ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਅਸਾਮ ਦੇ ਗੁਹਾਟੀ ਵਿੱਚ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

प्रविष्टि तिथि: 20 DEC 2025 8:26PM by PIB Chandigarh

नोमोस्कार। लुइटपोरिया राइजोलोई मुर श्रोद्धा अरु मरोम ज़ासिसु!

ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਜੀ, ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ, ਸਾਡੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਜੀ, ਰਾਮ ਮੋਹਨ ਨਾਇਡੂ ਜੀ, ਮੁਰਲੀਧਰ ਮੋਹੋਲ ਜੀ, ਪਬਿਤ੍ਰਾ ਮਾਰਗਰੇਟਾ ਜੀ, ਅਸਾਮ ਸਰਕਾਰ ਦੇ ਮੰਤਰੀ, ਹੋਰ ਪਤਵੰਤੇ ਸੱਜਣੋ, ਭਾਈਓ ਅਤੇ ਭੈਣੋ।

ਮੈਂ ਆਪਣਾ ਭਾਸ਼ਣ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਹਾਂ, ਕਿ ਅੱਜ ਜਿੱਤ ਦਾ ਜੋ ਦਿਨ ਹੈ, ਇੱਕ ਤਰ੍ਹਾਂ ਨਾਲ ਵਿਕਾਸ ਦੇ ਜਸ਼ਨ ਦਾ ਦਿਨ ਹੈ ਅਤੇ ਇਹ ਸਿਰਫ਼ ਅਸਾਮ ਨਹੀਂ, ਪੂਰੇ ਉੱਤਰ-ਪੂਰਬ ਦੇ ਵਿਕਾਸ ਦਾ ਜਸ਼ਨ ਹੈ, ਅਤੇ ਇਸ ਲਈ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਣਾ ਮੋਬਾਇਲ ਫੋਨ ਕੱਢੋ, ਉਸ ’ਤੇ ਫਲੈਸ਼ ਲਾਈਟ ਚਾਲੂ ਕਰੋ ਅਤੇ ਸਾਰੇ ਦੇ ਸਾਰੇ ਇਸ ਵਿਕਾਸ ਦੇ ਜਸ਼ਨ ਵਿੱਚ ਭਾਗੀਦਾਰ ਬਣੋ। ਹਰ ਇੱਕ ਦੇ ਮੋਬਾਈਲ ਫੋਨ ਦੀ ਲਾਈਟ ਚੱਲਣੀ ਚਾਹੀਦੀ ਹੈ, ਦੇਖੋ ਤਾੜੀਆਂ ਦੀ ਗੂੰਜ ਨਾਲ ਪੂਰਾ ਦੇਸ਼ ਦੇਖੇਗਾ, ਕਿ ਅਸਾਮ ਵਿਕਾਸ ਦਾ ਜਸ਼ਨ ਮਨਾ ਰਿਹਾ ਹੈ। ਜਦੋਂ ਵਿਕਾਸ ਦਾ ਚਾਨਣ ਪਹੁੰਚਦਾ ਹੈ, ਤਾਂ ਜ਼ਿੰਦਗੀ ਦੀ ਹਰ ਰਾਹ ਨਵੀਆਂ ਉਚਾਈਆਂ ਨੂੰ ਛੂਹਣ ਲੱਗ ਜਾਂਦੀ ਹੈ। ਬਹੁਤ-ਬਹੁਤ ਧੰਨਵਾਦ ਸਭ ਦਾ।

ਸਾਥੀਓ,

ਅਸਾਮ ਦੀ ਧਰਤੀ ਨਾਲ ਮੇਰਾ ਸਬੰਧ, ਇੱਥੋਂ ਦੇ ਲੋਕਾਂ ਦਾ ਪਿਆਰ ਅਤੇ ਸਨੇਹ ਅਤੇ ਖ਼ਾਸ ਕਰਕੇ ਅਸਾਮ ਅਤੇ ਉੱਤਰ-ਪੂਰਬ ਦੀਆਂ ਮੇਰੀਆਂ ਮਾਵਾਂ-ਭੈਣਾਂ ਦੀ ਅਪਣੱਤ, ਇਹ ਮੈਨੂੰ ਲਗਾਤਾਰ ਪ੍ਰੇਰਿਤ ਕਰਦੀ ਹੈ, ਉੱਤਰ-ਪੂਰਬ ਦੇ ਵਿਕਾਸ ਦੇ ਸਾਡੇ ਸੰਕਲਪ ਨੂੰ ਤਾਕਤ ਦਿੰਦਾ ਹੈ। ਮੈਂ ਦੇਖ ਰਿਹਾ ਹਾਂ, ਅੱਜ ਇੱਕ ਵਾਰ ਫਿਰ ਅਸਾਮ ਦੇ ਵਿਕਾਸ ਵਿੱਚ ਨਵਾਂ ਅਧਿਆਇ ਜੁੜ ਰਿਹਾ ਹੈ ਅਤੇ ਅਜਿਹੇ ਵਿੱਚ ਭਾਰਤ ਰਤਨ ਭੂਪੇਨ ਦਾ ਦੀਆਂ ਲਾਈਨਾਂ ਬਹੁਤ ਸਟੀਕ ਹੋ ਜਾਂਦੀਆਂ ਹਨ। लुइदोर पार जिलिकाई टुलिबोलोई, आमी प्रोतिज्ञाबोद्ध! आमी हॉन्कल्पबोद्ध! ਯਾਨੀ ਲੁਈਤ ਦਰਿਆ ਦਾ ਤਟ ਉੱਜਵਲ ਹੋਵੇਗਾ, ਹਨੇਰੇ ਦੀ ਹਰ ਕੰਧ ਟੁੱਟੇਗੀ ਅਤੇ ਇਹ ਹੋ ਕੇ ਰਹੇਗਾ, ਇਹੀ ਸਾਡਾ ਸੰਕਲਪ ਹੈ, ਇਹੀ ਸਾਡਾ ਵਾਅਦਾ ਹੈ।

ਸਾਥੀਓ,

ਭੂਪੇਨ ਦਾ ਦੀਆਂ ਇਹ ਲਾਈਨਾਂ ਸਿਰਫ਼ ਇੱਕ ਗੀਤ ਨਹੀਂ ਸੀ, ਇਹ ਅਸਾਮ ਨੂੰ ਪਿਆਰ ਕਰਨ ਵਾਲੀ ਹਰ ਮਹਾਨ ਆਤਮਾ ਦਾ ਸੰਕਲਪ ਸੀ ਅਤੇ ਅੱਜ ਇਹ ਸੰਕਲਪ ਸਾਡੇ ਸਾਹਮਣੇ ਸਿੱਧ ਹੋ ਰਿਹਾ ਹੈ। ਜਿਵੇਂ ਅਸਾਮ ਵਿੱਚ ਵੱਡੇ ਬ੍ਰਹਮਪੁੱਤਰ ਦਰਿਆ ਦੀਆਂ ਧਾਰਾਵਾਂ ਕਦੇ ਨਹੀਂ ਰੁਕਦੀਆਂ, ਉਵੇਂ ਹੀ ਬੀਜੇਪੀ ਦੀ ਡਬਲ ਇੰਜਨ ਸਰਕਾਰ ਵਿੱਚ ਇੱਥੇ ਵਿਕਾਸ ਦੀ ਧਾਰਾ ਵੀ ਨਿਰਵਿਘਨ ਵਹਿ ਰਹੀ ਹੈ। ਅੱਜ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਉਦਘਾਟਨ ਸਾਡੇ ਇਸ ਸੰਕਲਪ ਦਾ ਨਤੀਜਾ ਹੈ। ਮੈਂ ਸਾਰੇ ਅਸਾਮ-ਵਾਸੀਆਂ ਨੂੰ, ਦੇਸ਼ ਦੇ ਲੋਕਾਂ ਨੂੰ, ਇਸ ਨਵੀਂ ਟਰਮੀਨਲ ਇਮਾਰਤ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਭੈਣੋ ਅਤੇ ਭਾਈਓ,

ਹੁਣ ਤੋਂ ਕੁਝ ਦੇਰ ਪਹਿਲਾਂ ਮੈਨੂੰ ਗੋਪੀਨਾਥ ਬਾਰਦੋਲੋਈ ਜੀ ਦੀ ਮੂਰਤੀ ਦਾ ਉਦਘਾਟਨ ਕਰਨ ਦਾ ਸੁਭਾਗ ਮਿਲਿਆ ਹੈ। ਬਾਰਦੋਲੋਈ ਜੀ ਅਸਾਮ ਦੇ ਪਹਿਲੇ ਮੁੱਖ ਮੰਤਰੀ ਸੀ, ਅਸਾਮ ਦਾ ਮਾਣ ਸੀ, ਅਸਾਮ ਦੀ ਪਹਿਚਾਣ, ਅਸਾਮ ਦਾ ਭਵਿੱਖ ਅਤੇ ਅਸਾਮ ਦੇ ਹਿਤ ਉਨ੍ਹਾਂ ਨੇ ਕਦੇ ਵੀ ਇਸ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਦੀ ਇਹ ਮੂਰਤੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ, ਉਨ੍ਹਾਂ ਵਿੱਚ ਅਸਾਮ ਨੂੰ ਲੈ ਕੇ ਮਾਣ ਦੀ ਭਾਵਨਾ ਜਗਾਵੇਗੀ।

ਸਾਥੀਓ,

ਆਧੁਨਿਕ ਏਅਰਪੋਰਟ ਜਿਹੀਆਂ ਸਹੂਲਤਾਂ ਕਨੈਕਟੀਵਿਟੀ ਦਾ ਆਧੁਨਿਕ ਇਨਫ੍ਰਾਸਟ੍ਰਕਚਰ ਇਹ ਕਿਸੇ ਵੀ ਸੂਬੇ ਦੇ ਲਈ ਨਵੀਆਂ ਸੰਭਾਵਨਾਵਾਂ ਅਤੇ ਨਵੇਂ ਮੌਕਿਆਂ ਦੇ ਗੇਟਵੇਅ ਹੁੰਦੇ ਹਨ। ਇਹ ਸੂਬੇ ਦੇ ਵਧਦੇ ਆਤਮ-ਵਿਸ਼ਵਾਸ ਅਤੇ ਲੋਕਾਂ ਦੇ ਭਰੋਸੇ ਦੇ ਥੰਮ੍ਹ ਹੁੰਦੇ ਹਨ। ਤੁਸੀਂ ਵੀ ਜਦੋਂ ਦੇਖਦੇ ਹੋ ਕਿ ਅਸਾਮ ਵਿੱਚ ਇੰਨੇ ਸ਼ਾਨਦਾਰ ਹਾਈਵੇਅ ਬਣ ਰਹੇ ਹਨ, ਏਅਰਪੋਰਟ ਬਣ ਰਹੇ ਹਨ ਤਾਂ ਤੁਸੀਂ ਵੀ ਕਹਿੰਦੇ ਹੋ - ਹੁਣ ਜਾ ਕੇ ਅਸਾਮ ਦੇ ਨਾਲ ਇਨਸਾਫ਼ ਹੋਣਾ ਸ਼ੁਰੂ ਹੋਇਆ ਹੈ।

ਨਹੀਂ ਤਾਂ ਸਾਥੀਓ,

ਕਾਂਗਰਸ ਦੀਆਂ ਸਰਕਾਰਾਂ ਦੇ ਲਈ ਅਸਾਮ ਅਤੇ ਉੱਤਰ-ਪੂਰਬ ਦਾ ਵਿਕਾਸ ਉਨ੍ਹਾਂ ਦੇ ਏਜੰਡੇ ਵਿੱਚ ਹੀ ਨਹੀਂ ਸੀ। ਕਾਂਗਰਸ ਦੀਆਂ ਸਰਕਾਰਾਂ, ਅਤੇ ਉਨ੍ਹਾਂ ਵਿੱਚ ਬੈਠੇ ਲੋਕ ਕਹਿੰਦੇ ਸੀ, ਅਸਾਮ ਅਤੇ ਉੱਤਰ-ਪੂਰਬ ਵਿੱਚ ਜਾਂਦਾ ਹੀ ਕੌਣ ਹੈ? ਕਾਂਗਰਸ ਕਹਿੰਦੀ ਸੀ, ਅਸਾਮ ਨੂੰ, ਉੱਤਰ-ਪੂਰਬ ਨੂੰ, ਆਧੁਨਿਕ ਏਅਰਪੋਰਟ ਦੀ, ਹਾਈਵੇਅ ਅਤੇ ਬਿਹਤਰ ਰੇਲਵੇ ਦੀ ਜ਼ਰੂਰਤ ਹੀ ਕੀ ਹੈ? ਇਸੇ ਸੋਚ ਦੀ ਵਜ੍ਹਾ ਕਰਕੇ ਕਾਂਗਰਸ ਨੇ ਦਹਾਕਿਆਂ ਤੱਕ ਇਸ ਪੂਰੇ ਖੇਤਰ ਨੂੰ ਅਣਗੌਲਿਆਂ ਕੀਤਾ।

ਸਾਥੀਓ,

ਕਾਂਗਰਸ 6-7 ਦਹਾਕਿਆਂ ਤੱਕ ਜੋ ਗ਼ਲਤੀਆਂ ਕਰਦੀ ਰਹੀ, ਅਤੇ ਮੋਦੀ ਇੱਕ-ਇੱਕ ਕਰਕੇ ਉਸ ਨੂੰ ਸੁਧਾਰ ਰਿਹਾ ਹੈ। ਮੋਦੀ ਕਹਿੰਦਾ ਹੈ, ਕਾਂਗਰਸ ਵਾਲੇ ਉੱਤਰ-ਪੂਰਬ ਜਾਣ ਜਾਂ ਨਾ ਜਾਣ, ਮੈਨੂੰ ਤਾਂ ਉੱਤਰ-ਪੂਰਬ ਅਤੇ ਅਸਾਮ ਆਉਂਦੇ ਹੀ ਆਪਣੇ ਲੋਕਾਂ ਦੇ ਵਿੱਚ ਹੋਣ ਦਾ ਅਹਿਸਾਸ ਹੁੰਦਾ ਹੈ। ਮੋਦੀ ਦੇ ਲਈ ਅਸਾਮ ਦਾ ਵਿਕਾਸ, ਇਹ ਜ਼ਰੂਰਤ ਵੀ ਹੈ, ਜ਼ਿੰਮੇਵਾਰੀ ਵੀ ਹੈ ਅਤੇ ਇਸਦੀ ਜਵਾਬਦੇਹੀ ਵੀ ਹੈ।

ਅਤੇ ਇਸ ਲਈ ਸਾਥੀਓ,

ਬੀਤੇ 11 ਸਾਲਾਂ ਵਿੱਚ ਅਸਾਮ ਅਤੇ ਉੱਤਰ-ਪੂਰਬ ਦੇ ਲਈ ਲੱਖਾਂ ਕਰੋੜਾਂ ਰੁਪਏ ਦੇ ਵਿਕਾਸ ਪ੍ਰਾਜੈਕਟ ਸ਼ੁਰੂ ਹੋਏ ਹਨ। ਅੱਜ ਅਸਾਮ ਅੱਗੇ ਵੀ ਵਧ ਰਿਹਾ ਹੈ ਅਤੇ ਨਵੇਂ ਰਿਕਾਰਡ ਵੀ ਬਣਾ ਰਿਹਾ ਹੈ। ਮੈਨੂੰ ਇਹ ਜਾਣ ਕੇ ਚੰਗਾ ਲੱਗਿਆ ਕਿ ਅਸਾਮ ਭਾਰਤੀ ਨਿਆਂ ਸੰਹਿਤਾ ਲਾਗੂ ਕਰਨ ਵਿੱਚ ਦੇਸ਼ ਵਿੱਚ ਨੰਬਰ 1 ਸੂਬਾ ਬਣਿਆ ਹੈ। ਅਸਾਮ ਨੇ 50 ਲੱਖ ਤੋਂ ਜ਼ਿਆਦਾ ਸਮਾਰਟ ਪ੍ਰੀ-ਪੇਡ ਮੀਟਰ ਲਗਾ ਕੇ ਵੀ ਇੱਕ ਨਵਾਂ ਰਿਕਾਰਡ ਬਣਾਇਆ ਹੈ। ਕਾਂਗਰਸ ਦੇ ਸਮੇਂ ਵਿੱਚ ਅਸਾਮ ਵਿੱਚ ਬਿਨਾਂ ਪਰਚੀ, ਬਿਨਾਂ ਖ਼ਰਚੇ ਦੇ ਸਰਕਾਰੀ ਨੌਕਰੀ ਮਿਲਣਾ ਸੰਭਵ ਨਹੀਂ ਸੀ। ਪਰ ਅੱਜ ਇੱਥੇ ਹਜ਼ਾਰਾਂ ਨੌਜਵਾਨਾਂ ਨੂੰ ਬਿਨਾਂ ਪਰਚੀ-ਬਿਨਾਂ ਖ਼ਰਚੇ ਦੇ ਨੌਕਰੀ ਮਿਲ ਰਹੀ ਹੈ। ਭਾਜਪਾ ਦੀ ਸਰਕਾਰ ਵਿੱਚ ਅਸਾਮ ਦੇ ਸਭਿਆਚਾਰ ਨੂੰ ਹਰ ਮੰਚ ’ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮੈਂ ਭੁੱਲ ਨਹੀਂ ਸਕਦਾ, ਜਦੋਂ ਪਿਛਲੇ ਸਾਲ 13 ਅਪ੍ਰੈਲ ਨੂੰ ਗੁਹਾਟੀ ਸਟੇਡੀਅਮ ਵਿੱਚ 11 ਹਜ਼ਾਰ ਤੋਂ ਜ਼ਿਆਦਾ ਕਲਾਕਾਰਾਂ ਨੇ ਇਕੱਠੇ ਬਿਹੂ ਨਾਚ ਕੀਤਾ ਸੀ। ਇਸ ਘਟਨਾ ਨੂੰ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਅਜਿਹੇ ਹੀ ਨਵੇਂ ਰਿਕਾਰਡ ਬਣਾਉਂਦੇ ਹੋਏ ਅਸਾਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਸਾਥੀਓ,

ਹੁਣ ਇਸ ਨਵੀਂ ਟਰਮੀਨਲ ਇਮਾਰਤ ਨਾਲ ਗੁਹਾਟੀ ਅਤੇ ਅਸਾਮ ਦੀ ਸਮਰੱਥਾ ਹੋਰ ਜ਼ਿਆਦਾ ਵਧ ਜਾਵੇਗੀ। ਇਸ ਟਰਮੀਨਲ ’ਤੇ ਹਰ ਸਾਲ ਕਰੀਬ ਸਵਾ ਕਰੋੜ ਤੋਂ ਜ਼ਿਆਦਾ ਯਾਤਰੀ ਸਫ਼ਰ ਕਰ ਸਕਣਗੇ! ਯਾਨੀ, ਵੱਡੀ ਗਿਣਤੀ ਵਿੱਚ ਸੈਲਾਨੀ ਵੀ ਅਸਾਮ ਆ ਸਕਣਗੇ। ਸ਼ਰਧਾਲੂਆਂ ਦੇ ਲਈ ਮਾਂ ਕਾਮਾਖਿਆ ਦੇ ਦਰਸ਼ਨ ਦੀ ਸਹੂਲਤ ਵੀ ਆਸਾਨ ਹੋ ਜਾਵੇਗੀ। ਇਸ ਨਵੇਂ ਏਅਰਪੋਰਟ ਟਰਮੀਨਲ ਵਿੱਚ ਕਦਮ ਰੱਖਦੇ ਹੀ ਇਹ ਸਾਫ਼ ਦਿਖਦਾ ਹੈ ਵਿਕਾਸ ਵੀ ਅਤੇ ਵਿਰਾਸਤ ਵੀ, ਇਹ ਮੰਤਰ ਦੇ ਮਾਅਨੇ ਕੀ ਹਨ? ਇਸ ਏਅਰਪੋਰਟ ਨੂੰ ਅਸਾਮ ਦੀ ਕੁਦਰਤ ਅਤੇ ਸਭਿਆਚਾਰ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਟਰਮੀਨਲ ਦੇ ਅੰਦਰ ਹਰਿਆਲੀ ਹੈ। ਇੰਡੋਰ ਜੰਗਲ ਜਿਹੀ ਵਿਵਸਥਾ ਹੈ। ਚਾਰੇ ਪਾਸੇ ਕੁਦਰਤ ਨਾਲ ਜੁੜਿਆ ਡਿਜ਼ਾਈਨ ਹੈ, ਇੱਥੇ ਆਉਣ ਵਾਲਾ ਹਰ ਯਾਤਰੀ ਸਕੂਨ ਮਹਿਸੂਸ ਕਰੇ। ਇਸਦੀ ਬਨਾਵਟ ਵਿੱਚ ਬਾਂਸ ਦਾ ਖ਼ਾਸ ਇਸਤੇਮਾਲ ਕੀਤਾ ਗਿਆ ਹੈ। ਬਾਂਸ ਅਸਾਮ ਦੇ ਜੀਵਨ ਦਾ ਅਟੁੱਟ ਹਿੱਸਾ ਹੈ, ਉਹ ਇੱਥੇ ਮਜ਼ਬੂਤੀ ਵੀ ਦਿਖਾਉਂਦਾ ਹੈ ਅਤੇ ਖੂਬਸੂਰਤੀ ਵੀ। ਅਤੇ ਦਿੱਲੀ ਵਿੱਚ ਬੈਠੀਆਂ ਹੋਈਆਂ ਸਾਬਕਾ ਸਰਕਾਰਾਂ ਲਈ ਇਹ ਬਾਂਸ ਕੀ ਸੀ, ਇਸ ਦੀ ਪਹਿਚਾਣ ਵੀ ਨਹੀਂ ਸੀ। ਤੁਸੀਂ ਹੈਰਾਨ ਹੋਵੋਂਗੇ, 2014 ਵਿੱਚ ਤੁਸੀਂ ਮੈਨੂੰ ਕੰਮ ਦਿੱਤਾ, ਉਸ ਤੋਂ ਪਹਿਲੇ ਸਾਡੇ ਦੇਸ਼ ਵਿੱਚ ਇੱਕ ਕਾਨੂੰਨ ਸੀ, ਇਹ ਕਾਨੂੰਨ ਸੀ ਕਿ ਤੁਸੀਂ ਬਾਂਸ ਨੂੰ ਪੱਟ ਨਹੀਂ ਸਕਦੇ, ਹੁਣ ਕੋਈ ਮੈਨੂੰ ਸਮਝਾਏ ਭਈ ਕਿਉਂ? ਕਿਉਂਕਿ ਉਨ੍ਹਾਂ ਨੇ ਕਹਿ ਦਿੱਤਾ ਕਿ ਬਾਂਸ ਇੱਕ ਦਰਖ਼ਤ ਹੈ ਅਤੇ ਜਦੋਂ ਇੱਕ ਵਾਰ ਦਰਖ਼ਤ ਕਹਿ ਦਿੱਤਾ, ਤਾਂ ਫਿਰ ਸਾਰੇ ਦਰਵਾਜ਼ੇ ਬੰਦ ਹੋ ਗਏ। ਜਦੋਂ ਕਿ ਦੁਨੀਆ ਮੰਨਦੀ ਹੈ ਕਿ ਬਾਂਸ ਇੱਕ ਪੌਦਾ ਹੈ ਅਤੇ ਅਸੀਂ ਕਾਨੂੰਨ ਹਟਾਇਆ ਅਤੇ ਘਾਹ ਦੀ ਸ਼੍ਰੇਣੀ ਵਿੱਚ, ਜੋ ਅਸਲ ਵਿੱਚ ਬਾਂਸ ਦੀ ਪਹਿਚਾਣ ਹੈ ਉਸ ਵਿੱਚ ਲਿਆਂਦਾ ਅਤੇ ਫਿਰ ਜਾ ਕੇ ਅੱਜ ਇਹ ਬਾਂਸ ਨਾਲ ਇੰਨੀ ਵੱਡੀ ਸ਼ਾਨਦਾਰ ਇਮਾਰਤ ਦਾ ਨਿਰਮਾਣ ਹੋਇਆ ਹੈ ਅਤੇ ਅੱਜ ਜੇਕਰ ਤੁਸੀਂ ਸੋਸ਼ਲ ਮੀਡੀਆ ਦੇਖੋਗੇ ਤਾਂ ਦੁਨੀਆਂ ਭਰ ਵਿੱਚ ਭਾਰਤ ਦੇ ਏਅਰਪੋਰਟ ਦੀਆਂ ਰਚਨਾਵਾਂ ਦੀ ਚਰਚਾ ਹੋ ਰਹੀ ਹੈ।

ਸਾਥੀਓ,

ਇਨਫ੍ਰਾਸਟ੍ਰਕਚਰ ਦੇ ਇਸ ਵਿਕਾਸ ਦਾ ਬਹੁਤ ਵੱਡਾ ਸੁਨੇਹਾ, ਭਾਰਤ ਦੀ ਵਿਕਾਸ ਯਾਤਰਾ ਦੀ ਪਹਿਚਾਣ ਬਣ ਰਿਹਾ ਹੈ। ਇਸ ਨਾਲ ਉਦਯੋਗਾਂ ਨੂੰ ਹੁਲਾਰਾ ਮਿਲਦਾ ਹੈ। ਨਿਵੇਸ਼ਕਾਂ ਨੂੰ ਕਨੈਕਟੀਵਿਟੀ ਦਾ ਭਰੋਸਾ ਮਿਲਦਾ ਹੈ। ਸਥਾਨਕ ਉਤਪਾਦਾਂ ਨੂੰ ਦੁਨੀਆਂ ਭਰ ਵਿੱਚ ਪਹੁੰਚਾਉਣ ਦਾ ਰਸਤਾ ਖੁੱਲ੍ਹਦਾ ਹੈ। ਅਤੇ, ਸਭ ਤੋਂ ਵੱਡਾ ਭਰੋਸਾ ਉਸ ਨੌਜਵਾਨ ਨੂੰ ਮਿਲਦਾ ਹੈ, ਜਿਸ ਦੇ ਲਈ ਨਵੇਂ ਮੌਕੇ ਪੈਦਾ ਹੁੰਦੇ ਹਨ। ਅਤੇ ਇਸ ਲਈ ਅੱਜ ਅਸੀਂ ਅਸਾਮ ਨੂੰ, ਬੇਹੱਦ ਸੰਭਾਵਨਾਵਾਂ ਦੀ ਇਸ ਉਡਾਨ ’ਤੇ ਅੱਗੇ ਵਧਦੇ ਦੇਖ ਰਹੇ ਹਾਂ।

ਸਾਥੀਓ,

ਅੱਜ ਭਾਰਤ ਨੂੰ ਦੇਖਣ ਦਾ ਦੁਨੀਆਂ ਦਾ ਨਜ਼ਰੀਆ ਬਦਲਿਆ ਹੈ, ਅਤੇ ਭਾਰਤ ਦੀ ਭੂਮਿਕਾ ਵੀ ਬਦਲੀ ਹੈ। ਭਾਰਤ ਹੁਣ ਦੁਨੀਆਂ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ। 11 ਸਾਲ ਦੇ ਅੰਦਰ-ਅੰਦਰ ਇਹ ਕਿਵੇਂ ਹੋਇਆ?

ਸਾਥੀਓ,

ਇਸ ਵਿੱਚ ਬਹੁਤ ਵੱਡੀ ਭੂਮਿਕਾ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੀ ਹੈ। ਭਾਰਤ 2047 ਦੀ ਤਿਆਰੀ ਕਰ ਰਿਹਾ ਹੈ, ਵਿਕਸਿਤ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਲਈ ਅਸੀਂ ਇਨਫ੍ਰਾਸਟ੍ਰਕਚਰ ’ਤੇ ਫੋਕਸ ਕਰ ਰਹੇ ਹਾਂ। ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ, ਵਿਕਾਸ ਦੀ ਇਸ ਮਹਾਨ ਮੁਹਿੰਮ ਵਿੱਚ ਦੇਸ਼ ਦੇ ਹਰ ਸੂਬੇ ਦੀ, ਹਰ ਖੇਤਰ ਦੀ ਭਾਗੀਦਾਰੀ ਹੈ। ਅਸੀਂ ਪਛੜਿਆਂ ਨੂੰ ਤਰਜੀਹ ਦੇ ਰਹੇ ਹਾਂ। ਦੇਸ਼ ਦਾ ਹਰ ਸੂਬਾ ਇਕੱਠੇ ਤਰੱਕੀ ਕਰੇ ਅਤੇ ਵਿਕਸਿਤ ਭਾਰਤ ਦੇ ਮਿਸ਼ਨ ਵਿੱਚ ਆਪਣਾ ਯੋਗਦਾਨ ਦੇਵੇ, ਸਾਡੀ ਸਰਕਾਰ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਅਤੇ ਮੈਨੂੰ ਖ਼ੁਸ਼ੀ ਹੈ ਕਿ ਅੱਜ ਅਸਾਮ ਅਤੇ ਉੱਤਰ-ਪੂਰਬ ਸਾਡੇ ਇਸ ਮਿਸ਼ਨ ਦੀ ਅਗਵਾਈ ਕਰ ਰਹੇ ਹਨ। ਅਸੀਂ ਐਕਟ ਈਸਟ ਪਾਲਿਸੀ ਦੇ ਜ਼ਰੀਏ ਉੱਤਰ-ਪੂਰਬ ਨੂੰ ਤਰਜੀਹ ਦਿੱਤੀ, ਅਤੇ ਅੱਜ, ਅਸੀਂ ਅਸਾਮ ਨੂੰ ਭਾਰਤ ਦੇ ਪੱਛਮੀ ਗੇਟਵੇਅ ਦੇ ਰੂਪ ਵਿੱਚ ਉਭਰਦਾ ਦੇਖ ਰਹੇ ਹਾਂ। ਅਸਾਮ ਭਾਰਤ ਨੂੰ ਏਸ਼ੀਆਨ ਦੇਸ਼ਾਂ ਨਾਲ ਜੋੜਨ ਲਈ ਪੁਲ਼ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਸ਼ੁਰੂਆਤ ਹਾਲੇ ਬਹੁਤ ਅੱਗੇ ਤੱਕ ਜਾਵੇਗੀ। ਅਤੇ ਅਸਾਮ ਕਈ ਖੇਤਰਾਂ ਵਿੱਚ ਵਿਕਸਿਤ ਭਾਰਤ ਦਾ ਇੰਜਨ ਬਣੇਗਾ।

ਸਾਥੀਓ,

ਅੱਜ ਅਸਾਮ ਅਤੇ ਪੂਰਾ ਉੱਤਰ-ਪੂਰਬ ਭਾਰਤ ਦੇ ਵਿਕਾਸ ਦਾ ਨਵਾਂ ਗੇਟਵੇਅ ਬਣ ਰਿਹਾ ਹੈ। ਮਲਟੀ-ਮਾਡਲ ਕਨੈਕਟੀਵਿਟੀ ਦੇ ਸੰਕਲਪ ਨੇ ਇਸ ਖੇਤਰ ਦੀ ਦਿਸ਼ਾ ਅਤੇ ਇਸ ਦੀ ਦਸ਼ਾ, ਦੋਵੇਂ ਬਦਲੀਆਂ ਹਨ। ਅਸਾਮ ਵਿੱਚ ਨਵੇਂ ਪੁਲ਼ ਬਣਾਉਣ ਦੀ ਰਫ਼ਤਾਰ, ਨਵੇਂ ਮੋਬਾਈਲ ਟਾਵਰ ਲਗਾਉਣ ਦੀ ਸਪੀਡ, ਵਿਕਾਸ ਦੇ ਹਰ ਕੰਮ ਦੀ ਗਤੀ, ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਰਹੀ ਹੈ। ਬ੍ਰਹਮਪੁੱਤਰ ’ਤੇ ਬਣੇ ਪੁਲਾਂ ਨੇ ਅਸਾਮ ਦੀ ਕਨੈਕਟੀਵਿਟੀ ਨੂੰ ਨਵੀਂ ਮਜ਼ਬੂਤੀ ਅਤੇ ਨਵਾਂ ਆਤਮ-ਵਿਸ਼ਵਾਸ ਦਿੱਤਾ ਹੈ। ਆਜ਼ਾਦੀ ਤੋਂ ਬਾਅਦ ਦੇ 6-7 ਦਹਾਕਿਆਂ ਵਿੱਚ ਇੱਥੇ ਸਿਰਫ਼ ਤਿੰਨ ਵੱਡੇ ਪੁਲ਼ ਬਣ ਸਕੇ ਸੀ। ਪਰ ਪਿਛਲੇ ਇੱਕ ਦਹਾਕੇ ਵਿੱਚ ਚਾਰ ਨਵੇਂ ਮੈਗਾ ਬ੍ਰਿਜ ਮੁਕੰਮਲ ਕੀਤੇ ਗਏ ਹਨ, ਇਨ੍ਹਾਂ ਤੋਂ ਇਲਾਵਾ ਕਈ ਇਤਿਹਾਸਿਕ ਪ੍ਰਾਜੈਕਟ ਆਕਾਰ ਲੈ ਰਹੇ ਹਨ। ਬੋਗੀਬੀਲ ਅਤੇ ਢੋਲਾ-ਸਾਦਿਆ ਜਿਹੇ ਸਭ ਤੋਂ ਲੰਬੇ ਪੁਲਾਂ ਨੇ ਅਸਾਮ ਨੂੰ ਰਣਨੀਤਿਕ ਤੌਰ ’ਤੇ ਹੋਰ ਜ਼ਿਆਦਾ ਸਸ਼ਕਤ ਬਣਾ ਦਿੱਤਾ ਹੈ। ਰੇਲਵੇ ਕਨੈਕਟੀਵਿਟੀ ਵਿੱਚ ਵੀ ਇੱਕ ਕ੍ਰਾਂਤੀਕਾਰੀ ਬਦਲਾਅ ਆਇਆ ਹੈ। ਬੋਗੀਬੀਲ ਪੁਲ਼ ਦੇ ਸ਼ੁਰੂ ਹੋਣ ਨਾਲ ਉੱਪਰੀ ਅਸਾਮ ਅਤੇ ਦੇਸ਼ ਦੇ ਬਾਕੀ ਹਿੱਸਿਆਂ ਦਰਮਿਆਨ ਦੂਰੀ ਘਟ ਗਈ ਹੈ। ਗੁਹਾਟੀ ਨਾਲ ਨਿਊ ਜਲਪਾਈਗੁੜੀ ਤੱਕ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੇ ਯਾਤਰਾ ਦੇ ਸਮੇਂ ਨੂੰ ਘੱਟ ਕਰ ਦਿੱਤਾ ਹੈ। ਦੇਸ਼ ਵਿੱਚ ਵਾਟਰਵੇਜ ਦੇ ਵਿਕਾਸ ਦਾ ਫ਼ਾਇਦਾ ਵੀ ਅਸਾਮ ਨੂੰ ਮਿਲ ਰਿਹਾ ਹੈ। ਕਾਰਗੋ ਟ੍ਰੈਫਿਕ ਵਿੱਚ 140 ਫ਼ੀਸਦੀ ਦਾ ਵਾਧਾ ਹੋਇਆ ਹੈ, ਇਹ ਇਸ ਗੱਲ ਦਾ ਸਬੂਤ ਹੈ ਕਿ ਬ੍ਰਹਮਪੁੱਤਰ ਸਿਰਫ਼ ਦਰਿਆ ਨਹੀਂ, ਸਗੋਂ ਆਰਥਿਕ ਤਾਕਤ ਦਾ ਵਹਿਣ ਹੈ। ਪਾਂਡੁ ਵਿੱਚ ਪਹਿਲੀ ਸ਼ਿਪ ਰਿਪੇਅਰ ਸਹੂਲਤ ਵਿਕਸਿਤ ਹੋ ਰਹੀ ਹੈ, ਵਾਰਾਣਸੀ ਤੋਂ ਡਿਬਰੂਗੜ੍ਹ ਤੱਕ ਚੱਲਣ ਵਾਲੀ ਗੰਗਾ ਵਿਕਾਸ ਕਰੂਜ਼ ਨੂੰ ਲੈ ਕੇ ਉਤਸ਼ਾਹ ਹੈ, ਇਸ ਨਾਲ ਉੱਤਰ-ਪੂਰਬ, ਗਲੋਬਲ ਕਰੂਜ਼ ਟੂਰਿਜ਼ਮ ਦੇ ਨਕਸ਼ੇ ’ਤੇ ਸਥਾਪਤ ਹੋ ਗਿਆ ਹੈ।

ਸਾਥੀਓ,

ਕਾਂਗਰਸ ਦੀਆਂ ਸਰਕਾਰਾਂ ਨੇ ਅਸਾਮ ਅਤੇ ਉੱਤਰ-ਪੂਰਬ ਨੂੰ ਵਿਕਾਸ ਤੋਂ ਦੂਰ ਰੱਖਣ ਦਾ ਜੋ ਪਾਪ ਕੀਤਾ ਸੀ, ਉਸਦਾ ਬਹੁਤ ਵੱਡਾ ਖ਼ਮਿਆਜ਼ਾ ਦੇਸ਼ ਦੀ ਸੁਰੱਖਿਆ, ਏਕਤਾ ਅਤੇ ਅਖੰਡਤਾ ਨੂੰ ਝੱਲਣਾ ਪਿਆ। ਕਾਂਗਰਸ ਦੀਆਂ ਸਰਕਾਰਾਂ ਦੌਰਾਨ ਹਿੰਸਾ ਦਾ ਦੌਰ ਦਹਾਕਿਆਂ ਤੱਕ ਵੱਧਦਾ-ਫੁੱਲਦਾ ਰਿਹਾ, ਅਸੀਂ ਸਿਰਫ਼ 10-11 ਸਾਲ ਦੇ ਅੰਦਰ ਉਸਨੂੰ ਖ਼ਤਮ ਕਰਨ ਵੱਲ ਵਧ ਰਹੇ ਹਾਂ। ਉੱਤਰ-ਪੂਰਬ ਵਿੱਚ ਪਹਿਲਾਂ ਜਿੱਥੇ ਹਿੰਸਾ ਅਤੇ ਖ਼ੂਨ-ਖ਼ਰਾਬਾ ਹੁੰਦਾ ਸੀ, ਅੱਜ ਉੱਥੇ 4ਜੀ ਅਤੇ 5ਜੀ ਕਨੈਕਟੀਵਿਟੀ ਨਾਲ ਡਿਜੀਟਲ ਕਨੈਕਟੀਵਿਟੀ ਪਹੁੰਚ ਰਹੀ ਹੈ। ਜੋ ਜ਼ਿਲ੍ਹੇ, ਕਦੇ ਹਿੰਸਾ ਤੋਂ ਪ੍ਰਭਾਵਿਤ ਮੰਨੇ ਜਾਂਦੇ ਸੀ, ਅੱਜ ਉਹ ਖ਼ਾਹਿਸ਼ੀ ਜ਼ਿਲ੍ਹਿਆਂ ਵਜੋਂ ਵਿਕਸਿਤ ਹੋ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਇਹੀ ਇਲਾਕੇ ਇੰਡਸਟ੍ਰੀਅਲ ਕੋਰੀਡੋਰ ਵੀ ਬਣਨਗੇ। ਇਸ ਲਈ, ਅੱਜ ਉੱਤਰ-ਪੂਰਬ ਨੂੰ ਲੈ ਕੇ ਇੱਕ ਨਵਾਂ ਭਰੋਸਾ ਜਾਗਿਆ ਹੈ। ਅਸੀਂ ਇਸ ਨੂੰ ਹੋਰ ਮਜ਼ਬੂਤੀ ਦੇਣੀ ਹੈ।

ਸਾਥੀਓ,

ਸਾਨੂੰ ਅਸਾਮ ਅਤੇ ਉੱਤਰ-ਪੂਰਬ ਦੇ ਵਿਕਾਸ ਵਿੱਚ ਕਾਮਯਾਬੀ ਇਸ ਲਈ ਵੀ ਮਿਲ ਰਹੀ ਹੈ, ਕਿਉਂਕਿ ਅਸੀਂ ਇਸ ਖੇਤਰ ਦੀ ਪਹਿਚਾਣ ਅਤੇ ਸਭਿਆਚਾਰ ਦੀ ਸੁਰੱਖਿਆ ਕਰ ਰਹੇ ਹਾਂ। ਕਾਂਗਰਸ ਨੇ ਇੱਕ ਹੋਰ ਪਾਪ ਕੀਤਾ ਸੀ, ਉਸ ਨੇ ਇੱਥੋਂ ਦੀ ਪਹਿਚਾਣ ਨੂੰ ਮਿਟਾਉਣ ਦੀ ਸਾਜ਼ਿਸ਼ ਕੀਤੀ ਸੀ। ਅਤੇ ਇਹ ਸਾਜ਼ਿਸ਼ ਸਿਰਫ਼ ਕੁਝ ਸਾਲਾਂ ਦੀ ਨਹੀਂ ਹੈ। ਕਾਂਗਰਸ ਦੇ ਇਸ ਪਾਪ ਦੀਆਂ ਜੜ੍ਹਾਂ ਆਜ਼ਾਦੀ ਤੋਂ ਪਹਿਲਾਂ ਨਾਲ ਜੁੜੀਆਂ ਹਨ। ਉਹ ਸਮਾਂ, ਜਦੋਂ ਮੁਸਲਿਮ ਲੀਗ ਅਤੇ ਅੰਗਰੇਜ਼ੀ ਹਕੂਮਤ ਮਿਲ ਕੇ ਭਾਰਤ ਦੀ ਵੰਡ ਦੀ ਜ਼ਮੀਨ ਤਿਆਰ ਕਰ ਰਹੇ ਸੀ, ਉਸ ਸਮੇਂ ਅਸਾਮ ਨੂੰ ਵੀ ਅਣਵੰਡੇ ਬੰਗਾਲ ਦਾ, ਯਾਨੀ ਈਸਟ ਪਾਕਿਸਤਾਨ ਦਾ ਹਿੱਸਾ ਬਣਾਉਣ ਦੀ ਯੋਜਨਾ ਬਣਾਈ ਗਈ ਸੀ। ਕਾਂਗਰਸ ਉਸ ਸਾਜ਼ਿਸ਼ ਦਾ ਹਿੱਸਾ ਬਣਨ ਜਾ ਰਹੀ ਸੀ। ਓਦੋਂ ਬਾਰਦੋਲੋਈ ਜੀ ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਖੜ੍ਹੇ ਹੋ ਗਏ ਸੀ। ਉਨ੍ਹਾਂ ਨੇ ਅਸਾਮ ਦੀ ਪਹਿਚਾਣ ਨੂੰ ਖ਼ਤਮ ਕਰਨ ਦੀ ਇਸ ਸਾਜਿਸ਼ ਦਾ ਵਿਰੋਧ ਕੀਤਾ। ਅਤੇ ਅਸਾਮ ਨੂੰ ਦੇਸ਼ ਤੋਂ ਵੱਖ ਹੋਣ ਤੋਂ ਬਚਾ ਲਿਆ। ਭਾਜਪਾ ਪਾਰਟੀ, ਹਮੇਸ਼ਾ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਹਰ ਦੇਸ਼ਭਗਤ ਦਾ ਸਨਮਾਨ ਕਰਦੀ ਹੈ। ਅਟਲ ਜੀ ਦੀ ਅਗਵਾਈ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ, ਤਾਂ ਉਨ੍ਹਾਂ ਨੂੰ ਭਾਰਤ ਰਤਨ ਦਿੱਤਾ ਗਿਆ।

ਭਾਈਓ ਭੈਣੋ,

ਬਾਰਦੋਲੋਈ ਜੀ ਨੇ ਆਜ਼ਾਦੀ ਤੋਂ ਪਹਿਲਾਂ ਤਾਂ ਅਸਾਮ ਨੂੰ ਬਚਾ ਲਿਆ ਸੀ, ਪਰ, ਉਸ ਤੋਂ ਬਾਅਦ ਕਾਂਗਰਸ ਨੇ ਫਿਰ ਤੋਂ ਅਸਾਮ ਵਿਰੋਧੀ ਅਤੇ ਦੇਸ਼ ਵਿਰੋਧੀ ਕੰਮ ਸ਼ੁਰੂ ਕਰ ਦਿੱਤੇ। ਕਾਂਗਰਸ ਨੇ ਆਪਣਾ ਵੋਟ-ਬੈਂਕ ਵਧਾਉਣ ਲਈ ਧਾਰਮਿਕ ਤੁਸ਼ਟੀਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਹਨ। ਬੰਗਾਲ ਅਤੇ ਅਸਾਮ ਵਿੱਚ ਆਪਣੇ ਵੋਟ-ਬੈਂਕ ਵਾਲੇ ਘੁਸਪੈਠੀਆਂ ਨੂੰ ਖੁੱਲ੍ਹੀ ਛੂਟ ਦਿੱਤੀ ਗਈ ਹੈ। ਇੱਥੋਂ ਦੀ ਡੈਮੋਗ੍ਰਾਫੀ ਨੂੰ ਬਦਲਿਆ ਗਿਆ ਹੈ। ਇਨ੍ਹਾਂ ਘੁਸਪੈਠੀਆਂ ਨੇ ਸਾਡੇ ਜੰਗਲਾਂ ’ਤੇ ਕਬਜ਼ਾ ਕੀਤਾ, ਸਾਡੀਆਂ ਜ਼ਮੀਨਾਂ ’ਤੇ ਕਬਜ਼ਾ ਕੀਤਾ। ਇਸਦਾ ਨਤੀਜਾ ਇਹ ਹੋਇਆ ਕੀ ਪੂਰੇ ਅਸਾਮ ਦੀ ਸੁਰੱਖਿਆ ਅਤੇ ਪਹਿਚਾਣ ਦਾਅ ’ਤੇ ਲੱਗ ਗਈ ਹੈ।

ਸਾਥੀਓ,

ਅੱਜ ਹਿਮੰਤ ਜੀ ਦੀ ਸਰਕਾਰ ਅਤੇ ਉਨ੍ਹਾਂ ਦੀ ਟੀਮ ਦੇ ਸਾਰੇ ਸਾਥੀ ਬਹੁਤ ਮਿਹਨਤ ਨਾਲ, ਅਸਾਮ ਦੇ ਸਰੋਤਾਂ ਨੂੰ ਇਸ ਗ਼ੈਰ-ਕਾਨੂੰਨੀ ਅਤੇ ਦੇਸ਼-ਵਿਰੋਧੀ ਹਮਲੇ ਤੋਂ ਮੁਕਤ ਕਰਾ ਰਹੀ ਹੈ। ਅਸਾਮ ਦੇ ਸਰੋਤ ਅਸਾਮ ਦੇ ਲੋਕਾਂ ਦੇ ਕੰਮ ਆਉਣ, ਇਸ ਲਈ ਹਰ ਪੱਧਰ ’ਤੇ ਕੰਮ ਹੋ ਰਿਹਾ ਹੈ। ਕੇਂਦਰ ਸਰਕਾਰ ਨੇ ਵੀ ਘੁਸਪੈਠ ਰੋਕਣ ਲਈ ਸਖ਼ਤੀ ਕੀਤੀ ਹੈ। ਘੁਸਪੈਠੀਆਂ ਨੂੰ ਬਾਹਰ ਕੱਢਣ ਲਈ ਉਨ੍ਹਾਂ ਦੀ ਪਹਿਚਾਣ ਵੀ ਕਰਾਈ ਜਾ ਰਹੀ ਹੈ।

ਪਰ ਭਾਈਓ ਭੈਣੋ,

ਕਾਂਗਰਸ ਪਾਰਟੀ ਅਤੇ ਇੰਡੀ ਗਠਜੋੜ ਦੇ ਲੋਕ ਖੁੱਲ੍ਹ ਕੇ ਦੇਸ਼-ਵਿਰੋਧੀ ਏਜੰਡਿਆਂ ’ਤੇ ਉੱਤਰ ਆਏ ਹਨ। ਦੇਸ਼ ਦਾ ਸੁਪਰੀਮ ਕੋਰਟ ਤੱਕ ਘੁਸਪੈਠੀਆਂ ਨੂੰ ਬਾਹਰ ਕਰਨ ਦੀ ਗੱਲ ਕਰ ਚੁੱਕਿਆ ਹੈ। ਪਰ, ਇਹ ਲੋਕ ਘੁਸਪੈਠੀਆਂ ਦੇ ਬਚਾਓ ਵਿੱਚ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਦੇ ਵਕੀਲ ਅਦਾਲਤ ਵਿੱਚ ਘੁਸਪੈਠੀਆਂ ਨੂੰ ਵਸਾਉਣ ਦੀ ਪੈਰਵੀ ਕਰ ਰਹੇ ਹਨ। ਚੋਣ ਕਮਿਸ਼ਨ ਨਿਰਪੱਖ ਚੋਣ ਦੇ ਲਈ ਐੱਸਆਈਆਰ ਦੀ ਪ੍ਰਕਿਰਿਆ ਕਰਵਾ ਰਿਹਾ ਹੈ, ਤਾਂ, ਇਨ੍ਹਾਂ ਲੋਕਾਂ ਨੂੰ ਦੇਸ਼ ਦੇ ਹਰ ਕੋਨੇ ਵਿੱਚ ਤਕਲੀਫ਼ ਹੋ ਰਹੀ ਹੈ। ਅਜਿਹੇ ਲੋਕ, ਅਸਾਮ ਦੇ ਭਾਈ-ਭੈਣਾਂ ਦੇ ਹਿਤਾਂ ਨੂੰ ਨਹੀਂ ਬਚਾਉਣਗੇ। ਇਹ ਲੋਕ ਆਪਣੀ ਜ਼ਮੀਨ ਅਤੇ ਜੰਗਲਾਂ ’ਤੇ ਕਿਸੇ ਹੋਰ ਦਾ ਕਬਜ਼ਾ ਹੋਣ ਦੇਣਗੇ, ਇਨ੍ਹਾਂ ਦੀ ਦੇਸ਼-ਵਿਰੋਧੀ ਮਾਨਸਿਕਤਾ ਪੁਰਾਣੇ ਦੌਰ ਦੀ ਹਿੰਸਾ ਅਤੇ ਅਸ਼ਾਂਤੀ ਵਾਲੇ ਹਾਲਾਤ ਪੈਦਾ ਕਰ ਸਕਦੀ ਹੈ। ਅਤੇ ਇਸ ਲਈ ਮੇਰੇ ਅਸਾਮ ਦੇ ਭਾਈ-ਭੈਣ, ਅਸੀਂ ਬਹੁਤ ਸਾਵਧਾਨ ਰਹਿਣਾ ਹੈ। ਜਿਸ ਅਸਾਮ ਦੀ ਪਹਿਚਾਣ ਲਈ ਬਾਰਦੋਲੋਈ ਜੀ ਜਿਹੇ ਲੋਕਾਂ ਨੇ ਜੀਵਨ ਭਰ ਆਪਣਾ ਸਭ ਕੁਝ ਵਾਰ ਦਿੱਤਾ, ਅਸੀਂ ਉਸਦੀ ਰੱਖਿਆ ਕਰਨੀ ਹੈ। ਅਸਾਮ ਦੇ ਲੋਕਾਂ ਨੂੰ ਇਕਜੁੱਟ ਰਹਿਣਾ ਹੋਵੇਗਾ। ਅਸੀਂ ਅਸਾਮ ਦੇ ਵਿਕਾਸ ਨੂੰ ਡੀਰੇਲ ਹੋਣ ਤੋਂ ਬਚਾਉਣਾ ਹੈ, ਕਾਂਗਰਸ ਦੀਆਂ ਸਾਜ਼ਿਸ਼ਾਂ ਨੂੰ ਪਲ-ਪਲ, ਕਦਮ-ਕਦਮ ’ਤੇ ਅਸਫ਼ਲ ਕਰਦੇ ਰਹਿਣਾ ਹੈ।

ਸਾਥੀਓ,

ਅੱਜ ਦੁਨੀਆਂ ਭਾਰਤ ਦੇ ਵੱਲ ਉਮੀਦ ਨਾਲ ਦੇਖ ਰਹੀ ਹੈ। ਭਾਰਤ ਦੇ ਭਵਿੱਖ ਦਾ ਨਵਾਂ ਸੂਰਜ ਉੱਤਰ-ਪੂਰਬ ਤੋਂ ਹੀ ਚੜ੍ਹਨਾ ਹੈ। ਇਸਦੇ ਲਈ, ਸਾਨੂੰ ਇਕੱਠੇ ਮਿਲ ਕੇ ਆਪਣੇ ਸੁਪਨਿਆਂ ਲਈ ਕੰਮ ਕਰਨਾ ਹੋਵੇਗਾ। ਸਾਨੂੰ ਅਸਾਮ ਦੇ ਵਿਕਾਸ ਨੂੰ ਸਭ ਤੋਂ ਅੱਗੇ ਰੱਖ ਕੇ ਚੱਲਣਾ ਪਵੇਗਾ। ਮੈਨੂੰ ਭਰੋਸਾ ਹੈ, ਸਾਡੇ ਇਹ ਸਮੂਹਿਕ ਯਤਨ ਅਸਾਮ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਣਗੇ। ਅਸੀਂ ਵਿਕਸਿਤ ਭਾਰਤ ਦੇ ਸੁਪਨੇ ਪੂਰੇ ਕਰਾਂਗੇ। ਅਤੇ ਵਿਕਸਿਤ ਅਸਾਮ ਤੋਂ ਵਿਕਸਿਤ ਭਾਰਤ ਦਾ ਰਸਤਾ ਬਣਨ ਵਾਲਾ ਹੈ। ਇਸੇ ਕਾਮਨਾ ਨਾਲ ਮੈਂ ਇੱਕ ਵਾਰ ਫਿਰ ਨਵੇਂ ਟਰਮੀਨਲ ਦੀ ਵਧਾਈ ਦਿੰਦਾ ਹਾਂ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮੇਰੇ ਨਾਲ ਬੋਲੋ –

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

ਵੰਦੇ ਮਾਤਰਮ।

***************

ਐੱਮਜੇਪੀਐੱਸ/ ਵੀਕੇ/ ਏਕੇ/ ਐੱਸਐੱਸ


(रिलीज़ आईडी: 2207700) आगंतुक पटल : 16
इस विज्ञप्ति को इन भाषाओं में पढ़ें: English , Urdu , हिन्दी , Marathi , Assamese , Manipuri , Bengali , Gujarati , Odia , Kannada , Malayalam