ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਜਾਰੀ ਟਕਰਾਅ 'ਤੇ ਲੋਕ ਸਭਾ ਨੂੰ ਸੰਬੋਧਨ ਕੀਤਾ


ਇਸ ਵੇਲੇ, ਪੱਛਮੀ ਏਸ਼ੀਆ ਦੇ ਹਾਲਾਤ ਚਿੰਤਾਜਨਕ ਹਨ: ਪ੍ਰਧਾਨ ਮੰਤਰੀ

ਬੀਤੇ ਦੋ-ਤਿੰਨ ਹਫ਼ਤਿਆਂ ਵਿੱਚ ਸ਼੍ਰੀ ਜੈਸ਼ੰਕਰ ਅਤੇ ਸ਼੍ਰੀ ਹਰਦੀਪ ਪੁਰੀ ਨੇ ਸਦਨ ਨੂੰ ਇਸ ਵਿਸ਼ੇ 'ਤੇ ਜ਼ਰੂਰੀ ਜਾਣਕਾਰੀ ਦਿੱਤੀ ਹੈ: ਪ੍ਰਧਾਨ ਮੰਤਰੀ

ਇਹ ਸੰਕਟ ਹੁਣ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਜਾਰੀ ਹੈ। ਇਸ ਦਾ ਪੂਰੇ ਵਿਸ਼ਵ ਦੀ ਅਰਥਵਿਵਸਥਾ ਅਤੇ ਲੋਕਾਂ ਦੇ ਜੀਵਨ 'ਤੇ ਬਹੁਤ ਮਾੜਾ ਅਸਰ ਹੋ ਰਿਹਾ ਹੈ, ਸਾਰਾ ਵਿਸ਼ਵ ਸਾਰੀਆਂ ਧਿਰਾਂ ਨੂੰ ਇਸ ਸੰਕਟ ਦੇ ਛੇਤੀ ਹੱਲ ਦੀ ਅਪੀਲ ਕਰ ਰਿਹਾ ਹੈ: ਪ੍ਰਧਾਨ ਮੰਤਰੀ

ਤਕਰੀਬਨ ਇੱਕ ਕਰੋੜ ਭਾਰਤੀ ਖਾੜੀ ਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਉੱਥੇ ਕੰਮ ਕਰਦੇ ਹਨ, ਜਿਸ ਕਰਕੇ ਇਹ ਖੇਤਰ ਸਾਡੇ ਲਈ ਹੋਰ ਅਹਿਮ ਹੈ,: ਪ੍ਰਧਾਨ ਮੰਤਰੀ

ਇਨ੍ਹਾਂ ਸਮੁੰਦਰਾਂ ਵਿੱਚ ਚੱਲਣ ਵਾਲੇ ਵਪਾਰਕ ਜਹਾਜ਼ਾਂ ਵਿੱਚ ਭਾਰਤੀ ਅਮਲੇ ਦੇ ਮੈਂਬਰਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ: ਪ੍ਰਧਾਨ ਮੰਤਰੀ

ਅਜਿਹੇ ਵੱਖ-ਵੱਖ ਕਾਰਨਾਂ ਕਰਕੇ, ਭਾਰਤ ਦੀਆਂ ਚਿੰਤਾਵਾਂ ਕੁਦਰਤੀ ਤੌਰ 'ਤੇ ਜ਼ਿਆਦਾ ਹਨ। ਇਹ ਜ਼ਰੂਰੀ ਹੈ ਕਿ ਇਸ ਸੰਕਟ 'ਤੇ ਭਾਰਤ ਦੀ ਸੰਸਦ ਦੀ ਸਰਬਸੰਮਤੀ ਅਤੇ ਇੱਕਜੁੱਟ ਆਵਾਜ਼ ਦੁਨੀਆ ਤੱਕ ਪਹੁੰਚੇ: ਪ੍ਰਧਾਨ ਮੰਤਰੀ

ਭਾਰਤ ਦੇ ਜੰਗਗ੍ਰਸਤ ਅਤੇ ਜੰਗ ਤੋਂ ਪ੍ਰਭਾਵਿਤ ਦੇਸ਼ਾਂ ਨਾਲ ਵਿਆਪਕ ਵਪਾਰਕ ਸਬੰਧ ਹਨ, ਜਿਸ ਖੇਤਰ ਵਿੱਚ ਜੰਗ ਹੋ ਰਹੀ ਹੈ, ਉਹ ਦੁਨੀਆ ਦੇ ਹੋਰ ਦੇਸ਼ਾਂ ਨਾਲ ਸਾਡੇ ਵਪਾਰ ਦਾ ਵੀ ਇੱਕ ਮਹੱਤਵਪੂਰਨ ਰਸਤਾ ਹੈ: ਪ੍ਰਧਾਨ ਮੰਤਰੀ

ਭਾਰਤ ਵਿੱਚ ਕੱਚਾ ਤੇਲ, ਗੈਸ ਅਤੇ ਖਾਦ ਵਰਗੀਆਂ ਜ਼ਰੂਰੀ ਵਸਤਾਂ ਦੀ ਵੱਡੀ ਮਾਤਰਾ ਹੋਰਮੁਜ਼ ਜਲਡਮਰੂ ਰਾਹੀਂ ਆਉਂਦੀ ਹੈ, ਜਦੋਂ ਤੋਂ ਜੰਗ ਸ਼ੁਰੂ ਹੋਈ ਹੋਰਮੁਜ਼ ਜਲਡਮਰੂ ਤੋਂ ਜਹਾਜ਼ਾਂ ਦੀ ਆਵਾਜਾਈ ਬੇਹੱਦ ਚੁਣੌਤੀਪੂਰਨ ਹੋ ਗਈ ਹੈ: ਪ੍ਰਧਾਨ ਮੰਤਰੀ

ਇਸ ਦੇ ਬਾਵਜੂਦ, ਸਾਡੀ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੈਟਰੋਲ, ਡੀਜ਼ਲ ਅਤੇ ਗੈਸ ਦੀ ਸਪਲਾਈ 'ਤੇ ਜ਼ਿਆਦਾ ਅਸਰ ਨਾ ਪਵੇ ਅਤੇ ਦੇਸ਼ ਦੇ ਆਮ ਪਰਿਵਾਰਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ, ਇਹੀ ਸਾਡਾ ਧਿਆਨ ਰਿਹਾ ਹੈ: ਪ੍ਰਧਾਨ ਮੰਤਰੀ

ਭਾਰਤ ਹਮੇਸ਼ਾ ਤੋਂ ਮਨੁੱਖਤਾ ਦੇ ਹਿੱਤ ਵਿੱਚ ਸ਼ਾਂਤੀ ਦੀ ਆਵਾਜ਼ ਉਠਾਉਂਦਾ ਰਿਹਾ ਹੈ। ਗੱਲਬਾਤ ਅਤੇ ਕੂਟਨੀਤੀ ਹੀ ਇਸ ਸਮੱਸਿਆ ਦਾ ਇਕਲੌਤਾ ਹੱਲ ਹੈ: ਪ੍ਰਧਾਨ ਮੰਤਰੀ

ਸਾਡੀਆਂ ਕੋਸ਼ਿਸ਼ਾਂ ਤਣਾਅ ਨੂੰ ਘੱਟ ਕਰਨ ਅਤੇ ਇਸ ਟਕਰਾਅ ਨੂੰ ਖ਼ਤਮ ਕਰਨ 'ਤੇ ਕੇਂਦਰਿਤ ਹਨ: ਪ੍ਰਧਾਨ ਮੰਤਰੀ

ਇਸ ਜੰਗ ਵਿੱਚ ਕਿਸੇ ਦੇ ਵੀ ਜੀਵਨ 'ਤੇ ਸੰਕਟ ਮਨੁੱਖਤਾ ਦੇ ਹਿੱਤ ਵਿੱਚ ਨਹੀਂ ਹੈ, ਇਸ ਲਈ ਭਾਰਤ ਦੀ ਕੋਸ਼ਿਸ਼ ਸਾਰੀਆਂ ਧਿਰਾਂ ਨੂੰ ਛੇਤੀ ਤੋਂ ਛੇਤੀ ਸ਼ਾਂਤੀਪੂਰਨ ਹੱਲ ਤੱਕ ਪਹੁੰਚਣ ਲਈ ਉਤਸ਼ਾਹਿਤ ਕਰਨਾ ਹੈ: ਪ੍ਰਧਾਨ ਮੰਤਰੀ

Posted On: 23 MAR 2026 3:47PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਨੂੰ ਪੱਛਮੀ ਏਸ਼ੀਆ ਵਿੱਚ ਜਾਰੀ ਟਕਰਾਅ ਅਤੇ ਇਸ ਨਾਲ ਭਾਰਤ ਦੇ ਸਾਹਮਣੇ ਪੈਦਾ ਹੋਈਆਂ ਵਿਆਪਕ ਚੁਣੌਤੀਆਂ ਦੇ ਵਿਸ਼ੇ 'ਤੇ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸੰਕਟ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਜਾਰੀ ਹੈ, ਜਿਸ ਦੇ ਆਲਮੀ ਅਰਥਵਿਵਸਥਾ ਅਤੇ ਜਨਜੀਵਨ 'ਤੇ ਮਾੜੇ ਨਤੀਜੇ ਹੋਏ ਹਨ। ਪ੍ਰਧਾਨ ਮੰਤਰੀ ਨੇ ਇਸ ਦੇ ਹੱਲ ਦੀ ਫ਼ੌਰੀ ਲੋੜ 'ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਸਥਿਤੀ ਦੀ ਗੰਭੀਰਤਾ ਨੂੰ ਉਭਾਰਦਿਆਂ ਕਿਹਾ, "ਪੂਰੀ ਦੁਨੀਆ ਸਾਰੀਆਂ ਧਿਰਾਂ ਨੂੰ ਇਸ ਸੰਕਟ ਦੇ ਛੇਤੀ ਹੱਲ ਦੀ ਅਪੀਲ ਕਰ ਰਹੀ ਹੈ।"

ਭਾਰਤ ਦੇ ਸਾਹਮਣੇ ਮੌਜੂਦ ਚੁਣੌਤੀਆਂ ਦੇ ਸੁਭਾਅ 'ਤੇ ਵਿਸਥਾਰ ਨਾਲ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਗ ਨੇ ਆਰਥਿਕ, ਰਾਸ਼ਟਰੀ ਸੁਰੱਖਿਆ ਅਤੇ ਮਨੁੱਖੀ ਦਬਾਅ ਪੈਦਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੰਗਗ੍ਰਸਤ ਅਤੇ ਜੰਗ ਤੋਂ ਪ੍ਰਭਾਵਿਤ ਦੇਸ਼ਾਂ ਨਾਲ ਭਾਰਤ ਦੇ ਵਿਆਪਕ ਵਪਾਰਕ ਸਬੰਧ ਹਨ, ਟਕਰਾਅ ਵਾਲਾ ਖੇਤਰ ਮਹੱਤਵਪੂਰਨ ਵਪਾਰਕ ਰਸਤਿਆਂ 'ਤੇ ਸਥਿਤ ਹੈ ਅਤੇ ਭਾਰਤ ਦੀ ਕੱਚੇ ਤੇਲ ਤੇ ਗੈਸ ਦੀਆਂ ਲੋੜਾਂ ਦਾ ਇੱਕ ਵੱਡਾ ਹਿੱਸਾ ਇਸੇ ਖੇਤਰ ਤੋਂ ਪੂਰਾ ਹੁੰਦਾ ਹੈ। ਖਾੜੀ ਦੇਸ਼ਾਂ ਵਿੱਚ ਰਹਿਣ ਅਤੇ ਕੰਮ ਕਰਨ ਵਾਲੇ ਤਕਰੀਬਨ ਇੱਕ ਕਰੋੜ ਭਾਰਤੀਆਂ ਅਤੇ ਉਨ੍ਹਾਂ ਜਲ-ਖੇਤਰਾਂ ਵਿੱਚ ਵਪਾਰਕ ਜਹਾਜ਼ਾਂ 'ਤੇ ਸਵਾਰ ਵੱਡੀ ਗਿਣਤੀ ਵਿੱਚ ਭਾਰਤੀ ਅਮਲੇ ਦੇ ਮੈਂਬਰਾਂ ਵੱਲ ਧਿਆਨ ਦਿਵਾਉਂਦਿਆਂ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਕੁਦਰਤੀ ਤੌਰ 'ਤੇ ਭਾਰਤ ਦੀਆਂ ਚਿੰਤਾਵਾਂ ਕਿਤੇ ਜ਼ਿਆਦਾ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਇਸ ਸੰਕਟ 'ਤੇ ਭਾਰਤ ਦੀ ਸੰਸਦ ਤੋਂ ਇੱਕਜੁੱਟ ਅਤੇ ਸਰਬਸੰਮਤੀ ਵਾਲੀ ਆਵਾਜ਼ ਵਿਸ਼ਵ ਦੇ ਸਾਹਮਣੇ ਰੱਖੀ ਜਾਵੇ।"

ਪ੍ਰਧਾਨ ਮੰਤਰੀ ਨੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਸਰਕਾਰ ਦੀ ਫ਼ੌਰੀ ਕਾਰਵਾਈ ਦਾ ਵੇਰਵਾ ਦਿੰਦਿਆਂ ਸਦਨ ਨੂੰ ਦੱਸਿਆ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਪ੍ਰਭਾਵਿਤ ਦੇਸ਼ਾਂ ਵਿੱਚ ਹਰੇਕ ਭਾਰਤੀ ਨੂੰ ਜ਼ਰੂਰੀ ਮਦਦ ਮੁਹੱਈਆ ਕਰਵਾਈ ਗਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਨਿੱਜੀ ਤੌਰ 'ਤੇ ਦੋ ਪੜਾਵਾਂ ਵਿੱਚ ਜ਼ਿਆਦਾਤਰ ਪੱਛਮੀ ਏਸ਼ੀਆਈ ਦੇਸ਼ਾਂ ਦੇ ਮੁਖੀਆਂ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਭਾਰਤੀਆਂ ਦੀ ਸੁਰੱਖਿਆ ਬਾਰੇ ਪੂਰਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਕਿਹਾ, "ਜ਼ਖ਼ਮੀਆਂ ਦਾ ਬਿਹਤਰ ਡਾਕਟਰੀ ਇਲਾਜ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਅਜਿਹੇ ਔਖੇ ਹਾਲਾਤਾਂ ਵਿੱਚ ਦੁਖੀ ਪਰਿਵਾਰਾਂ ਨੂੰ ਜ਼ਰੂਰੀ ਸਹਾਇਤਾ ਦਿੱਤੀ ਜਾ ਰਹੀ ਹੈ।"

ਪ੍ਰਧਾਨ ਮੰਤਰੀ ਨੇ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਸਰਗਰਮ ਕੀਤੇ ਗਏ ਕੌਂਸਲਰ ਅਤੇ ਸੰਸਥਾਗਤ ਸਹਾਇਤਾ ਢਾਂਚੇ ਦਾ ਵਿਸਥਾਰਪੂਰਵਕ ਵੇਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਦੇਸ਼ਾਂ ਵਿੱਚ ਸਥਿਤ ਸਾਰੇ ਭਾਰਤੀ ਦੂਤਘਰ ਲਗਾਤਾਰ ਮਦਦ ਕਰ ਰਹੇ ਹਨ, ਨਿਯਮਤ ਤੌਰ 'ਤੇ ਸਲਾਹ ਜਾਰੀ ਕਰ ਰਹੇ ਹਨ, ਅਤੇ ਭਾਰਤ ਤੇ ਹੋਰ ਪ੍ਰਭਾਵਿਤ ਦੇਸ਼ਾਂ ਵਿੱਚ ਚੌਵੀ ਘੰਟੇ ਚੱਲਣ ਵਾਲੇ ਕੰਟਰੋਲ ਰੂਮ ਅਤੇ ਐਮਰਜੈਂਸੀ ਹੈਲਪਲਾਈਨ ਸਥਾਪਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਰਗਰਮ ਲੋਕ ਸੰਪਰਕ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਇਨ੍ਹਾਂ ਤੰਤਰਾਂ ਰਾਹੀਂ ਸਾਰੇ ਪ੍ਰਭਾਵਿਤ ਲੋਕਾਂ ਨੂੰ, ਚਾਹੇ ਉਹ ਭਾਰਤੀ ਮਜ਼ਦੂਰ ਹੋਣ ਜਾਂ ਸੈਲਾਨੀ, ਤੁਰੰਤ ਜਾਣਕਾਰੀ ਦਿੱਤੀ ਜਾ ਰਹੀ ਹੈ।"

ਪ੍ਰਧਾਨ ਮੰਤਰੀ ਨੇ ਨਿਕਾਸੀ ਮੁਹਿੰਮ ਦੀ ਵਿਆਪਕਤਾ 'ਤੇ ਚਾਨਣਾ ਪਾਉਂਦੇ ਹੋਏ ਸਦਨ ਨੂੰ ਦੱਸਿਆ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ 3,75,000 ਤੋਂ ਵੱਧ ਭਾਰਤੀ ਸੁਰੱਖਿਅਤ ਰੂਪ ਵਿੱਚ ਭਾਰਤ ਪਰਤ ਚੁੱਕੇ ਹਨ, ਜਿਨ੍ਹਾਂ ਵਿੱਚ ਇਕੱਲੇ ਈਰਾਨ ਤੋਂ ਲਗਭਗ 1,000 ਭਾਰਤੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 700 ਤੋਂ ਵੱਧ ਨੌਜਵਾਨ ਮੈਡੀਕਲ ਵਿਦਿਆਰਥੀ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੀਬੀਐੱਸਈ ਨੇ ਖਾੜੀ ਦੇਸ਼ਾਂ ਵਿੱਚ ਸਥਿਤ ਭਾਰਤੀ ਸਕੂਲਾਂ ਵਿੱਚ ਨਿਰਧਾਰਿਤ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ ਅਤੇ ਸਿੱਖਿਆ ਦੀ ਨਿਰੰਤਰਤਾ ਯਕੀਨੀ ਬਣਾਉਣ ਲਈ ਕਦਮ ਚੁੱਕ ਰਿਹਾ ਹੈ। ਸਰਕਾਰ ਦੇ ਦ੍ਰਿਸ਼ਟੀਕੋਣ ਦਾ ਸਾਰ ਪੇਸ਼ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ, "ਸਰਕਾਰ ਸੰਵੇਦਨਸ਼ੀਲ, ਸੁਚੇਤ ਅਤੇ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।"

ਪ੍ਰਧਾਨ ਮੰਤਰੀ ਨੇ ਊਰਜਾ ਸਪਲਾਈ ਦੇ ਗੰਭੀਰ ਮੁੱਦੇ 'ਤੇ ਮੰਨਿਆ ਕਿ ਵੱਡੀ ਮਾਤਰਾ ਵਿੱਚ ਕੱਚਾ ਤੇਲ, ਗੈਸ, ਖਾਦ ਅਤੇ ਹੋਰ ਜ਼ਰੂਰੀ ਵਸਤਾਂ ਹੋਰਮੁਜ਼ ਜਲਡਮਰੂ ਤੋਂ ਹੋ ਕੇ ਭਾਰਤ ਪਹੁੰਚਦੀਆਂ ਹਨ ਅਤੇ ਜੰਗ ਤੋਂ ਬਾਅਦ ਜਲਡਮਰੂ ਤੋਂ ਹੋ ਕੇ ਮਾਲ ਢੋਆ-ਢੁਆਈ ਕਰਨਾ ਬੇਹੱਦ ਚੁਣੌਤੀਪੂਰਨ ਹੋ ਗਿਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਦਾ ਮੁੱਖ ਧਿਆਨ ਆਮ ਪਰਿਵਾਰਾਂ ਨੂੰ ਮੁਸ਼ਕਲਾਂ ਤੋਂ ਬਚਾਉਣ 'ਤੇ ਰਿਹਾ ਹੈ। ਐੱਲਪੀਜੀ ਦੀ ਘਰੇਲੂ ਵਰਤੋਂ ਨੂੰ ਪਹਿਲ ਦੇਣ ਅਤੇ ਇਸ ਦੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਵਰਗੇ ਉਪਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, "ਪੂਰੇ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਸੁਚਾਰੂ ਰੂਪ ਵਿੱਚ ਜਾਰੀ ਰੱਖਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।"

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਿਛਲੇ ਇੱਕ ਦਹਾਕੇ ਵਿੱਚ ਅਪਣਾਈ ਗਈ ਊਰਜਾ ਵਿਭਿੰਨਤਾ ਰਣਨੀਤੀ ਮੌਜੂਦਾ ਸੰਕਟ ਵਿੱਚ ਕਿੰਨੀ ਕਾਰਗਰ ਸਾਬਤ ਹੋਈ ਹੈ। ਉਨ੍ਹਾਂ ਸਦਨ ਨੂੰ ਦੱਸਿਆ ਕਿ ਭਾਰਤ ਨੇ ਪਿਛਲੇ 11 ਸਾਲਾਂ ਵਿੱਚ ਊਰਜਾ ਦਰਾਮਦ ਦੇ ਆਪਣੇ ਸਰੋਤਾਂ ਨੂੰ 27 ਦੇਸ਼ਾਂ ਤੋਂ ਵਧਾ ਕੇ 41 ਦੇਸ਼ਾਂ ਤੱਕ ਕਰ ਦਿੱਤਾ ਹੈ, ਜਿਸ ਨਾਲ ਕਿਸੇ ਇੱਕ ਖੇਤਰ 'ਤੇ ਨਿਰਭਰਤਾ ਘੱਟ ਹੋ ਗਈ ਹੈ। ਇਸ ਦੂਰਅੰਦੇਸ਼ੀ ਵਾਲੇ ਦ੍ਰਿਸ਼ਟੀਕੋਣ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ, "ਅੱਜ ਦੇ ਹਾਲਾਤ ਵਿੱਚ, ਊਰਜਾ ਸੁਰੱਖਿਆ ਦੇ ਸਬੰਧ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਚੁੱਕੇ ਗਏ ਕਦਮ ਹੋਰ ਵੀ ਵੱਧ ਸਾਰਥਕ ਹੋ ਗਏ ਹਨ।"

ਪ੍ਰਧਾਨ ਮੰਤਰੀ ਨੇ ਰਣਨੀਤਕ ਭੰਡਾਰ ਦੇ ਵਿਸ਼ੇ 'ਤੇ ਕਿਹਾ ਕਿ ਭਾਰਤ ਨੇ ਸੰਕਟ ਦੇ ਅਜਿਹੇ ਹੀ ਸਮੇਂ ਲਈ ਕੱਚੇ ਤੇਲ ਦੇ ਭੰਡਾਰਨ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਸਦਨ ਨੂੰ ਦੱਸਿਆ ਕਿ ਭਾਰਤ ਕੋਲ ਅੱਜ 53 ਲੱਖ ਮੀਟ੍ਰਿਕ ਟਨ ਤੋਂ ਵੱਧ ਦਾ ਰਣਨੀਤਕ ਪੈਟਰੋਲੀਅਮ ਭੰਡਾਰ ਹੈ ਅਤੇ ਤੇਲ ਕੰਪਨੀਆਂ ਦੇ ਵੱਖ-ਵੱਖ ਭੰਡਾਰਾਂ ਤੋਂ ਇਲਾਵਾ 65 ਲੱਖ ਮੀਟ੍ਰਿਕ ਟਨ ਤੋਂ ਵੱਧ ਦਾ ਭੰਡਾਰ ਬਣਾਉਣ ਦਾ ਕੰਮ ਜਾਰੀ ਹੈ। ਭਾਰਤ ਦੇ ਰਿਫਾਈਨਿੰਗ ਤੰਤਰ ਵਿੱਚ ਸਮੁੱਚੇ ਸੁਧਾਰ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, "ਪਿਛਲੇ 11 ਸਾਲਾਂ ਵਿੱਚ ਸਾਡੀ ਰਿਫਾਈਨਿੰਗ ਸਮਰੱਥਾ ਵਿੱਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ।"

ਪ੍ਰਧਾਨ ਮੰਤਰੀ ਨੇ ਆਲਮੀ ਸਪਲਾਇਰਾਂ ਨਾਲ ਸਰਕਾਰ ਦੀ ਸਰਗਰਮ ਭਾਈਵਾਲੀ ਅਤੇ ਖਾੜੀ ਜਲਮਾਰਗਾਂ ਦੀ ਚੌਕਸੀ ਨਾਲ ਨਿਗਰਾਨੀ ਦਾ ਵਿਸਥਾਰਪੂਰਵਕ ਵੇਰਵਾ ਦਿੱਤਾ, ਤਾਂ ਜੋ ਭਾਰਤ ਨੂੰ ਤੇਲ, ਗੈਸ, ਖਾਦ ਅਤੇ ਹੋਰ ਜ਼ਰੂਰੀ ਵਸਤਾਂ ਲੈ ਜਾਣ ਵਾਲੇ ਜਹਾਜ਼ਾਂ ਦਾ ਸੁਰੱਖਿਅਤ ਆਉਣਾ-ਜਾਣਾ ਯਕੀਨੀ ਬਣਾਇਆ ਜਾ ਸਕੇ। ਸਮੁੰਦਰੀ ਗਲਿਆਰਿਆਂ ਨੂੰ ਸੁਰੱਖਿਅਤ ਰੱਖਣ ਲਈ ਸਾਰੇ ਆਲਮੀ ਭਾਈਵਾਲਾਂ ਨਾਲ ਲਗਾਤਾਰ ਸੰਵਾਦ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ, "ਇਨ੍ਹਾਂ ਕੋਸ਼ਿਸ਼ਾਂ ਕਾਰਨ, ਹੋਰਮੁਜ਼ ਜਲਡਮਰੂ ਵਿੱਚ ਫਸੇ ਸਾਡੇ ਕਈ ਜਹਾਜ਼ ਹਾਲ ਹੀ ਵਿੱਚ ਭਾਰਤ ਪਹੁੰਚ ਚੁੱਕੇ ਹਨ।"

ਪ੍ਰਧਾਨ ਮੰਤਰੀ ਨੇ ਭਾਰਤ ਦੇ ਘਰੇਲੂ ਊਰਜਾ ਪਰਿਵਰਤਨ ਦੀ ਗੱਲ ਕਰਦੇ ਹੋਏ ਈਥੇਨੌਲ ਮਿਸ਼ਰਣ ਵਿੱਚ ਹੋਈ ਬੇਮਿਸਾਲ ਤਰੱਕੀ 'ਤੇ ਚਾਨਣਾ ਪਾਇਆ, ਜੋ ਇੱਕ ਦਹਾਕੇ ਪਹਿਲਾਂ ਸਿਰਫ਼ 1-1.5 ਫ਼ੀਸਦੀ ਤੋਂ ਵਧ ਕੇ ਅੱਜ ਲਗਭਗ 20 ਫ਼ੀਸਦੀ ਹੋ ਗਿਆ ਹੈ। ਇਸ ਨਾਲ ਤੇਲ ਦਰਾਮਦ ਵਿੱਚ ਪ੍ਰਤੀ ਸਾਲ ਲਗਭਗ ਸਾਢੇ ਚਾਰ ਕਰੋੜ ਬੈਰਲ ਦੀ ਕਮੀ ਆਈ ਹੈ। ਉਨ੍ਹਾਂ ਨੇ ਰੇਲਵੇ ਦੇ ਬਿਜਲੀਕਰਨ ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਪ੍ਰਤੀ ਸਾਲ ਲਗਭਗ 180 ਕਰੋੜ ਲੀਟਰ ਡੀਜ਼ਲ ਦੀ ਬੱਚਤ ਹੋਈ ਹੈ। ਮੈਟਰੋ ਨੈੱਟਵਰਕ ਦਾ ਵਿਸਥਾਰ 2014 ਵਿੱਚ 250 ਕਿੱਲੋਮੀਟਰ ਤੋਂ ਘੱਟ ਤੋਂ ਵਧ ਕੇ ਅੱਜ ਲਗਭਗ 1,100 ਕਿੱਲੋਮੀਟਰ ਹੋ ਗਿਆ ਹੈ ਅਤੇ ਕੇਂਦਰ ਸਰਕਾਰ ਵੱਲੋਂ ਰਾਜਾਂ ਨੂੰ 15,000 ਇਲੈਕਟ੍ਰਿਕ ਬੱਸਾਂ ਮੁਹੱਈਆ ਕਰਵਾਈਆਂ ਗਈਆਂ ਹਨ। ਭਾਰਤ ਦੇ ਊਰਜਾ ਭਵਿੱਖ ਵਿੱਚ ਭਰੋਸਾ ਪ੍ਰਗਟਾਉਂਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਬਦਲਵੇਂ ਬਾਲਣਾਂ 'ਤੇ ਅੱਜ ਜਿਸ ਪੱਧਰ 'ਤੇ ਕੰਮ ਹੋ ਰਿਹਾ ਹੈ, ਉਸ ਨਾਲ ਭਾਰਤ ਦਾ ਭਵਿੱਖ ਹੋਰ ਵੀ ਸੁਰੱਖਿਅਤ ਹੋਵੇਗਾ।"

ਵਿਆਪਕ ਆਰਥਿਕ ਪ੍ਰਭਾਵਾਂ 'ਤੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮੰਨਿਆ ਕਿ ਊਰਜਾ ਆਧੁਨਿਕ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਪੱਛਮੀ ਏਸ਼ੀਆ ਆਲਮੀ ਊਰਜਾ ਲੋੜਾਂ ਦਾ ਇੱਕ ਪ੍ਰਮੁੱਖ ਸਰੋਤ ਹੈ, ਜਿਸ ਨਾਲ ਮੌਜੂਦਾ ਸੰਕਟ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਲਈ ਇੱਕ ਚੁਣੌਤੀ ਬਣ ਗਿਆ ਹੈ। ਉਨ੍ਹਾਂ ਸਦਨ ਨੂੰ ਦੱਸਿਆ ਕਿ ਸਰਕਾਰ ਮਜ਼ਬੂਤ ਆਰਥਿਕ ਬੁਨਿਆਦੀ ਅਸੂਲਾਂ, ਖੇਤਰ-ਵਿਸ਼ੇਸ਼ ਹਿੱਸੇਦਾਰਾਂ ਦੇ ਸਲਾਹ-ਮਸ਼ਵਰੇ ਅਤੇ ਭਾਰਤ ਦੀ ਦਰਾਮਦ-ਬਰਾਮਦ ਲੜੀ ਵਿੱਚ ਹਰ ਮੁਸ਼ਕਲ ਦਾ ਜਾਇਜ਼ਾ ਲੈਣ ਅਤੇ ਹੱਲ ਕਰਨ ਲਈ ਰੋਜ਼ਾਨਾ ਮੀਟਿੰਗ ਕਰਨ ਵਾਲੇ ਇੱਕ ਸਮਰਪਿਤ ਅੰਤਰ-ਮੰਤਰਾਲਾ ਸਮੂਹ ਦੁਆਰਾ ਸਮਰਥਿਤ ਇੱਕ ਵਿਆਪਕ ਥੋੜ੍ਹੇ ਸਮੇਂ ਦੀ, ਦਰਮਿਆਨੇ ਸਮੇਂ ਦੀ ਅਤੇ ਲੰਬੇ ਸਮੇਂ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ। ਸ਼੍ਰੀ ਮੋਦੀ ਨੇ ਉਮੀਦ ਜ਼ਾਹਰ ਕਰਦਿਆਂ ਕਿਹਾ, "ਮੈਨੂੰ ਪੂਰਾ ਭਰੋਸਾ ਹੈ ਕਿ ਸਰਕਾਰ ਅਤੇ ਉਦਯੋਗ ਦੇ ਸਾਂਝੇ ਯਤਨਾਂ ਨਾਲ ਅਸੀਂ ਇਨ੍ਹਾਂ ਹਾਲਾਤਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰਨ ਦੇ ਯੋਗ ਹੋਵਾਂਗੇ।"

ਖੇਤੀਬਾੜੀ 'ਤੇ ਜੰਗ ਦੇ ਅਸਰ ਬਾਰੇ ਪ੍ਰਧਾਨ ਮੰਤਰੀ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਭਾਰਤ ਦੇ ਕਿਸਾਨਾਂ ਨੇ ਲੋੜੀਂਦਾ ਅਨਾਜ ਭੰਡਾਰ ਯਕੀਨੀ ਬਣਾ ਲਿਆ ਹੈ ਅਤੇ ਸਰਕਾਰ ਸਾਉਣੀ ਦੀ ਉਚਿਤ ਬਿਜਾਈ ਨੂੰ ਸੌਖਾ ਬਣਾਉਣ ਲਈ ਕੰਮ ਕਰ ਰਹੀ ਹੈ ਅਤੇ ਹਾਲ ਦੇ ਸਾਲਾਂ ਵਿੱਚ ਮਜ਼ਬੂਤ ਐਮਰਜੈਂਸੀ ਖੁਰਾਕ ਪ੍ਰਬੰਧ ਬਣਾਏ ਹਨ। ਕੋਵਿਡ-19 ਮਹਾਮਾਰੀ ਅਤੇ ਉਸ ਨਾਲ ਸਬੰਧਿਤ ਆਲਮੀ ਸਪਲਾਈ ਲੜੀ ਵਿੱਚ ਰੁਕਾਵਟ ਦੌਰਾਨ ਵੀ, ਜਦੋਂ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਯੂਰੀਆ ਦੀਆਂ ਕੀਮਤਾਂ 3,000 ਰੁਪਏ ਪ੍ਰਤੀ ਬੋਰੀ ਤੱਕ ਪਹੁੰਚ ਗਈਆਂ ਸਨ, ਉਦੋਂ ਵੀ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਭਾਰਤੀ ਕਿਸਾਨਾਂ ਨੂੰ ਉਹੀ ਬੋਰੀ 300 ਰੁਪਏ ਤੋਂ ਘੱਟ ਵਿੱਚ ਮਿਲੇ। ਸ਼੍ਰੀ ਮੋਦੀ ਨੇ ਕਿਹਾ, "ਪਹਿਲਾਂ ਵੀ ਸਾਡੀ ਸਰਕਾਰ ਨੇ ਆਲਮੀ ਸੰਕਟਾਂ ਦਾ ਬੋਝ ਕਿਸਾਨਾਂ 'ਤੇ ਨਹੀਂ ਪੈਣ ਦਿੱਤਾ।"

ਭਾਰਤੀ ਖੇਤੀਬਾੜੀ ਨੂੰ ਬਾਹਰੀ ਝਟਕਿਆਂ ਤੋਂ ਬਚਾਉਣ ਲਈ ਚੁੱਕੇ ਗਏ ਢਾਂਚਾਗਤ ਕਦਮਾਂ ਦਾ ਵਿਸਥਾਰ ਨਾਲ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਦਹਾਕੇ ਵਿੱਚ ਛੇ ਨਵੇਂ ਯੂਰੀਆ ਪਲਾਂਟ ਚਾਲੂ ਕੀਤੇ ਗਏ ਹਨ, ਜਿਸ ਨਾਲ ਸਾਲਾਨਾ ਉਤਪਾਦਨ ਸਮਰੱਥਾ ਵਿੱਚ 76 ਲੱਖ ਮੀਟ੍ਰਿਕ ਟਨ ਤੋਂ ਵੱਧ ਦਾ ਵਾਧਾ ਹੋਇਆ ਹੈ। ਡੀਏਪੀ ਅਤੇ ਐੱਨਪੀਕੇਐੱਸ ਖਾਦਾਂ ਦਾ ਘਰੇਲੂ ਉਤਪਾਦਨ ਲਗਭਗ 50 ਲੱਖ ਮੀਟ੍ਰਿਕ ਟਨ ਵਧਿਆ ਹੈ ਅਤੇ ਖਾਦ ਦਰਾਮਦ ਦੇ ਸਰੋਤਾਂ ਵਿੱਚ ਵੰਨ-ਸੁਵੰਨਤਾ ਲਿਆਂਦੀ ਗਈ ਹੈ। ਇਨ੍ਹਾਂ ਕੋਸ਼ਿਸ਼ਾਂ ਦੀ ਵਿਆਪਕਤਾ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, "ਜਿਸ ਤਰ੍ਹਾਂ ਅਸੀਂ ਤੇਲ ਅਤੇ ਗੈਸ ਦਰਾਮਦ ਨੂੰ ਵਿਭਿੰਨ ਬਣਾਇਆ ਹੈ, ਉਸੇ ਤਰ੍ਹਾਂ ਅਸੀਂ ਡੀਏਪੀ ਅਤੇ ਐੱਨਪੀਕੇਐੱਸ ਦੀ ਦਰਾਮਦ ਦੇ ਬਦਲਾਂ ਦਾ ਵੀ ਵਿਸਥਾਰ ਕੀਤਾ ਹੈ।" ਪ੍ਰਧਾਨ ਮੰਤਰੀ ਨੇ 'ਮੇਡ-ਇਨ-ਇੰਡੀਆ ਨੈਨੋ ਯੂਰੀਆ' ਵਰਗੀਆਂ ਕਾਢਾਂ ਰਾਹੀਂ ਕਿਸਾਨਾਂ ਨੂੰ ਸਮਰੱਥ ਬਣਾਉਣ, ਕੁਦਰਤੀ ਖੇਤੀ ਨੂੰ ਹੁਲਾਰਾ ਦੇਣ ਅਤੇ ਡੀਜ਼ਲ 'ਤੇ ਕਿਸਾਨਾਂ ਦੀ ਨਿਰਭਰਤਾ ਨੂੰ ਘੱਟ ਕਰਨ ਲਈ ਪੀਐੱਮ-ਕੁਸੁਮ ਯੋਜਨਾ ਤਹਿਤ 22 ਲੱਖ ਤੋਂ ਵੱਧ ਸੋਲਰ ਪੰਪਾਂ ਦੀ ਵੰਡ ਪ੍ਰਤੀ ਸਰਕਾਰ ਦੀ ਵਚਨਬੱਧਤਾ 'ਤੇ ਚਾਨਣਾ ਪਾਇਆ।

ਜਾਰੀ ਜੰਗ ਦੇ ਵਿਚਕਾਰ ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਵਧਦੀ ਮੰਗ ਦੀ ਚੁਣੌਤੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਦੇਸ਼ ਭਰ ਦੇ ਸਾਰੇ ਬਿਜਲੀ ਪਲਾਂਟਾਂ ਵਿੱਚ ਲੋੜੀਂਦਾ ਕੋਲੇ ਦਾ ਭੰਡਾਰ ਉਪਲਬਧ ਹੈ ਅਤੇ ਭਾਰਤ ਨੇ ਲਗਾਤਾਰ ਦੂਜੇ ਸਾਲ 100 ਕਰੋੜ ਟਨ ਕੋਲੇ ਦੇ ਉਤਪਾਦਨ ਦਾ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬਿਜਲੀ ਉਤਪਾਦਨ ਤੋਂ ਲੈ ਕੇ ਬਿਜਲੀ ਸਪਲਾਈ ਤੱਕ ਸਾਰੀਆਂ ਪ੍ਰਣਾਲੀਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪਿਛਲੇ ਦਹਾਕੇ ਵਿੱਚ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਹੋਈ ਬੇਮਿਸਾਲ ਤਰੱਕੀ ਨਾਲ ਸਰਕਾਰ ਦੀਆਂ ਤਿਆਰੀਆਂ ਨੂੰ ਕਾਫੀ ਮਜ਼ਬੂਤੀ ਮਿਲੀ ਹੈ। ਭਾਰਤ ਦੀ ਕੁੱਲ ਸਥਾਪਿਤ ਬਿਜਲੀ ਉਤਪਾਦਨ ਸਮਰੱਥਾ ਦਾ ਅੱਧਾ ਹਿੱਸਾ ਹੁਣ ਨਵਿਆਉਣਯੋਗ ਸਰੋਤਾਂ ਤੋਂ ਆਉਂਦਾ ਹੈ ਅਤੇ ਦੇਸ਼ ਦੀ ਕੁੱਲ ਨਵਿਆਉਣਯੋਗ ਸਮਰੱਥਾ 250 ਗੀਗਾਵਾਟ ਦੇ ਇਤਿਹਾਸਕ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਕੱਲੇ ਸੌਰ ਊਰਜਾ ਸਮਰੱਥਾ ਪਿਛਲੇ 11 ਸਾਲਾਂ ਵਿੱਚ ਲਗਭਗ 3 ਗੀਗਾਵਾਟ ਤੋਂ ਵਧ ਕੇ 140 ਗੀਗਾਵਾਟ ਹੋ ਗਈ ਹੈ, ਲਗਭਗ 40 ਲੱਖ ਰੂਫਟਾਪ ਸੋਲਰ ਪੈਨਲ ਲਗਾਏ ਗਏ ਹਨ, ਗੋਬਰਧਨ ਯੋਜਨਾ ਤਹਿਤ 200 ਕੰਪਰੈੱਸਡ ਬਾਇਓਗੈਸ ਪਲਾਂਟ ਹੁਣ ਚਾਲੂ ਹਨ, ਅਤੇ ਪਰਮਾਣੂ ਊਰਜਾ ਉਤਪਾਦਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਨਾਲ ਹੀ ਇੱਕ ਨਵੀਂ ਮਨਜ਼ੂਰਸ਼ੁਦਾ ਲਘੂ ਪਣ-ਬਿਜਲੀ ਵਿਕਾਸ ਯੋਜਨਾ ਵੀ ਹੈ ਜੋ ਅਗਲੇ ਪੰਜ ਸਾਲਾਂ ਵਿੱਚ 1,500 ਮੈਗਾਵਾਟ ਸਮਰੱਥਾ ਜੋੜੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਇਹ ਸਾਰੀਆਂ ਕੋਸ਼ਿਸ਼ਾਂ ਅੱਜ ਦੇਸ਼ ਦੀ ਬਹੁਤ ਸੇਵਾ ਕਰ ਰਹੀਆਂ ਹਨ, ਅਤੇ ਉਹ ਭਾਰਤ ਦੇ ਊਰਜਾ ਭਵਿੱਖ ਨੂੰ ਹੋਰ ਵੀ ਸੁਰੱਖਿਅਤ ਬਣਾਉਣਗੀਆਂ।"

ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ ਟਕਰਾਅ 'ਤੇ ਭਾਰਤ ਦੀ ਕੂਟਨੀਤਕ ਪ੍ਰਤੀਕਿਰਿਆ ਬਾਰੇ ਕਿਹਾ ਕਿ ਭਾਰਤ ਦਾ ਰੁਖ਼ ਸ਼ੁਰੂ ਤੋਂ ਹੀ ਸਪਸ਼ਟ ਰਿਹਾ ਹੈ, ਜਿਸ ਵਿੱਚ ਡੂੰਘੀ ਚਿੰਤਾ ਪ੍ਰਗਟ ਕਰਨਾ, ਤਣਾਅ ਘੱਟ ਕਰਨ ਦੀ ਵਕਾਲਤ ਕਰਨਾ ਅਤੇ ਨਾਗਰਿਕਾਂ ਤੇ ਊਰਜਾ ਅਤੇ ਆਵਾਜਾਈ ਢਾਂਚੇ 'ਤੇ ਹਮਲਿਆਂ ਦਾ ਵਿਰੋਧ ਕਰਨਾ ਸ਼ਾਮਲ ਹੈ। ਉਨ੍ਹਾਂ ਸਦਨ ਨੂੰ ਦੱਸਿਆ ਕਿ ਉਨ੍ਹਾਂ ਨੇ ਸਾਰੇ ਸਬੰਧਿਤ ਪੱਛਮੀ ਏਸ਼ੀਆਈ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੂੰ ਤਣਾਅ ਘੱਟ ਕਰਨ ਅਤੇ ਟਕਰਾਅ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਪਾਰਕ ਜਹਾਜ਼ਾਂ 'ਤੇ ਹਮਲੇ ਅਤੇ ਹੋਰਮੁਜ਼ ਜਲਡਮਰੂ ਵਰਗੇ ਅੰਤਰਰਾਸ਼ਟਰੀ ਜਲਮਾਰਗਾਂ ਵਿੱਚ ਰੁਕਾਵਟ ਪੈਦਾ ਕਰਨਾ ਪੂਰੀ ਤਰ੍ਹਾਂ ਨਾਮਨਜ਼ੂਰ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, "ਜੰਗ ਦੇ ਮਾਹੌਲ ਦੇ ਵਿਚਕਾਰ ਵੀ, ਭਾਰਤ ਕੂਟਨੀਤੀ ਰਾਹੀਂ ਭਾਰਤੀ ਜਹਾਜ਼ਾਂ ਦੇ ਸੁਰੱਖਿਅਤ ਆਉਣ-ਜਾਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।"

ਮਨੁੱਖਤਾ ਅਤੇ ਸ਼ਾਂਤੀ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੱਲਬਾਤ ਅਤੇ ਕੂਟਨੀਤੀ ਹੀ ਇਸ ਸਮੱਸਿਆ ਦਾ ਹੱਲ ਹੈ। ਇਹ ਜ਼ਿਕਰ ਕਰਦੇ ਹੋਏ ਕਿ ਭਾਰਤ ਦੀ ਹਰ ਕੋਸ਼ਿਸ਼ ਤਣਾਅ ਘੱਟ ਕਰਨ ਅਤੇ ਦੁਸ਼ਮਣੀ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਹੈ ਅਤੇ ਇਸ ਜੰਗ ਵਿੱਚ ਕਿਸੇ ਵੀ ਜੀਵਨ ਨੂੰ ਖ਼ਤਰੇ ਵਿੱਚ ਪਾਉਣਾ ਮਨੁੱਖਤਾ ਦੇ ਹਿੱਤਾਂ ਦੇ ਵਿਰੁੱਧ ਹੈ, ਸ਼੍ਰੀ ਮੋਦੀ ਨੇ ਕਿਹਾ, "ਭਾਰਤ ਦੀ ਕੋਸ਼ਿਸ਼ ਸਾਰੀਆਂ ਧਿਰਾਂ ਨੂੰ ਛੇਤੀ ਤੋਂ ਛੇਤੀ ਸ਼ਾਂਤੀਪੂਰਨ ਹੱਲ ਤੱਕ ਪਹੁੰਚਣ ਲਈ ਉਤਸ਼ਾਹਿਤ ਕਰਨਾ ਹੈ।"

ਪ੍ਰਧਾਨ ਮੰਤਰੀ ਨੇ ਸਦਨ ਦਾ ਧਿਆਨ ਸੰਕਟ ਦੇ ਅੰਦਰੂਨੀ ਸੁਰੱਖਿਆ ਪਹਿਲੂ ਵੱਲ ਵੀ ਦਿਵਾਇਆ ਅਤੇ ਚੇਤਾਵਨੀ ਦਿੱਤੀ ਕਿ ਕੁਝ ਅਨਸਰ ਅਜਿਹੇ ਹਾਲਾਤ ਦਾ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕਰ ਸਕਦੇ ਹਨ। ਸਦਨ ਨੂੰ ਇਹ ਸੂਚਿਤ ਕਰਦੇ ਹੋਏ ਕਿ ਸਾਰੀਆਂ ਕਾਨੂੰਨ ਵਿਵਸਥਾ ਏਜੰਸੀਆਂ ਨੂੰ ਚੌਕਸ ਰੱਖਿਆ ਗਿਆ ਹੈ ਅਤੇ ਤੱਟਵਰਤੀ, ਸਰਹੱਦੀ, ਸਾਈਬਰ ਅਤੇ ਰਣਨੀਤਕ ਟਿਕਾਣਿਆਂ ਸਮੇਤ ਸਾਰੇ ਖੇਤਰਾਂ ਵਿੱਚ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਾਵਧਾਨ ਕੀਤਾ, "ਚਾਹੇ ਉਹ ਤੱਟਵਰਤੀ ਸੁਰੱਖਿਆ ਹੋਵੇ, ਸਰਹੱਦੀ ਸੁਰੱਖਿਆ ਹੋਵੇ, ਸਾਈਬਰ ਸੁਰੱਖਿਆ ਹੋਵੇ ਜਾਂ ਰਣਨੀਤਕ ਟਿਕਾਣੇ, ਸਾਰਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।"

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਨੂੰ ਖ਼ਤਮ ਕਰਦਿਆਂ ਕਿਹਾ ਕਿ ਇਸ ਜੰਗ ਕਾਰਨ ਪੈਦਾ ਹੋਏ ਔਖੇ ਆਲਮੀ ਹਾਲਾਤ ਲੰਬੇ ਸਮੇਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਰਾਸ਼ਟਰ ਨੂੰ ਕੋਵਿਡ-19 ਮਹਾਮਾਰੀ ਦੇ ਸਮੇਂ ਵਾਂਗ ਹੀ ਇੱਕਜੁੱਟ ਬਣੇ ਰਹਿਣ ਅਤੇ ਤਿਆਰ ਰਹਿਣ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਧੀਰਜ, ਸੰਜਮ ਅਤੇ ਚੌਕਸੀ ਵਰਤਣ ਦੀ ਅਪੀਲ ਕਰਦੇ ਹੋਏ ਅਤੇ ਝੂਠੀਆਂ ਅਫ਼ਵਾਹਾਂ ਫੈਲਾਉਣ, ਕਾਲਾਬਾਜ਼ਾਰੀ ਕਰਨ ਜਾਂ ਜਮ੍ਹਾਖ਼ੋਰੀ ਕਰਨ ਵਾਲਿਆਂ ਪ੍ਰਤੀ ਸਾਵਧਾਨ ਕਰਦੇ ਹੋਏ ਸਦਨ ਰਾਹੀਂ ਸਾਰੀਆਂ ਰਾਜ ਸਰਕਾਰਾਂ ਨੂੰ ਅਜਿਹੇ ਅਨਸਰਾਂ ਦੀ ਸਖ਼ਤ ਨਿਗਰਾਨੀ ਅਤੇ ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ। ਰਾਸ਼ਟਰ ਦੇ ਸਮੂਹਿਕ ਸੰਕਲਪ ਵਿੱਚ ਆਪਣਾ ਅਟੁੱਟ ਵਿਸ਼ਵਾਸ ਪ੍ਰਗਟਾਉਂਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, "ਜਦੋਂ ਇਸ ਦੇਸ਼ ਦੀ ਹਰ ਸਰਕਾਰ ਅਤੇ ਹਰ ਨਾਗਰਿਕ ਇਕੱਠੇ ਚੱਲਣਗੇ, ਤਦ ਹੀ ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਾਂ। ਇਹੀ ਸਾਡੀ ਪਛਾਣ ਹੈ ਅਤੇ ਇਹੀ ਸਾਡੀ ਤਾਕਤ ਹੈ।"

 

*************

ਐੱਮਜੇਪੀਐੱਸ/ਪੀਆਰਕੇ


(Release ID: 2245898) ਵਿਜ਼ੀਟਰ ਕਾਊਂਟਰ : 10