ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ 'ਤੇ ਰਾਜ ਸਭਾ ਵਿੱਚ ਵਿਸ਼ੇਸ਼ ਚਰਚਾ ਦੀ ਸ਼ੁਰੂਆਤ ਕੀਤੀ


ਵੰਦੇ ਮਾਤਰਮ ਰਾਸ਼ਟਰ ਪ੍ਰਤੀ ਸਮਰਪਣ ਦਾ ਆਜ਼ਾਦੀ ਦੇ ਅੰਦੋਲਨ ਦੌਰਾਨ ਇੱਕ ਜ਼ਰੀਆ ਸੀ, ਅੱਜ ਵੀ ਹੈ ਅਤੇ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਸਮੇਂ ਵੀ ਰਹੇਗਾ

ਵੰਦੇ ਮਾਤਰਮ ਇੱਕ ਅਮਰ ਰਚਨਾ ਹੈ ਜੋ ਮਾਂ ਭਾਰਤੀ ਪ੍ਰਤੀ ਸ਼ਰਧਾ, ਸਮਰਪਣ ਅਤੇ ਕਰਤੱਵ ਦੀਆਂ ਭਾਵਨਾਵਾਂ ਨੂੰ ਜਗਾਉਂਦੀ ਹੈ

'ਵੰਦੇ ਮਾਤਰਮ' 'ਤੇ ਚਰਚਾ ਰਾਹੀਂ, ਆਉਣ ਵਾਲੀਆਂ ਪੀੜ੍ਹੀਆਂ ਇਸ ਦੀ ਮਹੱਤਤਾ ਨੂੰ ਸਮਝਣਗੀਆਂ, ਅਤੇ ਇਹ ਰਾਸ਼ਟਰ ਦੇ ਪੁਨਰ ਨਿਰਮਾਣ ਦੀ ਨੀਂਹ ਵੀ ਬਣੇਗੀ

ਜੇਕਰ ਉਸ ਸਮੇਂ ਦੀ ਮੁੱਖ ਰਾਜਨੀਤਿਕ ਪਾਰਟੀ ਦੇ ਨੇਤਾ ਨੇ 'ਵੰਦੇ ਮਾਤਰਮ' ਨੂੰ ਨਾ ਵੰਡਿਆ ਹੁੰਦਾ ਅਤੇ ਤੁਸ਼ਟੀਕਰਣ ਦੀ ਸ਼ੁਰੂਆਤ ਨਾ ਕੀਤੀ ਹੁੰਦੀ, ਤਾਂ ਦੇਸ਼ ਦੀ ਵੰਡ ਨਾ ਹੁੰਦੀ

ਜਿਸ 'ਵੰਦੇ ਮਾਤਰਮ', ਨੂੰ ਗਾਂਧੀ ਜੀ ਨੇ 'ਸਭ ਤੋਂ ਸ਼ੁੱਧ ਆਤਮਾ ਤੋਂ ਆਇਆ ਗੀਤ' ਕਿਹਾ ਸੀ, ਨੂੰ ਉਸ ਸਮੇਂ ਦੀ ਮੁੱਖ ਰਾਜਨੀਤਿਕ ਪਾਰਟੀ ਨੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ

'ਵੰਦੇ ਮਾਤਰਮ ਦੀ 100ਵੀਂ ਵਰ੍ਹੇਗੰਢ 'ਤੇ, ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ 'ਵੰਦੇ ਮਾਤਰਮ' ਦਾ ਨਾਅਰਾ ਦੇਣ ਵਾਲਿਆਂ ਨੂੰ ਕੈਦ ਕਰ ਲਿਆ ਅਤੇ ਐਮਰਜੈਂਸੀ ਲਗਾ ਦਿੱਤੀ

ਜਿਸ ਮੁੱਖ ਪਾਰਟੀ ਦੇ ਸੈਸ਼ਨਾਂ ਦੀ ਸ਼ੁਰੂਆਤ ਗੁਰੂਦੇਵ ਟੈਗੋਰ ਦੁਆਰਾ ਵੰਦੇ ਮਾਤਰਮ ਗਾਉਣ ਨਾਲ ਸ਼ੁਰੂ ਹੁੰਦੀ ਸੀ, ਜਦੋਂ ਲੋਕ ਸਭਾ ਵਿੱਚ ਉਸੇ ਵੰਦੇ ਮਾਤਰਮ 'ਤੇ ਚਰਚਾ ਹੋਈ, ਤਾਂ ਉਸ ਪਾਰਟੀ ਨਾਲ ਜੁੜੇ ਪ੍ਰਮੁੱਖ ਪਰਿਵਾਰ ਦੇ ਮੈਂਬਰ ਗੈਰ-ਹਾਜ਼ਰ ਸਨ

ਵੰਦੇ ਮਾਤਰਮ ਪ੍ਰਤੀ ਨਿਰਾਦਰ ਅਤੇ ਅਪਮਾਨ ਆਜ਼ਾਦੀ ਸੰਗ੍ਰਾਮ ਤੋਂ ਹੀ ਮੁੱਖ ਵਿਰੋਧੀ ਪਾਰਟੀ ਦੀ ਲੀਡਰਸ਼ਿਪ ਦੀਆਂ ਰਗਾਂ ਵਿੱਚ ਦੌੜਦਾ ਰਿਹਾ ਹੈ ਅਤੇ ਅੱਜ ਵੀ ਜਾਰੀ ਹੈ

ਜਦੋਂ ਸਾਡੀ ਸੰਸਕ੍ਰਿਤੀ ਅਤੇ ਇਤਿਹਾਸ ਨੂੰ ਇਸਲਾਮੀ ਅਤੇ ਬ੍ਰਿਟਿਸ਼ ਹਮਲਿਆਂ ਦੁਆਰਾ ਤਬਾਹ ਅਤੇ ਕਮਜ਼ੋਰ ਕੀਤਾ ਗਿਆ ਸੀ, ਤਾਂ ਇਹ ਬੰਕਿਮ ਚੰਦਰ ਚਟੋਪਾਧਿਆਏ ਸਨ ਜਿਨ੍ਹਾਂ ਨੇ ਵੰਦੇ ਮਾਤਰਮ ਦੀ ਰਚਨਾ ਕਰਕੇ ਸੱਭਿਆਚਾਰਕ ਰਾਸ਼ਟਰਵਾਦ ਨੂੰ ਮੁੜ ਸੁਰਜੀਤ ਅਤੇ ਮੁੜ ਸਥਾਪਿਤ ਕੀਤਾ

ਅੱਜ ਵੀ, ਵੰਦੇ ਮਾਤਰਮ ਆਜ਼ਾਦੀ, ਸੱਭਿਆਚਾਰ ਅਤੇ ਦੇਸ਼ ਭਗਤੀ ਦਾ ਸਭ ਤੋਂ ਸ਼ਕਤੀਸ਼ਾਲੀ ਨਾਅਰਾ ਬਣਿਆ ਹੋਇਆ ਹੈ

ਵੰਦੇ ਮਾਤਰਮ ਆਜ਼ਾਦੀ ਅੰਦੋਲਨ ਦੌਰਾਨ ਆਜ਼ਾਦੀ ਦਾ ਨਾਅਰਾ ਬਣ ਗਿਆ, ਅਤੇ ਹੁਣ ਇਹ ਇੱਕ ਵਿਕਸਿਤ ਅਤੇ ਮਹਾਨ ਭਾਰਤ ਦੇ ਨਿਰਮਾਣ ਲਈ ਪ੍ਰੇਰਨਾਦਾਇਕ ਮੰਤਰ ਵੀ ਬਣ ਜਾਵੇਗਾ

ਸਾਡੇ ਵਿੱਚੋਂ ਹਰੇਕ ਦਾ ਫਰਜ਼ ਹੈ ਕਿ ਅਸੀਂ ਹਰ ਬੱਚੇ, ਨੌਜਵਾਨ ਅਤੇ ਕਿਸ਼ੋਰ ਦੇ ਦਿਲ ਅਤੇ ਦਿਮਾਗ ਵਿੱਚ 'ਵੰਦੇ ਮਾਤਰਮ' ਦੇ ਜੇਤੂ ਜੈਕਾਰੇ ਦੇ ਨਾਲ-ਨਾਲ ਰਾਸ਼ਟਰ ਪ੍ਰਤੀ ਸਮਰਪਣ ਅਤੇ ਕੁਰਬਾਨੀ ਦੀਆਂ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰੀਏ

प्रविष्टि तिथि: 09 DEC 2025 6:54PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ 'ਤੇ ਰਾਜ ਸਭਾ ਵਿੱਚ ਇੱਕ ਵਿਸ਼ੇਸ਼ ਚਰਚਾ ਦੀ ਸ਼ੁਰੂਆਤ ਕੀਤੀ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵੰਦੇ ਮਾਤਰਮ 'ਤੇ ਚਰਚਾ ਕਰਨ ਅਤੇ ਇਸ ਪ੍ਰਤੀ ਸਮਰਪਿਤ ਰਹਿਣ ਦੀ ਜ਼ਰੂਰਤ ਉਦੋਂ ਮੌਜੂਦ ਸੀ ਜਦੋਂ ਇਸ ਨੂੰ ਪਹਿਲੀ ਵਾਰ ਰਚਿਆ ਗਿਆ ਸੀ, ਆਜ਼ਾਦੀ ਸੰਗ੍ਰਾਮ ਦੌਰਾਨ ਰਹੀ ਸੀ, ਅੱਜ ਵੀ ਹੈ, ਅਤੇ 2047 ਵਿੱਚ ਵੀ ਰਹੇਗੀ ਜਦੋਂ ਭਾਰਤ ਇੱਕ ਸੱਚਮੁੱਚ ਮਹਾਨ ਰਾਸ਼ਟਰ ਵਜੋਂ ਉਭਰੇਗਾ। ਵੰਦੇ ਮਾਤਰਮ ਇੱਕ ਅਮਰ ਰਚਨਾ ਹੈ ਜੋ ਮਾਂ ਭਾਰਤੀ ਪ੍ਰਤੀ ਸਮਰਪਣ, ਸ਼ਰਧਾ ਅਤੇ ਕਰਤੱਵ ਦੀਆਂ ਭਾਵਨਾਵਾਂ ਨੂੰ ਜਗਾਉਂਦੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਪੱਛਮ ਬੰਗਾਲ ਵਿੱਚ ਆਉਣ ਵਾਲੀਆਂ ਚੋਣਾਂ ਨਾਲ ਜੋੜ ਕੇ ਵੰਦੇ ਮਾਤਰਮ ਦੀ ਮਹਿਮਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਵੰਦੇ ਮਾਤਰਮ ਕਦੇ ਵੀ ਸਿਰਫ਼ ਪੱਛਮੀ ਬੰਗਾਲ ਜਾਂ ਭਾਰਤ ਤੱਕ ਸੀਮਤ ਨਹੀਂ ਸੀ; ਦੁਨੀਆ ਵਿੱਚ ਜਿੱਥੇ ਵੀ ਆਜ਼ਾਦੀ ਦੇ ਪ੍ਰੇਮੀ ਸਨ, ਉਹ ਆਪਣੀਆਂ ਗੁਪਤ ਮੀਟਿੰਗਾਂ ਵਿੱਚ ਵੀ ਵੰਦੇ ਮਾਤਰਮ ਗਾਉਂਦੇ ਸਨ। ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਵੀ, ਜਦੋਂ ਸਰਹੱਦ 'ਤੇ ਕੋਈ ਸਿਪਾਹੀ ਜਾਂ ਅੰਦਰੂਨੀ ਸੁਰੱਖਿਆ ਲਈ ਕੋਈ ਪੁਲਿਸ ਜਵਾਨ ਸਰਵਉੱਚ ਕੁਰਬਾਨੀ ਦਿੰਦਾ ਹੈ, ਤਾਂ ਉਸਦੇ ਬੁੱਲ੍ਹਾਂ 'ਤੇ ਵੰਦੇ ਮਾਤਰਮ ਦਾ ਹੀ ਮੰਤਰ ਹੁੰਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵੰਦੇ ਮਾਤਰਮ ਗੀਤ ਆਜ਼ਾਦੀ ਦਾ ਐਲਾਨ, ਆਜ਼ਾਦੀ ਸੰਗ੍ਰਾਮ ਦੀ ਪ੍ਰੇਰਨਾ ਅਤੇ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਨ ਵਾਲੀ ਸ਼ਕਤੀ ਦਾ ਪ੍ਰੇਰਨਾ ਸਰੋਤ ਬਣ ਗਿਆ। ਇਹ ਵੰਦੇ ਮਾਤਰਮ ਹੀ ਹੈ ਜੋ ਭਾਰਤ ਦੇ ਸ਼ਹੀਦਾਂ ਨੂੰ, ਭਾਵੇਂ ਉਹ ਆਪਣੀ ਜਾਨ ਕੁਰਬਾਨ ਕਰਦੇ ਹਨ, ਅਗਲੇ ਜਨਮ ਵਿੱਚ ਭਾਰਤ ਮਾਤਾ ਲਈ ਦੁਬਾਰਾ ਜਨਮ ਲੈਣ ਅਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਹਾਨ ਚਿੰਤਕਾਂ ਅਤੇ ਰਿਸ਼ੀਆਂ ਨੇ ਵੰਦੇ ਮਾਤਰਮ ਤੋਂ ਸਾਡੇ ਪ੍ਰਾਚੀਨ ਰਾਸ਼ਟਰ ਨੂੰ ਸਦੀਆਂ ਤੱਕ ਆਪਣੇ ਸਦੀਵੀ ਸੱਭਿਆਚਾਰ ਦੇ ਮਾਰਗ 'ਤੇ ਅੱਗੇ ਵਧਾਉਂਦੇ ਰਹਿਣ ਲਈ ਪ੍ਰੇਰਣਾ ਲਈ।। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਸੰਸਦ ਦੇ ਦੋਵਾਂ ਸਦਨਾਂ ਵਿੱਚ ਹੋਣ ਵਾਲੀ ਵੰਦੇ ਮਾਤਰਮ ਦੀ ਚਰਚਾ, ਮਹਿਮਾ ਅਤੇ ਜਸ਼ਨ ਸਾਡੇ ਬੱਚਿਆਂ, ਕਿਸ਼ੋਰਾਂ, ਨੌਜਵਾਨਾਂ ਅਤੇ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਇਸ ਦੇ ਡੂੰਘੇ ਮਹੱਤਵ ਨੂੰ ਸਮਝਣ ਅਤੇ ਰਾਸ਼ਟਰ ਦੇ ਪੁਨਰ ਨਿਰਮਾਣ ਦੀ ਨੀਂਹ ਰੱਖਣ ਵਿੱਚ ਮਦਦ ਕਰੇਗਾ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਬੰਕਿਮ ਚੰਦਰ ਚਟੋਪਾਧਿਆਏ ਜੀ ਦੁਆਰਾ ਰਚਿਤ, ਵੰਦੇ ਮਾਤਰਮ ਗੀਤ ਪਹਿਲੀ ਵਾਰ 7 ਨਵੰਬਰ 1875 ਨੂੰ ਜਨਤਕ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦੀ ਰਚਨਾ ਤੋਂ ਤੁਰੰਤ ਬਾਅਦ, ਵੰਦੇ ਮਾਤਰਮ ਤੇਜ਼ੀ ਨਾਲ ਦੇਸ਼ ਭਗਤੀ, ਕੁਰਬਾਨੀ ਅਤੇ ਰਾਸ਼ਟਰੀ ਚੇਤਨਾ ਦਾ ਪ੍ਰਤੀਕ ਬਣ ਗਿਆ, ਅਤੇ ਇਸ ਨੇ ਸਾਡੀ ਆਜ਼ਾਦੀ ਦੀ ਲਹਿਰ ਲਈ ਰਾਹ ਪੱਧਰਾ ਕੀਤਾ। ਸਾਨੂੰ ਸਾਰਿਆਂ ਨੂੰ ਉਸ ਪਿਛੋਕੜ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਸ ਵਿੱਚ ਵੰਦੇ ਮਾਤਰਮ ਦੀ ਰਚਨਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਰਚਨਾ ਦਾ ਸੰਦਰਭ ਸਦੀਆਂ ਦੇ ਇਸਲਾਮਿਕ ਹਮਲਿਆਂ ਦਾ ਸੀ ਜਿਨ੍ਹਾਂ ਨੇ ਦੇਸ਼ ਦੇ ਸੱਭਿਆਚਾਰ ਅਤੇ ਇਤਿਹਾਸ ਨੂੰ ਤਬਾਹ ਕਰ ਦਿੱਤਾ ਸੀ, ਜਿਸ ਤੋਂ ਬਾਅਦ ਬ੍ਰਿਟਿਸ਼ਾਂ ਨੇ ਆਪਣੇ ਸ਼ਾਸਨ ਦੌਰਾਨ ਸਾਡੇ ਉੱਤੇ ਇੱਕ ਨਵੀਂ ਸੱਭਿਅਤਾ ਅਤੇ ਸੱਭਿਆਚਾਰ ਥੋਪਣ ਦੀ ਕੋਸ਼ਿਸ਼ ਕੀਤੀ। ਇਹ ਅਜਿਹਾ ਸਮਾਂ ਸੀ ਜਦੋਂ ਬੰਕਿਮ ਬਾਬੂ ਨੇ ਵੰਦੇ ਮਾਤਰਮ ਲਿਖਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਬਹੁਤ ਸੂਖਮਤਾ ਨਾਲ, ਬੰਕਿਮ ਚੰਦਰ ਚਟੋਪਾਧਿਆਏ ਜੀ ਨੇ ਸਾਡੀ ਪ੍ਰਾਚੀਨ ਸੱਭਿਅਤਾ, ਸੱਭਿਆਚਾਰਕ ਰਾਸ਼ਟਰਵਾਦ ਦੇ ਵਿਚਾਰ ਅਤੇ ਮਾਤ੍ਰ ਭੂਮੀ ਨੂੰ ਬ੍ਰਹਮ ਮਾਤਾ ਵਜੋਂ ਪੂਜਣ ਦੀ ਸਾਡੀ ਸਦੀਵੀ ਪਰੰਪਰਾ ਨੂੰ ਬਹਾਲ ਕਰਨ ਅਤੇ ਪੁਨਰ-ਪੁਸ਼ਟੀ ਦਾ ਕੰਮ ਕੀਤਾ। ਉਸ ਸਮੇਂ ਦੀ ਸਰਕਾਰ ਨੇ ਇਸ ਨੂੰ  ਦਬਾਉਣ ਦੀ ਕੋਸ਼ਿਸ਼ ਕੀਤੀ, ਇਸ ਨੂੰ  ਗਾਉਣ 'ਤੇ ਪਾਬੰਦੀ ਲਗਾਈ ਅਤੇ ਵੰਦੇ ਮਾਤਰਮ ਬੋਲਣ ਵਾਲਿਆਂ ਨੂੰ ਕੋੜੇ ਮਾਰੇ ਗਏ ਅਤੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਫਿਰ ਵੀ, ਇਹਨਾਂ ਸਾਰੀਆਂ ਪਾਬੰਦੀਆਂ ਨੂੰ ਪਾਰ ਕਰਦੇ ਹੋਏ ਅਤੇ ਬਿਨਾਂ ਕਿਸੇ ਸੰਗਠਿਤ ਪ੍ਰਚਾਰ ਦੇ, ਇਹ ਗੀਤ ਹਰ ਦਿਲ ਨੂੰ ਛੂਹ ਗਿਆ ਅਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਫੈਲ ਗਿਆ। ਉਨ੍ਹਾਂ ਅੱਗੇ ਕਿਹਾ ਕਿ ਵੰਦੇ ਮਾਤਰਮ ਅਸਲ ਵਿੱਚ ਉਨ੍ਹਾਂ ਸਾਰਿਆਂ ਲਈ ਪੁਨਰਜਾਗਰਣ ਦਾ ਮੰਤਰ ਬਣ ਗਿਆ ਹੈ ਜੋ ਭਾਰਤ ਦੇ ਸੱਭਿਆਚਾਰ ਲਈ ਸ਼ਰਧਾ ਰੱਖਦੇ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਲਾਮੀ ਦੇ ਦੌਰ ਦੌਰਾਨ, ਸਾਡੇ ਬਹੁਤ ਸਾਰੇ ਮੰਦਿਰ, ਯੂਨੀਵਰਸਿਟੀਆਂ, ਕਲਾ ਕੇਂਦਰ, ਖੇਤੀਬਾੜੀ ਅਤੇ ਸਿੱਖਿਆ ਪ੍ਰਣਾਲੀਆਂ ਤਬਾਹ ਹੋ ਗਈਆਂ ਸਨ, ਫਿਰ ਵੀ ਕੋਈ ਵੀ ਸਾਡੀ ਸੰਸਕ੍ਰਿਤੀ ਦੇ ਸਾਰ ਨੂੰ ਲੋਕਾਂ ਦੀ ਆਤਮਾ ਤੋਂ ਮਿਟਾ ਨਹੀਂ ਸਕਿਆ। ਉਸੇ ਸਮੇਂ, ਉਸੇ ਭਾਵਨਾ ਨੂੰ ਜਗਾਉਣ ਅਤੇ ਪੁਨਰਗਠਿਤ ਕਰਨ ਦੀ ਜ਼ਰੂਰਤ ਸੀ, ਅਤੇ ਇਹ ਬਿਲਕੁਲ ਉਸੇ ਸਮੇਂ ਸੀ ਜਦੋਂ ਬੰਕਿਮ ਬਾਬੂ ਨੇ ਵੰਦੇ ਮਾਤਰਮ ਦੀ ਰਚਨਾ ਕੀਤੀ ਸੀ। ਨਾ ਤਾਂ ਅੰਗ੍ਰੇਜ਼ ਅਤੇ ਨਾ ਹੀ ਉਨ੍ਹਾਂ ਦੀ ਸੱਭਿਅਤਾ ਨੂੰ ਸਵੀਕਾਰ ਕਰਨ ਵਾਲੇ ਇਸ ਨੂੰ ਰੋਕ ਸਕੇ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਨੇ ਇੱਕ ਅਜਿਹੇ ਰਾਸ਼ਟਰ ਨੂੰ ਜਗਾਇਆ ਜੋ ਆਪਣੀ ਬ੍ਰਹਮ ਸ਼ਕਤੀ ਨੂੰ ਭੁੱਲ ਗਿਆ ਸੀ। ਵੰਦੇ ਮਾਤਰਮ ਨੇ ਰਾਸ਼ਟਰ ਦੀ ਆਤਮਾ ਨੂੰ ਮੁੜ-ਸੁਰਜੀਤ ਕਰਨ ਦਾ ਕੰਮ ਕੀਤਾ। ਮਹਾਰਿਸ਼ੀ ਅਰਬਿੰਦੋ ਨੇ ਕਿਹਾ ਸੀ ਕਿ ਵੰਦੇ ਮਾਤਰਮ ਭਾਰਤ ਦੇ ਪੁਨਰ ਜਨਮ ਦਾ ਮੰਤਰ ਹੈ, ਅਤੇ ਇਹ ਕਥਨ ਸੱਚਮੁੱਚ ਵੰਦੇ ਮਾਤਰਮ ਦੀ ਮਹਾਨਤਾ ਨੂੰ ਦਰਸਾਉਂਦਾ ਹੈ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਵੰਦੇ ਮਾਤਰਮ ਪ੍ਰਤੀ ਸ਼੍ਰੀ ਅਰਬਿੰਦੋ ਦੀ ਡੂੰਘੀ ਭਾਵਨਾ ਇਸ ਦੇਸ਼ ਦੇ ਹਰ ਬੱਚੇ ਲਈ ਪ੍ਰੇਰਨਾ ਦਾ ਸਰੋਤ ਬਣ ਗਈ ਅਤੇ ਸਾਡੀ ਆਜ਼ਾਦੀ ਦੇ ਮੰਤਰ ਵਿੱਚ ਬਦਲ ਗਈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਾਡਾ ਦੇਸ਼ ਪੂਰੀ ਦੁਨੀਆ ਵਿੱਚ ਵਿਲੱਖਣ ਹੈ; ਭਾਰਤ ਇਕਲੌਤਾ ਦੇਸ਼ ਹੈ ਜਿਸ ਦੀਆਂ ਸਰਹੱਦਾਂ ਇਸ ਦੀ ਸੰਸਕ੍ਰਿਤੀ ਦੁਆਰਾ ਪਰਿਭਾਸ਼ਿਤ ਕੀਤੀਆਂ ਗਈਆਂ ਹਨ, ਅਤੇ ਇਹ ਉਹੀ ਸੰਸਕ੍ਰਿਤੀ ਹੈ ਜਿਸਨੇ ਭਾਰਤ ਨੂੰ ਇਕਜੁੱਟ ਰੱਖਿਆ ਹੈ। ਇਹ ਬੰਕਿਮ ਚੰਦਰ ਚਟੋਪਾਧਿਆਏ ਜੀ ਸਨ ਜਿਨ੍ਹਾਂ ਨੇ ਬਸਤੀਵਾਦੀ ਅਧੀਨਗੀ ਦੇ ਯੁੱਗ ਦੌਰਾਨ ਸੱਭਿਆਚਾਰਕ ਰਾਸ਼ਟਰਵਾਦ ਦੇ ਵਿਚਾਰ ਨੂੰ ਜਗਾਇਆ ਸੀ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਜੋੜਨ ਵਾਲਾ ਮੰਤਰ ਸਾਡੀ ਸੰਸਕ੍ਰਿਤੀ ਹੈ, ਅਤੇ ਇਹ ਵੰਦੇ ਮਾਤਰਮ ਦਾ ਸਪਸ਼ਟ ਸੱਦਾ ਸੀ ਜਿਸ ਨੇ ਪਹਿਲੀ ਵਾਰ ਸੱਭਿਆਚਾਰਕ ਰਾਸ਼ਟਰਵਾਦ ਦੇ ਸਿਧਾਂਤ ਨੂੰ ਮਜ਼ਬੂਤੀ ਨਾਲ ਸਥਾਪਿਤ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਪੂਰਾ ਦੇਸ਼ ਸੱਭਿਆਚਾਰਕ ਰਾਸ਼ਟਰਵਾਦ ਦੇ ਦ੍ਰਿਸ਼ਟੀਕੋਣ ਨੂੰ ਅਪਣਾ ਰਿਹਾ ਹੈ ਅਤੇ ਅੱਗੇ ਵਧ ਰਿਹਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਸਿਰਫ਼ ਜ਼ਮੀਨ ਦਾ ਇੱਕ ਟੁਕੜਾ ਨਹੀਂ ਹੈ; ਇਹ ਸਾਡੀ ਮਾਂ ਦਾ ਰੂਪ ਹੈ, ਅਤੇ ਅਸੀਂ ਉਨ੍ਹਾਂ ਦੇ ਭਗਤੀ ਭਜਨ ਗਾਉਂਦੇ ਹਾਂ। ਵੰਦੇ ਮਾਤਰਮ ਬਿਲਕੁਲ ਭਗਤੀ ਦਾ ਪ੍ਰਗਟਾਵਾ ਹੈ। ਵੰਦੇ ਮਾਤਰਮ ਦੀ ਰਚਨਾ ਵਿੱਚ, ਭਾਰਤ ਮਾਤਾ ਦੀ ਧਾਰਨਾ ਨੂੰ ਡੂੰਘੀ ਭਾਵਨਾ ਨਾਲ ਦਰਸਾਇਆ ਗਿਆ ਹੈ: ਉਸ ਨੂੰ ਪਾਣੀ, ਫਲਾਂ ਅਤੇ ਖੁਸ਼ਹਾਲੀ ਦੇ ਦਾਤਾ ਵਜੋਂ ਦਰਸਾਇਆ ਗਿਆ ਹੈ; ਫੁੱਲਾਂ ਨਾਲ ਸਜਿਆ ਹੋਇਆ, ਦਿਲ ਅਤੇ ਮਨ ਨੂੰ ਖੁਸ਼ ਕਰਨ ਵਾਲਾ; ਅਤੇ ਸਰਸਵਤੀ, ਲਕਸ਼ਮੀ ਅਤੇ ਦੁਰਗਾ ਦੇ ਰੂਪ ਵਜੋਂ ਦਸਿਆ ਗਿਆ ਹੈ। ਉਨ੍ਹਾਂ ਕਿਹਾ ਕਿ, ਅਸਲ ਵਿੱਚ, ਸਾਡੀ ਖੁਸ਼ਹਾਲੀ, ਸੁਰੱਖਿਆ, ਗਿਆਨ ਅਤੇ ਤਰੱਕੀ ਸਿਰਫ਼ ਭਾਰਤ ਮਾਤਾ ਦੀ ਕਿਰਪਾ ਅਤੇ ਪੂਜਾ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਦੁਰਗਾ ਦੀ ਬਹਾਦਰੀ, ਲਕਸ਼ਮੀ ਦੀ ਭਰਪੂਰਤਾ ਅਤੇ ਸਰਸਵਤੀ ਦੀ ਬੁੱਧੀ ਸਾਨੂੰ ਸਿਰਫ਼ ਭਾਰਤ ਮਾਤਾ ਦੀ ਕਿਰਪਾ ਅਤੇ ਇਸ ਧਰਤੀ ਦੀ ਪਵਿੱਤਰ ਮਿੱਟੀ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਇਸ ਲਈ ਸਾਨੂੰ ਵਾਰ-ਵਾਰ ਉਸ ਦੇ ਅੱਗੇ ਸ਼ਰਧਾ ਨਾਲ ਝੁਕਣਾ ਚਾਹੀਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮਾਤ੍ਰ ਭੂਮੀ ਸਾਨੂੰ ਸਾਡੀ ਪਛਾਣ ਅਤੇ ਭਾਸ਼ਾ ਦਿੰਦੀ ਹੈ, ਇੱਕ ਸੱਭਿਅਕ ਜੀਵਨ ਢੰਗ ਦਾ ਅਧਾਰ ਬਣਾਉਂਦੀ ਹੈ, ਅਤੇ ਸਾਡੇ ਜੀਵਨ ਨੂੰ ਉੱਚਾ ਚੁੱਕਣ ਦਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਮਾਤ੍ਰ ਭੂਮੀ ਤੋਂ ਵੱਡਾ ਕੁਝ ਵੀ ਨਹੀਂ ਹੋ ਸਕਦਾ, ਅਤੇ ਇਸ ਸਦੀਵੀ ਭਾਵਨਾ ਨੂੰ ਬੰਕਿਮ ਚੰਦਰ ਚੈਟਰਜੀ ਨੇ ਮੁੜ ਸੁਰਜੀਤ ਕੀਤਾ। ਗੁਲਾਮੀ ਦੇ ਹਨੇਰੇ ਯੁੱਗ ਵਿੱਚ, ਵੰਦੇ ਮਾਤਰਮ ਨੇ ਬਿਜਲੀ ਦੀ ਚਮਕ ਵਾਂਗ ਕੰਮ ਕੀਤਾ, ਲੋਕਾਂ ਦੇ ਦਿਲਾਂ ਵਿੱਚ ਸਵਰਾਜ ਪ੍ਰਾਪਤ ਕਰਨ ਦੀ ਭਾਵਨਾ ਨੂੰ ਜਗਾਇਆ, ਉਨ੍ਹਾਂ ਨੂੰ ਗੁਲਾਮੀ ਦੀ ਮਾਨਸਿਕਤਾ ਛੱਡਣ ਵਿੱਚ ਮਦਦ ਕੀਤੀ। ਸ਼੍ਰੀ ਸ਼ਾਹ ਨੇ ਕਿਹਾ ਕਿ ਆਜ਼ਾਦੀ ਦੇ ਅੰਦੋਲਨ ਦੌਰਾਨ, ਸਾਡੇ ਸਾਰੇ ਆਜ਼ਾਦੀ ਘੁਲਾਟੀਆਂ ਦੁਆਰਾ ਸ਼ਹਾਦਤ ਸਮੇਂ ਕਹੇ ਗਏ ਆਖਰੀ ਸ਼ਬਦ 'ਵੰਦੇ ਮਾਤਰਮ' ਸਨ। ਉਨ੍ਹਾਂ ਕਿਹਾ ਕਿ 1907 ਵਿੱਚ, ਕਲਕੱਤਾ ਵਿੱਚ ਵੰਦੇ ਮਾਤਰਮ ਨਾਮ ਦਾ ਇੱਕ ਅੰਗ੍ਰੇਜ਼ੀ ਅਖ਼ਬਾਰ ਸ਼ੁਰੂ ਹੋਇਆ ਸੀ, ਜਿਸ ਦੇ ਸੰਪਾਦਕ ਮਹਾਰਿਸ਼ੀ ਅਰਬਿੰਦੋ ਸੀ। ਬ੍ਰਿਟਿਸ਼ ਸਰਕਾਰ ਨੇ ਇਸ ਨੂੰ  ਸਭ ਤੋਂ ਖਤਰਨਾਕ ਰਾਸ਼ਟਰਵਾਦੀ ਅਖ਼ਬਾਰ ਮੰਨਿਆ ਅਤੇ ਸ਼੍ਰੀ ਅਰਬਿੰਦੋ 'ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ, ਉਨ੍ਹਾਂ ਨੂੰ ਸਜ਼ਾ ਦਿੱਤੀ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 1896 ਵਿੱਚ, ਗੁਰੂਦੇਵ ਟੈਗੋਰ ਨੇ ਪਹਿਲੀ ਵਾਰ ਕਾਂਗਰਸ ਦੇ ਇੱਕ ਸੈਸ਼ਨ ਵਿੱਚ ਜਨਤਕ ਤੌਰ 'ਤੇ ਵੰਦੇ ਮਾਤਰਮ ਗਾਇਆ ਸੀ। 1905 ਵਿੱਚ, ਵਾਰਾਣਸੀ ਸੈਸ਼ਨ ਵਿੱਚ, ਮਹਾਨ ਕਵਿਤਰੀ ਸਰਲਾ ਦੇਵੀ ਚੌਧਰਾਣੀ ਨੇ ਪੂਰਾ ਵੰਦੇ ਮਾਤਰਮ ਗਾਇਆ ਅਤੇ 15 ਅਗਸਤ 1947 ਨੂੰ, ਜਦੋਂ ਦੇਸ਼ ਆਜ਼ਾਦ ਹੋਇਆ, ਸਵੇਰੇ 6:30 ਵਜੇ, ਸਰਦਾਰ ਪਟੇਲ ਦੀ ਬੇਨਤੀ 'ਤੇ, ਪੰਡਿਤ ਓਮਕਾਰਨਾਥ ਠਾਕੁਰ ਨੇ ਆਲ ਇੰਡੀਆ ਰੇਡੀਓ 'ਤੇ ਆਪਣੀ ਸੁਰੀਲੀ ਆਵਾਜ਼ ਵਿੱਚ ਵੰਦੇ ਮਾਤਰਮ ਗਾਇਆ, ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 24 ਜਨਵਰੀ 1950 ਨੂੰ, ਸੰਵਿਧਾਨ ਸਭਾ ਦੀ ਅੰਤਿਮ ਮੀਟਿੰਗ ਵਿੱਚ, ਵੰਦੇ ਮਾਤਰਮ ਨੂੰ ਰਾਸ਼ਟਰੀ ਗਾਨ ਦੇ ਬਰਾਬਰ ਸਨਮਾਨ  ਦਿੰਦੇ ਹੋਏ ਰਾਸ਼ਟਰੀ ਗੀਤ ਐਲਾਨਿਆ ਗਿਆ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵੰਦੇ ਮਾਤਰਮ 'ਤੇ ਚਰਚਾ ਕਰਨ ਤੋਂ ਬਚਣ ਦਾ ਰੁਝਾਨ ਨਵਾਂ ਨਹੀਂ ਹੈ। 1925 ਵਿੱਚ, ਵੰਦੇ ਮਾਤਰਮ ਦੀ ਗੋਲਡਨ ਜੁਬਲੀ 'ਤੇ, ਜੇਕਰ ਉਸ ਸਮੇਂ ਦੀ ਮੁੱਖ ਰਾਜਨੀਤਿਕ ਪਾਰਟੀ ਦੇ ਨੇਤਾ ਨੇ 'ਵੰਦੇ ਮਾਤਰਮ' ਨੂੰ ਨਾ ਵੰਡਿਆ ਹੁੰਦਾ ਅਤੇ ਤੁਸ਼ਟੀਕਰਣ ਸ਼ੁਰੂ ਨਾ ਕੀਤਾ ਹੁੰਦਾ, ਤਾਂ ਦੇਸ਼ ਦੀ ਵੰਡ ਨਾ ਹੁੰਦੀ। ਉਨ੍ਹਾਂ ਕਿਹਾ ਕਿ ਇਸ ਦੇ 50ਵੇਂ ਪੜਾਵ 'ਤੇ, ਵੰਦੇ ਮਾਤਰਮ ਨੂੰ ਸੀਮਤ ਕਰ ਦਿੱਤਾ ਗਿਆ ਸੀ, ਅਤੇ ਉੱਥੋਂ ਤੁਸ਼ਟੀਕਰਣ ਦੀ ਰਾਜਨੀਤੀ ਸ਼ੁਰੂ ਹੋਈ, ਜਿਸ ਦਾ ਨਤੀਜਾ ਬਾਅਦ ਵਿੱਚ ਦੇਸ਼ ਦੀ ਵੰਡ ਵਿੱਚ ਬਦਲ ਗਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਜੇਕਰ ਵੰਦੇ ਮਾਤਰਮ ਨੂੰ ਤੁਸ਼ਟੀਕਰਣ ਦੀ ਨੀਤੀ ਤਹਿਤ ਦੋ ਹਿੱਸਿਆਂ ਵਿੱਚ ਨਾ ਵੰਡਿਆ ਜਾਂਦਾ, ਤਾਂ ਦੇਸ਼ ਦੀ ਵੰਡ ਨਾ ਹੁੰਦੀ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਦੇ 100ਵੇਂ ਵਰ੍ਹੇ ਦੌਰਾਨ, ਵੰਦੇ ਮਾਤਰਮ ਬੋਲਣ ਵਾਲੇ ਸਾਰੇ ਲੋਕਾਂ ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਕੈਦ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਦੌਰਾਨ, ਦੇਸ਼ ਵਿੱਚ ਐਮਰਜੈਂਸੀ ਲਗਾਈ ਗਈ ਸੀ, ਅਤੇ ਲੱਖਾਂ ਵਿਰੋਧੀ ਮੈਂਬਰਾਂ, ਸਮਾਜ ਸੇਵਕਾਂ ਅਤੇ ਸਵੈ-ਇੱਛੁਕ ਸੰਗਠਨਾਂ ਦੇ ਮੈਂਬਰਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਐਮਰਜੈਂਸੀ ਦੌਰਾਨ, ਅਖਬਾਰਾਂ ਦੇ ਦਫਤਰਾਂ ਨੂੰ ਬਿਨਾ ਕਿਸੇ ਕਾਰਨ ਦੇ ਤਾਲੇ ਲਗਾ ਦਿੱਤੇ ਸਨ। ਇੱਥੋਂ ਤੱਕ ਕਿ ਕਿਸ਼ੋਰ ਕੁਮਾਰ ਦੀ ਆਵਾਜ਼ ਨੂੰ ਵੀ ਆਲ ਇੰਡੀਆ ਰੇਡੀਓ 'ਤੇ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਹੀਂ ਸੀ, ਅਤੇ ਸਿਰਫ ਲਤਾ ਜੀ ਦੀ ਆਵਾਜ਼ ਵਿੱਚ ਹੀ ਡੂਇਟ ਗੀਤ (duet songs) ਗਾਏ ਜਾਂਦੇ ਸਨ। ਜਦੋਂ ਵੰਦੇ ਮਾਤਰਮ ਨੇ 100 ਵਰ੍ਹੇ ਪੂਰੇ ਕੀਤੇ, ਤਾਂ ਪੂਰਾ ਦੇਸ਼ ਅਮਲੀ ਤੌਰ 'ਤੇ ਬੰਦੀ ਬਣ ਗਿਆ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿਰੋਧੀ ਪਾਰਟੀ, ਜਿਸ ਦੇ ਸੈਸ਼ਨ ਦੀ ਸ਼ੁਰੂਆਤ ਗੁਰੂਦੇਵ ਟੈਗੋਰ ਦੁਆਰਾ ਵੰਦੇ ਮਾਤਰਮ ਗਾਉਣ ਨਾਲ ਹੁੰਦੀ ਸੀ, ਜਦੋਂ ਲੋਕ ਸਭਾ ਵਿੱਚ ਉਸੇ ਵੰਦੇ ਮਾਤਰਮ 'ਤੇ ਚਰਚਾ ਹੋਈ, ਤਾਂ ਉਸ ਪਾਰਟੀ ਨਾਲ ਜੁੜੇ ਪ੍ਰਮੁੱਖ ਪਰਿਵਾਰ ਦੇ ਮੈਂਬਰ ਗੈਰ-ਹਾਜ਼ਰ ਸਨ। ਉਨ੍ਹਾਂ ਅੱਗੇ ਕਿਹਾ ਕਿ ਵੰਦੇ ਮਾਤਰਮ ਪ੍ਰਤੀ ਨਿਰਾਦਰ ਅਤੇ ਅਪਮਾਨ ਆਜ਼ਾਦੀ ਸੰਗ੍ਰਾਮ ਤੋਂ ਹੀ ਮੁੱਖ ਵਿਰੋਧੀ ਪਾਰਟੀ ਦੀ ਲੀਡਰਸ਼ਿਪ ਦੀਆਂ ਰਗਾਂ ਵਿੱਚ ਸੀ  ਅਤੇ ਅੱਜ ਵੀ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਦੇ ਇੱਕ ਨੇਤਾ ਨੇ ਲੋਕ ਸਭਾ ਵਿੱਚ ਕਿਹਾ ਕਿ ਅੱਜ ਵੰਦੇ ਮਾਤਰਮ 'ਤੇ ਚਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜਿਸ ਗੀਤ ਨੂੰ ਮਹਾਤਮਾ ਗਾਂਧੀ ਨੇ ਰਾਸ਼ਟਰ ਦੀ ਸਭ ਤੋਂ ਪਵਿੱਤਰ ਆਤਮਾ ਨਾਲ ਜੁੜਿਆ ਦੱਸਿਆ ਸੀ ਅਤੇ ਜਿਸ ਨੂੰ ਬਿਪਿਨ ਚੰਦਰ ਪਾਲ ਨੇ ਰਾਸ਼ਟਰਧਰਮ ਵਿੱਚ ਰਾਸ਼ਟਰੀ ਸ਼ਰਧਾ ਅਤੇ ਕਰਤੱਵ ਦਾ ਏਕੀਕ੍ਰਿਤ ਪ੍ਰਗਟਾਵਾ ਕਿਹਾ ਸੀ, ਉਸ ਨੂੰ ਵੀ ਵਿਰੋਧੀ ਪਾਰਟੀ ਨੇ ਹੀ ਵੰਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਨੇ ਸਾਡੇ ਆਜ਼ਾਦੀ ਦੇ ਅੰਦੋਲਨ ਨੂੰ ਊਰਜਾਵਾਨ ਬਣਾਉਣ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਵੀ ਭੂਮਿਕਾ ਨਿਭਾਈ। ਸ਼੍ਰੀ ਸ਼ਾਹ ਨੇ ਕਿਹਾ ਕਿ ਬਸਤੀਵਾਦੀ ਸ਼ਾਸਨ ਦੇ ਸਮੇਂ ਦੌਰਾਨ, 1936 ਦੇ ਬਰਲਿਨ ਓਲੰਪਿਕ ਵਿੱਚ ਵੀ, ਸਾਡੀ ਹਾਕੀ ਟੀਮ ਨੇ ਡੂੰਘੀ ਭਾਵਨਾ ਨਾਲ ਵੰਦੇ ਮਾਤਰਮ ਗਾਇਆ ਸੀ, ਅਤੇ ਅਸੀਂ ਗੋਲਡ ਮੈਡਲ ਜਿੱਤਿਆ ਸੀ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਨੀਂਹ ਸੱਭਿਆਚਾਰਕ ਰਾਸ਼ਟਰਵਾਦ ਦੇ ਸਿਧਾਂਤ 'ਤੇ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਲਈ ਬਣਾਈ ਗਈ ਸੀ ਤਾਂ ਜੋ ਦੇਸ਼ ਪੱਛਮੀ ਸੱਭਿਆਚਾਰ ਦੇ ਅਧਾਰ 'ਤੇ ਨਾ ਚੱਲੇ, ਸਗੋਂ ਆਪਣੇ ਮੂਲ ਸੱਭਿਆਚਾਰ ਅਤੇ ਮੂਲ ਵਿਚਾਰਾਂ 'ਤੇ ਚੱਲੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਰਿਕਾਰਡਾਂ ਵਿੱਚ ਹੈ ਕਿ ਇਸ ਸੰਸਦ ਵਿੱਚ ਵੰਦੇ ਮਾਤਰਮ ਗਾਉਣਾ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ 1992 ਵਿੱਚ, ਸੰਸਦ ਮੈਂਬਰ ਸ਼੍ਰੀ ਰਾਮ ਨਾਇਕ ਨੇ ਇੱਕ ਛੋਟੀ ਜਿਹੀ ਚਰਚਾ ਰਾਹੀਂ ਇਹ ਮੁੱਦਾ ਚੁੱਕਿਆ ਸੀ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਵੰਦੇ ਮਾਤਰਮ ਨੂੰ ਸੰਸਦ ਵਿੱਚ ਦੁਬਾਰਾ ਗਾਇਆ ਜਾਵੇ। ਉਸ ਸਮੇਂ, ਸ਼੍ਰੀ ਲਾਲ ਕ੍ਰਿਸ਼ਨ ਆਡਵਾਨੀ, ਜੋ ਵਿਰੋਧੀ ਧਿਰ ਦੇ ਨੇਤਾ ਸਨ, ਨੇ ਲੋਕ ਸਭਾ ਦੇ ਸਪੀਕਰ ਨੂੰ ਜ਼ੋਰਦਾਰ ਢੰਗ ਨਾਲ ਕਿਹਾ ਕਿ ਵੰਦੇ ਮਾਤਰਮ ਨੂੰ ਇਸ ਮਹਾਨ ਸਦਨ ਵਿੱਚ ਗਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨੂੰ  ਸੰਵਿਧਾਨ ਸਭਾ ਦੁਆਰਾ ਸਵੀਕਾਰ ਕਰ ਲਿਆ ਗਿਆ ਸੀ। ਉਦੋਂ ਹੀ, ਸਰਬਸੰਮਤੀ ਨਾਲ, ਲੋਕ ਸਭਾ ਨੇ 1992 ਵਿੱਚ ਵੰਦੇ ਮਾਤਰਮ ਗਾਉਣਾ ਦੁਬਾਰਾ ਸ਼ੁਰੂ ਕੀਤਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਵੰਦੇ ਮਾਤਰਮ ਗਾਉਣ ਦੀ ਸ਼ੁਰੂਆਤ ਕੀਤੀ ਸੀ, ਤਾਂ ਵਿਰੋਧੀ ਗਠਜੋੜ ਦੇ ਕਈ ਮੈਂਬਰਾਂ ਨੇ ਉਸ ਸਮੇਂ ਵੀ ਕਿਹਾ ਸੀ ਕਿ ਉਹ ਵੰਦੇ ਮਾਤਰਮ ਨਹੀਂ ਗਾਉਣਗੇ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਵੰਦੇ ਮਾਤਰਮ ਗਾਉਣ ਤੋਂ ਪਹਿਲਾਂ, ਸਦਨ ਵਿੱਚ ਬੈਠੇ ਕੁਝ ਮੈਂਬਰ ਗਾਣਾ ਸ਼ੁਰੂ ਹੁੰਦੇ ਹੀ ਖੜ੍ਹੇ ਹੋ ਜਾਂਦੇ ਹਨ ਅਤੇ ਵਾਕਆਊਟ ਕਰਨ ਲੱਗ ਜਾਂਦੇ ਹਨ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਇੱਕ ਵੀ ਮੈਂਬਰ ਅਜਿਹਾ ਨਹੀਂ ਹੈ ਜੋ ਵੰਦੇ ਮਾਤਰਮ ਗਾਉਣ ਦੌਰਾਨ ਖੜ੍ਹਾ ਨਾ ਹੋਵੇ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬੰਕਿਮ ਚੰਦਰ ਚਟੋਪਾਧਿਆਏ ਦੀ 130ਵੀਂ ਬਰਸੀ 'ਤੇ, ਸਰਕਾਰ ਨੇ ਡਾਕ ਵਿਭਾਗ ਰਾਹੀਂ ਇੱਕ ਡਾਕ ਟਿਕਟ ਜਾਰੀ ਕੀਤੀ, ਅਤੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਹਰ ਘਰ ਤਿਰੰਗਾ ਮੁਹਿੰਮ ਦੀ ਸ਼ੁਰੂਆਤ ਕੀਤੀ। ਉਸ ਸਮੇਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨਤਾ ਨੂੰ ਰਾਸ਼ਟਰੀ ਝੰਡਾ ਲਹਿਰਾਉਂਦੇ ਸਮੇਂ ਵੰਦੇ ਮਾਤਰਮ ਕਹਿਣਾ ਨਾ ਭੁੱਲਣ ਦੀ ਤਾਕੀਦ ਕੀਤੀ ਸੀ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ 1 ਅਕਤੂਬਰ 2025 ਨੂੰ ਕੈਬਨਿਟ ਨੇ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਆਉਣ ਵਾਲਾ ਪੂਰਾ ਸਾਲ ਵੰਦੇ ਮਾਤਰਮ ਨੂੰ ਸ਼ਰਧਾਂਜਲੀ ਵਜੋਂ ਮਨਾਇਆ ਜਾਵੇਗਾ। 24 ਅਕਤੂਬਰ 2025 ਨੂੰ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਤਾਲਮੇਲ ਪ੍ਰੋਗਰਾਮਾਂ ਲਈ ਢਾਂਚਾ ਤਿਆਰ ਕੀਤਾ ਗਿਆ। ਸ਼੍ਰੀ ਸ਼ਾਹ ਨੇ ਕਿਹਾ ਕਿ 7 ਨਵੰਬਰ 2025 ਨੂੰ, ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਦਿੱਲੀ ਵਿੱਚ ਭਾਰਤ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਇਸ ਮੁਹਿੰਮ ਦਾ ਉਦਘਾਟਨ ਕੀਤਾ। ਇਸਦਾ ਪਹਿਲਾ ਪੜਾਅ ਨਵੰਬਰ ਵਿੱਚ ਪੂਰਾ ਹੋਇਆ; ਦੂਜਾ ਪੜਾਅ ਜਨਵਰੀ 2026 ਵਿੱਚ, ਤੀਜਾ ਪੜਾਅ ਅਗਸਤ 2026 ਵਿੱਚ ਅਤੇ ਚੌਥਾ ਪੜਾਅ ਨਵੰਬਰ 2026 ਵਿੱਚ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ ਗਿਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ "ਵੰਦੇ ਮਾਤਰਮ - ਨਾਦ ਏਕਮ ਰੂਪ ਅਨੇਕਮ" ਸਿਰਲੇਖ ਹੇਠ ਇੱਕ ਵਿਸ਼ੇਸ਼ ਸੱਭਿਆਚਾਰਕ ਪੇਸ਼ਕਾਰੀ 75 ਸੰਗੀਤਕਾਰਾਂ ਦੁਆਰਾ ਤਿਆਰ ਕੀਤੀ ਗਈ ਹੈ ਅਤੇ ਭਾਰਤ ਸਰਕਾਰ ਦੇ ਸੱਦੇ ਦੇ ਜਵਾਬ ਵਿੱਚ, ਦੇਸ਼ ਭਰ ਦੇ ਲੋਕਾਂ ਨੇ 7 ਨਵੰਬਰ ਨੂੰ ਸਮੂਹਿਕ ਤੌਰ 'ਤੇ ਵੰਦੇ ਮਾਤਰਮ ਗਾਇਆ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਦੇ 150 ਵਰ੍ਹੇ ਪੂਰੇ ਹੋਣ 'ਤੇ ਇੱਕ ਦਸਤਾਵੇਜ਼ੀ ਫਿਲਮ ਬਣਾਈ ਗਈ ਹੈ। ਹਰ ਜ਼ਿਲ੍ਹੇ ਅਤੇ ਤਹਿਸੀਲ ਵਿੱਚ ਜਨਤਾ ਨੂੰ ਵੰਦੇ ਮਾਤਰਮ 'ਤੇ ਪ੍ਰਦਰਸ਼ਨੀਆਂ ਵੀ ਦਿਖਾਈਆਂ ਜਾਣਗੀਆਂ। ਇਸ ਤੋਂ ਇਲਾਵਾ, ਇਹ ਪ੍ਰਦਰਸ਼ਨੀ ਕਰੋੜਾਂ ਲੋਕਾਂ ਨੂੰ ਡਿਜੀਟਲ ਰੂਪ ਵਿੱਚ ਭੇਜੀ ਜਾਵੇਗੀ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਆਲ ਇੰਡੀਆ ਰੇਡੀਓ, ਦੂਰਦਰਸ਼ਨ ਅਤੇ ਐੱਫਐੱਮ ਰੇਡੀਓ ਚੈਨਲਾਂ 'ਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿੱਚ ਚਰਚਾਵਾਂ ਅਤੇ ਇਕੱਠ ਕਰੇਗਾ। ਸਾਰੇ ਭਾਰਤੀ ਦੂਤਾਵਾਸਾਂ ਵਿੱਚ ਵੰਦੇ ਮਾਤਰਮ 'ਤੇ ਅਧਾਰਿਤ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਵੰਦੇ ਮਾਤਰਮ: ਧਰਤੀ ਮਾਤਾ ਨੂੰ ਸਲਾਮ (Salute to Mother Earth) ਤਹਿਤ ਰੁੱਖ ਲਗਾਉਣ ਦੀਆਂ ਮੁਹਿੰਮਾਂ ਚੱਲ ਰਹੀਆਂ ਹਨ। ਦੇਸ਼ ਭਗਤੀ ਨਾਲ ਸਬੰਧਿਤ ਕੰਧ-ਚਿੱਤਰ ਅਤੇ ਵੰਦੇ ਮਾਤਰਮ ਦੇ ਇਤਿਹਾਸ ਦੇ ਚਿੱਤਰ ਵੀ ਹਾਈਵੇਅ 'ਤੇ ਪ੍ਰਦਰਸ਼ਿਤ ਕੀਤੇ ਜਾਣਗੇ। ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ 'ਤੇ ਐੱਲਈਡੀ ਡਿਸਪਲੇਅ ਰਾਹੀਂ ਜਨਤਕ ਐਲਾਨ ਕੀਤੇ ਜਾਣਗੇ। ਇਸ ਤੋਂ ਇਲਾਵਾ, ਵੰਦੇ ਮਾਤਰਮ ਅਤੇ ਬੰਕਿਮ ਚੰਦਰ ਚਟੋਪਾਧਿਆਏ ਜੀ ਦੇ ਜੀਵਨ 'ਤੇ ਅਧਾਰਿਤ 25 ਡੌਕਿਊਮੈਂਟਰੀ ਫਿਲਮਾਂ ਦੇ ਨਿਰਮਾਣ 'ਤੇ ਕੰਮ ਸ਼ੁਰੂ ਹੋ ਗਿਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਦੇਸ਼ ਨੇ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ, ਕੋਵਿਡ ਕਾਲ ਦੇ ਬਾਵਜੂਦ, ਤਾਂ ਦੇਸ਼ ਭਰ ਦੇ ਹਰ ਪਿੰਡ ਵਿੱਚ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਪੂਰੇ ਦੋ ਵਰ੍ਹਿਆਂ ਲਈ ਮਨਾਇਆ ਗਿਆ। ਅੰਮ੍ਰਿਤ ਮਹੋਤਸਵ ਰਾਹੀਂ, ਅਸੀਂ ਇਸ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ 1857 ਤੋਂ 1947 ਤੱਕ ਦੇ ਆਜ਼ਾਦੀ ਸੰਗ੍ਰਾਮ ਦੀ ਪੂਰੀ ਗਾਥਾ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਆਜ਼ਾਦੀ ਅੰਦੋਲਨ ਦੇ ਕਈ ਗੁੰਮਨਾਮ ਨਾਇਕਾਂ - ਜਿਨ੍ਹਾਂ ਦੇ ਨਾਮ ਕਦੇ ਇਤਿਹਾਸ ਵਿੱਚ ਦਰਜ ਨਹੀਂ ਸਨ - ਦੀ ਪਛਾਣ ਕੀਤੀ ਗਈ, ਉਨ੍ਹਾਂ ਦੇ ਵੇਰਵੇ ਲੱਭੇ ਗਏ, ਉਨ੍ਹਾਂ ਦੇ ਸਨਮਾਨ ਵਿੱਚ ਯਾਦਗਾਰਾਂ ਬਣਾਈਆਂ ਗਈਆਂ, ਦੇਸ਼ ਭਰ ਵਿੱਚ ਅਣਗਿਣਤ ਪ੍ਰੋਗਰਾਮ ਆਯੋਜਿਤ ਕੀਤੇ ਗਏ ਅਤੇ ਦੇਸ਼ ਭਗਤੀ ਦੀ ਇੱਕ ਨਵੀਂ ਲਹਿਰ ਪੈਦਾ ਕਰਨ ਲਈ ਇੱਕ ਠੋਸ ਯਤਨ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ, ਅਜਿਹੇ ਵਿਆਪਕ ਪ੍ਰੋਗਰਾਮ ਆਯੋਜਿਤ ਕੀਤੇ ਗਏ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ 75 ਵਰ੍ਹਿਆਂ ਵਿੱਚ, ਸੱਤਾ ਵਿੱਚ ਆਈ ਹਰ ਸਰਕਾਰ ਨੇ ਦੇਸ਼ ਨੂੰ ਬਹੁਤ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਲੋਕਤੰਤਰ ਨੂੰ ਬਹੁਤ ਮਜ਼ਬੂਤ ​​ਕੀਤਾ ਹੈ, ਅਤੇ ਅੱਜ ਸਾਡੇ ਲੋਕਤੰਤਰ ਦੀਆਂ ਜੜ੍ਹਾਂ ਬਹੁਤ ਮਜ਼ਬੂਤ ​​ਹੋ ਗਈਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਜ਼ਾਦੀ ਦੇ 75ਵੇਂ ਸਾਲ ਤੋਂ ਲੈ ਕੇ 100ਵੇਂ ਸਾਲ ਤੱਕ ਦੇ ਸਮੇਂ ਨੂੰ 'ਅੰਮ੍ਰਿਤ ਕਾਲ' ਦਾ ਨਾਮ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਸਾਹਮਣੇ ਇੱਕ ਸੰਕਲਪ ਰੱਖਿਆ ਹੈ: ਕਿ ਅਸੀਂ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਤੋਂ ਆਜ਼ਾਦੀ ਦੀ ਸ਼ਤਾਬਦੀ ਤੱਕ ਦੇ ਇਸ ਸਮੇਂ ਨੂੰ ਚੁਣੌਤੀਆਂ ਦੇ ਰੂਪ ਵਿੱਚ ਯਾਦ ਰੱਖਣਗੇ। ਜਦੋਂ ਆਜ਼ਾਦੀ ਦੀ ਸ਼ਤਾਬਦੀ ਮਨਾਈ ਜਾਵੇਗੀ, ਤਾਂ ਸਾਡਾ ਦੇਸ਼ ਹਰ ਖੇਤਰ ਵਿੱਚ ਦੁਨੀਆ ਵਿੱਚ ਸਭ ਤੋਂ ਪਹਿਲਾਂ ਖੜ੍ਹਾ ਹੋਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਪ੍ਰਧਾਨ ਮੰਤਰੀ ਮੋਦੀ ਜਾਂ ਕਿਸੇ ਖਾਸ ਰਾਜਨੀਤਿਕ ਪਾਰਟੀ ਦਾ ਸੰਕਲਪ ਨਹੀਂ ਹੈ। ਕੁਝ ਲੋਕ ਇਸ ਨੂੰ ਸਿਰਫ਼ ਇੱਕ ਰਾਜਨੀਤਿਕ ਨਾਅਰਾ ਕਹਿ ਕੇ ਖਾਰਜ ਕਰ ਸਕਦੇ ਹਨ, ਪਰ ਇਹ ਅਸਲ ਵਿੱਚ 140 ਕਰੋੜ ਭਾਰਤੀਆਂ ਦਾ ਸਮੂਹਿਕ ਸੰਕਲਪ ਹੈ, ਅਤੇ ਇਹ ਜ਼ਰੂਰ ਪੂਰਾ ਹੋਵੇਗਾ। ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਇਹ ਕਿਸੇ ਬ੍ਰਹਮ ਸੰਜੋਗ ਤੋਂ ਘੱਟ ਨਹੀਂ ਹੈ ਕਿ ਵੰਦੇ ਮਾਤਰਮ ਦਾ 150ਵਾਂ ਵਰ੍ਹਾ ਠੀਕ ਉਸੇ ਸਮੇਂ ਆ ਗਿਆ ਹੈ ਜਦੋਂ ਅਸੀਂ ਅੰਮ੍ਰਿਤ ਕਾਲ ਮਨਾ ਰਹੇ ਹਾਂ। ਇਸ ਮੀਲ ਮਾਧਿਅਮ ਰਾਹੀਂ ਅਸੀਂ ਇੱਕ ਵਾਰ ਫਿਰ ਦੇਸ਼ ਭਰ ਵਿੱਚ ਦੇਸ਼ ਭਗਤੀ ਦੀ ਲਾਟ ਜਗਾਵਾਂਗੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵੰਦੇ ਮਾਤਰਮ ਕਦੇ ਵੀ ਅਪ੍ਰਾਸੰਗਿਕ ਨਹੀਂ ਰਹੇਗਾ। ਜਦੋਂ ਇਹ ਰਚਿਆ ਗਿਆ ਸੀ ਤਾਂ ਇਸ ਦੀ ਜੋ ਜ਼ਰੂਰਤ ਸੀ, ਅੱਜ ਵੀ ਓਨੀ ਹੀ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ, ਵੰਦੇ ਮਾਤਰਮ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਪ੍ਰੇਰਕ ਸ਼ਕਤੀ ਬਣ ਗਿਆ ਸੀ, ਜਦਕਿ ਇਸ ਅੰਮ੍ਰਿਤ ਕਾਲ ਵਿੱਚ, ਵੰਦੇ ਮਾਤਰਮ ਭਾਰਤ ਨੂੰ ਵਿਕਸਿਤ ਅਤੇ ਮਹਾਨ ਬਣਾਉਣ ਦਾ ਨਾਅਰਾ ਬਣ ਜਾਵੇਗਾ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਸਦਨ ਦੇ ਹਰੇਕ ਮੈਂਬਰ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਉਹ ਇੱਕ ਵਾਰ ਫਿਰ ਹਰ ਬੱਚੇ ਦੇ ਦਿਲ ਵਿੱਚ ਵੰਦੇ ਮਾਤਰਮ ਦੀ ਭਾਵਨਾ ਨੂੰ ਜਗਾਉਣ, ਹਰ ਕਿਸ਼ੋਰ ਦੇ ਮਨ ਵਿੱਚ ਵੰਦੇ ਮਾਤਰਮ ਦਾ ਜਾਪ ਮਜ਼ਬੂਤੀ ਨਾਲ ਸਥਾਪਿਤ ਕਰਨ, ਅਤੇ ਹਰ ਨੌਜਵਾਨ ਨੂੰ ਵੰਦੇ ਮਾਤਰਮ ਦੇ ਸੱਚੇ ਅਰਥ ਦੁਆਰਾ ਪ੍ਰਕਾਸ਼ਿਤ ਮਾਰਗ 'ਤੇ ਆਪਣਾ ਜੀਵਨ ਸਮਰਪਿਤ ਕਰਨ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਦਾ ਜੋਸ਼ੀਲਾ ਨਾਅਰਾ ਉਸ ਭਾਰਤ ਦੀ ਸਿਰਜਣਾ ਪਿੱਛੇ ਪ੍ਰੇਰਕ ਸ਼ਕਤੀ ਬਣਨਾ ਚਾਹੀਦਾ ਹੈ ਜਿਸ ਦਾ ਸੁਪਨਾ ਸਾਡੇ ਆਜ਼ਾਦੀ ਘੁਲਾਟੀਆਂ ਨੇ ਦੇਖਿਆ ਸੀ।

****

ਆਰਕੇ/ਬੀਆਰਕੇ/ਪੀਆਰ/ਪੀਐਸ/ਏਕੇ


(रिलीज़ आईडी: 2201561) आगंतुक पटल : 3
इस विज्ञप्ति को इन भाषाओं में पढ़ें: Khasi , English , Urdu , Marathi , हिन्दी , Assamese , Gujarati , Odia , Telugu , Kannada , Malayalam