57th International Film Festival of India 2026
20 – 28 Nov 2026

ਫ਼ਿਲਮਾਂ ਰਾਤੋ-ਰਾਤ ਦੁਨੀਆ ਨਹੀਂ ਬਦਲ ਸਕਦੀਆਂ, ਪਰ ਸੋਚ ਨੂੰ ਨਵੀਂ ਦਿਸ਼ਾ ਦੇ ਸਕਦੀਆਂ ਹਨ ਅਤੇ ਸੰਵਾਦ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ : ‘ਫਾਦਰਲੈਂਡ’ ਦੀ ਨਿਰਮਾਤਾ ਈਵਾ ਪੁਸਜ਼ਿੰਸਕਾ


ਭਾਰਤ ਅਤੇ ਪੋਲੈਂਡ ਦੇ ਸਾਂਝੇ ਇਤਿਹਾਸ 'ਤੇ ਫ਼ਿਲਮ ਨਿਰਮਾਣ ਨੂੰ ਲੈ ਕੇ ਅੱਗੇ ਚਰਚਾ ਦੀ ਜ਼ਰੂਰਤ 'ਤੇ ਜ਼ੋਰ : ਈਵਾ ਪੁਸਜ਼ਿੰਸਕਾ

Posted On: 21 NOV 2026 2:03PMby PIB ChandigarhRelease ID: 2340080Views: 9

ਪ੍ਰਸਿੱਧ ਪੋਲਿਸ਼ ਫ਼ਿਲਮ ਨਿਰਮਾਤਾ ਅਤੇ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) ਦੀ ਉਦਘਾਟਨੀ ਫ਼ਿਲਮ ਫ਼ਾਦਰਲੈਂਡ ਦੀ ਨਿਰਮਾਤਾ ਸੁਸ਼੍ਰੀ ਈਵਾ ਪੁਸਜ਼ਿੰਸਕਾ ਨੇ ਕਿਹਾ ਕਿ ਫ਼ਿਲਮਾਂ ਭਾਵੇਂ ਰਾਤੋ-ਰਾਤ ਦੁਨੀਆ ਨੂੰ ਨਾ ਬਦਲ ਸਕਣ, ਪਰ ਉਹ ਲੋਕਾਂ ਦੀ ਸੋਚ ਨੂੰ ਵਿਆਪਕ ਬਣਾਉਣ, ਸੰਵਾਦ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੀ ਦੁਨੀਆ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਪ੍ਰੇਰਿਤ ਕਰਨ ਦੀ ਸਮਰੱਥਾ ਰੱਖਦੀਆਂ ਹਨ।

ਇੱਫੀ ਵਿੱਚ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਿਨੇਮਾ ਲੋਕਾਂ ਦਰਮਿਆਨ ਸੰਵਾਦ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਸਮਝਣ ਦਾ ਮੌਕਾ ਦੇ ਕੇ ਇੱਕ-ਦੂਜੇ ਦੇ ਨੇੜੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਕਿਹਾ, “ਸਾਨੂੰ ਆਪਣੀਆਂ ਫ਼ਿਲਮਾਂ ਰਾਹੀਂ ਲੋਕਾਂ ਨਾਲ ਸੰਵਾਦ ਕਰਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਅਤੇ ਦੁਨੀਆ ਦੇ ਵੱਖ-ਵੱਖ ਨਜ਼ਰੀਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।”

ਸਮਕਾਲੀ ਸਮਾਜ ਵਿੱਚ ਵਧਦੇ ਮਤਭੇਦਾਂ 'ਤੇ ਵਿਚਾਰ ਪ੍ਰਗਟ ਕਰਦੇ ਹੋਏ ਸੁਸ਼੍ਰੀ ਪੁਸਜ਼ਿੰਸਕਾ ਨੇ ਕਿਹਾ ਕਿ ਕਿਸੇ ਇੱਕ ਵਿਚਾਰ, ਦ੍ਰਿਸ਼ਟੀਕੋਣ ਜਾਂ ਏਜੰਡੇ ਨੂੰ ਹੀ ਸਹੀ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਨੇ ਚਿੰਤਾ ਪ੍ਰਗਟਾਈ ਕਿ ਅੱਜ ਲੋਕ ਇੱਕ-ਦੂਜੇ ਦੀ ਗੱਲ ਸੁਣਨ ਦੀ ਬਜਾਏ ਆਪਣੇ ਹੀ ਬਿਰਤਾਂਤ 'ਤੇ ਅੜੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ, “ਕੋਈ ਇੱਕ ਏਜੰਡਾ ਜਾਂ ਵਿਚਾਰ ਹੀ ਪੂਰੀ ਤਰ੍ਹਾਂ ਸਹੀ ਨਹੀਂ ਹੋ ਸਕਦਾ। ਸਾਨੂੰ ਇੱਕ-ਦੂਜੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਆਪਸੀ ਸਹਿਮਤੀ ਦੇ ਸਾਂਝੇ ਅਧਾਰ ਲੱਭਣੇ ਚਾਹੀਦੇ ਹਨ।”

ਫ਼ਾਦਰਲੈਂਡ ਨੂੰ ਕਈ ਪਰਤਾਂ ਵਾਲੀ ਕਹਾਣੀ ਦੱਸਦੇ ਹੋਏ ਸੁਸ਼੍ਰੀ ਪੁਸਜ਼ਿੰਸਕਾ ਨੇ ਕਿਹਾ ਕਿ ਇਹ ਫ਼ਿਲਮ ਅਜਿਹੇ ਵਿਸ਼ਿਆਂ ਨੂੰ ਸਾਹਮਣੇ ਲਿਆਉਂਦੀ ਹੈ, ਜੋ ਅੱਜ ਦੀ ਦੁਨੀਆ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ। ਸਾਲ 1949 ਵਿੱਚ ਵੰਡੇ ਗਏ ਯੂਰੋਪ ਦੇ ਪਿਛੋਕੜ 'ਤੇ ਬਣੀ ਇਹ ਫ਼ਿਲਮ ਪੂਰਬ ਅਤੇ ਪੱਛਮ ਦੇ ਵਿੱਚ ਦੀ ਖਾਈ ਦੇ ਨਾਲ-ਨਾਲ ਉਨ੍ਹਾਂ ਵੰਡਾਂ ਨੂੰ ਵੀ ਦਰਸਾਉਂਦੀ ਹੈ, ਜੋ ਅੱਜ ਵੀ ਸਮਾਜ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਫ਼ਿਲਮ ਪਛਾਣ ਅਤੇ ਆਪਣੇਪਣ ਵਰਗੇ ਸਵਾਲ ਵੀ ਉਠਾਉਂਦੀ ਹੈ, ਖਾਸ ਕਰਕੇ ਅਜਿਹੇ ਦੌਰ ਵਿੱਚ ਜਦੋਂ ਦੁਨੀਆ ਵਿੱਚ ਪਰਵਾਸ ਦੀ ਰਫ਼ਤਾਰ ਵਧ ਰਹੀ ਹੈ। ਫ਼ਿਲਮ ਰਾਹੀਂ ਆਪਣੀ ਮਾਤ੍ਰਿ ਭੂਮੀ ਨਾਲ ਵਿਅਕਤੀ ਦੇ ਗੁੰਝਲਦਾਰ ਰਿਸ਼ਤੇ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਨੇ ਸਵਾਲ ਕੀਤਾ, “ਤੁਹਾਡੀ 'ਫ਼ਾਦਰਲੈਂਡ' (ਮਾਤ੍ਰਿ ਭੂਮੀ) ਕਿੱਥੇ ਹੈ? ਉਹ ਦੇਸ਼ ਜਿੱਥੇ ਤੁਸੀਂ ਰਹਿੰਦੇ ਹੋ ਜਾਂ ਉਹ ਭਾਸ਼ਾ ਜੋ ਤੁਸੀਂ ਬੋਲਦੇ ਹੋ? ਉਹ ਥਾਂ ਜਿੱਥੋਂ ਤੁਹਾਡਾ ਇਤਿਹਾਸ ਜੁੜਿਆ ਹੈ ਜਾਂ ਉਹ ਦੇਸ਼ ਜਿੱਥੇ ਤੁਸੀਂ ਮੌਜੂਦਾ ਸਮੇਂ ਵਿੱਚ ਰਹਿ ਰਹੇ ਹੋ?” ਉਨ੍ਹਾਂ ਨੇ ਇਹ ਸਵਾਲ ਚੁੱਕਦੇ ਹੋਏ ਦੱਸਿਆ ਕਿ ਫ਼ਿਲਮ ਕਿਸ ਤਰ੍ਹਾਂ ਵਿਅਕਤੀ ਅਤੇ ਉਸ ਦੀ ਮਾਤ੍ਰਿ ਭੂਮੀ ਦਰਮਿਆਨ ਗੁੰਝਲਦਾਰ ਸਬੰਧਾਂ ਨੂੰ ਦਰਸਾਉਂਦੀ ਹੈ।

ਮਸ਼ਹੂਰ ਜਰਮਨ ਲੇਖਕ ਥਾਮਸ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਕਹਾਣੀ ਰਾਹੀਂ ਫ਼ਾਦਰਲੈਂਡ ਸੱਭਿਆਚਾਰ ਅਤੇ ਸਮਾਜ ਦਰਮਿਆਨ ਸਬੰਧਾਂ ਨੂੰ ਵੀ ਦਰਸਾਉਂਦੀ ਹੈ। ਸੁਸ਼੍ਰੀ ਪੁਸਜ਼ਿੰਸਕਾ ਨੇ ਕਿਹਾ ਕਿ ਸਾਹਿਤ ਅਤੇ ਸੱਭਿਆਚਾਰਕ ਜਗਤ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਲੋਕਾਂ ਲਈ ਪ੍ਰੇਰਨਾ ਅਤੇ ਆਦਰਸ਼ ਦਾ ਸਰੋਤ ਬਣ ਸਕਦੀਆਂ ਹਨ। ਇਹ ਫ਼ਿਲਮ ਪਰਿਵਾਰ ਦੇ ਅੰਦਰਲੇ ਗੁੰਝਲਦਾਰ ਰਿਸ਼ਤਿਆਂ ਨੂੰ ਵੀ ਸਾਹਮਣੇ ਲਿਆਉਂਦੀ ਹੈ, ਜਿਨ੍ਹਾਂ ਵਿੱਚ ਮਾਤਾ-ਪਿਤਾ ਅਤੇ ਬੱਚੇ, ਭੈਣ-ਭਰਾ ਅਤੇ ਕਲਾਕਾਰਾਂ ਦਰਮਿਆਨ ਸਬੰਧ ਸ਼ਾਮਲ ਹਨ। ਇਸ ਤੋਂ ਇਲਾਵਾ, ਇਹ ਉਨ੍ਹਾਂ ਚੁਣੌਤੀਆਂ ਨੂੰ ਵੀ ਦਰਸਾਉਂਦੀ ਹੈ, ਜਿਨ੍ਹਾਂ ਦਾ ਸਾਹਮਣਾ ਪ੍ਰਸਿੱਧ ਕਲਾਕਾਰਾਂ ਦੇ ਬੱਚਿਆਂ ਨੂੰ ਕਰਨਾ ਪੈਂਦਾ ਹੈ। ਉਨ੍ਹਾਂ ਤੋਂ ਅਕਸਰ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਵੀ ਆਪਣੇ ਮਾਪਿਆਂ ਵਰਗੀਆਂ ਉਪਲਬਧੀਆਂ ਹਾਸਲ ਕਰਨ। ਵਿਆਪਕ ਨਜ਼ਰੀਏ ਤੋਂ, ਇਹ ਫ਼ਿਲਮ ਇਸ ਗੱਲ ਨੂੰ ਵੀ ਰੇਖਾਂਕਿਤ ਕਰਦੀ ਹੈ ਕਿ ਇਤਿਹਾਸ ਦੀਆਂ ਵੱਡੀਆਂ ਘਟਨਾਵਾਂ ਕਿਸ ਤਰ੍ਹਾਂ ਆਮ ਲੋਕਾਂ ਦੇ ਰੋਜ਼ਾਨਾ ਦੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ।

ਫ਼ਿਲਮ ਦੇ ਵਿਜ਼ੁਅਲ ਟ੍ਰੀਟਮੈਂਟ ਬਾਰੇ ਦੱਸਦੇ ਹੋਏ ਸੁਸ਼੍ਰੀ ਪੁਸਜ਼ਿੰਸਕਾ ਨੇ ਕਿਹਾ ਕਿ ਫ਼ਾਦਰਲੈਂਡ ਨੂੰ ਬਲੈਕ ਐਂਡ ਵ੍ਹਾਈਟ ਸ਼ੈਲੀ ਵਿੱਚ 4:3 ਆਸਪੈਕਟ ਰੇਸ਼ੋ ਵਿੱਚ ਫ਼ਿਲਮਾਇਆ ਗਿਆ ਹੈ। ਇਸ ਲਈ ਉਨ੍ਹਾਂ ਨੇ ਡਾਇਰੈਕਟਰ ਪਾਵੇਲ ਪਾਵਲੀਕੋਵਸਕੀ ਨਾਲ ਆਪਣੀਆਂ ਪਿਛਲੀਆਂ ਫ਼ਿਲਮਾਂ ਇਡਾ  ਅਤੇ ਕੋਲਡ ਵਾਰ  ਵਿੱਚ ਅਪਣਾਈ ਗਈ ਵਿਜ਼ੁਅਲ ਅਪ੍ਰੋਚ ਨੂੰ ਹੀ ਅੱਗੇ ਵਧਾਇਆ ਹੈ। ਇਸ ਸ਼ੈਲੀ ਨੂੰ ਚੁਣਨ ਦਾ ਉਦੇਸ਼  ਫ਼ਿਲਮ ਵਿੱਚ ਦਰਸਾਏ ਗਏ ਉਸ ਦੌਰ ਨੂੰ ਵਧੇਰੇ ਅਸਲੀ ਰੂਪ ਦੇਣਾ ਸੀ। ਉਨ੍ਹਾਂ ਨੇ ਕਿਹਾ, “ਅਸੀਂ ਚਾਹੁੰਦੇ ਸੀ ਕਿ ਫ਼ਿਲਮ ਵਿੱਚ ਉਸ ਸਮੇਂ ਦਾ ਅਸਲੀ ਮਾਹੌਲ ਅਤੇ ਅਹਿਸਾਸ ਨਜ਼ਰ ਆਵੇ, ਜਿਸਦੀ ਕਹਾਣੀ ਅਸੀਂ ਕਹਿ ਰਹੇ ਹਾਂ। ਫ਼ਾਦਰਲੈਂਡ ਨੂੰ ਇਸ ਟ੍ਰਿਲੌਜੀ (ਤਿੰਨ ਫ਼ਿਲਮਾਂ ਦੀ ਲੜੀ) ਦੀ ਤੀਜੀ ਫ਼ਿਲਮ ਵਜੋਂ ਦੇਖਿਆ ਜਾ ਸਕਦਾ ਹੈ।”

ਫ਼ਿਲਮ ਦੇ ਨਿਰਮਾਣ ਦੀ ਪ੍ਰਕਿਰਿਆ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਫ਼ਾਦਰਲੈਂਡ ਪੋਲੈਂਡ, ਜਰਮਨੀ, ਇਟਲੀ ਅਤੇ ਫ਼ਰਾਂਸ ਦਰਮਿਆਨ ਇੱਕ ਅੰਤਰਰਾਸ਼ਟਰੀ ਕੋ-ਪ੍ਰੋਡਕਸ਼ਨ ਹੈ। ਭਾਵੇਂ ਫ਼ਿਲਮ ਦੀ ਕਹਾਣੀ ਜਰਮਨੀ ਦੇ ਪਿਛੋਕੜ 'ਤੇ ਅਧਾਰਿਤ ਹੈ, ਪਰ ਇਸ ਦੀ ਲਗਭਗ 95 ਪ੍ਰਤੀਸ਼ਤ ਸ਼ੂਟਿੰਗ ਪੋਲੈਂਡ ਵਿੱਚ ਕੀਤੀ ਗਈ ਹੈ। ਫ਼ਿਲਮ ਦੀ ਰਚਨਾਤਮਕ ਅਤੇ ਤਕਨੀਕੀ ਟੀਮ ਵਿੱਚ ਵੀ ਮੁੱਖ ਤੌਰ 'ਤੇ ਪੋਲੈਂਡ ਦੇ ਪੇਸ਼ੇਵਰ ਸ਼ਾਮਲ ਸਨ। ਪੋਲੈਂਡ ਵਿੱਚ ਅਜਿਹੇ ਢੁਕਵੇਂ ਸਥਾਨ ਉਪਲਬਧ ਸਨ, ਜੋ ਵਰ੍ਹੇ 1949 ਦੇ ਜਰਮਨੀ ਦਾ ਅਸਲੀ ਮਾਹੌਲ ਸਿਰਜਣ ਵਿੱਚ ਮਦਦਗਾਰ ਸਾਬਤ ਹੋਏ। ਇਨ੍ਹਾਂ ਵਿੱਚ ਖਸਤਾਹਾਲ ਅਤੇ ਅਣਗੌਲੀਆਂ ਸੜਕਾਂ, ਇਮਾਰਤਾਂ ਅਤੇ ਛੋਟੇ ਕਸਬੇ ਸ਼ਾਮਲ ਸਨ।

ਸੁਸ਼੍ਰੀ ਪੁਸਜ਼ਿੰਸਕਾ ਨੇ ਭਾਰਤ ਅਤੇ ਪੋਲੈਂਡ ਦੇ ਸਾਂਝੇ ਇਤਿਹਾਸ 'ਤੇ ਫ਼ਿਲਮ ਬਣਾਉਣ ਦੀ ਸੰਭਾਵਨਾ ਤਲਾਸ਼ਣ ਵਿੱਚ ਵੀ ਦਿਲਚਸਪੀ ਦਿਖਾਈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤ ਵਿੱਚ ਸ਼ਰਨ ਲੈਣ ਵਾਲੇ ਪੋਲਿਸ਼ ਬੱਚਿਆਂ ਦੀ ਕਹਾਣੀ ਦਾ ਜ਼ਿਕਰ ਕੀਤਾ। ਇੱਫੀ ਦੇ ਫੈਸਟੀਵਲ ਡਾਇਰੈਕਟਰ ਸ਼੍ਰੀ ਆਸ਼ੂਤੋਸ਼ ਗੋਵਾਰਿਕਰ ਨਾਲ ਇਸ ਵਿਸ਼ੇ 'ਤੇ ਹੋਈ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਗੋਵਾਰਿਕਰ ਇਸ ਵਿਸ਼ੇ 'ਤੇ ਪਹਿਲਾਂ ਹੀ ਇੱਕ ਸਕ੍ਰਿਪਟ ਲਿਖ ਚੁੱਕੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਦਿਸ਼ਾ ਵਿੱਚ ਗੱਲਬਾਤ ਅੱਗੇ ਵਧੇਗੀ ਅਤੇ ਇਸ ਪ੍ਰੋਜੈਕਟ ਨੂੰ ਸਾਕਾਰ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ।

ਇਸ ਸੈਸ਼ਨ ਦਾ ਸੰਚਾਲਨ ਸ਼੍ਰੀ ਸੈਯਦ ਰਬੀਹਾਸ਼ਮੀ ਨੇ ਕੀਤਾ।

 

https://www.pib.gov.in/iffi/57/iffiLoid.aspx?


*********

ਪੀਆਈਬੀ ਇੱਫੀ ਟੀਮ/ ਰਜਿਤ ਚੰਦਰਾਨ/ਸੁਪ੍ਰਿਆ ਘਾਤਦਕ/ ਬਿਬਿਨ ਐੱਸ ਨਾਥ/ ਦਰਸ਼ਨਾ ਰਾਣੇ/ਏਕੇ  | IFFI 57 - 043


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2340080
•
Media Centre: Goa
•
Festival Dates: Nov 20 – 28, 2026