ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਗੱਲਬਾਤ ਕਰਨ ਲਈ ਲੱਦਾਖ ’ਚ ਨਿਮੂ ਦਾ ਦੌਰਾ ਕੀਤਾ
ਭਾਰਤ ਦੇ ਦੁਸ਼ਮਣਾਂ ਨੇ ਸਾਡੀਆਂ ਫ਼ੌਜਾਂ ਦਾ ਜੋਸ਼ ਤੇ ਰੋਹ ਵੇਖ ਲਿਆ ਹੈ: ਪ੍ਰਧਾਨ ਮੰਤਰੀ
ਪਿਛਲੇ ਹਫ਼ਤਿਆਂ 'ਚ ਸਾਡੇ ਹਥਿਆਰਬੰਦ ਬਲਾਂ ਦੀ ਲਾਮਿਸਾਲ ਬਹਾਦਰੀ ਕਾਰਨ, ਦੁਨੀਆ ਨੂੰ ਭਾਰਤ ਦੀ ਤਾਕਤ ਦਾ ਪਤਾ ਲੱਗ ਗਿਆ ਹੈ: ਪ੍ਰਧਾਨ ਮੰਤਰੀ
ਸ਼ਾਂਤੀ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਭਾਰਤ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ: ਪ੍ਰਧਾਨ ਮੰਤਰੀ
ਕਬਜ਼ਾ ਕਰਨ ਦੀਆਂ ਨੀਤੀਆਂ ਦਾ ਯੁਗ ਹੁਣ ਖ਼ਤਮ ਹੋ ਚੁੱਕਾ ਹੈ, ਇਹ ਵਿਕਾਸ ਦਾ ਯੁਗ ਹੈ: ਪ੍ਰਧਾਨ ਮੰਤਰੀ
ਸਰਹੱਦੀ ਬੁਨਿਆਦੀ ਢਾਂਚੇ ’ਤੇ ਖ਼ਰਚ ਤਿੰਨ ਗੁਣਾ ਵਧ ਗਿਆ ਹੈ: ਪ੍ਰਧਾਨ ਮੰਤਰੀ
Posted On:
03 JUL 2020 2:59PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਭਾਰਤੀ ਫ਼ੌਜੀ ਜਵਾਨਾਂ ਨਾਲ ਗੱਲਬਾਤ ਕਰਨ ਲਈ ਲੱਦਾਖ ਦੇ ਨਿਮੂ ਪੁੱਜੇ। ਨਿਮੂ ਜ਼ਾਂਸਕਰ ਪਰਬਤਾਂ ਨਾਲ ਘਿਰਿਆ ਹੋਇਆ ਹੈ ਅਤੇ ਇਹ ਸਿੰਧ ਦਰਿਆ ਦੇ ਕੰਢੇ ’ਤੇ ਹੈ। ਪ੍ਰਧਾਨ ਮੰਤਰੀ ਭਾਰਤੀ ਥਲ ਸੈਨਾ ਦੀ ਉੱਚ ਲੀਡਰਸ਼ਿਪ ਨੂੰ ਮਿਲੇ ਅਤੇ ਬਾਅਦ ਥਲ ਸੈਨਾ, ਹਵਾਈ ਫ਼ੌਜ ਅਤੇ ਇੰਡੋ–ਤਿੱਬਤਨ ਬਾਰਡਰ ਪੁਲਿਸ (ਆਈਟੀਬੀਪੀ – ITBP) ਦੇ ਜਵਾਨਾਂ ਨਾਲ ਗੱਲਬਾਤ ਕੀਤੀ।
ਫ਼ੌਜੀ ਜਵਾਨਾਂ ਦੀ ਸੂਰਬੀਰਤਾ ਨੂੰ ਸ਼ਰਧਾਂਜਲੀ
ਪ੍ਰਧਾਨ ਮੰਤਰੀ ਨੇ ਸਾਡੇ ਹਥਿਆਰਬੰਦ ਬਲਾਂ ਦੀ ਸੂਰਬੀਰਤਾ ਨੂੰ ਭਰਪੂਰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹੌਸਲੇ ਅਤੇ ਭਾਰਤ ਮਾਤਾ ਪ੍ਰਤੀ ਸਮਰਪਣ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਿਰਫ਼ ਇਸ ਲਈ ਆਪਣੇ ਜੀਵਨ ਸ਼ਾਂਤੀਪੂਰਨ ਤਰੀਕੇ ਨਾਲ ਬਿਤਾ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਾਡੇ ਹਥਿਆਰਬੰਦ ਬਲ ਪੂਰੀ ਤਰ੍ਹਾਂ ਦ੍ਰਿੜ੍ਹਤਾਪੂਰਬਕ ਡਟੇ ਹੋਏ ਹਨ ਅਤੇ ਰਾਸ਼ਟਰ ਦੀ ਰਾਖੀ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਹਥਿਆਰਬੰਦ ਬਲਾਂ ਦੀ ਲਾਮਿਸਾਲ ਬਹਾਦਰੀ ਕਾਰਨ, ਪੂਰੀ ਦੁਨੀਆ ਨੂੰ ਭਾਰਤ ਦੀ ਤਾਕਤ ਦਾ ਅੰਦਾਜ਼ਾ ਹੋ ਗਿਆ ਹੈ।
ਗਲਵਾਨ ਵਾਦੀ ’ਚ ਬਲੀਦਾਨ ਨੂੰ ਚੇਤੇ ਕੀਤਾ
ਪ੍ਰਧਾਨ ਮੰਤਰੀ ਨੇ ਭਾਰਤ ਮਾਤਾ ਦੇ ਉਨ੍ਹਾਂ ਸਾਰੇ ਹੀ ਗੌਰਵਸ਼ਾਲੀ ਸਪੂਤਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਗਲਵਾਨ ਵਾਦੀ ਵਿੱਚ ਮਹਾਨ ਕੁਰਬਾਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਹੋਏ ਜਵਾਨ ਭਾਰਤ ਦੇ ਸਾਰੇ ਹਿੱਸਿਆਂ ਨਾਲ ਸਬੰਧਿਤ ਸਨ ਅਤੇ ਉਹ ਸਾਡੀ ਧਰਤੀ ਦੀ ਵੀਰਤਾ ਦੇ ਸਦਾਚਾਰਕ ਪ੍ਰਤੀਕ ਹਨ।
ਉਨ੍ਹਾਂ ਕਿਹਾ ਕਿ ਭਾਵੇਂ ਲੇਹ–ਲੱਦਾਖ ਹੋਵੇ ਤੇ ਚਾਹੇ ਕਰਗਿਲ ਜਾਂ ਸਿਆਚਿਨ ਗਲੇਸ਼ੀਅਰ ਹੋਵੇ ਅਤੇ ਭਾਵੇਂ ਉੱਚੇ ਪਰਬਤ ਹੋਣ ਜਾਂ ਦਰਿਆਵਾਂ ’ਚ ਵਗਦਾ ਬਰਫ਼ਾਨੀ ਪਾਣੀ ਹੋਵੇ, ਇਹ ਸਭ ਭਾਰਤ ਦੇ ਹਥਿਆਰਬੰਦ ਬਲਾਂ ਦੀ ਵੀਰਤਾ ਦੇ ਗਵਾਹ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਦੁਸ਼ਮਣਾਂ ਨੇ ਸਾਡੇ ਬਲਾਂ ਦੇ ਜੋਸ਼ ਅਤੇ ਰੋਗ ਨੂੰ ਵੇਖ ਲਿਆ ਹੈ।
ਪ੍ਰਧਾਨ ਮੰਤਰੀ ਨੇ ਦੋ ਮਾਵਾਂ: ਭਾਰਤ ਮਾਤਾ ਅਤੇ ਉਨ੍ਹਾਂ ਸਾਰੇ ਬਹਾਦਰ ਫ਼ੌਜੀ ਜਵਾਨਾਂ ਅਤੇ ਸੁਰੱਖਿਆ ਬਲਾਂ ਦੀਆਂ ਮਾਵਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਹੜੇ ਬੇਮਿਸਾਲ ਅਣਥੱਕ ਮਿਹਨਤ ਨਾਲ ਭਾਰਤ ਦੀ ਸੇਵਾ ਕਰਦੇ ਹਨ।
ਅਮਨ ਪ੍ਰਤੀ ਸਾਡੀ ਪ੍ਰਤੀਬੱਧਤਾ ਸਾਡੀ ਕਮਜ਼ੋਰੀ ਨਹੀਂ ਹੈ
ਪ੍ਰਧਾਨ ਮੰਤਰੀ ਨੇ ਲੰਮਾ ਭਾਸ਼ਣ ਦਿੰਦਿਆਂ ਦੱਸਿਆ ਕਿ ਪ੍ਰਾਚੀਨ ਸਮਿਆਂ ਤੋਂ ਕਿਵੇਂ ਅਮਨ, ਦੋਸਤੀ ਅਤੇ ਹੌਸਲਾ ਜਿਹੇ ਨੈਤਿਕ ਸਦਗੁਣ ਭਾਰਤ ਦੇ ਸੱਭਿਆਚਾਰ ਦਾ ਹਿੱਸਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਸਦਾ ਅਜਿਹੇ ਵਿਅਕਤੀ ਨੂੰ ਮੂੰਹ–ਤੋੜ ਜਵਾਬ ਦਿੱਤਾ ਹੈ, ਜਿਸ ਨੇ ਅਮਨ ਤੇ ਤਰੱਕੀ ਦੇ ਮਾਹੌਲ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਦ੍ਰਿੜ੍ਹਤਾਪੂਰਬਕ ਕਿਹਾ ਕਿ ਭਾਰਤ ਅਮਨ ਤੇ ਦੋਸਤੀ ਪ੍ਰਤੀ ਪ੍ਰਤੀਬੱਧ ਹੈ ਪਰ ਅਮਨ ਪ੍ਰਤੀ ਇਸ ਪ੍ਰਤੀਬੱਧਤਾ ਨੂੰ ਭਾਰਤ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਅੱਜ ਭਾਰਤ ਮਜ਼ਬੂਤ ਹੋ ਰਿਹਾ ਹੈ, ਭਾਵੇਂ ਜਲ ਸੈਨਾ ਦੀ ਸ਼ਕਤੀ ਦੀ ਗੱਲ ਹੋਵੇ, ਹਵਾਈ ਤਾਕਤ, ਪੁਲਾੜੀ ਤਾਕਤ ਅਤੇ ਸਾਡੀ ਥਲ ਸੈਨਾ ਦੀ ਸ਼ਕਤੀ ਦਾ ਮਾਮਲਾ ਹੋਵੇ। ਹਥਿਆਰਾਂ ਦੇ ਆਧੁਨਿਕੀਕਰਣ ਅਤੇ ਬੁਨਿਆਦੀ ਢਾਂਚੇ ਦੇ ਅੱਪਗ੍ਰੇਡੇਸ਼ਨ ਨੇ ਸਾਡੀਆਂ ਰੱਖਿਆ ਸਮਰੱਥਾਵਾਂ ਵਿੱਚ ਕਈ ਗੁਣਾ ਵਾਧਾ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ ਭਾਰਤੀ ਫ਼ੌਜੀ ਜਵਾਨਾਂ ਦੀ ਸੂਰਬੀਰਤਾ ਅਤੇ ਸਮਰੱਥਾ ਦਾ ਦੋਵੇਂ ਵਿਸ਼ਵ ਯੁੱਧਾਂ ਸਮੇਤ ਵਿਸ਼ਵ–ਪੱਧਰੀ ਫ਼ੌਜੀ ਮੁਹਿੰਮਾਂ ਵਿੱਚ ਇੱਕ ਲੰਮਾ ਇਤਿਹਾਸ ਰਿਹਾ ਹੈ।
ਵਿਕਾਸ ਦਾ ਯੁਗ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਬਜ਼ਾ ਕਰਨ ਦਾ ਯੁਗ ਹੁਣ ਖ਼ਤਮ ਹੋ ਚੁੱਕਾ ਹੈ। ਇਹ ਵਿਕਾਸ ਦਾ ਯੁਗ ਹੈ। ਉਨ੍ਹਾਂ ਕਿਹਾ ਕਿ ਕਬਜ਼ਾ ਕਰਨ ਦੀ ਮਾਨਸਿਕਤਾ ਨੇ ਹੀ ਬਹੁਤ ਨੁਕਸਾਨ ਸਨ।
ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਭਾਰਤੀ ਰੱਖਿਆ ਬਲਾਂ ਦੀ ਸਲਾਮਤੀ ਅਤੇ ਭਾਰਤ ਦੀਆਂ ਸੁਰੱਖਿਆ ਤਿਆਰੀਆਂ ਨੂੰ ਹੋਰ ਅਗਾਂਹ ਵਧਾਉਣ ਲਈ ਕਈ ਕਦਮ ਚੁੱਕੇ ਗਏ ਹਨ। ਆਧੁਨਿਕ ਹਥਿਆਰਾਂ ਦੀ ਉਪਲਬਧਤਾ ਯਕੀਨੀ ਬਣਾਈ ਗਈ ਹੈ, ਸਰਹੱਦੀ ਬੁਨਿਆਦੀ ਢਾਂਚੇ ਵਿੱਚ ਵਾਧਾ ਕੀਤਾ ਗਿਆ ਹੈ, ਸਰਹੱਦੀ ਖੇਤਰ ਦਾ ਵਿਕਾਸ ਕੀਤਾ ਗਿਆ ਹੈ ਅਤੇ ਸੜਕਾਂ ਦੇ ਤਾਣੇ–ਬਾਣੇ ਦਾ ਪਾਸਾਰ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਹੱਦੀ ਬੁਨਿਆਦੀ ਢਾਂਚੇ ਉੱਤੇ ਹੋਣ ਵਾਲੇ ਖ਼ਰਚੇ ਵਿੱਚ ਤਿੰਨ–ਗੁਣਾ ਵਾਧਾ ਕਰ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸੁਰੱਖਿਆ ਦੇ ਉਪਕਰਣ ਮਜ਼ਬੂਤ ਕਰਨ ਅਤੇ ਸਾਡੇ ਹਥਿਆਰਬੰਦ ਬਲਾਂ ਦੀ ਸਲਾਮਤੀ ਯਕੀਨੀ ਬਣਾਉਣ ਲਈ ਕੀਤੇ ਗਏ ਯਤਨਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਸੀਡੀਐੱਸ (CDS) ਦੀ ਸਿਰਜਣਾ, ਵਿਸ਼ਾਲ ਰਾਸ਼ਟਰੀ ਜੰਗੀ ਯਾਦਗਾਰ ਦੇ ਨਿਰਮਾਣ, ਕਈ ਦਹਾਕਿਆਂ ਬਾਅਦ ‘ਵਨ ਰੈਂਕ ਵਨ ਪੈਨਸ਼ਨ’ ਦੀ ਪੂਰਤੀ ਅਤੇ ਹਥਿਆਰਬੰਦ ਫ਼ੌਜੀ ਬਲਾਂ ਦੇ ਜਵਾਨਾਂ ਦੇ ਪਰਿਵਾਰਾਂ ਦੀ ਸਲਾਮਤੀ ਯਕੀਨੀ ਬਣਾਉਣ ਲਈ ਸਰਕਾਰ ਦੀਆਂ ਹਾਲੀਆ ਪਹਿਲਾਂ ਨੂੰ ਵੀ ਉਜਾਗਰ ਕੀਤਾ।
ਲੱਦਾਖ ਦੇ ਸੱਭਿਆਚਾਰ ਨੂੰ ਸ਼ਰਧਾਂਜਲੀ
ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਲੱਦਾਖ ਦੇ ਸੱਭਿਆਚਾਰ ਦੀ ਮਹਾਨਤਾ ਅਤੇ ਕੁਸ਼ੋਕ ਬਾਕੁਲਾ ਰਿੰਪੋਚੇ ਦੀਆਂ ਸ਼ਲਾਘਾਯੋਗ ਸਿੱਖਿਆਵਾਂ ਨੂੰ ਚੇਤੇ ਕੀਤਾ। ਉਨ੍ਹਾਂ ਲੱਦਾਖ ਨੂੰ ਬਲੀਦਾਨ ਦੀ ਧਰਤੀ ਅਤੇ ਕਈ ਦੇਸ਼–ਭਗਤ ਦੇਣ ਵਾਲੀ ਭੂਮੀ ਦੱਸਿਆ।
ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਭਾਰਤ ਦੇ ਲੋਕ ਗੌਤਮ ਬੁੱਧ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੁੰਦੇ ਹਨ, ਜਿਨ੍ਹਾਂ ਲਈ ਹੌਸਲਾ ਦ੍ਰਿੜ੍ਹ ਵਿਸ਼ਵਾਸ ਅਤੇ ਦਯਾ ਨਾਲ ਸਬੰਧਿਤ ਰਿਹਾ ਹੈ।
****
ਵੀਆਰਆਰਕੇ/ਐੱਸਐੱਚ
(Release ID: 1636238)
Visitor Counter : 266
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam