ਪ੍ਰਧਾਨ ਮੰਤਰੀ ਦਫਤਰ
ਨਵਾ ਰਾਏਪੁਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੇ ਨਵੇਂ ਭਵਨ ਦੇ ਉਦਘਾਟਨ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
प्रविष्टि तिथि:
01 NOV 2025 3:22PM by PIB Chandigarh
ਛੱਤੀਸਗੜ੍ਹ ਦੇ ਰਾਜਪਾਲ ਰਮਨ ਡੇਕਾ ਜੀ, ਲੋਕ ਸਭਾ ਦੇ ਸਪੀਕਰ ਓਮ ਬਿਰਲਾ ਜੀ, ਛੱਤੀਸਗੜ੍ਹ ਵਿਧਾਨ ਸਭਾ ਦੇ ਸਪੀਕਰ, ਮੇਰੇ ਦੋਸਤ ਰਮਨ ਸਿੰਘ ਜੀ, ਰਾਜ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਜੀ, ਕੇਂਦਰ ਸਰਕਾਰ ਵਿੱਚ ਮੇਰੇ ਸਹਿਯੋਗੀ ਮੰਤਰੀ ਤੋਖਨ ਸਾਹੂ ਜੀ, ਉਪ ਮੁੱਖ ਮੰਤਰੀ ਵਿਜੇ ਸ਼ਰਮਾ ਜੀ, ਅਰੁਣ ਸਾਵ ਜੀ, ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਚਰਨ ਦਾਸ ਮਹੰਤ ਜੀ, ਮੌਜੂਦ ਹੋਰ ਮੰਤਰੀ, ਜਨ ਪ੍ਰਤੀਨਿਧੀ ਅਤੇ ਮੌਜੂਦ ਭੈਣੋਂ ਅਤੇ ਭਰਾਵੋ!
ਛੱਤੀਸਗੜ੍ਹ ਦੀ ਵਿਕਾਸ ਯਾਤਰਾ ਦੇ ਲਈ, ਅੱਜ ਦਾ ਦਿਨ ਇੱਕ ਸੁਨਹਿਰੀ ਸ਼ੁਰੂਆਤ ਦਾ ਦਿਨ ਹੈ। ਅਤੇ ਮੇਰੇ ਲਈ ਨਿੱਜੀ ਤੌਰ ‘ਤੇ ਇਹ ਬਹੁਤ ਹੀ ਸੁੱਖ ਦਾ ਦਿਨ ਹੈ, ਅਹਿਮ ਦਿਨ ਹੈ। ਮੇਰਾ ਪਿਛਲੇ ਕਈ ਦਹਾਕਿਆਂ ਤੋਂ ਇਸ ਧਰਤੀ ਨਾਲ ਬਹੁਤ ਗੂੜ੍ਹਾ ਰਿਸ਼ਤਾ ਰਿਹਾ ਹੈ। ਇੱਕ ਵਰਕਰ ਦੇ ਤੌਰ ‘ਤੇ ਮੈਂ ਛੱਤੀਸਗੜ੍ਹ ਵਿੱਚ ਬਹੁਤ ਸਮਾਂ ਬਿਤਾਇਆ, ਇੱਥੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੇਰੇ ਜੀਵਨ ਨੂੰ ਘੜ੍ਹਨ ਵਿੱਚ ਇੱਥੇ ਦੇ ਲੋਕਾਂ ਦਾ, ਇੱਥੇ ਦੀ ਧਰਤੀ ਦਾ ਬਹੁਤ ਵੱਡਾ ਅਸ਼ੀਰਵਾਦ ਰਿਹਾ ਹੈ। ਛੱਤੀਸਗੜ੍ਹ ਦੀ ਪਰਿਕਲਪਨਾ, ਇਸ ਦੇ ਨਿਰਮਾਣ ਦਾ ਸੰਕਲਪ ਅਤੇ ਫਿਰ ਉਸ ਸੰਕਲਪ ਦੀ ਸਿੱਧੀ, ਹਰ ਇੱਕ ਪਲ ‘ਤੇ ਮੈਂ ਛੱਤੀਸਗੜ੍ਹ ਦੇ ਪਰਿਵਰਤਨ ਦਾ ਗਵਾਹ ਰਿਹਾ ਹਾਂ। ਅਤੇ ਅੱਜ ਜਦੋਂ ਛੱਤੀਸਗੜ੍ਹ 25 ਵਰ੍ਹਿਆਂ ਦੀ ਯਾਤਰਾ ਦੇ ਅਹਿਮ ਪੜਾਅ ‘ਤੇ ਪਹੁੰਚਿਆ ਹੈ, ਤਾਂ ਮੈਨੂੰ ਇਸ ਪਲ ਦਾ ਵੀ, ਸਹਿਭਾਗੀ ਬਣਨ ਦਾ ਮੌਕਾ ਮਿਲਿਆ ਹੈ। ਅੱਜ ਇਸ ਸਿਲਵਰ ਜੁਬਲੀ ਸਮਾਰੋਹ ‘ਤੇ, ਮੈਨੂੰ ਰਾਜ ਦੇ ਲੋਕਾਂ ਦੇ ਲਈ, ਇਸ ਨਵੇਂ ਵਿਧਾਨ ਸਭਾ ਦੇ ਉਦਘਾਟਨ ਦਾ ਸੁਭਾਗ ਮਿਲਿਆ ਹੈ। ਮੈਂ ਛੱਤੀਸਗੜ੍ਹ ਦੇ ਲੋਕਾਂ ਨੂੰ, ਰਾਜ ਸਰਕਾਰ ਨੂੰ, ਇਸ ਮੌਕੇ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ, ਵਧਾਈਆਂ ਦਿੰਦਾ ਹਾਂ।
ਸਾਥੀਓ,
2025 ਦਾ ਇਹ ਸਾਲ ਭਾਰਤੀ ਗਣਤੰਤਰ ਦਾ ਅੰਮ੍ਰਿਤ ਵਰ੍ਹਾ ਵੀ ਹੈ। 75 ਸਾਲ ਪਹਿਲਾਂ ਭਾਰਤ ਨੇ ਆਪਣਾ ਸੰਵਿਧਾਨ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਸੀ। ਅਜਿਹੇ ਵਿੱਚ, ਅੱਜ ਇਸ ਇਤਿਹਾਸਿਕ ਮੌਕੇ ‘ਤੇ ਮੈਂ ਇਸ ਖੇਤਰ ਤੋਂ ਸੰਵਿਧਾਨ ਸਭਾ ਦੇ ਮੈਂਬਰ ਰਹੇ, ਰਵੀ ਸ਼ੰਕਰ ਸ਼ੁਕਲਾ ਜੀ, ਬੈਰਿਸਟਰ ਠਾਕੁਰ ਛੇਦੀਲਾਲ ਜੀ, ਘਨਸ਼ਿਆਮ ਸਿੰਘ ਗੁਪਤਾ ਜੀ, ਕਿਸ਼ੋਰੀ ਮੋਹਨ ਤ੍ਰਿਪਾਠੀ ਜੀ, ਰਾਮਪ੍ਰਸਾਦ ਪੋਟਾਈ ਜੀ ਅਤੇ ਰਘੂਰਾਜ ਸਿੰਘ ਜਿਹੇ ਮਹਾਪੁਰਖਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਦਿੰਦਾ ਹਾਂ। ਓਦੋਂ ਤੋਂ ਬਹੁਤ ਪਛੜੇ ਰਹੇ ਇਸ ਖੇਤਰ ਤੋਂ, ਦਿੱਲੀ ਪਹੁੰਚ ਕੇ ਇਨ੍ਹਾਂ ਉੱਘੀਆਂ ਸ਼ਖ਼ਸੀਅਤਾਂ ਨੇ ਬਾਬਾ ਸਾਹਿਬ ਦੀ ਅਗਵਾਈ ਵਿੱਚ ਸੰਵਿਧਾਨ ਦੇ ਬਣਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਸਾਥੀਓ,
ਅੱਜ ਦਾ ਦਿਨ ਛੱਤੀਸਗੜ੍ਹ ਦੇ ਇਤਿਹਾਸ ਦਾ ਸੁਨਹਿਰੀ ਅਧਿਆਇ ਬਣ ਕੇ ਚਮਕ ਰਿਹਾ ਹੈ। ਅੱਜ ਜਦੋਂ ਅਸੀਂ ਇਸ ਸ਼ਾਨਦਾਰ ਅਤੇ ਆਧੁਨਿਕ ਵਿਧਾਨ ਸਭਾ ਭਵਨ ਦਾ ਉਦਘਾਟਨ ਕਰ ਰਹੇ ਹਾਂ, ਤਾਂ ਇਹ ਸਿਰਫ ਇੱਕ ਇਮਾਰਤ ਦਾ ਸਮਾਰੋਹ ਨਹੀਂ, ਸਗੋਂ 25 ਸਾਲਾਂ ਦੀ ਜਨਤਕ ਇੱਛਾਵਾਂ, ਜਨਤਕ ਸੰਘਰਸ਼ ਅਤੇ ਜਨਤਕ ਮਾਣ ਦਾ ਜਸ਼ਨ ਬਣ ਗਿਆ ਹੈ। ਅੱਜ ਛੱਤੀਸਗੜ੍ਹ ਆਪਣੇ ਸੁਪਨੇ ਦੇ ਸਿਖਰ ‘ਤੇ ਖੜ੍ਹਾ ਹੈ। ਅਤੇ ਇਸ ਸ਼ਾਨਦਾਰ ਪਲ ਵਿੱਚ, ਮੈਂ ਉਸ ਮਹਾਨ ਵਿਅਕਤੀ ਨੂੰ ਸਿਜਦਾ ਕਰਦਾ ਹਾਂ, ਜਿਨ੍ਹਾਂ ਦੀ ਦੂਰਦਰਸ਼ਨੀ ਅਤੇ ਹਮਦਰਦੀ ਨੇ ਇਸ ਰਾਜ ਦੀ ਸਥਾਪਨਾ ਕੀਤੀ ਸੀ। ਉਹ ਮਹਾਨ ਵਿਅਕਤੀ ਹਨ- ਭਾਰਤ ਰਤਨ, ਸਤਿਕਾਰਯੋਗ ਅਟਲ ਬਿਹਾਰੀ ਵਾਜਪਾਈ ਜੀ।
ਸਾਥੀਓ,
ਸਾਲ 2000 ਵਿੱਚ ਜਦੋਂ ਅਟਲ ਜੀ ਨੇ ਛੱਤੀਸਗੜ੍ਹ ਰਾਜ ਦਾ ਗਠਨ ਕੀਤਾ, ਤਾਂ ਉਹ ਫ਼ੈਸਲਾ ਸਿਰਫ ਪ੍ਰਸ਼ਾਸਨਿਕ ਨਹੀਂ ਸੀ। ਉਹ ਫ਼ੈਸਲਾ ਸੀ ਵਿਕਾਸ ਦੇ ਨਵੇਂ ਰਾਹ ਖੋਲ੍ਹਣ ਦਾ ਅਤੇ ਉਹ ਫ਼ੈਸਲਾ ਸੀ ਛੱਤੀਸਗੜ੍ਹ ਦੀ ਆਤਮਾ ਨੂੰ ਪਹਿਚਾਣ ਦਿਵਾਉਣ ਦਾ। ਇਸ ਲਈ, ਅੱਜ ਜਦੋਂ ਇਸ ਸ਼ਾਨਦਾਰ ਵਿਧਾਨ ਸਭਾ ਦੇ ਨਾਲ-ਨਾਲ ਅਟਲ ਜੀ ਦੀ ਮੂਰਤੀ ਦਾ ਵੀ ਉਦਘਾਟਨ ਹੋਇਆ ਹੈ, ਤਾਂ ਮਨ ਕਹਿ ਰਿਹਾ ਹੈ, ਮੇਰੇ ਭਾਵ ਪ੍ਰਗਟ ਹੋ ਰਹੇ ਹਨ, ਅਟਲ ਜੀ ਜਿੱਥੇ ਵੀ ਹੋ- ਅਟਲ ਜੀ, ਦੇਖੋ, ਤੁਹਾਡਾ ਸੁਪਨਾ ਪੂਰਾ ਹੋ ਰਿਹਾ ਹੈ। ਤੁਹਾਡਾ ਬਣਾਇਆ ਹੋਇਆ ਛੱਤੀਸਗੜ੍ਹ ਅੱਜ ਆਤਮ-ਵਿਸ਼ਵਾਸ ਨਾਲ ਭਰਿਆ ਹੈ, ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ।
ਸਾਥੀਓ,
ਛੱਤੀਸਗੜ੍ਹ ਵਿਧਾਨ ਸਭਾ ਦਾ ਇਤਿਹਾਸ ਆਪਣੇ ਆਪ ਵਿੱਚ ਪ੍ਰੇਰਨਾ ਸਰੋਤ ਹੈ। 2000 ਵਿੱਚ ਜਦੋਂ ਇਸ ਸੁੰਦਰ ਰਾਜ ਦੀ ਸਥਾਪਨਾ ਹੋਈ, ਤਾਂ ਪਹਿਲੀ ਵਿਧਾਨ ਸਭਾ ਦੀ ਮੀਟਿੰਗ ਰਾਜਕੁਮਾਰ ਕਾਲਜ, ਰਾਏਪੁਰ ਦੇ ਜਸ਼ਪੁਰ ਹਾਲ ਵਿੱਚ ਹੋਈ ਸੀ। ਉਹ ਸਮਾਂ ਸੀਮਿਤ ਸੰਸਾਧਨਾਂ ਦਾ ਤਾਂ ਸੀ, ਪਰ ਅਸੀਮ ਸੁਪਨਿਆਂ ਦਾ ਸੀ। ਤਦ ਸਿਰਫ਼ ਇੱਕ ਭਾਵਨਾ ਸੀ ਕਿ ਅਸੀਂ ਆਪਣੀ ਕਿਸਮਤ ਨੂੰ ਹੋਰ ਤੇਜ਼ੀ ਨਾਲ ਉੱਜਵਲ ਬਣਾਵਾਂਗੇ। ਬਾਅਦ ਵਿੱਚ ਵਿਧਾਨ ਸਭਾ ਦਾ ਜੋ ਭਵਨ ਤਿਆਰ ਹੋਇਆ, ਉਹ ਵੀ ਪਹਿਲਾਂ ਕਿਸੇ ਦੂਜੇ ਵਿਭਾਗ ਦੀ ਜਗ੍ਹਾ ਸੀ। ਉੱਥੇ ਤੋਂ ਛੱਤੀਸਗੜ੍ਹ ਵਿੱਚ ਲੋਕਤੰਤਰ ਦੀ ਯਾਤਰਾ ਨਵੀਂ ਊਰਜਾ ਦੇ ਨਾਲ ਸ਼ੁਰੂ ਹੋਈ। ਅਤੇ ਅੱਜ, 25 ਸਾਲਾਂ ਦੇ ਬਾਅਦ, ਉਹੀ ਲੋਕਤੰਤਰ, ਉਹੀ ਜਨਤਾ, ਇੱਕ ਆਧੁਨਿਕ, ਡਿਜੀਟਲ ਅਤੇ ਆਤਮ-ਨਿਰਭਰ ਵਿਧਾਨ ਸਭਾ ਦੇ ਭਵਨ ਦਾ ਉਦਘਾਟਨ ਕਰ ਰਹੀ ਹੈ।
ਸਾਥੀਓ,
ਇਹ ਭਵਨ ਲੋਕਤੰਤਰ ਦਾ ਤੀਰਥ ਸਥਾਨ ਹੈ। ਇਸ ਦਾ ਹਰ ਥੰਮ੍ਹ ਪਾਰਦਰਸ਼ਤਾ ਦਾ ਪ੍ਰਤੀਕ ਹੈ। ਇਸ ਦਾ ਹਰ ਗਲਿਆਰਾ ਜਵਾਬਦੇਹੀ ਦੀ ਯਾਦ ਦਿਵਾਉਂਦਾ ਹੈ। ਅਤੇ ਇਸ ਦਾ ਹਰ ਕਮਰਾ ਜਨਤਾ ਦੀ ਆਵਾਜ਼ ਨੂੰ ਦਰਸਾਉਂਦਾ ਹੈ। ਇੱਥੇ ਲਏ ਗਏ ਫ਼ੈਸਲੇ ਦਹਾਕਿਆਂ ਤੱਕ ਛੱਤੀਸਗੜ੍ਹ ਦੀ ਕਿਸਮਤ ਨੂੰ ਦਿਸ਼ਾ ਦੇਣਗੇ। ਅਤੇ ਇੱਥੇ ਕਿਹਾ ਹਰ ਇੱਕ ਸ਼ਬਦ, ਛੱਤੀਸਗੜ੍ਹ ਦੇ ਅਤੀਤ, ਇਸ ਦੇ ਵਰਤਮਾਨ ਦਾ ਅਤੇ ਇਸ ਦੇ ਭਵਿੱਖ ਦਾ ਮਹੱਤਵਪੂਰਨ ਹਿੱਸਾ ਹੋਵੇਗਾ। ਮੈਨੂੰ ਵਿਸ਼ਵਾਸ ਹੈ, ਇਹ ਭਵਨ ਆਉਣ ਵਾਲੇ ਦਹਾਕਿਆਂ ਦੇ ਲਈ ਛੱਤੀਸਗੜ੍ਹ ਦੀ ਨੀਤੀ, ਕਿਸਮਤ ਅਤੇ ਨੀਤੀ ਨਿਰਮਾਤਾਵਾਂ ਦਾ ਕੇਂਦਰ ਬਣੇਗਾ।
ਸਾਥੀਓ,
ਅੱਜ ਪੂਰਾ ਦੇਸ਼ ਵਿਰਾਸਤ ਅਤੇ ਵਿਕਾਸ ਨੂੰ ਨਾਲ ਲੈ ਕੇ ਚੱਲ ਰਿਹਾ ਹੈ। ਅਤੇ ਇਹ ਭਾਵਨਾ, ਸਰਕਾਰ ਦੀ ਹਰ ਨੀਤੀ, ਹਰ ਫ਼ੈਸਲੇ ਵਿੱਚ ਵੀ ਦਿਖਦੀ ਹੈ। ਅੱਜ ਦੇਸ਼ ਦੀ ਸੰਸਦ ਨੂੰ, ਸਾਡਾ ਪਵਿੱਤਰ ਸੇਂਗੋਲ ਪ੍ਰੇਰਨਾ ਦਿੰਦਾ ਹੈ। ਨਵੀਂ ਸੰਸਦ ਦੀਆਂ ਨਵੀਆਂ ਗੈਲਰੀਆਂ, ਪੂਰੀ ਦੁਨੀਆ ਨੂੰ ਭਾਰਤ ਦੇ ਲੋਕਤੰਤਰ ਦੀ ਪ੍ਰਾਚੀਨਤਾ ਨਾਲ ਜੋੜਦੀਆਂ ਹਨ। ਸੰਸਦ ਪਰਿਸਰ ਵਿੱਚ ਲੱਗੀਆਂ ਮੂਰਤੀਆਂ, ਪੂਰੀ ਦੁਨੀਆ ਨੂੰ ਦੱਸਦੀਆਂ ਹਨ ਕਿ ਭਾਰਤ ਵਿੱਚ ਲੋਕਤੰਤਰ ਦੀ ਜੜ੍ਹ ਕਿੰਨੀ ਡੂੰਘੀ ਹੈ।
ਸਾਥੀਓ,
ਮੈਨੂੰ ਖ਼ੁਸ਼ੀ ਹੈ ਕਿ ਭਾਰਤ ਦੀ ਇਹੀ ਸੋਚ, ਇਹੀ ਭਾਵਨਾ, ਛੱਤੀਸਗੜ੍ਹ ਦੇ ਇਸ ਨਵੇਂ ਵਿਧਾਨ ਸਭਾ ਵਿੱਚ ਵੀ ਝਲਕਦੀ ਹੈ।
ਸਾਥੀਓ,
ਛੱਤੀਸਗੜ੍ਹ ਦਾ ਨਵਾਂ ਵਿਧਾਨ ਸਭਾ ਪਰਿਸਰ ਰਾਜ ਦੇ ਸ੍ਰਮਿੱਧ ਸਭਿਆਚਾਰ ਨੂੰ ਦਰਸਾਉਂਦਾ ਹੈ। ਇਸ ਵਿਧਾਨ ਸਭਾ ਦੇ ਪਲ-ਪਲ ਵਿੱਚ, ਛੱਤੀਸਗੜ੍ਹ ਦੀ ਧਰਤੀ ‘ਤੇ ਜੰਮੇ ਸਾਡੇ ਮਹਾਪੁਰਖਾਂ ਦੀ ਪ੍ਰੇਰਨਾ ਹੈ। ਵਾਂਝਿਆਂ ਨੂੰ ਤਰਜੀਹ, ਸਬਕਾ ਸਾਥ, ਸਬਕਾ ਵਿਕਾਸ, ਇਹ ਭਾਜਪਾ ਸਰਕਾਰ ਦੇ ਸੁਸ਼ਾਸਨ ਦੀ ਪਹਿਚਾਣ ਹੈ, ਇਹੀ ਦੇਸ਼ ਦੇ ਸੰਵਿਧਾਨ ਦੀ ਸਪੀਰਿਟ ਹੈ, ਇਹੀ, ਸਾਡੇ ਮਹਾਪੁਰਖਾਂ, ਸਾਡੇ ਰਿਸ਼ੀਆਂ, ਸਿਆਣਿਆਂ ਦੇ ਦਿੱਤੇ ਸੰਸਕਾਰ (ਗੁਣ) ਹਨ।
ਸਾਥੀਓ,
ਮੈਂ ਜਦੋਂ ਇਸ ਭਵਨ ਨੂੰ ਦੇਖ ਰਿਹਾ ਸੀ ਤਾਂ ਮੈਨੂੰ ਬਸਤਰ ਕਲਾ ਦੀ ਸੁੰਦਰ ਝਲਕ ਦਿਖਾਈ ਦਿੱਤੀ। ਮੈਨੂੰ ਯਾਦ ਹੈ, ਕੁਝ ਮਹੀਨੇ ਪਹਿਲਾਂ ਥਾਈਲੈਂਡ ਦੇ ਪ੍ਰਧਾਨ ਮੰਤਰੀ ਜੀ ਨੂੰ ਮੈਂ ਇਹੀ ਬਸਤਰ ਕਲਾ ਭੇਟ ਕੀਤੀ ਸੀ, ਬਸਤਰ ਦੀ ਇਹ ਕਲਾ ਸਾਡੀ ਸਿਰਜਣਸ਼ੀਲਤਾ ਅਤੇ ਸਭਿਆਚਾਰਕ ਸ਼ਕਤੀ ਦਾ ਪ੍ਰਤੀਕ ਹੈ।
ਸਾਥੀਓ,
ਇਸ ਭਵਨ ਦੀਆਂ ਕੰਧਾਂ ਵਿੱਚ ਬਾਬਾ ਗੁਰੂ ਘਾਸੀਦਾਸ ਜੀ ਦਾ ‘ਮਨਖੇ-ਮਨਖੇ ਏਕ ਸਮਾਨ’ ਦਾ ਸੰਦੇਸ਼ ਹੈ, ਜੋ ਸਾਨੂੰ, ਸਬਕਾ ਸਾਥ, ਸਬਕਾ ਵਿਕਾਸ, ਸਬਕਾ ਸਨਮਾਨ ਸਿਖਾਉਂਦਾ ਹੈ। ਇੱਥੇ ਦੇ ਹਰ ਦਰਵਾਜ਼ੇ ਵਿੱਚ, ਮਾਂ ਸ਼ਬਰੀ ਦੀ ਸਿਖਾਈ ਨੇੜਤਾ ਹੈ, ਜੋ ਸਾਨੂੰ ਹਰ ਮਹਿਮਾਨ ਹਰ ਨਾਗਰਿਕ ਦਾ ਪਿਆਰ ਨਾਲ ਸਵਾਗਤ ਕਰਨ ਦੀ ਗੱਲ ਦੱਸਦੀ ਹੈ ਇਸ ਸਦਨ ਦੀ ਹਰ ਕੁਰਸੀ ਵਿੱਚ ਸੰਤ ਕਬੀਰ ਦੀ ਸਿਖਾਈ ਸਚਾਈ ਅਤੇ ਨਿਡਰਤਾ ਦੀ ਭਾਵਨਾ ਹੈ। ਅਤੇ ਇਸ ਦੀ ਨੀਂਹ ਵਿੱਚ ਮਹਾਪ੍ਰਭੂ ਵੱਲਭਾਚਾਰੀਆ ਜੀ ਦਾ ਦੱਸਿਆ – ਨਰ ਸੇਵਾ, ਨਾਰਾਇਣ ਸੇਵਾ (ਮਨੁੱਖਤਾ ਦੀ ਸੇਵਾ ਅਤੇ ਪਰਮਾਤਮਾ ਦੀ ਸੇਵਾ) ਦਾ ਪ੍ਰਣ ਹੈ।
ਸਾਥੀਓ,
ਭਾਰਤ ਲੋਕਤੰਤਰ ਦੀ ਜਨਨੀ ਹੈ, ਮਦਰ ਆਫ਼ ਡੈਮੋਕ੍ਰੇਸੀ ਹੈ, ਸਾਡਾ ਆਦਿਵਾਸੀ ਸਮਾਜ ਤਾਂ, ਪੀੜ੍ਹੀਆਂ ਤੋਂ ਲੋਕਤੰਤਰੀ ਪਰੰਪਰਾਵਾਂ ਨੂੰ ਜਿਊਂਦਾ ਆਇਆ ਹੈ। ਮੁਰੀਆ ਦਰਬਾਰ- ਬਸਤਰ ਦੀ ‘ਆਦਿਮ ਸੰਸਦ’ ਇਸ ਦੀ ਜੀਵਤ ਉਦਾਹਰਣ ਹੈ। ਉਹ ਆਦਿਮ ਸੰਸਦ ਸੀ, ਸਾਲਾਂ ਤੋਂ ਸਾਡੇ ਇੱਥੇ ਸਮਾਜ ਅਤੇ ਸ਼ਾਸਨ ਮਿਲ ਕੇ, ਸਮੱਸਿਆਵਾਂ ਦਾ ਹੱਲ ਕਰਦੇ ਰਹੇ ਹਨ। ਅਤੇ ਮੈਨੂੰ ਖ਼ੁਸ਼ੀ ਹੈ ਕਿ ਇਸ ਵਿਧਾਨ ਸਭਾ ਵਿੱਚ ਵੀ ਮੁਰੀਆ ਦਰਬਾਰ ਦੀ ਪਰੰਪਰਾ ਨੂੰ ਸਥਾਨ ਮਿਲਿਆ ਹੈ।
ਸਾਥੀਓ,
ਇੱਕ ਪਾਸੇ, ਇਸ ਸਦਨ ਦੇ ਹਰ ਕੋਨੇ ਵਿੱਚ, ਸਾਡੇ ਮਹਾਪੁਰਖਾਂ ਦੇ ਆਦਰਸ਼ ਹਨ, ਤਾਂ ਉੱਥੇ ਹੀ ਇਸ ਦੀ ਪਿੱਠ ‘ਤੇ, ਰਮਨ ਸਿੰਘ ਜੀ ਵਰਗਾ ਤਜਰਬੇਕਾਰ ਲੀਡਰ ਵੀ ਹੈ। ਰਮਨ ਜੀ, ਇਸ ਗੱਲ ਦਾ ਬਹੁਤ ਵੱਡਾ ਉਦਾਹਰਣ ਹਨ ਕਿ ਇੱਕ ਵਰਕਰ ਆਪਣੀ ਮਿਹਨਤ ਨਾਲ, ਆਪਣੇ ਸਮਰਪਣ ਭਾਵ ਨਾਲ ਲੋਕਤੰਤਰੀ ਵਿਵਸਥਾ ਨੂੰ ਕਿੰਨਾ ਸਸ਼ਕਤ ਬਣਾ ਸਕਦਾ ਹੈ।
ਸਾਥੀਓ,
ਕ੍ਰਿਕਟ ਵਿੱਚ ਤਾਂ ਦੇਖਦੇ ਹਾਂ ਕਿ ਜੋ ਕਦੇ ਕੈਪਟਨ ਰਹਿੰਦਾ ਹੈ, ਉਹ ਕਦੇ ਟੀਮ ਵਿੱਚ ਖਿਡਾਰੀ ਬਣ ਕੇ ਵੀ ਖੇਡਦਾ ਹੈ, ਪਰ ਰਾਜਨੀਤੀ ਵਿੱਚ ਅਜਿਹਾ ਦੇਖਣ ਨੂੰ ਨਹੀਂ ਮਿਲਦਾ ਹੈ, ਇਹ ਉਦਾਹਰਣ ਰਮਨ ਸਿੰਘ ਜੀ ਦੇ ਸਕਦੇ ਹਨ, ਕਿ ਜੋ ਕਦੇ ਕੈਪਟਨ ਹੋਇਆ ਕਰਦੇ ਸਨ, ਉਹ ਅੱਜ ਸੱਚੇ ਸਪੀਰਿਟ ਨਾਲ ਵਰਕਰ ਦੇ ਤੌਰ ‘ਤੇ ਛੱਤੀਸਗੜ੍ਹ ਦੀ ਸੇਵਾ ਦੇ ਲਈ ਸਮਰਪਿਤ ਹਰ ਵਰਕਰ ਲਈ ਪ੍ਰੇਰਨਾ ਦੇ ਤੌਰ ‘ਤੇ ਕੰਮ ਕਰ ਰਹੇ ਹਨ।
ਸਾਥੀਓ,
ਰਾਸ਼ਟਰ-ਕਵੀ ਨਿਰਾਲਾ ਜੀ ਨੇ ਆਪਣੀ ਕਵਿਤਾ ਵਿੱਚ ਮਾਂ ਸਰਸਵਤੀ ਨੂੰ ਪ੍ਰਾਰਥਨਾ ਕੀਤੀ ਸੀ-ਪ੍ਰਿਯ ਸਵਤੰਤਰ-ਰਵ, ਅੰਮ੍ਰਿਤ-ਮੰਤਰ ਨਵ ਭਾਰਤ ਮੇਂ ਭਰ ਦੇ, ਇਹ ਸਿਰਫ਼ ਕਵਿਤਾ ਨਹੀਂ ਸੀ, ਇਹ ਆਜ਼ਾਦ ਭਾਰਤ ਦੀ ਨਵੀਂ ਸਿਰਜਣਾ ਦਾ ਮੰਤਰ ਸੀ। ਉਨ੍ਹਾਂ ਨੇ ਨਵੀਂ ਗਤੀ, ਨਵੀਂ ਲੈਅ, ਨਵੀਂ ਸੁਰ ਦੀ ਗੱਲ ਕੀਤੀ, ਯਾਨੀ ਕਿ ਇੱਕ ਅਜਿਹੇ ਭਾਰਤ ਦੀ ਜੋ ਪਰੰਪਰਾ ਨਾਲ ਜੁੜਿਆ ਹੋਵੇ, ਪਰ ਭਵਿੱਖ ਵੱਲ ਪੂਰੇ ਆਤਮ-ਵਿਸ਼ਵਾਸ ਨਾਲ ਅੱਗੇ ਵਧੇ। ਅੱਜ, ਜਦੋਂ ਅਸੀਂ ਛੱਤੀਸਗੜ੍ਹ ਦੇ ਨਵੇਂ ਵਿਧਾਨ ਸਭਾ ਵਿੱਚ ਖੜ੍ਹੇ ਹਾਂ, ਤਾਂ ਇਹ ਭਾਵਨਾ ਇੱਥੇ ਵੀ ਓਨੀ ਹੀ ਸਾਰਥਕ ਹੈ। ਇਹ ਇਮਾਰਤ ਵੀ ਉਸੇ "ਨਵੀਂ ਆਵਾਜ਼" ਦਾ ਪ੍ਰਤੀਕ ਹੈ, ਜਿੱਥੇ ਪੁਰਾਣੇ ਅਨੁਭਵਾਂ ਦੀ ਆਵਾਜ਼ ਗੂੰਜਦੀ ਹੈ ਅਤੇ ਨਵੇਂ ਸੁਪਨਿਆਂ ਦੀ ਊਰਜਾ ਵੀ ਹੈ। ਅਤੇ ਇਸ ਊਰਜਾ ਨਾਲ, ਸਾਨੂੰ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਹੈ, ਇੱਕ ਅਜਿਹੇ ਛੱਤੀਸਗੜ੍ਹ ਦੀ ਨੀਂਹ ਰੱਖਣੀ ਹੈ, ਜੋ ਵਿਰਾਸਤ ਨਾਲ ਜੁੜ ਕੇ, ਵਿਕਾਸ ਦੇ ਰਾਹ 'ਤੇ ਅੱਗੇ ਵਧ ਸਕੇ।
ਸਾਥੀਓ,
ਨਾਗਰਿਕ ਦੇਵੋ ਭਵ:, ਇਹ ਸਾਡੇ ਸੁਸ਼ਾਸਨ ਦਾ ਮੰਤਰ ਹੈ। ਅਤੇ ਇਸ ਲਈ, ਸਾਨੂੰ ਵਿਧਾਨ ਸਭਾ ਦੇ ਹਰ ਫ਼ੈਸਲੇ ਵਿੱਚ ਜਨਤਾ ਦੇ ਹਿਤ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਨਾ ਹੋਵੇਗਾ। ਇੱਥੇ ਕਾਨੂੰਨ ਅਜਿਹੇ ਬਣਨ, ਜੋ ਰਿਫੌਰਮ ਨੂੰ ਗਤੀ ਦੇਣ, ਜਿਸ ਨਾਲ ਲੋਕਾਂ ਦਾ ਜੀਵਨ ਅਸਾਨ ਹੋਵੇ, ਜੋ ਲੋਕਾਂ ਦੇ ਜੀਵਨ ਤੋਂ ਸਰਕਾਰ ਦੇ ਗ਼ੈਰ-ਜ਼ਰੂਰੀ ਦਖਲ ਨੂੰ ਬਾਹਰ ਕਰੇ। ਸਰਕਾਰ ਦੀ ਨਾ ਕਮੀ ਹੋਵੇ ਅਤੇ ਨਾ ਹੀ ਗ਼ੈਰ-ਜ਼ਰੂਰੀ ਪ੍ਰਭਾਵ ਹੋਵੇ, ਇਹੀ ਤੇਜ਼ ਪ੍ਰਗਤੀ ਦਾ ਸਿਰਫ ਇੱਕ ਮੰਤਰ ਹੈ।
ਸਾਥੀਓ,
ਇਹ ਸਾਡਾ ਛੱਤੀਸਗੜ੍ਹ ਤਾਂ ਭਗਵਾਨ ਸ਼੍ਰੀ ਰਾਮ ਦਾ ਨਾਨਕਾ ਹੈ। ਭਗਵਾਨ ਸ਼੍ਰੀ ਰਾਮ ਇਸ ਧਰਤੀ ਦੇ ਭਾਣਜੇ ਹਨ। ਅੱਜ ਇਸ ਨਵੇਂ ਪਰਿਸਰ ਵਿੱਚ ਸ਼੍ਰੀ ਰਾਮ ਦੇ ਆਦਰਸ਼ਾਂ ਨੂੰ ਯਾਦ ਕਰਨ ਦਾ ਇਸ ਤੋਂ ਚੰਗਾ ਦਿਨ ਹੋਰ ਕੀ ਹੋਵੇਗਾ। ਭਗਵਾਨ ਰਾਮ ਦੇ ਆਦਰਸ਼, ਸਾਨੂੰ ਸੁਸ਼ਾਸਨ ਦੀ ਸਿੱਖਿਆ ਦਿੰਦੇ ਹਨ।
ਸਾਥੀਓ,
ਅਯੁੱਧਿਆ ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਮੇਂ, ਅਸੀਂ ਸਭ ਨੇ ਦੇਵ ਤੋਂ ਦੇਸ਼ ਅਤੇ ‘ਰਾਮ ਤੋਂ ਰਾਸ਼ਟਰ’ ਦਾ ਸੰਕਲਪ ਲਿਆ ਸੀ। ਸਾਨੂੰ ਯਾਦ ਰੱਖਣਾ ਹੈ, ਰਾਮ ਤੋਂ ਰਾਸ਼ਟਰ ਦਾ ਮਤਲਬ ਹੈ- ਰਾਮ ਰਾਜ ਬੈਠੇ ਤ੍ਰੈਲੋਕਾ। ਹਰਸ਼ਿਤ ਭਏ ਗਏ ਸਬ ਸੋਕਾ। ਇਸ ਦਾ ਮਤਲਬ ਹੈ, ਸੁਸ਼ਾਸਨ ਅਤੇ ਜਨ ਭਲਾਈ ਦਾ ਰਾਜ! ਇਸ ਦਾ ਮਤਲਬ ਹੈ, ਸਬਕਾ ਸਾਥ, ਸਬਕਾ ਵਿਕਾਸ ਦੀ ਭਾਵਨਾ ਨਾਲ ਸ਼ਾਸਨ! ਰਾਮ ਤੋਂ ਰਾਸ਼ਟਰ ਦਾ ਮਤਲਬ ਹੈ, ਨਹਿੰ ਦਰਿਦ੍ਰ ਕੋਉ, ਦੁਘੀ ਨ ਦੀਨਾ। ਜਿੱਥੇ ਕੋਈ ਨਾ ਗ਼ਰੀਬ ਹੋਵੇ, ਨਾ ਕੋਈ ਦੁਖੀ ਹੋਵੇ, ਜਿੱਥੇ ਭਾਰਤ ਗ਼ਰੀਬੀ ਤੋਂ ਮੁਕਤ ਹੋ ਕੇ ਅੱਗੇ ਵਧੇ, ਰਾਮ ਤੋਂ ਰਾਸ਼ਟਰ ਦਾ ਮਤਲਬ ਹੈ- ਅਲਪਮ੍ਰਤਯੂ ਨਹਿੰ ਕਵਨਿਉ ਪੀਰਾ। ਮਤਲਬ, ਬਿਮਾਰੀਆਂ ਤੋਂ ਅਚਾਨਕ ਮੌਤ ਨਾ ਹੋਵੇ, ਮਤਲਬ ਤੰਦਰੁਸਤ ਅਤੇ ਸੁਖੀ ਭਾਰਤ ਨਿਰਮਾਣ ਹੋਵੇ, ਰਾਮ ਤੋਂ ਰਾਸ਼ਟਰ ਦਾ ਮਤਲਬ ਹੈ- ਮਾਨਊਂ ਏਕ ਭਗਤਿ ਕਰ ਨਾਤਾ। ਮਤਲਬ ਸਾਡਾ ਸਮਾਜ ਉੱਚ-ਨੀਚ ਦੇ ਭਾਵ ਤੋਂ ਮੁਕਤ ਹੋਵੇ, ਅਤੇ ਹਰ ਸਮਾਜ ਵਿੱਚ ਸਮਾਜਿਕ ਨਿਆਂ ਦੀ ਸਥਾਪਨਾ ਹੋਵੇ।
ਸਾਥੀਓ,
ਰਾਮ ਤੋਂ ਰਾਸ਼ਟਰ ਦਾ ਇੱਕ ਮਤਲਬ ਇਹ ਵੀ ਹੈ ਕਿ, “ਨਿਸਿਚਰ ਹੀਨ ਕਰਊਂ ਮਹਿ ਭੁਜ ਉਠਾਇ ਪਨ ਕੀਂਹ”। ਮਤਲਬ, ਮਨੁੱਖਤਾ ਵਿਰੋਧੀ ਤਾਕਤਾਂ, ਅੱਤਵਾਦ ਦੀ ਤਬਾਹੀ ਦੀ ਸਹੁੰ! ਅਤੇ ਇਹੀ ਤਾਂ ਅਸੀਂ ਆਪ੍ਰੇਸ਼ਨ ਸਿੰਧੂਰ ਵਿੱਚ ਦੇਖਿਆ ਹੈ। ਭਾਰਤ, ਅੱਤਵਾਦ ਦੀ ਤਬਾਹੀ ਦੀ ਸਹੁੰ ਚੁੱਕ ਕੇ ਅੱਤਵਾਦੀਆਂ ਦੀ ਰੀੜ੍ਹ ਦੀ ਹੱਡੀ ਤੋੜ ਰਿਹਾ ਹੈ। ਭਾਰਤ ਅੱਜ ਨਕਸਲਵਾਦ, ਮਾਓਵਾਦੀ ਅੱਤਵਾਦ ਨੂੰ ਵੀ ਖ਼ਤਨ ਕਰਨ ਵੱਲ ਵਧ ਰਿਹਾ ਹੈ। ਭਾਰਤ ਅੱਜ ਬੇਮਿਸਲ ਜਿੱਤ ਦੇ ਮਾਣ ਨਾਲ ਭਰਿਆ ਹੋਇਆ ਹੈ। ਅਤੇ ਮਾਣ ਦੀ ਇਹੀ ਭਾਵਨਾ, ਅੱਜ ਛੱਤੀਸਗੜ੍ਹ ਵਿਧਾਨ ਸਭਾ ਦੇ ਇਸ ਨਵੇਂ ਪਰਿਸਰ ਵਿੱਚ ਸਾਨੂੰ ਚਾਰੋ ਪਾਸੇ ਦਿਖ ਰਹੀ ਹੈ।
ਸਾਥੀਓ,
ਪਿਛਲੇ ਪੱਚੀ ਸਾਲਾਂ ਵਿੱਚ ਛੱਤੀਸਗੜ੍ਹ ਨੇ ਜੋ ਬਦਲਾਓ ਦੇਖਿਆ ਹੈ, ਉਹ ਸ਼ਾਨਦਾਰ ਅਤੇ ਪ੍ਰੇਰਨਾ ਦੇਣ ਵਾਲਾ ਹੈ। ਕਦੇ ਇਹ ਰਾਜ ਨਕਸਲਵਾਦ ਅਤੇ ਪਛੜੇਵੇਂ ਤੋਂ ਪਹਿਚਾਣਿਆ ਜਾਂਦਾ ਸੀ। ਅੱਜ ਉਹੀ ਰਾਜ ਸਮ੍ਰਿੱਧੀ, ਸੁਰੱਖਿਆ ਅਤੇ ਟਿਕਾਊਪਨ ਦਾ ਪ੍ਰਤੀਕ ਬਣ ਰਿਹਾ ਹੈ। ਅੱਜ ਬਸਤਰ ਓਲੰਪਿਕ ਦੀ ਚਰਚਾ ਦੇਸ਼ ਦੇ ਕੋਨੇ-ਕੋਨੇ ਵਿੱਚ ਹੈ। ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਅੱਜ ਵਿਕਾਸ ਦੀ ਲਹਿਰ ਅਤੇ ਸਕੂਨ ਦੀ ਮੁਸਕਾਨ ਵਾਪਸ ਆਈ ਹੈ। ਅਤੇ ਇਸ ਪਰਿਵਰਤਨ ਦੇ ਪਿੱਛੇ ਹੈ ਛੱਤੀਸਗੜ੍ਹ ਦੀ ਜਨਤਾ ਦੀ ਮਿਹਨਤ ਅਤੇ ਭਾਜਪਾ ਸਰਕਾਰਾਂ ਦੀ ਦੂਰਦਰਸ਼ੀ ਅਗਵਾਈ।
ਸਾਥੀਓ,
ਛੱਤੀਸਗੜ੍ਹ ਦੇ ਸਿਲਵਰ ਜੁਬਲੀ ਸਮਾਰੋਹ ਦਾ ਜਸ਼ਨ, ਹੁਣ ਇੱਕ ਵੱਡੇ ਟੀਚੇ ਦੀ ਸ਼ੁਰੂਆਤ ਦਾ ਕੇਂਦਰ ਬਣਨ ਜਾ ਰਿਹਾ ਹੈ। 2047 ਤੱਕ, ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਮਨਾਵੇਗਾ, ਅਸੀਂ ਵਿਕਸਿਤ ਭਾਰਤ ਨਿਰਮਾਣ ਦੇ ਜੋ ਟੀਚੇ ਤੈਅ ਕੀਤੇ ਹਨ, ਉਸ ਵਿੱਚ ਛੱਤੀਸਗੜ੍ਹ ਦੀ ਭੂਮਿਕਾ ਬਹੁਤ ਵੱਡੀ ਹੋਣ ਵਾਲੀ ਹੈ। ਅਤੇ ਇਸ ਲਈ, ਮੈਂ ਇੱਥੇ ਮੌਜੂਦ ਸਾਰੇ ਸਾਥੀਆਂ ਨੂੰ ਵੀ ਕਹਾਂਗਾ, ਸਾਰੇ ਜਨ-ਪ੍ਰਤੀਨਿਧੀਆਂ ਨੂੰ ਕਹਾਂਗਾ ਕਿ ਤੁਸੀਂ ਇੱਕ ਅਜਿਹੀ ਵਿਵਸਥਾ ਦਾ ਨਿਰਮਾਣ ਕਰੋ, ਇੱਕ ਅਜਿਹੀ ਵਿਧਾਨ ਸਭਾ ਦਾ ਉਦਾਹਰਣ ਬਣੋ, ਜੋ ਵਿਕਸਿਤ ਭਾਰਤ ਦੇ ਹਰ ਰਾਜ ਨੂੰ ਕੁਝ ਨਵਾਂ ਕਰਨ ਦੇ ਲਈ ਪ੍ਰੇਰਿਤ ਕਰੇ। ਇੱਥੇ ਹੋਣ ਵਾਲੇ ਸੰਵਾਦਾਂ ਵਿੱਚ, ਇੱਥੇ ਪੁੱਛੇ ਜਾਣ ਵਾਲੇ ਸਵਾਲਾਂ ਵਿੱਚ, ਸਦਨ ਵਿੱਚ ਹੋਣ ਵਾਲੀਆਂ ਕਾਰਵਾਈਆਂ ਵਿੱਚ, ਸਭ ਵਿੱਚ ਇੱਕ ਸ੍ਰੇਸ਼ਠਤਾ ਲਿਆਉਣ ਦਾ ਯਤਨ ਹੋਵੇ, ਅਤੇ ਅਸੀਂ ਜੋ ਵੀ ਕਰੀਏ, ਜਿਸ ਵੀ ਰੂਪ ਵਿੱਚ ਕਰੀਏ, ਸਭ ਦਾ ਟੀਚਾ ਵਿਕਸਿਤ ਛੱਤੀਸਗੜ੍ਹ, ਵਿਕਸਿਤ ਭਾਰਤ ਦਾ ਨਿਰਮਾਣ ਹੋਵੇ।
ਸਾਥੀਓ,
ਛੱਤੀਸਗੜ੍ਹ ਦੀ ਇਸ ਨਵੀਂ ਵਿਧਾਨ ਸਭਾ ਦੀ ਉੱਤਮਤਾ ਇਸ ਦੇ ਭਵਨ ਦੀ ਸ਼ਾਨ ਨਾਲੋਂ ਜ਼ਿਆਦਾ, ਇੱਥੇ ਲਏ ਜਾਣ ਵਾਲੇ ਜਨ ਭਲਾਈ ਦੇ ਫ਼ੈਸਲਿਆਂ ਤੋਂ ਨਿਰਧਾਰਿਤ ਹੋਵੇਗੀ। ਇਹ ਇਸ ਗੱਲ ਨਾਲ ਤੈਅ ਹੋਵੇਗੀ ਕਿ ਇਹ ਸਦਨ ਛੱਤੀਸਗੜ੍ਹ ਦੇ ਸੁਪਨਿਆਂ ਨੂੰ, ਇਸ ਦੀ ਸੋਚ ਨੂੰ ਕਿੰਨੀ ਗਹਿਰਾਈ ਨਾਲ ਸਮਝਦਾ ਹੈ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਦੇ ਲਈ ਕਿੰਨੀ ਦੂਰ ਤੱਕ ਚਲਦਾ ਹੈ। ਸਾਡਾ ਹਰ ਫ਼ੈਸਲਾ ਅਜਿਹਾ ਹੋਣਾ ਚਾਹੀਦਾ ਹੈ, ਜੋ ਕਿਸਾਨ ਦੀ ਮਿਹਨਤ ਨੂੰ ਸਨਮਾਨ ਦੇਵੇ, ਨੌਜਵਾਨ ਦੇ ਸੁਪਨਿਆਂ ਨੂੰ ਦਿਸ਼ਾ ਦੇਵੇ, ਮਹਿਲਾਵਾਂ ਦੇ ਜੀਵਨ ਵਿੱਚ ਨਵੀਂ ਉਮੀਦ ਦੀ ਕਿਰਣ ਲੈ ਕੇ ਆਵੇ ਅਤੇ ਸਮਾਜ ਵਿੱਚ ਅੰਤਯੋਦਯ ਦਾ ਮਾਧਿਅਮ ਬਣੇ। ਸਾਨੂੰ ਸਭ ਨੂੰ ਇਹ ਯਾਦ ਰੱਖਣਾ ਹੈ ਕਿ ਇਹ ਵਿਧਾਨ ਸਭਾ ਸਿਰਫ਼ ਕਾਨੂੰਨ ਬਣਾਉਣ ਦੀ ਥਾਂ ਨਹੀਂ, ਸਗੋਂ ਇਹ ਛੱਤੀਸਗੜ੍ਹ ਦੀ ਕਿਸਮਤ ਬਣਾਉਣ ਦਾ ਮੁੱਖ ਕੇਂਦਰ ਹੈ, ਜੀਵਤ ਇਕਾਈ ਹੈ। ਇਸ ਲਈ ਸਾਨੂੰ ਸਭ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ, ਕਿ ਇੱਥੋਂ ਨਿਕਲਣ ਵਾਲੇ ਹਰ ਵਿਚਾਰ ਵਿੱਚ ਜਨ ਸੇਵਾ ਦੀ ਭਾਵਨਾ ਹੋਵੇ, ਵਿਕਾਸ ਦਾ ਸੰਕਲਪ ਹੋਵੇ, ਅਤੇ ਭਾਰਤ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਦਾ ਵਿਸ਼ਵਾਸ ਹੋਵੇ। ਇਹ ਸਾਡੀ ਕਾਮਨਾ ਹੈ।
ਸਾਥੀਓ,
ਲੋਕਤੰਤਰ ਵਿੱਚ ਫਰਜ਼ ਨੂੰ ਸਰਬਉੱਚ ਰੱਖਦੇ ਹੋਏ, ਅਸੀਂ ਸਾਰੇ ਜਨਤਕ ਜੀਵਨ ਵਿੱਚ ਆਪਣੀ ਭੂਮਿਕਾ ਨਿਭਾਉਣ, ਇਹ ਸੰਕਲਪ ਲੈਣਾ ਹੀ ਨਵੇਂ ਵਿਧਾਨ ਸਭਾ ਭਵਨ ਦੇ ਉਦਘਾਟਨ ਦੇ ਇਸ ਮੌਕੇ ਦੀ ਸਭ ਤੋਂ ਵੱਡੀ ਸਾਰਥਕਤਾ ਹੋਵੇਗੀ। ਆਓ ਇਸ ਪਰਿਸਰ ਤੋਂ ਅਸੀਂ ਸਾਰੇ, ਭਾਰਤੀ ਗਣਤੰਤਰ ਦੇ ਇਸ ਅੰਮ੍ਰਿਤ ਵਰ੍ਹੇ ਵਿੱਚ ਇਹ ਸੰਕਲਪ ਲੈ ਕੇ ਜਾਈਏ, ਕਿ ਜਨਤਾ ਦੀ ਸੇਵਾ ਨੂੰ ਹੀ ਆਪਣੇ ਜੀਵਨ ਦਾ ਉਦੇਸ਼ ਬਣਾਵਾਂਗੇ। ਆਪ ਸਭ ਨੂੰ ਲੋਕਤੰਤਰ ਦੇ ਇਸ ਸੁੰਦਰ ਨਵ ਮੰਦਿਰ ਦੇ ਉਦਘਾਟਨ ’ਤੇ ਮੈਂ ਮੁੜ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੰਦਾ ਹਾਂ। ਮੈਂ ਮੁੱਖ ਮੰਤਰੀ ਜੀ ਨੂੰ ਅਤੇ ਖਾਸ ਤੌਰ ’ਤੇ ਮੇਰੇ ਦੋਸਤ ਰਮਨ ਸਿੰਘ ਜੀ ਨੂੰ ਇਸ ਕਲਪਨਾ ਨੂੰ ਸਾਕਾਰ ਕਰਨ ਦੇ ਲਈ ਦਿਲ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਜੈ ਭਾਰਤ – ਜੈ ਛੱਤੀਸਗੜ੍ਹ। ਬਹੁਤ-ਬਹੁਤ ਧੰਨਵਾਦ।
****
ਐੱਮਜੇਪੀਐੱਸ/ਐੱਸਟੀ/ਆਰਕੇ
(रिलीज़ आईडी: 2185814)
आगंतुक पटल : 11
इस विज्ञप्ति को इन भाषाओं में पढ़ें:
Odia
,
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Telugu
,
Kannada
,
Malayalam