ਵਿੱਤ ਮੰਤਰਾਲਾ
azadi ka amrit mahotsav

ਤਿੰਨ ਜਨਤਕ ਸੁਰੱਖਿਆ ਯੋਜਨਾਵਾਂ - ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY), ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਅਤੇ ਅਟਲ ਪੈਨਸ਼ਨ ਯੋਜਨਾ (APY) - ਨੇ ਜਨਤਕ ਸੁਰੱਖਿਆ ਪ੍ਰਦਾਨ ਕਰਦੇ ਹੋਏ 11 ਸਾਲ ਪੂਰੇ ਕਰ ਲਏ ਹਨ


PMJJBY ਅਧੀਨ ਕੁੱਲ ਨਾਮਾਂਕਣ 27.43 ਕਰੋੜ ਤੋਂ ਵੱਧ ਹੋ ਚੁੱਕੇ ਹਨ ਅਤੇ 29.04.2026 ਤੱਕ 21,512.50 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ

ਇਸੇ ਸਮੇਂ ਦੌਰਾਨ, PMSBY ਅਧੀਨ ਕੁੱਲ ਨਾਮਾਂਕਣ 58.09 ਕਰੋੜ ਤੋਂ ਵੱਧ ਹੋ ਗਏ ਹਨ ਅਤੇ 1,84,662 ਦਾਅਵਿਆਂ ਲਈ 3,667.52 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ

Posted On: 09 MAY 2026 9:07AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 9 ਮਈ 2015 ਨੂੰ ਸ਼ੁਰੂ ਕੀਤੀਆਂ ਗਈਆਂ ਜਨਤਕ ਸੁਰੱਖਿਆ ਯੋਜਨਾਵਾਂ- ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY), ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY) ਅਤੇ ਅਟਲ ਪੈਨਸ਼ਨ ਯੋਜਨਾ (APY) ਸਮਾਜ ਦੇ ਸਾਰੇ ਪਛੜੇ ਅਤੇ ਕਮਜ਼ੋਰ ਵਰਗਾਂ ਨੂੰ ਕਿਫਾਇਤੀ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀਆਂ ਗਈਆਂ ਸਨ। ਇਹਨਾਂ ਪ੍ਰਮੁੱਖ ਯੋਜਨਾਵਾਂ ਦਾ ਉਦੇਸ਼ ਨਾਗਰਿਕਾਂ ਨੂੰ ਜੀਵਨ ਦੀਆਂ ਅਨਿਸ਼ਚਿਤਤਾਵਾਂ ਤੋਂ ਬਚਾ ਕੇ ਅਤੇ ਲੰਬੇ ਸਮੇਂ ਦੀ ਵਿੱਤੀ ਸਥਿਰਤਾ ਨੂੰ ਉਤਸ਼ਾਹਿਤ ਕਰਕੇ ਬੀਮਾ ਅਤੇ ਪੈਨਸ਼ਨ ਈਕੋਸਿਸਟਮ ਨੂੰ ਵਿਆਪਕ ਬਣਾਉਣਾ ਹੈ।

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ, ਨੇ ਤਿੰਨ ਜਨਤਕ ਸੁਰੱਖਿਆ ਯੋਜਨਾਵਾਂ ਦੇ ਮਾਰਗਦਰਸ਼ਕ ਸਿਧਾਂਤਾਂ 'ਤੇ ਚਰਚਾ ਕਰਦੇ ਹੋਏ ਕਿਹਾ, "ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਘੱਟ ਲਾਗਤ ਵਾਲੇ ਬੀਮਾ ਅਤੇ ਪੈਨਸ਼ਨ ਲਾਭ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਸਮੇਤ ਜਨਤਕ ਸੁਰੱਖਿਆ ਯੋਜਨਾਵਾਂ ਦੀ ਸ਼ੁਰੂਆਤ ਕੀਤੀ।"

ਜਨਤਕ ਸੁਰੱਖਿਆ ਯੋਜਨਾਵਾਂ ਦੀ 11ਵੀਂ ਵਰ੍ਹੇਗੰਢ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ PMJJBY, PMSBY ਅਤੇ APY ਦੇ ਤਹਿਤ ਕ੍ਰਮਵਾਰ 27 ਕਰੋੜ, 58 ਕਰੋੜ ਅਤੇ 9 ਕਰੋੜ ਤੋਂ ਵੱਧ ਨਾਮਾਂਕਣ ਹੋਏ ਹਨ।

ਵਿੱਤ ਮੰਤਰੀ ਨੇ PMJJBY ਯੋਜਨਾ ਬਾਰੇ ਕਿਹਾ, ਕਿ ਇਸ ਯੋਜਨਾ ਦੇ ਤਹਿਤ 10.7 ਲੱਖ ਤੋਂ ਵੱਧ ਪਰਿਵਾਰਾਂ ਦੇ 21,500 ਕਰੋੜ ਰੁਪਏ ਤੋਂ ਵੱਧ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਹੈ।

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ PMSBY ਯੋਜਨਾ ਦੇ ਤਹਿਤ 1.84 ਲੱਖ ਤੋਂ ਵੱਧ ਪਰਿਵਾਰਾਂ ਦੇ ਲਗਭਗ 3,660 ਕਰੋੜ ਰੁਪਏ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਹੈ।

ਸ਼੍ਰੀਮਤੀ ਸੀਤਾਰਮਣ ਨੇ ਆਪਣੇ ਭਾਸ਼ਣ ਦੀ ਸਮਾਪਤੀ ਵਿੱਚ ਕਿਹਾ, "ਜਨਤਕ ਸੁਰੱਖਿਆ ਯੋਜਨਾਵਾਂ ਦੀ 11ਵੀਂ ਵਰ੍ਹੇਗੰਢ ਦੇ ਮੌਕੇ 'ਤੇ, ਮੈਂ ਬੈਂਕਾਂ ਅਤੇ ਬੀਮਾ ਕੰਪਨੀਆਂ ਦੇ ਜ਼ਮੀਨੀ ਪੱਧਰ ਦੇ ਕਰਮਚਾਰੀਆਂ ਸਮੇਤ ਸਾਰੇ ਹਿੱਸੇਦਾਰਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਦੇ ਸਮਰਪਿਤ ਯਤਨਾਂ ਨਾਲ ਇਨ੍ਹਾਂ ਯੋਜਨਾਵਾਂ ਨੂੰ ਇੰਨੀ ਸਫਲਤਾ ਮਿਲੀ ਹੈ।"

ਇਸ ਮੌਕੇ 'ਤੇ ਬੋਲਦਿਆਂ, ਕੇਂਦਰੀ ਵਿੱਤ ਰਾਜ ਮੰਤਰੀ, ਸ਼੍ਰੀ ਪੰਕਜ ਚੌਧਰੀ ਨੇ ਕਿਹਾ, "ਇਹਨਾਂ ਯੋਜਨਾਵਾਂ ਦਾ ਉਦੇਸ਼ ਸਭ ਤੋਂ ਗ਼ਰੀਬ ਲੋਕਾਂ ਨੂੰ ਬੀਮਾ ਕਵਰੇਜ ਅਤੇ ਪੈਨਸ਼ਨ ਸਹਾਇਤਾ ਪ੍ਰਦਾਨ ਕਰਨਾ ਹੈ। ਇਹਨਾਂ ਯੋਜਨਾਵਾਂ ਨੇ ਨਾਮਾਂਕਣ ਅਤੇ ਦਾਅਵਿਆਂ ਦੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕਰਨ ਅਤੇ ਸਰਲ ਬਣਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਔਨਲਾਈਨ ਜਨਤਕ ਸੁਰੱਖਿਆ ਪੋਰਟਲ ਦੀ ਸ਼ੁਰੂਆਤ ਨਾਲ ਨਾਗਰਿਕਾਂ ਲਈ ਬੈਂਕ ਸ਼ਾਖਾਵਾਂ ਜਾਂ ਡਾਕਘਰਾਂ ਵਿੱਚ ਜਾਣ ਬਗੈਰ ਅਸਾਨੀ ਨਾਲ ਨਾਮਾਂਕਣ ਕਰਨਾ ਸੰਭਵ ਹੋਇਆ ਹੈ। ਦਾਅਵਿਆਂ ਦੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕਰਨ ਨਾਲ ਤੇਜ਼ੀ ਨਾਲ ਨਿਪਟਾਰੇ ਯਕੀਨੀ ਬਣਾਏ ਗਏ ਹਨ, ਜਿਸ ਨਾਲ ਸੋਗਗ੍ਰਸਤ ਪਰਿਵਾਰਾਂ ਨੂੰ ਉਨ੍ਹਾਂ ਦੀ ਸਭ ਤੋਂ ਵੱਡੀ ਜ਼ਰੂਰਤ ਦੇ ਸਮੇਂ ਮਦਦ ਪ੍ਰਾਪਤ ਹੋ ਸਕੀ ਹੈ।"

ਜਨਤਕ ਸੁਰੱਖਿਆ ਦੀਆੰ ਤਿੰਨ ਯੋਜਨਾਵਾਂ - ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY), ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY), ਅਤੇ ਅਟਲ ਪੈਨਸ਼ਨ ਯੋਜਨਾ (APY) ਦੀ 11ਵੀਂ ਵਰ੍ਹੇਗੰਢ ਮਨਾਉਂਦੇ ਹੋਏ, ਆਓ ਅਸੀਂ ਯਾਦ ਕਰੀਏ ਕਿ ਕਿਵੇਂ ਇਹਨਾਂ ਯੋਜਨਾਵਾਂ ਨੇ ਲੋਕਾਂ ਨੂੰ ਕਿਫਾਇਤੀ ਬੀਮਾ ਅਤੇ ਸੁਰੱਖਿਆ (ਜਨਤਕ ਸੁਰੱਖਿਆ) ਪ੍ਰਦਾਨ ਕੀਤੀ ਹੈ, ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਮੁੱਖ ਵਿਸ਼ੇਸ਼ਤਾਵਾਂ ਕੀ ਹਨ।

1. ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (PMJJBY)

ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (PMJJBY) ਕਿਸੇ ਵੀ ਕਾਰਨ ਕਰਕੇ ਹੋਣ ਵਾਲੀ ਮੌਤ ਦੇ ਵਿਰੁੱਧ

 ਪ੍ਰਤੀ ਦਿਨ 2 ਰੁਪਏ ਤੋਂ ਘੱਟ ਦੇ ਪ੍ਰੀਮੀਅਮ 'ਤੇ ਜੀਵਨ ਬੀਮਾ ਕਵਰ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। 

ਇਸ ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ : PMJJBY ਇੱਕ ਸਾਲ ਦੀ ਬੀਮਾ ਯੋਜਨਾ ਹੈ, ਜਿਸ ਨੂੰ ਹਰ ਵਰ੍ਹੇ ਰੀਨਿਊ ਕੀਤਾ ਜਾ ਸਕਦਾ ਹੈ। ਇਹ ਯੋਜਨਾ LIC ਅਤੇ ਹੋਰ ਜੀਵਨ ਬੀਮਾ ਕੰਪਨੀਆਂ, ਜੋ ਜ਼ਰੂਰੀ ਪ੍ਰਵਾਨਗੀਆਂ ਪ੍ਰਾਪਤ ਕਰਨ ਅਤੇ ਬੈਂਕਾਂ/ਡਾਕਘਰਾਂ ਨਾਲ ਭਾਈਵਾਲੀ ਕਰਨ ਤੋਂ ਬਾਅਦ ਸਮਾਨ ਸ਼ਰਤਾਂ 'ਤੇ ਇਸ ਉਤਪਾਦ ਦੀ ਪੇਸ਼ਕਸ਼ ਕਰਨ ਲਈ ਇਛੁੱਕ ਹਨ, ਦੁਆਰਾ ਚਲਾਈ ਜਾਂਦੀ ਹੈ। ਭਾਗੀਦਾਰ ਬੈਂਕ/ਡਾਕਘਰ ਆਪਣੇ ਗਾਹਕਾਂ ਲਈ ਇਸ ਯੋਜਨਾ ਨੂੰ ਲਾਗੂ ਕਰਨ ਲਈ ਕਿਸੇ ਵੀ ਜੀਵਨ ਬੀਮਾ ਕੰਪਨੀ ਨੂੰ ਨਿਯੁਕਤ ਕਰਨ ਲਈ ਸੁਤੰਤਰ ਹਨ।

ਯੋਗਤਾ ਮਾਪਦੰਡ: ਯੋਜਨਾ ਵਿੱਚ ਹਿੱਸਾ ਲੈਣ ਵਾਲੇ ਬੈਂਕਾਂ/ਡਾਕਘਰਾਂ ਦੇ 18 ਤੋਂ 50 ਵਰ੍ਹਿਆਂ ਦੀ ਉਮਰ ਦੇ ਸਾਰੇ ਵਿਅਕਤੀਗਤ ਖਾਤਾ ਧਾਰਕ ਜੋ ਆਟੋ-ਡੈਬਿਟ ਵਿੱਚ ਸ਼ਾਮਲ ਹੋਣ/ਸਰਗਰਮ ਹੋਣ ਲਈ ਆਪਣੀ ਸਹਿਮਤੀ ਦਿੰਦੇ ਹਨ, ਉਹ ਇਸ ਯੋਜਨਾ ਵਿੱਚ ਸ਼ਾਮਲ ਹੋਣ ਦੇ ਯੋਗ ਹਨ। ਜੇਕਰ ਕਿਸੇ ਵਿਅਕਤੀ ਦੇ ਇੱਕੋ ਜਾਂ ਵੱਖ-ਵੱਖ ਬੈਂਕਾਂ/ਡਾਕਘਰਾਂ ਵਿੱਚ ਇੱਕ ਤੋਂ ਵੱਧ ਖਾਤੇ ਹਨ, ਤਾਂ ਉਹ ਸਿਰਫ਼ ਇੱਕ ਬੈਂਕ/ਡਾਕਘਰ ਖਾਤੇ ਰਾਹੀਂ ਇਸ ਯੋਜਨਾ ਵਿੱਚ ਸ਼ਾਮਲ ਹੋਣ ਦੇ ਯੋਗ ਹਨ।

ਨਾਮਾਂਕਣ ਦੀ ਮਿਆਦ: ਇਹ ਕਵਰ 1 ਜੂਨ ਤੋਂ 31 ਮਈ ਤੱਕ ਇੱਕ ਸਾਲ ਦੀ ਮਿਆਦ ਲਈ ਹੋਵੇਗਾ, ਜਿਸ ਲਈ ਨਿਰਧਾਰਿਤ ਫਾਰਮਾਂ 'ਤੇ ਮਨੋਨੀਤ ਨਿਜੀ ਬੈਂਕ/ਡਾਕਘਰ ਖਾਤੇ ਤੋਂ ਆਟੋ-ਡੈਬਿਟ ਦੁਆਰਾ ਸ਼ਾਮਲ ਹੋਣ/ਭੁਗਤਾਨ ਕਰਨ ਦਾ ਵਿਕਲਪ ਲਾਜ਼ਮੀ ਹੋਵੇਗਾ।

ਪ੍ਰੀਮੀਅਮ: 436/- ਰੁਪਏ ਪ੍ਰਤੀ ਮੈਂਬਰ ਪ੍ਰਤੀ ਸਾਲ। ਯੋਜਨਾ ਵਿੱਚ ਨਾਮਾਂਕਣ ਦੇ ਸਮੇਂ ਦਿੱਤੇ ਗਏ ਵਿਕਲਪ ਦੇ ਅਨੁਸਾਰ, ਪ੍ਰੀਮੀਅਮ ਖਾਤਾ ਧਾਰਕ ਦੇ ਬੈਂਕ/ਡਾਕਘਰ ਖਾਤੇ ਤੋਂ 'ਆਟੋ-ਡੈਬਿਟ' ਸਹੂਲਤ ਰਾਹੀਂ ਇੱਕ ਹੀ ਕਿਸ਼ਤ ਵਿੱਚ ਕੱਟਿਆ ਜਾਵੇਗਾ। ਭਵਿੱਖ ਦੀ ਕਵਰੇਜ ਲਈ ਦੇਰੀ ਨਾਲ ਨਾਮਾਂਕਣ ਹੇਠ ਲਿਖੇ ਅਨੁਸਾਰ ਅਨੁਪਾਤੀ ਪ੍ਰੀਮੀਅਮ ਦੇ ਭੁਗਤਾਨ ਕਰਕੇ ਸੰਭਵ ਹੈ:

ਏ) ਜੂਨ, ਜੁਲਾਈ ਅਤੇ ਅਗਸਤ ਵਿੱਚ ਨਾਮਾਂਕਣ ਲਈ - 436/- ਰੁਪਏ ਦਾ ਪੂਰਾ ਸਲਾਨਾ ਪ੍ਰੀਮੀਅਮ ਭੁਗਤਾਨਯੋਗ ਹੈ।

ਬੀ) ਸਤੰਬਰ, ਅਕਤੂਬਰ ਅਤੇ ਨਵੰਬਰ ਵਿੱਚ ਨਾਮਾਂਕਣ ਲਈ, 342/- ਰੁਪਏ ਦਾ ਅਨੁਪਾਤੀ ਪ੍ਰੀਮੀਅਮ ਭੁਗਤਾਨਯੋਗ ਹੈ।

ਸੀ) ਦਸੰਬਰ, ਜਨਵਰੀ ਅਤੇ ਫਰਵਰੀ ਵਿੱਚ ਨਾਮਾਂਕਣ ਲਈ 228/- ਰੁਪਏ ਦਾ ਅਨੁਪਾਤੀ ਪ੍ਰੀਮੀਅਮ ਭੁਗਤਾਨਯੋਗ ਹੈ।

ਡੀ) ਮਾਰਚ, ਅਪ੍ਰੈਲ ਅਤੇ ਮਈ ਵਿੱਚ ਨਾਮਾਂਕਣ ਲਈ 114/- ਰੁਪਏ ਦਾ ਅਨੁਪਾਤੀ ਪ੍ਰੀਮੀਅਮ ਭੁਗਤਾਨਯੋਗ ਹੈ। 

ਲਾਭ: ਗਾਹਕ ਦੀ ਕਿਸੇ ਵੀ ਕਾਰਨ ਕਰਕੇ ਮੌਤ ਹੋਣ 'ਤੇ 2 ਲੱਖ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਨਾਮਾਂਕਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ-ਅੰਦਰ ਪ੍ਰਾਪਤ ਕਰਨ ਦੇ ਅਧਿਕਾਰ ਦੀ ਮਿਆਦ ਲਾਗੂ ਹੋਵੇਗੀ।

ਪ੍ਰਾਪਤੀਆਂ: 29.04.2026 ਤੱਕ, PMJJBY ਅਧੀਨ ਕੁੱਲ ਨਾਮਾਂਕਣ 27.43 ਕਰੋੜ ਤੋਂ ਵੱਧ ਹੋ ਗਏ ਹਨ ਅਤੇ 10,75,625 ਦਾਅਵਿਆਂ ਲਈ 21,512.50 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।

29.04.2026 ਤੱਕ, ਇਸ ਯੋਜਨਾ ਵਿੱਚ 12.72 ਕਰੋੜ ਮਹਿਲਾਵਾਂ ਨੇ ਨਾਮ ਦਰਜ ਕਰਵਾਇਆ ਹੈ ਅਤੇ PMJDY ਖਾਤਾ ਧਾਰਕਾਂ ਵਿੱਚੋਂ 8.09 ਕਰੋੜ ਲੋਕਾਂ ਨੇ ਨਾਮ ਦਰਜ ਕਰਵਾਇਆ ਹੈ।

ਸਰੋਤ: ਕੁੱਲ ਨਾਮਾਂਕਣ ਲਈ ਬੈਂਕ ਅਤੇ ਬੀਮਾ ਕੰਪਨੀਆਂ, ਮਹਿਲਾ ਲਾਭਪਾਤਰੀਆਂ ਲਈ ਬੈਂਕ ਅਤੇ PMJDY ਖਾਤਾ ਧਾਰਕ।

ਸਰੋਤ: ਬੀਮਾ ਕੰਪਨੀਆਂ

2 ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY)

ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (PMSBY) ਨੂੰ ਦੁਰਘਟਨਾ ਕਾਰਨ ਮੌਤ ਜਾਂ ਅਪੰਗਤਾ ਦੀ ਸਥਿਤੀ ਵਿੱਚ 18 ਤੋਂ 70 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ 2 ਲੱਖ ਰੁਪਏ ਤੱਕ ਦਾ ਦੁਰਘਟਨਾ ਮੌਤ ਅਤੇ ਅਪੰਗਤਾ ਕਵਰ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਦਾ ਘੱਟੋ-ਘੱਟ ਪ੍ਰੀਮੀਅਮ ਪ੍ਰਤੀ ਮਹੀਨਾ 2 ਰੁਪਏ ਤੋਂ ਘੱਟ ਹੈ।

ਇਸ ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ: PMSBY ਇੱਕ ਸਾਲ ਦਾ ਕਵਰ ਹੈ, ਜੋ ਹਰ ਸਾਲ ਰੀਨਿਊ ਕੀਤਾ ਜਾ ਸਕਦਾ ਹੈ। ਇਹ ਯੋਜਨਾ ਜਨਤਕ ਖੇਤਰ ਦੀਆਂ ਜਨਰਲ ਬੀਮਾ ਕੰਪਨੀਆਂ (PSGICs) ਅਤੇ ਹੋਰ ਜਨਰਲ ਬੀਮਾ ਕੰਪਨੀਆਂ, ਜੋ ਜ਼ਰੂਰੀ ਪ੍ਰਵਾਨਗੀ ਪ੍ਰਾਪਤ ਕਰਨ ਤੇ ਇਸ ਉਦੇਸ਼ ਲਈ ਬੈਂਕਾ/ਡਾਕਘਰਾਂ ਨਾਲ ਸਾਂਝੇਦਾਰੀ ਕਰਨ ਤੋਂ ਬਾਅਦ ਬਰਾਬਰ ਸ਼ਰਤਾਂ ‘ਤੇ ਇਹ ਉਤਪਾਦ ਪ੍ਰਦਾਨ ਕਰਨ ਦੀਆਂ ਇਛੁੱਕ ਹੋਣ, ਦੁਆਰਾ ਚਲਾਈ ਜਾਂਦੀ ਹੈ। ਭਾਗੀਦਾਰ ਬੈਂਕ/ਡਾਕਘਰ ਆਪਣੇ ਗਾਹਕਾਂ ਲਈ ਇਸ ਯੋਜਨਾ ਨੂੰ ਲਾਗੂ ਕਰਨ ਲਈ ਕਿਸੇ ਵੀ ਬੀਮਾ ਕੰਪਨੀ ਨੂੰ ਨਿਯੁਕਤ ਕਰਨ ਲਈ ਸੁਤੰਤਰ ਹਨ।

ਯੋਗਤਾ ਸ਼ਰਤਾਂ : ਇਸ ਯੋਜਨਾ ਵਿੱਚ ਸ਼ਾਮਲ ਹੋਣ ਵਾਲੇ ਬੈਂਕਾਂ/ਡਾਕਘਰਾਂ ਦੇ 18 ਤੋਂ 70 ਸਾਲ ਦੀ ਉਮਰ ਦੇ ਸਾਰੇ ਵਿਅਕਤੀਗਤ ਖਾਤਾ ਧਾਰਕ, ਜੋ ਆਟੋ-ਡੈਬਿਟ ਵਿੱਚ ਸ਼ਾਮਲ ਹੋਣ/ਸ਼ੁਰੂ ਕਰਨ ਲਈ ਆਪਣੀ ਮਨਜ਼ੂਰੀ ਦਿੰਦੇ ਹਨ, ਇਸ ਯੋਜਨਾ ਵਿੱਚ ਸ਼ਾਮਲ ਹੋਣ ਦੇ ਯੋਗ ਹਨ। ਜੇਕਰ ਕਿਸੇ ਵਿਅਕਤੀ ਦੇ ਇੱਕ ਜਾਂ ਵੱਖ-ਵੱਖ ਬੈਂਕਾਂ/ਡਾਕਘਰਾਂ ਵਿੱਚ ਕਈ ਖਾਤੇ ਹਨ, ਤਾਂ ਉਹ ਸਿਰਫ਼ ਇੱਕ ਬੈਂਕ/ਡਾਕਘਰ ਖਾਤੇ ਰਾਹੀਂ ਇਸ ਯੋਜਨਾ ਵਿੱਚ ਸ਼ਾਮਲ ਹੋਣ ਦੇ ਯੋਗ ਹਨ।

ਨਾਮਾਂਕਣ ਦੀ ਮਿਆਦ: ਇਹ ਕਵਰ 1 ਜੂਨ ਤੋਂ 31 ਮਈ ਤੱਕ ਇੱਕ ਸਾਲ ਦੀ ਮਿਆਦ ਲਈ ਹੋਵੇਗਾ, ਜਿਸ ਲਈ ਨਿਰਧਾਰਿਤ ਫਾਰਮਾਂ ਅਨੁਸਾਰ, ਨਿਰਧਾਰਿਤ ਨਿਜੀ ਬੈਂਕ/ਡਾਕਘਰ ਖਾਤੇ ਤੋਂ ਆਟੋ-ਡੈਬਿਟ ਦੁਆਰਾ ਸ਼ਾਮਲ ਹੋਣ/ਭੁਗਤਾਨ ਕਰਨ ਦਾ ਵਿਕਲਪ ਦੇਣਾ ਲਾਜ਼ਮੀ ਹੋਵੇਗਾ।

ਪ੍ਰੀਮੀਅਮ: 20 ਰੁਪਏ ਪ੍ਰਤੀ ਮੈਂਬਰ ਪ੍ਰਤੀ ਸਾਲ। ਯੋਜਨਾ ਵਿੱਚ ਨਾਮਾਂਕਣ ਦੇ ਸਮੇਂ ਦਿੱਤੇ ਗਏ ਵਿਕਲਪ ਦੇ ਅਨੁਸਾਰ, ਪ੍ਰੀਮੀਅਮ ਖਾਤਾ ਧਾਰਕ ਦੇ ਬੈਂਕ/ਡਾਕਘਰ ਖਾਤੇ ਵਿੱਚੋਂ 'ਆਟੋ-ਡੈਬਿਟ' ਸਹੂਲਤ ਰਾਹੀਂ ਇੱਕ ਕਿਸ਼ਤ ਵਿੱਚ ਕੱਟਿਆ ਜਾਵੇਗਾ।

ਲਾਭ: ਹੇਠ ਦਿੱਤੀ ਸਾਰਣੀ ਦੇ ਅਨੁਸਾਰ

 

 

ਲਾਭ ਸਾਰਣੀ

ਬੀਮਾ ਰਾਸ਼ੀ

ਮੌਤ ਹੋਣ ‘ਤੇ

2 ਲੱਖ ਰੁਪਏ

 

ਦੋਵੇਂ ਅੱਖਾਂ ਦਾ ਪੂਰੀ ਤਰ੍ਹਾਂ ਨਾਲ ਅਤੇ ਨਾ ਪੂਰਾ ਹੋਣ ਵਾਲਾ ਨੁਕਸਾਨ ਜਾਂ ਦੋਵੇਂ ਹੱਥਾਂ ਜਾਂ ਪੈਰਾਂ ਦੀ ਵਰਤੋਂ ਸਮਰੱਥਾ ਦਾ ਪੂਰੀ ਤਰ੍ਹਾਂ ਸਮਾਪਤ ਹੋ ਜਾਣਾ

ਜਾਂ, ਇੱਕ ਅੱਖ ਵਿੱਚ ਰੌਸ਼ਨੀ ਦਾ ਨੁਕਸਾਨ ਅਤੇ ਇੱਕ ਹੱਥ ਜਾਂ ਪੈਰ ਦਾ ਨੁਕਸਾਨ। 

 

2 ਲੱਖ ਰੁਪਏ

 

ਇੱਕ ਅੱਖ ਦੀ ਨਜ਼ਰ ਦਾ ਪੂਰਾ ਅਤੇ ਨਾ ਪੂਰਾ ਹੋਣ ਵਾਲਾ ਨੁਕਸਾਨ ਜਾਂ ਇੱਕ ਹੱਥ ਜਾਂ ਇੱਕ ਪੈਰ ਦਾ ਨੁਕਸਾਨ।

1 ਲੱਖ ਰੁਪਏ 

 

ਪ੍ਰਾਪਤੀਆਂ: 29.04.2026 ਤੱਕ, PMSBY ਅਧੀਨ ਕੁੱਲ ਨਾਮਾਂਕਣ 58.09 ਕਰੋੜ ਤੋਂ ਵੱਧ ਹੋ ਗਏ ਹਨ ਅਤੇ 1,84,662 ਦਾਅਵਿਆਂ ਲਈ 3,667.52 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।

29.04.2026 ਤੱਕ, ਇਸ ਯੋਜਨਾ ਵਿੱਚ 27.45 ਕਰੋੜ ਮਹਿਲਾਵਾਂ ਨੇ ਨਾਮਾਂਕਣ ਕਰਵਾਇਆ ਹੈ ਅਤੇ PMJDY ਖਾਤਾ ਧਾਰਕਾਂ ਵਿੱਚੋਂ 19.30 ਕਰੋੜ ਲੋਕਾਂ ਨੇ ਨਾਮਾਂਕਣ ਕਰਵਾਇਆ ਹੈ।

ਸਰੋਤ : ਕੁੱਲ ਨਾਮਾਂਕਣ ਲਈ ਬੈਂਕ ਅਤੇ ਬੀਮਾ ਕੰਪਨੀਆਂ, ਮਹਿਲਾ ਲਾਭਪਾਤਰੀਆਂ ਲਈ ਬੈਂਕ ਅਤੇ PMJDY ਖਾਤਾਧਰਾਕ

ਸਰੋਤ: ਬੀਮਾ ਕੰਪਨੀਆਂ

3. ਅਟਲ ਪੈਨਸ਼ਨ ਯੋਜਨਾ (APY)

ਅਟਲ ਪੈਨਸ਼ਨ ਯੋਜਨਾ (APY) ਦਾ ਉਦੇਸ਼ ਸਾਰੇ ਭਾਰਤੀਆਂ, ਖਾਸ ਕਰਕੇ ਗ਼ਰੀਬਾਂ, ਪਛੜੇ ਲੋਕਾਂ ਅਤੇ ਅਸੰਗਠਿਤ ਖੇਤਰ ਦੇ ਕਾਮਿਆਂ ਲਈ ਇੱਕ ਵਿਆਪਕ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਹੈ। ਇਹ ਅਸੰਗਠਿਤ ਖੇਤਰ ਦੇ ਲੋਕਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਭਵਿੱਖ ਦੇ ਐਮਰਜੈਂਸੀ ਹਾਲਾਤ ਨਾਲ ਨਿਪਟਣ ਲਈ ਇੱਕ ਸਰਕਾਰੀ ਪਹਿਲ ਹੈ। APY ਦਾ ਪ੍ਰਬੰਧਨ ਰਾਸ਼ਟਰੀ ਪੈਨਸ਼ਨ ਪ੍ਰਣਾਲੀ (NPS) ਦੇ ਸਮੁੱਚੇ ਪ੍ਰਸ਼ਾਸਕੀ ਅਤੇ ਸੰਸਥਾਗਤ ਢਾਂਚੇ ਅਧੀਨ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (PFRDA) ਦੁਆਰਾ ਕੀਤਾ ਜਾਂਦਾ ਹੈ।

ਯੋਗਤਾ: APY 18 ਤੋਂ 40 ਸਾਲ ਦੀ ਉਮਰ ਦੇ ਸਾਰੇ ਬੈਂਕ ਖਾਤਾ ਧਾਰਕਾਂ ਲਈ ਖੁੱਲ੍ਹਾ ਹੈ ਜੋ ਇਨਕਮ ਟੈਕਸਪੇਅਰ ਨਹੀਂ ਹਨ, ਅਤੇ ਚੁਣੀ ਗਈ ਪੈਨਸ਼ਨ ਰਕਮ ਦੇ ਅਧਾਰ ‘ਤੇ ਯੋਗਦਾਨ ਵੱਖ-ਵੱਖ ਹੁੰਦੇ ਹਨ।

ਲਾਭ: ਯੋਜਨਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਗਾਹਕ ਦੁਆਰਾ ਕੀਤੇ ਗਏ ਯੋਗਦਾਨ ਦੇ ਅਧਾਰ ‘ਤੇ, ਗਾਹਕਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 1,000 ਰੁਪਏ, 2,000 ਰੁਪਏ, 3,000 ਰੁਪਏ, 4,000 ਰੁਪਏ, ਜਾਂ 5,000 ਰੁਪਏ ਦੀ ਗਾਰੰਟੀਸ਼ੁਦਾ ਘੱਟੋ-ਘੱਟ ਮਾਸਿਕ ਪੈਨਸ਼ਨ ਮਿਲੇਗੀ।

ਯੋਜਨਾ ਦੇ ਲਾਭਾਂ ਦੀ ਵੰਡ: ਗਾਹਕ ਨੂੰ ਮਹੀਨਾਵਾਰ ਪੈਨਸ਼ਨ ਉਪਲਬਧ ਹੁੰਦੀ ਹੈ, ਅਤੇ ਉਸ ਤੋਂ ਬਾਅਦ ਉਸਦੇ ਜੀਵਨ ਸਾਥੀ ਨੂੰ, ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ, ਗਾਹਕ ਦੀ 60 ਸਾਲ ਦੀ ਉਮਰ ਤੱਕ ਇਕੱਠੀ ਹੋਈ ਪੈਨਸ਼ਨ ਦੀ ਰਕਮ ਗਾਹਕ ਦੇ ਨਾਮਜ਼ਦ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਵੇਗੀ।

ਗਾਹਕ ਦੀ ਬੇਵਕਤੀ ਮੌਤ (60 ਸਾਲ ਦੀ ਉਮਰ ਤੋਂ ਪਹਿਲਾਂ ਮੌਤ) ਦੀ ਸਥਿਤੀ ਵਿੱਚ, ਗਾਹਕ ਦਾ ਜੀਵਨ ਸਾਥੀ ਬਾਕੀ ਰਹਿੰਦੀ ਅਵਧੀ ਲਈ ਗਾਹਕ ਦੇ APY ਖਾਤੇ ਵਿੱਚ ਯੋਗਦਾਨ ਪਾਉਣਾ ਜਾਰੀ ਰੱਖ ਸਕਦਾ ਹੈ, ਜਦੋਂ ਤੱਕ ਕਿ ਅਸਲ ਗਾਹਕ 60 ਸਾਲ ਦੀ ਉਮਰ ਪ੍ਰਾਪਤ ਨਹੀਂ ਕਰ ਲੈਂਦਾ।

ਭੁਗਤਾਨ: ਗਾਹਕ ਮਹੀਨਾਵਾਰ/ਤਿਮਾਹੀ/ਅਰਧ-ਸਲਾਨਾ ਆਧਾਰ 'ਤੇ APY ਵਿੱਚ ਯੋਗਦਾਨ ਪਾ ਸਕਦੇ ਹਨ।

ਯੋਜਨਾ ਤੋਂ ਕਢਵਾਉਣਾ: ਗਾਹਕ ਕੁਝ ਸ਼ਰਤਾਂ ਅਧੀਨ, ਸਰਕਾਰੀ ਸਹਿ-ਯੋਗਦਾਨ ਅਤੇ ਉਸ 'ਤੇ ਪ੍ਰਾਪਤ ਲਾਭ/ਵਿਆਜ ਦੀ ਕਟੌਤੀ ਤੋਂ ਬਾਅਦ,  ਸਵੈ-ਇੱਛਾ ਨਾਲ APY ਤੋਂ ਬਾਹਰ ਨਿਕਲ ਸਕਦੇ ਹਨ। 

ਯੋਜਨਾ ਦੀ ਪ੍ਰਗਤੀ - ਕੁੱਲ ਨਾਮਾਂਕਣ (ਲੱਖਾਂ ਵਿੱਚ):

ਇਸ ਯੋਜਨਾ ਦੇ ਤਹਿਤ ਕੁੱਲ ਨਾਮਾਂਕਣਾਂ ਵਿੱਚੋਂ ਮਹਿਲਾਵਾਂ ਦੀ ਭਾਗੀਦਾਰੀ ਲਗਭਗ 49% ਹਨ।

ਪ੍ਰਾਪਤੀਆਂ: 30.04.2026 ਤੱਕ, 9.04 ਕਰੋੜ ਤੋਂ ਵੱਧ ਵਿਅਕਤੀਆਂ ਨੇ ਇਸ ਯੋਜਨਾ ਵਿੱਚ ਨਾਮਾਂਕਣ ਕੀਤਾ ਹੈ।

************

 

ਏਡੀ/ਏ ਕੇ


(Release ID: 2259437) ਵਿਜ਼ੀਟਰ ਕਾਊਂਟਰ : 2