਹਾਂ ਸਿਰਫ਼ ਇੱਕ ਕੋਰੋਨਾ ਲੈਬ ਤੋਂ 2,300 ਲੈਬਸ. ਦੇ ਮਜ਼ਬੂਤ ਨੈੱਟਵਰਕ ਤੱਕ; ਨਿਰਭਾਰਤਾ ਤੋਂ ਆਤਮ–ਨਿਰਭਰਤਾ ਤੋਂ ਮਾਸਕਸ, ਪੀਪੀਈ ਤੇ ਵੈਂਟੀਲੇਟਰਜ਼ ਦੀ ਬਰਾਮਦਗੀ ਦੀ ਸਮਰੱਥਾ ਦੀ ਯਾਤਰਾ ਨੂੰ ਚੇਤੇ ਕੀਤਾ। ਉਨ੍ਹਾਂ ਟੀਕਾਕਰਣ ਮੁਹਿੰਮ ਦੇ ਇਸ ਗੇੜ ਦੌਰਾਨ ਆਮ ਜਨਤਾ ਨੂੰ ਆਤਮ–ਵਿਸ਼ਵਾਸ ਤੇ ਆਤਮ–ਨਿਰਭਰਤਾ ਦੀ ਉਹੀ ਭਾਵਨਾ ਦਿਖਾਉਣ ਲਈ ਕਿਹਾ।

 

 

*****

 

ਡੀਐੱਸ



(Release ID: 1689128) Visitor Counter : 166