ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ


ਔਰਤਾਂ ਸਭ ਕੁਝ ਭੁੱਲ ਸਕਦੀਆਂ ਹਨ, ਪਰ ਆਪਣੇ ਸਵੈਮਾਣ ਦਾ ਅਪਮਾਨ ਕਦੇ ਨਹੀਂ ਭੁੱਲਦੀਆਂ: ਪ੍ਰਧਾਨ ਮੰਤਰੀ

ਜਿਨ੍ਹਾਂ ਪਾਰਟੀਆਂ ਨੇ ਸੰਸਦ ਵਿੱਚ 'ਨਾਰੀ ਸ਼ਕਤੀ ਵੰਦਨ ਐਕਟ' ਸੋਧ ਦਾ ਵਿਰੋਧ ਕੀਤਾ ਹੈ, ਉਹ ਨਾਰੀ ਸ਼ਕਤੀ ਨੂੰ ਹਲਕੇ ਵਿੱਚ ਲੈ ਰਹੀਆਂ ਹਨ: ਪ੍ਰਧਾਨ ਮੰਤਰੀ

'ਨਾਰੀ ਸ਼ਕਤੀ ਵੰਦਨ ਐਕਟ' ਸੋਧ 21ਵੀਂ ਸਦੀ ਦੀਆਂ ਔਰਤਾਂ ਨੂੰ ਸਸ਼ਕਤ ਬਣਾਉਣ ਦਾ 'ਮਹਾਂਯੱਗ' ਸੀ: ਪ੍ਰਧਾਨ ਮੰਤਰੀ

'ਨਾਰੀ ਸ਼ਕਤੀ ਵੰਦਨ ਐਕਟ' ਦਾ ਪਰਿਵਾਰਵਾਦੀ ਪਾਰਟੀਆਂ ਵੱਲੋਂ ਵਿਰੋਧ ਕਰਨ ਦਾ ਮੁੱਖ ਕਾਰਨ ਉਨ੍ਹਾਂ ਦਾ ਡਰ ਹੈ: ਪ੍ਰਧਾਨ ਮੰਤਰੀ

ਦੇਸ਼ ਦੀ 100 ਫੀਸਦੀ ਨਾਰੀ ਸ਼ਕਤੀ ਦਾ ਅਸ਼ੀਰਵਾਦ ਸਾਡੇ ਨਾਲ ਹੈ: ਪ੍ਰਧਾਨ ਮੰਤਰੀ

ਅਸੀਂ ਮਹਿਲਾ ਰਾਖਵੇਂਕਰਨ ਦੇ ਰਾਹ ਵਿੱਚ ਆਉਣ ਵਾਲੀ ਹਰ ਰੁਕਾਵਟ ਦੂਰ ਕਰਾਂਗੇ: ਪ੍ਰਧਾਨ ਮੰਤਰੀ

ਔਰਤਾਂ ਦੇ ਹੱਕ ਖੋਂਹਦੇ ਹੋਏ ਇਹ ਲੋਕ ਮੇਜ਼ ਖੜਕਾ ਰਹੇ ਸਨ; ਇਹ ਔਰਤਾਂ ਦੀ ਮਾਣ-ਮਰਿਆਦਾ ਅਤੇ ਉਨ੍ਹਾਂ ਦੇ ਆਤਮ-ਸਨਮਾਨ 'ਤੇ ਸੱਟ ਸੀ: ਪ੍ਰਧਾਨ ਮੰਤਰੀ

ਮਹਿਲਾ ਰਾਖਵੇਂਕਰਨ ਦਾ ਵਿਰੋਧ ਕਰਨ ਲਈ ਵਿਰੋਧੀ ਧਿਰ ਨੂੰ ਆਪਣੇ ਕੀਤੇ ਪਾਪ ਦੀ ਸਜ਼ਾ ਮਿਲੇਗੀ: ਪ੍ਰਧਾਨ ਮੰਤਰੀ

Posted On: 18 APR 2026 11:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨਾਲ ਜੁੜੇ ਇੱਕ ਬੇਹੱਦ ਅਹਿਮ ਮੁੱਦੇ 'ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਔਰਤਾਂ ਦੀ ਤਰੱਕੀ ਰੁਕਣ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਬਿਹਤਰੀਨ ਅਤੇ ਇਮਾਨਦਾਰ ਕੋਸ਼ਿਸ਼ਾਂ ਦੇ ਬਾਵਜੂਦ, 'ਨਾਰੀ ਸ਼ਕਤੀ ਵੰਦਨ ਐਕਟ' ਸੋਧ ਪਾਸ ਨਹੀਂ ਹੋ ਸਕੀ, ਜਿਸ ਨਾਲ ਔਰਤਾਂ ਦੇ ਜਾਇਜ਼ ਸੁਪਨੇ ਟੁੱਟ ਗਏ। ਸ਼੍ਰੀ ਮੋਦੀ ਨੇ ਕਿਹਾ, “ਮੈਂ ਦੇਸ਼ ਦੀਆਂ ਸਾਰੀਆਂ ਮਾਵਾਂ ਅਤੇ ਭੈਣਾਂ ਤੋਂ ਇਸ ਮੰਦਭਾਗੇ ਨਤੀਜੇ ਲਈ ਤਹਿ ਦਿਲੋਂ ਖਿਮਾ ਦਾ ਜਾਚਕ ਹਾਂ।”

 

ਕੌਮੀ ਹਿੱਤ ਨੂੰ ਸਭ ਤੋਂ ਉੱਪਰ ਦੱਸਦਿਆਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਝ ਰਾਜਨੀਤਕ ਪਾਰਟੀਆਂ ਦੀ ਸਖ਼ਤ ਆਲੋਚਨਾ ਕੀਤੀ, ਜਿਨ੍ਹਾਂ ਨੇ ਦੇਸ਼ ਦੀ ਭਲਾਈ ਨਾਲੋਂ ਆਪਣੇ ਪਾਰਟੀ ਦੇ ਲਾਭਾਂ ਨੂੰ ਤਰਜੀਹ ਦਿੱਤੀ।

 

ਦੇਸ਼ ਭਰ ਵਿੱਚ ਵੇਖੀ ਗਈ ਡੂੰਘੀ ਨਿਰਾਸ਼ਾ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਸ ਬਿੱਲ ਦਾ ਫੇਲ੍ਹ ਹੋਣਾ ਔਰਤਾਂ ਦੇ ਆਤਮ-ਸਨਮਾਨ 'ਤੇ ਸਿੱਧੀ ਸੱਟ ਹੈ, ਅਜਿਹਾ ਅਪਮਾਨ ਜਿਸ ਨੂੰ ਮਹਿਲਾ ਵੋਟਰ ਕਦੇ ਨਹੀਂ ਭੁੱਲਣਗੀਆਂ। ਸ਼੍ਰੀ ਮੋਦੀ ਨੇ ਕਿਹਾ, “ਔਰਤਾਂ ਸਭ ਕੁਝ ਭੁੱਲ ਸਕਦੀਆਂ ਹਨ, ਪਰ ਉਹ ਆਪਣੇ ਸਵੈਮਾਣ 'ਤੇ ਹੋਏ ਅਪਮਾਨ ਨੂੰ ਕਦੇ ਨਹੀਂ ਭੁੱਲਦੀਆਂ।”

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਔਰਤਾਂ ਅਜਿਹੇ ਖੋਟੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ ਅਤੇ ਭਵਿੱਖ ਵਿੱਚ ਅਜਿਹੇ ਵਤੀਰੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣਗੀਆਂ। ਉਨ੍ਹਾਂ 'ਨਾਰੀ ਸ਼ਕਤੀ ਵੰਦਨ ਐਕਟ' ਸੋਧ ਦੇ ਬਦਲਾਅ ਲਿਆਉਣ ਵਾਲੇ ਨਜ਼ਰੀਏ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਇਹ ਬਿੱਲ ਲੰਬੇ ਸਮੇਂ ਤੋਂ ਲਟਕਦੇ ਹੱਕ ਦਿਵਾਉਣ ਅਤੇ ਅੱਧੀ ਆਬਾਦੀ ਲਈ ਨਵੇਂ ਮੌਕੇ ਪੈਦਾ ਕਰਨ ਦਾ ਵਿਆਪਕ ਯਤਨ ਸੀ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਢਾਂਚਾਗਤ ਰੁਕਾਵਟਾਂ ਦੂਰ ਕਰਨੀਆਂ ਅਤੇ ਸਾਰੇ ਸੂਬਿਆਂ ਦੀ ਰਾਜਨੀਤਕ ਸ਼ਕਤੀ ਨੂੰ ਬਰਾਬਰ ਮਜ਼ਬੂਤ ਕਰਨਾ ਸੀ, ਭਾਵੇਂ ਉਨ੍ਹਾਂ ਦਾ ਆਕਾਰ ਜਾਂ ਭੂਗੋਲਿਕ ਸਥਿਤੀ ਕੁਝ ਵੀ ਹੋਵੇ। ਸ਼੍ਰੀ ਮੋਦੀ ਨੇ ਕਿਹਾ, “ਇਹ ਸੋਧ ਭਾਰਤ ਦੀ ਵਿਕਾਸ ਯਾਤਰਾ ਵਿੱਚ ਔਰਤਾਂ ਨੂੰ ਬਰਾਬਰ ਦੀਆਂ ਭਾਈਵਾਲ ਬਣਾਉਣ ਦਾ ਇੱਕ ਇਮਾਨਦਾਰ ਯਤਨ ਸੀ।”

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਨਾਗਰਿਕ ਇਸ ਕਿਸਮ ਦੀ ਰਾਜਨੀਤੀ ਦੇ ਨਾਂਹ-ਪੱਖੀ ਤਰੀਕੇ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਇਸ ਦੇ ਪਿੱਛੇ ਲੁਕੇ ਇਰਾਦਿਆਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਨ। ਸ਼੍ਰੀ ਮੋਦੀ ਨੇ ਕਿਹਾ, “ਦੇਸ਼ ਹੁਣ ਔਰਤਾਂ ਦੇ ਹੱਕਾਂ ਨੂੰ ਖੋਹਣ ਲਈ ਅਪਣਾਏ ਜਾਣ ਵਾਲੇ ਇਸ ਨਾਂਹ-ਪੱਖੀ ਰਾਜਨੀਤਕ ਤਰੀਕਿਆਂ ਨੂੰ ਪੂਰੀ ਤਰ੍ਹਾਂ ਸਮਝ ਚੁੱਕਾ ਹੈ।”

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਰਿਵਾਰਵਾਦੀ ਪਾਰਟੀਆਂ ਇਸ ਗੱਲ ਤੋਂ ਡਰਦੀਆਂ ਹਨ ਕਿ ਉਨ੍ਹਾਂ ਦੇ ਪਰਿਵਾਰਾਂ ਤੋਂ ਬਾਹਰ ਦੀਆਂ ਸ਼ਕਤੀਸ਼ਾਲੀ ਔਰਤਾਂ ਉਨ੍ਹਾਂ ਦੀ ਸਥਾਨਕ ਲੀਡਰਸ਼ਿਪ ਨੂੰ ਚੁਣੌਤੀ ਦੇ ਸਕਦੀਆਂ ਹਨ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਪੰਚਾਇਤਾਂ ਵਿੱਚ ਕੰਮ ਕਰ ਰਹੀਆਂ ਹਜ਼ਾਰਾਂ ਕਾਬਲ ਔਰਤਾਂ ਇਨ੍ਹਾਂ ਪਰਿਵਾਰਵਾਦੀ ਸਿਆਸਤਦਾਨਾਂ ਦੀ ਡੂੰਘੀ ਬੈਠੀ ਹੋਈ ਅਸੁਰੱਖਿਆ ਦੀ ਭਾਵਨਾ ਨੂੰ ਸਿੱਧੀ ਚੁਣੌਤੀ ਦੇ ਰਹੀਆਂ ਹਨ।

 

ਝੂਠੇ ਬਿਆਨਾਂ ਨੂੰ ਸਪੱਸ਼ਟ ਕਰਦਿਆਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਰਕਾਰ ਨੇ ਸਾਫ਼ ਤੌਰ 'ਤੇ ਇਹ ਯਕੀਨੀ ਬਣਾਇਆ ਹੈ ਕਿ ਕਿਸੇ ਵੀ ਸੂਬੇ ਦੀ ਪ੍ਰਤੀਨਿਧਤਾ ਦੀ ਗਿਣਤੀ ਘੱਟ ਨਹੀਂ ਹੋਵੇਗੀ, ਸਗੋਂ ਸਾਰੇ ਸੂਬਿਆਂ ਦੀਆਂ ਸੀਟਾਂ ਵਿੱਚ ਬਰਾਬਰ ਅਤੇ ਨਿਆਂਪੂਰਨ ਅਨੁਪਾਤ ਵਿੱਚ ਵਾਧਾ ਹੋਵੇਗਾ। ਖੇਤਰੀ ਵਿਕਾਸ ਦੇ ਮੌਕਿਆਂ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਇਸ ਸੋਧ ਨਾਲ ਤਮਿਲਨਾਡੂ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਦੀਆਂ ਸੰਸਦੀ ਸੀਟਾਂ ਵਿੱਚ ਵਰਨਣਯੋਗ ਵਾਧਾ ਹੋ ਸਕਦਾ ਸੀ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਹਿਲਾਂ ਵਿਰੋਧ ਕੀਤੇ ਗਏ ਕਈ ਬਦਲਾਅ ਲਿਆਉਣ ਵਾਲੇ ਕਦਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 'ਜਨ-ਧਨ-ਆਧਾਰ-ਮੋਬਾਈਲ' ਤ੍ਰਿਸ਼ਕਤੀ, ਡਿਜੀਟਲ ਭੁਗਤਾਨ, ਜੀਐੱਸਟੀ ਅਤੇ ਤਿੰਨ ਤਲਾਕ ਵਿਰੁੱਧ ਕਾਨੂੰਨ ਦਾ ਵੀ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਸੀਏਏ ਕਾਨੂੰਨ ਨੂੰ ਲੈ ਕੇ ਵੀ ਭਰਮ ਫੈਲਾਇਆ ਗਿਆ ਅਤੇ ਮਾਓਵਾਦੀ ਹਿੰਸਾ ਨੂੰ ਖ਼ਤਮ ਕਰਨ ਦੇ ਯਤਨਾਂ ਵਿੱਚ ਲਗਾਤਾਰ ਅੜਿੱਕੇ ਡਾਹੇ ਗਏ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਇਤਿਹਾਸਕ ਵਿਕਾਸ ਵਿੱਚ ਹੋਈ ਦੇਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜ਼ਰੂਰੀ ਫ਼ੈਸਲਿਆਂ ਨੂੰ ਲੰਬੇ ਸਮੇਂ ਤੱਕ ਟਾਲਣ ਦੀ ਆਦਤ ਕਾਰਨ ਹੀ ਆਜ਼ਾਦੀ ਤੋਂ ਬਾਅਦ ਕਈ ਹੋਰ ਦੂਜੇ ਦੇਸ਼ ਭਾਰਤ ਤੋਂ ਅੱਗੇ ਨਿਕਲ ਗਏ। ਉਨ੍ਹਾਂ ਕਿਹਾ ਕਿ ਤਕਰੀਬਨ 40 ਸਾਲਾਂ ਤੱਕ ਸਰਹੱਦੀ ਵਿਵਾਦਾਂ ਦੇ ਹੱਲ, ਓਬੀਸੀ ਰਾਖਵੇਂਕਰਨ ਅਤੇ ਫੌਜੀਆਂ ਲਈ 'ਵੰਨ ਰੈਂਕ, ਵੰਨ ਪੈਨਸ਼ਨ' ਵਰਗੀਆਂ ਅਹਿਮ ਕੌਮੀ ਯੋਜਨਾਵਾਂ 'ਤੇ ਠੋਸ ਫ਼ੈਸਲੇ ਲੈਣ ਵਿੱਚ ਦੇਰੀ ਹੋਈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਜਿਹੀ ਫ਼ੈਸਲੇ ਨਾ ਲੈਣ ਦੀ ਨੀਤੀ ਅਤੇ ਛਲ-ਕਪਟ ਕਾਰਨ ਹੀ ਭਾਰਤ ਦੀਆਂ ਕਈ ਪੀੜ੍ਹੀਆਂ ਨੂੰ ਡੂੰਘਾ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਰਾਜਨੀਤਕ ਸੰਘਰਸ਼ ਸਿਰਫ਼ ਇੱਕ ਬਿੱਲ ਤੱਕ ਸੀਮਤ ਨਹੀਂ ਹੈ, ਸਗੋਂ ਇਹ ਇੱਕ ਵੱਡੀ ਲੜਾਈ ਹੈ ਜੋ ਸੁਧਾਰ-ਵਿਰੋਧੀ ਮਾਨਸਿਕਤਾ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੇਸ਼ ਦੀਆਂ ਸਾਰੀਆਂ ਭੈਣਾਂ ਅਤੇ ਧੀਆਂ ਇਸ ਨਕਾਰਾਤਮਕ ਮਾਨਸਿਕਤਾ ਨੂੰ ਕਰਾਰਾ ਜਵਾਬ ਦੇਣਗੀਆਂ।”

 

ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿ ਬਿੱਲ ਦਾ ਪਾਸ ਨਾ ਹੋਣਾ ਸਰਕਾਰ ਦੇ ਅਕਸ ਨੂੰ ਪ੍ਰਭਾਵਿਤ ਕਰਦਾ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੁਹਰਾਇਆ ਕਿ ਜੇ ਵਿਰੋਧੀ ਧਿਰ ਨੇ ਇਸ ਕਾਨੂੰਨ ਦਾ ਸਮਰਥਨ ਕੀਤਾ ਹੁੰਦਾ, ਤਾਂ ਉਹ ਇਸ਼ਤਿਹਾਰਾਂ ਰਾਹੀਂ ਉਨ੍ਹਾਂ ਨੂੰ ਪੂਰਾ ਸਿਹਰਾ ਦੇਣ ਲਈ ਤਿਆਰ ਸਨ। ਸ਼੍ਰੀ ਮੋਦੀ ਨੇ ਕਿਹਾ, “ਇਹ ਮੁੱਦਾ ਕਦੇ ਰਾਜਨੀਤਕ ਸਿਹਰਾ ਲੈਣ ਦਾ ਨਹੀਂ ਸੀ; ਇਹ ਹੱਕ ਸੁਰੱਖਿਅਤ ਕਰਨ ਬਾਰੇ ਸੀ।”

 

ਮਹਿਲਾ ਸ਼ਕਤੀਕਰਨ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਦੁਹਰਾਉਂਦਿਆਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੀਆਂ ਕਰੋੜਾਂ ਔਰਤਾਂ ਵੱਲੋਂ ਮਹਿਸੂਸ ਕੀਤੇ ਗਏ ਦੁੱਖ ਨਾਲ ਇਕਜੁੱਟਤਾ ਪ੍ਰਗਟਾਈ ਅਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਸੰਸਦ ਵਿੱਚ ਗਿਣਤੀ ਪੂਰੀ ਨਾ ਹੋਣ ਦੇ ਬਾਵਜੂਦ ਉਨ੍ਹਾਂ ਦਾ ਸੰਕਲਪ, ਆਤਮ-ਵਿਸ਼ਵਾਸ ਮਜ਼ਬੂਤ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਬਿੱਲ ਦੇ ਰਾਹ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਖ਼ਤਮ ਕਰਕੇ ਰਹੇਗੀ, ਅਤੇ ਅਖੀਰ ਵਿੱਚ ਇਸ ਵਿੱਚ ਦੇਸ਼ ਦੀਆਂ 100 ਫੀਸਦੀ ਔਰਤਾਂ ਦੇ ਅਸ਼ੀਰਵਾਦ ਨਾਲ ਕਾਮਯਾਬੀ ਹਾਸਲ ਕਰੇਗੀ। ਉਨ੍ਹਾਂ ਕਿਹਾ, “ਅੱਧੀ ਆਬਾਦੀ ਦੇ ਸੁਪਨਿਆਂ ਅਤੇ ਦੇਸ਼ ਦੇ ਭਵਿੱਖ ਲਈ ਸਾਨੂੰ ਇਸ ਸੰਕਲਪ ਨੂੰ ਪੂਰਾ ਕਰਨਾ ਹੀ ਹੋਵੇਗਾ।”

 

https://x.com/narendramodi/status/2045517805915713592

https://x.com/PMOIndia/status/2045519075498205417

https://x.com/PMOIndia/status/2045519681969361405

https://x.com/PMOIndia/status/2045521394033975731

https://x.com/PMOIndia/status/2045522214511169913

https://x.com/PMOIndia/status/2045524756448043417

https://x.com/PMOIndia/status/2045525199232364641

https://x.com/PMOIndia/status/2045525996351451555

https://x.com/PMOIndia/status/2045526473424117932

***

ਐੱਮਜੇਪੀਐੱਸ/ਪੀਆਰਕੇ

 


(Release ID: 2253508) ਵਿਜ਼ੀਟਰ ਕਾਊਂਟਰ : 4