ਕਿਰਤ ਤੇ ਰੋਜ਼ਗਾਰ ਮੰਤਰਾਲਾ
ਡਾ. ਮਨਸੁਖ ਮਾਂਡਵੀਆ ਨੇ ਦੋਹਾ ਵਿੱਚ ਸਮਾਜਿਕ ਵਿਕਾਸ ਲਈ ਦੂਜੇ ਵਿਸ਼ਵ ਸ਼ਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਗਰੀਬੀ ਹਟਾਉਣ ਅਤੇ ਸਮਾਜਿਕ ਸੁਰੱਖਿਆ ਵਿੱਚ ਭਾਰਤ ਦੀ ਪਰਿਵਰਤਨਸ਼ੀਲ ਪ੍ਰਗਤੀ ਨੂੰ ਉਜਾਗਰ ਕੀਤਾ
ਸਮਾਜਿਕ ਤਰੱਕੀ ਤਾਂ ਹੀ ਸੰਭਵ ਹੈ ਜਦੋਂ ਨੀਤੀ ਦੇ ਕੇਂਦਰ ਵਿੱਚ ਲੋਕ ਹੋਣ ਅਤੇ ਵਿਕਾਸ ਇੱਕ ਸਾਂਝਾ ਯਤਨ ਬਣ ਜਾਵੇ: ਡਾ. ਮਨਸੁਖ ਮਾਂਡਵੀਆ
ਕੇਂਦਰੀ ਕਿਰਤ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਸਬਕਾ ਸਾਥ, ਸਬਕਾ ਵਿਕਾਸ" ਦੇ ਦ੍ਰਿਸ਼ਟੀਕੋਣ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਭਾਰਤ ਦੀ ਯਾਤਰਾ ਅੰਤਯੋਦਯ ਦੇ ਦਰਸ਼ਨ ਦੁਆਰਾ ਨਿਰਦੇਸ਼ਤ ਹੈ
ਕੇਂਦਰੀ ਕਿਰਤ ਮੰਤਰੀ ਨੇ ਕਿਹਾ ਕਿ ਭਾਰਤ ਦਾ ਵਿਕਾਸ ਮਾਰਗ ਗਲੋਬਲ ਸਾਊਥ ਲਈ ਇੱਕ ਮਿਸਾਲੀ ਵਿਕਾਸ ਮਾਡਲ ਪੇਸ਼ ਕਰਦਾ ਹੈ
ਦੋਹਾ, ਕਤਰ ਵਿੱਚ ਸਮਾਜਿਕ ਵਿਕਾਸ 'ਤੇ ਦੂਜੇ ਵਿਸ਼ਵ ਸ਼ਿਖਰ ਸੰਮੇਲਨ ਦੇ ਪੂਰਨ ਸੈਸ਼ਨ ਵਿੱਚ ਭਾਰਤ ਦੇ ਰਾਸ਼ਟਰੀ ਬਿਆਨ ਦਾ ਮੂਲ-ਪਾਠ
Posted On:
05 NOV 2025 7:12PM by PIB Chandigarh
ਮਹਾਮਹਿਮਗਣ, ਪ੍ਰਤੀਨਿਧੀਗਣ ਅਤੇ ਸਾਰੇ ਸਾਥੀਓ,
ਇਸ ਵੱਕਾਰੀ ਫੋਰਮ 'ਤੇ ਭਾਰਤ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ।
30 ਸਾਲ ਪਹਿਲਾਂ, ਕੋਪੇਨਹੇਗਨ ਐਲਾਨ ਨੇ ਲੋਕਾਂ ਨੂੰ ਵਿਕਾਸ ਦੇ ਕੇਂਦਰ ਵਿੱਚ ਰੱਖਿਆ ਸੀ, ਜਿਸ ਵਿੱਚ ਗਰੀਬੀ ਦੇ ਖਾਤਮੇ, ਪੂਰਨ ਰੁਜ਼ਗਾਰ ਅਤੇ ਵਧੀਆ ਕੰਮ, ਅਤੇ ਸਮਾਜਿਕ ਸ਼ਮੂਲੀਅਤ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ। ਆਰਥਿਕ ਵਿਕਾਸ ਅਤੇ ਸਮਾਜਿਕ ਤਰੱਕੀ ਲਈ ਭਾਰਤ ਦਾ ਦ੍ਰਿਸ਼ਟੀਕੋਣ ਇਸ ਐਲਾਨ ਨਾਲ ਮੇਲ ਖਾਂਦਾ ਹੈ।
ਭਾਰਤ ਦੀ ਵਿਕਾਸ ਕਹਾਣੀ ਵੱਡੇ ਪੱਧਰ 'ਤੇ ਤਬਦੀਲੀ ਦੀ ਕਹਾਣੀ ਹੈ। ਪਿਛਲੇ 10 ਵਰ੍ਹਿਆਂ ਵਿੱਚ ਲਗਾਤਾਰ ਸੁਧਾਰਾਂ, ਭਲਾਈ ਪ੍ਰੋਗਰਾਮਾਂ ਦੇ ਕਨਵਰਜੈਂਸ ਅਤੇ ਡਿਜੀਟਲ ਨਵੀਨਤਾ ਦੁਆਰਾ ਲਗਭਗ 250 ਮਿਲੀਅਨ ਭਾਰਤੀਆਂ ਨੂੰ ਬਹੁ-ਆਯਾਮੀ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ ਹੈ।
ਮਹਾਮਹਿਮ,
ਭਾਰਤ ਦੀ ਯਾਤਰਾ ਅੰਤਯੋਦਯ ਦੇ ਡੂੰਘੇ ਦਰਸ਼ਨ ਦੁਆਰਾ ਨਿਰਦੇਸ਼ਿਤ ਹੈ, ਜਿਸ ਦਾ ਅਰਥ ਹੈ ਲਾਈਨ ਵਿੱਚ ਆਖਰੀ ਵਿਅਕਤੀ ਨੂੰ ਸਸ਼ਕਤ ਬਣਾਉਣਾ। ਸਾਡੀ ਤਰੱਕੀ ਇੱਕ ਜੀਵਨ-ਚੱਕਰ-ਅਧਾਰਿਤ ਢਾਂਚੇ ਦਾ ਨਤੀਜਾ ਹੈ, ਜਿੱਥੇ ਇੱਕ ਬੱਚੇ ਦੀ ਇੱਕ ਸਿਹਤਮੰਦ ਨੀਂਹ ਹੁੰਦੀ ਹੈ, ਇੱਕ ਨੌਜਵਾਨ ਬਾਲਗ ਨੂੰ ਸਿੱਖਿਆ ਅਤੇ ਰੋਜ਼ੀ-ਰੋਟੀ ਲਈ ਸਹਾਇਤਾ ਮਿਲਦੀ ਹੈ, ਇੱਕ ਵਰਕਰ ਨੂੰ ਵਧੀਆ ਕੰਮ ਤੱਕ ਪਹੁੰਚ ਮਿਲਦੀ ਹੈ, ਅਤੇ ਇੱਕ ਬਜ਼ੁਰਗ ਵਿਅਕਤੀ ਨੂੰ ਬੁਢਾਪੇ ਵਿੱਚ ਮਾਣ ਅਤੇ ਆਮਦਨ ਸੁਰੱਖਿਆ ਦੀ ਗਰੰਟੀ ਹੁੰਦੀ ਹੈ।
ਅੱਜ, 118 ਮਿਲੀਅਨ ਸਕੂਲੀ ਬੱਚਿਆਂ ਨੂੰ ਪੌਸ਼ਟਿਕ ਮਿਡ-ਡੇਅ ਮੀਲ ਮਿਲਦਾ ਹੈ, 800 ਮਿਲੀਅਨ ਤੋਂ ਵੱਧ ਨਾਗਰਿਕਾਂ ਨੂੰ ਭੋਜਨ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। 425 ਮਿਲੀਅਨ ਭਾਰਤੀਆਂ ਨੂੰ ਸਿਹਤ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਅਤੇ ਘੱਟ ਆਮਦਨ ਵਾਲੇ ਲੋਕਾਂ ਨੂੰ 37 ਮਿਲੀਅਨ ਤੋਂ ਵੱਧ ਘਰ ਪ੍ਰਦਾਨ ਕੀਤੇ ਗਏ ਹਨ।
2017-18 ਅਤੇ 2023-24 ਦੇ ਦਰਮਿਆਨ, ਸਾਡੀ ਬੇਰੁਜ਼ਗਾਰੀ ਦਰ 6 ਪ੍ਰਤੀਸ਼ਤ ਤੋਂ ਘਟ ਕੇ 3.2 ਪ੍ਰਤੀਸ਼ਤ ਹੋ ਗਈ ਹੈ ਅਤੇ ਮਹਿਲਾਵਾਂ ਦਾ ਰੁਜ਼ਗਾਰ ਦਰ ਲਗਭਗ ਦੁੱਗਣਾ ਹੋ ਗਿਆ ਹੈ। ਲੱਖਾਂ ਮਹਿਲਾਵਾਂ ਨੂੰ ਸਵੈ-ਸਹਾਇਤਾ ਸਮੂਹਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਕ੍ਰੈਡਿਟ ਵੰਡ ਨੇ ਇਨ੍ਹਾਂ ਮਹਿਲਾਵਾਂ ਦੀ ਅਗਵਾਈ ਵਾਲੇ ਸਥਾਨਕ ਸੰਸਥਾਵਾਂ ਦੀ ਤਾਕਤ ਨੂੰ ਹੋਰ ਮਜ਼ਬੂਤ ਕੀਤਾ ਹੈ।
ਭਾਰਤ ਦਾ ਸਮਾਜਿਕ ਸੁਰੱਖਿਆ ਕਵਰੇਜ 2015 ਵਿੱਚ 19 ਪ੍ਰਤੀਸ਼ਤ ਤੋਂ ਵਧ ਕੇ 2025 ਵਿੱਚ 64.3 ਪ੍ਰਤੀਸ਼ਤ ਹੋ ਗਿਆ ਹੈ। ਸਾਡੇ ਯਤਨਾਂ ਨੂੰ ਮਾਨਤਾ ਦਿੰਦੇ ਹੋਏ, ਅੰਤਰਰਾਸ਼ਟਰੀ ਸਮਾਜਿਕ ਸੁਰੱਖਿਆ ਐਸੋਸੀਏਸ਼ਨ (ਆਈਐੱਸਏਏ) ਨੇ ਇਸ ਸਾਲ ਭਾਰਤ ਨੂੰ "ਸਮਾਜਿਕ ਸੁਰੱਖਿਆ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਆਈਐੱਸਏਏ ਪੁਰਸਕਾਰ" ਨਾਲ ਸਨਮਾਨਿਤ ਕੀਤਾ।
ਸਾਡੇ ਯਤਨਾਂ ਦਾ ਧਿਆਨ ਇਨ੍ਹਾਂ ਪ੍ਰੋਗਰਾਮਾਂ ਦੀ ਨਿਰਵਿਘਨ ਡਿਲੀਵਰੀ 'ਤੇ ਹੈ। ਬੈਂਕ ਖਾਤਿਆਂ, ਮੋਬਾਈਲ ਇੰਟਰਨੈਟ ਮਾਲਕੀ ਅਤੇ ਵਿਲੱਖਣ ਨਾਗਰਿਕ ਪਛਾਣ ਕਾਰਡਾਂ ਦੇ ਨੈੱਟਵਰਕ ਰਾਹੀਂ, ਅਸੀਂ ਸਿੱਧੇ ਲਾਭ ਟ੍ਰਾਂਸਫਰ ਰਾਹੀਂ ਆਖਰੀ ਮੀਲ ਤੱਕ ਕੁਸ਼ਲ ਡਿਲੀਵਰੀ ਨੂੰ ਯਕੀਨੀ ਬਣਾਇਆ ਹੈ।
ਮਹਾਮਹਿਮ,
ਇਸ ਸੰਮੇਲਨ ਵਿੱਚ ਅਸੀਂ ਜੋ ਰਾਜਨੀਤਿਕ ਐਲਾਨ ਪੱਤਰ ਅਪਣਾ ਰਹੇ ਹਾਂ, ਉਹ ਵਿਸ਼ਵਵਿਆਪੀ ਤਰਜੀਹਾਂ ਦੇ ਅਨੁਕੂਲ ਹੈ, ਖਾਸ ਤੌਰ 'ਤੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ, ਪਰੰਪਰਾਗਤ ਦਵਾਈ ਪ੍ਰਣਾਲੀਆਂ, ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਸਹਿਕਾਰਤਾਵਾਂ ਨੂੰ ਸਮਾਵੇਸ਼ੀ ਵਿਕਾਸ ਦੇ ਇੰਜਣਾਂ ਵਜੋਂ ਮਾਨਤਾ ਦੇਣਾ।
ਸਾਡਾ ਆਰਥਿਕ ਵਿਕਾਸ ਅਤੇ ਸਮਾਜਿਕ ਵਿਕਾਸ ਮਾਰਗ ਟਿਕਾਊ ਵਿਕਾਸ ਟੀਚਿਆਂ ਅਤੇ ਜਲਵਾਯੂ ਪਰਿਵਰਤਨ 'ਤੇ ਸਾਡੀਆਂ ਵਚਨਬੱਧਤਾਵਾਂ ਦੇ ਅਨੁਕੂਲ ਹਨ। ਅਸੀਂ 17 ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਟੀਚਿਆਂ ਦੇ ਏਜੰਡੇ ਪ੍ਰਤੀ ਵਚਨਬੱਧ ਹਾਂ।
ਅਸੀਂ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਕੱਲ੍ਹ ਭਾਰਤ ਬਾਰੇ ਕੀਤੇ ਗਏ ਕੁਝ ਅਣਉਚਿਤ ਹਵਾਲਿਆਂ ਅਤੇ ਟਿੱਪਣੀਆਂ 'ਤੇ ਸਖ਼ਤ ਇਤਰਾਜ਼ ਕਰਦੇ ਹਾਂ।
ਭਾਰਤ ਵਿਰੁੱਧ ਇਸ ਤਰ੍ਹਾਂ ਦਾ ਪ੍ਰਚਾਰ ਫੈਲਾਉਣਾ ਸਮਾਜਿਕ ਤਰੱਕੀ ਤੋਂ ਦੁਨੀਆ ਦਾ ਧਿਆਨ ਹਟਾਉਣ ਲਈ ਅੰਤਰਰਾਸ਼ਟਰੀ ਪਲੈਟਫਾਰਮ ਦੀ ਦੁਰਵਰਤੋਂ ਹੈ। ਅਸੀਂ ਇਸ ਮਾਮਲੇ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ।
ਪਾਕਿਸਤਾਨ ਨੇ ਲਗਾਤਾਰ ਦੁਸ਼ਮਣੀ ਅਤੇ ਸਰਹੱਦ ਪਾਰ ਅੱਤਵਾਦ ਰਾਹੀਂ ਸਿੰਧੂ ਜਲ ਸੰਧੀ ਦੀ ਭਾਵਨਾ ਨੂੰ ਕਮਜ਼ੋਰ ਕੀਤਾ ਹੈ। ਇਸ ਨੇ ਭਾਰਤ ਦੇ ਜਾਇਜ਼ ਪ੍ਰੋਜੈਕਟਾਂ ਨੂੰ ਰੋਕਣ ਲਈ ਵਾਰ-ਵਾਰ ਸੰਧੀ ਵਿਧੀ ਦੀ ਦੁਰਵਰਤੋਂ ਕੀਤੀ ਹੈ।
ਜਿੱਥੋਂ ਤੱਕ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦਾ ਸਬੰਧ ਹੈ, ਪਾਕਿਸਤਾਨ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਖਾਸ ਕਰਕੇ ਜਦੋਂ ਉਹ ਭਾਰਤੀ ਨਾਗਰਿਕਾਂ ਵਿਰੁੱਧ ਸਰਹੱਦ ਪਾਰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਹਿੰਦਾ ਹੈ।
ਪਾਕਿਸਤਾਨ ਨੂੰ ਆਤਮ-ਮੰਥਨ ਕਰਨਾ ਚਾਹੀਦਾ ਹੈ ਅਤੇ ਆਪਣੀਆਂ ਗੰਭੀਰ ਵਿਕਾਸ ਚੁਣੌਤੀਆਂ ਦਾ ਹੱਲ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਇਸ ਨੂੰ ਅੰਤਰਰਾਸ਼ਟਰੀ ਸਹਾਇਤਾ 'ਤੇ ਨਿਰਭਰ ਛੱਡ ਦਿੱਤਾ ਹੈ। ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੰਚਾਂ ਦੀ ਦੁਰਵਰਤੋਂ ਬੰਦ ਕਰਨੀ ਚਾਹੀਦੀ ਹੈ।
ਮਹਾਮਹਿਮ,
ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮੰਤਰ "ਸਬਕਾ ਸਾਥ, ਸਬਕਾ ਵਿਕਾਸ" ਭਾਵ "ਅਸੀਂ ਸਾਰੇ ਮਿਲ ਕੇ ਸਭ ਦੇ ਵਿਕਾਸ" ਤੋਂ ਪ੍ਰੇਰਿਤ ਹੋ ਕੇ, ਸਾਡਾ ਮੰਨਣਾ ਹੈ ਕਿ ਸਮਾਜਿਕ ਤਰੱਕੀ ਉਦੋਂ ਹੀ ਸੰਭਵ ਹੈ ਜਦੋਂ ਲੋਕ ਨੀਤੀ ਦੇ ਕੇਂਦਰ ਵਿੱਚ ਹੋਣ, ਜਦੋਂ ਨਵੀਨਤਾ ਅਤੇ ਸਮਾਵੇਸ਼ ਨੂੰ ਜੋੜਿਆ ਜਾਵੇ, ਅਤੇ ਜਦੋਂ ਵਿਕਾਸ ਇੱਕ ਸਾਂਝਾ ਯਤਨ ਬਣ ਜਾਵੇ।
ਇਹ ਵੀ ਮਹੱਤਵਪੂਰਨ ਹੈ ਕਿ ਇਹ ਪਲੈਟਫਾਰਮ ਹਰੇਕ ਦੇਸ਼ ਦੀਆਂ ਖਾਸ ਸਥਿਤੀਆਂ, ਆਰਥਿਕ ਜ਼ਰੂਰਤਾਂ ਅਤੇ ਸਮਾਜਿਕ ਜ਼ਰੂਰਤਾਂ ਨੂੰ ਪਛਾਣੇ ਅਤੇ ਅਨੁਕੂਲ ਬਣਾਏ।
ਭਾਰਤ ਦਾ ਵਿਕਾਸ ਮਾਰਗ ਗਲੋਬਲ ਸਾਊਥ ਲਈ ਇੱਕ ਮਿਸਾਲੀ ਵਿਕਾਸ ਮਾਡਲ ਪੇਸ਼ ਕਰਦਾ ਹੈ। ਜਿਵੇਂ-ਜਿਵੇਂ ਅਸੀਂ ਸਮੂਹਿਕ ਤੌਰ 'ਤੇ ਸਮਾਜਿਕ ਵਿਕਾਸ ਦੇ ਭਵਿੱਖ ਦੀ ਰੂਪ-ਰੇਖਾ ਤਿਆਰ ਕਰ ਰਹੇ ਹਾਂ, ਭਾਰਤ ਆਪਣੇ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਅਤੇ ਵਿਸ਼ਵ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ।
ਮੈਂ ਸੰਯੁਕਤ ਰਾਸ਼ਟਰ ਅਤੇ ਕਤਰ ਸਰਕਾਰ ਦੀ ਇਸ ਸਮੇਂ ਸਿਰ ਕਾਨਫਰੰਸ ਨੂੰ ਬੁਲਾਉਣ ਲਈ ਪ੍ਰਸ਼ੰਸਾ ਕਰਦਾ ਹਾਂ, ਜੋ ਵਿਸ਼ਵ ਨੇਤਾਵਾਂ ਨੂੰ ਸਮਾਜਿਕ ਤੌਰ 'ਤੇ ਨਿਆਂਪੂਰਨ ਅਤੇ ਸਮਾਵੇਸ਼ੀ ਸੰਸਾਰ ਦੇ ਨਿਰਮਾਣ ਲਈ ਆਪਣੀ ਵਚਨਬੱਧਤਾ ਨੂੰ ਨਵਿਆਉਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਧੰਨਵਾਦ।
************
ਰਿਨੀ ਚੌਧਰੀ
(Release ID: 2186742)
Visitor Counter : 5
Read this release in:
Khasi
,
English
,
Urdu
,
हिन्दी
,
Marathi
,
Assamese
,
Bengali
,
Gujarati
,
Odia
,
Kannada
,
Malayalam