Posted On:
05 NOV 2026 2:43PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਕਿਹਾ ਕਿ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਭਾਰਤ ਦੀ ਸ਼ਾਨਦਾਰ ਤਰੱਕੀ ਇਹ ਦਰਸਾਉਂਦੀ ਹੈ ਕਿ ਵਾਤਾਵਰਣ ਸੰਬੰਧੀ ਵਚਨਬੱਧਤਾਵਾਂ ਆਰਥਿਕ ਵਿਕਾਸ ਵਿੱਚ ਰੁਕਾਵਟ ਨਹੀਂ , ਸਗੋਂ ਦੇਸ਼ ਦੀ ਵਿਕਾਸ ਯਾਤਰਾ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਹਨ।
ਉਪ-ਰਾਸ਼ਟਰਪਤੀ ਨੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਨਵਿਆਉਣਯੋਗ ਊਰਜਾ ਸੰਮੇਲਨ ਅਤੇ ਐਕਸਪੋ 2026 ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਨਵਿਆਉਣਯੋਗ ਊਰਜਾ ਖੇਤਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ, ਟਿਕਾਊ ਵਿਕਾਸ ਪ੍ਰਤੀ ਇਸ ਦੀ ਵਚਨਬੱਧਤਾ ਅਤੇ ਦੇਸ਼ ਭਰ ਵਿੱਚ ਪਰਿਵਾਰਾਂ, ਕਿਸਾਨਾਂ ਤੇ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਵਿੱਚ ਸਾਫ਼ ਊਰਜਾ ਦੀ ਪਰਿਵਰਤਨਸ਼ੀਲ ਭੂਮਿਕਾ ਨੂੰ ਉਜਾਗਰ ਕੀਤਾ।
https://x.com/VPIndia/status/2118267609338785811?s=20
ਭਾਰਤ ਦੇ ਆਕਾਰ ਦੇ ਇੱਕ ਵਿਕਾਸਸ਼ੀਲ ਦੇਸ਼ ਲਈ ਜੈਵਿਕ ਈਂਧਨ ’ਤੇ ਨਿਰਭਰਤਾ ਘਟਾਉਂਦੇ ਹੋਏ ਤੇਜ਼ ਆਰਥਿਕ ਵਿਕਾਸ ਨੂੰ ਬਣਾਏ ਰੱਖਣਾ ਸੰਭਵ ਹੋਵੇਗਾ ਜਾਂ ਨਹੀਂ, ਇਸ ਸੰਬੰਧ ਵਿੱਚ ਪਹਿਲਾਂ ਪ੍ਰਗਟ ਕੀਤੇ ਖ਼ਦਸ਼ਿਆਂ ਦਾ ਜ਼ਿਕਰ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੇ ਆਪਣੀਆਂ ਪ੍ਰਾਪਤੀਆਂ ਰਾਹੀਂ ਇਨ੍ਹਾਂ ਖ਼ਦਸ਼ਿਆਂ ਦਾ ਜਵਾਬ ਦਿੱਤਾ ਹੈ।
ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਦੀ ਗੈਰ-ਜੈਵਿਕ ਈਂਧਨ ਆਧਾਰਿਤ ਸਥਾਪਿਤ ਸਮਰੱਥਾ 300 ਗੀਗਾਵਾਟ ਨੂੰ ਪਾਰ ਕਰ ਗਈ ਹੈ ਅਤੇ ਦੇਸ਼ ਨੇ ਸਾਲ 2025 ਵਿੱਚ ਆਪਣੀ ਸਥਾਪਿਤ ਬਿਜਲੀ ਸਮਰੱਥਾ ਦਾ 50 ਫ਼ੀਸਦ ਗੈਰ-ਜੈਵਿਕ ਈਂਧਨ ਸਰੋਤਾਂ ਤੋਂ ਪ੍ਰਾਪਤ ਕਰਨ ਦਾ ਟੀਚਾ ਆਪਣੀ ਨਿਰਧਾਰਿਤ ਸਮਾਂ ਸੀਮਾ ਤੋਂ ਪੰਜ ਸਾਲ ਪਹਿਲਾਂ ਹੀ ਹਾਸਲ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇੱਕ ਦਹਾਕੇ ਵਿੱਚ ਸੂਰਜੀ ਊਰਜਾ ਦੀ ਸਥਾਪਿਤ ਸਮਰੱਥਾ 3 ਗੀਗਾਵਾਟ ਤੋਂ ਘੱਟ ਤੋਂ ਵਧ ਕੇ 170 ਗੀਗਾਵਾਟ ਤੋਂ ਵੱਧ ਹੋ ਗਈ ਹੈ।
ਇਹ ਜ਼ਿਕਰ ਕਰਦਿਆਂ ਕਿ ਸੂਰਜੀ ਊਰਜਾ ਤੋਂ ਪੈਦਾ ਹੁੰਦੀ ਬਿਜਲੀ ਦੀ ਲਾਗਤ ਕਿਸੇ ਸਮੇਂ ਕੋਲੇ ’ਤੇ ਆਧਾਰਿਤ ਬਿਜਲੀ ਦੀ ਤੁਲਨਾ ਵਿੱਚ ਕਈ ਗੁਣਾ ਵੱਧ ਸੀ, ਜਦਕਿ ਹੁਣ ਇਹ ਭਾਰਤ ਵਿੱਚ ਬਿਜਲੀ ਦੇ ਸਭ ਤੋਂ ਸਸਤੇ ਸਰੋਤਾਂ ਵਿੱਚ ਸ਼ਾਮਲ ਹੈ, ਉਨ੍ਹਾਂ ਨੇ ਕਿਹਾ ਕਿ ਇਹ ਤਬਦੀਲੀ ਮਜ਼ਬੂਤ ਨੀਤੀਆਂ, ਨਿੱਜੀ ਉੱਦਮਾਂ ਅਤੇ ਰਾਜਾਂ ਤੇ ਨਾਗਰਿਕਾਂ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ।
ਸ਼੍ਰੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਵਿੱਚ ਹਾਈਡ੍ਰੋਜਨ ਊਰਜਾ ਦੇ ਖੇਤਰ ਵਿੱਚ ਉਤਸ਼ਾਹਜਨਕ ਤਰੱਕੀ ਹੋ ਰਹੀ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਤਰੱਕੀ ਨਾਲ ਆਉਣ ਵਾਲੇ ਸਾਲਾਂ ਵਿੱਚ ਹਾਈਡ੍ਰੋਜਨ ਊਰਜਾ ਵਧੇਰੇ ਕਿਫਾਇਤੀ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਨਵਿਆਉਣਯੋਗ ਊਰਜਾ ਪਰਿਵਰਤਨ ਨਾ ਸਿਰਫ਼ ਦੇਸ਼ ਲਈ ਇੱਕ ਮਿਸਾਲੀ ਪ੍ਰਾਪਤੀ ਹੈ, ਸਗੋਂ ਵਿਸ਼ਵ-ਵਿਆਪੀ ਦੱਖਣ ਲਈ ਵੀ ਇੱਕ ਮਾਡਲ ਹੈ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਹਾਸਲ ਕੀਤੀ ਗਈ ਤਰੱਕੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਉਸ ਦ੍ਰਿਸ਼ਟੀਕੋਣ ਨੂੰ ਸਹੀ ਸਾਬਤ ਕਰਦੀ ਹੈ ਕਿ ਵਾਤਾਵਰਣ ਸੰਬੰਧੀ ਵਚਨਬੱਧਤਾਵਾਂ ਵਿਕਾਸ ਦੀਆਂ ਚਾਲਕ ਹਨ। ਇਸ ਨਾਲ ਊਰਜਾ ਦੀ ਵਧੇਰੇ ਪਹੁੰਚ, ਉਦਯੋਗਾਂ ਦੀ ਲਾਗਤ ਵਿੱਚ ਕਮੀ, ਰੁਜ਼ਗਾਰ ਦੇ ਮੌਕਿਆਂ ਦੀ ਸਿਰਜਣਾ ਅਤੇ ਆਯਾਤ ’ਤੇ ਨਿਰਭਰਤਾ ਵਿੱਚ ਘਾਟ ਯਕੀਨੀ ਹੋ ਰਹੀ ਹੈ। ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਮਜ਼ਬੂਤ ਸਹਿਯੋਗ ਦਾ ਸੱਦਾ ਦਿੰਦਿਆਂ ਉਨ੍ਹਾਂ ਨੇ ਕਿਹਾ, “ਸਾਲ 2040 ਦੀਆਂ ਤਕਨਾਲੋਜੀਆਂ ਅੱਜ ਦੀਆਂ ਪ੍ਰਯੋਗਸ਼ਾਲਾਵਾਂ ਅਤੇ ਸਟਾਰਟ-ਅੱਪਸ ਤੋਂ ਵਿਕਸਤ ਹੋਣਗੀਆਂ।” ਉਨ੍ਹਾਂ ਨੇ ਖੋਜ ਨਵੀਨਤਾ ਅਤੇ ਉੱਦਮਤਾ ਦੇ ਮਹੱਤਵ ’ਤੇ ਜ਼ੋਰ ਦਿੱਤਾ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ਪੀਐੱਮ ਸੁਰਯ ਘਰ ਮੁਫ਼ਤ ਬਿਜਲੀ ਯੋਜਨਾ ਦੇ ਤਹਿਤ, 65 ਲੱਖ ਤੋਂ ਵੱਧ ਪਰਿਵਾਰ ਸੂਰਜੀ ਊਰਜਾ ਮੁਹਿੰਮ ਨਾਲ ਜੁੜ ਚੁੱਕੇ ਹਨ ਅਤੇ ਉਨ੍ਹਾਂ ਨੂੰ ਕਿਫਾਇਤੀ ਸਾਫ਼ ਊਰਜਾ ਦੀ ਸੁਵਿਧਾ ਮਿਲ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੀ.ਐੱਮ-ਕੁਸੁਮ ਯੋਜਨਾ ਦੇ ਤਹਿਤ ਲਗਭਗ 30 ਲੱਖ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸੂਰਜੀ ਪੰਪਾਂ ਨਾਲ ਕਿਸਾਨਾਂ ਨੂੰ ਡੀਜ਼ਲ ’ਤੇ ਹੋਣ ਵਾਲੇ ਖ਼ਰਚੇ ਵਿੱਚ ਬੱਚਤ ਕਰਨ, ਵਾਧੂ ਆਮਦਨ ਪੈਦਾ ਕਰਨ ਅਤੇ ਅਨਾਜ ਦੇ ਨਾਲ-ਨਾਲ ਊਰਜਾ ਦੇ ਦਾਤਾ ਭਾਵ ‘ਊਰਜਾ-ਦਾਤਾ’ ਬਣਨ ਵਿੱਚ ਮਦਦ ਮਿਲਦੀ ਹੈ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ‘ਪੀ.ਐੱਮ.-ਜਨਮਨ’ ਅਤੇ ‘ਧਰਤੀ ਆਬਾ ਜਨਜਾਤੀਗਤ ਗ੍ਰਾਮ ਉਤਕਰਸ਼ ਅਭਿਆਨ’ ਦੇ ਤਹਿਤ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦੂਰ-ਦੁਰਾਡੇ ਦੇ ਕਬਾਇਲੀ ਖੇਤਰਾਂ ਤੱਕ ਬਿਜਲੀ ਦੀ ਪਹੁੰਚ ਨੂੰ ਯਕੀਨੀ ਬਣਾ ਰਹੀਆਂ ਹਨ, ਜਿੱਥੇ ਰਵਾਇਤੀ ਗਰਿੱਡ ਕਨੈਕਟੀਵਿਟੀ ਸੰਭਵ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਉਪਲਬਧਤਾ ਨਾਲ ਸਿੱਖਿਆ, ਸਿਹਤ ਸੰਭਾਲ, ਸੰਚਾਰ ਅਤੇ ਆਜੀਵਿਕਾ ਦੇ ਖੇਤਰਾਂ ਵਿੱਚ ਮੌਕਿਆਂ ਦਾ ਵਿਸਥਾਰ ਹੁੰਦਾ ਹੈ ਅਤੇ ਲੋਕਾਂ ਦਾ ਜੀਵਨ ਬਦਲਦਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਊਰਜਾ ਸੰਬੰਧੀ ਹੱਲ ਸ਼ਹਿਰਾਂ, ਪਿੰਡਾਂ ਅਤੇ ਦੂਰ-ਦੁਰਾਡੇ ਦੀਆਂ ਬਸਤੀਆਂ ਦੀਆਂ ਖ਼ਾਸ ਲੋੜਾਂ ਅਨੁਸਾਰ ਹੋਣੇ ਚਾਹੀਦੇ ਹਨ।
ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਨਵਿਆਉਣਯੋਗ ਊਰਜਾ ਤਬਦੀਲੀ ਨੂੰ ਜਨ ਅੰਦੋਲਨ ਦੱਸਦਿਆਂ, ਉਪ-ਰਾਸ਼ਟਰਪਤੀ ਨੇ ਕਿਹਾ ਕਿ ਅਜਿਹਾ ਅੰਦੋਲਨ ਸਿਰਫ਼ ਸਰਕਾਰ ਦੇ ਯਤਨਾਂ ਨਾਲ ਹੀ ਨਹੀਂ ਚਲਾਇਆ ਜਾ ਸਕਦਾ। ਉਨ੍ਹਾਂ ਨੇ ਅਧਿਆਪਕਾਂ, ਵਿਦਿਆਰਥੀਆਂ, ਉੱਦਮੀਆਂ ਅਤੇ ਨਾਗਰਿਕਾਂ ਨੂੰ ਇਸ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਵਿੱਚ ਜਨਤਕ ਭਾਗੀਦਾਰੀ ਨਾਲ ਨਾ ਸਿਰਫ਼ ਨਵਿਆਉਣਯੋਗ ਊਰਜਾ ਨੂੰ ਅਪਣਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ, ਸਗੋਂ ਨਵੇਂ ਆਰਥਿਕ ਮੌਕਿਆਂ ਦੀ ਸਿਰਜਣਾ ਹੋਵੇਗੀ, ਰੋਜ਼ੀ-ਰੋਟੀ ਦੇ ਸਾਧਨ ਵਿਕਸਿਤ ਹੋਣਗੇ ਅਤੇ ਪਰਿਵਾਰਾਂ ਦੀ ਖੁਸ਼ਹਾਲੀ ਨੂੰ ਉਤਸ਼ਾਹ ਮਿਲੇਗਾ।
ਮਿਸ਼ਨ ਲਾਈਫ਼ (ਵਾਤਾਵਰਣ ਲਈ ਜੀਵਨ ਸ਼ੈਲੀ) ਦਾ ਦਾ ਜ਼ਿਕਰ ਕਰਦਿਆਂ ਉਪ-ਰਾਸ਼ਟਰਪਤੀ ਨੇ ਊਰਜਾ-ਕੁਸ਼ਲਤਾ ਸੰਬੰਧੀ ਕਾਰਜ-ਪ੍ਰਣਾਲੀਆਂ ਅਪਣਾਉਣ, ਸੋਚ-ਸਮਝ ਕੇ ਖਪਤ ਕਰਨ ਅਤੇ ਰਹਿੰਦ-ਖੂੰਹਦ ਦਾ ਜ਼ਿੰਮੇਵਾਰੀ ਨਾਲ ਨਿਪਟਾਰਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਰੇਕ ਵਿਅਕਤੀ ਵੱਲੋਂ ਕੀਤੇ ਗਏ ਛੋਟੇ-ਛੋਟੇ ਯਤਨਾਂ ਦਾ ਸਮੂਹਿਕ ਪ੍ਰਭਾਵ ਟਿਕਾਊ ਵਿਕਾਸ ਵਿੱਚ ਕਿਸੇ ਨਵੇਂ ਬਿਜਲੀ ਪਲਾਂਟ ਦੇ ਯੋਗਦਾਨ ਜਿੰਨਾ ਹੀ ਮਹੱਤਵਪੂਰਨ ਹੋ ਸਕਦਾ ਹੈ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ-ਵਿਆਪੀ ਜਲਵਾਯੂ ਟੀਚਿਆਂ ਨੂੰ ਹਾਸਲ ਕਰਨ ਲਈ ਆਉਣ ਵਾਲਾ ਦਹਾਕਾ ਬਹੁਤ ਮਹੱਤਵਪੂਰਨ ਹੋਵੇਗਾ। ਉਨ੍ਹਾਂ ਨੇ ਸਾਲ 2047 ਤੱਕ ‘ਵਿਕਸਿਤ ਭਾਰਤ’ ਅਤੇ ਸਾਲ 2070 ਤੱਕ ਸ਼ੁੱਧ- ਜ਼ੀਰੋ ਨਿਕਾਸ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਸਾਲ 2070 ਤੱਕ ਭਾਰਤ ਦੀ ਬਿਜਲੀ ਦੀ ਮੰਗ ਲਗਭਗ ਸੱਤ ਗੁਣਾ ਵੱਧ ਸਕਦੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਾਤਾਵਰਣ ਦੀ ਰਾਖੀ ਕਰਦਿਆਂ ਸਵੱਛ, ਭਰੋਸੇਯੋਗ ਅਤੇ ਕਿਫਾਇਤੀ ਬਿਜਲੀ ਰਾਹੀਂ ਊਰਜਾ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ।
ਇਸ ਸਿਖ਼ਰ ਸੰਮੇਲਨ ਵਿੱਚ ਹੋਏ ਵਿਚਾਰ-ਵਟਾਂਦਰੇ ਨੂੰ ਠੋਸ ਕਾਰਵਾਈਆਂ ਵਿੱਚ ਬਦਲਣ ਦਾ ਸੱਦਾ ਦਿੰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ, “ਚਰਚਾਵਾਂ ਨੂੰ ਪ੍ਰੋਜੈਕਟਾਂ ਵਿੱਚ ਅਤੇ ਪ੍ਰੋਜੈਕਟਾਂ ਨੂੰ ਬਿਜਲੀ ਉਤਪਾਦਨ ਵਿੱਚ ਬਦਲੋ।” ਉਨ੍ਹਾਂ ਨੇ ਵਿਸ਼ਵ-ਵਿਆਪੀ ਸਹਿਯੋਗ ਦਾ ਸੱਦਾ ਦਿੰਦਿਆਂ ਕਿਹਾ, “ਜੇਕਰ ਵਿਸ਼ਵ ਨੂੰ ਸੂਰਜ ਦੀ ਰੋਸ਼ਨੀ ਨਾਲ ਰੋਸ਼ਨ ਹੋਣਾ ਹੈ, ਤਾਂ ਇਸ ਨੂੰ ਮਿਲ ਕੇ ਕੰਮ ਕਰਨ ਵਾਲੇ ਹੱਥਾਂ ਦੇ ਯਤਨਾਂ ਨਾਲ ਰੋਸ਼ਨ ਹੋਣ ਦਿਓ।”
ਇਸ ਮੌਕੇ ’ਤੇ, ਉਪ-ਰਾਸ਼ਟਰਪਤੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ, ਸਰਕਾਰੀ ਵਿਭਾਗਾਂ, ਵਿਕਰੇਤਾਵਾਂ, ਬ੍ਰਾਂਡ ਮਾਲਕਾਂ ਅਤੇ ਜਨਤਕ ਖੇਤਰ ਦੇ ਬੈਂਕਾਂ ਨੂੰ ਐਕਸੀਲੈਂਸ ਇਨ ਰੀਨਿਊਏਬਲ ਐਨਰਜੀ ਪੁਰਸਕਾਰ ਅਤੇ ਪੀਐਮ ਸੂਰਯ ਘਰ ਅਵਾਰਡ ਪ੍ਰਦਾਨ ਕੀਤੇ।
https://x.com/VPIndia/status/2118267870283268171?s=20
ਇਸ ਮੌਕੇ ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ, ਨਵੀਂ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੇਸੋ ਨਾਇਕ, ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਡਾ. ਅਜੈ ਕੁਮਾਰ ਸੂਦ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਤੋਸ਼ ਕੁਮਾਰ ਸਾਰੰਗੀ ਮੌਜੂਦ ਸਨ। ਇਸ ਸਿਖ਼ਰ ਸੰਮੇਲਨ ਵਿੱਚ ਭਾਈਵਾਲ ਦੇਸ਼ਾਂ ਦੇ ਨੁਮਾਇੰਦਿਆਂ, ਨੀਤੀ ਘਾੜਿਆਂ, ਨਿਵੇਸ਼ਕਾਂ, ਉਦਯੋਗ ਜਗਤ ਦੇ ਮੋਹਰੀਆਂ, ਗਿਆਨ ਭਾਈਵਾਲਾਂ, ਪ੍ਰਦਰਸ਼ਕਾਂ ਅਤੇ ਹੋਰ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।
*****
ਪੀਆਰ/ਏਐਸਐਮ/ਵੀਐਮ