ਪ੍ਰਧਾਨ ਮੰਤਰੀ ਦਫਤਰ

ਭਾਰਤ–ਬੰਗਲਾਦੇਸ਼ ਵਰਚੁਅਲ ਸਮਿਟ ਬਾਰੇ ਸੰਯੁਕਤ ਬਿਆਨ

Posted On: 17 DEC 2020 4:07PM by PIB Chandigarh

1. ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਅਤੇ ਬੰਗਲਾਦੇਸ਼ ਲੋਕ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ਼ ਹਸੀਨਾ ਨੇ 17 ਦਸੰਬਰ, 2020 ਨੂੰ ਵਰਚੁਅਲ ਫ਼ਾਰਮੈਟ ’ਚ ਇੱਕ ਸਿਖ਼ਰ ਸੰਮੇਲਨ ਦਾ ਆਯੋਜਨ ਕੀਤਾ। ਦੋਵੇਂ ਧਿਰਾਂ ਨੇ ਦੁਵੱਲੇ ਸਬੰਧਾਂ ਨਾਲ ਸਬੰਧਿਤ ਸਾਰੇ ਪੱਖਾਂ ਬਾਰੇ ਵਿਆਪਕ ਵਿਚਾਰ–ਵਟਾਂਦਰਾ ਕੀਤਾ ਤੇ ਖੇਤਰੀ ਤੇ ਅੰਤਰਰਾਸ਼ਟਰੀ ਮਸਲਿਆਂ ਬਾਰੇ ਵਿਚਾਰ ਸਾਂਝੇ ਕੀਤੇ।

ਭਾਰਤ–ਬੰਗਲਾਦੇਸ਼ ਭਾਈਵਾਲੀ

2. ਦੋਵੇਂ ਪ੍ਰਧਾਨ ਮੰਤਰੀਆਂ ਨੇ ਇਤਿਹਾਸ, ਸੱਭਿਆਚਾਰ, ਭਾਸ਼ਾ ਤੇ ਭਾਈਵਾਲੀ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਨ ਵਾਲੀਆਂ ਹੋਰ ਵਿਲੱਖਣ ਸਾਂਝੀਆਂ ਗੱਲਾਂ ਦੇ ਸਾਂਝੇ ਸਬੰਧਾਂ ਦੇ ਅਧਾਰ ਉੱਤੇ ਦੁਵੱਲੇ ਸਬੰਧਾਂ ਦਾ ਮੌਜੂਦਾ ਸਥਿਤੀ ਉੱਤੇ ਤਸੱਲੀ ਪ੍ਰਗਟਾਈ। ਉਨ੍ਹਾਂ ਜ਼ੋਰ ਦਿੱਤਾ ਕਿ ਬੰਗਲਾਦੇਸ਼ ਤੇ ਭਾਰਤ ਵਿਚਾਲੇ ਸਬੰਧਿਤ ਆਪਸੀ ਭਾਈਚਾਰਕ ਸਬੰਧਾਂ ਉੱਤੇ ਅਧਾਰਤ ਹਨ ਤੇ ਰਣਨੀਤਕ ਭਾਈਵਾਲੀ ਤੋਂ ਅਗਾਂਹ ਪ੍ਰਭੂਸੱਤਾ, ਸਮਾਨਤਾ, ਵਿਸ਼ਵਾਸ ਤੇ ਸਮਝ ਉੱਤੇ ਅਧਾਰਤ ਭਾਈਵਾਲੀ ਦਾ ਪ੍ਰਤੀਬਿੰਬ ਹਨ। ਉਨ੍ਹਾਂ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਦੇ ਸ਼ਹੀਦਾਂ ਭਾਵ ਮੁਕਤੀ–ਜੋਧਿਆਂ ਨੂੰ 1971 ’ਚ ਦਿੱਤੀਆਂ ਮਹਾਨ ਸ਼ਹਾਦਤਾਂ ਲਈ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੋ ਮਿੱਤਰ ਦੇਸ਼ਾਂ ਦੀ ਜਨਤਾ ਖ਼ਾਹਿਸ਼ਾਂ ਅਨੁਸਾਰ ਲੋਕਤੰਤਰ ਤੇ ਸਮਾਨਤਾ ਦੀਆਂ ਰਵਾਇਤੀ ਕਦਰਾਂ–ਕੀਮਤਾਂ ਨੂੰ ਦਰੁਸਤ ਠਹਿਰਾਉਣ ਤੇ ਉਨ੍ਹਾਂ ਦੀ ਰਾਖੀ ਕਰਨ ਦਾ ਸੰਕਲਪ ਲਿਆ।

3. ਦੋਵੇਂ ਆਗੂਆਂ ਨੇ ਅਕਤੂਬਰ 2019 ’ਚ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਅਧਿਕਾਰਤ ਦਿੱਲੀ ਦੌਰੇ ਮੌਕੇ ਲਏ ਵਿਭਿੰਨ ਫ਼ੈਸਲਿਆਂ ਦੀ ਪ੍ਰਗਤੀ ਉੱਤੇ ਤਸੱਲੀ ਪ੍ਰਗਟਾਈ। ਦੋਵੇਂ ਧਿਰਾਂ ਨੇ ਸਤੰਬਰ 2020 ’ਚ ਸਾਂਝੇ ਸਲਾਹ ਕਮਿਸ਼ਨ ਦੀ ਛੇਵੀਂ ਸਫ਼ਲ ਬੈਠਕ ਨੂੰ ਵੀ ਚੇਤੇ ਕੀਤਾ।

ਸਿਹਤ ਖੇਤਰ ਵਿੱਚ ਸਹਿਯੋਗ – ਵਿਸ਼ਵ–ਪੱਧਰੀ ਜਨ–ਸਿਹਤ ਚੁਣੌਤੀ ਦਾ ਹੱਲ ਲੱਭਦਿਆਂ

4. ਦੋਵੇਂ ਧਿਰਾਂ ਨੇ ਆਪੋ–ਆਪਣੇ ਦੇਸ਼ਾਂ ’ਚ ਚਲ ਰਹੀ ਕੋਵਿਡ–19 ਮਹਾਮਾਰੀ ਦੀ ਸਥਿਤੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਉਸ ਤਰੀਕੇ ਉੱਤੇ ਤਸੱਲੀ ਪ੍ਰਗਟਾਈ, ਜਿਸ ਰਾਹੀਂ ਦੋਵੇਂ ਦੇਸ਼ਾਂ ਦੌਰਾਨ ਇਸ ਚਲ ਰਹੇ ਸੰਕਟ ਦੌਰਾਨ ਵੀ ਆਪਸੀ ਗਤੀਵਿਧੀਆਂ ਨੂੰ ਜਾਰੀ ਰੱਖਿਆ ਗਿਆ। ਭਾਰਤ ਵੱਲੋਂ ‘ਭਾਰਤ ਦਾ ਗੁਆਂਢ ਪਹਿਲਾਂ ਨੀਤੀ’ ਅਧੀਨ ਬੰਗਲਾਦੇਸ਼ ਨੂੰ ਉੱਚਤਮ ਤਰਜੀਹ ਦਿੰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਰੋਸਾ ਦਿਵਾਇਆ ਕਿ ਭਾਰਤ ’ਚ ਜਦੋਂ ਵੀ ਵੈਕਸੀਨਾਂ ਤਿਆਰ ਹੋ ਜਾਣਗੀਆਂ, ਤਿਵੇਂ ਹੀ ਉਹ ਬੰਗਲਾਦੇਸ਼ ਨੂੰ ਉਪਲਬਧ ਕਰਵਾਈਆਂ ਜਾਣਗੀਆਂ। ਦੋਵੇਂ ਆਗੂਆਂ ਨੇ ਇਸ ਖੇਤਰ ਦੇ ਨਿਜੀ ਖੇਤਰ ਵਿਚਾਲੇ ਚਲ ਰਹੇ ਦੁਵੱਲੇ ਤਾਲਮੇਲ ਨੂੰ ਵੀ ਨੋਟ ਕੀਤਾ।

5. ਭਾਰਤ ਨੇ ਵੈਕਸੀਨ ਉਤਪਾਦਨ ਵਿੱਚ ਇਲਾਜ ਤੇ ਭਾਈਵਾਲੀ ਲਈ ਤਾਲਮੇਲ ਦੀ ਪੇਸ਼ਕਸ਼ ਵੀ ਕੀਤੀ। ਬੰਗਲਾਦੇਸ਼ ਨੇ ਬੰਗਲਾ ਭਾਸ਼ਾ ਵਿੱਚ ਮੈਡੀਕਲ ਪੇਸ਼ੇਵਰਾਂ ਲਈ ਭਾਰਤ ਵੱਲੋਂ ਕਰਵਾਏ ਜਾ ਰਹੇ ਸਮਰੱਥਾ ਨਿਰਮਾਣ ਕੋਰਸਾਂ ਦੀ ਸ਼ਲਾਘਾ ਕੀਤੀ।

ਸੱਭਿਆਚਾਰਕ ਸਹਿਯੋਗ – ਇਤਿਹਾਸਕ ਸਬੰਧਾਂ ਦਾ ਸਾਂਝਾ ਜਸ਼ਨ

6. ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਚਲ ਰਹੇ ‘ਮੁਜੀਬ ਬੋਰਸ਼ੋ’ ਮੌਕੇ ਵਿਭਿੰਨ ਸਮਾਰੋਹ ਆਯੋਜਿਤ ਕਰਵਾਉਣ ਲਈ ਭਾਰਤ ਦੇ ਨਿੱਘੇ ਭਾਵ ਦੀ ਦਿਲੋਂ ਸ਼ਲਾਘਾ ਕੀਤੀ। ਦੋਵੇਂ ਪ੍ਰਧਾਨ ਮੰਤਰੀਆਂ ਨੇ ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ ਦੀ ਜਨਮ–ਸ਼ਤਾਬਦੀ ਮੌਕੇ ਭਾਰਤ ਸਰਕਾਰ ਵੱਲੋਂ ਜਾਰੀ ਇੱਕ ਯਾਦਗਾਰੀ ਡਾਕ–ਟਿਕਟ ਦੀ ਸਾਂਝੇ ਤੌਰ ਉੱਤੇ ਜਾਰੀ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲਾਂ ਸਤੰਬਰ 2020 ’ਚ ਗਾਂਧੀ ਜੀ ਦੀ 150ਵੀਂ ਜਯੰਤੀ ਮੌਕੇ ਮਹਾਤਮਾ ਗਾਂਧੀ ਦੇ ਸਨਮਾਨ ਵਿੱਚ ਇੱਕ ਡਾਕ–ਟਿਕਟ ਜਾਰੀ ਕਰਨ ਲਈ ਬੰਗਲਾਦੇਸ਼ ਸਰਕਾਰ ਦਾ ਧੰਨਵਾਦ ਕੀਤਾ।

7. 20ਵੀਂ ਸਦੀ ਦੇ ਦੋ ਮਹਾਨ ਆਗੂਆਂ ਮਹਾਤਮਾ ਗਾਂਧੀ ਅਤੇ ਬੰਗਬੰਧੂ ਦੇ ਦੋ ਮਹਾਨ ਆਗੂਆਂ ਦੀ ਯਾਦ ਵਿੱਚ ਡਿਜੀਟਲ ਪ੍ਰਦਰਸ਼ਨੀ ਬਾਰੇ ਜਾਣ–ਪਛਾਣ ਦੀ ਇੱਕ ਵਿਡੀਓ ਵੀ ਇਸ ਮੌਕੇ ਵਿਖਾਈ ਗਈ ਸੀ। ਦੋਵੇਂ ਆਗੂਆਂ ਨੇ ਆਸ ਪ੍ਰਗਟਾਈ ਕਿ ਬੰਗਲਾਦੇਸ਼ ਤੇ ਭਾਰਤ ਦੇ ਵਿਭਿੰਨ ਸ਼ਹਿਰਾਂ ਅਤੇ ਵਿਸ਼ਵ ਦੇ ਚੋਣਵੇਂ ਸ਼ਹਿਰਾਂ ਦੇ ਨਾਲ–ਨਾਲ ਸੰਯੁਕਤ ਰਾਸ਼ਟਰ ਵਿੱਚ ਲੱਗਣ ਵਾਲੀ ਇਹ ਪ੍ਰਦਰਸ਼ਨੀ ਖ਼ਾਸ ਕਰਕੇ ਨੌਜਵਾਨਾਂ ਵਿੱਚ ਨਿਆਂ, ਸਮਾਨਤਾ ਤੇ ਅਹਿੰਸਾ ਦੀਆਂ ਕਦਰਾਂ–ਕੀਮਤਾਂ ਨੂੰ ਪ੍ਰੇਰਿਤ ਕਰੇਗੀ।

8. ਦੋਵੇਂ ਧਿਰਾਂ ਨੇ ਇਹ ਵੀ ਨੋਟ ਕੀਤਾ ਕਿ ਭਾਰਤ ਦੇ ਫ਼ਿਲਮ ਨਿਰਦੇਸ਼ਕ ਸ਼ਿਆਮ ਬੈਨੇਗਲ ਦੀ ਹਦਾਇਤਕਾਰੀ ਅਧੀਨ ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ ਦੀ ਸਵੈ–ਜੀਵਨੀ ਉੱਤੇ ਬਣਨ ਵਾਲੀ ਫ਼ਿਲਮ ਦਾ ਫ਼ਿਲਮਾਂਕਣ ਜਨਵਰੀ 2021 'ਚ ਸ਼ੁਰੂ ਹੋਵੇਗਾ।

9. ਇਹ ਨੋਟ ਕਰਦਿਆਂ ਕਿ ਸਾਲ 2021 ਭਾਰਤ ਅਤੇ ਬੰਗਲਾਦੇਸ਼ ਦੇ ਦੁਵੱਲੇ ਸਬੰਧਾਂ ਲਈ ਇਤਿਹਾਸਕ ਹੋਵੇਗਾ ਕਿਉਂਕਿ ਉਹ ਆਜ਼ਾਦੀ ਦੀ ਜੰਗ ਅਤੇ ਭਾਰਤ ਤੇ ਬੰਗਲਾਦੇਸ਼ ਵਿਚਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮਨਾਉਣਗੇ, ਇਸ ਲਈ ਭਾਰਤ, ਬੰਗਲਾਦੇਸ਼ ਤੇ ਤੀਜੇ ਦੇਸ਼ਾਂ ਵਿੱਚ ਇਨ੍ਹਾਂ ਦੋ ਅਹਿਮ ਯਾਦਗਾਰੀ ਸਮਾਰੋਹਾਂ ਦੀਆਂ ਕਈ ਗਤੀਵਿਧੀਆਂ ਸਾਂਝੇ ਤੌਰ ਉੱਤੇ ਆਯੋਜਿਤ ਕਰਨ ਲਈ ਸਹਿਮਤੀ ਹੋਈ।

10. ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਧਿਰ ਨੂੰ ਬੇਨਤੀ ਕੀਤੀ ਕਿ ਉਹ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਦੌਰਾਨ ਸੜਕ ਦੀ ਇਤਿਹਾਸਕ ਮਹੱਤਤਾ ਦੀ ਯਾਦਗਾਰੀ ਵਜੋਂ ਬੰਗਲਾਦੇਸ਼–ਭਾਰਤ ਸਰਹੱਦ ਉੱਤੇ ਮੁਜੀਬ ਨਗਰ ਤੋਂ ਨੌਇਡਾ ਤੱਕ ਦੀ ਇਤਿਹਾਸਕ ਸੜਕ ਦਾ ਨਾਮ ‘ਸ਼ਾਧੀਨੋਤਾ ਸ਼ੋਰੋਕ’ ਵਜੋਂ ਰੱਖਣ ਦੀ ਬੰਗਲਾਦੇਸ਼ ਦੀ ਤਜਵੀਜ਼ ਉੱਤੇ ਵਿਚਾਰ ਕਰਨ।

11. ਦੋਵੇਂ ਧਿਰਾਂ ਨੇ ਸੱਭਿਆਚਾਰ, ਸਿੱਖਿਆ, ਵਿਗਿਆਨ ਤੇ ਟੈਕਨੋਲੋਜੀ, ਯੁਵਾ ਤੇ ਖੇਡਾਂ ਅਤੇ ਮਾਸ ਮੀਡੀਆ ਨੂੰ ਉਤਸ਼ਾਹਿਤ ਕਰਨ ਲਈ ਸਮੂਹਾਂ ਦੇ ਨਿਯਮਿਤ ਅਦਾਨ–ਪ੍ਰਦਾਨ ਨੂੰ ਜਾਰੀ ਰੱਖਣ ਦੀ ਗੱਲ ਦੁਹਰਾਈ।

ਸਰਹੱਦ ਪ੍ਰਬੰਧ ਤੇ ਸੁਰੱਖਿਆ ਸਹਿਯੋਗ

12. ਦੋਵੇਂ ਧਿਰਾਂ ਨੇ ਸਰਹੱਦਾਂ ਦੀ ਹੱਦਬੰਦੀ ਨੂੰ ਤੈਅ ਕਰਨ ਨੂੰ ਅੰਤਿਮ ਰੂਪ ਦੇਣ ਲਈ ਮੁੱਖ ਥੰਮ੍ਹ 1 ਤੋਂ ਬਾਊਂਡਰੀ ਟਰਮੀਨਸ ਤੱਕ ਇੱਛਾਮਤੀ, ਕਾਲਿੰਦੀ, ਰਾਇਮੋਂਗੋਲ ਅਤੇ ਹਰੀਭੰਗ ਨਦੀਆਂ ਦੀ ਪੱਟੀ ਨਾਲ ਪੱਟੀ ਨਕਸ਼ਿਆਂ ਦਾ ਇੱਕ ਨਵਾਂ ਸੈੱਟ ਤਿਆਰ ਕਰਨ ਲਈ ਸਾਂਝੀ ਸਰਹੱਦੀ ਕਾਨਫ਼ਰੰਸ ਦੀ ਮੀਟਿੰਗ ਛੇਤੀ ਸੱਦਣ ਲਈ ਸਹਿਮਤ ਹੋਈਆਂ। ਕੁਸ਼ੀਆਰਾ ਨਦੀ ਦੇ ਨਾਲ ਅੰਤਰਰਾਸ਼ਟਰੀ ਸਰਹੱਦ ਨੂੰ ਇੱਕ ਤੈਅਸ਼ੁਦਾ ਸਰਹੱਦ ਵਿੱਚ ਤਬਦੀਲ ਕਰਨ ਲਈ ਲੋੜੀਂਦਾ ਕਰਨ ਲਈ ਸਹਿਮਤੀ ਪ੍ਰਗਟਾਈ ਗਈ।

13. ਬੰਗਲਾਦੇਸ਼ ਵੱਲੋਂ ਰਾਜਸ਼ਾਹੀ ਜ਼ਿਲ੍ਹੇ ਨੇੜੇ ਪਦਮਾ ਨਦੀ ਦੇ ਨਾਲ ਦਰਿਆਈ ਰੂਟ ਰਾਹੀਂ 1.3 ਕਿਲੋਮੀਟਰ ਇਨੋਸੈਂਟ ਰਾਹ ਲਈ ਬੇਨਤੀ ਦੁਹਰਾਈ। ਭਾਰਤੀ ਧਿਰ ਨੇ ਇਸ ਬੇਨਤੀ ਉੱਤੇ ਵਿਚਾਰ ਕਰਨ ਦਾ ਭਰੋਸਾ ਦਿਵਾਇਆ।

14. ਦੋਵੇਂ ਆਗੂ ਦੋਵੇਂ ਦੇਸ਼ਾਂ ਦਰਮਿਆਨ ਤ੍ਰਿਪੁਰਾ (ਭਾਰਤ)–ਬੰਗਲਾਦੇਸ਼ ਖੇਤਰ ਤੋਂ ਸ਼ੁਰੂ ਹੋ ਕੇ ਅੰਤਰਰਾਸ਼ਟਰੀ ਸਰਹੱਦ ਉੱਤੇ ਸਾਰੇ ਮੁਲਤਵੀ ਖੇਤਰਾਂ ਉੱਤੇ ਸਰਹੱਦੀ ਵਾੜ ਮੁਕੰਮਲ ਕਰਨ ਦੀ ਸੁਵਿਧਾ ਦੇਣ ਉੱਤੇ ਸਹਿਮਤੀ ਪ੍ਰਗਟਾਈ। ਦੋਵੇਂ ਆਗੂ ਇਸ ਗੱਲ ਉੱਤੇ ਵੀ ਸਹਿਮਤ ਹੋਏ ਕਿ ਸਰਹੱਦ ਉੱਤੇ ਸ਼ਹਿਰੀ ਜਾਨੀ ਨੁਕਸਾਨ ਉੱਤੇ ਚਿੰਤਾ ਪ੍ਰਗਟਾਉਂਦਿਆਂ ਸਰਹੱਦੀ ਬਲਾਂ ਨੂੰ ਹਦਾਇਤ ਕੀਤੀ ਕਿ ਉਹ ਸਰਹੱਦ ਉੱਤੇ ਅਜਿਹੀਆਂ ਘਟਨਾਵਾਂ ਖ਼ਤਮ ਕਰਨ ਵਾਸਤੇ ਕੰਮ ਕਰਨ ਲਈ ਆਪਸੀ ਤਾਲਮੇਲ ਵਧਾਉਣ। ਆਗੂਆਂ ਨੇ ਤਾਲਮੇਲ ਨਾਲ ਚਲ ਰਹੀ ਸਰਹੱਦ ਪ੍ਰਬੰਧ ਯੋਜਨਾ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਉੱਤੇ ਜ਼ੋਰ ਦਿੱਤਾ। ਦੋਵੇਂ ਧਿਰਾਂ ਨੇ ਹਥਿਆਰਾਂ, ਨਸ਼ੀਲੇ ਪਦਾਰਥਾਂ ਤੇ ਜਾਅਲੀ ਕਰੰਸੀ ਦੀ ਸਮੱਗਲਿੰਗ ਵਿਰੁੱਧ ਅਤੇ ਖ਼ਾਸ ਕਰਕੇ ਔਰਤਾਂ ਤੇ ਬੱਚਿਆਂ ਦੀ ਸਮੱਗਲਿੰਗ ਦੀ ਰੋਕਥਾਮ ਲਈ ਦੋਵੇਂ ਦੇਸ਼ਾਂ ਦੀ ਸਰਹੱਦ ਦੀ ਰਾਖੀ ਕਰਨ ਵਾਲੇ ਬਲਾਂ ਦੀਆਂ ਹਾਲ ਹੀ ਵਿੱਚ ਵਧਾਈਆਂ ਕੋਸ਼ਿਸ਼ਾਂ ਉੱਤੇ ਤਸੱਲੀ ਪ੍ਰਗਟਾਈ। 

15. ਇਹ ਨੋਟ ਕਰਦਿਆਂ ਕਿ ਬੰਗਲਾਦੇਸ਼ ਤੇ ਭਾਰਤਾਂ ਨੂੰ ਨਿਰੰਤਰ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈਂਦਾਹੈ, ਦੋਵੇਂ ਆਗੂਆਂ ਨੇ ਆਫ਼ਤ ਪ੍ਰਬੰਧਨ ਸਹਿਯੋਗ ਦੇ ਖੇਤਰ ਵਿੱਚ ਸਹਿਮਤੀ–ਪੱਤਰ ਨੂੰ ਤੇਜ਼ੀ ਨਾਲ ਅੰਤਿਮ ਰੂਪ ਦੇਣ ਦੀ ਹਦਾਇਤ ਜਾਰੀ ਕੀਤੀ।

16. ਇਸ ਗੱਲ ਨੂੰ ਕਬੂਲ ਕਰਦਿਆਂ ਕਿ ਦਹਿਸ਼ਤਗਰਦੀ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਲਈ ਖ਼ਤਰਾ ਬਣੀ ਹੋਈ ਹੈ, ਦੋਵੇਂ ਧਿਰਾਂ ਨੇ ਹਰ ਤਰ੍ਹਾਂ ਦੀ ਪ੍ਰਤੱਖ ਦਹਿਸ਼ਤਗਰਦੀ ਨੂੰ ਖ਼ਤਮ ਕਰਨ ਲਈ ਆਪਣੀ ਮਜ਼ਬੂਤ ਪ੍ਰਤੀਬੱਧਤਾ ਪ੍ਰਗਟਾਈ।

17. ਦੋਵੇਂ ਧਿਰਾਂ ਨੇ ਦੋਵੇਂ ਦੇਸ਼ਾਂ ਵਿਚਾਲੇ ਲੋਕਾਂ ਤੋਂ ਲੋਕਾਂ ਤੱਕ ਲਹਿਰ ਨੂੰ ਸਰਲ ਬਣਾਉਣ ਉੱਤੇ ਜ਼ੋਰ ਦਿੱਤਾ। ਬੰਗਲਾਦੇਸ਼ ਨੇ ਭਾਰਤ ਸਥਿਤ ਜ਼ਮੀਨੀ ਬੰਦਰਗਾਹਾਂ ਤੋਂ ਇੱਕ ਪੜਾਅਵਾਰ ਢੰਗ ਨਾਲ ਵੈਧ ਦਸਤਾਵੇਜ਼ਾਂ ਉੱਤੇ ਆਉਣ–ਜਾਣ ਉੱਤੇ ਬਾਕੀ ਰਹਿੰਦੀਆਂ ਪਾਬੰਦੀਆਂ ਹਟਾਉਣ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਛੇਤੀ ਲਾਗੂ ਕਰਨ ਦੀ ਬੇਨਤੀ ਕੀਤੀ, ਜੋ ਅਖੌੜਾ (ਤ੍ਰਿਪੁਰਾ) ਅਤੇ ਘੋਜਾਡਾਂਗਾ (ਪੱਛਮੀ ਬੰਗਾਲ) ਸਥਿਤ ਚੈੱਕ–ਨਾਕਿਆਂ ਤੋਂ ਸ਼ੁਰੂ ਹੁੰਦੀ ਹੈ।

ਵਿਕਾਸ ਲਈ ਵਪਾਰ ਭਾਈਵਾਲੀ

18. ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਸਾਲ 2011 ਤੋਂ SAFTA ਅਧੀਨ ਦਿੱਤੀਆਂ ਗਈਆਂ ਭਾਰਤ ਨੂੰ ਬੰਗਲਾਦੇਸ਼ੀ ਬਰਾਮਦਾਂ ਦੀ ਡਿਊਟੀ–ਮੁਕਤ ਤੇ ਕੋਟਾ–ਮੁਕਤ ਪਹੁੰਚ ਦੀ ਸ਼ਲਾਘਾ ਕੀਤੀ। ਦੋਵੇਂ ਪ੍ਰਧਾਨ ਮੰਤਰੀਆਂ ਨੇ ਨੌਨ–ਟੈਰਿਫ਼ ਅੜਿੱਕਿਆਂ ਦੇ ਮੁੱਦਿਆਂ ਤੇ ਬੰਗਰਗਾਹਾਂ ਦੀਆਂ ਪਾਬੰਦੀਆਂ, ਕਾਰਜ–ਵਿਧੀਆਂ ਦੀਆਂ ਰੁਕਾਵਟਾਂ ਤੇ ਕੁਆਰੰਟੀਨ ਪਾਬੰਦੀਆਂ ਸਮੇਤ ਕਾਰੋਬਾਰੀ ਸੁਵਿਧਾ ਜਿਹੇ ਮੁੱਦਿਆਂ ਦਾ ਹੱਲ ਲੱਭਣ ਉੱਤੇ ਜ਼ੋਰ ਦਿੱਤਾ, ਤਾਂ ਜੋ ਦੋਵੇਂ ਦੇਸ਼ਾਂ ਨੂੰ SAFTA ਲਚਕਤਾ ਦਾ ਪੂਰਾ ਲਾਭ ਮਿਲ ਸਕੇ। ਬੰਗਲਾਦੇਸ਼ੀ ਧਿਰ ਨੇ ਬੇਨਤੀ ਕੀਤੀ ਕਿ ਬੰਗਲਾਦੇਸ਼ ਨੂੰ ਭਾਰਤ ਦੀਆਂ ਜ਼ਰੂਰੀ ਵਸਤਾਂ ਦੀ ਬਰਾਮਦ ਇੱਕ ਅਹਿਮ ਤੱਤ ਹੈ, ਜੋ ਉਨ੍ਹਾਂ ਦੇ ਘਰੇਲੂ ਬਜ਼ਾਰ ਉੱਤੇ ਅਸਰ ਪਾਉਂਦਾ ਹੈ, ਭਾਰਤ ਸਰਕਾਰ ਦੀ ਬਰਾਮਦ–ਦਰਾਮਦ ਨੀਤੀ ਵਿੱਚ ਕੋਈ ਸੋਧਾਂ ਬਾਰੇ ਪਹਿਲਾਂ ਦੱਸਿਆ ਜਾ ਸਕਦਾ ਹੈ। ਭਾਰਤੀ ਧਿਰ ਨੇ ਇਸ ਬੇਨਤੀ ਨੂੰ ਨੋਟ ਕੀਤਾ।

19. ਦੋਵੇਂ ਆਗੂਆਂ ਨੇ ਕੋਵਿਡ–19 ਦੌਰਾਨ ਸਾਈਡ–ਡੋਰ ਕੰਟੇਨਰ ਅਤੇ ਪਾਰਸਲ ਰੇਲਾਂ ਦੀ ਵਰਤੋਂ ਕਰਦਿਆਂ ਮੌਜੂਦਾ ਰੇਲ ਰੂਟਾਂ ਰਾਹੀਂ ਦੁਵੱਲੇ ਵਪਾਰ ਦੀ ਸੁਵਿਧਾ ਸਮੇਤ ਬੇਰੋਕ ਸਪਲਾਈ–ਲੜੀਆਂ ਕਾਇਮ ਰੱਖਣ ਲਈ ਦਿੱਤੇ ਸਹਿਯੋਗ ਹਿਤ ਵਪਾਰ ਤੇ ਰੇਲਵੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ।

20. ਦੁਵੱਲੇ ਆਰਥਿਕ ਤੇ ਵਣਜ ਸਬੰਧ ਦੀ ਅਥਾਹ ਸੰਭਾਵਨਾ ਨੂੰ ਸਮਝਦਿਆਂ ਦੋਵੇਂ ਪ੍ਰਧਾਨ ਮੰਤਰੀਆਂ ਨੇ ਅਧਿਕਾਰੀਆਂ ਨੇ ਇੱਕ ਦੁਵੱਲਾ ‘ਵਿਆਪਕ ਆਰਥਿਕ ਭਾਈਵਾਲੀ ਸਮਝੌਤਾ’ (CEPA) ਕਰਨ ਦੀਆਂ ਸੰਭਾਵਨਾਵਾਂ ਉੱਤੇ ਚਲ ਰਹੇ ਸਾਂਝੇ ਅਧਿਐਨ ਨੂੰ ਤੇਜ਼ੀ ਨਾਲ ਖ਼ਤਮ ਕਰਨ ਦੀ ਹਦਾਇਤ ਕੀਤੀ।

21. ਇਸ ਵਰ੍ਹੇ ਪਹਿਲਾਂ ਭਾਰਤ–ਬੰਗਲਾਦੇਸ਼ ਟੈਕਸਟਾਈਲ ਉਦਯੋਗ ਫ਼ੋਰਮ ਦੀ ਪਹਿਲੀ ਬੈਠਕ ਦਾ ਸੁਆਗਤ ਕਰਦਿਆਂ ਦੋਵੇਂ ਆਗੂਆਂ ਨੇ ਟੈਕਸਟਾਈਲ ਖੇਤਰ ਵਿੱਚ ਵਧੇ ਸੰਪਰਕਾਂ ਤੇ ਤਾਲਮੇਲ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਅਤੇ ਬੰਗਲਾਦੇਸ਼ ਸਰਕਾਰ ਦੇ ਟੈਕਸਟਾਈਲ ਤੇ ਪਟਸਨ ਮੰਤਰਾਲੇ ਵਿਚਾਲੇ ਸਹਿਮਤੀ–ਪੱਤਰ (MOU) ਬਾਰੇ ਚਲ ਰਹੀ ਗੱਲਬਾਤ ਨੂੰ ਛੇਤੀ ਨਿਬੇੜਨ ਦੀ ਹਦਾਇਤ ਕੀਤੀ। ਉਨ੍ਹਾਂ ਹਾਲ ਹੀ ਵਿੱਚ ਬੰਗਲਾਦੇਸ਼ ਤੋਂ ਭਾਰਤ ਪਟਸਨ ਉਤਪਾਦਾਂ ਦੀ ਬਰਾਮਦ ਉੱਤੇ ਲਾਈਆਂ ਐਂਟੀ–ਡੰਪਿੰਗ/ਐਂਟੀ–ਸਰਕਮਵੈਂਸ਼ਨ ਡਿਊਟੀਆਂ ਉੱਤੇ ਸਲਾਹ–ਮਸ਼ਵਰਿਆਂ ਦਾ ਸੁਆਗਤ ਕੀਤਾ ਅਤੇ ਆਸ ਪ੍ਰਗਟਾਈ ਕਿ ADD ਨਾਲ ਸਬੰਧਿਤ ਮਸਲੇ ਛੇਤੀ ਹੱਲ ਕੀਤੇ ਜਾਣਗੇ।

ਖ਼ੁਸ਼ਹਾਲੀ ਲਈ ਕਨੈਕਟੀਵਿਟੀ

22. ਦੋਵੇਂ ਪ੍ਰਧਾਨ ਮੰਤਰੀਆਂ ਨੇ ਇਹ ਨੋਟ ਕੀਤਾ ਕਿ ਦੋਵੇਂ ਦੇਸ਼ਾਂ ਵਿਚਾਲੇ 1965 ਤੋਂ ਪਹਿਲਾਂ ਦੇ ਰੇਲਵੇ ਸੰਪਰਕਾਂ ਦੀ ਬਹਾਲੀ ਵੱਲ ਹੋਈ ਨਿਰੰਤਰ ਪ੍ਰਗਤੀ ਉੱਤੇ ਤਸੱਲੀ ਪ੍ਰਗਟਾਈ। ਉਨ੍ਹਾਂ ਹਲਦੀਬਾਰੀ (ਭਾਰਤ) ਅਤੇ ਚੈਲਾਹਾਟੀ (ਬੰਗਲਾਦੇਸ਼) ਦਰਮਿਆਨ ਰੇਲਵੇ ਸੰਪਰਕ ਦੀ ਨਵੀਂ ਬਹਾਲੀ ਦਾ ਸਾਂਝੇ ਤੌਰ ਉੱਤੇ ਉਦਘਾਟਨ ਕਰਦਿਆਂ ਨੋਟ ਕੀਤਾ ਕਿ ਇਹ ਰੇਲ ਸੰਪਰਕ ਦੋਵੇਂ ਧਿਰਾਂ ਵਿਚਾਲੇ ਕਾਰੋਬਾਰ ਤੇ ਆਮ ਲੋਕਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਕੋਵਿਡ ਸਥਿਤੀ ਵਿੱਚ ਸੁਧਾਰ ਹੁੰਦਿਆਂ ਹੀ ਇਸ ਟ੍ਰੇਨ ਨੂੰ ਚਲਾਉਣ ਦਾ ਫ਼ੈਸਲਾ ਕੀਤਾ ਗਿਆ। 

23. ਦੋਵੇਂ ਆਗੂਆਂ ਨੇ ‘ਪ੍ਰੋਟੋਕੋਲ ਔਨ ਇਨਲੈਂਡ ਵਾਟਰ ਟ੍ਰਾਂਜ਼ਿਟ ਐਂਡ ਟ੍ਰੇਡ’ (PIWTT) ਬਾਰੇ ਪ੍ਰੋਟੋਕੋਲ ਵਿੱਚ ਦੂਜੀ ਸੋਧ ਉੱਤੇ ਹਸਤਾਖਰ ਕਰਨ, ਕੋਲਕਾਤਾ ਤੋਂ ਅਗਰਤਲਾ ਬਰਾਸਤਾ ਚੱਤੋਗ੍ਰਾਮ ਤੱਕ ਭਾਰਤੀ ਵਸਤਾਂ ਦੀ ਖੇਪ ਭੇਜਣ ਦੇ ਪ੍ਰੀਖਣ ਅਤੇ PIWTT ਅਧੀਨ ਸੋਨਾਮੁਰਾ–ਦੌੜਕੰਡੀ ਪ੍ਰੋਟੋਕੋਲ ਦੇ ਸੰਚਾਲਨ ਬਾਰੇ ਚਲ ਰਹੇ ਦੁਵੱਲੀ ਕਨੈਕਟੀਵਿਟੀ ਦੇ ਕਦਮਾਂ ਦਾ ਜਾਇਜ਼ਾ ਲਿਆ। ਦੋਵੇਂ ਆਗੂਆਂ ਨੇ ਚੱਤੋਗ੍ਰਾਮ ਤੇ ਮੋਂਗਲਾ ਬੰਦਰਗਾਹਾਂ ਰਾਹੀਂ ਭਾਰਤੀ ਵਸਤਾਂ ਦੀ ਖੇਪ ਭੇਜਣ ਦੇ ਮਾਮਲੇ ਵਿੱਚ ਤੇਜ਼ੀ ਲਿਆਉਣ ਉੱਤੇ ਸਹਿਮਤੀ ਪ੍ਰਗਟਾਈ।

24. ਦੋਵੇਂ ਦੇਸ਼ਾਂ ਵਿਚਾਲੇ ਯਾਤਰੀਆਂ ਤੇ ਵਸਤਾਂ ਦੀ ਆਵਾਜਾਈ ਨੂੰ ਸਰਲ ਬਣਾਉਣ ਤੇ ਬਿਹਤਰ ਕਨੈਕਟੀਵਿਟੀ ਦੀ ਸੁਵਿਧਾ ਲਈ ਦੋਵੇਂ ਆਗੂਆਂ ਨੇ ਬੰਗਲਾਦੇਸ਼, ਭਾਰਤ ਤੇ ਨੇਪਾਲ ਲਈ ਸਹਿਮਤੀ–ਪੱਤਰ ਨੂੰ ਯੋਗ ਬਣਾਉਣ ਦੇ ਤੇਜ਼ੀ ਨਾਲ ਹਸਤਾਖਰ ਕਰ ਕੇ BBIN ਮੋਟਰ ਵਾਹਨ ਸਮਝੌਤੇ ਦੇ ਛੇਤੀ ਸੰਚਾਲਨ ਲਈ ਸਹਿਮਤੀ ਪ੍ਰਗਟਾਈ, ਜਿਸ ਵਿੱਚ ਭੂਟਾਨ ਦੇ ਬਾਅਦ 'ਚ ਆ ਕੇ ਸ਼ਾਮਲ ਹੋਣ ਦੀ ਵਿਵਸਥਾ ਹੋਵੇਗੀ।

25. ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਚਲ ਰਹੇ ਭਾਰਤ ਮਿਆਂਮਾਰ ਥਾਈਲੈਂਡ ਤਿਪੱਖੀ ਹਾਈਵੇਅ ਪ੍ਰੋਜੈਕਟ ਵਿੱਚ ਡੂੰਘੀ ਦਿਲਚਸਪੀ ਪ੍ਰਗਟਾਈ ਅਤੇ ਇਸ ਪ੍ਰੋਜੈਕਟ ਨਾਲ ਬੰਗਲਾਦੇਸ਼ ਨੂੰ ਜੋੜਨ ਦੇ ਯੋਗ ਬਣਾਉਣ ਲਈ ਭਾਰਤ ਦਾ ਸਹਿਯੋਗ ਮੰਗਿਆ, ਤਾਂ ਜੋ ਦੱਖਣ ਤੇ ਦੱਖਣ–ਪੂਰਬੀ ਏਸ਼ੀਆ ਦੇ ਖੇਤਰਾਂ ਵਿੱਚ ਕਨੈਕਟੀਵਿਟੀ ਵਿੱਚ ਵਾਧਾ ਹੋ ਸਕੇ। ਇਸੇ ਭਾਵਨਾ ਨਾਲ, ਭਾਰਤੀ ਧਿਰ ਨੇ ਬੰਗਲਾਦੇਸ਼ ਨੂੰ ਬੇਨਤੀ ਕੀਤੀ ਕਿ ਉਹ ਪੱਛਮੀ ਬੰਗਾਲ (ਹਿੱਲੀ) ਤੋਂ ਬੰਗਲਾਦੇਸ਼ ਵਿੱਚੋਂ ਦੀ ਮੇਘਾਲਿਆ (ਮਹੇਂਦਰਗੰਜ) ਤੱਕ ਕਨੈਕਟੀਵਿਟੀ ਦੀ ਇਜਾਜ਼ਤ ਦਿੱਤੀ ਜਾਵੇ।

26. ਭਾਰਤ ਨੇ ਅਗਰਤਲਾ–ਅਖੌੜਾ ਤੋਂ ਸ਼ੁਰੂ ਹੋ ਕੇ ਭਾਰਤ ਤੇ ਬੰਗਲਾਦੇਸ਼ ਦੇ ਹਰੇਕ ਗੁਆਂਢੀ ਰਾਜਾਂ ਵਿਚਾਲੇ ਘੱਟ ਤੋਂ ਘੱਟ ਨੈਗੇਟਿਵ ਲਿਸਟ ਨਾਲ ਘੱਟੋ–ਘੱਟ ਵਨ ਲੈਂਡ ਪੋਰਟ ਉੱਤੇ ਬੰਗਲਾਦੇਸ਼ ਸਰਕਾਰ ਦੀ ਬੇਨਤੀ ਨੂੰ ਦੁਹਰਾਇਆ। ਬੰਗਲਾਦੇਸ਼ ਦੀ ਧਿਰ ਨੇ ਪ੍ਰਸਤਾਵ ਰੱਖਿਆ ਕਿ ਬੰਗਲਾਦੇਸ਼ੀ ਟਰੱਕਾਂ ਨੂੰ ਫ਼ੇਨੀ ਪੁਲ ਦੇ ਮੁਕੰਮਲ ਹੋਣ ਉੱਤੇ ਉਸ ਦਾ ਦਾ ਲਾਭ ਮਿਲਣਾ ਚਾਹੀਦਾ ਹੈ, ਤਾਂ ਜੋ ਚੱਤੋਗ੍ਰਾਮ ਬੰਦਰਗਾਹ ਤੋਂ ਉੱਤਰ–ਪੂਰਬੀ ਭਾਰਤ ਤੱਕ ਵਸਤਾਂ ਦੀ ਆਵਾਜਾਈ ਹੋ ਸਕੇ।

27. ਦੋਵੇਂ ਦੇਸ਼ਾਂ ਵਿਚਾਲੇ ਗੁੰਜਾਇਮਾਨ ਵਿਕਾਸ ਭਾਈਵਾਲੀ ਨੂੰ ਕਬੂਲ ਕਰਦਿਆਂ ਦੋਵੇਂ ਧਿਰਾਂ ਨੇ ਪਿੱਛੇ ਜਿਹੇ ਬੰਗਲਾਦੇਸ਼ ਦੇ ਆਰਥਿਕ ਸਬੰਧਾਂ ਬਾਰੇ ਡਿਵੀਜ਼ਨ ਦੇ ਸਕੱਤਰ ਅਤੇ ਢਾਕਾ ਸਥਿਤ ਭਾਰਤ ਦੇ ਹਾਈ ਕਮਸ਼ਨਰ ਦੀ ਅਗਵਾਈ ਹੇਠ ਗਠਤ ਉੱਚ–ਪੱਧਰੀ ਨਿਗਰਾਨ ਕਮੇਟੀ ਦੇ ਸਰਗਰਮ ਸੰਚਾਲਨ ਉੱਤੇ ਜ਼ੋਰ ਦਿੱਤਾ ਕਿ ਤਾਂ ਜੋ LOC ਪ੍ਰੋਜੈਕਟਾਂ ਦੇ ਛੇਤੀ ਮੁਕੰਮਲ ਹੋਣ ਦੀ ਪ੍ਰਗਤੀ ਦੀ ਨਿਯਮਿਤ ਸਮੀਖਿਆ ਹੋ ਸਕੇ।

28. ਦੋਵੇਂ ਧਿਰਾਂ ਨੇ ਕੋਵਿਡ–19 ਮਹਾਮਾਰੀ ਦੌਰਾਨ ਦੋਵੇਂ ਪਾਸੇ ਦੇ ਯਾਤਰੀਆਂ ਦੀਆਂ ਜ਼ਰੂਰੀ ਆਵਸ਼ਕਤਾਵਾਂ ਦੀ ਸੁਵਿਧਾ ਲਈ ਦੋਵੇਂ ਦੇਸ਼ਾਂ ਵਿਚਾਲੇ ਅਸਥਾਈ ਹਵਾਈ ਯਾਤਰਾ ਬੱਬਲ ਦੀ ਸ਼ੁਰੂਆਤ ਉੱਤੇ ਤਸੱਲੀ ਪ੍ਰਗਟਾਈ। ਬੰਗਲਾਦੇਸ਼ ਧਿਰ ਨੇ ਭਾਰਤੀ ਧਿਰ ਨੂੰ ਛੇਤੀ ਤੋਂ ਛੇਤੀ ਜ਼ਮੀਨੀ ਬੰਦਰਗਾਹਾਂ ਰਾਹੀਂ ਨਿਯਮਿਤ ਯਾਤਰਾ ਮੁੜ ਸ਼ੁਰੂ ਕਰਨ ਦੀ ਬੇਨਤੀ ਵੀ ਕੀਤੀ।

ਜਲ ਸਰੋਤਾਂ, ਬਿਜਲੀ ਤੇ ਊਰਜਾ ਵਿੱਚ ਸਹਿਯੋਗ:

29. ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਸਾਲ 2011 'ਚ ਦੋਵੇਂ ਸਰਕਾਰਾਂ ਦੀ ਸਹਿਮਤੀ ਮੁਤਾਬਕ ਤੀਸਤਾ ਦੇ ਪਾਣੀਆਂ ਨੂੰ ਸਾਂਝਾ ਕਰਨ ਲਈ ਅੰਤ੍ਰਿਮ ਸਮਝੌਤੇ ਉੱਤੇ ਛੇਤੀ ਹਸਤਾਖਰ ਕਰਨ ਦੀ ਲੋੜ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਸਬੰਧੀ ਭਾਰਤ ਦੀ ਸੁਹਿਰਦ ਪ੍ਰਤੀਬੱਧਤਾ ਤੇ ਭਾਰਤ ਸਰਕਾਰ ਦੀਆਂ ਨਿਰੰਤਰ ਕੋਸ਼ਿਸ਼ਾਂ ਨੂੰ ਦੁਹਰਾਇਆ।

30. ਦੋਵੇਂ ਆਗੂਆਂ ਨੇ ਮਨੂ, ਮੁਹੂਰੀ, ਖੋਵਾਲ, ਗੁਮਟੀ, ਧਾਰਲਾ ਤੇ ਦੂਧਕੁਮਾਰ ਨਾਮ ਦੀਆਂ ਛੇ ਸਾਂਝੀਆਂ ਨਦੀਆਂ ਪਾਣੀ ਸਾਂਝੇ ਕਰਨ ਬਾਰੇ ਅੰਤ੍ਰਿਮ ਸਮਝੌਤੇ ਦੇ ਢਾਂਚੇ ਨੂੰ ਛੇਤੀ ਅੰਤਿਮ ਰੂਪ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ।

31. ਬੰਗਲਾਦੇਸ਼ੀ ਧਿਰ ਨੇ ਭਾਰਤ ਨੂੰ ਸਬੰਧਿਤ ਬਾਰਡਰ ਅਧਿਕਾਰੀਆਂ ਨੂੰ ਇਹ ਸੂਚਿਤ ਕਰਨ ਦੀ ਬੇਨਤੀ ਕੀਤੀ ਕਿ ਸਿੰਜਾਈ ਦੇ ਉਦੇਸ਼ਾਂ ਲਈ ਕੁਸ਼ੀਯਾਰਾ ਨਦੀ ਦੇ ਪਾਣੀਆਂ ਦੀ ਉਪਯੋਗਤਾ ਲਈ ਰਹੀਮਪੁਰ ਖਾਲ ਦੇ ਬਾਕੀ ਰਹਿੰਦੇ ਹਿੱਸੇ ਦੀ ਪੁਟਾਈ ਦੇ ਕੰਮ ਦੀ ਇਜਾਜ਼ਤ ਦਿੱਤੀ ਜਾਵੇ। ਭਾਰਤੀ ਧਿਰ ਨੂੰ ਇਹ ਬੇਨਤੀ ਵੀ ਕੀਤੀ ਗਈ ਕਿ ਦੋਵੇਂ ਧਿਰਾਂ ਵੱਲੋਂ ਕੁਸ਼ੀਯਾਰਾ ਨਦੀ ਤੋਂ ਪਾਣੀ ਕੱਢਣ ਉੱਤੇ ਨਿਗਰਾਨੀ ਲਈ ਦੋਵੇਂ ਦੇਸ਼ਾਂ ਵਿਚਾਲੇ ਸਹਿਮਤੀ–ਪੱਤਰ ਉੱਤੇ ਹਸਤਾਖਰ ਕਰਨ ਦੇ ਪ੍ਰਸਤਾਵ ਉੱਤੇ ਵਿਚਾਰ ਕੀਤਾ ਜਾਵੇ, ਕਿਉਕਿ ਕੁਸ਼ੀਯਾਰਾ ਨਦੀ ਦਾ ਪਾਣੀ ਸਾਂਝਾ ਕਰਨ ਨਾਲ ਸਬੰਧਿਤ ਸੰਧੀ/ਸਮਝੌਤੇ ਉੱਤੇ ਦਸਤਖ਼ਤ ਕਰਨੇ ਹਾਲੇ ਰਹਿੰਦੇ ਹਨ। ਦੋਵੇਂ ਆਗੂਆਂ ਨੇ ਸਾਂਝੇ ਨਦੀ ਕਮਿਸ਼ਨ ਦੇ ਹਾਂ–ਪੱਖੀ ਯੋਗਦਾਨ ਦੀ ਗੱਲ ਦੁਹਰਾਈ ਅਤੇ ਛੇਤੀ ਤੋਂ ਛੇਤੀ ਸਕੱਤਰੇਤ ਪੱਤਰ ਦੀ ਅਗਲੇ ਗੇੜ ਦੀ JRC ਮੀਟਿੰਗ ਕਰਨ ਲਈ ਹਕਿਹਾ।

32. ਦੋਵੇਂ ਧਿਰਾਂ ਨੇ ਨਿਜੀ ਖੇਤਰ ਸਮੇਤ ਬਿਜਲੀ ਤੇ ਊਰਜਾ ਖੇਤਰ ਵਿੱਚ ਮਜ਼ਬੂਤ ਸਹਿਯੋਗ ਉੱਤੇ ਤਸੱਲੀ ਪ੍ਰਗਟਾਈ। ਭਾਰਤ–ਬੰਗਲਾਦੇਸ਼ ਦੋਸਤੀ ਪਾਈਪਲਾਈਨ, ਮੈਤਰੀ ਸੁਪਰ ਥਰਮਲ ਪਾਵਰ ਪ੍ਰੋਜੈਕਟ ਦੇ ਨਾਲ–ਨਾਲ ਹੋਰ ਪ੍ਰੋਜੈਕਟਾਂ ਸਮੇਤ ਸਾਰੇ ਪ੍ਰੋਜੈਕਟ ਛੇਤੀ ਤੋਂ ਛੇਤੀ ਲਾਗੂ ਕਰਨ ਉੱਤੇ ਸਹਿਮਤੀ ਪ੍ਰਗਟਾਈ ਗਈ। ਦੋਵੇਂ ਧਿਰਾਂ ਨੇ ਹਾਈਡ੍ਰੋਕਾਰਬਨ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ ਦੇ ਢਾਂਚੇ ਉੱਤੇ ਹਸਤਾਖਰ ਕਰਨ ਦਾ ਸੁਆਗਤ ਕੀਤਾ, ਜਿਸ ਨਾਲ ਨਿਵੇਸ਼, ਟੈਕਨੋਲੋਜੀ ਤਬਾਦਲਾ, ਸਾਂਝੇ ਅਧਿਐਨ, ਸਿਖਲਾਈ ਨੂੰ ਸਰਲ ਤੇ ਕਾਰਗਰ ਬਣਾਉਣ ਅਤੇ ਹਾਈਡ੍ਰੋਕਾਰਬਨ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰ ਕੇ ਊਰਜਾ ਸੰਪਰਕਾਂ ਵਿੱਚ ਹੋਰ ਵਾਧਾ ਹੋਵੇਗਾ। ਇਹ ਸਹਿਮਤੀ ਵੀ ਪ੍ਰਗਟਾਈ ਗਈ ਕਿ ਜੈਵਿਕ–ਈਂਧਨਾਂ ਸਮੇਤ ਊਰਜਾ ਕਾਰਜਕੁਸ਼ਲਤਾ ਤੇ ਸਵੱਛ ਊਰਜਾ ਵਿੱਚ ਸਹਿਯੋਗ 'ਚ ਵਾਧਾ ਕੀਤਾ ਜਾਵੇ। ਦੋਵੇਂ ਦੇਸ਼ਾਂ ਦੀ ਪ੍ਰਤੀਬੱਧਤਾ ਅਨੁਸਾਰ ਊਰਜਾ ਦੇ ਪ੍ਰਦੂਸ਼ਣ–ਮੁਕਤ, ਸਵੱਛ, ਅਖੁੱਟ ਸਰੋਤਾਂ ਵੱਲ ਅੱਗੇ ਵਧਣ ਲਈ ਨੇਪਾਲ ਤੇ ਭੂਟਾਨ ਸਮੇਤ ਉੱਪ–ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸਹਿਮਤੀ ਪ੍ਰਗਟਾਈ ਗਈ। ਦੋਵੇਂ ਧਿਰਾਂ ਨੇ ਬਿਜਲੀ ਤੇ ਊਰਜਾ ਕਨੈਕਟੀਵਿਟੀ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵੀ ਸਹਿਮਤੀ ਪ੍ਰਗਟਾਈ।

ਮਿਆਂਮਾਰ ਦੇ ਰਖਾਈਨ ਰਾਜ ਤੋਂ ਜ਼ਬਰਦਸਤੀ ਹਟਾਏ ਗਏ ਵਿਅਕਤੀ

33. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਿਆਂਮਾਰ ਦੇ ਰਖਾਈਨ ਰਾਜ ਤੋਂ ਜ਼ਬਰਦਸਤੀ ਹਟਾਏ ਗਏ 11 ਲੱਖ ਵਿਅਕਤੀਆਂ ਨੂੰ ਇਨਸਾਨੀਅਤ ਦੇ ਅਧਾਰ ਉੱਤੇ ਸਹਾਇਤਾ ਮੁਹੱਈਆ ਕਰਵਾਉਣ ਤੇ ਪਨਾਹ ਦੇਣ ਲਈ ਬੰਗਲਾਦੇਸ਼ ਦੀ ਦਿਆਲਤਾ ਦੀ ਸ਼ਲਾਘਾ ਕੀਤੀ। ਦੋਵੇਂ ਪ੍ਰਧਾਨ ਮੰਤਰੀਆਂ ਨੇ ਉਨ੍ਹਾਂ ਸੁਰੱਖਿਆ ਤੇ ਤੇਜ਼ੀ ਨਾਲ ਚਿਰ–ਸਥਾਈ ਵਾਪਸੀ ਦੇ ਮਹੱਤਵ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਸ਼ਖ਼ ਹਸੀਨਾ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦਾ ਮੈਂਬਰ ਚੁਣੇ ਜਾਣ ਉੱਤੇ ਭਾਰਤ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਬੰਗਲਾਦੇਸ਼ ਦੀ ਉਹ ਇੱਛਾ ਪ੍ਰਗਟਾਈ ਕਿ ਜ਼ਬਰਦਸਤੀ ਹਟਾਏ ਗਏ ਰੋਹਿੰਗਿਆ ਲੋਕਾਂ ਨੂੰ ਵਾਪਸ ਮਿਆਂਮਾਰ ਭੇਜਣ ਵਿੱਚ ਭਾਰਤ ਸਹਾਇਤਾ ਕਰੇਗਾ।

ਖੇਤਰ ਤੇ ਵਿਸ਼ਵ ਵਿੱਚ ਭਾਈਵਾਲ

34. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਭਾਰਤ ਦੀ ਚੋਣ ਵਿੱਚ ਮਦਦ ਲਈ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਾ ਧੰਨਵਾਦ ਕੀਤਾ। ਦੋਵੇਂ ਦੇਸ਼ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਛੇਤੀ ਸੁਧਾਰਾਂ, ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ, ਟਿਕਾਊ ਵਿਕਾਸ ਨਿਸ਼ਾਨਿਆਂ (SDGs) ਦੀ ਪ੍ਰਾਪਤੀ ਅਤੇਪ੍ਰਵਾਸੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਇੱਕਜੁਟਤਾ ਨਾਲ ਨਿਰੰਤਰ ਕੰਮ ਕਰਦੇ ਰਹਿਣ ਉੱਤੇ ਸਹਿਮਤੀ ਪ੍ਰਗਟਾਈ। ਦੋਵੇਂ ਪ੍ਰਧਾਨ ਮੰਤਰੀਆਂ ਨੇ ਏਜੰਡਾ 2030 ਵਿੱਚ ਦਰਜ ਅਨੁਸਾਰ SDGs ਦੇ ਲਾਗੂ ਕਰਨ ਦੇ ਸਾਧਨਾਂ ਨੂੰ ਯਕੀਨੀ ਬਣਾਉਣ ਲਈ ਵਿਸ਼ਵ ਭਾਈਵਾਲੀ ਅਧੀਨ ਆਪਣੀਆਂ ਪ੍ਰਤੀਬੱਧਤਾਵਾਂ ਪੂਰੀਆਂ ਕਰਨ ਲਈ ਵਿਕਸਤ ਦੇਸ਼ਾਂ ਲਈ ਜ਼ਰੂਰਤ ਨੂੰ ਮੁੜ ਦ੍ਰਿੜ੍ਹਾਇਆ।

35. ਦੋਵੇਂ ਆਗੂਆਂ ਨੇ ਕੋਵਿਡ–19 ਦੇ ਫੈਲਣ ਤੋਂ ਬਾਅਦ ਖੇਤਰੀ ਤੇ ਵਿਸ਼ਵ ਆਰਥਿਕ ਦ੍ਰਿਸ਼ਾਂ ਨੂੰ ਉਜਾਗਰ ਕਰਦਿਆਂ ਸਾਰਕ (SAARC) ਅਤੇ ਬਿਮਸਟੈਕ (BIMSTEC) ਜਿਹੇ ਖੇਤਰੀ ਸੰਗਠਨਾਂ ਵੱਲੋਂ ਅਹਿਮ ਭੂਮਿਕਾ ਨਿਭਾਉਣ ਨੂੰ ਉਜਾਗਰ ਕੀਤਾ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਕੋਵਿਡ–19 ਦੇ ਫੈਲਣ ਸਮੇਂ ਮਾਰਚ 2020 ਵਿੰਚ ਸਾਰਕ ਦੇਸ਼ਾਂ ਦੇ ਆਗੂਆਂ ਦੀ ਵੀਡੀਓ ਕਾਨਫ਼ਰੰਸ ਸੱਦਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਖਣੀ ਏਸ਼ੀਆ ਖੇਤਰ ਵਿੱਚ ਵਿਸ਼ਵ ਮਹਾਮਾਰੀ ਦੇ ਪ੍ਰਭਾਵਾਂ ਦਾ ਸਾਹਮਣਾ ਕਰਨ ਲਈ ‘ਸਾਰਕ ਐਮਰਜੈਂਸੀ ਰਿਸਪਾਂਸ ਫ਼ੰਡ’ ਇਮ ਕਰਨ ਦੇ ਪ੍ਰਸਤਾਵ ਲਈ ਵੀ ਭਾਰਤੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਸਬੰਧੀ ‘ਸਾਰਕ ਮੈਡੀਕਲ ਐਂਡ ਪਬਲਿਕ ਹੈਲਥ ਰਿਸਰਚ ਇੰਸਟੀਚਿਊਟ’ ਦੀ ਸਥਾਪਨਾ ਦੀ ਤਜਵੀਜ਼ ਨੂੰ ਵੀ ਦੁਹਰਾਇਆ। ਬੰਗਲਾਦੇਸ਼ 2021 ਵਿੱਚ IORA ਦੀ ਪ੍ਰਧਾਨਗੀ ਸੰਭਾਲੇਗਾ ਤੇ ਸਮੁੰਦਰੀ ਸੁਰੱਖਿਆ ਤੇ ਸਲਾਮਤੀ ਲਈ ਕੰਮ ਕਰਨ ਹਿਤ ਭਾਰਤ ਦੇ ਸਹਿਯੋਗ ਦੀ ਬੇਨਤੀ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੌਜੂਦਾ ਕਾਰਜਕਾਲ ਵਿੱਚ ਕਲਾਈਮੇਟ ਵਲਨਰੇਬਲ ਫ਼ੋਰਮ ਵਿੱਚ ਬੰਗਲਾਦੇਸ਼ ਦੀ ਪ੍ਰਧਾਨਗੀ ਦੀ ਸ਼ਲਾਘਾ ਕੀਤੀ।

36. ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਨਿਊ ਡਿਵੈਲਪਮੈਂਟ ਬੈਂਕ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਇਸ ਸੰਸਥਾਨ ਵਿੱਚ ਸ਼ਾਮਲ ਹੋਣ ਲਈ ਬੰਗਲਾਦੇਸ਼ ਨੂੰ ਸੱਦਾ ਦੇਣ ਲਈ ਸ਼ਲਾਘਾ ਕੀਤੀ। ਉਨ੍ਹਾਂ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਬਹੁ–ਭਾਂਤੀ ਖੇਤਰਾਂ ਵਿੱਚ ਬੈਂਕ ਦੇ ਕਾਰਜ ਦਾ ਸੁਆਗਤ ਕੀਤਾ ਅਤੇ ਪਹਿਲਕਦਮੀ ਦਾ ਹਿੱਸਾ ਬਣਨ ਲਈ ਬੰਗਲਾਦੇਸ਼ ਦੀ ਇੱਛਾ ਪ੍ਰਗਟਾਈ।

ਦੁਵੱਲੇ ਦਸਤਾਵੇਜ਼ਾਂ ਉੱਤੇ ਹਸਤਾਖਰ ਅਤੇ ਪ੍ਰੋਜੈਕਟਾਂ ਦਾ ਉਦਘਾਟਨ

37. ਇਸ ਮੌਕੇ ਭਾਰਤ ਅਤੇ ਬੰਗਲਾਦੇਸ਼ ਦੀਆਂ ਸਰਕਾਰਾਂ ਦੇ ਅਧਿਕਾਰਾਂ ਵੱਲੋਂ ਨਿਮਨਲਿਖਤ ਦੁਵੱਲੇ ਦਸਤਾਵੇਜ਼ਾਂ ਉੱਤੇ ਹਸਤਾਖਰ ਹੋਏ ਤੇ ਅਦਾਨ–ਪ੍ਰਦਾਨ ਹੋਇਆ:

• ਹਾਈਡ੍ਰੋਕਾਰਬਨ ਖੇਤਰ ਵਿੱਚ ਸਹਿਯੋਗ ਬਾਰੇ ਸਮਝ ਦਾ ਢਾਂਚਾ (FOU);

• ਸਰਹੱਦ–ਪਾਰ ਹਾਥੀਆਂ ਦੀ ਦੇਖਭਾਲ ਬਾਰੇ ਪ੍ਰੋਟੋਕੋਲ;

• ਸਥਾਨਕ ਇਕਾਈਆਂ ਤੇ ਜਨਤਕ ਖੇਤਰ ਦੇ ਹੋਰ ਸੰਸਥਾਨਾਂ ਰਾਹੀਂ ‘ਹਾਈ ਇੰਪੈਕਟ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟਾਂ’ (HICDPs) ਲਾਗੂ ਕਰਨ ਲਈ ਭਾਰਤੀ ਗ੍ਰਾਂਟ ਸਹਾਇਤਾ ਸਬੰਧੀ ਸਹਿਮਤੀ–ਪੱਤਰ;

• ਬਾਰੀਸ਼ਾਲ ਨਗਰ ਨਿਗਮ ਲਈ ਲਾਮਚੋਰੀ ਖੇਤਰ ਵਿਖੇ ਕੂੜਾ–ਕਰਕਟ / ਠੋਸ ਵੇਸਟ ਨਿਬੇੜਾ ਗ੍ਰਾਊਂਡ ਦੇ ਉਪਕਰਣ ਦੀ ਸਪਲਾਈ ਤੇ ਸੁਧਾਰ ਬਾਰੇ ਸਹਿਮਤੀ–ਪੱਤਰ;

• ਭਾਰਤ–ਬੰਗਲਾਦੇਸ਼ ਸੀਈਓਜ਼ ਫ਼ੋਰਮ ਦੀਆਂ ਹਵਾਲਾ ਮੱਦਾਂ;

• ਰਾਸ਼ਟਰਪਪਿਤਾ ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ ਯਾਦਗਾਰੀ ਅਜਾਇਬਘਰ, ਢਾਕਾ, ਬੰਗਲਾਦੇਸ਼ ਅਤੇ ਰਾਸ਼ਟਰੀ ਅਜਾਇਬਘਰ, ਨਵੀਂ ਦਿੱਲੀ, ਭਾਰਤ ਵਿਚਾਲੇ ਸਹਿਮਤੀ–ਪੱਤਰ; ਅਤੇ

• ਖੇਤੀਬਾੜੀ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ–ਪੱਤਰ।

 

ਨਿਮਨਲਿਖਤ ਦੁਵੱਲੇ ਵਿਕਾਸ ਭਾਈਵਾਲੀ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ ਸੀ:

• ਰਾਜਸ਼ਾਹੀ ਨਗਰ ਵਿੱਚ ਸੁੰਦਰੀਕਰਣ ਅਤੇ ਸ਼ਹਿਰ ਵਿਕਾਸ ਪ੍ਰੋਜੈਕਟ;

• ਖੁਲਨਾ ’ਚ ਖਲਿਸ਼ਪੁਰ ਕੌਲਜੀਏਟ ਗਰਲ’ਜ਼ ਸਕੂਲ ਦਾ ਨਿਰਮਾਣ;

 

38. ਦੋਵੇਂ ਪ੍ਰਧਾਨ ਮੰਤਰੀਆਂ ਨੇ ਨਵੇਂ ਆਮ ਹਾਲਾਤ ਵਿੱਚ ਇਹ ਵਿਵਸਥਾ ਕਰਨ ਲਈ ਇੱਕ–ਦੂਜੇ ਦਾ ਧੰਨਵਾਦ ਕੀਤਾ।

39. ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਅਤੇ ਬੰਗਲਾਦੇਸ਼–ਭਾਰਤ ਕੂਟਨੀਤਕ ਸਬੰਧਾਂ ਦੇ 50 ਸਾਲ ਮੁਕੰਮਲ ਹੋਣ ਮੌਕੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਮਾਰਚ 2021 ਵਿੱਚ ਖ਼ੁਦ ਬੰਗਲਾਦੇਸ਼ ਦੇ ਦੌਰੇ ਉੱਤੇ ਆਉਣ ਦਾ ਸੱਦਾ ਪ੍ਰਵਾਨ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ।

 

***

 

ਡੀਐੱਸ/ਐੱਸਐੱਚ/ਏਕੇ



(Release ID: 1681578) Visitor Counter : 249