Posted On:
15 NOV 2026 12:19PM by PIB Chandigarh
ਨੀਤੀ ਆਯੋਗ 17 ਨਵੰਬਰ, 2026 ਨੂੰ ਪੰਜ ਨੈਸ਼ਨਲ ਵਰਕਸ਼ੌਪਸ ਦੀ ਇੱਕ ਸੀਰੀਜ਼ ਸ਼ੁਰੂ ਕਰੇਗਾ। ਇਸ ਦਾ ਉਦੇਸ਼ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸ਼ਾਸਨ ਪ੍ਰਮੁੱਖ ਵਜੋਂ 25 ਵਰ੍ਹਿਆਂ ਦੇ ਤਜ਼ਰਬੇ ਤੋਂ ਸਿੱਖਿਆ ਲੈਣੀ ਹੈ। ਇਸ ਸੀਰੀਜ਼ ਵਿੱਚ ਜਨਤਕ ਅਗਵਾਈ ਦੇ ਇਸ 25 ਵਰ੍ਹਿਆਂ ਦੇ ਸਫ਼ਰ ਦਾ ਅਧਿਐਨ ਕੀਤਾ ਜਾਵੇਗਾ, ਤਾਂ ਜੋ ਇਸ ਤੋਂ ਮਿਲੀ ਸਿੱਖਿਆ ਦੇਸ਼ ਦੇ ਸਾਂਝੇ ਗਿਆਨ ਦਾ ਹਿੱਸਾ ਬਣ ਸਕੇ। ਇਸ ਦੌਰਾਨ ਇਸ ਯਾਤਰਾ ਦਾ ਹਿੱਸਾ ਰਹੇ ਲੋਕਾਂ ਦੇ ਤਜ਼ਰਬਿਆਂ ਦਾ ਦਸਤਾਵੇਜ਼ੀਕਰਣ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਅਜਿਹੇ ਗਿਆਨ ਵਿੱਚ ਤਬਦੀਲ ਕੀਤਾ ਜਾਵੇਗਾ, ਜਿਸ ਨਾਲ ਸਾਰਿਆਂ ਨੂੰ ਲਾਭ ਮਿਲ ਸਕੇ।
ਸ਼੍ਰੀ ਨਰੇਂਦਰ ਮੋਦੀ ਨੇ 7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ। ਇਸ ਅਹੁਦੇ ‘ਤੇ 12 ਵਰ੍ਹਿਆਂ ਤੋਂ ਵੱਧ ਸਮੇਂ ਤੱਕ ਸੇਵਾ ਦੇਣ ਤੋਂ ਬਾਅਦ ਉਨ੍ਹਾਂ ਨੇ ਮਈ 2014 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਅਤੇ ਮੌਜੂਦਾ ਸਮੇਂ ਲਗਾਤਾਰ ਤੀਜੀ ਵਾਰ ਇਸ ਅਹੁਦੇ ‘ਤੇ ਕਾਰਜਸ਼ੀਲ ਹਨ। 7 ਅਕਤੂਬਰ 2026 ਨੂੰ 25 ਵਰ੍ਹੇ ਪੂਰੇ ਹੋਣ ਦੇ ਨਾਲ ਇਹ ਭਾਰਤ ਵਿੱਚ ਕਿਸੇ ਚੁਣੀ ਹੋਈ ਸਰਕਾਰ ਦੇ ਪ੍ਰਮੁੱਖ ਵਜੋਂ ਸਭ ਤੋਂ ਲੰਬੇ ਨਿਰੰਤਰ ਕਾਰਜਕਾਲ ਦਾ ਰਿਕਾਰਡ ਹੈ। ਇਸ ਪੂਰੀ ਮਿਆਦ ਵਿੱਚ ਸ਼ਾਸਨ ਵਿਵਸਥਾ ਦਾ ਅਧਾਰ ‘ਪ੍ਰਧਾਨ ਸੇਵਕ’ ਦੀ ਧਾਰਨਾ ਰਹੀ ਹੈ। ਇਸ ਅਧੀਨ ਸਰਕਾਰ ਦਾ ਹਰੇਕ ਅਹੁਦਾ ਨਾਗਰਿਕਾਂ ਦੀ ਸੇਵਾ ਲਈ ਹੋਂਦ ਵਿੱਚ ਹੈ। ਅੰਤਯੋਦਯ ਨੇ ਪ੍ਰਗਤੀ ਦਾ ਪੈਮਾਨਾ ਸਮਾਜ ਦੇ ਅੰਤਿਮ ਵਿਅਕਤੀ ਦੀ ਭਲਾਈ ਨੂੰ ਬਣਾਇਆ ਹੈ। ਜਨ ਭਾਗੀਦਾਰੀ ਨੇ ਵਿਕਾਸ ਨੂੰ ਜਨ ਅੰਦੋਲਨ ਦਾ ਰੂਪ ਦਿੱਤਾ ਹੈ। ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ’ ਦੇ ਸਿਧਾਂਤ ਨੇ ਇਸ ਦ੍ਰਿਸ਼ਟੀਕੋਣ ਨੂੰ ਲੰਬੇ ਸਮੇਂ ਦੀ ਦਿਸ਼ਾ ਪ੍ਰਦਾਨ ਕਰਦਾ ਹੈ ਅਤੇ ਹਰੇਕ ਸੰਸਥਾਨ ਤੋਂ ਸੁਤੰਤਰਤਾ ਦੇ ਸ਼ਤਾਬਦੀ ਵਰ੍ਹੇ ਦੇ ਨੇੜੇ ਪਹੁੰਚਦੇ ਦੇਸ਼ ਲਈ ਯੋਜਨਾ ਬਣਾਉਣ ਅਤੇ ਕੰਮ ਕਰਨ ਦੀ ਉਮੀਦ ਕਰਦਾ ਹੈ।
ਇਸ ਪੱਧਰ ‘ਤੇ ਸ਼ਾਸਨ ਸੰਚਾਲਨ ਦੇ ਸਬੰਧ ਵਿੱਚ ਦੇਸ਼ ਨੇ ਜੋ ਕੁਝ ਸਿੱਖਿਆ ਹੈ, ਉਸ ਦਾ ਜ਼ਿਆਦਾਤਰ ਹਿੱਸਾ ਉਨ੍ਹਾਂ ਅਧਿਕਾਰੀਆਂ, ਸੰਸਥਾਨਾਂ ਅਤੇ ਨਾਗਰਿਕਾਂ ਦੇ ਅਨੁਭਵਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇ ਇਨ੍ਹਾਂ ਫੈਸਲਿਆਂ ਨੂੰ ਲਾਗੂ ਕੀਤਾ। ਇਹ ਵਰਕਸ਼ੌਪ ਸੀਰੀਜ਼ ਉਨ੍ਹਾਂ ਦੇ ਪ੍ਰਤੱਖ ਤਜ਼ਰਬਿਆਂ ਨੂੰ ਦਰਜ ਕਰੇਗੀ ਅਤੇ ਅਕਾਦਮਿਕ ਮਿਆਰਾਂ ਦੇ ਅਧਾਰ ‘ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰੇਗੀ। ਇਨ੍ਹਾਂ ਤਜ਼ਰਬਿਆਂ ਨੂੰ ਸਿਵਿਲ ਸੇਵਕਾਂ, ਸਿਖਲਾਈ ਸੰਸਥਾਨਾਂ, ਯੂਨੀਵਰਸਿਟੀਆਂ, ਵਿਦਿਆਰਥੀਆਂ ਅਤੇ ਆਮ ਜਨਤਾ ਲਈ ਕੇਸ ਸਟਡੀ, ਖੋਜ ਪੱਤਰਾਂ ਅਤੇ ਵਿਦਿਅਕ ਸਮੱਗਰੀ ਸਮੇਤ ਸੰਸਥਾਗਤ ਸਿਖਲਾਈ ਸਮੱਗਰੀ ਵਜੋਂ ਵਿਕਸਿਤ ਕੀਤਾ ਜਾਵੇਗਾ।
ਪੰਜ ਨੈਸ਼ਨਲ ਵਰਕਸ਼ੌਪਸ ਹੇਠ ਲਿਖੇ ਸ਼ਾਸਨ ਸਬੰਧੀ ਵਿਸ਼ਿਆਂ ‘ਤੇ ਕੇਂਦ੍ਰਿਤ ਹੋਣਗੀਆਂ: ਮਿਸ਼ਨ ਵਜੋਂ ਅਗਵਾਈ- ਨਵੰਬਰ, 2026 ‘ਸੇਵਾ ਵੰਡ ਵਜੋਂ ਸ਼ਾਸਨ’- ਜਨਵਰੀ 2027, ‘ਸਮਾਵੇਸ਼ ਵਜੋਂ ਵਿਕਾਸ’- ਅਪ੍ਰੈਲ 2027, ਸੱਭਿਅਤਾਗਤ ਪਛਾਣ’- ਜੁਲਾਈ 2027, ‘ਆਲਮੀ ਸ਼ਕਤੀ ਵਜੋਂ ਭਾਰਤ’-ਸਤੰਬਰ 2027।
ਪਹਿਲੀ ਨੈਸ਼ਨਲ ਵਰਕਸ਼ੌਪ ‘ਮਿਸ਼ਨ ਵਜੋਂ ਅਗਵਾਈ’ 17 ਨਵੰਬਰ 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਕੀਤੀ ਜਾਵੇਗੀ। ਇਸ ਵਿੱਚ ਉਨ੍ਹਾਂ ਵਿਸ਼ੇਸ਼ ਫੈਸਲਿਆਂ ਰਾਹੀਂ ਅਗਵਾਈ ਦਾ ਅਧਿਐਨ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਅਗਵਾਈ ਸਪਸ਼ਟ ਤੌਰ ‘ਤੇ ਦਿਖਾਈ ਦਿੰਦੀ ਹੈ ਅਤੇ ਇਹ ਵੀ ਦੇਖਿਆ ਜਾਵੇਗਾ ਕਿ ਇਨ੍ਹਾਂ ਫੈਸਲਿਆਂ ਨੂੰ ਨਾਗਰਿਕਾਂ ਲਈ ਨਤੀਜਿਆਂ ਵਿੱਚ ਕਿਸ ਤਰ੍ਹਾਂ ਬਦਲਿਆ ਜਾਂਦਾ ਹੈ। ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਨੁਰਾਗ ਜੈਨ ਭਾਗੀਦਾਰਾਂ ਦਾ ਸੁਆਗਤ ਕਰਨਗੇ ਅਤੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਲਾਹਿੜੀ ਉਦਘਾਟਨੀ ਭਾਸ਼ਣ ਦੇਣਗੇ। ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਡਾ. ਪੀ.ਕੇ.ਮਿਸ਼ਰਾ ਉਦਘਾਟਨੀ ਮੁੱਖ ਭਾਸ਼ਣ ਦੇਣਗੇ ਅਤੇ ਕੋਟਕ ਮਹਿੰਦਰਾ ਬੈਂਕ ਦੇ ਫਾਉਂਡਰ ਸ਼੍ਰੀ ਉਦੈ ਕੋਟਕ ਵੀ ਮੁੱਖ ਭਾਸ਼ਣ ਦੇਣਗੇ। ਨੀਤੀ ਆਯੋਗ ਦੇ ਮੈਂਬਰ ਡਾ. ਆਰ. ਬਾਲਾਸੁਬ੍ਰਾਮਣੀਅਮ ਵਰਕਸ਼ੌਪ ਦੀ ਰੂਪ-ਰੇਖਾ ਪੇਸ਼ ਕਰਨਗੇ।
ਮਹੱਤਵਪੂਰਨ ਫੈਸਲਿਆਂ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਰਹੇ ਲੋਕਾਂ ਦੇ ਚਾਰ ਪ੍ਰਤੱਖ ਤਜ਼ਰਬੇ ਇਸ ਪ੍ਰੋਗਰਾਮ ਦਾ ਮੁੱਖ ਹਿੱਸਾ ਹੋਣਗੇ। ਗੁਜਰਾਤ ਸਰਕਾਰ ਦੇ ਐਡੀਸ਼ਨਲ ਚੀਫ ਸੈਕਟਰੀ ਸ਼੍ਰੀ ਰਾਜੀਵ ਟੋਪਨੋ ਵਰ੍ਹੇ 2001 ਦੇ ਭੂਚਾਲ ਤੋਂ ਬਾਅਦ ਕੱਛ ਦੇ ਪੁਨਰ-ਨਿਰਮਾਣ ਬਾਰੇ ਆਪਣੇ ਅਨੁਭਵ ਸਾਂਝੇ ਕਰਨਗੇ। ਸਾਬਕਾ ਕੇਂਦਰੀ ਸਿਹਤ ਸਕੱਤਰ ਅਤੇ ਯੂਪੀਐੱਸਸੀ ਦੇ ਸਾਬਕਾ ਚੇਅਰਮੈਨ ਸੁਸ਼੍ਰੀ ਪ੍ਰੀਤੀ ਸੂਦਨ ਕੋਵਿਡ-19 ਦੌਰਾਨ ਕੀਤੀ ਗਈ ਕਾਰਵਾਈ ‘ਤੇ ਆਪਣੇ ਅਨੁਭਵ ਸਾਂਝੇ ਕਰਨਗੇ। ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸਾਬਕਾ ਸਕੱਤਰ ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ‘ਲਖਪਤੀ ਦੀਦੀ’ ਯੋਜਨਾ ਬਾਰੇ ਆਪਣੇ ਅਨੁਭਵ ਪੇਸ਼ ਕਰਨਗੇ। ਈਸਰੋ ਦੇ ਸਾਬਕਾ ਚੇਅਰਮੈਨ ਡਾ. ਐੱਸ. ਸੋਮਨਾਥ ਪੁਲਾੜ ਅਰਥਵਿਵਸਥਾ ਨੂੰ ਖੋਲ੍ਹਣ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕਰਨਗੇ।
‘ਵਿਕਸਿਤ ਭਾਰਤ ਲਈ ਅਗਵਾਈ’ ਵਿਸ਼ੇ ‘ਤੇ ਇੱਕ ਪੈਨਲ ਚਰਚਾ ਆਯੋਜਿਤ ਕੀਤੀ ਜਾਵੇਗੀ। ਇਸ ਦਾ ਸੰਚਾਲਨ ਨੀਤੀ ਆਯੋਗ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਬੀ.ਵੀ.ਆਰ. ਸੁਬ੍ਰਾਮਣੀਅਮ ਕਰਨਗੇ। ਪੈਨਲ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਸ਼ਹਿਰੀ ਵਿਕਾਸ ਅਤੇ ਊਰਜਾ ਮੰਤਰੀ ਸ਼੍ਰੀ ਅਰਵਿਦ ਕੁਮਾਰ ਸ਼ਰਮਾ, ਭਾਰਤੀ ਪ੍ਰਬੰਧਨ ਸੰਸਥਾਨ ਅਹਿਮਦਾਬਾਦ ਦੇ ਪ੍ਰੋਫੈਸਰ ਵਿਸ਼ਾਲ ਗੁਪਤਾ, ਨੀਤੀ ਆਯੋਗ ਦੀ ਵਿਸ਼ੇਸ਼ ਫੈਲੋ ਸੁਸ਼੍ਰੀ ਦੇਬਜਾਨੀ ਘੋਸ਼ ਅਤੇ ਹਰਦੋਈ ਦੀ ਜੁਆਇੰਟ ਮੈਜਿਸਟ੍ਰੇਟ ਸੁਸ਼੍ਰੀ ਨਾਰਾਇਣੀ ਭਾਟੀਆ ਸ਼ਾਮਲ ਹੋਣਗੇ।
ਕੈਬਨਿਟ ਸਕੱਤਰ ਡਾ. ਟੀ.ਵੀ. ਸੋਮਨਾਥਨ ਵਰਕਸ਼ੌਪ ਦੀ ਸਮਾਪਤੀ ਕਰਨਗੇ ਅਤੇ ਆਈਜੀਓਟੀ ਕਰਮਯੋਗੀ ਪਲੈਟਫਾਰਮ ‘ਤੇ ‘ਕਰਮਯੋਗੀ ਸੰਕਲਪ’ ਦੀ ਸ਼ੁਰੂਆਤ ਕਰਨਗੇ। ਇਸ ਸੰਕਲਪ ਰਾਹੀਂ ਦੇਸ਼ ਭਰ ਦੇ ਸਿਵਿਲ ਸੇਵਕ ਆਪਣੀ ਅਗਵਾਈ ਸਬੰਧੀ ਕਾਰਜ ਪ੍ਰਣਾਲੀ ਵਿੱਚ ਇੱਕ ਵਿਸ਼ੇਸ਼ ਤਬਦੀਲੀ ਲਿਆਉਣ ਦੀ ਵਚਨਬੱਧਤਾ ਵਿਅਕਤ ਕਰਨਗੇ।
ਇਸ ਵਰਕਸ਼ੌਪ ਵਿੱਚ ਲਗਭਗ 900 ਭਾਗੀਦਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਨ੍ਹਾਂ ਵਿੱਚੋਂ 250 ਭਾਗੀਦਾਰ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਕੱਤਰਾਂ ਅਤੇ ਸੀਨੀਅਰ ਅਧਿਕਾਰੀਆਂ ਅਤੇ ਖਾਹਿਸ਼ੀ ਜ਼ਿਲ੍ਹਿਆਂ ਦੇ ਜ਼ਿਲ੍ਹ ਕਲੈਕਟਰਾਂ ਸਮੇਤ 150 ਸਰਕਾਰੀ ਅਧਿਕਾਰੀ ਸ਼ਾਮਲ ਹੋਣਗੇ। ਭਾਗੀਦਾਰਾਂ ਵਿੱਚ ਪ੍ਰਮੁੱਖ ਸੰਸਥਾਨਾਂ ਅਤੇ ਯੂਨੀਵਰਸਿਟੀਆਂ ਦੇ 25 ਵਿਦਿਆਰਥੀ ਅਤੇ ਰਾਸ਼ਟਰੀ ਪ੍ਰਮੁੱਖ ਯੋਜਨਾਵਾਂ ਦੇ 50 ਭਾਈਚਾਰਕ ਭਾਗੀਦਾਰ ਅਤੇ ਲਾਭਪਾਤਰੀ ਵੀ ਸ਼ਾਮਲ ਹੋਣਗੇ। ਸਮੂਹ ਚਰਚਾਵਾਂ ਦਾ ਸੰਚਾਲਨ ਸਮਰੱਥਾ ਨਿਰਮਾਣ ਆਯੋਗ ਦੀ ‘ਅੰਮ੍ਰਿਤ ਗਿਆਨ ਕੋਸ਼’ ਪਹਿਲਕਦਮੀ ਦੇ ਤਹਿਤ ਟ੍ਰੇਂਡ 25 ਕੇਸ ਫੈਸੀਲਿਟੇਟਰ ਕਰਨਗੇ। ਇਸ ਪ੍ਰੋਗਰਾਮ ਦੀ ਕਾਰਵਾਈ ਦਾ ਪ੍ਰਸਾਰਣ ਆਈਜੀਓਟੀ ਕਰਮਯੋਗੀ ਪਲੈਟਫਾਰਮ ‘ਤੇ ਕੀਤਾ ਜਾਵੇਗਾ।
***********
ਐੱਮਜੇਪੀਐੱਸ/ਪੀਆਰਕੇ/ਏਕੇ