ਘੱਟ ਗਿਣਤੀ ਮਾਮਲੇ ਮੰਤਰਾਲਾ

ਮੁਖ਼ਤਾਰ ਅੱਬਾਸ ਨਕਵੀ ਨੇ 30 ਤੋਂ ਵੱਧ ਰਾਜ ਵਕਫ਼ ਬੋਰਡਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ, ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਲੌਕਡਾਊਨ, ਕਰਫਿਊ ਅਤੇ ਸਮਾਜਿਕ ਦੂਰੀ ਦੇ ਸਖ਼ਤੀ ਤੇ ਇਮਾਨਦਾਰੀ ਨਾਲ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ

ਵੀਡੀਓ ਕਾਨਫਰੰਸਿੰਗ ਰਾਹੀਂ 30 ਤੋਂ ਵੱਧ ਰਾਜ ਵਕਫ਼ ਬੋਰਡਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ

ਦੇਸ਼ ਭਰ ਵਿੱਚ 7 ਲੱਖ ਤੋਂ ਵੱਧ ਰਜਿਸਟ੍ਰਡ ਮਸਜਿਦਾਂ, ਈਦਗਾਹਾਂ, ਇਮਾਮਬਾੜੇ, ਦਰਗਾਹਾਂ ਅਤੇ ਹੋਰ ਧਾਰਮਿਕ, ਸਮਾਜਿਕ ਸੰਸਥਾਵਾਂ ਵਕਫ਼ ਬੋਰਡਾਂ ਦੇ ਤਹਿਤ ਆਉਂਦੀਆਂ ਹਨ

ਸਾਨੂੰ ਜਾਗਰੂਕਤਾ ਪੈਦਾ ਕਰਕੇ ਕੁਆਰੰਟੀਨ ਅਤੇ ਆਈਸੋਲੇਸ਼ਨ ਸੈਂਟਰਾਂ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਗ਼ਲਤ ਜਾਣਕਾਰੀ ਨੂੰ ਵੀ ਸਮਾਪਤ ਕਰਨਾ ਚਾਹੀਦਾ ਹੈ-ਮੁਖ਼ਤਾਰ ਅੱਬਾਸ ਨਕਵੀ

“ਸਾਨੂੰ ਕਿਸੇ ਵੀ ਕਿਸਮ ਦੀ ਅਫ਼ਵਾਹ, ਗ਼ਲਤ ਜਾਣਕਾਰੀ ਅਤੇ ਸਾਜ਼ਿਸ਼ ਨੂੰ ਹਰਾ ਕੇ ਕੋਰੋਨਾ ਖ਼ਿਲਾਫ਼ ਇਸ ਲੜਾਈ ਨੂੰ ਜਿੱਤਣ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ”

Posted On: 16 APR 2020 2:03PM by PIB Chandigarh

ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਅਤੇ ਕੇਂਦਰੀ ਵਕਫ਼ ਕੌਂਸਲ ਦੇ ਚੇਅਰਮੈਨ, ਸ਼੍ਰੀ ਮੁਖ਼ਤਾਰ ਅੱਬਾਸ ਨਕਵੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 30 ਤੋਂ ਵੱਧ ਰਾਜ ਵਕਫ਼ ਬੋਰਡਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ 24 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ  ਲੌਕਡਾਊਨ, ਕਰਫਿਊ ਅਤੇ ਸਮਾਜਿਕ ਦੂਰੀ ਰੱਖਣ ਨੂੰ ਸਖ਼ਤੀ ਅਤੇ ਇਮਾਨਦਾਰੀ ਨਾਲ ਲਾਗੂ ਕਰਨਾ ਸੁਨਿਸ਼ਚਿਤ ਕਰਨ।

ਸ਼੍ਰੀ ਨਕਵੀ ਨੇ ਰਾਜ ਦੇ ਵਕਫ਼ ਬੋਰਡਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ  ਕਿ ਉਹ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਤਾਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਲੋਕ ਆਪਣੇ ਘਰ ਦੇ ਅੰਦਰ ਹੀ ਨਮਾਜ਼ ਅਦਾ ਕਰਨ ਅਤੇ ਹੋਰ ਧਾਰਮਿਕ ਰਸਮਾਂ ਨਿਭਾਉਣ।

ਇਹ ਧਿਆਨ ਯੋਗ ਹੈ ਕਿ ਦੇਸ਼ ਭਰ ਵਿੱਚ 7 ਲੱਖ ਤੋਂ ਵੱਧ ਰਜਿਸਟ੍ਰਡ ਮਸਜਿਦਾਂ, ਈਦਗਾਹਾਂ, ਇਮਾਮਬਾੜੇ, ਦਰਗਾਹਾਂ ਅਤੇ ਹੋਰ ਧਾਰਮਿਕ, ਸਮਾਜਿਕ ਸੰਸਥਾਵਾਂ ਰਾਜ ਵਕਫ਼ ਬੋਰਡਾਂ ਦੇ ਤਹਿਤ ਆਉਂਦੀਆਂ ਹਨ। ਕੇਂਦਰੀ ਵਕਫ਼ ਕੌਂਸਲ, ਭਾਰਤ ਵਿੱਚ ਸਟੇਟ ਵਕਫ਼ ਬੋਰਡਾਂ ਦੀ ਰੈਗੂਲੇਟਰੀ ਸੰਸਥਾ ਹੈ।

ਇਸ ਮੌਕੇ ਸ਼੍ਰੀ ਨਕਵੀ ਨੇ ਕਿਹਾ ਕਿ ਸਾਨੂੰ ਹੈਲਥ ਵਰਕਰਾਂ, ਸੁਰੱਖਿਆ ਬਲਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਸੈਨੀਟੇਸ਼ਨ ਵਰਕਰਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ; ਉਹ ਇਸ ਕੋਰੋਨਾ ਮਹਾਮਾਰੀ ਵਿੱਚ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਕੇ ਸਾਡੀ ਸੁਰੱਖਿਆ ਅਤੇ ਤੰਦਰੁਸਤੀ ਲਈ ਕੰਮ ਕਰ ਰਹੇ ਹਨ। ਸਾਨੂੰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਕੇ ਕੁਆਰੰਟੀਨ ਅਤੇ ਆਈਸੋਲੇਸ਼ਨ ਸੈਂਟਰਾਂ ਬਾਰੇ ਫੈਲ ਰਹੀਆਂ ਅਫ਼ਵਾਹਾਂ ਅਤੇ ਗ਼ਲਤ ਜਾਣਕਾਰੀ ਨੂੰ ਵੀ ਸਮਾਪਤ ਕਰਨਾ ਚਾਹੀਦਾ ਹੈ ਅਤੇ ਸਪਸ਼ਟ ਕਰਨਾ ਚਾਹੀਦਾ ਹੈ ਕਿ ਅਜਿਹੇ ਸੈਂਟਰ ਸਿਰਫ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ  ਹਨ।

ਸ਼੍ਰੀ ਨਕਵੀ ਨੇ ਸਾਰੇ ਰਾਜ ਵਕਫ਼ ਬੋਰਡਾਂ ਅਤੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੂੰ ਕਿਹਾ ਕਿ ਸਾਨੂੰ ਕਿਸੇ ਵੀ ਕਿਸਮ ਦੀਆਂ ਝੂਠੀਆਂ ਖ਼ਬਰਾਂ ਅਤੇ ਗ਼ਲਤ ਜਾਣਕਾਰੀ ਉਤਪੰਨ ਕਰਨ ਵਾਲੀਆਂ ਸਾਜ਼ਿਸ਼ਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਅਧਿਕਾਰੀ ਬਿਨਾ ਕਿਸੇ ਭੇਦਭਾਵ ਦੇ ਦੇਸ਼ ਦੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਕੰਮ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਅਫਵਾਹਾਂ ਅਤੇ ਸਾਜ਼ਿਸ਼ਾਂ, ਕੋਰੋਨਾ ਖ਼ਿਲਾਫ਼ ਲੜਾਈ ਨੂੰ ਕਮਜ਼ੋਰ ਕਰਨ ਲਈ ਨਾਪਾਕ ਇਰਾਦੇ ਨਾਲ ਡਿਜ਼ਾਈਨ ਕੀਤੀਆਂ ਜਾਂਦੀਆਂ ਹਨ। ਸਾਨੂੰ ਕਿਸੇ ਵੀ ਕਿਸਮ ਦੀ ਅਫਵਾਹ, ਗਲਤ ਜਾਣਕਾਰੀ ਅਤੇ ਸਾਜਿਸ਼ ਨੂੰ ਹਰਾ ਕੇ ਕੋਰੋਨਾ ਖਿਲਾਫ਼ ਇਸ ਲੜਾਈ ਨੂੰ ਜਿੱਤਣ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।

ਸ਼੍ਰੀ ਨਕਵੀ ਨੇ ਸਾਰੇ ਰਾਜ  ਵਕਫ਼ ਬੋਰਡਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਗਰਮ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦੇ ਹੋਏ ਇਹ ਸੁਨਿਸ਼ਚਿਤ ਕਰਨ ਕਿ ਲੋਕ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਆਪਣੇ ਘਰ ਦੇ ਅੰਦਰ ਰਹਿ ਕੇਹੀ ਧਾਰਮਿਕ ਜ਼ਿੰਮੇਵਾਰੀਆਂ ਨਿਭਾਉਣ ਅਤੇ ਕੇਂਦਰੀ ਗ੍ਰਹਿ ਮੰਤਰਾਲੇ, ਰਾਜ ਸਰਕਾਰਾਂ ਅਤੇ ਕੇਂਦਰੀ ਵਕਫ਼ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਅਤੇ ਇਮਾਨਦਾਰੀ ਨਾਲ ਪਾਲਣਾ ਕਰਨ।

ਸ਼੍ਰੀ ਨਕਵੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਦੇਸ਼ ਦੇ ਸਾਰੇ ਮੰਦਰਾਂ, ਗੁਰਦੁਆਰਿਆਂ, ਚਰਚਾਂ ਅਤੇ ਹੋਰ ਧਾਰਮਿਕ ਅਤੇ ਸਮਾਜਿਕ ਸਥਾਨਾਂ ਵਿੱਚ ਹੋਣ ਵਾਲੀਆਂ ਸਾਰੀਆਂ ਧਾਰਮਿਕ-ਸਮਾਜਿਕ ਗਤੀਵਿਧੀਆਂ ਅਤੇ ਵਿਸ਼ਾਲ ਇਕੱਠਾਂ ਨੂੰ ਰੋਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੇਸ਼ ਦੀਆਂ ਸਾਰੀਆਂ ਮਸਜਿਦਾਂ ਅਤੇ ਹੋਰ ਮੁਸਲਿਮ ਧਾਰਮਿਕ ਅਸਥਾਨਾਂ ਵਿੱਚ ਹੋਣ ਵਾਲੇ ਕਿਸੇ ਵੀ ਵਿਸ਼ਾਲ ਇਕੱਠ ਨੂੰ ਵੀ ਰੋਕ ਦਿੱਤਾ ਗਿਆ ਹੈ।

ਸ਼੍ਰੀ ਨਕਵੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕਾਰਨ, ਦੇਸ਼ ਦੇ ਸਾਰੇ ਖੇਤਰਾਂ ਦੇ ਧਾਰਮਿਕ ਨੇਤਾਵਾਂ ਅਤੇ ਧਾਰਮਿਕ ਤੇ ਸਮਾਜਿਕ ਸੰਗਠਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਆਪਣੇ ਘਰ ਦੇ ਅੰਦਰ ਰਹਿ ਕੇ ਨਮਾਜ਼ ਅਦਾ ਕਰਨ ਅਤੇ ਹੋਰ ਸਾਰੀਆਂ ਧਾਰਮਿਕ ਰਸਮਾਂ ਨਿਭਾਉਣ ਅਤੇ ਲੌਕਡਾਊਨ ਅਤੇ ਸਮਾਜਕ ਦੂਰੀ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ। ਵਿਸ਼ਵ ਦੇ ਜ਼ਿਆਦਾਤਰ ਮੁਸਲਿਮ ਰਾਸ਼ਟਰਾਂ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਮਸਜਿਦਾਂ ਅਤੇ ਹੋਰ ਧਾਰਮਿਕ ਅਸਥਾਨਾਂ 'ਤੇ ਵਿਸ਼ਾਲ ਇਕੱਠ ਕਰਨ'ਤੇ ਪਾਬੰਦੀ ਲਗਾਈ ਹੈ।

ਸ਼੍ਰੀ ਨਕਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਸਾਰੀਆਂ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੇ ਹਨ। ਲੋਕਾਂ ਦੇ ਸਹਿਯੋਗ ਨਾਲ ਕੋਰੋਨਾ ਖ਼ਿਲਾਫ਼ ਯੁੱਧ ਵਿੱਚ ਭਾਰਤ ਨੂੰ ਵੱਡੀ ਰਾਹਤ ਮਿਲੀ ਹੈ। ਪਰ ਅਜੇ ਵੀ ਦੇਸ਼ ਦੇ ਸਾਹਮਣੇ ਕਈ ਚੁਣੌਤੀਆਂ ਹਨ। ਅਸੀਂ ਕੋਰੋਨਾ ਮਹਾਮਾਰੀ ਦੀਆਂ ਇਨ੍ਹਾਂ ਚੁਣੌਤੀਆਂ ਨੂੰ, ਪੂਰੀ ਤਰ੍ਹਾਂ ਨਾਲ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਅਤੇ ਈਮਾਨਦਾਰੀ ਨਾਲਪਾਲਣਾ ਕਰਕੇ ਹਰਾ ਸਕਦੇ ਹਾਂ।

ਸ਼੍ਰੀ ਨਕਵੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੌਕਡਾਊਨ ਅਤੇ ਸਮਾਜਿਕ ਦੂਰੀ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਆਪਣੇ ਘਰ ਦੇ ਅੰਦਰ ਹੀ ਰਮਜ਼ਾਨ ਦੀਆਂ ਸਾਰੀਆਂ ਧਾਰਮਿਕ ਰਸਮਾਂ ਨਿਭਾਉਣ। ਸਾਨੂੰ ਇਹ ਵੀ ਦੁਆ ਕਰਨੀ ਚਾਹੀਦੀ ਹੈ ਕਿ ਭਾਰਤ ਅਤੇ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਤੋਂ ਛੁਟਕਾਰਾ ਪਾਵੇ।

ਉੱਤਰ ਪ੍ਰਦੇਸ਼ (ਸ਼ੀਆ ਅਤੇ ਸੁੰਨੀ), ਆਂਧਰ ਪ੍ਰਦੇਸ਼, ਬਿਹਾਰ (ਸ਼ੀਆ ਅਤੇ ਸੁੰਨੀ), ਦਾਦਰ ਅਤੇ ਨਾਗਰ ਹਵੇਲੀ, ਹਰਿਆਣਾ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਪੰਜਾਬ, ਪੱਛਮੀ ਬੰਗਾਲ, ਅੰਡੇਮਾਨ ਅਤੇ ਨਿਕੋਬਾਰ, ਅਸਾਮ, ਮਣੀਪੁਰ, ਰਾਜਸਥਾਨ, ਤੇਲੰਗਾਨਾ, ਦਿੱਲੀ, ਛੱਤੀਸਗੜ੍ਹ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ- ਕਸ਼ਮੀਰ, ਝਾਰਖੰਡ, ਮਹਾਰਾਸ਼ਟਰ, ਓਡੀਸ਼ਾ, ਪੁੱਦੂਚੇਰੀ, ਤਮਿਲ ਨਾਡੂ, ਤ੍ਰਿਪੁਰਾ, ਉੱਤਰਾਖੰਡ ਜਿਹੇ ਰਾਜ ਵਕਫ਼ ਬੋਰਡਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਲੋਕਾਂ ਨੇ ਵੀਡੀਓ ਕਾਨਫਰੰਸ ਵਿੱਚ ਹਿੱਸਾ ਲਿਆ।

 

*****

ਕੇਜੀਐੱਸ



(Release ID: 1615097) Visitor Counter : 182