ਪ੍ਰਧਾਨ ਮੰਤਰੀ ਦਫਤਰ
ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
06 DEC 2025 8:14PM by PIB Chandigarh
ਤੁਹਾਨੂੰ ਸਾਰਿਆਂ ਨੂੰ ਨਮਸਕਾਰ।
ਇੱਥੇ ਹਿੰਦੁਸਤਾਨ ਟਾਈਮਜ਼ ਸੰਮੇਲਨ ਵਿੱਚ ਦੇਸ਼-ਵਿਦੇਸ਼ ਤੋਂ ਕਈ ਪਤਵੰਤੇ ਹਾਜ਼ਰ ਹਨ। ਮੈਂ ਪ੍ਰਬੰਧਕਾਂ ਅਤੇ ਜਿੰਨੇ ਸਾਥੀਆਂ ਨੇ ਆਪਣੇ ਵਿਚਾਰ ਰੱਖੇ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਹੁਣੇ ਸ਼ੋਭਨਾ ਜੀ ਨੇ ਦੋ ਗੱਲਾਂ ਦੱਸੀਆਂ, ਜਿਨ੍ਹਾਂ ਨੂੰ ਮੈਂ ਨੋਟਿਸ ਕੀਤਾ, ਇੱਕ ਤਾਂ ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਪਿਛਲੀ ਵਾਰ ਆਏ ਸਨ, ਤਾਂ ਇਹ ਸੁਝਾਅ ਦਿੱਤਾ ਸੀ। ਇਸ ਦੇਸ਼ ਵਿੱਚ ਮੀਡੀਆ ਘਰਾਣਿਆਂ ਨੂੰ ਕੰਮ ਦੱਸਣ ਦੀ ਹਿੰਮਤ ਕੋਈ ਨਹੀਂ ਕਰ ਸਕਦਾ। ਪਰ ਮੈਂ ਕੀਤੀ ਸੀ, ਅਤੇ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਸ਼ੋਭਨਾ ਜੀ ਅਤੇ ਉਨ੍ਹਾਂ ਦੀ ਟੀਮ ਨੇ ਬੜੇ ਚਾਅ ਨਾਲ ਇਸ ਕੰਮ ਨੂੰ ਕੀਤਾ। ਅਤੇ ਦੇਸ਼ ਨੂੰ, ਜਦੋਂ ਮੈਂ ਹੁਣੇ ਪ੍ਰਦਰਸ਼ਨੀ ਦੇਖ ਕੇ ਆਇਆ ਹਾਂ, ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਇਸ ਨੂੰ ਜ਼ਰੂਰ ਵੇਖੋ। ਇਨ੍ਹਾਂ ਫੋਟੋਗ੍ਰਾਫਰ ਸਾਥੀਆਂ ਨੇ ਇਸ ਪਲ ਨੂੰ ਅਜਿਹਾ ਫੜਿਆ ਹੈ ਕਿ ਪਲ ਨੂੰ ਅਮਰ ਬਣਾ ਦਿੱਤਾ ਹੈ। ਦੂਜੀ ਗੱਲ ਉਨ੍ਹਾਂ ਨੇ ਕਹੀ ਅਤੇ ਉਹ ਵੀ ਜ਼ਰਾ ਮੈਂ ਸ਼ਬਦਾਂ ਨੂੰ ਜਿਵੇਂ ਮੈਂ ਸਮਝ ਰਿਹਾ ਹਾਂ, ਉਨ੍ਹਾਂ ਨੇ ਕਿਹਾ ਕਿ ਤੁਸੀਂ ਅੱਗੇ ਵੀ, ਇੱਕ ਤਾਂ ਇਹ ਕਹਿ ਸਕਦੀ ਸੀ, ਕਿ ਤੁਸੀਂ ਅੱਗੇ ਵੀ ਦੇਸ਼ ਦੀ ਸੇਵਾ ਕਰਦੇ ਰਹੋ, ਪਰ ਹਿੰਦੁਸਤਾਨ ਟਾਈਮਜ਼ ਇਹ ਕਹੇ, ਤੁਸੀਂ ਅੱਗੇ ਵੀ ਅਜਿਹੀ ਹੀ ਸੇਵਾ ਕਰਦੇ ਰਹੋ, ਮੈਂ ਇਸ ਲਈ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ।
ਸਾਥੀਓ,
ਇਸ ਵਾਰ ਸੰਮੇਲਨ ਦਾ ਵਿਸ਼ਾ ਹੈ- ਆਉਣ ਵਾਲੇ ਕੱਲ੍ਹ ਨੂੰ ਬਦਲਣਾ (ਟਰਾਂਸਫੋਰਮਿੰਗ ਟੁਮਾਰੋ)। ਮੈਂ ਸਮਝਦਾ ਹਾਂ ਜਿਸ ਹਿੰਦੁਸਤਾਨ ਅਖ਼ਬਾਰ ਦਾ 101 ਸਾਲ ਦਾ ਇਤਿਹਾਸ ਹੈ, ਜਿਸ ਅਖ਼ਬਾਰ 'ਤੇ ਮਹਾਤਮਾ ਗਾਂਧੀ ਜੀ, ਮਦਨ ਮੋਹਨ ਮਾਲਵੀਆ ਜੀ, ਘਣਸ਼ਿਆਮਦਾਸ ਬਿਰਲਾ ਜੀ, ਅਜਿਹੇ ਅਣਗਿਣਤ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਰਿਹਾ, ਉਹ ਅਖ਼ਬਾਰ ਜਦੋਂ ਭਵਿੱਖ ਨੂੰ ਸੰਵਾਰਨ ਦੀ ਚਰਚਾ ਕਰਦਾ ਹੈ, ਤਾਂ ਦੇਸ਼ ਨੂੰ ਇਹ ਭਰੋਸਾ ਮਿਲਦਾ ਹੈ ਕਿ ਭਾਰਤ ਵਿੱਚ ਹੋ ਰਿਹਾ ਬਦਲਾਅ ਸਿਰਫ ਸੰਭਾਵਨਾਵਾਂ ਦੀ ਗੱਲ ਨਹੀਂ ਹੈ, ਸਗੋਂ ਇਹ ਬਦਲਦੇ ਹੋਏ ਜੀਵਨ, ਬਦਲਦੀ ਹੋਈ ਸੋਚ ਅਤੇ ਬਦਲਦੀ ਹੋਈ ਦਿਸ਼ਾ ਦੀ ਸੱਚੀ ਗਾਥਾ ਹੈ।
ਸਾਥੀਓ,
ਅੱਜ ਸਾਡੇ ਸੰਵਿਧਾਨ ਦੇ ਮੁੱਖ ਨਿਰਮਾਤਾ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦਾ ਮਹਾ-ਪ੍ਰੀਨਿਰਵਾਣ ਦਿਵਸ ਵੀ ਹੈ। ਮੈਂ ਸਾਰੇ ਭਾਰਤੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।
ਦੋਸਤੋ,
ਅੱਜ ਅਸੀਂ ਉਸ ਮੁਕਾਮ 'ਤੇ ਖੜ੍ਹੇ ਹਾਂ, ਜਦੋਂ 21ਵੀਂ ਸਦੀ ਦਾ ਇੱਕ ਚੌਥਾਈ ਹਿੱਸਾ ਬੀਤ ਚੁੱਕਾ ਹੈ। ਇਨ੍ਹਾਂ 25 ਸਾਲਾਂ ਵਿੱਚ ਦੁਨੀਆ ਨੇ ਕਈ ਉਤਰਾਅ-ਚੜ੍ਹਾਅ ਵੇਖੇ ਹਨ। ਵਿੱਤੀ ਸੰਕਟ ਵੇਖੇ ਹਨ, ਵਿਸ਼ਵ-ਵਿਆਪੀ ਮਹਾਂਮਾਰੀ ਵੇਖੀ ਹੈ, ਤਕਨਾਲੋਜੀ ਨਾਲ ਜੁੜੀਆਂ ਰੁਕਾਵਟਾਂ ਵੇਖੀਆਂ ਹਨ, ਅਸੀਂ ਖਿੰਡਦੀ ਹੋਈ ਦੁਨੀਆ ਵੀ ਵੇਖੀ ਹੈ, ਜੰਗਾਂ ਵੀ ਵੇਖ ਰਹੇ ਹਾਂ। ਇਹ ਸਾਰੀਆਂ ਸਥਿਤੀਆਂ ਕਿਸੇ ਨਾ ਕਿਸੇ ਰੂਪ ਵਿੱਚ ਦੁਨੀਆ ਨੂੰ ਚੁਣੌਤੀ ਦੇ ਰਹੀਆਂ ਹਨ। ਅੱਜ ਦੁਨੀਆ ਬੇਯਕੀਨੀਆਂ ਨਾਲ ਭਰੀ ਹੋਈ ਹੈ। ਪਰ ਬੇਯਕੀਨੀਆਂ ਨਾਲ ਭਰੇ ਇਸ ਦੌਰ ਵਿੱਚ ਸਾਡਾ ਭਾਰਤ ਇੱਕ ਵੱਖਰੀ ਹੀ ਕਤਾਰ ਵਿੱਚ ਦਿਸ ਰਿਹਾ ਹੈ, ਭਾਰਤ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਜਦੋਂ ਦੁਨੀਆ ਵਿੱਚ ਮੰਦੀ ਦੀ ਗੱਲ ਹੁੰਦੀ ਹੈ, ਉਦੋਂ ਭਾਰਤ ਤਰੱਕੀ ਦੀ ਕਹਾਣੀ ਲਿਖਦਾ ਹੈ। ਜਦੋਂ ਦੁਨੀਆ ਵਿੱਚ ਭਰੋਸੇ ਦਾ ਸੰਕਟ ਦਿਸਦਾ ਹੈ, ਉਦੋਂ ਭਾਰਤ ਭਰੋਸੇ ਦਾ ਥੰਮ੍ਹ ਬਣ ਰਿਹਾ ਹੈ। ਜਦੋਂ ਦੁਨੀਆ ਖਿੰਡਾਅ ਵੱਲ ਜਾ ਰਹੀ ਹੈ, ਉਦੋਂ ਭਾਰਤ ਪੁਲ ਉਸਾਰਨ ਵਾਲਾ ਬਣ ਰਿਹਾ ਹੈ।
ਸਾਥੀਓ,
ਹੁਣੇ ਕੁਝ ਦਿਨ ਪਹਿਲਾਂ ਭਾਰਤ ਵਿੱਚ ਦੂਜੀ ਤਿਮਾਹੀ ਦੇ ਜੀਡੀਪੀ ਅੰਕੜੇ ਆਏ ਹਨ। ਅੱਠ ਫੀਸਦੀ ਤੋਂ ਜ਼ਿਆਦਾ ਦੀ ਵਿਕਾਸ ਦਰ ਸਾਡੀ ਤਰੱਕੀ ਦੀ ਨਵੀਂ ਰਫ਼ਤਾਰ ਦਾ ਪਰਛਾਵਾਂ ਹੈ।
ਸਾਥੀਓ,
ਇਹ ਸਿਰਫ਼ ਇੱਕ ਨੰਬਰ ਨਹੀਂ ਹੈ, ਇਹ ਮਜ਼ਬੂਤ ਆਰਥਿਕ ਸੰਕੇਤ ਹੈ। ਇਹ ਸੁਨੇਹਾ ਹੈ ਕਿ ਭਾਰਤ ਅੱਜ ਵਿਸ਼ਵ-ਵਿਆਪੀ ਅਰਥ-ਵਿਵਸਥਾ ਦਾ ਵਿਕਾਸ ਇੰਜਣ ਬਣ ਰਿਹਾ ਹੈ। ਅਤੇ ਸਾਡੇ ਇਹ ਅੰਕੜੇ ਉਦੋਂ ਹਨ, ਜਦੋਂ ਵਿਸ਼ਵ-ਵਿਆਪੀ ਵਿਕਾਸ 3 ਫੀਸਦੀ ਦੇ ਨੇੜੇ-ਤੇੜੇ ਹੈ। ਜੀ-7 ਦੀਆਂ ਅਰਥ-ਵਿਵਸਥਾਵਾਂ ਔਸਤਨ ਡੇਢ ਫੀਸਦੀ ਦੇ ਨੇੜੇ-ਤੇੜੇ ਹਨ, 1.5 ਫੀਸਦੀ। ਇਨ੍ਹਾਂ ਹਾਲਾਤ ਵਿੱਚ ਭਾਰਤ ਤੇਜ਼ ਵਿਕਾਸ ਅਤੇ ਘੱਟ ਮਹਿੰਗਾਈ ਦਾ ਨਮੂਨਾ ਬਣਿਆ ਹੋਇਆ ਹੈ। ਇੱਕ ਸਮਾਂ ਸੀ, ਜਦੋਂ ਸਾਡੇ ਦੇਸ਼ ਵਿੱਚ ਖ਼ਾਸ ਕਰਕੇ ਅਰਥਸ਼ਾਸਤਰੀ ਵਧੇਰੇ ਮਹਿੰਗਾਈ ਨੂੰ ਲੈ ਕੇ ਚਿੰਤਾ ਜਤਾਉਂਦੇ ਸਨ। ਅੱਜ ਉਹੀ ਮਹਿੰਗਾਈ ਘੱਟ ਹੋਣ ਦੀ ਗੱਲ ਕਰਦੇ ਹਨ।
ਸਾਥੀਓ,
ਭਾਰਤ ਦੀਆਂ ਇਹ ਪ੍ਰਾਪਤੀਆਂ ਆਮ ਗੱਲ ਨਹੀਂ ਹਨ। ਇਹ ਸਿਰਫ਼ ਅੰਕੜਿਆਂ ਦੀ ਗੱਲ ਨਹੀਂ ਹੈ, ਇਹ ਬੁਨਿਆਦੀ ਬਦਲਾਅ ਹੈ, ਜੋ ਬੀਤੇ ਦਹਾਕੇ ਵਿੱਚ ਭਾਰਤ ਲੈ ਕੇ ਆਇਆ ਹੈ। ਇਹ ਬੁਨਿਆਦੀ ਬਦਲਾਅ ਲਚਕੀਲੇਪਣ ਦਾ ਹੈ, ਇਹ ਬਦਲਾਅ ਸਮੱਸਿਆਵਾਂ ਦੇ ਹੱਲ ਦੀ ਬਿਰਤੀ ਦਾ ਹੈ, ਇਹ ਬਦਲਾਅ ਸ਼ੰਕਾਵਾਂ ਦੇ ਬੱਦਲਾਂ ਨੂੰ ਹਟਾ ਕੇ, ਇੱਛਾਵਾਂ ਦੇ ਵਿਸਤਾਰ ਦਾ ਹੈ, ਅਤੇ ਇਸੇ ਕਰਕੇ ਅੱਜ ਦਾ ਭਾਰਤ ਖੁਦ ਵੀ ਬਦਲ ਰਿਹਾ ਹੈ, ਅਤੇ ਆਉਣ ਵਾਲੇ ਕੱਲ੍ਹ ਨੂੰ ਵੀ ਬਦਲ ਰਿਹਾ ਹੈ।
ਸਾਥੀਓ,
ਅੱਜ ਜਦੋਂ ਅਸੀਂ ਇੱਥੇ ਭਵਿੱਖ ਸੰਵਾਰਨ ਦੀ ਚਰਚਾ ਕਰ ਰਹੇ ਹਾਂ, ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਕਾਇਆ-ਕਲਪ ਦਾ ਜੋ ਵਿਸ਼ਵਾਸ ਪੈਦਾ ਹੋਇਆ ਹੈ, ਉਸ ਦਾ ਆਧਾਰ ਵਰਤਮਾਨ ਵਿੱਚ ਹੋ ਰਹੇ ਕੰਮਾਂ ਦੀ, ਅੱਜ ਹੋ ਰਹੇ ਕੰਮਾਂ ਦੀ ਇੱਕ ਮਜ਼ਬੂਤ ਨੀਂਹ ਹੈ। ਅੱਜ ਦੇ ਸੁਧਾਰ ਅਤੇ ਅੱਜ ਦੀ ਕਾਰਗੁਜ਼ਾਰੀ, ਸਾਡੇ ਭਲਕ ਦੀ ਤਬਦੀਲੀ ਦਾ ਰਾਹ ਬਣਾ ਰਹੇ ਹਨ। ਮੈਂ ਤੁਹਾਨੂੰ ਇੱਕ ਉਦਾਹਰਣ ਦੇਵਾਂਗਾ ਕਿ ਅਸੀਂ ਕਿਸ ਸੋਚ ਨਾਲ ਕੰਮ ਕਰ ਰਹੇ ਹਾਂ।
ਸਾਥੀਓ,
ਤੁਸੀਂ ਵੀ ਜਾਣਦੇ ਹੋ ਕਿ ਭਾਰਤ ਦੀ ਸਮਰੱਥਾ ਦਾ ਇੱਕ ਵੱਡਾ ਹਿੱਸਾ ਲੰਬੇ ਸਮੇਂ ਤੱਕ ਅਣਵਰਤਿਆ ਰਿਹਾ ਹੈ। ਜਦੋਂ ਦੇਸ਼ ਦੀ ਇਸ ਅਣਵਰਤੀ ਸਮਰੱਥਾ ਨੂੰ ਵੱਧ ਤੋਂ ਵੱਧ ਮੌਕੇ ਮਿਲਣਗੇ, ਜਦੋਂ ਉਹ ਪੂਰੀ ਊਰਜਾ ਨਾਲ, ਬਿਨਾਂ ਕਿਸੇ ਰੁਕਾਵਟ ਦੇ ਦੇਸ਼ ਦੇ ਵਿਕਾਸ ਵਿੱਚ ਭਾਈਵਾਲ ਬਣਨਗੇ, ਤਾਂ ਦੇਸ਼ ਦੀ ਕਾਇਆ-ਕਲਪ ਹੋਣੀ ਤੈਅ ਹੈ। ਤੁਸੀਂ ਸੋਚੋ, ਸਾਡਾ ਪੂਰਬੀ ਭਾਰਤ, ਸਾਡਾ ਉੱਤਰ ਪੂਰਬ, ਸਾਡੇ ਪਿੰਡ, ਸਾਡੇ ਛੋਟੇ ਅਤੇ ਦਰਮਿਆਨੇ ਸ਼ਹਿਰ, ਸਾਡੇ ਦੇਸ਼ ਦੀ ਨਾਰੀ ਸ਼ਕਤੀ, ਭਾਰਤ ਦੀ ਨਵੀਨਤਾਕਾਰੀ ਯੁਵਾ ਸ਼ਕਤੀ, ਭਾਰਤ ਦੀ ਸਮੁੰਦਰੀ ਸ਼ਕਤੀ, ਨੀਲੀ ਅਰਥ-ਵਿਵਸਥਾ, ਭਾਰਤ ਦਾ ਪੁਲਾੜ ਖੇਤਰ, ਕਿੰਨਾ ਕੁਝ ਹੈ, ਜਿਸ ਦੀ ਪੂਰੀ ਸਮਰੱਥਾ ਦੀ ਵਰਤੋਂ ਪਹਿਲਾਂ ਦੇ ਦਹਾਕਿਆਂ ਵਿੱਚ ਹੋ ਹੀ ਨਹੀਂ ਸਕੀ। ਹੁਣ ਅੱਜ ਭਾਰਤ ਇਸ ਅਣਵਰਤੀ ਸਮਰੱਥਾ ਨੂੰ ਵਰਤਣ ਦੇ ਨਜ਼ਰੀਏ ਨਾਲ ਅੱਗੇ ਵਧ ਰਿਹਾ ਹੈ। ਅੱਜ ਪੂਰਬੀ ਭਾਰਤ ਵਿੱਚ ਆਧੁਨਿਕ ਬੁਨਿਆਦੀ ਢਾਂਚਾ, ਸੰਪਰਕ ਅਤੇ ਉਦਯੋਗ 'ਤੇ ਬੇਮਿਸਾਲ ਨਿਵੇਸ਼ ਹੋ ਰਿਹਾ ਹੈ। ਅੱਜ ਸਾਡੇ ਪਿੰਡ, ਸਾਡੇ ਛੋਟੇ ਸ਼ਹਿਰ ਵੀ ਆਧੁਨਿਕ ਸਹੂਲਤਾਂ ਨਾਲ ਲੈਸ ਹੋ ਰਹੇ ਹਨ। ਸਾਡੇ ਛੋਟੇ ਸ਼ਹਿਰ, ਨਵੇਂ ਉੱਦਮਾਂ ਅਤੇ ਲਘੂ ਉਦਯੋਗਾਂ ਦੇ ਨਵੇਂ ਕੇਂਦਰ ਬਣ ਰਹੇ ਹਨ। ਸਾਡੇ ਪਿੰਡਾਂ ਵਿੱਚ ਕਿਸਾਨ ਉਤਪਾਦਕ ਸੰਗਠਨ ਬਣਾ ਕੇ ਸਿੱਧੇ ਮੰਡੀ ਨਾਲ ਜੁੜਨ, ਅਤੇ ਕੁਝ ਤਾਂ ਅਜਿਹੇ ਸੰਗਠਨ ਵਿਸ਼ਵ-ਵਿਆਪੀ ਬਾਜ਼ਾਰ ਨਾਲ ਜੁੜ ਰਹੇ ਹਨ।
ਸਾਥੀਓ,
ਭਾਰਤ ਦੀ ਨਾਰੀ ਸ਼ਕਤੀ ਤਾਂ ਅੱਜ ਕਮਾਲ ਕਰ ਰਹੀ ਹੈ। ਸਾਡੀਆਂ ਧੀਆਂ ਅੱਜ ਹਰ ਖੇਤਰ ਵਿੱਚ ਛਾ ਰਹੀਆਂ ਹਨ। ਇਹ ਬਦਲਾਅ ਹੁਣ ਸਿਰਫ਼ ਮਹਿਲਾ ਸਸ਼ਕਤੀਕਰਨ ਤੱਕ ਸੀਮਤ ਨਹੀਂ ਹੈ, ਇਹ ਸਮਾਜ ਦੀ ਸੋਚ ਅਤੇ ਸਮਰੱਥਾ, ਦੋਵਾਂ ਨੂੰ ਬਦਲ ਰਿਹਾ ਹੈ।
ਸਾਥੀਓ,
ਜਦੋਂ ਨਵੇਂ ਮੌਕੇ ਬਣਦੇ ਹਨ, ਜਦੋਂ ਰੁਕਾਵਟਾਂ ਹਟਦੀਆਂ ਹਨ, ਤਾਂ ਅਸਮਾਨ ਵਿੱਚ ਉੱਡਣ ਲਈ ਨਵੇਂ ਖੰਭ ਵੀ ਲੱਗ ਜਾਂਦੇ ਹਨ। ਇਸ ਦੀ ਇੱਕ ਉਦਾਹਰਣ ਭਾਰਤ ਦਾ ਪੁਲਾੜ ਖੇਤਰ ਵੀ ਹੈ। ਪਹਿਲਾਂ ਪੁਲਾੜ ਖੇਤਰ ਸਰਕਾਰੀ ਕੰਟਰੋਲ ਵਿੱਚ ਹੀ ਸੀ। ਪਰ ਅਸੀਂ ਪੁਲਾੜ ਖੇਤਰ ਵਿੱਚ ਸੁਧਾਰ ਕੀਤਾ, ਉਸ ਨੂੰ ਨਿੱਜੀ ਖੇਤਰ ਲਈ ਖੋਲ੍ਹਿਆ, ਅਤੇ ਇਸ ਦੇ ਨਤੀਜੇ ਅੱਜ ਦੇਸ਼ ਵੇਖ ਰਿਹਾ ਹੈ। ਹੁਣੇ 10-11 ਦਿਨ ਪਹਿਲਾਂ ਮੈਂ ਹੈਦਰਾਬਾਦ ਵਿੱਚ ਸਕਾਈਰੂਟ ਦੇ ਇਨਫਿਨਿਟੀ ਕੈਂਪਸ ਦਾ ਉਦਘਾਟਨ ਕੀਤਾ ਹੈ। ਸਕਾਈਰੂਟ ਭਾਰਤ ਦੀ ਨਿੱਜੀ ਪੁਲਾੜ ਕੰਪਨੀ ਹੈ। ਇਹ ਕੰਪਨੀ ਹਰ ਮਹੀਨੇ ਇੱਕ ਰਾਕੇਟ ਬਣਾਉਣ ਦੀ ਸਮਰੱਥਾ 'ਤੇ ਕੰਮ ਕਰ ਰਹੀ ਹੈ। ਇਹ ਕੰਪਨੀ ਉਡਾਣ ਲਈ ਤਿਆਰ ਵਿਕਰਮ-ਵਨ ਬਣਾ ਰਹੀ ਹੈ। ਸਰਕਾਰ ਨੇ ਮੰਚ ਦਿੱਤਾ ਅਤੇ ਭਾਰਤ ਦਾ ਨੌਜਵਾਨ ਉਸ 'ਤੇ ਨਵਾਂ ਭਵਿੱਖ ਬਣਾ ਰਿਹਾ ਹੈ, ਅਤੇ ਇਹੀ ਤਾਂ ਅਸਲੀ ਤਬਦੀਲੀ ਹੈ।
ਸਾਥੀਓ,
ਭਾਰਤ ਵਿੱਚ ਆਏ ਇੱਕ ਹੋਰ ਬਦਲਾਅ ਦੀ ਚਰਚਾ ਮੈਂ ਇੱਥੇ ਕਰਨੀ ਜ਼ਰੂਰੀ ਸਮਝਦਾ ਹਾਂ। ਇੱਕ ਸਮਾਂ ਸੀ, ਜਦੋਂ ਭਾਰਤ ਵਿੱਚ ਸੁਧਾਰ, ਪ੍ਰਤੀਕਿਰਿਆਵਾਦੀ ਹੁੰਦੇ ਸਨ। ਭਾਵ ਕਿ ਵੱਡੇ ਫੈਸਲਿਆਂ ਦੇ ਪਿੱਛੇ ਜਾਂ ਤਾਂ ਕੋਈ ਸਿਆਸੀ ਸਵਾਰਥ ਹੁੰਦਾ ਸੀ ਜਾਂ ਫਿਰ ਕਿਸੇ ਸੰਕਟ ਨੂੰ ਸੰਭਾਲਣਾ ਹੁੰਦਾ ਸੀ। ਪਰ ਅੱਜ ਰਾਸ਼ਟਰੀ ਟੀਚਿਆਂ ਨੂੰ ਵੇਖਦੇ ਹੋਏ ਸੁਧਾਰ ਹੁੰਦੇ ਹਨ, ਨਿਸ਼ਾਨਾ ਤੈਅ ਹੈ। ਤੁਸੀਂ ਵੇਖੋ, ਦੇਸ਼ ਦੇ ਹਰ ਖੇਤਰ ਵਿੱਚ ਕੁਝ ਨਾ ਕੁਝ ਬਿਹਤਰ ਹੋ ਰਿਹਾ ਹੈ, ਸਾਡੀ ਗਤੀ ਲਗਾਤਾਰ ਹੈ, ਸਾਡੀ ਦਿਸ਼ਾ ਇੱਕਸਾਰ ਹੈ, ਅਤੇ ਸਾਡਾ ਇਰਾਦਾ, ਰਾਸ਼ਟਰ ਸਭ ਤੋਂ ਪਹਿਲਾਂ ਦਾ ਹੈ। 2025 ਦਾ ਤਾਂ ਇਹ ਪੂਰਾ ਸਾਲ ਅਜਿਹੇ ਹੀ ਸੁਧਾਰਾਂ ਦਾ ਸਾਲ ਰਿਹਾ ਹੈ। ਸਭ ਤੋਂ ਵੱਡਾ ਸੁਧਾਰ ਅਗਲੀ ਪੀੜ੍ਹੀ ਜੀਐੱਸਟੀ ਦਾ ਸੀ। ਅਤੇ ਇਨ੍ਹਾਂ ਸੁਧਾਰਾਂ ਦਾ ਅਸਰ ਕੀ ਹੋਇਆ, ਉਹ ਸਾਰੇ ਦੇਸ਼ ਨੇ ਵੇਖਿਆ ਹੈ। ਇਸੇ ਸਾਲ ਪ੍ਰਤੱਖ ਟੈਕਸ ਪ੍ਰਣਾਲੀ ਵਿੱਚ ਵੀ ਬਹੁਤ ਵੱਡਾ ਸੁਧਾਰ ਹੋਇਆ ਹੈ। 12 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ, ਇਹ ਇੱਕ ਅਜਿਹਾ ਕਦਮ ਰਿਹਾ, ਜਿਸ ਬਾਰੇ ਇੱਕ ਦਹਾਕਾ ਪਹਿਲਾਂ ਤੱਕ ਸੋਚਣਾ ਵੀ ਅਸੰਭਵ ਸੀ।
ਸਾਥੀਓ,
ਸੁਧਾਰ ਦੇ ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ, ਹੁਣੇ ਤਿੰਨ-ਚਾਰ ਦਿਨ ਪਹਿਲਾਂ ਹੀ ਛੋਟੀ ਕੰਪਨੀ ਦੀ ਪਰਿਭਾਸ਼ਾ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਨਾਲ ਹਜ਼ਾਰਾਂ ਕੰਪਨੀਆਂ ਹੁਣ ਆਸਾਨ ਨਿਯਮਾਂ, ਤੇਜ਼ ਪ੍ਰਕਿਰਿਆਵਾਂ ਅਤੇ ਬਿਹਤਰ ਸਹੂਲਤਾਂ ਦੇ ਘੇਰੇ ਵਿੱਚ ਆ ਗਈਆਂ ਹਨ। ਅਸੀਂ ਕਰੀਬ 200 ਉਤਪਾਦ ਸ਼੍ਰੇਣੀਆਂ ਨੂੰ ਲਾਜ਼ਮੀ ਗੁਣਵੱਤਾ ਕੰਟਰੋਲ ਆਰਡਰ ਤੋਂ ਬਾਹਰ ਵੀ ਕਰ ਦਿੱਤਾ ਹੈ।
ਸਾਥੀਓ,
ਅੱਜ ਦੇ ਭਾਰਤ ਦੀ ਇਹ ਯਾਤਰਾ, ਸਿਰਫ਼ ਵਿਕਾਸ ਦੀ ਨਹੀਂ ਹੈ। ਇਹ ਸੋਚ ਵਿੱਚ ਬਦਲਾਅ ਦੀ ਵੀ ਯਾਤਰਾ ਹੈ, ਇਹ ਮਨੋਵਿਗਿਆਨਕ ਪੁਨਰਜਾਗਰਣ ਦੀ ਵੀ ਯਾਤਰਾ ਹੈ। ਤੁਸੀਂ ਵੀ ਜਾਣਦੇ ਹੋ, ਕੋਈ ਵੀ ਦੇਸ਼ ਬਿਨਾਂ ਆਤਮ-ਵਿਸ਼ਵਾਸ ਦੇ ਅੱਗੇ ਨਹੀਂ ਵਧ ਸਕਦਾ। ਬਦਕਿਸਮਤੀ ਨਾਲ ਲੰਬੀ ਗ਼ੁਲਾਮੀ ਨੇ ਭਾਰਤ ਦੇ ਇਸੇ ਆਤਮ-ਵਿਸ਼ਵਾਸ ਨੂੰ ਹਿਲਾ ਦਿੱਤਾ ਸੀ। ਅਤੇ ਇਸ ਦਾ ਕਾਰਨ ਸੀ, ਗ਼ੁਲਾਮੀ ਦੀ ਮਾਨਸਿਕਤਾ। ਗ਼ੁਲਾਮੀ ਦੀ ਇਹ ਮਾਨਸਿਕਤਾ, ਵਿਕਸਤ ਭਾਰਤ ਦੇ ਟੀਚੇ ਦੀ ਪ੍ਰਾਪਤੀ ਵਿੱਚ ਇੱਕ ਬਹੁਤ ਵੱਡੀ ਰੁਕਾਵਟ ਹੈ। ਅਤੇ ਇਸ ਲਈ, ਅੱਜ ਦਾ ਭਾਰਤ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਪਾਉਣ ਲਈ ਕੰਮ ਕਰ ਰਿਹਾ ਹੈ।
ਸਾਥੀਓ,
ਅੰਗਰੇਜ਼ਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਭਾਰਤ 'ਤੇ ਲੰਬੇ ਸਮੇਂ ਤੱਕ ਰਾਜ ਕਰਨਾ ਹੈ, ਤਾਂ ਉਨ੍ਹਾਂ ਨੂੰ ਭਾਰਤੀਆਂ ਕੋਲੋਂ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਖੋਹਣਾ ਪਵੇਗਾ, ਭਾਰਤੀਆਂ ਵਿੱਚ ਹੀਣ ਭਾਵਨਾ ਦਾ ਸੰਚਾਰ ਕਰਨਾ ਪਵੇਗਾ। ਅਤੇ ਉਸ ਦੌਰ ਵਿੱਚ ਅੰਗਰੇਜ਼ਾਂ ਨੇ ਇਹ ਕੀਤਾ ਵੀ। ਇਸ ਲਈ, ਭਾਰਤੀ ਪਰਿਵਾਰਕ ਢਾਂਚੇ ਨੂੰ ਰੂੜੀਵਾਦੀ ਦੱਸਿਆ ਗਿਆ, ਭਾਰਤੀ ਪਹਿਰਾਵੇ ਨੂੰ ਗੈਰ-ਪੇਸ਼ਾਵਰ ਕਰਾਰ ਦਿੱਤਾ ਗਿਆ, ਭਾਰਤੀ ਤਿਉਹਾਰ-ਸਭਿਆਚਾਰ ਨੂੰ ਤਰਕਹੀਣ ਕਿਹਾ ਗਿਆ, ਯੋਗ-ਆਯੁਰਵੇਦ ਨੂੰ ਅਵਿਗਿਆਨਕ ਦੱਸ ਦਿੱਤਾ ਗਿਆ, ਭਾਰਤੀ ਖੋਜਾਂ ਦਾ ਮਜ਼ਾਕ ਉਡਾਇਆ ਗਿਆ ਅਤੇ ਇਹ ਗੱਲਾਂ ਕਈ-ਕਈ ਦਹਾਕਿਆਂ ਤੱਕ ਲਗਾਤਾਰ ਦੁਹਰਾਈਆਂ ਗਈਆਂ, ਪੀੜ੍ਹੀ ਦਰ ਪੀੜ੍ਹੀ ਇਹ ਚੱਲਦਾ ਗਿਆ, ਉਹੀ ਪੜ੍ਹਿਆ, ਉਹੀ ਪੜ੍ਹਾਇਆ ਗਿਆ। ਅਤੇ ਅਜਿਹੇ ਹੀ ਭਾਰਤੀਆਂ ਦਾ ਆਤਮ-ਵਿਸ਼ਵਾਸ ਚਕਨਾਚੂਰ ਹੋ ਗਿਆ।
ਸਾਥੀਓ,
ਗ਼ੁਲਾਮੀ ਦੀ ਇਸ ਮਾਨਸਿਕਤਾ ਦਾ ਕਿੰਨਾ ਵਿਆਪਕ ਅਸਰ ਹੋਇਆ ਹੈ, ਮੈਂ ਇਸ ਦੀਆਂ ਕੁਝ ਉਦਾਹਰਣਾਂ ਤੁਹਾਨੂੰ ਦੇਣਾ ਚਾਹੁੰਦਾ ਹਾਂ। ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਵੱਡੀ ਅਰਥ-ਵਿਵਸਥਾ ਹੈ, ਕੋਈ ਭਾਰਤ ਨੂੰ ਵਿਸ਼ਵ-ਵਿਆਪੀ ਵਿਕਾਸ ਦਾ ਇੰਜਣ ਦੱਸਦਾ ਹੈ, ਕੋਈ ਵਿਸ਼ਵ-ਵਿਆਪੀ ਸ਼ਕਤੀ-ਕੇਂਦਰ ਕਹਿੰਦਾ ਹੈ, ਇੱਕ ਤੋਂ ਵਧ ਕੇ ਇੱਕ ਗੱਲਾਂ ਅੱਜ ਹੋ ਰਹੀਆਂ ਹਨ।
ਪਰ ਸਾਥੀਓ,
ਅੱਜ ਭਾਰਤ ਦੀ ਜੋ ਤੇਜ਼ ਤਰੱਕੀ ਹੋ ਰਹੀ ਹੈ, ਕੀ ਕਿਤੇ ਤੁਸੀਂ ਪੜ੍ਹਿਆ? ਕੀ ਕਿਤੇ ਤੁਸੀਂ ਸੁਣਿਆ? ਕੀ ਇਸ ਨੂੰ ਕੋਈ ਹਿੰਦੂ ਵਿਕਾਸ ਦਰ ਕਹਿੰਦਾ ਹੈ? ਦੁਨੀਆ ਦੀ ਤੇਜ਼ ਅਰਥਵਿਵਸਥਾ, ਤੇਜ਼ ਤਰੱਕੀ, ਕੋਈ ਕਹਿੰਦਾ ਹੈ ਕੀ? ਹਿੰਦੂ ਵਿਕਾਸ ਦਰ ਕਦੋਂ ਕਿਹਾ ਗਿਆ? ਜਦੋਂ ਭਾਰਤ, ਦੋ-ਤਿੰਨ ਫੀਸਦੀ ਦੀ ਤਰੱਕੀ ਲਈ ਤਰਸ ਗਿਆ ਸੀ। ਤੁਹਾਨੂੰ ਕੀ ਲੱਗਦਾ ਹੈ, ਕਿਸੇ ਦੇਸ਼ ਦੀ ਆਰਥਿਕ ਤਰੱਕੀ ਨੂੰ ਉਸ ਵਿੱਚ ਰਹਿਣ ਵਾਲੇ ਲੋਕਾਂ ਦੀ ਆਸਥਾ ਨਾਲ ਜੋੜਨਾ, ਉਨ੍ਹਾਂ ਦੀ ਪਛਾਣ ਨਾਲ ਜੋੜਨਾ, ਕੀ ਇਹ ਅਚਾਨਕ ਹੀ ਹੋਇਆ ਹੋਵੇਗਾ? ਜੀ ਨਹੀਂ, ਇਹ ਗ਼ੁਲਾਮੀ ਦੀ ਮਾਨਸਿਕਤਾ ਦਾ ਪਰਛਾਵਾਂ ਸੀ। ਇੱਕ ਪੂਰੇ ਸਮਾਜ, ਇੱਕ ਪੂਰੀ ਪਰੰਪਰਾ ਨੂੰ, ਨਾ-ਕਾਬਲੀਅਤ ਦਾ, ਗਰੀਬੀ ਦਾ ਸਮਾਨਾਰਥੀ ਬਣਾ ਦਿੱਤਾ ਗਿਆ। ਭਾਵ ਕਿ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਭਾਰਤ ਦੀ ਧੀਮੀ ਵਿਕਾਸ ਦਰ ਦਾ ਕਾਰਨ, ਸਾਡੀ ਹਿੰਦੂ ਸਭਿਅਤਾ ਅਤੇ ਹਿੰਦੂ ਸਭਿਆਚਾਰ ਹੈ। ਅਤੇ ਹੱਦ ਵੇਖੋ, ਅੱਜ ਜੋ ਅਖੌਤੀ ਬੁੱਧੀਜੀਵੀ ਹਰ ਚੀਜ਼ ਵਿੱਚ, ਹਰ ਗੱਲ ਵਿੱਚ ਫਿਰਕਾਪ੍ਰਸਤੀ ਲੱਭਦੇ ਰਹਿੰਦੇ ਹਨ, ਉਨ੍ਹਾਂ ਨੂੰ ਹਿੰਦੂ ਵਿਕਾਸ ਦਰ ਵਿੱਚ ਫਿਰਕਾਪ੍ਰਸਤੀ ਨਜ਼ਰ ਨਹੀਂ ਆਈ। ਇਹ ਸ਼ਬਦ, ਉਨ੍ਹਾਂ ਦੇ ਦੌਰ ਵਿੱਚ ਕਿਤਾਬਾਂ ਦਾ, ਖੋਜ ਪੱਤਰਾਂ ਦਾ ਹਿੱਸਾ ਬਣਾ ਦਿੱਤਾ ਗਿਆ।
ਸਾਥੀਓ,
ਗ਼ੁਲਾਮੀ ਦੀ ਮਾਨਸਿਕਤਾ ਨੇ ਭਾਰਤ ਵਿੱਚ ਉਤਪਾਦਨ ਪ੍ਰਣਾਲੀ ਨੂੰ ਕਿਵੇਂ ਤਬਾਹ ਕਰ ਦਿੱਤਾ ਅਤੇ ਅਸੀਂ ਇਸ ਨੂੰ ਕਿਵੇਂ ਮੁੜ ਸੁਰਜੀਤ ਕਰ ਰਹੇ ਹਾਂ, ਮੈਂ ਇਸ ਦੀਆਂ ਵੀ ਕੁਝ ਉਦਾਹਰਣਾਂ ਦੇਵਾਂਗਾ। ਭਾਰਤ ਗ਼ੁਲਾਮੀ ਦੇ ਕਾਲਖੰਡ ਵਿੱਚ ਵੀ ਅਸਤਰ-ਸ਼ਸਤਰ ਦਾ ਇੱਕ ਵੱਡਾ ਨਿਰਮਾਤਾ ਸੀ। ਸਾਡੇ ਇੱਥੇ ਹਥਿਆਰ ਬਣਾਉਣ ਵਾਲੇ ਕਾਰਖਾਨਿਆਂ ਦਾ ਇੱਕ ਮਜ਼ਬੂਤ ਜਾਲ ਸੀ। ਭਾਰਤ ਤੋਂ ਹਥਿਆਰ ਬਰਾਮਦ ਹੁੰਦੇ ਸਨ। ਵਿਸ਼ਵ ਯੁੱਧਾਂ ਵਿੱਚ ਵੀ ਭਾਰਤ ਵਿੱਚ ਬਣੇ ਹਥਿਆਰਾਂ ਦਾ ਬੋਲ-ਬਾਲਾ ਸੀ। ਪਰ ਆਜ਼ਾਦੀ ਤੋਂ ਬਾਅਦ ਸਾਡਾ ਰੱਖਿਆ ਉਤਪਾਦਨ ਢਾਂਚਾ ਤਬਾਹ ਕਰ ਦਿੱਤਾ ਗਿਆ। ਗ਼ੁਲਾਮੀ ਦੀ ਮਾਨਸਿਕਤਾ ਅਜਿਹੀ ਹਾਵੀ ਹੋਈ ਕਿ ਸਰਕਾਰ ਵਿੱਚ ਬੈਠੇ ਲੋਕ ਭਾਰਤ ਵਿੱਚ ਬਣੇ ਹਥਿਆਰਾਂ ਨੂੰ ਕਮਜ਼ੋਰ ਸਮਝਣ ਲੱਗੇ ਅਤੇ ਇਸ ਮਾਨਸਿਕਤਾ ਨੇ ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਰੱਖਿਆ ਦਰਾਮਦਕਾਰਾਂ ਵਿੱਚੋਂ ਇੱਕ ਬਣਾ ਦਿੱਤਾ।
ਸਾਥੀਓ,
ਗ਼ੁਲਾਮੀ ਦੀ ਮਾਨਸਿਕਤਾ ਨੇ ਜਹਾਜ਼ਸਾਜ਼ੀ ਉਦਯੋਗ ਨਾਲ ਵੀ ਇਹੀ ਕੀਤਾ। ਭਾਰਤ ਸਦੀਆਂ ਤੱਕ ਜਹਾਜ਼ਸਾਜ਼ੀ ਦਾ ਇੱਕ ਵੱਡਾ ਕੇਂਦਰ ਸੀ। ਇੱਥੋਂ ਤੱਕ ਕਿ 5-6 ਦਹਾਕੇ ਪਹਿਲਾਂ ਤੱਕ, ਭਾਵ ਕਿ 50-60 ਸਾਲ ਪਹਿਲਾਂ, ਭਾਰਤ ਦਾ ਚਾਲੀ ਫੀਸਦੀ ਵਪਾਰ, ਭਾਰਤੀ ਜਹਾਜ਼ਾਂ 'ਤੇ ਹੁੰਦਾ ਸੀ। ਪਰ ਗ਼ੁਲਾਮੀ ਦੀ ਮਾਨਸਿਕਤਾ ਨੇ ਵਿਦੇਸ਼ੀ ਜਹਾਜ਼ਾਂ ਨੂੰ ਪਹਿਲ ਦੇਣੀ ਸ਼ੁਰੂ ਕੀਤੀ। ਨਤੀਜਾ ਸਭ ਦੇ ਸਾਹਮਣੇ ਹੈ, ਜੋ ਦੇਸ਼ ਕਦੇ ਸਮੁੰਦਰੀ ਤਾਕਤ ਸੀ, ਉਹ ਆਪਣੇ 95 ਫੀਸਦੀ ਵਪਾਰ ਲਈ ਵਿਦੇਸ਼ੀ ਜਹਾਜ਼ਾਂ 'ਤੇ ਨਿਰਭਰ ਹੋ ਗਿਆ ਹੈ। ਅਤੇ ਇਸ ਕਾਰਨ ਅੱਜ ਭਾਰਤ ਹਰ ਸਾਲ ਕਰੀਬ 75 ਬਿਲੀਅਨ ਡਾਲਰ, ਭਾਵ ਤਕਰੀਬਨ 6 ਲੱਖ ਕਰੋੜ ਰੁਪਏ ਵਿਦੇਸ਼ੀ ਜਹਾਜ਼ਰਾਨੀ ਕੰਪਨੀਆਂ ਨੂੰ ਦੇ ਰਿਹਾ ਹੈ।
ਸਾਥੀਓ,
ਜਹਾਜ਼ਸਾਜ਼ੀ ਹੋਵੇ, ਰੱਖਿਆ ਉਤਪਾਦਨ ਹੋਵੇ, ਅੱਜ ਹਰ ਖੇਤਰ ਵਿੱਚ ਗ਼ੁਲਾਮੀ ਦੀ ਮਾਨਸਿਕਤਾ ਨੂੰ ਪਿੱਛੇ ਛੱਡ ਕੇ ਨਵੇਂ ਗੌਰਵ ਨੂੰ ਹਾਸਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਸਾਥੀਓ,
ਗ਼ੁਲਾਮੀ ਦੀ ਮਾਨਸਿਕਤਾ ਨੇ ਇੱਕ ਬਹੁਤ ਵੱਡਾ ਨੁਕਸਾਨ ਭਾਰਤ ਵਿੱਚ ਸ਼ਾਸਨ ਦੇ ਤਰੀਕੇ ਨੂੰ ਵੀ ਕੀਤਾ ਹੈ। ਲੰਬੇ ਸਮੇਂ ਤੱਕ ਸਰਕਾਰੀ ਤੰਤਰ ਦਾ ਆਪਣੇ ਨਾਗਰਿਕਾਂ 'ਤੇ ਅਵਿਸ਼ਵਾਸ ਰਿਹਾ। ਤੁਹਾਨੂੰ ਯਾਦ ਹੋਵੇਗਾ, ਪਹਿਲਾਂ ਆਪਣੇ ਹੀ ਦਸਤਾਵੇਜ਼ਾਂ ਨੂੰ ਕਿਸੇ ਸਰਕਾਰੀ ਅਧਿਕਾਰੀ ਤੋਂ ਤਸਦੀਕ ਕਰਵਾਉਣਾ ਪੈਂਦਾ ਸੀ। ਜਦੋਂ ਤੱਕ ਉਹ ਠੱਪਾ ਨਹੀਂ ਮਾਰਦਾ ਸੀ, ਸਭ ਝੂਠ ਮੰਨਿਆ ਜਾਂਦਾ ਸੀ। ਤੁਹਾਡਾ ਮਿਹਨਤ ਕੀਤਾ ਹੋਇਆ ਸਰਟੀਫਿਕੇਟ। ਅਸੀਂ ਇਹ ਅਵਿਸ਼ਵਾਸ ਦਾ ਭਾਵ ਤੋੜਿਆ ਅਤੇ ਸਵੈ-ਤਸਦੀਕ ਨੂੰ ਹੀ ਕਾਫ਼ੀ ਮੰਨਿਆ। ਮੇਰੇ ਦੇਸ਼ ਦਾ ਨਾਗਰਿਕ ਕਹਿੰਦਾ ਹੈ ਕਿ ਭਾਈ ਇਹ ਮੈਂ ਕਹਿ ਰਿਹਾ ਹਾਂ, ਮੈਂ ਉਸ 'ਤੇ ਭਰੋਸਾ ਕਰਦਾ ਹਾਂ।
ਸਾਥੀਓ,
ਸਾਡੇ ਦੇਸ਼ ਵਿੱਚ ਅਜਿਹੇ-ਅਜਿਹੇ ਪ੍ਰਬੰਧ ਚੱਲ ਰਹੇ ਸਨ, ਜਿੱਥੇ ਜ਼ਰਾ-ਜ਼ਰਾ ਜਿਹੀਆਂ ਗ਼ਲਤੀਆਂ ਨੂੰ ਵੀ ਗੰਭੀਰ ਅਪਰਾਧ ਮੰਨਿਆ ਜਾਂਦਾ ਸੀ। ਅਸੀਂ ਜਨ-ਵਿਸ਼ਵਾਸ ਕਾਨੂੰਨ ਲੈ ਕੇ ਆਏ ਅਤੇ ਅਜਿਹੇ ਸੈਂਕੜੇ ਪ੍ਰਬੰਧਾਂ ਨੂੰ ਅਪਰਾਧ ਮੁਕਤ ਕੀਤਾ ਹੈ।
ਸਾਥੀਓ,
ਪਹਿਲਾਂ ਬੈਂਕ ਤੋਂ ਹਜ਼ਾਰ ਰੁਪਏ ਦਾ ਵੀ ਕਰਜ਼ਾ ਲੈਣਾ ਹੁੰਦਾ ਸੀ, ਤਾਂ ਬੈਂਕ ਗਰੰਟੀ ਮੰਗਦਾ ਸੀ, ਕਿਉਂਕਿ ਅਵਿਸ਼ਵਾਸ ਬਹੁਤ ਜ਼ਿਆਦਾ ਸੀ। ਅਸੀਂ ਮੁਦਰਾ ਯੋਜਨਾ ਨਾਲ ਅਵਿਸ਼ਵਾਸ ਦੇ ਇਸ ਚੱਕਰ ਨੂੰ ਤੋੜਿਆ। ਇਸ ਤਹਿਤ ਹੁਣ ਤੱਕ 37 ਲੱਖ ਕਰੋੜ, 37 ਲੱਖ ਕਰੋੜ ਰੁਪਏ ਦੇ ਗਰੰਟੀ ਮੁਕਤ ਕਰਜ਼ੇ ਅਸੀਂ ਦੇ ਚੁੱਕੇ ਹਾਂ ਦੇਸ਼ਵਾਸੀਆਂ ਨੂੰ। ਇਸ ਪੈਸੇ ਨਾਲ, ਉਨ੍ਹਾਂ ਪਰਿਵਾਰਾਂ ਦੇ ਨੌਜਵਾਨਾਂ ਨੂੰ ਵੀ ਉੱਦਮੀ ਬਣਨ ਦਾ ਵਿਸ਼ਵਾਸ ਮਿਲਿਆ ਹੈ। ਅੱਜ ਰੇਹੜੀ-ਫੜ੍ਹੀ ਵਾਲਿਆਂ ਨੂੰ ਵੀ, ਠੇਲੇ ਵਾਲੇ ਨੂੰ ਵੀ ਬਿਨਾਂ ਗਰੰਟੀ ਬੈਂਕ ਤੋਂ ਪੈਸਾ ਦਿੱਤਾ ਜਾ ਰਿਹਾ ਹੈ।
ਸਾਥੀਓ,
ਸਾਡੇ ਦੇਸ਼ ਵਿੱਚ ਹਮੇਸ਼ਾ ਤੋਂ ਇਹ ਮੰਨਿਆ ਗਿਆ ਕਿ ਸਰਕਾਰ ਨੂੰ ਜੇ ਕੁਝ ਦੇ ਦਿੱਤਾ, ਤਾਂ ਫਿਰ ਉੱਥੇ ਤਾਂ ਇੱਕ ਪਾਸੜ ਰਸਤਾ ਹੈ, ਇੱਕ ਵਾਰ ਦਿੱਤਾ ਤਾਂ ਦਿੱਤਾ, ਫਿਰ ਵਾਪਸ ਨਹੀਂ ਆਉਂਦਾ, ਗਿਆ, ਗਿਆ, ਇਹੀ ਸਭ ਦਾ ਤਜਰਬਾ ਹੈ। ਪਰ ਜਦੋਂ ਸਰਕਾਰ ਅਤੇ ਜਨਤਾ ਦੇ ਵਿਚਕਾਰ ਵਿਸ਼ਵਾਸ ਮਜ਼ਬੂਤ ਹੁੰਦਾ ਹੈ, ਤਾਂ ਕੰਮ ਕਿਵੇਂ ਹੁੰਦਾ ਹੈ? ਜੇ ਕੱਲ੍ਹ ਚੰਗਾ ਕਰਨਾ ਹੈ ਨਾ, ਤਾਂ ਮਨ ਅੱਜ ਚੰਗਾ ਕਰਨਾ ਪੈਂਦਾ ਹੈ। ਜੇ ਮਨ ਚੰਗਾ ਹੈ ਤਾਂ ਕੱਲ੍ਹ ਵੀ ਚੰਗਾ ਹੁੰਦਾ ਹੈ। ਅਤੇ ਇਸ ਲਈ ਅਸੀਂ ਇੱਕ ਹੋਰ ਮੁਹਿੰਮ ਲੈ ਕੇ ਆਏ, ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਅਤੇ ਹਾਲੇ ਅਖ਼ਬਾਰਾਂ ਵਿੱਚ ਉਸ ਦੀ, ਅਖ਼ਬਾਰਾਂ ਵਾਲਿਆਂ ਦੀ ਨਜ਼ਰ ਨਹੀਂ ਗਈ ਹੈ ਉਸ 'ਤੇ, ਮੈਨੂੰ ਪਤਾ ਨਹੀਂ ਜਾਏਗੀ ਕਿ ਨਹੀਂ ਜਾਏਗੀ, ਅੱਜ ਤੋਂ ਬਾਅਦ ਹੋ ਸਕਦਾ ਹੈ ਚਲੀ ਜਾਵੇ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਦੇਸ਼ ਦੇ ਬੈਂਕਾਂ ਵਿੱਚ, ਸਾਡੇ ਹੀ ਦੇਸ਼ ਦੇ ਨਾਗਰਿਕਾਂ ਦਾ 78 ਹਜ਼ਾਰ ਕਰੋੜ ਰੁਪਿਆ, 78 ਹਜ਼ਾਰ ਕਰੋੜ ਰੁਪਏ ਲਾਵਾਰਸ (ਅਨਕਲੇਮਡ) ਪਏ ਹਨ ਬੈਂਕਾਂ ਵਿੱਚ, ਪਤਾ ਨਹੀਂ ਕੌਣ ਹੈ, ਕਿਸ ਦਾ ਹੈ, ਕਿੱਥੇ ਹੈ। ਇਸ ਪੈਸੇ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਇਸੇ ਤਰ੍ਹਾਂ ਬੀਮਾ ਕੰਪਨੀਆਂ ਕੋਲ ਕਰੀਬ 14 ਹਜ਼ਾਰ ਕਰੋੜ ਰੁਪਏ ਪਏ ਹਨ। ਮਿਊਚੁਅਲ ਫੰਡ ਕੰਪਨੀਆਂ ਕੋਲ ਕਰੀਬ 3 ਹਜ਼ਾਰ ਕਰੋੜ ਰੁਪਏ ਪਏ ਹਨ। 9 ਹਜ਼ਾਰ ਕਰੋੜ ਰੁਪਏ ਲਾਭੰਸ਼ ਦਾ ਪਿਆ ਹੈ। ਅਤੇ ਇਹ ਸਭ ਲਾਵਾਰਸ ਪਿਆ ਹੋਇਆ ਹੈ, ਕੋਈ ਮਾਲਕ ਨਹੀਂ ਉਸ ਦਾ। ਇਹ ਪੈਸਾ, ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਦਾ ਹੈ, ਅਤੇ ਇਸ ਲਈ, ਜਿਸ ਦਾ ਹੈ ਉਹ ਤਾਂ ਭੁੱਲ ਚੁੱਕਾ ਹੈ। ਸਾਡੀ ਸਰਕਾਰ ਹੁਣ ਉਨ੍ਹਾਂ ਨੂੰ ਲੱਭ ਰਹੀ ਹੈ ਦੇਸ਼ ਭਰ ਵਿੱਚ, ਓ ਭਾਈ ਦੱਸੋ, ਤੁਹਾਡਾ ਤਾਂ ਪੈਸਾ ਨਹੀਂ ਸੀ, ਤੁਹਾਡੇ ਮਾਂ-ਬਾਪ ਦਾ ਤਾਂ ਨਹੀਂ ਸੀ, ਕੋਈ ਛੱਡ ਕੇ ਤਾਂ ਨਹੀਂ ਚਲਾ ਗਿਆ, ਅਸੀਂ ਜਾ ਰਹੇ ਹਾਂ। ਸਾਡੀ ਸਰਕਾਰ ਉਸ ਦੇ ਹੱਕਦਾਰ ਤੱਕ ਪਹੁੰਚਣ ਵਿੱਚ ਜੁਟੀ ਹੈ। ਅਤੇ ਇਸ ਲਈ ਸਰਕਾਰ ਨੇ ਵਿਸ਼ੇਸ਼ ਕੈਂਪ ਲਗਾਉਣਾ ਸ਼ੁਰੂ ਕੀਤਾ ਹੈ, ਲੋਕਾਂ ਨੂੰ ਸਮਝਾ ਰਹੇ ਹਾਂ, ਕਿ ਭਾਈ ਵੇਖੋ ਕੋਈ ਹੈ ਤਾਂ ਅਤਾ-ਪਤਾ। ਤੁਹਾਡੇ ਪੈਸੇ ਕਿਤੇ ਹਨ ਕੀ, ਗਏ ਹਨ ਕੀ? ਹੁਣ ਤੱਕ ਕਰੀਬ 500 ਜ਼ਿਲ੍ਹਿਆਂ ਵਿੱਚ ਅਸੀਂ ਅਜਿਹੇ ਕੈਂਪ ਲਗਾ ਕੇ ਹਜ਼ਾਰਾਂ ਕਰੋੜ ਰੁਪਏ ਅਸਲੀ ਹੱਕਦਾਰਾਂ ਨੂੰ ਦੇ ਚੁੱਕੇ ਹਾਂ ਜੀ। ਪੈਸੇ ਪਏ ਸਨ, ਕੋਈ ਪੁੱਛਣ ਵਾਲਾ ਨਹੀਂ ਸੀ, ਪਰ ਇਹ ਮੋਦੀ ਹੈ, ਲੱਭ ਰਿਹਾ ਹੈ, ਓ ਯਾਰ ਤੇਰਾ ਹੈ ਲੈ ਜਾ।
ਸਾਥੀਓ,
ਇਹ ਸਿਰਫ਼ ਸੰਪਤੀ ਦੀ ਵਾਪਸੀ ਦਾ ਮਾਮਲਾ ਨਹੀਂ ਹੈ, ਇਹ ਵਿਸ਼ਵਾਸ ਦਾ ਮਾਮਲਾ ਹੈ। ਇਹ ਜਨਤਾ ਦੇ ਵਿਸ਼ਵਾਸ ਨੂੰ ਲਗਾਤਾਰ ਹਾਸਲ ਕਰਨ ਦੀ ਵਚਨਬੱਧਤਾ ਹੈ ਅਤੇ ਜਨਤਾ ਦਾ ਵਿਸ਼ਵਾਸ, ਇਹੀ ਸਾਡੀ ਸਭ ਤੋਂ ਵੱਡੀ ਪੂੰਜੀ ਹੈ। ਜੇ ਗ਼ੁਲਾਮੀ ਦੀ ਮਾਨਸਿਕਤਾ ਹੁੰਦੀ ਤਾਂ ਸਰਕਾਰੀ ਮਾਨਸਿਕਤਾ ਸਾਹਿਬੀ ਹੁੰਦੀ ਅਤੇ ਅਜਿਹੀਆਂ ਮੁਹਿੰਮਾਂ ਕਦੇ ਨਹੀਂ ਚੱਲਦੀਆਂ।
ਸਾਥੀਓ,
ਸਾਨੂੰ ਆਪਣੇ ਦੇਸ਼ ਨੂੰ ਪੂਰੀ ਤਰ੍ਹਾਂ ਹਰ ਖੇਤਰ ਵਿੱਚ ਗ਼ੁਲਾਮੀ ਦੀ ਮਾਨਸਿਕਤਾ ਤੋਂ ਪੂਰਨ ਤੌਰ 'ਤੇ ਮੁਕਤ ਕਰਨਾ ਹੈ। ਹੁਣੇ ਕੁਝ ਦਿਨ ਪਹਿਲਾਂ ਮੈਂ ਦੇਸ਼ ਨੂੰ ਇੱਕ ਅਪੀਲ ਕੀਤੀ ਹੈ। ਮੈਂ ਆਉਣ ਵਾਲੇ 10 ਸਾਲ ਦੀ ਇੱਕ ਸਮਾਂ-ਸੀਮਾ ਲੈ ਕੇ, ਦੇਸ਼ਵਾਸੀਆਂ ਨੂੰ ਮੇਰੇ ਨਾਲ, ਮੇਰੀਆਂ ਗੱਲਾਂ ਨੂੰ ਇਹ ਕੁਝ ਕਰਨ ਲਈ ਪਿਆਰ ਨਾਲ ਬੇਨਤੀ ਕਰ ਰਿਹਾ ਹਾਂ, ਹੱਥ ਜੋੜ ਕੇ ਅਰਜ਼ ਕਰ ਰਿਹਾ ਹਾਂ। 140 ਕਰੋੜ ਦੇਸ਼ਵਾਸੀਆਂ ਦੀ ਮਦਦ ਦੇ ਬਿਨਾਂ ਇਹ ਮੈਂ ਕਰ ਨਹੀਂ ਸਕਾਂਗਾ, ਅਤੇ ਇਸ ਲਈ ਮੈਂ ਦੇਸ਼ਵਾਸੀਆਂ ਨੂੰ ਵਾਰ-ਵਾਰ ਹੱਥ ਜੋੜ ਕੇ ਕਹਿ ਰਿਹਾ ਹਾਂ, ਅਤੇ 10 ਸਾਲ ਦੀ ਇਸ ਸਮਾਂ-ਸੀਮਾ ਵਿੱਚ ਮੈਂ ਕੀ ਮੰਗ ਰਿਹਾ ਹਾਂ? ਮੈਕਾਲੇ ਦੀ ਜਿਸ ਨੀਤੀ ਨੇ ਭਾਰਤ ਵਿੱਚ ਮਾਨਸਿਕ ਗ਼ੁਲਾਮੀ ਦੇ ਬੀਜ ਬੀਜੇ ਸਨ, ਉਸ ਨੂੰ 2035 ਵਿੱਚ 200 ਸਾਲ ਪੂਰੇ ਹੋ ਰਹੇ ਹਨ, ਦੋ ਸੌ ਸਾਲ ਹੋ ਰਹੇ ਹਨ। ਯਾਨੀ 10 ਸਾਲ ਬਾਕੀ ਹਨ। ਅਤੇ ਇਸ ਲਈ, ਇਨ੍ਹਾਂ ਦਸ ਸਾਲਾਂ ਵਿੱਚ ਅਸੀਂ ਸਾਰਿਆਂ ਨੂੰ ਮਿਲ ਕੇ, ਆਪਣੇ ਦੇਸ਼ ਨੂੰ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਕਰਨਾ ਚਾਹੀਦਾ ਹੈ।
ਸਾਥੀਓ,
ਮੈਂ ਅਕਸਰ ਕਹਿੰਦਾ ਹਾਂ, ਅਸੀਂ ਲੀਹ ਫੜ ਕੇ ਚੱਲਣ ਵਾਲੇ ਲੋਕ ਨਹੀਂ ਹਾਂ। ਬਿਹਤਰ ਕੱਲ੍ਹ ਲਈ ਸਾਨੂੰ ਆਪਣੀ ਲਕੀਰ ਵੱਡੀ ਕਰਨੀ ਹੀ ਪਵੇਗੀ। ਸਾਨੂੰ ਦੇਸ਼ ਦੀਆਂ ਭਵਿੱਖ ਦੀਆਂ ਲੋੜਾਂ ਨੂੰ ਸਮਝਦੇ ਹੋਏ ਵਰਤਮਾਨ ਵਿੱਚ ਉਸ ਦੇ ਹੱਲ ਲੱਭਣੇ ਪੈਣਗੇ। ਅੱਜਕੱਲ੍ਹ ਤੁਸੀਂ ਵੇਖਦੇ ਹੋ ਕਿ ਮੈਂ ਮੇਕ ਇਨ ਇੰਡੀਆ ਅਤੇ ਆਤਮ-ਨਿਰਭਰ ਭਾਰਤ ਮੁਹਿੰਮ 'ਤੇ ਲਗਾਤਾਰ ਚਰਚਾ ਕਰਦਾ ਹਾਂ। ਸ਼ੋਭਨਾ ਜੀ ਨੇ ਵੀ ਆਪਣੇ ਭਾਸ਼ਣ ਵਿੱਚ ਉਸ ਦਾ ਜ਼ਿਕਰ ਕੀਤਾ। ਜੇ ਅਜਿਹੀਆਂ ਮੁਹਿੰਮਾਂ 4-5 ਦਹਾਕੇ ਪਹਿਲਾਂ ਸ਼ੁਰੂ ਹੋ ਗਈਆਂ ਹੁੰਦੀਆਂ, ਤਾਂ ਅੱਜ ਭਾਰਤ ਦੀ ਤਸਵੀਰ ਕੁਝ ਹੋਰ ਹੁੰਦੀ। ਪਰ ਉਦੋਂ ਜੋ ਸਰਕਾਰਾਂ ਸਨ ਉਨ੍ਹਾਂ ਦੀਆਂ ਤਰਜੀਹਾਂ ਕੁਝ ਹੋਰ ਸਨ। ਤੁਹਾਨੂੰ ਉਹ ਸੈਮੀਕੰਡਕਟਰ ਵਾਲਾ ਕਿੱਸਾ ਵੀ ਪਤਾ ਹੀ ਹੈ, ਕਰੀਬ 50-60 ਸਾਲ ਪਹਿਲਾਂ, 5-6 ਦਹਾਕੇ ਪਹਿਲਾਂ ਇੱਕ ਕੰਪਨੀ, ਭਾਰਤ ਵਿੱਚ ਸੈਮੀਕੰਡਕਟਰ ਪਲਾਂਟ ਲਾਉਣ ਆਈ ਸੀ, ਪਰ ਇੱਥੇ ਉਸ ਨੂੰ ਤਵੱਜੋ ਨਹੀਂ ਦਿੱਤੀ ਗਈ, ਅਤੇ ਦੇਸ਼ ਸੈਮੀਕੰਡਕਟਰ ਨਿਰਮਾਣ ਵਿੱਚ ਇੰਨਾ ਪਿੱਛੇ ਰਹਿ ਗਿਆ।
ਸਾਥੀਓ,
ਇਹੀ ਹਾਲ ਊਰਜਾ ਖੇਤਰ ਦਾ ਵੀ ਹੈ। ਅੱਜ ਭਾਰਤ ਹਰ ਸਾਲ ਕਰੀਬ-ਕਰੀਬ 125 ਲੱਖ ਕਰੋੜ ਰੁਪਏ ਦੇ ਪੈਟਰੋਲ-ਡੀਜ਼ਲ-ਗੈਸ ਦੀ ਦਰਾਮਦ ਕਰਦਾ ਹੈ, 125 ਲੱਖ ਕਰੋੜ ਰੁਪਿਆ। ਸਾਡੇ ਦੇਸ਼ ਵਿੱਚ ਸੂਰਜ ਭਗਵਾਨ ਦੀ ਇੰਨੀ ਵੱਡੀ ਕਿਰਪਾ ਹੈ, ਪਰ ਫਿਰ ਵੀ 2014 ਤੱਕ ਭਾਰਤ ਵਿੱਚ ਸੂਰਜੀ ਊਰਜਾ ਪੈਦਾਵਾਰ ਸਮਰੱਥਾ ਸਿਰਫ਼ 3 ਗੀਗਾਵਾਟ ਸੀ, 3 ਗੀਗਾਵਾਟ ਸੀ। 2014 ਤੱਕ ਦੀ ਮੈਂ ਗੱਲ ਕਰ ਰਿਹਾ ਹਾਂ, ਜਦੋਂ ਤੱਕ ਕਿ ਤੁਸੀਂ ਮੈਨੂੰ ਇੱਥੇ ਲਿਆ ਕੇ ਬਿਠਾਇਆ ਨਹੀਂ। 3 ਗੀਗਾਵਾਟ, ਪਿਛਲੇ 10 ਸਾਲਾਂ ਵਿੱਚ ਹੁਣ ਇਹ ਵਧ ਕੇ 130 ਗੀਗਾਵਾਟ ਦੇ ਆਸ-ਪਾਸ ਪਹੁੰਚ ਚੁੱਕੀ ਹੈ। ਅਤੇ ਇਸ ਵਿੱਚ ਵੀ ਭਾਰਤ ਨੇ 22 ਗੀਗਾਵਾਟ ਸਮਰੱਥਾ, ਸਿਰਫ਼ ਅਤੇ ਸਿਰਫ਼ ਛੱਤ 'ਤੇ ਲੱਗਣ ਵਾਲੇ ਸੋਲਰ ਨਾਲ ਹੀ ਜੋੜੀ ਹੈ। 22 ਗੀਗਾਵਾਟ ਊਰਜਾ ਛੱਤ ਵਾਲੇ ਸੋਲਰ ਤੋਂ।
ਸਾਥੀਓ,
ਪੀਐੱਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਨੇ ਊਰਜਾ ਸੁਰੱਖਿਆ ਦੀ ਇਸ ਮੁਹਿੰਮ ਵਿੱਚ ਦੇਸ਼ ਦੇ ਲੋਕਾਂ ਨੂੰ ਸਿੱਧੀ ਭਾਈਵਾਲੀ ਕਰਨ ਦਾ ਮੌਕਾ ਦੇ ਦਿੱਤਾ ਹੈ। ਮੈਂ ਕਾਸ਼ੀ ਦਾ ਸੰਸਦ ਮੈਂਬਰ ਹਾਂ, ਪ੍ਰਧਾਨ ਮੰਤਰੀ ਦੇ ਨਾਤੇ ਜੋ ਕੰਮ ਹੈ, ਪਰ ਸੰਸਦ ਮੈਂਬਰ ਦੇ ਨਾਤੇ ਵੀ ਕੁਝ ਕੰਮ ਕਰਨੇ ਹੁੰਦੇ ਹਨ। ਮੈਂ ਜ਼ਰਾ ਕਾਸ਼ੀ ਦੇ ਸੰਸਦ ਮੈਂਬਰ ਦੇ ਨਾਤੇ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਅਤੇ ਤੁਹਾਡੇ ਹਿੰਦੀ ਅਖ਼ਬਾਰ ਦੀ ਤਾਂ ਤਾਕਤ ਹੈ, ਤਾਂ ਉਸ ਨੂੰ ਤਾਂ ਜ਼ਰੂਰ ਕੰਮ ਆਵੇਗਾ। ਕਾਸ਼ੀ ਵਿੱਚ 26 ਹਜ਼ਾਰ ਤੋਂ ਜ਼ਿਆਦਾ ਘਰਾਂ ਵਿੱਚ ਪੀਐੱਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਦੇ ਸੋਲਰ ਪਲਾਂਟ ਲੱਗੇ ਹਨ। ਇਸ ਨਾਲ ਹਰ ਰੋਜ਼, ਰੋਜ਼ਾਨਾ ਤਿੰਨ ਲੱਖ ਯੂਨਿਟ ਤੋਂ ਵੱਧ ਬਿਜਲੀ ਪੈਦਾ ਹੋ ਰਹੀ ਹੈ, ਅਤੇ ਲੋਕਾਂ ਦੇ ਕਰੀਬ ਪੰਜ ਕਰੋੜ ਰੁਪਏ ਹਰ ਮਹੀਨੇ ਬਚ ਰਹੇ ਹਨ। ਭਾਵ ਸਾਲ ਭਰ ਦੇ ਸੱਠ ਕਰੋੜ ਰੁਪਏ।
ਸਾਥੀਓ,
ਇੰਨੀ ਸੂਰਜੀ ਊਰਜਾ ਬਣਨ ਨਾਲ, ਹਰ ਸਾਲ ਕਰੀਬ ਨੱਬੇ ਹਜ਼ਾਰ, ਨੱਬੇ ਹਜ਼ਾਰ ਮੀਟ੍ਰਿਕ ਟਨ ਕਾਰਬਨ ਦੀ ਨਿਕਾਸੀ ਘੱਟ ਹੋ ਰਹੀ ਹੈ। ਇੰਨੀ ਕਾਰਬਨ ਦੀ ਨਿਕਾਸੀ ਨੂੰ ਖਪਾਉਣ ਲਈ, ਸਾਨੂੰ ਚਾਲੀ ਲੱਖ ਤੋਂ ਜ਼ਿਆਦਾ ਰੁੱਖ ਲਗਾਉਣੇ ਪੈਂਦੇ। ਅਤੇ ਮੈਂ ਫਿਰ ਕਹਾਂਗਾ, ਇਹ ਜੋ ਮੈਂ ਅੰਕੜੇ ਦਿੱਤੇ ਹਨ ਨਾ, ਇਹ ਸਿਰਫ਼ ਕਾਸ਼ੀ ਦੇ ਹਨ, ਬਨਾਰਸ ਦੇ ਹਨ, ਮੈਂ ਦੇਸ਼ ਦੀ ਗੱਲ ਨਹੀਂ ਦੱਸ ਰਿਹਾ ਤੁਹਾਨੂੰ। ਤੁਸੀਂ ਕਲਪਨਾ ਕਰ ਸਕਦੇ ਹੋ ਕਿ, ਪੀਐੱਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਇਹ ਦੇਸ਼ ਨੂੰ ਕਿੰਨਾ ਵੱਡਾ ਫਾਇਦਾ ਹੋ ਰਿਹਾ ਹੈ। ਅੱਜ ਦੀ ਇੱਕ ਯੋਜਨਾ, ਭਵਿੱਖ ਨੂੰ ਬਦਲਣ ਦੀ ਕਿੰਨੀ ਤਾਕਤ ਰੱਖਦੀ ਹੈ, ਇਹ ਉਸ ਦੀ ਉਦਾਹਰਣ ਹੈ।
ਵੈਸੇ ਸਾਥੀਓ,
ਹੁਣੇ ਤੁਸੀਂ ਮੋਬਾਈਲ ਨਿਰਮਾਣ ਦੇ ਵੀ ਅੰਕੜੇ ਵੇਖੇ ਹੋਣਗੇ। 2014 ਤੋਂ ਪਹਿਲਾਂ ਤੱਕ ਅਸੀਂ ਆਪਣੀ ਲੋੜ ਦੇ 75 ਫੀਸਦੀ ਮੋਬਾਈਲ ਫੋਨ ਦਰਾਮਦ ਕਰਦੇ ਸੀ, 75 ਫੀਸਦੀ। ਅਤੇ ਹੁਣ, ਭਾਰਤ ਦੀ ਮੋਬਾਈਲ ਫੋਨ ਦਰਾਮਦ ਤਕਰੀਬਨ ਸਿਫ਼ਰ ਹੋ ਗਈ ਹੈ। ਹੁਣ ਅਸੀਂ ਬਹੁਤ ਵੱਡੇ ਮੋਬਾਈਲ ਫੋਨ ਬਰਾਮਦਕਾਰ ਬਣ ਰਹੇ ਹਾਂ। 2014 ਤੋਂ ਬਾਅਦ ਅਸੀਂ ਇੱਕ ਸੁਧਾਰ ਕੀਤਾ, ਦੇਸ਼ ਨੇ ਪ੍ਰਦਰਸ਼ਨ ਕੀਤਾ ਅਤੇ ਉਸ ਦੇ ਪਰਿਵਰਤਨਕਾਰੀ ਨਤੀਜੇ ਅੱਜ ਦੁਨੀਆ ਵੇਖ ਰਹੀ ਹੈ।
ਸਾਥੀਓ,
ਭਵਿੱਖ ਨੂੰ ਸੰਵਾਰਨ ਦੀ ਇਹ ਯਾਤਰਾ, ਅਜਿਹੀਆਂ ਹੀ ਅਨੇਕ ਯੋਜਨਾਵਾਂ, ਅਨੇਕ ਨੀਤੀਆਂ, ਅਨੇਕ ਫੈਸਲਿਆਂ, ਲੋਕ-ਇੱਛਾਵਾਂ ਅਤੇ ਜਨ-ਭਾਈਵਾਲੀ ਦੀ ਯਾਤਰਾ ਹੈ। ਇਹ ਨਿਰੰਤਰਤਾ ਦੀ ਯਾਤਰਾ ਹੈ। ਇਹ ਸਿਰਫ਼ ਇੱਕ ਸੰਮੇਲਨ ਦੀ ਚਰਚਾ ਤੱਕ ਸੀਮਤ ਨਹੀਂ ਹੈ, ਭਾਰਤ ਲਈ ਤਾਂ ਇਹ ਰਾਸ਼ਟਰੀ ਸੰਕਲਪ ਹੈ। ਇਸ ਸੰਕਲਪ ਵਿੱਚ ਸਭ ਦਾ ਸਾਥ ਜ਼ਰੂਰੀ ਹੈ, ਸਭ ਦਾ ਯਤਨ ਜ਼ਰੂਰੀ ਹੈ। ਸਮੂਹਿਕ ਯਤਨ ਸਾਨੂੰ ਤਬਦੀਲੀ ਦੀ ਇਸ ਉਚਾਈ ਨੂੰ ਛੂਹਣ ਲਈ ਮੌਕੇ ਦੇਣਗੇ ਹੀ ਦੇਣਗੇ।
ਸਾਥੀਓ,
ਇੱਕ ਵਾਰ ਫਿਰ, ਮੈਂ ਸ਼ੋਭਨਾ ਜੀ ਦਾ, ਹਿੰਦੁਸਤਾਨ ਟਾਈਮਜ਼ ਦਾ ਬਹੁਤ ਧੰਨਵਾਦੀ ਹਾਂ, ਕਿ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਵਿਚਕਾਰ ਆਉਣ ਦਾ ਅਤੇ ਜੋ ਗੱਲਾਂ ਕਦੇ-ਕਦੇ ਦੱਸੀਆਂ ਉਸ ਨੂੰ ਤੁਸੀਂ ਕੀਤਾ ਅਤੇ ਮੈਂ ਤਾਂ ਮੰਨਦਾ ਹਾਂ ਸ਼ਾਇਦ ਦੇਸ਼ ਦੇ ਫੋਟੋਗ੍ਰਾਫਰਾਂ ਲਈ ਇੱਕ ਨਵੀਂ ਤਾਕਤ ਬਣੇਗਾ ਇਹ। ਇਸੇ ਤਰ੍ਹਾਂ ਕਈ ਨਵੇਂ ਪ੍ਰੋਗਰਾਮ ਵੀ ਤੁਸੀਂ ਅੱਗੇ ਲਈ ਸੋਚ ਸਕਦੇ ਹੋ। ਮੇਰੀ ਮਦਦ ਲੱਗੇ ਤਾਂ ਜ਼ਰੂਰ ਮੈਨੂੰ ਦੱਸਣਾ, ਵਿਚਾਰ ਦੇਣ ਦੀ ਮੈਂ ਕੋਈ ਫੀਸ ਨਹੀਂ ਲੈਂਦਾ ਹਾਂ। ਮੁਫ਼ਤ ਦਾ ਕਾਰੋਬਾਰ ਹੈ ਅਤੇ ਮਾਰਵਾੜੀ ਪਰਿਵਾਰ ਹੈ, ਤਾਂ ਮੌਕਾ ਛੱਡੇਗਾ ਹੀ ਨਹੀਂ। ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਨਮਸਕਾਰ।
************
ਐੱਮਜੇਪੀਐੱਸ/ਐੱਸਟੀ/ਆਰਕੇ/ਡੀਕੇ/ਏਕੇ
(रिलीज़ आईडी: 2200231)
आगंतुक पटल : 3
इस विज्ञप्ति को इन भाषाओं में पढ़ें:
Bengali
,
Bengali-TR
,
English
,
Urdu
,
Marathi
,
हिन्दी
,
Assamese
,
Manipuri
,
Gujarati
,
Odia
,
Telugu
,
Kannada