ਪ੍ਰਧਾਨ ਮੰਤਰੀ ਦਫਤਰ

19 ਜੂਨ, 2020 ਨੂੰ ਸਰਬ ਪਾਰਟੀ ਮੀਟਿੰਗ ਬਾਰੇ ਬਿਆਨ

Posted On: 20 JUN 2020 1:40PM by PIB Chandigarh


ਕੁਝ ਤਬਕਿਆਂ ਵਿੱਚ ਬੀਤੇ ਕੱਲ੍ਹ ਸਰਬ ਪਾਰਟੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਕੀਤੀਆਂ ਟਿੱਪਣੀਆਂ ਦੀ ਸ਼ਰਾਰਤਪੂਰਨ ਢੰਗ ਨਾਲ ਵਿਆਖਿਆ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਪ੍ਰਧਾਨ ਮੰਤਰੀ ਬੜੇ ਸਪਸ਼ਟ ਸਨ ਕਿ ਭਾਰਤ ਅਸਲ ਕੰਟਰੋਲ ਰੇਖਾ (ਐੱਲਏਸੀ – LAC) ਦੀ ਉਲੰਘਣਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਸਖ਼ਤੀ ਨਾਲ ਨਿਪਟੇਗਾ। ਦਰਅਸਲ, ਉਨ੍ਹਾਂ ਖ਼ਾਸ ਤੌਰ ’ਤੇ ਜ਼ੋਰ ਦਿੱਤਾ ਸੀ ਕਿ ਪਹਿਲਾਂ ਅਜਿਹੀਆਂ ਚੁਣੌਤੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤੇ ਜਾਣ ਤੋਂ ਬਿਲਕੁਲ ਉਲਟ ਭਾਰਤੀ ਸੁਰੱਖਿਆ ਬਲ ਹੁਣ ਐੱਲਏਸੀ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਦਾ ਫ਼ੈਸਲਾਕੁੰਨ ਜਵਾਬ ਦਿੰਦੇ ਹਨ ( “ਉਨਹੇਂ ਰੋਕਤੇ ਹੈਂ, ਉਨਹੇਂ ਟੋਕਤੇ ਹੈਂ- unhe rokte hain, unhe tokte hain”)।

ਸਰਬ ਪਾਰਟੀ ਮੀਟਿੰਗ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਇਸ ਵੇਲੇ ਚੀਨੀ ਸੁਰੱਖਿਆ ਬਲ ਬਹੁਤ ਵੱਡੀ ਗਿਣਤੀ ਵਿੱਚ ਅਸਲ ਕੰਟਰੋਲ ਰੇਖਾ ਉੱਤੇ ਆ ਚੁੱਕੇ ਹਨ ਤੇ ਭਾਰਤ ਵੀ ਜਵਾਬ ਵਿੱਚ ਉਵੇਂ ਹੀ ਕਰ ਰਿਹਾ ਹੈ। ਜਿੱਥੋਂ ਤੱਕ ਅਸਲ ਕੰਟਰੋਲ ਰੇਖਾ ਦੀ ਉਲੰਘਣਾ ਦਾ ਸਬੰਧ ਹੈ, ਇਹ ਸਪਸ਼ਟ ਤੌਰ ’ਤੇ ਆਖਿਆ ਗਿਆ ਸੀ ਕਿ ਬੀਤੀ 15 ਜੂਨ ਨੂੰ ਗਲਵਾਨ ’ਚ ਹਿੰਸਾ ਇਸ ਲਈ ਭੜਕੀ ਸੀ ਕਿਉਂਕਿ ਚੀਨ ਵਾਲੇ ਪਾਸੇ ਕੰਟਰੋਲ ਰੇਖਾ ਦੇ ਬਿਲਕੁਲ ਲਾਗੇ ਹੀ ਕੁਝ ਢਾਂਚੇ ਖੜ੍ਹੇ ਕੀਤੇ ਜਾ ਰਹੇ ਸਨ ਤੇ ਉਹ ਆਪਣੀਆਂ ਅਜਿਹੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਸਨ।

ਸਰਬ–ਪਾਰਟੀ ਮੀਟਿੰਗ ਵਿੱਚ ਹੋਏ ਵਿਚਾਰ–ਵਟਾਂਦਰਿਆਂ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਗਲਵਾਨ ’ਚ 15 ਜੂਨ ਨੂੰ ਵਾਪਰੀਆਂ ਉਨ੍ਹਾਂ ਘਟਨਾਵਾਂ ਉੱਤੇ ਕੇਂਦ੍ਰਿਤ ਸਨ, ਜਿਨ੍ਹਾਂ ਵਿੱਚ 20 ਭਾਰਤੀ ਫ਼ੌਜੀ ਜਵਾਨ ਸ਼ਹਾਦਤ ਦਾ ਜਾਮ ਪੀ ਗਏ ਸਨ। ਪ੍ਰਧਾਨ ਮੰਤਰੀ ਨੇ ਸਾਡੇ ਹਥਿਆਰਬੰਦ ਬਲਾਂ ਦੇ ਜੋਸ਼ ਤੇ ਦੇਸ਼–ਭਗਤੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ, ਜਿਨ੍ਹਾਂ ਉੱਥੇ ਚੀਨੀ ਗਤੀਵਿਧੀਆਂ ਦਾ ਡਟ ਕੇ ਮੁਕਾਬਲਾ ਕੀਤਾ। ਪ੍ਰਧਾਨ ਮੰਤਰੀ ਦਾ ਇਹ ਕਹਿਣਾ ਕਿ ਅਸਲ ਕੰਟਰੋਲ ਰੇਖਾ ਦੇ ਸਾਡੇ ਵਾਲੇ ਪਾਸੇ ਕੋਈ ਚੀਨੀ ਮੌਜੂਦਗੀ ਨਹੀਂ ਸੀ, ਤੋਂ ਇਹੋ ਭਾਵ ਹੈ ਕਿ ਅਜਿਹਾ ਸਿਰਫ਼ ਸਾਡੇ ਹਥਿਆਰਬੰਦ ਬਲਾਂ ਦੀ ਬਹਾਦਰੀ ਸਦਕਾ ਹੀ ਸੰਭਵ ਹੋ ਸਕਿਆ ਸੀ। ਉਸ ਦਿਨ 16 ਬਿਹਾਰ ਰੈਜੀਮੈਂਟ ਦੇ ਫ਼ੌਜੀ ਜਵਾਨਾਂ ਦੀਆਂ ਕੁਰਬਾਨੀਆਂ ਨੇ ਚੀਨ ਵਾਲੇ ਪਾਸੇ ਢਾਂਚੇ ਖੜ੍ਹੇ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ਅਤੇ ਅਸਲ ਕੰਟਰੋਲ ਰੇਖਾ ਦੀ ਉਲੰਘਣਾ ਦੀ ਕੋਸ਼ਿਸ਼ ਨੂੰ ਸਫ਼ਲ ਨਹੀਂ ਹੋਣ ਦਿੱਤਾ ਸੀ।

ਪ੍ਰਧਾਨ ਮੰਤਰੀ ਦੇ ਸ਼ਬਦਾਂ ‘ਜਿਨ੍ਹਾਂ ਨੇ ਸਰਹੱਦ ਪਾਰ ਕਰ ਕੇ ਸਾਡੀ ਧਰਤੀ ਉੱਤੇ ਆਉਣ ਦੀ ਕੋਸ਼ਿਸ਼਼ ਕੀਤੀ ਸੀ, ਉਨ੍ਹਾਂ ਨੂੰ ਸਾਡੀ ਮਿੱਟੀ ਦੇ ਵੀਰ ਸਪੂਤਾਂ ਨੇ ਮੂੰਹ–ਤੋੜ ਸਬਕ ਸਿਖਾਇਆ,’ ਵਿੱਚ ਬਹੁਤ ਹੀ ਸੰਖੇਪ ਤਰੀਕੇ ਨਾਲ ਸਦਾਚਾਰ ਅਤੇ ਸਾਡੀਆਂ ਹਥਿਆਰਬੰਦ ਬਲਾਂ ਦੀਆਂ ਕਦਰਾਂ–ਕੀਮਤਾਂ ਸਮਾਈਆਂ ਹੋਈਆਂ ਸਨ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਇਹ ਵੀ ਆਖਿਆ,‘ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੀਆਂ ਹਥਿਆਰਬੰਦ ਬਲਾਂ ਆਪਣੀਆਂ ਸਰਹੱਦਾਂ ਦੀ ਰਾਖੀ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੀਆਂ।’

ਭਾਰਤੀ ਖੇਤਰ ਭਾਰਤ ਦੇ ਨਕਸ਼ੇ ਤੋਂ ਪੂਰੀ ਤਰ੍ਹਾਂ ਸਪਸ਼ਟ ਹੈ। ਸਰਕਾਰ ਉਸ ਪ੍ਰਤੀ ਬਹੁਤ ਮਜ਼ਬੂਤੀ ਤੇ ਦ੍ਰਿੜ੍ਹਤਾ ਨਾਲ ਪ੍ਰਤੀਬੱਧ ਹੈ। ਜਿੱਥੋਂ ਤੱਕ ਗ਼ੈਰ–ਕਾਨੂੰਨੀ ਕਬਜ਼ੇ ਦਾ ਮਾਮਲਾ ਹੈ, ਸਰਬ ਪਾਰਟੀ ਮੀਟਿੰਗ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਪਿਛਲੇ 60 ਸਾਲਾਂ ਦੌਰਾਨ 43,000 ਵਰਗ ਕਿਲੋਮੀਟਰ ਤੋਂ ਵੱਧ ਧਰਤੀ ਉੱਤੇ ਕੁਝ ਹਾਲਾਤ ਵਿੱਚ ਅਜਿਹਾ ਹੋ ਚੁੱਕਾ ਹੈ, ਜਿਸ ਬਾਰੇ ਇਹ ਦੇਸ਼ ਪੂਰੀ ਤਰ੍ਹਾਂ ਜਾਣੂ ਹੈ। ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਇਹ ਸਰਕਾਰ ਅਸਲ ਕੰਟਰੋਲ ਰੇਖਾ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਇੱਕ–ਤਰਫ਼ਾ ਤਬਦੀਲੀ ਨਹੀਂ ਕਰਨ ਦੇਵੇਗੀ।

ਅਜਿਹੇ ਵੇਲੇ ਜਦੋਂ ਸਾਡੇ ਬਹਾਦਰ ਫ਼ੌਜੀ ਜਵਾਨ ਆਪਣੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ, ਇਹ ਮੰਦਭਾਗੀ ਗੱਲ ਹੈ ਕਿ ਉਨ੍ਹਾਂ ਦੇ ਮਨੋਬਲ ਨੂੰ ਡੇਗਣ ਲਈ ਬੇਲੋੜਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ। ਉਂਝ ਸਰਬ ਪਾਰਟੀ ਮੀਟਿੰਗ ਵਿੱਚ ਪ੍ਰਮੁੱਖ ਭਾਵ ਇਹੋ ਪਾਇਆ ਗਿਆ ਸੀ ਕਿ ਰਾਸ਼ਟਰੀ ਸੰਕਟ ਦੀ ਇਸ ਘੜੀ ਵਿੱਚ ਸਰਕਾਰ ਤੇ ਹਥਿਆਰਬੰਦ ਬਲਾਂ ਨੂੰ ਸਪਸ਼ਟ ਤੌਰ ’ਤੇ ਸਮਰਥਨ ਦਿੱਤਾ ਜਾਵੇ। ਸਾਨੂੰ ਭਰੋਸਾ ਹੈ ਕਿ ਭਾਰਤ ਦੀ ਜਨਤਾ ਸੌੜੇ ਹਿਤਾਂ ਤੋਂ ਪ੍ਰੇਰਿਤ ਕੂੜ–ਪ੍ਰਚਾਰ ਨਾਲ ਕਮਜ਼ੋਰ ਨਹੀਂ ਹੋਵੇਗੀ।

*****

ਵੀਆਰਆਰਕੇ/ਏਕੇਪੀ



(Release ID: 1632892) Visitor Counter : 269