ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਵੱਲੋਂ ‘ਵੈਸ਼ਵਿਕ ਭਾਰਤੀਯਾ ਵੈਗਿਯਾਨਿਕ’ (ਵੈਭਵ) ਸਿਖ਼ਰ–ਸੰਮੇਲਨ 2020 ’ਚ ਦਿੱਤੇ ਭਾਸ਼ਣ ਦਾ ਮੂਲ–ਪਾਠ

Posted On: 02 OCT 2020 10:00PM by PIB Chandigarh

ਸਕਾਰ!

ਤੁਹਾਨੂੰ ਸਾਰਿਆਂ ਨੂੰ ਸ਼ੁਭ–ਕਾਮਨਾਵਾਂ ਅਤੇ ਇਸ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਸ਼ੁਕਰੀਆ। ਇਸ ਫ਼ੋਰਮ ਉੱਤੇ ਪ੍ਰਵਾਸੀ ਤੇ ਭਾਰਤੀ ਦੋਵੇਂ ਹੀ ਵਿਲੱਖਣ ਪ੍ਰਤਿਭਾਵਾਂ ਇਕੱਠੀਆਂ ਹੋਈਆਂ ਹਨ। ‘ਵੈਸ਼ਵਿਕ ਭਾਰਤੀਯਾ ਵੈਗਿਯਾਨਿਕ (ਵੈਭਵ – VAIBHAV)’ ਸਿਖ਼ਰ ਸੰਮੇਲਨ 2020 ਭਾਰਤ ਅਤੇ ਵਿਸ਼ਵ ਤੋਂ ਵਿਗਿਆਨ ਤੇ ਨਵਾਚਾਰ ਦੇ ਜਸ਼ਨ ਮਨਾਉਂਦਾ ਹੈ। ਮੈਂ ਇਸ ਨੂੰ ਸੱਚਾ ਸੰਗਮ ਜਾਂ ਮਹਾਨ ਦਿਮਾਗ਼ਾਂ ਦਾ ਸੁਮੇਲ ਆਖਾਂਗਾ। ਇਸ ਇਕੱਠ ਰਾਹੀਂ, ਅਸੀਂ ਭਾਰਤ ਅਤੇ ਸਾਡੇ ਗ੍ਰਹਿ ਨੂੰ ਸਸ਼ੱਕਤ ਬਣਾਉਣ ਲਈ ਚਿਰ–ਸਥਾਈ ਸਬੰਧ ਕਾਇਮ ਕਰਨਾ ਚਾਹੁੰਦੇ ਹਾਂ।

ਦੋਸਤੋ,

ਮੈਂ ਉਨ੍ਹਾਂ ਵਿਗਿਆਨੀਆਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਅੱਜ ਆਪਣੀਆਂ ਟਿੱਪਣੀਆਂ ਦਿੱਤੀਆਂ ਸੁਝਾਅ ਅਤੇ ਵਿਚਾਰ ਪੇਸ਼ ਕੀਤੇ। ਤੁਸੀਂ ਆਪਣੀ ਗੱਲ–ਬਾਤ ਰਾਹੀਂ ਬਹੁਤ ਸਾਰੇ ਵਿਸ਼ੇ ਬਹੁਤ ਵਧੀਆ ਢੰਗ ਨਾਲ ਕਵਰ ਕੀਤੇ ਹਨ। ਤੁਹਾਡੇ ਵਿੱਚੋਂ ਬਹੁਤਿਆਂ ਨੇ ਭਾਰਤੀ ਅਕਾਦਮਿਕ ਤੇ ਖੋਜ ਈਕੋਸਿਸਟਮ ਅਤੇ ਅਜਿਹੇ ਵਿਦੇਸ਼ੀ ਈਕੋਸਿਸਟਮ ਵਿਚਾਲੇ ਵੱਡੇ ਤਾਲਮੇਲ ਦੇ ਮਹੱਤਵ ਨੂੰ ਉਜਾਗਰ ਕੀਤਾ। ਸੱਚਮੁਚ, ਇਹੋ ਇਸ ਸਿਖ਼ਰ–ਸੰਮੇਲਨ ਦਾ ਬੁਨਿਆਦੀ ਉਦੇਸ਼ ਹੈ। ਤੁਸੀਂ ਸਮਾਜ ਦੀਆਂ ਜ਼ਰੂਰਤਾਂ ਅਨੁਸਾਰ ਵਿਗਿਆਨਕ ਖੋਜ ਕਰਨ ਦੀ ਲੋੜ ਉੱਤੇ ਬਿਲਕੁਲ ਸਹੀ ਜ਼ੋਰ ਦਿੱਤਾ ਹੈ। ਤੁਸੀਂ ਭਾਰਤ ਵਿੱਚ ਖੋਜ ਈਕੋਸਿਸਟਮ ਵਿੱਚ ਸੁਧਾਰ ਲਿਆਉਣ ਲਈ ਕੁਝ ਵਧੀਆ ਸੁਝਾਅ ਦਿੱਤੇ ਹਨ। ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ। ਮੈਂ ਵੇਖਿਆ ਕਿ ਇਹ ‘ਵੈਭਵ ਸਿਖ਼ਰ–ਸੰਮੇਲਨ’ ਇੱਕ ਸਾਰਥਕ ਅਤੇ ਲਾਹੇਵੰਦ ਆਦਾਨ–ਪ੍ਰਦਾਨ ਹੋਣ ਜਾ ਰਿਹਾ ਹੈ।

ਦੋਸਤੋ,

ਵਿਗਿਆਨ ਇਸ ਮਾਨਵਤਾ ਦੀ ਪ੍ਰਗਤੀ ਦਾ ਧੁਰਾ ਰਿਹਾ ਹੈ। ਜਦੋਂ ਅਸੀਂ ਪਰਤ ਕੇ ਮਨੁੱਖੀ ਹੋਂਦ ਦੀਆਂ ਸਦੀਆਂ ਵੱਲ ਵੇਖਦੇ ਹਾਂ, ਅਸੀਂ ਸਮੇਂ ਦੇ ਕਾਲਾਂ ਨੂੰ ਕਿਵੇਂ ਵੰਡਦੇ ਹਾਂ? ਪੱਥਰ ਜੁੱਗ, ਕਾਂਸਾ ਜੁੱਗ, ਲੌਹ ਜੁੱਗ, ਉਦਯੋਗਿਕ ਜੁੱਗ, ਪੁਲਾੜ ਜੁੱਗ ਅਤੇ ਡਿਜੀਟਲ ਜੁੱਗ। ਅਸੀਂ ਅਜਿਹੀਆਂ ਕੁਝ ਪਰਿਭਾਸ਼ਿਕ ਸ਼ਬਦਾਵਲੀਆਂ ਵਰਤਦੇ ਹਾਂ। ਸਪੱਸ਼ਟ ਹੈ ਕਿ ਹਰੇਕ ਦੌਰ ਨੂੰ ਕੁਝ ਮਹੱਤਵਪੂਰਣ ਟੈਕਨੋਲੋਜੀਕਲ ਤਰੱਕੀਆਂ ਨੇ ਉਸ ਦਾ ਆਕਾਰ ਬਖ਼ਸ਼ਿਆ ਹੈ। ਟੈਕਨੋਲੋਜੀ ਵਿੱਚ ਤਬਦੀਲੀਆਂ ਨਾਲ ਸਾਡੀਆਂ ਜੀਵਨ–ਸ਼ੈਲੀਆਂ ਵਿੱਚ ਪਰਿਵਰਤਨ ਆਉਂਦੇ ਹਨ। ਇਸ ਨੇ ਸਾਡੀ ਵਿਗਿਆਨਕ ਉਤਸੁਕਤਾ ਵੀ ਵਧਾਈ ਹੈ।

ਦੋਸਤੋ,

ਭਾਰਤ ਸਰਕਾਰ ਨੇ ਵਿਗਿਆਨ, ਖੋਜ ਤੇ ਨਵਾਚਾਰ ਨੂੰ ਹੱਲਾਸ਼ੇਰੀ ਦੇਣ ਲਈ ਅਨੇਕ ਕਦਮ ਚੁੱਕੇ ਹਨ।ਸਮਾਜਕ–ਆਰਥਿਕ ਤਬਦੀਲੀ ਲਈ ਸਾਡੇ ਜਤਨਾਂ ਵਿੱਚ ਵਿਗਿਆਨ ਧੁਰਾ ਹੈ। ਅਸੀਂ ਸਿਸਟਮ ਵਿੱਚੋਂ ਆਲਸ ਖ਼ਤਮ ਕੀਤਾ ਹੈ। ਸਾਲ 2014 ’ਚ ਚਾਰ ਨਵੀਂਆਂ ਵੈਕਸੀਨਾਂ ਸਾਡੇ ਟੀਕਾਕਰਣ ਪ੍ਰੋਗਰਾਮ ਵਿੱਚ ਸ਼ਾਮਲ ਕੀਤੀਆਂ ਗਈਆਂ ਸਨ। ਇਸ ਵਿੱਚ ਦੇਸ਼ ’ਚ ਹੀ ਤਿਆਰ ਕੀਤੀ ਗਈ ਰੋਟਾ–ਵਾਇਰਸ ਵੈਕਸੀਨ ਵੀ ਸ਼ਾਮਲ ਸੀ। ਅਸੀਂ ਦੇਸ਼ ਵਿੱਚ ਹੀ ਵੈਕਸੀਨ ਉਤਪਾਦਨ ਨੂੰ ਉਤਸ਼ਾਹਿਤ ਕਰਦੇ ਹਾਂ। ਪਿੱਛੇ ਜਿਹੇ ਅਸੀਂ ਦੇਸ਼ ਵਿੱਚ ਹੀ ਵਿਕਸਤ ਕੀਤੀ ਨਿਊਮੋਕੌਕਲ ਵੈਕਸੀਨ ਨੂੰ ਬਾਜ਼ਾਰ ਵਿੱਚ ਲਿਆਉਣ ਦੇ ਅਧਿਕਾਰ ਦਿੱਤੇ ਹਨ। ਇਹ ਟੀਕਾਕਰਣ ਪ੍ਰੋਗਰਾਮ ਅਤੇ ਸਾਡਾ ‘ਪੋਸ਼ਣ’ ਮਿਸ਼ਨ ਸਾਡੇ ਬੱਚਿਆਂ ਦੀ ਸਿਹਤ ਤੇ ਪੋਸ਼ਣ ਨੂੰ ਇਸ ਦੀ ਮਹੱਤਤਾ ਦੇ ਢੁਕਵੇਂ ਪੱਧਰ ਉੱਤੇ ਲਿਜਾਂਦਾ ਹੈ। ਸਾਡੇ ਵੈਕਸੀਨ ਡਿਵੈਲਪਰਜ਼ ਇਸ ਮਹਾਮਾਰੀ ਦੌਰਾਨ ਸਰਗਰਮ ਰਹੇ ਹਨ ਤੇ ਵਿਸ਼ਵ ਦੇ ਮੁਕਾਬਲੇ ਵਿੱਚ ਖੜ੍ਹੇ ਹਨ। ਅਸੀਂ ਸਮਝਦੇ ਹਾਂ ਕਿ ਸਮਾਂ ਹੀ ਤੱਤ–ਸਾਰ ਹੈ।

ਅਸੀਂ ਸਾਲ 2025 ਤੱਕ ਤਪੇਦਿਕ (ਟੀ.ਬੀ.) ਰੋਗ ਦੇ ਖ਼ਾਤਮੇ ਲਈ ਇੱਕ ਉਦੇਸ਼ਮੁਖੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਵਿਸ਼ਵ ਦੇ ਟੀਚੇ ਤੋਂ ਪੰਜ ਸਾਲ ਪਹਿਲਾਂ ਹੈ।

ਦੋਸਤੋ,

ਹੋਰ ਕੋਸ਼ਿਸ਼ਾਂ ਵੀ ਚੱਲ ਰਹੀਆਂ ਹਨ। ਅਸੀਂ ਸੁਪਰ–ਕੰਪਿਊਟਿੰਗ ਅਤੇ ਸਾਈਬਰ–ਫ਼ਿਜ਼ੀਕਲ ਸਿਸਟਮਜ਼ ਬਾਰੇ ਵੱਡੀਆਂ ਮੁਹਿੰਮਾਂ ਵਿੱਢੀਆਂ ਹਨ। ਉਨ੍ਹਾਂ ਨੇ ਬਨਾਵਟੀ ਸੂਝਬੂਝ, ਰੋਬੋਟਿਕਸ, ਸੈਂਸਰਜ਼ ਅਤੇ ਬਿੱਗ ਡਾਟਾ ਐਨਾਲਿਟਿਕਸ ਜਿਹੇ ਖੇਤਰਾਂ ਵਿੱਚ ਬੁਨਿਆਦੀ ਖੋਜ ਤੇ ਉਨ੍ਹਾਂ ਨੂੰ ਲਾਗੂ ਕੀਤੇ ਜਾਣ ਦਾ ਪਾਸਾਰ ਕੀਤਾ ਹੈ। ਇਸ ਨਾਲ ਭਾਰਤੀ ਨਿਰਮਾਣ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਨਾਲ ਹੁਨਰਮੰਦ ਯੁਵਾ ਮਨੁੱਖੀ ਸਾਧਨ ਸਿਰਜਣ ਵਿੱਚ ਮਦਦ ਮਿਲੇਗੀ। ਸਟਾਰਟ–ਅੱਪ ਖੇਤਰ ਖ਼ੁਸ਼ਹਾਲ ਹੋਵੇਗਾ। ਇਸ ਮਿਸ਼ਨ ਅਧੀਨ ਪਹਿਲਾਂ ਹੀ 25 ਟੈਕਨੋਲੋਜੀ ਇਨੋਵੇਸ਼ਨ ਧੁਰੇ ਲਾਂਚ ਕੀਤੇ ਜਾ ਚੁੱਕੇ ਹਨ।

ਦੋਸਤੋ,

ਅਸੀਂ ਆਪਣੇ ਕਿਸਾਨਾਂ ਦੀ ਮਦਦ ਲਈ ਉੱਚ–ਸ਼੍ਰੇਣੀ ਦੀ ਵਿਗਿਆਨਕ ਖੋਜ ਚਾਹੁੰਦੇ ਹਾਂ। ਸਾਡੇ ਖੇਤੀ ਖੋਜ ਵਿਗਿਆਨੀਆਂ ਨੇ ਦਾਲਾਂ ਦੇ ਸਾਡੇ ਉਤਪਾਦਨ ਵਿੱਚ ਵਾਧਾ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਅੱਜ ਅਸੀਂ ਬਹੁਤ ਘੱਟ ਦਾਲਾਂ ਦਰਾਮਦ ਕਰ ਰਹੇ ਹਾਂ। ਸਾਡਾ ਅਨਾਜ ਉਤਪਾਦਨ ਰਿਕਾਰਡ ਸਿਖ਼ਰ ਉੱਤੇ ਪੁੱਜ ਚੁੱਕਾ ਹੈ।

ਦੋਸਤੋ,

ਪਿੱਛੇ ਜਿਹੇ, ਭਾਰਤ ਨੂੰ ‘ਰਾਸ਼ਟਰੀ ਸਿੱਖਿਆ ਨੀਤੀ’ ਮਿਲੀ। ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਬਾਅਦ ਭਾਰਤ ਕੋਲ ਅਜਿਹੀ ਨੀਤੀ ਆਈ ਹੈ। ਇਹ ਨੀਤੀ ਤਿਆਰ ਕਰਦੇ ਸਮੇਂ ਕਈ ਮਹੀਨਿਆਂ ਤੱਕ ਵਿਆਪਕ ਸਲਾਹ–ਮਸ਼ਵਰੇ ਕੀਤੇ ਗਏ ਸਨ। ਇਸ ‘ਰਾਸ਼ਟਰੀ ਸਿੱਖਿਆ ਨੀਤੀ’ ਦਾ ਉਦੇਸ਼ ਵਿਗਿਆਨਾਂ ਪ੍ਰਤੀ ਉਤਸੁਕਤਾ ਵਿੱਚ ਵਾਧਾ ਕਰਨਾ ਹੈ। ਇਹ ਖੋਜ ਤੇ ਨਵਾਚਾਰ ਨੂੰ ਬਹੁਤ ਜ਼ਿਆਦਾ ਲੋੜੀਂਦਾ ਹੁਲਾਰਾ ਦਿੰਦੀ ਹੈ। ਮੈਂ ਬਹੁ–ਅਨੁਸ਼ਾਸਨੀ ਅਧਿਐਨਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਬਾਰੇ ਖ਼ਾਸ ਤੌਰ ’ਤੇ ਆਸਵੰਦ ਹਾਂ। ਖੁੱਲ੍ਹਾ ਤੇ ਵਿਆਪਕ ਅਕਾਦਮਿਕ ਮਾਹੌਲ ਨੌਜਵਾਨ ਪ੍ਰਤਿਭਾਵਾਂ ਦਾ ਵਿਕਾਸ ਕਰੇਗਾ।

ਅੱਜ, ਵਿਸ਼ਵ ਪੱਧਰ ਉੱਤੇ ਵਿਭਿੰਨ ਵਿਗਿਆਨਕ ਖੋਜ ਤੇ ਵਿਕਾਸ ਦੇ ਜਤਨਾਂ ਵਿੱਚ ਵੀ ਵੱਡਾ ਯੋਗਦਾਨੀ ਅਤੇ ਭਾਈਵਾਲ ਹੈ। ਇਨ੍ਹਾਂ ਵਿੱਚੋਂ ਕੁਝ ਇਹ ਹਨ: ਫ਼ਰਵਰੀ 2016 ’ਚ ਪ੍ਰਵਾਨ ਹੋਈ ਲੇਜ਼ਰ ਇੰਟਰਫ਼ੈਰੋਮੀਟਰ ਗ੍ਰੈਵੀਟੇਸ਼ਨਲ–ਵੇਵ ਆਬਜ਼ਰਵੇਟਰੀ (LIGO); ਯੂਰੋਪੀਅਨ ਆਰਗੇਨਾਇਜ਼ੇਸ਼ਨ ਫ਼ਾਰ ਨਿਊਕਲੀਅਰ ਰਿਸਰਚ (CERN), ਜਿੱਥੇ ਭਾਰਤ ਜਨਵਰੀ 2017 ਤੋਂ ਇੱਕ ਐਸੋਸੀਏਟ ਮੈਂਬਰ ਹੈ; ਅਤੇ ਕੌਮਾਂਤਰੀ ਥਰਮੋਨਿਊਕਲੀਅਰ ਐਕਸਪੈਰੀਮੈਂਟਲ ਰੀਐਕਟਰ (I-TER)। ਇਸ ਲਈ ਮੇਰੇ ਜੱਦੀ ਰਾਜ ਗੁਜਰਾਤ ਸਥਿਤ ਪਲਾਜ਼ਮਾ ਖੋਜ ਸੰਸਥਾਨ ’ਚ ਸਹਾਇਕ ਖੋਜ ਕੀਤੀ ਜਾ ਰਹੀ ਹੈ।

ਦੋਸਤੋ,

ਸਮੇਂ ਦੀ ਲੋੜ ਹੈ ਕਿ ਵੱਧ ਤੋਂ ਵੱਧ ਨੌਜਵਾਨ ਵਿਗਿਆਨ ਵਿੱਚ ਦਿਲਚਸਪੀ ਪੈਦਾ ਕਰਨ। ਉਸ ਲਈ, ਸਾਨੂੰ ਜ਼ਰੂਰ ਹੀ ਇਤਿਹਾਸ ਦੇ ਵਿਗਿਆਨ ਅਤੇ ਵਿਗਿਆਨ ਦੇ ਇਤਿਹਾਸ ਤੋਂ ਭਲੀਭਾਂਤ ਜਾਣੂ ਹੋਣਾ ਪਵੇਗਾ। ਪਿਛਲੀ ਸਦੀ ਦੌਰਾਨ ਵਿਗਿਆਨ ਦੀ ਮਦਦ ਨਾਲ ਪ੍ਰਮੁੱਖ ਇਤਿਹਾਸਕ ਸੁਆਲਾਂ ਦੇ ਜਵਾਬ ਲੱਭੇ ਗਏ ਹਨ। ਹੁਣ ਖੋਜ ਵਿੱਚ ਮਿਤੀਆਂ ਨਿਰਧਾਰਤ ਕਰਨ ਤੇ ਮਦਦ ਲਈ ਵਿਗਿਆਨਕ ਵਿਧੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਸਾਨੂੰ ਭਾਰਤੀ ਵਿਗਿਆਨ ਦੇ ਅਮੀਰ ਇਤਿਹਾਸ ਵਿੱਚ ਵੀ ਸੋਧ ਕਰਨ ਦੀ ਲੋੜ ਹੈ। ਅਫ਼ਸੋਸ ਦੀ ਗੱਲ ਹੈ ਕਿ ਬਹੁਤ ਲੰਮਾ ਸਮਾਂ ਬਹੁਤ ਸਾਰੇ ਨੌਜਵਾਨਾਂ ਨੂੰ ਇਹ ਝੂਠ ਪਰੋਸਿਆ ਜਾਂਦਾ ਰਿਹਾ ਕਿ ਆਧੁਨਿਕਤਾ ਤੋਂ ਪਹਿਲਾਂ ਵਹਿਮ–ਭਰਮ ਤੇ ਕਾਲੇ ਜੁੱਗ ਸਨ। ਅੱਜ ਕੰਪਿਊਟਰਾਂ, ਪ੍ਰੋਗਰਾਮਿੰਗ, ਮੋਬਾਇਲਾਂ ਤੇ ਐਪਲੀਕੇਸ਼ਨਾਂ ਦਾ ਜੁੱਗ ਹੈ। ਪਰ ਇੱਥੇ ਵੀ ਸਾਰੇ ਕੰਪਿਊਟਿੰਗ ਦਾ ਆਧਾਰ ਕੀ ਹੈ? ਇਹ ਹੈ ਬਿਨਾਰੀ ਕੋਡ 1 ਅਤੇ 0.

ਦੋਸਤੋ,

ਜਦੋਂ ਕੋਈ ਜ਼ੀਰੋ ਦੀ ਗੱਲ ਕਰਦਾ ਹੈ, ਤਾਂ ਉਹ ਭਾਰਤ ਬਾਰੇ ਕਿਵੇਂ ਨਹੀਂ ਬੋਲ ਸਕਦਾ? ਜ਼ੀਰੋ ਨੇ ਗਣਿਤ ਤੇ ਵਣਜ ਦਾ ਬਹੁਤ ਕੁਝ ਕੀਤਾ ਹੈ, ਸਭ ਤੱਕ ਪਹੁੰਚਯੋਗ ਬਣਾਇਆ ਹੈ। ਸਾਡੇ ਨੌਜਵਾਨਾਂ ਨੂੰ ਜ਼ਰੂਰ ਹੀ ਬੌਧਯਾਨ, ਭਾਸਕਰ, ਵਰਾਹਮਿਹੀਰ, ਨਾਗਾਰਜੁਨ, ਸੁਸ਼ਰੁਤ ਅਤੇ ਆਧੁਨਿਕ ਜੁੱਗ ਦੇ ਸਤਯੇਂਦਰ ਨਾਥ ਬੋਸ ਤੇ ਸਰ ਸੀ.ਵੀ. ਰਮਨ ਜਿਹੇ ਹੋਰ ਬਹੁਤ ਜਣਿਆਂ ਬਾਰੇ ਜਾਣਨਾ ਜ਼ਰੂਰੀ ਹੈ। ਇਹ ਸੂਚੀ ਲੰਮੀ ਹੈ!

ਦੋਸਤੋ,

ਅਸੀਂ ਆਪਣੇ ਸ਼ਾਨਦਾਰ ਅਤੀਤ ਤੋਂ ਪ੍ਰੇਰਿਤ ਹੋ ਕੇ ਅਤੇ ਮੌਜੂਦਾ ਸਮੇਂ ਦੀਆਂ ਆਪਣੀਆਂ ਪ੍ਰਾਪਤੀਆਂ ਤੋਂ ਤਾਕਤ ਲੈ ਕੇ ਵੱਡੀ ਆਸ ਨਾਲ ਅੱਗੇ ਵਧ ਰਹੇ ਹਾਂ। ਸਾਡਾ ਉਦੇਸ਼ ਆਉਂਦੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ ਅਤੇ ਖ਼ੁਸ਼ਹਾਲ ਭਵਿੱਖ ਦਾ ਨਿਰਮਾਣ ਕਰਨਾ ਹੈ। ਭਾਰਤ ਦੇ ਇੱਕ ‘ਆਤਮਨਿਰਭਰ ਭਾਰਤ’ ਦੇ ਜ਼ੋਰਦਾਰ ਸੱਦੇ ਵਿੱਚ ਵਿਸ਼ਵ–ਭਲਾਈ ਦੀ ਦੂਰ–ਦ੍ਰਿਸ਼ਟੀ ਸ਼ਾਮਲ ਹੈ। ਇਹ ਸੁਫ਼ਨਾ ਸਾਕਾਰ ਕਰਨ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ ਹਾਂ ਅਤੇ ਤੁਹਾਡਾ ਸਹਿਯੋਗ ਚਾਹੁੰਦਾ ਹਾਂ। ਹਾਲੇ ਪਿੱਛੇ ਜਿਹੇ ਭਾਰਤ ਨੇ ਮੁਢਲੇ ਪੁਲਾੜ ਸੁਧਾਰ ਲਾਗੂ ਕੀਤੇ ਹਨ। ਇਹ ਸੁਧਾਰ ਉਦਯੋਗ ਅਤੇ ਅਕਾਦਮਿਕ ਖੇਤਰ ਦੋਵਾਂ ਲਈ ਮੌਕੇ ਮੁਹੱਈਆ ਕਰਵਾਉਂਦੇ ਹਨ। ਇਹ ਕੰਮ ਵਿਗਿਆਨੀਆਂ ਵੱਲੋਂ ਕੀਤੇ ਜਾਣ ਵਾਲੇ ਬੁਨਿਆਦੀ ਕੰਮ ਤੋਂ ਬਿਨਾ ਕਦੇ ਵੀ ਪੂਰੇ ਨਹੀਂ ਹੋਣਗੇ। ਸਾਡਾ ਸਟਾਰਟ–ਅੱਪ ਖੇਤਰ ਤੁਹਾਡੇ ਮਾਰਗ–ਦਰਸ਼ਨ ਦਾ ਲਾਹਾ ਲਵੇਗਾ।

ਦੋਸਤੋ,

ਪ੍ਰਵਾਸੀ ਭਾਰਤੀ ਵਿਸ਼ਵ–ਮੰਚ ਉੱਤੇ ਭਾਰਤ ਦੇ ਸ਼ਾਨਦਾਰ ਰਾਜਦੂਤ ਹਨ। ਉਹ ਜਿੱਥੇ ਵੀ ਗਏ ਹਨ, ਉਹ ਭਾਰਤ ਦੀਆਂ ਖ਼ਾਸੀਅਤਾਂ ਆਪਣੇ ਨਾਲ ਲੈ ਕੇ ਗਏ ਹਨ। ਉਨ੍ਹਾਂ ਨੇ ਆਪਣੇ ਨਵੇਂ ਘਰਾਂ ਦੇ ਸਭਿਆਚਾਰਾਂ ਨੂੰ ਵੀ ਅਪਣਾਇਆ ਹੈ। ਪ੍ਰਵਾਸੀ ਭਾਰਤੀ ਬਹੁਤ ਸਾਰੇ ਖੇਤਰਾਂ ਵਿੱਚ ਸਫ਼ਲ ਰਹੇ ਹਨ। ਅਕਾਦਮਿਕ ਖੇਤਰ ਇਸ ਦੀ ਇੱਕ ਰੌਸ਼ਨ ਮਿਸਾਲ ਹੈ। ਚੋਟੀ ਦੀਆਂ ਬਹੁਤੀਆਂ ਵਿਸ਼ਵ ਯੂਨੀਵਰਸਿਟੀਆਂ ਅਤੇ ਵ਼ਵ ਦੇ ਬਹੁਤੇ ਚੋਟੀ ਦੇ ਟੈਕਨੋਲੋਜੀਕਲ ਆਪਰੇਸ਼ਨਜ਼ ਨੂੰ ਭਾਰਤੀ ਪ੍ਰਤਿਭਾ ਦੀ ਮੌਜੂਦਗੀ ਦਾ ਬਹੁਤ ਜ਼ਿਆਦਾ ਲਾਭ ਮਿਲਿਆ ਹੈ।

‘ਵੈਭਵ’ (VAIBHAV) ਰਾਹੀਂ, ਅਸੀਂ ਤੁਹਾਡੇ ਲਈ ਇੱਕ ਮਹਾਨ ਅਵਸਰ ਪ੍ਰਦਾਨ ਕਰਦੇ ਹਾਂ। ਜੁੜਨ ਤੇ ਯੋਗਦਾਨ ਪਾਉਣ ਦਾ ਇੱਕ ਮੌਕਾ। ਤੁਹਾਡੇ ਜਤਨ ਭਾਰਤ ਅਤੇ ਵਿਸ਼ਵ ਦੀ ਮਦਦ ਕਰਨਗੇ। ਆਖ਼ਰ, ਜਦੋਂ ਭਾਰਤ ਖ਼ੁਸ਼ਹਾਲ ਹੁੰਦਾ ਹੈ, ਤਾਂ ਵਿਸ਼ਵ ਵੀ ਪੁਲਾਂਘ ਪੁੱਟ ਕੇ ਅੱਗੇ ਵਧਦਾ ਹੈ। ਇਹ ਆਦਾਨ–ਪ੍ਰਦਾਨ ਨਿਸ਼ਚਤ ਤੌਰ ਉੱਤੇ ਲਾਭਦਾਇਕ ਹੋਣਗੇ। ਤੁਹਾਡੇ ਜਤਨਾਂ ਸਦਕਾ ਇੱਕ ਆਦਰਸ਼ ਖੋਜ ਮਾਹੌਲ ਸਿਰਜਣ ਵਿੱਚ ਮਦਦ ਮਿਲੇਗੀ। ਇਸ ਨਾਲ ਪਰੰਪਰਾ ਅਤੇ ਆਧੁਨਿਕਤਾ ਦਾ ਸੁਮੇਲ ਹੋਵੇਗਾ। ਇਸ ਨਾਲ ਸਾਡੇ ਸਾਹਮਣੇ ਦਰਪੇਸ਼ ਚੁਣੌਤੀਆਂ ਦੇ ਹੱਲ ਘਰ ਵਿੱਚ ਹੀ ਮਿਲਣਗੇ। ਇੰਝ ਹੋਰ ਲੋਕ ਵੀ ਖ਼ੁਸ਼ਹਾਲ ਹੋਣਗੇ। ਇਸ ਨਾਲ ਭਾਰਤ ਨੂੰ ਨਵੀਂਆਂ ਟੈਕਨੋਲੋਜੀਆਂ ਸਿਰਜਣ ਵਿੱਚ ਮਦਦ ਮਿਲੇਗੀ।

ਦੋਸਤੋ,

ਅਸੀਂ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਮਿਲ ਰਹੇ ਹਾਂ। ਮੈਨੂੰ ਉਹ ਕੁਝ ਚੇਤੇ ਆ ਰਿਹਾ ਹੈ ਜੋ ਗਾਂਧੀ ਜੀ ਨੇ ਲਗਭਗ 100 ਵਰ੍ਹੇ ਪਹਿਲਾਂ ਸਾਲ 1925 ’ਚ ਤਿਰੂਵਨੰਥਾਪੁਰਮ ਦੇ ਮਹਾਰਾਜਾ ਕਾਲਜ ’ਚ ਸੰਬੋਧਨ ਕਰਦਿਆਂ ਆਖਿਆ ਸੀ। ਉਹ ਚਾਹੁੰਦੇ ਸਨ ਕਿ ਵਿਗਿਆਨਕ ਤਰੀਕੇ ਦੇ ਲਾਭ ਗ੍ਰਾਮੀਣ ਭਾਰਤ ਤੱਕ ਪੁੱਜਣ, ਜਿੱਥੇ ਸਾਡੀ ਬਹੁਤੀ ਜਨਤਾ ਵੱਸਦੀ ਹੈ। ਬਾਪੂ ਦਾ ਵਿਆਪਕ ਆਧਾਰ ਵਾਲੇ ਵਿਗਿਆਨ ਵਿੱਚ ਵੀ ਯਕੀਨ ਸੀ। ਸਾਲ 1929 ’ਚ ਉਨ੍ਹਾਂ ਕੁਝ ਵਿਲੱਖਣ ਕਰਨ ਦਾ ਜਤਨ ਕੀਤਾ ਸੀ। ਉਨ੍ਹਾਂ ਕ੍ਰਾਊਡ–ਸੋਰਸਿੰਗ ਦਾ ਜਤਨ ਕੀਤਾ ਸੀ। ਉਨ੍ਹਾਂ ਹਲਕੇ ਵਜ਼ਨ ਵਾਲਾ ਚਰਖਾ ਡਿਜ਼ਾਇਨ ਕਰਨ ਦੇ ਤਰੀਕੇ ਜਾਣਨੇ ਚਾਹੇ ਸਨ। ਪਿੰਡਾਂ, ਨੌਜਵਾਨਾਂ, ਗ਼ਰੀਬਾਂ ਲਈ ਉਨ੍ਹਾਂ ਦੀ ਪਰਵਾਹ ਤੇ ਵਿਗਿਆਨ ਨਾਲ ਵੱਧ ਤੋਂ ਵੱਧ ਜਨਤਾ ਨੂੰ ਸੰਗਠਤ ਕਰਨ ਦੀ ਉਨ੍ਹਾਂ ਦੀ ਦੂਰ–ਦ੍ਰਿਸ਼ਟੀ ਸਾਨੂੰ ਪ੍ਰੇਰਿਤ ਕਰਦੀ ਹੈ। ਅੱਜ, ਭਾਰਤ ਦੇ ਇੱਕ ਹੋਰ ਮਾਣਮੱਤੇ ਸਪੂਤ  ਨੂੰ ਉਨ੍ਹਾਂ ਦੀ ਜਯੰਤੀ ਮੌਕੇ ਚੇਤੇ ਕਰਦੇ ਹਾਂ। ਸਾਡੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ। ਅਸੀਂ ਉਨ੍ਹਾਂ ਦੀ ਸਨਿਮਰਤਾ, ਸਾਦਗੀ ਤੇ ਮਹਾਨ ਲੀਡਰਸ਼ਿਪ ਨੂੰ ਯਾਦ ਕਰਦੇ ਹਾਂ।

ਦੋਸਤੋ,

ਮੈਂ ਤੁਹਾਡੇ ਵਿਚਾਰ–ਵਟਾਂਦਰਿਆਂ ਲਈ ਤੁਹਾਨੂੰ ਸਭ ਨੂੰ ਸ਼ੁਭ–ਕਾਮਨਾਵਾਂ ਦਿੰਦਾ ਹਾਂ ਤੇ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ‘ਵੈਭਵ’ ਅਤੇ ਉਸ ਦੇ ਨਤੀਜਿਆਂ ਨੂੰ ਵੱਡੇ ਪੱਧਰ ਉੱਤੇ ਸਫ਼ਲ ਬਣਾਉਣ ਲਈ ਕੰਮ ਕਰਾਂਗੇ। ਮੇਰੀ ਤੁਹਾਨੂੰ ਸਾਰਿਆਂ ਨੂੰ ਸਲਾਹ ਹੈ ਕਿ ਆਪਣੀ ਸਿਹਤ ਦਾ ਖ਼ਿਆਲ ਰੱਖੋ ਤੇ ਸਾਰੀਆਂ ਸਾਵਧਾਨੀਆਂ ਰੱਖੋ ਤੇ ਸੁਰੱਖਿਅਤ ਬਣੇ ਰਹੋ।

ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ।

********

ਵੀਆਰਆਰਕੇ/ਵੀਜੇ(Release ID: 1661308) Visitor Counter : 4