ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭੂਟਾਨ ਦੇ ਥਿੰਫੂ ਵਿੱਚ ਚਾਂਗਲੀਮੇਥਾਂਗ ਉਤਸਵ ਮੈਦਾਨ ਵਿੱਚ ਇਕੱਠ ਨੂੰ ਸੰਬੋਧਨ ਕੀਤਾ
ਸਦੀਆਂ ਤੋਂ ਭਾਰਤ ਅਤੇ ਭੂਟਾਨ ਨੇ ਇੱਕ ਬਹੁਤ ਡੂੰਘਾ ਅਧਿਆਤਮਿਕ ਅਤੇ ਸਭਿਆਚਾਰਕ ਰਿਸ਼ਤਾ ਸਾਂਝਾ ਕੀਤਾ ਹੈ ਅਤੇ ਇਸ ਲਈ ਇਸ ਅਹਿਮ ਸਮਾਗਮ ਵਿੱਚ ਹਿੱਸਾ ਲੈਣਾ ਭਾਰਤ ਦੀ ਅਤੇ ਮੇਰੀ ਵਚਨਬੱਧਤਾ ਸੀ, ਪਰ ਅੱਜ ਮੈਂ ਬਹੁਤ ਭਾਰੀ ਮਨ ਨਾਲ ਇੱਥੇ ਆਇਆ ਹਾਂ: ਪ੍ਰਧਾਨ ਮੰਤਰੀ
ਕੱਲ੍ਹ ਸ਼ਾਮ ਦਿੱਲੀ ਵਿੱਚ ਵਾਪਰੀ ਭਿਆਨਕ ਘਟਨਾ ਨੇ ਸਾਰਿਆਂ ਨੂੰ ਦੁਖੀ ਕਰ ਦਿੱਤਾ ਹੈ, ਸਾਡੀਆਂ ਏਜੰਸੀਆਂ ਇਸ ਸਾਜ਼ਿਸ਼ ਦੀ ਤਹਿ ਤੱਕ ਪਹੁੰਚਣਗੀਆਂ, ਇਸ ਦੇ ਪਿੱਛੇ ਜਿਸ ਦਾ ਵੀ ਹੱਥ ਹੋਵੇਗਾ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਸਾਰੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ: ਪ੍ਰਧਾਨ ਮੰਤਰੀ
ਭਾਰਤ ਆਪਣੇ ਪੁਰਖਿਆਂ ਦੇ ਆਦਰਸ਼ "ਵਸੁਧੈਵ ਕੁਟੁੰਬਕਮ" ਤੋਂ ਪ੍ਰੇਰਨਾ ਲੈਂਦਾ ਹੈ, ਪੂਰੀ ਦੁਨੀਆ ਇੱਕ ਪਰਿਵਾਰ ਹੈ, ਅਸੀਂ ਸਾਰਿਆਂ ਦੀ ਖ਼ੁਸ਼ੀ 'ਤੇ ਜ਼ੋਰ ਦਿੰਦੇ ਹਾਂ: ਪ੍ਰਧਾਨ ਮੰਤਰੀ
ਭੂਟਾਨ ਦੇ ਮਹਾਮਹਿਮ ਵੱਲੋਂ "ਸਮੁੱਚੀ ਰਾਸ਼ਟਰੀ ਖ਼ੁਸ਼ੀ" ਦਾ ਪ੍ਰਸਤਾਵਿਤ ਵਿਚਾਰ ਪੂਰੀ ਦੁਨੀਆ ਵਿੱਚ ਵਿਕਾਸ ਨੂੰ ਪਰਿਭਾਸ਼ਿਤ ਕਰਨ ਲਈ ਅਹਿਮ ਮਾਪਦੰਡ ਬਣ ਗਿਆ ਹੈ: ਪ੍ਰਧਾਨ ਮੰਤਰੀ
ਭਾਰਤ ਅਤੇ ਭੂਟਾਨ ਸਿਰਫ਼ ਸਰਹੱਦਾਂ ਨਾਲ ਹੀ ਨਹੀਂ ਜੁੜੇ ਹਨ, ਇਹ ਸਭਿਆਚਾਰਾਂ ਨਾਲ ਵੀ ਜੁੜੇ ਹਨ, ਸਾਡਾ ਰਿਸ਼ਤਾ ਕਦਰਾਂ-ਕੀਮਤਾਂ, ਭਾਵਨਾਵਾਂ, ਸ਼ਾਂਤੀ ਅਤੇ ਤਰੱਕੀ ਦਾ ਹੈ: ਪ੍ਰਧਾਨ ਮੰਤਰੀ
ਅੱਜ ਭੂਟਾਨ ਦੁਨੀਆ ਦਾ ਪਹਿਲਾ ਕਾਰਬਨ-ਨੈਗੇਟਿਵ ਦੇਸ਼ ਬਣ ਗਿਆ ਹੈ, ਇਹ ਇੱਕ ਅਸਧਾਰਨ ਪ੍ਰਾਪਤੀ ਹੈ: ਪ੍ਰਧਾਨ ਮੰਤਰੀ
ਭੂਟਾਨ ਪ੍ਰਤੀ ਵਿਅਕਤੀ ਨਵਿਆਉਣਯੋਗ ਊਰਜਾ ਉਤਪਾਦਨ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਿਲ ਹੈ, ਉਹ ਆਪਣੀ 100 ਫ਼ੀਸਦ ਬਿਜਲੀ ਨਵਿਆਉਣਯੋਗ ਸਰੋਤਾਂ ਤੋਂ ਹਾਸਲ ਕਰਦਾ ਹੈ, ਇਸ ਸਮਰੱਥਾ ਦਾ ਵਿਸਥਾਰ ਕਰਦੇ ਹੋਏ ਅੱਜ ਇੱਕ ਹੋਰ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ: ਪ੍ਰਧਾਨ ਮੰਤਰੀ
ਸੰਪਰਕ ਮੌਕੇ ਪੈਦਾ ਕਰਦਾ ਹੈ ਅਤੇ ਮੌਕੇ ਖ਼ੁਸ਼ਹਾਲੀ ਪੈਦਾ ਕਰਦੇ ਹਨ, ਭਾਰਤ ਅਤੇ ਭੂਟਾਨ ਸ਼ਾਂਤੀ, ਖ਼ੁਸ਼ਹਾਲੀ ਅਤੇ ਸਾਂਝੀ ਤਰੱਕੀ ਦੇ ਰਾਹ 'ਤੇ ਅੱਗੇ ਵਧਦੇ ਰਹਿਣ: ਪ੍ਰਧਾਨ ਮੰਤਰੀ
Posted On:
11 NOV 2025 1:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਟਾਨ ਵਿੱਚ ਥਿੰਫੂ ਦੇ ਚਾਂਗਲੀਮੇਥਾਂਗ ਉਤਸਵ ਮੈਦਾਨ ਵਿੱਚ ਇੱਕ ਇਕੱਠ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਭੂਟਾਨ ਦੇ ਰਾਜਾ, ਮਹਾਮਹਿਮ ਜਿਗਮੇ ਖੇਸਰ ਨਾਮਗਯਾਲ ਵਾਂਗਚੱਕ ਅਤੇ ਚੌਥੇ ਰਾਜਾ ਮਹਾਮਹਿਮ ਜਿਗਮੇ ਸਿੰਗਯੇ ਵਾਂਗਚੱਕ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਸ਼ਾਹੀ ਪਰਿਵਾਰ ਦੇ ਸਤਿਕਾਰਯੋਗ ਮੈਂਬਰਾਂ, ਭੂਟਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਸ਼ੇਰਿੰਗ ਤੋਬਗੇ ਅਤੇ ਮੌਜੂਦ ਹੋਰ ਪਤਵੰਤੇ ਵਿਅਕਤੀਆਂ ਦੇ ਪ੍ਰਤੀ ਸਤਿਕਾਰ ਨਾਲ ਧੰਨਵਾਦ ਪ੍ਰਗਟ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭੂਟਾਨ, ਭੂਟਾਨ ਦੇ ਸ਼ਾਹੀ ਪਰਿਵਾਰ ਅਤੇ ਵਿਸ਼ਵ ਸ਼ਾਂਤੀ ਵਿੱਚ ਭਰੋਸਾ ਰੱਖਣ ਵਾਲੇ ਸਾਰੇ ਲੋਕਾਂ ਲਈ ਬਹੁਤ ਅਹਿਮ ਹੈ। ਉਨ੍ਹਾਂ ਨੇ ਭਾਰਤ ਅਤੇ ਭੂਟਾਨ ਦਰਮਿਆਨ ਸਦੀਆਂ ਤੋਂ ਚੱਲੇ ਆ ਰਹੇ ਡੂੰਘੇ ਅਧਿਆਤਮਿਕ ਅਤੇ ਸਭਿਆਚਾਰਕ ਸਬੰਧਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਅਹਿਮ ਮੌਕੇ 'ਤੇ ਹਿੱਸਾ ਲੈਣਾ ਭਾਰਤ ਦੀ ਅਤੇ ਉਨ੍ਹਾਂ ਦੀ ਆਪਣੀ ਵਚਨਬੱਧਤਾ ਸੀ। ਹਾਲਾਂਕਿ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਭਾਰੀ ਮਨ ਨਾਲ ਭੂਟਾਨ ਪਹੁੰਚੇ ਹਨ, ਕਿਉਂਕਿ ਕੱਲ੍ਹ ਸ਼ਾਮ ਦਿੱਲੀ ਵਿੱਚ ਵਾਪਰੀ ਭਿਆਨਕ ਘਟਨਾ ਨੇ ਸਾਰਿਆਂ ਨੂੰ ਬਹੁਤ ਦੁਖੀ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਪੀੜਤ ਪਰਿਵਾਰਾਂ ਦੇ ਦੁੱਖ ਨੂੰ ਸਮਝਦੇ ਹਨ ਅਤੇ ਪੂਰਾ ਦੇਸ਼ ਅੱਜ ਉਨ੍ਹਾਂ ਦੇ ਨਾਲ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਘਟਨਾ ਦੀ ਜਾਂਚ ਵਿੱਚ ਸ਼ਾਮਿਲ ਸਾਰੀਆਂ ਏਜੰਸੀਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਏਜੰਸੀਆਂ ਪੂਰੀ ਸਾਜ਼ਿਸ਼ ਦੀ ਤਹਿ ਤੱਕ ਜਾਣਗੀਆਂ ਅਤੇ ਭਰੋਸਾ ਦਿੱਤਾ ਕਿ ਹਮਲੇ ਵਿੱਚ ਜਿਨ੍ਹਾਂ ਸਾਜ਼ਿਸ਼ ਕਰਨ ਵਾਲਿਆਂ ਦਾ ਹੱਥ ਹੈ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ, ਘਟਨਾ ਦੇ ਲਈ "ਜ਼ਿੰਮੇਦਾਰ ਸਾਰੇ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ।"
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਭੂਟਾਨ ਵਿੱਚ ਇੱਕ ਪਾਸੇ ਗੁਰੂ ਪਦਮਸੰਭਵ ਦੇ ਅਸ਼ੀਰਵਾਦ ਨਾਲ ਵਿਸ਼ਵ ਸ਼ਾਂਤੀ ਪ੍ਰਾਰਥਨਾ ਤਿਉਹਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਦੂਸਰੇ ਪਾਸੇ ਭਗਵਾਨ ਬੁੱਧ ਦੇ ਪਿਪਰਹਵਾ ਅਵਸ਼ੇਸ਼ਾਂ ਦੇ ਪਵਿੱਤਰ ਦਰਸ਼ਨ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੌਕਾ ਮਹਾਮਹਿਮ ਚੌਥੇ ਰਾਜਾ ਦੇ 70ਵੇਂ ਜਨਮ ਦਿਨ ਦੇ ਜਸ਼ਨ ਦਾ ਵੀ ਮੌਕਾ ਹੈ, ਜਿਸ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਮਾਣਮੱਤੀ ਮੌਜੂਦਗੀ ਭਾਰਤ-ਭੂਟਾਨ ਸਬੰਧਾਂ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੇ ਪੁਰਖਿਆਂ ਦੀ ਪ੍ਰੇਰਨਾ ਹੈ "ਵਸੁਧੈਵ ਕੁਟੁੰਬਕਮ" ਭਾਵ ਸਾਰਾ ਸੰਸਾਰ ਇੱਕ ਪਰਿਵਾਰ ਹੈ। ਉਨ੍ਹਾਂ ਨੇ "ਸਰਵੇ ਭਵਨਤੁ ਸੁਖਿਨ:" ਮੰਤਰ ਦੇ ਜ਼ਰੀਏ ਸਾਰਿਆਂ ਦੇ ਸੁਖੀ ਹੋਣ ਦੀ ਪ੍ਰਾਰਥਨਾ ਦੁਹਰਾਈ ਅਤੇ ਕਿਹਾ ਕਿ ਇਸ ਵੈਦਿਕ ਸਲੋਕ ਦੇ ਮਾਧਿਅਮ ਨਾਲ ਅਸਮਾਨ, ਪੁਲਾੜ, ਧਰਤੀ, ਪਾਣੀ, ਜੜ੍ਹੀਆਂ ਬੂਟੀਆਂ, ਬਨਸਪਤੀਆਂ ਅਤੇ ਸਾਰੇ ਜੀਵਾਂ ਪ੍ਰਾਣੀਆਂ ਵਿੱਚ ਸ਼ਾਂਤੀ ਕਾਇਮ ਹੋਵੇ। ਉਨ੍ਹਾਂ ਨੇ ਕਿਹਾ ਕਿ ਭਾਰਤ ਇਨ੍ਹਾਂ ਭਾਵਨਾਵਾਂ ਨਾਲ ਹੀ ਭੂਟਾਨ ਦੇ ਵਿਸ਼ਵ ਸ਼ਾਂਤੀ ਪ੍ਰਾਰਥਨਾ ਤਿਉਹਾਰ ਵਿੱਚ ਸ਼ਾਮਿਲ ਹੋਇਆ ਹੈ। ਇੱਥੇ ਦੁਨੀਆ ਭਰ ਦੇ ਸੰਤ ਇਕੱਠੇ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕਰਨ ਵਿੱਚ ਲੀਨ ਹਨ ਅਤੇ ਇਸ ਵਿੱਚ 140 ਕਰੋੜ ਭਾਰਤੀਆਂ ਦੀਆਂ ਪ੍ਰਾਰਥਨਾਵਾਂ ਵੀ ਸ਼ਾਮਿਲ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗੁਜਰਾਤ ਵਿੱਚ ਉਨ੍ਹਾਂ ਦਾ ਜਨਮ ਸਥਾਨ ਵਡਨਗਰ ਬੋਧੀ ਰਵਾਇਤ ਨਾਲ ਜੁੜਿਆ ਇੱਕ ਪਵਿੱਤਰ ਸਥਾਨ ਹੈ ਅਤੇ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਦੀ ਕਰਮਭੂਮੀ ਵਾਰਾਣਸੀ ਬੋਧੀ ਸ਼ਰਧਾ ਦਾ ਸਿਖਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮਾਗਮ ਵਿੱਚ ਸ਼ਾਮਿਲ ਹੋਣਾ ਉਨ੍ਹਾਂ ਦੇ ਲਈ ਵਿਅਕਤੀਗਤ ਤੌਰ ’ਤੇ ਬਹੁਤ ਵੱਡਾ ਮਤਲਬ ਰੱਖਦਾ ਹੈ ਅਤੇ ਇਹ ਵੀ ਕਿਹਾ ਕਿ ਸ਼ਾਂਤੀ ਦਾ ਦੀਵਾ ਭੂਟਾਨ ਅਤੇ ਦੁਨੀਆ ਭਰ ਦੇ ਹਰ ਘਰ ਨੂੰ ਰੋਸ਼ਨ ਕਰੇ।
ਸ਼੍ਰੀ ਮੋਦੀ ਨੇ ਭੂਟਾਨ ਦੇ ਮਹਾਮਹਿਮ ਚੌਥੇ ਰਾਜਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅਤੇ ਉਨ੍ਹਾਂ ਦੇ ਜੀਵਨ ਨੂੰ ਗਿਆਨ, ਸਾਦਗੀ, ਹਿੰਮਤ ਅਤੇ ਰਾਸ਼ਟਰ ਪ੍ਰਤੀ ਨਿਰਸਵਾਰਥ ਸੇਵਾ ਦਾ ਸੁਮੇਲ ਦਸਦੇ ਹੋਏ ਕਿਹਾ ਕਿ ਮਹਾਮਹਿਮ ਨੇ 16 ਸਾਲ ਦੀ ਛੋਟੀ ਉਮਰ ਵਿੱਚ ਹੀ ਬਹੁਤ ਵੱਡੀ ਜ਼ਿੰਮੇਵਾਰੀ ਸੰਭਾਲੀ ਅਤੇ ਪਿਤਾ ਜਿਹਾ ਪਿਆਰ ਦਿੰਦੇ ਹੋਏ ਆਪਣੀ ਦੂਰਦਰਸ਼ੀ ਅਗਵਾਈ ਨਾਲ ਦੇਸ਼ ਨੂੰ ਅੱਗੇ ਵਧਾਇਆ। ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਮਹਾਮਹਿਮ ਆਪਣੇ 34 ਸਾਲਾਂ ਦੇ ਕਾਰਜਕਾਲ ਵਿੱਚ ਭੂਟਾਨ ਦੀ ਵਿਰਾਸਤ ਅਤੇ ਵਿਕਾਸ ਦੋਵਾਂ ਨੂੰ ਇਕੱਠੇ ਲੈ ਕੇ ਚੱਲੇ। ਉਨ੍ਹਾਂ ਨੇ ਲੋਕਤੰਤਰੀ ਅਦਾਰਿਆਂ ਦੀ ਸਥਾਪਨਾ ਤੋਂ ਲੈ ਕੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਤੱਕ ਇੱਕ ਫ਼ੈਸਲਾਕੁਨ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਮਹਾਮਹਿਮ ਵੱਲੋਂ ਦਿੱਤਾ ਗਿਆ "ਸਮੁੱਚੀ ਰਾਸ਼ਟਰੀ ਖ਼ੁਸ਼ੀ" ਦਾ ਵਿਚਾਰ ਵਿਕਾਸ ਨੂੰ ਪਰਿਭਾਸ਼ਿਤ ਕਰਨ ਲਈ ਸੰਸਾਰ ਪੱਧਰ 'ਤੇ ਮਾਨਤਾ ਪ੍ਰਾਪਤ ਮਾਪਦੰਡ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਹਿਮ ਨੇ ਇਹ ਦਿਖਾਇਆ ਹੈ ਕਿ ਰਾਸ਼ਟਰ-ਨਿਰਮਾਣ ਸਿਰਫ਼ ਕੁੱਲ ਘਰੇਲੂ ਉਤਪਾਦ (ਜੀਡੀਪੀ) ਨਾਲ ਨਹੀਂ ਸਗੋਂ ਮਨੁੱਖਤਾ ਦੀ ਭਲਾਈ ਨਾਲ ਹੁੰਦਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਭੂਟਾਨ ਦੇ ਵਿੱਚ ਦੋਸਤੀ ਨੂੰ ਮਜ਼ਬੂਤ ਕਰਨ ਵਿੱਚ ਭੂਟਾਨ ਦੇ ਚੌਥੇ ਰਾਜਾ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਜੋ ਨੀਂਹ ਰੱਖੀ ਹੈ, ਉਸ ’ਤੇ ਦੋਵਾਂ ਦੇਸ਼ਾਂ ਦੀ ਦੋਸਤੀ ਲਗਾਤਾਰ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਸਾਰੇ ਭਾਰਤੀਆਂ ਵੱਲੋਂ ਰਾਜਾ ਨੂੰ ਦਿਲੋਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।
ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਭਾਰਤ ਅਤੇ ਭੂਟਾਨ ਸਿਰਫ਼ ਸਰਹੱਦਾਂ ਨਾਲ ਹੀ ਨਹੀਂ, ਸਗੋਂ ਸਭਿਆਚਾਰਾਂ ਨਾਲ ਵੀ ਜੁੜੇ ਹਨ। ਸਾਡਾ ਰਿਸ਼ਤਾ ਕਦਰਾਂ-ਕੀਮਤਾਂ, ਭਾਵਨਾਵਾਂ, ਸ਼ਾਂਤੀ ਅਤੇ ਤਰੱਕੀ ਦਾ ਹੈ।" ਪ੍ਰਧਾਨ ਮੰਤਰੀ ਨੇ 2014 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਭੂਟਾਨ ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਸ ਯਾਤਰਾ ਦੀਆਂ ਯਾਦਾਂ ਅੱਜ ਵੀ ਉਨ੍ਹਾਂ ਨੂੰ ਭਾਵੁਕ ਕਰ ਦਿੰਦੀਆਂ ਹਨ। ਉਨ੍ਹਾਂ ਨੇ ਭਾਰਤ-ਭੂਟਾਨ ਸਬੰਧਾਂ ਦੀ ਮਜ਼ਬੂਤੀ ਅਤੇ ਖ਼ੁਸ਼ਹਾਲੀ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਦੋਵੇਂ ਦੇਸ਼ ਮੁਸ਼ਕਿਲ ਸਮੇਂ ਵਿੱਚ ਇਕੱਠੇ ਖੜ੍ਹੇ ਰਹੇ ਹਨ, ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕੀਤਾ ਹੈ ਅਤੇ ਹੁਣ ਤਰੱਕੀ ਅਤੇ ਖ਼ੁਸ਼ਹਾਲੀ ਦੇ ਰਾਹ 'ਤੇ ਨਾਲ-ਨਾਲ ਅੱਗੇ ਵਧ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਮਹਾਮਹਿਮ ਰਾਜਾ ਭੂਟਾਨ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾ ਰਹੇ ਹਨ ਅਤੇ ਭਾਰਤ ਅਤੇ ਭੂਟਾਨ ਦਰਮਿਆਨ ਭਰੋਸੇ ਅਤੇ ਵਿਕਾਸ ਦੀ ਸਾਂਝੇਦਾਰੀ ਪੂਰੇ ਖੇਤਰ ਲਈ ਬਹੁਤ ਵੱਡਾ ਮਾਡਲ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਰਤ ਅਤੇ ਭੂਟਾਨ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਊਰਜਾ ਸਾਂਝੇਦਾਰੀ ਇਸ ਵਿਕਾਸ ਨੂੰ ਰਫ਼ਤਾਰ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ-ਭੂਟਾਨ ਪਣ-ਬਿਜਲੀ ਸਹਿਯੋਗ ਦੀ ਨੀਂਹ ਮਹਾਮਹਿਮ ਚੌਥੇ ਰਾਜਾ ਦੀ ਅਗਵਾਈ ਵਿੱਚ ਰੱਖੀ ਗਈ ਸੀ। ਮਹਾਮਹਿਮ ਚੌਥੇ ਰਾਜਾ ਅਤੇ ਮਹਾਮਹਿਮ ਪੰਜਵੇਂ ਰਾਜਾ ਦੋਵਾਂ ਨੇ ਭੂਟਾਨ ਵਿੱਚ ਟਿਕਾਊ ਵਿਕਾਸ ਅਤੇ ਵਾਤਾਵਰਨ-ਪਹਿਲਾਂ ਵਿਚਾਰ ਦੇ ਵਿਜ਼ਨ ਨੂੰ ਅੱਗੇ ਵਧਾਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਇਸੇ ਦੂਰਦਰਸ਼ੀ ਨੀਂਹ ਨੇ ਭੂਟਾਨ ਨੂੰ ਦੁਨੀਆ ਦਾ ਪਹਿਲਾ ਕਾਰਬਨ-ਨੈਗੇਟਿਵ ਦੇਸ਼ ਬਣਨ ਦੇ ਯੋਗ ਬਣਾਇਆ ਹੈ ਜੋ ਅਸਧਾਰਨ ਪ੍ਰਾਪਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਤੀ ਵਿਅਕਤੀ ਨਵਿਆਉਣਯੋਗ ਊਰਜਾ ਉਤਪਾਦਨ ਵਿੱਚ ਭੂਟਾਨ ਦੁਨੀਆ ਦੇ ਸਰਬਉੱਚ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਵਰਤਮਾਨ ਵਿੱਚ ਆਪਣੀ 100 ਫ਼ੀਸਦ ਬਿਜਲੀ ਦਾ ਉਤਪਾਦਨ ਨਵਿਆਉਣਯੋਗ ਸਰੋਤਾਂ ਤੋਂ ਕਰਦਾ ਹੈ। ਇਸ ਸਮਰੱਥਾ ਨੂੰ ਹੋਰ ਵਧਾਉਂਦੇ ਹੋਏ ਅੱਜ 1,000 ਮੈਗਾਵਾਟ ਤੋਂ ਵੱਧ ਦੇ ਇੱਕ ਨਵੇਂ ਪਣ-ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਨਾਲ ਭੂਟਾਨ ਦੀ ਪਣ-ਬਿਜਲੀ ਸਮਰੱਥਾ 40 ਫ਼ੀਸਦ ਦਾ ਵਾਧਾ ਹੋਵੇਗਾ। ਇਸ ਤੋਂ ਇਲਾਵਾ, ਲੰਬੇ ਸਮੇਂ ਤੋਂ ਰੁਕੇ ਹੋਏ ਇੱਕ ਹੋਰ ਪਣ-ਬਿਜਲੀ ਪ੍ਰੋਜੈਕਟ 'ਤੇ ਵੀ ਕੰਮ ਫਿਰ ਤੋਂ ਸ਼ੁਰੂ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਂਝੇਦਾਰੀ ਸਿਰਫ਼ ਪਣ-ਬਿਜਲੀ ਤੱਕ ਹੀ ਸੀਮਤ ਨਹੀਂ ਹੈ। ਭਾਰਤ ਅਤੇ ਭੂਟਾਨ ਹੁਣ ਸੂਰਜੀ ਊਰਜਾ ਦੇ ਖੇਤਰ ਵਿੱਚ ਇਕੱਠੇ ਵੱਡੇ ਕਦਮ ਚੁੱਕ ਰਹੇ ਹਨ। ਅੱਜ ਇਸ ਨਾਲ ਜੁੜੇ ਅਹਿਮ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ ਹਨ।
ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਊਰਜਾ ਸਹਿਯੋਗ ਦੇ ਨਾਲ-ਨਾਲ ਭਾਰਤ ਅਤੇ ਭੂਟਾਨ ਸੰਪਰਕ ਵਧਾਉਣ ਵੱਲ ਵੀ ਧਿਆਨ ਕੇਂਦ੍ਰਿਤ ਕਰ ਰਹੇ ਹਨ, ਕਿਹਾ ਕਿ "ਕਨੈਕਟੀਵਿਟੀ ਮੌਕੇ ਪੈਦਾ ਕਰਦੀ ਹੈ ਅਤੇ ਮੌਕੇ ਖ਼ੁਸ਼ਹਾਲੀ ਪੈਦਾ ਕਰਦੇ ਹਨ।" ਅਤੇ ਇਸੇ ਨਜ਼ਰੀਏ ਦੇ ਤਹਿਤ ਗੇਲੇਫੁ ਅਤੇ ਸਮਤਸੇ ਸ਼ਹਿਰਾਂ ਨੂੰ ਭਾਰਤ ਦੇ ਵੱਡੇ ਰੇਲ ਨੈੱਟਵਰਕ ਨਾਲ ਜੋੜਨ ਦਾ ਫ਼ੈਸਲਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਜੈਕਟ ਪੂਰਾ ਹੋਣ 'ਤੇ ਭੂਟਾਨ ਦੇ ਉਦਯੋਗਾਂ ਅਤੇ ਕਿਸਾਨਾਂ ਦੀ ਭਾਰਤ ਦੇ ਵੱਡੇ ਬਜ਼ਾਰ ਤੱਕ ਪਹੁੰਚ ਸੌਖੀ ਹੋ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੇਲ ਅਤੇ ਸੜਕ ਸੰਪਰਕ ਤੋਂ ਇਲਾਵਾ, ਦੋਵੇਂ ਦੇਸ਼ ਸਰਹੱਦ ’ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ 'ਤੇ ਵੀ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਪ੍ਰਧਾਨ ਮੰਤਰੀ ਨੇ ਮਹਾਮਹਿਮ ਵੱਲੋਂ ਸ਼ੁਰੂ ਕੀਤੀ ਗਈ ਦੂਰਦਰਸ਼ੀ ਗੇਲੇਫੁ ਮਾਈਂਡਫੁੱਲਨੈੱਸ ਸਿਟੀ ਪਹਿਲਕਦਮੀ ਦਾ ਜ਼ਿਕਰ ਕਰਦੇ ਹੋਏ, ਇਸਦੇ ਵਿਕਾਸ ਲਈ ਭਾਰਤ ਦੇ ਪੂਰੇ ਸਮਰਥਨ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਭਾਰਤ ਜਲਦੀ ਹੀ ਸੈਲਾਨੀਆਂ ਅਤੇ ਨਿਵੇਸ਼ਕਾਂ ਦੀ ਸਹੂਲਤ ਲਈ ਗੇਲੇਫੁ ਦੇ ਨੇੜੇ ਇੱਕ ਇਮੀਗ੍ਰੇਸ਼ਨ ਚੌਕੀ ਸਥਾਪਿਤ ਕਰੇਗਾ।
ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਅਤੇ ਭੂਟਾਨ ਦੀ ਤਰੱਕੀ ਅਤੇ ਖ਼ੁਸ਼ਹਾਲੀ ਇੱਕ ਦੂਸਰੇ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੇ ਇਸੇ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ ਸਾਲ ਭੂਟਾਨ ਦੀ ਪੰਜ ਵਰ੍ਹੇ ਯੋਜਨਾ ਲਈ ₹10,000 ਕਰੋੜ ਦੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਸ ਫੰਡ ਦੀ ਵਰਤੋਂ ਸੜਕਾਂ ਤੋਂ ਲੈ ਕੇ ਖੇਤੀਬਾੜੀ, ਫਾਇਨਾਂਸਿੰਗ ਤੋਂ ਲੈ ਕੇ ਸਿਹਤ ਸੰਭਾਲ ਤੱਕ, ਸਾਰੇ ਖੇਤਰਾਂ ਵਿੱਚ ਕੀਤੀ ਜਾ ਰਹੀ ਹੈ, ਜਿਸ ਨਾਲ ਭੂਟਾਨ ਦੇ ਨਾਗਰਿਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਇਆ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਨੇ ਅਜਿਹੇ ਕਈ ਕਦਮ ਚੁੱਕੇ ਹਨ ਤਾਂ ਕਿ ਭੂਟਾਨ ਦੇ ਲੋਕਾਂ ਨੂੰ ਜ਼ਰੂਰੀ ਵਸਤੂਆਂ ਦੀ ਲਗਾਤਾਰ ਸਪਲਾਈ ਯਕੀਨੀ ਹੋਵੇ। ਉਨ੍ਹਾਂ ਨੇ ਕਿਹਾ ਕਿ ਭੂਟਾਨ ਵਿੱਚ ਯੂਪੀਆਈ ਭੁਗਤਾਨ ਦੀ ਸਹੂਲਤ ਦਾ ਵਿਸਥਾਰ ਹੋ ਰਿਹਾ ਹੈ ਅਤੇ ਅਸੀਂ ਇਸ ਦਿਸ਼ਾ ਵਿੱਚ ਵੀ ਕੰਮ ਕਰ ਰਹੇ ਹਾਂ ਕਿ ਭੂਟਾਨ ਦੇ ਨਾਗਰਿਕਾਂ ਨੂੰ ਵੀ ਭਾਰਤ ਆਉਣ ਵੇਲੇ ਯੂਪੀਆਈ ਸੇਵਾਵਾਂ ਦੀ ਵਰਤੋਂ ਕਰਨ ਦੀ ਸਹੂਲਤ ਮਿਲੇ।
ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ-ਭੂਟਾਨ ਦੀ ਮਜ਼ਬੂਤ ਸਾਂਝੇਦਾਰੀ ਦਾ ਸਭ ਤੋਂ ਵੱਧ ਲਾਭ ਦੋਵਾਂ ਦੇਸ਼ਾਂ ਦੇ ਨੌਜਵਾਨਾਂ ਨੂੰ ਹੋ ਰਿਹਾ ਹੈ। ਉਨ੍ਹਾਂ ਨੇ ਰਾਸ਼ਟਰੀ ਸੇਵਾ, ਸਵੈ-ਇੱਛਾ ਸੇਵਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਹਾਮਹਿਮ ਦੇ ਮਿਸਾਲੀ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਤਕਨੀਕ ਦੇ ਜ਼ਰੀਏ ਸਸ਼ਕਤ ਬਣਾਉਣ ਦੇ ਮਹਾਮਹਿਮ ਦੇ ਦੂਰਦਰਸ਼ੀ ਯਤਨਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭੂਟਾਨੀ ਨੌਜਵਾਨ ਇਸ ਨਜ਼ਰੀਏ ਤੋਂ ਬੇਹੱਦ ਪ੍ਰੇਰਿਤ ਹਨ ਅਤੇ ਸਿੱਖਿਆ, ਨਵੀਨਤਾ, ਹੁਨਰ ਵਿਕਾਸ, ਖੇਡਾਂ, ਪੁਲਾੜ ਅਤੇ ਸਭਿਆਚਾਰ ਸਮੇਤ ਕਈ ਖੇਤਰਾਂ ਵਿੱਚ ਭਾਰਤ ਅਤੇ ਭੂਟਾਨ ਦੇ ਨੌਜਵਾਨਾਂ ਵਿਚਕਾਰ ਸਹਿਯੋਗ ਵਧ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਨੌਜਵਾਨ ਅੱਜ ਇਕੱਠੇ ਮਿਲ ਕੇ ਸੈਟੇਲਾਈਟ ਵੀ ਬਣਾ ਰਹੇ ਹਨ। ਉਨ੍ਹਾਂ ਨੇ ਇਸ ਨੂੰ ਭਾਰਤ ਅਤੇ ਭੂਟਾਨ ਦੋਵਾਂ ਲਈ ਇੱਕ ਅਹਿਮ ਪ੍ਰਾਪਤੀ ਦੱਸਿਆ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਭੂਟਾਨ ਸਬੰਧਾਂ ਦੀ ਇੱਕ ਵੱਡੀ ਤਾਕਤ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਅਧਿਆਤਮਿਕ ਸਬੰਧ ਵਿੱਚ ਸਮਾਈ ਹੈ। ਉਨ੍ਹਾਂ ਨੇ ਭਾਰਤ ਦੇ ਰਾਜਗੀਰ ਵਿੱਚ ਹਾਲ ਹੀ ਵਿੱਚ ਹੋਏ ਸ਼ਾਹੀ ਭੂਟਾਨੀ ਮੰਦਿਰ ਦੇ ਉਦਘਾਟਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਪਹਿਲਕਦਮੀ ਦਾ ਹੁਣ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਵਿਸਥਾਰ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਭੂਟਾਨ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਐਲਾਨ ਕੀਤਾ ਹੈ ਕਿ ਭਾਰਤ ਸਰਕਾਰ ਵਾਰਾਣਸੀ ਵਿੱਚ ਇੱਕ ਭੂਟਾਨੀ ਮੰਦਿਰ ਅਤੇ ਗੈਸਟ ਹਾਊਸ ਦੇ ਨਿਰਮਾਣ ਲਈ ਜ਼ਰੂਰੀ ਜ਼ਮੀਨ ਮੁਹੱਈਆ ਕਰਾ ਰਹੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਮੰਦਿਰ ਭਾਰਤ ਅਤੇ ਭੂਟਾਨ ਦਰਮਿਆਨ ਕੀਮਤੀ ਅਤੇ ਇਤਿਹਾਸਕ ਸਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾ ਰਹੇ ਹਨ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ ਇਹ ਉਮੀਦ ਪ੍ਰਗਟਾਈ ਕਿ ਦੋਵੇਂ ਦੇਸ਼ ਸ਼ਾਂਤੀ, ਖ਼ੁਸ਼ਹਾਲੀ ਅਤੇ ਸਾਂਝੀ ਤਰੱਕੀ ਦੇ ਰਾਹ 'ਤੇ ਅੱਗੇ ਵਧਦੇ ਰਹਿਣਗੇ ਅਤੇ ਉਨ੍ਹਾਂ ਨੇ ਦੋਵੇਂ ਦੇਸ਼ਾਂ 'ਤੇ ਭਗਵਾਨ ਬੁੱਧ ਅਤੇ ਗੁਰੂ ਰਿਨਪੋਛੇ ਦੇ ਲਗਾਤਾਰ ਅਸ਼ੀਰਵਾਦ ਦੀ ਪ੍ਰਾਰਥਨਾ ਕੀਤੀ।
************
ਐੱਮਜੇਪੀਐੱਸ/ ਐੱਸਆਰ
(Release ID: 2189577)
Visitor Counter : 5
Read this release in:
English
,
Urdu
,
हिन्दी
,
Nepali
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam