ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਦੀ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਕੀਤੀ
ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਮੈਨੂੰ ਜੀਵਿਕਾ ਨਿਧੀ ਕ੍ਰੈਡਿਟ ਕੋਆਪਰੇਟਿਵ ਸੁਸਾਇਟੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਸੀ। ਹੁਣ, ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਨਾਲ ਏਕੀਕਰਨ ਸਦਕਾ ਇਸ ਪਹਿਲਕਦਮੀ ਦੀ ਤਾਕਤ ਹੋਰ ਵਧ ਜਾਵੇਗੀ: ਪ੍ਰਧਾਨ ਮੰਤਰੀ
ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਨੇ ਕੇਂਦਰ ਸਰਕਾਰ ਦੀ ਲਖਪਤੀ ਦੀਦੀ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਹੈ: ਪ੍ਰਧਾਨ ਮੰਤਰੀ
ਜਦੋਂ ਕੋਈ ਸਰਕਾਰ ਮਹਿਲਾਵਾਂ ਨੂੰ ਕੇਂਦਰ ਵਿੱਚ ਰੱਖ ਕੇ ਨੀਤੀਆਂ ਬਣਾਉਂਦੀ ਹੈ, ਤਾਂ ਉਸ ਦਾ ਲਾਭ ਸਮਾਜ ਦੇ ਹੋਰ ਵਰਗਾਂ ਤੱਕ ਵੀ ਪਹੁੰਚਦਾ ਹੈ, ਉੱਜਵਲਾ ਯੋਜਨਾ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਹੁਣ ਦੁਨੀਆ ਭਰ ਵਿੱਚ ਮਾਨਤਾ ਮਿਲ ਰਹੀ ਹੈ: ਪ੍ਰਧਾਨ ਮੰਤਰੀ
ਸਵਸਥ ਨਾਰੀ, ਸਸ਼ਕਤ ਪਰਿਵਾਰ ਮੁਹਿੰਮ ਦੇ ਤਹਿਤ, ਪਿੰਡਾਂ ਅਤੇ ਕਸਬਿਆਂ ਵਿੱਚ ਅਨੀਮੀਆ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੈਂਸਰ ਵਰਗੀਆਂ ਗੰਭੀਰ ਸਿਹਤ ਹਾਲਤਾਂ ਦੀ ਜਾਂਚ ਲਈ 4.25 ਲੱਖ ਤੋਂ ਵੱਧ ਸਿਹਤ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ: ਪ੍ਰਧਾਨ ਮੰਤਰੀ
ਜਦੋਂ ਇੱਕ ਮਹਿਲਾ ਅੱਗੇ ਵਧਦੀ ਹੈ, ਤਾਂ ਪੂਰਾ ਸਮਾਜ ਅੱਗੇ ਵਧਦਾ ਹੈ: ਪ੍ਰਧਾਨ ਮੰਤਰੀ
प्रविष्टि तिथि:
26 SEP 2025 1:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਦੀ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨਰਾਤਿਆਂ ਦੇ ਸ਼ੁਭ ਮੌਕੇ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਬਿਹਾਰ ਦੀਆਂ ਮਹਿਲਾਵਾਂ ਨਾਲ ਇਸ ਤਿਉਹਾਰ ਵਿੱਚ ਸ਼ਾਮਿਲ ਹੋਣ 'ਤੇ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਹੋ ਰਹੀ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ 75 ਲੱਖ ਮਹਿਲਾਵਾਂ ਪਹਿਲਾਂ ਹੀ ਇਸ ਪਹਿਲਕਦਮੀ ਨਾਲ ਜੁੜ ਚੁੱਕੀਆਂ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਇਨ੍ਹਾਂ 75 ਲੱਖ ਮਹਿਲਾਵਾਂ ਵਿੱਚੋਂ ਹਰੇਕ ਦੇ ਬੈਂਕ ਖਾਤਿਆਂ ਵਿੱਚ ਇੱਕੋ ਸਮੇਂ 10,000 ਰੁਪਏ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਉਨ੍ਹਾਂ ਦੇ ਮਨ ਵਿੱਚ ਦੋ ਵਿਚਾਰ ਆਏ। ਪਹਿਲਾ, ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਬਿਹਾਰ ਦੀਆਂ ਮਹਿਲਾਵਾਂ ਅਤੇ ਧੀਆਂ ਲਈ ਸੱਚਮੁੱਚ ਇੱਕ ਅਹਿਮ ਪੜਾਅ ਹੈ। ਜਦੋਂ ਕੋਈ ਮਹਿਲਾ ਰੁਜ਼ਗਾਰ ਜਾਂ ਸਵੈ-ਰੁਜ਼ਗਾਰ ਨਾਲ ਜੁੜਦੀ ਹੈ, ਤਾਂ ਉਸਦੇ ਸੁਫ਼ਨਿਆਂ ਨੂੰ ਨਵੇਂ ਖੰਭ ਲਗਦੇ ਹਨ ਅਤੇ ਸਮਾਜ ਵਿੱਚ ਉਸਦਾ ਸਤਿਕਾਰ ਵਧਦਾ ਹੈ। ਦੂਜਾ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਜੇਕਰ ਸਰਕਾਰ ਨੇ ਗਿਆਰਾਂ ਸਾਲ ਪਹਿਲਾਂ ਜਨ-ਧਨ ਯੋਜਨਾ ਸ਼ੁਰੂ ਕਰਨ ਦਾ ਸੰਕਲਪ ਨਾ ਲਿਆ ਹੁੰਦਾ, ਜੇਕਰ 30 ਕਰੋੜ ਤੋਂ ਵੱਧ ਮਹਿਲਾਵਾਂ ਨੇ ਇਸ ਯੋਜਨਾ ਤਹਿਤ ਬੈਂਕ ਖਾਤੇ ਨਾ ਖੋਲ੍ਹੇ ਹੁੰਦੇ ਅਤੇ ਜੇਕਰ ਇਹ ਖਾਤੇ ਮੋਬਾਈਲ ਫੋਨ ਅਤੇ ਆਧਾਰ ਨਾਲ ਨਾ ਜੁੜੇ ਹੁੰਦੇ, ਤਾਂ ਅੱਜ ਇੰਨੀ ਰਕਮ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰਨਾ ਸੰਭਵ ਨਹੀਂ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਬੁਨਿਆਦੀ ਢਾਂਚੇ ਤੋਂ ਬਿਨਾਂ, ਰਕਮ ਰਾਹ ਵਿੱਚ ਹੀ ਗੁੰਮ ਜਾਂਦੀ, ਜਿਸ ਕਰਕੇ ਲਾਭਪਾਤਰੀਆਂ ਨਾਲ ਬਹੁਤ ਬੇਇਨਸਾਫ਼ੀ ਹੁੰਦੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਭਰਾ ਨੂੰ ਸੱਚੀ ਖ਼ੁਸ਼ੀ ਉਦੋਂ ਮਿਲਦੀ ਹੈ ਜਦੋਂ ਉਸਦੀ ਭੈਣ ਸਿਹਤਮੰਦ, ਖ਼ੁਸ਼ਹਾਲ ਅਤੇ ਉਸਦਾ ਪਰਿਵਾਰ ਆਰਥਿਕ ਤੌਰ 'ਤੇ ਮਜ਼ਬੂਤ ਹੋਵੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਭਰਾ ਇਸ ਖ਼ੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੋ ਭਰਾ, ਮੈਂ ਅਤੇ ਸ਼੍ਰੀ ਨਿਤੀਸ਼ ਕੁਮਾਰ, ਬਿਹਾਰ ਦੀਆਂ ਮਹਿਲਾਵਾਂ ਦੀ ਸੇਵਾ, ਖ਼ੁਸ਼ਹਾਲੀ ਅਤੇ ਸਨਮਾਨ ਲਈ ਮਿਲ ਕੇ ਕੰਮ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦਾ ਸਮਾਗਮ ਇਸ ਵਚਨਬੱਧਤਾ ਦਾ ਸਬੂਤ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੇ ਸੰਕਲਪ ਨਾਲ ਜਾਣੂ ਕਰਵਾਇਆ ਗਿਆ ਸੀ, ਤਾਂ ਉਹ ਇਸ ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਯੋਜਨਾ ਦੇ ਤਹਿਤ ਹਰੇਕ ਪਰਿਵਾਰ ਵਿੱਚ ਘੱਟੋ-ਘੱਟ ਇੱਕ ਮਹਿਲਾ ਲਾਭਪਾਤਰੀ ਹੋਵੇਗੀ। 10,000 ਰੁਪਏ ਦੀ ਸ਼ੁਰੂਆਤੀ ਵਿੱਤੀ ਸਹਾਇਤਾ ਤੋਂ ਸ਼ੁਰੂ ਹੋ ਕੇ, ਇਹ ਯੋਜਨਾ ਉੱਦਮ ਦੀ ਸਫ਼ਲਤਾ ਦੇ ਅਧਾਰ 'ਤੇ 2 ਲੱਖ ਰੁਪਏ ਤੱਕ ਪ੍ਰਦਾਨ ਕਰ ਸਕਦੀ ਹੈ। ਸ਼੍ਰੀ ਮੋਦੀ ਨੇ ਸਾਰਿਆਂ ਨੂੰ ਇਸ ਪਹਿਲਕਦਮੀ ਦੀ ਮਹੱਤਤਾ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਬਿਹਾਰ ਦੀਆਂ ਮਹਿਲਾਵਾਂ ਹੁਣ ਕਰਿਆਨੇ ਦਾ ਸਮਾਨ, ਭਾਂਡੇ, ਸ਼ਿੰਗਾਰ ਸਮੱਗਰੀ, ਖਿਡੌਣੇ ਅਤੇ ਸਟੇਸ਼ਨਰੀ ਵੇਚਣ ਦੀਆਂ ਦੁਕਾਨਾਂ ਖੋਲ੍ਹ ਸਕਦੀਆਂ ਹਨ। ਉਹ ਪਸ਼ੂ ਪਾਲਣ ਅਤੇ ਮੁਰਗੀ ਪਾਲਣ ਵਰਗੇ ਪਸ਼ੂਧਨ ਨਾਲ ਸਬੰਧਿਤ ਕਾਰੋਬਾਰ ਵੀ ਕਰ ਸਕਦੀਆਂ ਹਨ। ਇਨ੍ਹਾਂ ਸਾਰੇ ਉੱਦਮਾਂ ਲਈ ਜ਼ਰੂਰੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਬਿਹਾਰ ਵਿੱਚ ਪਹਿਲਾਂ ਹੀ ਸਵੈ-ਸਹਾਇਤਾ ਸਮੂਹਾਂ ਦਾ ਇੱਕ ਮਜ਼ਬੂਤ ਨੈੱਟਵਰਕ ਹੈ, ਜਿਸ ਵਿੱਚ ਲਗਭਗ 11ਲੱਖ ਸਮੂਹ ਸਰਗਰਮੀ ਨਾਲ ਕੰਮ ਕਰ ਰਹੇ ਹਨ। ਇਸਦਾ ਮਤਲਬ ਹੈ ਕਿ ਇੱਕ ਚੰਗੀ ਤਰ੍ਹਾਂ ਸਥਾਪਿਤ ਪ੍ਰਣਾਲੀ ਪਹਿਲਾਂ ਤੋਂ ਹੀ ਮੌਜੂਦ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੈਨੂੰ ਜੀਵਿਕਾ ਨਿਧੀ ਕ੍ਰੈਡਿਟ ਕੋਆਪਰੇਟਿਵ ਸੁਸਾਇਟੀ ਨੂੰ ਸ਼ੁਰੂ ਕਰਨ ਦਾ ਮੌਕਾ ਮਿਲਿਆ।"ਇਸ ਪ੍ਰਣਾਲੀ ਦੀ ਤਾਕਤ ਹੁਣ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਨਾਲ ਏਕੀਕ੍ਰਿਤ ਹੋ ਜਾਵੇਗੀ, ਜਿਸ ਨਾਲ ਇਹ ਯੋਜਨਾ ਆਪਣੀ ਸ਼ੁਰੂਆਤ ਤੋਂ ਹੀ ਪੂਰੇ ਬਿਹਾਰ ਵਿੱਚ ਪ੍ਰਭਾਵਸ਼ਾਲੀ ਹੋ ਜਾਵੇਗੀ।”
ਸ਼੍ਰੀ ਮੋਦੀ ਨੇ ਕਿਹਾ ਕਿ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਨੇ ਕੇਂਦਰ ਸਰਕਾਰ ਦੀ ਲਖਪਤੀ ਦੀਦੀ ਮੁਹਿੰਮ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ 3 ਕਰੋੜ ਲਖਪਤੀ ਦੀਦੀਆਂ ਬਣਾਉਣ ਦਾ ਟੀਚਾ ਰੱਖਿਆ ਹੈ ਅਤੇ 2 ਕਰੋੜ ਤੋਂ ਵੱਧ ਮਹਿਲਾਵਾਂ ਇਸ ਪ੍ਰਾਪਤੀ ਨੂੰ ਹਾਸਲ ਕਰ ਚੁੱਕੀਆਂ ਹਨ। ਉਨ੍ਹਾਂ ਦੀ ਸਖ਼ਤ ਮਿਹਨਤ ਨੇ ਪਿੰਡਾਂ ਅਤੇ ਸਮਾਜ ਨੂੰ ਨਵਾਂ ਰੂਪ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਵਿੱਚ ਵੀ ਲੱਖਾਂ ਮਹਿਲਾਵਾਂ ਲਖਪਤੀ ਦੀਦੀਆਂ ਬਣ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਇਸ ਪਹਿਲਕਦਮੀ ਨੂੰ ਅੱਗੇ ਵਧਾ ਰਹੀਆਂ ਹਨ, ਉਹ ਦਿਨ ਦੂਰ ਨਹੀਂ ਜਦੋਂ ਬਿਹਾਰ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਲਖਪਤੀ ਦੀਦੀਆਂ ਹੋਣਗੀਆਂ।
ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕੇਂਦਰ ਸਰਕਾਰ ਦੀ ਮੁਦਰਾ ਯੋਜਨਾ, ਡ੍ਰੋਨ ਦੀਦੀ ਮੁਹਿੰਮ, ਬੀਮਾ ਸਖੀ ਮੁਹਿੰਮ ਅਤੇ ਬੈਂਕ ਦੀਦੀ ਮੁਹਿੰਮ ਵਰਗੀਆਂ ਪਹਿਲਕਦਮੀਆਂ ਮਹਿਲਾਵਾਂ ਲਈ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਵਧਾ ਰਹੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਯਤਨਾਂ ਦਾ ਇੱਕੋ-ਇੱਕ ਟੀਚਾ ਮਹਿਲਾਵਾਂ ਨੂੰ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਾ ਹੈ।
ਸ਼੍ਰੀ ਮੋਦੀ ਨੇ ਕੇਂਦਰ ਸਰਕਾਰ ਦੇ ਯਤਨਾਂ ਨਾਲ ਦੇਸ਼ ਭਰ ਵਿੱਚ ਮਹਿਲਾਵਾਂ ਅਤੇ ਧੀਆਂ ਲਈ ਨਵੇਂ ਖੇਤਰਾਂ ਦੇ ਦਰਵਾਜ਼ੇ ਖੁੱਲ੍ਹਣ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਵੱਡੀ ਗਿਣਤੀ ਵਿੱਚ ਨੌਜਵਾਨ ਮਹਿਲਾਵਾਂ ਹਥਿਆਰਬੰਦ ਸੈਨਾਵਾਂ ਅਤੇ ਪੁਲਿਸ ਵਿੱਚ ਸ਼ਾਮਿਲ ਹੋ ਰਹੀਆਂ ਹਨ ਅਤੇ ਲੜਾਕੂ ਜਹਾਜ਼ ਵੀ ਉਡਾ ਰਹੀਆਂ ਹਨ। ਹਾਲਾਂਕਿ, ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਦਿਨ ਨਾ ਭੁੱਲਣ ਜਦੋਂ ਬਿਹਾਰ ਵਿੱਚ ਵਿਰੋਧੀ ਧਿਰ ਦਾ ਸ਼ਾਸਨ ਸੀ - ਲਾਲਟੈਣ ਸ਼ਾਸਨ ਦਾ ਯੁੱਗ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਦੌਰਾਨ ਬਿਹਾਰ ਦੀਆਂ ਮਹਿਲਾਵਾਂ ਨੂੰ ਅਰਾਜਕਤਾ ਅਤੇ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਬਿਹਾਰ ਦੀਆਂ ਮੁੱਖ ਸੜਕਾਂ ਟੁੱਟੀਆਂ ਹੋਈਆਂ ਸਨ, ਪੁਲ਼ ਨਹੀਂ ਸਨ ਅਤੇ ਮਾੜੇ ਬੁਨਿਆਦੀ ਢਾਂਚੇ ਦੇ ਕਾਰਨ ਮਹਿਲਾਵਾਂ ਨੂੰ ਸਭ ਤੋਂ ਵੱਧ ਦੁੱਖ ਝੱਲਣਾ ਪਿਆ। ਹੜ੍ਹਾਂ ਦੌਰਾਨ ਮੁਸ਼ਕਲਾਂ ਹੋਰ ਵੀ ਵਧ ਗਈਆਂ ਸੀ। ਗਰਭਵਤੀ ਮਹਿਲਾਵਾਂ ਸਮੇਂ ਸਿਰ ਹਸਪਤਾਲ ਨਹੀਂ ਪਹੁੰਚ ਪਾਉਂਦੀਆਂ ਸੀ ਅਤੇ ਨਾਜ਼ੁਕ ਸਥਿਤੀਆਂ ਵਿੱਚ ਉਨ੍ਹਾਂ ਨੂੰ ਢੁਕਵਾਂ ਇਲਾਜ ਵੀ ਨਹੀਂ ਮਿਲ ਪਾਉਂਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੀ ਮਹਿਲਾਵਾਂ ਨੂੰ ਇਨ੍ਹਾਂ ਮੁਸ਼ਕਲ ਸਥਿਤੀਆਂ ਤੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਵਿੱਚ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ, ਬਿਹਾਰ ਵਿੱਚ ਸੜਕ ਨਿਰਮਾਣ ਵਿੱਚ ਤੇਜ਼ੀ ਆਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬਿਹਾਰ ਵਿੱਚ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਦੇ ਯਤਨ ਜਾਰੀ ਹਨ ਅਤੇ ਇਨ੍ਹਾਂ ਵਿਕਾਸਾਂ ਨੇ ਸੂਬੇ ਦੀਆਂ ਮਹਿਲਾਵਾਂ ਦੀ ਜ਼ਿੰਦਗੀ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ।
ਬਿਹਾਰ ਵਿੱਚ ਚੱਲ ਰਹੀ ਇੱਕ ਪ੍ਰਦਰਸ਼ਨੀ ਬਾਰੇ ਜਾਣਕਾਰੀ ਮਿਲਣ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਪੁਰਾਣੇ ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ, ਜੋ ਬਿਹਾਰ ਵਿੱਚ ਵਿਰੋਧੀ ਧਿਰ ਦੇ ਸ਼ਾਸਨ ਦੌਰਾਨ ਫੈਲੇ ਡਰ ਦੇ ਮਾਹੌਲ ਨੂੰ ਯਾਦ ਕਰਵਾਉਂਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਸਮੇਂ ਕੋਈ ਵੀ ਘਰ ਸੁਰੱਖਿਅਤ ਨਹੀਂ ਸੀ ਅਤੇ ਨਕਸਲੀ ਹਿੰਸਾ ਦੀ ਦਹਿਸ਼ਤ ਬੇਕਾਬੂ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਸਾਲਾਂ ਵਿੱਚ ਮਹਿਲਾਵਾਂ ਨੂੰ ਸਭ ਤੋਂ ਵੱਧ ਦੁੱਖ ਝੱਲਣਾ ਪਿਆ। ਗ਼ਰੀਬਾਂ ਤੋਂ ਲੈ ਕੇ ਡਾਕਟਰਾਂ ਅਤੇ ਆਈਏਐੱਸ ਅਧਿਕਾਰੀਆਂ ਦੇ ਪਰਿਵਾਰਾਂ ਤੱਕ, ਵਿਰੋਧੀ ਆਗੂਆਂ ਵੱਲੋਂ ਕੀਤੇ ਗਏ ਜ਼ੁਲਮਾਂ ਤੋਂ ਕੋਈ ਵੀ ਨਹੀਂ ਬਚਿਆ।
ਸ਼੍ਰੀ ਮੋਦੀ ਨੇ ਸ਼੍ਰੀ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਬਿਹਾਰ ਵਿੱਚ ਕਾਨੂੰਨ ਦਾ ਰਾਜ ਬਹਾਲ ਹੋਣ ਅਤੇ ਇਸ ਬਦਲਾਅ ਦਾ ਸਭ ਤੋਂ ਵੱਡਾ ਲਾਭ ਮਹਿਲਾਵਾਂ ਨੂੰ ਮਿਲਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੀਆਂ ਧੀਆਂ ਹੁਣ ਬਿਨਾਂ ਕਿਸੇ ਡਰ ਦੇ ਘਰ ਤੋਂ ਬਾਹਰ ਨਿਕਲਦੀਆਂ ਹਨ ਅਤੇ ਦੇਰ ਰਾਤ ਤੱਕ ਵੀ ਕੰਮ ਕਰਨ ਦੀ ਆਜ਼ਾਦੀ ਰੱਖਦੀਆਂ ਹਨ। ਪ੍ਰਧਾਨ ਮੰਤਰੀ ਨੇ ਬਿਹਾਰ ਦੀਆਂ ਆਪਣੀਆਂ ਯਾਤਰਾਵਾਂ ਦੌਰਾਨ ਮਹਿਲਾ ਪੁਲਿਸ ਕਰਮਚਾਰੀਆਂ ਦੀ ਵੱਡੀ ਗਿਣਤੀ ਵਿੱਚ ਤਾਇਨਾਤੀ ਦੇਖ ਕੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ਸਮੂਹਿਕ ਤੌਰ 'ਤੇ ਇਹ ਸੰਕਲਪ ਲੈਣ ਦੀ ਅਪੀਲ ਕੀਤੀ ਕਿ ਬਿਹਾਰ ਕਦੇ ਵੀ ਅਤੀਤ ਦੇ ਹਨੇਰੇ ਵਿੱਚ ਵਾਪਸ ਨਹੀਂ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕੋਈ ਸਰਕਾਰ ਮਹਿਲਾਵਾਂ ਨੂੰ ਕੇਂਦਰ ਵਿੱਚ ਰੱਖ ਕੇ ਨੀਤੀਆਂ ਬਣਾਉਂਦੀ ਹੈ ਤਾਂ ਉਸਦਾ ਲਾਭ ਸਮਾਜ ਦੇ ਹੋਰ ਵਰਗਾਂ ਨੂੰ ਵੀ ਮਿਲਦਾ ਹੈ। ਉਨ੍ਹਾਂ ਨੇ ਉੱਜਵਲਾ ਯੋਜਨਾ ਨੂੰ ਅਜਿਹੇ ਪਰਿਵਰਤਨਸ਼ੀਲ ਬਦਲਾਅ ਦਾ ਇੱਕ ਸਸ਼ਕਤ ਉਦਾਹਰਣ ਦੱਸਿਆ, ਜਿਸ ਨੂੰ ਹੁਣ ਵਿਸ਼ਵ ਪੱਧਰ 'ਤੇ ਮਾਨਤਾ ਮਿਲੀ ਹੈ।ਉਨ੍ਹਾਂ ਨੇ ਯਾਦ ਕੀਤਾ ਕਿ ਇੱਕ ਸਮਾਂ ਸੀ ਜਦੋਂ ਪੇਂਡੂ ਇਲਾਕਿਆਂ ਵਿੱਚ ਗੈਸ ਕਨੈਕਸ਼ਨ ਹੋਣਾ ਦੂਰ ਦਾ ਸੁਫ਼ਨਾ ਸਮਝਿਆ ਜਾਂਦਾ ਸੀ। ਸ਼੍ਰੀ ਮੋਦੀ ਨੇ ਅੱਗੇ ਦੱਸਿਆ ਕਿ ਕਿਵੇਂ ਗ਼ਰੀਬ ਮਾਵਾਂ, ਭੈਣਾਂ ਅਤੇ ਧੀਆਂ ਧੂੰਏਂ ਨਾਲ ਭਰੀ ਰਸੋਈ ਵਿੱਚ ਖੰਘਦੇ ਹੋਏ ਆਪਣੀ ਜ਼ਿੰਦਗੀ ਬਿਤਾਉਂਦੀਆਂ ਸੀ, ਫੇਫੜਿਆਂ ਦੀਆਂ ਬਿਮਾਰੀਆਂ ਆਮ ਹੋ ਗਈਆਂ ਸਨ ਅਤੇ ਇੱਥੋਂ ਤੱਕ ਕਿ ਅੱਖਾਂ ਦੀ ਰੌਸ਼ਨੀ ਵੀ ਚਲੀ ਜਾਂਦੀ ਸੀ। ਉਨ੍ਹਾਂ ਨੇ ਕਿਹਾ ਕਿ ਬਿਹਾਰ ਵਿੱਚ ਮਹਿਲਾਵਾਂ ਦੀ ਜ਼ਿੰਦਗੀ ਜਲਾਉਣ ਲਈ ਲੱਕੜ ਇਕੱਠੀ ਕਰਨ ਦੇ ਭਾਰ ਹੇਠ ਦਬ ਜਾਂਦੀ ਸੀ। ਉਨ੍ਹਾਂ ਨੇ ਕਈ ਹੋਰ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ - ਮੀਂਹ ਦੇ ਦੌਰਾਨ ਗਿੱਲੀ ਲੱਕੜ ਨਹੀਂ ਸੜਦੀ ਸੀ; ਹੜ੍ਹਾਂ ਦੌਰਾਨ ਜਲਾਉਣ ਵਾਲੀ ਲੱਕੜ ਡੁੱਬ ਜਾਂਦੀ ਸੀ। ਕਈ ਵਾਰ ਘਰ ਦੇ ਬੱਚਿਆਂ ਨੂੰ ਭੁੱਖੇ ਸੌਣਾ ਪੈਂਦਾ ਸੀ ਜਾਂ ਮੁਰਮੁਰੇ ਖਾ ਕੇ ਰਾਤ ਬਿਤਾਉਣੀ ਪੈਂਦੀ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੁੱਖ ਕਿਸੇ ਕਿਤਾਬ ਵਿੱਚ ਨਹੀਂ ਲਿਖਿਆ ਹੈ, ਸਗੋਂ ਬਿਹਾਰ ਦੀਆਂ ਮਹਿਲਾਵਾਂ ਨੇ ਇਸ ਨੂੰ ਹੰਢਾਇਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਨੇ ਮਹਿਲਾਵਾਂ ਨੂੰ ਕੇਂਦਰ ਵਿੱਚ ਰੱਖ ਕੇ ਨੀਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ, ਤਾਂ ਤਸਵੀਰ ਬਦਲਣ ਲੱਗੀ। ਕਰੋੜਾਂ ਘਰਾਂ ਵਿੱਚ ਇੱਕੋ ਸਮੇਂ ਗੈਸ ਕਨੈਕਸ਼ਨ ਪਹੁੰਚਾਏ ਗਏ। ਅੱਜ ਕਰੋੜਾਂ ਮਹਿਲਾਵਾਂ ਸ਼ਾਂਤੀ ਨਾਲ ਗੈਸ ਚੁੱਲ੍ਹੇ 'ਤੇ ਖਾਣਾ ਬਣਾ ਰਹੀਆਂ ਹਨ, ਧੂੰਏਂ ਤੋਂ ਮੁਕਤ ਹਨ ਅਤੇ ਸਾਹ ਅਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਮੁਕਤ ਹਨ। ਘਰ ਦੇ ਬੱਚਿਆਂ ਨੂੰ ਹੁਣ ਰੋਜ਼ ਗਰਮ ਖਾਣਾ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਜਵਲਾ ਗੈਸ ਕਨੈਕਸ਼ਨਾਂ ਨੇ ਨਾ ਸਿਰਫ਼ ਬਿਹਾਰ ਦੇ ਘਰਾਂ ਦੀ ਰਸੋਈ ਨੂੰ ਰੌਸ਼ਨ ਕੀਤਾ ਹੈ, ਸਗੋਂ ਮਹਿਲਾਵਾਂ ਦੀ ਜ਼ਿੰਦਗੀ ਵਿੱਚ ਵੀ ਬਦਲਾਅ ਲਿਆਂਦਾ ਹੈ।
ਨਾਗਰਿਕਾਂ ਦੀ ਹਰ ਮੁਸ਼ਕਲ ਦਾ ਹੱਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ, ਇਸ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਯਾਦ ਕਰਵਾਇਆ ਕਿ ਕੋਵਿਡ-19 ਮਹਾਮਾਰੀ ਦੇ ਚੁਣੌਤੀਪੂਰਨ ਸਮੇਂ ਵਿੱਚ ਸਰਕਾਰ ਨੇ ਮੁਫ਼ਤ ਅਨਾਜ ਯੋਜਨਾ ਸ਼ੁਰੂ ਕੀਤੀ ਸੀ। ਇਸ ਨਾਲ ਮਿਲੀ ਭਾਰੀ ਰਾਹਤ ਨੂੰ ਦੇਖਦੇ ਹੋਏ ਇਸ ਪਹਿਲ ਨੂੰ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ। ਅੱਜ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ, ਬਿਹਾਰ ਵਿੱਚ 8.5 ਕਰੋੜ ਤੋਂ ਵੱਧ ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਯੋਜਨਾ ਨੇ ਜਨਤਾ ਦੀਆਂ ਚਿੰਤਾਵਾਂ ਨੂੰ ਕਿੰਨੀ ਹੱਦ ਤੱਕ ਘੱਟ ਕਰ ਦਿੱਤਾ ਹੈ। ਉਨ੍ਹਾਂ ਨੇ ਇੱਕ ਹੋਰ ਉਦਾਹਰਣ ਦਿੰਦੇ ਹੋਏ ਕਿਹਾ ਕਿ ਬਿਹਾਰ ਦਾ ਇੱਕ ਵੱਡਾ ਖੇਤਰ ਉਸਨਾ ਚੌਲਾਂ ਨੂੰ ਪਸੰਦ ਕਰਦਾ ਹੈ। ਪਹਿਲਾਂ, ਮਾਵਾਂ ਅਤੇ ਭੈਣਾਂ ਨੂੰ ਸਰਕਾਰੀ ਰਾਸ਼ਨ ਰਾਹੀਂ ਅਰਵਾ ਚੌਲ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਬਜ਼ਾਰ ਵਿੱਚ ਉਸਨਾ ਚੌਲਾਂ ਦੇ ਬਦਲੇ ਵਿੱਚ ਅਕਸਰ 20 ਕਿਲੋ ਅਰਵਾ ਚੌਲਾਂ ਦੇ ਬਦਲੇ ਸਿਰਫ਼ 10 ਕਿਲੋ ਉਸਨਾ ਚੌਲ ਮਿਲਦੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਹੁਣ ਰਾਸ਼ਨ ਪ੍ਰਣਾਲੀ ਰਾਹੀਂ ਸਿੱਧੇ ਉਸਨਾ ਚੌਲ ਉਪਲਬਧ ਕਰਾਉਣਾ ਸ਼ੁਰੂ ਕਰ ਦਿੱਤਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਰਿਵਾਇਤੀ ਤੌਰ 'ਤੇ ਭਾਰਤ ਵਿੱਚ ਜਾਇਦਾਦ, ਭਾਵੇਂ ਉਹ ਘਰ ਹੋਵੇ, ਦੁਕਾਨ ਹੋਵੇ ਜਾਂ ਜ਼ਮੀਨ, ਮਰਦਾਂ ਦੇ ਨਾਮ 'ਤੇ ਰਜਿਸਟਰ ਹੁੰਦੀ ਸੀ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਸ਼ੁਰੂਆਤ ਦੇ ਨਾਲ, ਮਾਵਾਂ, ਭੈਣਾਂ ਅਤੇ ਧੀਆਂ ਨੂੰ ਵੀ ਇਨ੍ਹਾਂ ਘਰਾਂ ਦੇ ਮਾਲਕ ਵਜੋਂ ਨਾਮ ਰੱਖਣ ਲਈ ਇੱਕ ਨਵਾਂ ਪ੍ਰਬੰਧ ਲਿਆਂਦਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਵਿੱਚ 50 ਲੱਖ ਤੋਂ ਵੱਧ ਪ੍ਰਧਾਨ ਮੰਤਰੀ ਆਵਾਸ ਯੋਜਨਾ ਘਰਾਂ ਦਾ ਨਿਰਮਾਣ ਕੀਤਾ ਗਿਆ ਹੈ, ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿੱਚ ਮਹਿਲਾਵਾਂ ਨੂੰ ਸਹਿ-ਮਾਲਕ ਵਜੋਂ ਸੂਚੀਬੱਧ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹੁਣ ਮਹਿਲਾਵਾਂ ਆਪਣੇ ਘਰਾਂ ਦੀਆਂ ਅਸਲੀ ਮਾਲਕ ਹਨ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਜਦੋਂ ਇੱਕ ਮਹਿਲਾ ਦੀ ਸਿਹਤ ਵਿਗੜਦੀ ਹੈ, ਤਾਂ ਪੂਰਾ ਪਰਿਵਾਰ ਪ੍ਰਭਾਵਿਤ ਹੁੰਦਾ ਹੈ, ਸ਼੍ਰੀ ਮੋਦੀ ਨੇ ਉਹ ਸਮਾਂ ਯਾਦ ਕਰਵਾਇਆ ਜਦੋਂ ਮਹਿਲਾਵਾਂ ਚੁੱਪਚਾਪ ਬਿਮਾਰੀਆਂ ਸਹਿੰਦੀਆਂ ਰਹਿੰਦੀਆਂ ਸੀ ਅਤੇ ਆਪਣੇ ਇਲਾਜ 'ਤੇ ਘਰ ਦੇ ਪੈਸੇ ਖ਼ਰਚਣ ਨੂੰ ਤਿਆਰ ਨਹੀਂ ਹੁੰਦੀਆਂ ਸਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਨੇ ਇਸ ਚਿੰਤਾ ਦਾ ਹੱਲ ਕੀਤਾ ਹੈ, ਜਿਸ ਦੇ ਤਹਿਤ ਬਿਹਾਰ ਦੀਆਂ ਲੱਖਾਂ ਮਹਿਲਾਵਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਉਪਲਬਧ ਕਰਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮਾਤ੍ਰੂ ਵੰਦਨਾ ਯੋਜਨਾ ਦਾ ਵੀ ਜ਼ਿਕਰ ਕੀਤਾ, ਜਿਸ ਦੇ ਤਹਿਤ ਗਰਭਵਤੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਵਿੱਤੀ ਸਹਾਇਤਾ ਪਹੁੰਚਾਈ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਨਾਗਰਿਕਾਂ, ਖ਼ਾਸ ਕਰਕੇ ਮਹਿਲਾਵਾਂ ਦੀ ਸਿਹਤ ਨੂੰ ਸਰਕਾਰ ਦੀ ਸਰਬਉੱਚ ਤਰਜੀਹ ਦੱਸਦੇ ਹੋਏ ਇੱਕ ਵੱਡੀ ਪਹਿਲ - ਸਵਸਥ ਨਾਰੀ, ਸਸ਼ਕਤ ਪਰਿਵਾਰ ਮੁਹਿੰਮ - ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਸ ਦੀ ਸ਼ੁਰੂਆਤ 17 ਸਤੰਬਰ, 2025 ਨੂੰ ਵਿਸ਼ਵਕਰਮਾ ਜਯੰਤੀ ਤੋਂ ਹੋ ਚੁੱਕੀ ਹੈ। ਇਸ ਮੁਹਿੰਮ ਦੇ ਤਹਿਤ, ਪਿੰਡਾਂ ਅਤੇ ਕਸਬਿਆਂ ਵਿੱਚ 4.25 ਲੱਖ ਤੋਂ ਵੱਧ ਸਿਹਤ ਕੈਂਪ ਲਗਾਏ ਜਾ ਰਹੇ ਹਨ।ਇਨ੍ਹਾਂ ਕੈਂਪਾਂ ਵਿੱਚ ਅਨੀਮੀਆ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਇਸ ਪਹਿਲਕਦਮੀ ਰਾਹੀਂ ਹੁਣ ਤੱਕ ਇੱਕ ਕਰੋੜ ਤੋਂ ਵੱਧ ਮਹਿਲਾਵਾਂ ਮੁਫ਼ਤ ਸਿਹਤ ਜਾਂਚ ਦਾ ਲਾਭ ਲੈ ਚੁੱਕੀਆਂ ਹਨ। ਉਨ੍ਹਾਂ ਨੇ ਬਿਹਾਰ ਦੀਆਂ ਸਾਰੀਆਂ ਮਹਿਲਾਵਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਹਿੱਸਾ ਲੈਣ ਅਤੇ ਆਪਣੀ ਜਾਂਚ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਇਹ ਦੇਖਦੇ ਹੋਏ ਕਿ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ, ਨਰਾਤੇ ਚੱਲ ਰਹੇ ਹਨ, ਦੀਵਾਲੀ ਨੇੜੇ ਹੈ ਅਤੇ ਛੱਠ ਪੂਜਾ ਵੀ ਆਉਣ ਵਾਲੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਮਹਿਲਾਵਾਂ ਇਸ ਦੌਰਾਨ ਘਰੇਲੂ ਖ਼ਰਚਿਆਂ ਦਾ ਕਿਵੇਂ ਪ੍ਰਬੰਧਨ ਅਤੇ ਬੱਚਤ ਕਰਨੀ ਹੈ, ਇਸ ਬਾਰੇ ਲਗਾਤਾਰ ਸੋਚਦੀਆਂ ਰਹਿੰਦੀਆਂ ਹਨ। ਇਸ ਚਿੰਤਾ ਨੂੰ ਘੱਟ ਕਰਨ ਲਈ, ਉਨ੍ਹਾਂ ਦੀ ਸਰਕਾਰ ਨੇ 22 ਸਤੰਬਰ 2025 ਤੋਂ ਪੂਰੇ ਦੇਸ਼ ਵਿੱਚ ਜੀਐੱਸਟੀ ਦਰਾਂ ਨੂੰ ਘੱਟ ਕਰਕੇ ਇੱਕ ਵੱਡਾ ਕਦਮ ਚੁੱਕਿਆ ਹੈ। ਇਸਦੇ ਨਤੀਜੇ ਵਜੋਂ, ਟੁੱਥਪੇਸਟ, ਸਾਬਣ, ਸ਼ੈਂਪੂ, ਘਿਓ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਰਗੀਆਂ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਹੁਣ ਘੱਟ ਕੀਮਤਾਂ 'ਤੇ ਉਪਲਬਧ ਹੋਣਗੀਆਂ। ਬੱਚਿਆਂ ਦੀ ਪੜ੍ਹਾਈ ਦੇ ਲਈ ਸਟੇਸ਼ਨਰੀ, ਨਾਲ ਹੀ ਤਿਉਹਾਰਾਂ ਲਈ ਕੱਪੜੇ ਅਤੇ ਜੁੱਤੇ ਚੱਪਲਾਂ ਦੀਆਂ ਕੀਮਤਾਂ ਵਿੱਚ ਵੀ ਕਮੀ ਆਈ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕਦਮ ਨਾਲ ਘਰ ਅਤੇ ਰਸੋਈ ਦਾ ਬਜਟ ਸੰਭਾਲਣ ਵਾਲੀਆਂ ਮਹਿਲਾਵਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਤਿਉਹਾਰਾਂ ਦੇ ਦੌਰਾਨ ਮਹਿਲਾਵਾਂ ਦਾ ਭਾਰ ਹਲਕਾ ਕਰਨਾ ਅਤੇ ਉਨ੍ਹਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਲਿਆਉਣਾ ਇੱਕ ਜ਼ਿੰਮੇਵਾਰੀ ਹੈ ਜਿਸਨੂੰ ਕੇਂਦਰ ਅਤੇ ਸੂਬੇ ਦੀਆਂ ਉਨ੍ਹਾਂ ਦੀਆਂ ਸਰਕਾਰਾਂ ਗੰਭੀਰਤਾ ਨਾਲ ਲੈਂਦੀਆਂ ਹਨ।
ਇਹ ਰੇਖਾਂਕਿਤ ਕਰਦੇ ਹੋਏ ਬਿਹਾਰ ਵਿੱਚ ਜਦੋਂ ਵੀ ਮਹਿਲਾਵਾਂ ਨੂੰ ਮੌਕੇ ਮਿਲੇ ਹਨ, ਉਨ੍ਹਾਂ ਨੇ ਆਪਣੀ ਹਿੰਮਤ ਅਤੇ ਦ੍ਰਿੜ੍ਹ ਸੰਕਲਪ ਦੇ ਜ਼ਰੀਏ ਇਨਕਲਾਬੀ ਤਬਦੀਲੀ ਲਿਆਂਦੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਦੀ ਤਰੱਕੀ ਨਾਲ ਸਮੁੱਚੇ ਸਮਾਜ ਦੀ ਤਰੱਕੀ ਹੁੰਦੀ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਦੇ ਅਖ਼ੀਰ ਵਿੱਚ ਇੱਕ ਵਾਰ ਫਿਰ ਬਿਹਾਰ ਦੇ ਲੋਕਾਂ ਨੂੰ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ 'ਤੇ ਵਧਾਈ ਦਿੱਤੀ।
ਇਸ ਸਮਾਗਮ ਵਿੱਚ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਸਮੇਤ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਦੀ ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਕੀਤੀ। ਸਮਾਗਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਬਿਹਾਰ ਦੀਆਂ 75 ਲੱਖ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ 10-10 ਹਜ਼ਾਰ ਰੁਪਏ ਟ੍ਰਾਂਸਫਰ ਕੀਤੇ, ਜੋ ਕੁੱਲ 7,500 ਕਰੋੜ ਰੁਪਏ ਦੀ ਰਕਮ ਹੈ।
ਬਿਹਾਰ ਸਰਕਾਰ ਦੀ ਇੱਕ ਪਹਿਲਕਦਮੀ, ਇਸ ਯੋਜਨਾ ਦਾ ਮੰਤਵ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣਾ ਅਤੇ ਸਵੈ-ਰੁਜ਼ਗਾਰ ਅਤੇ ਰੋਜ਼ੀ-ਰੋਟੀ ਦੇ ਮੌਕਿਆਂ ਜ਼ਰੀਏ ਮਹਿਲਾ ਸਸ਼ਕਤੀਕਰਨ ਨੂੰ ਹੁਲਾਰਾ ਦੇਣਾ ਹੈ। ਇਹ ਯੋਜਨਾ ਸੂਬੇ ਦੇ ਹਰੇਕ ਪਰਿਵਾਰ ਦੀ ਇੱਕ ਮਹਿਲਾ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ, ਜਿਸ ਨਾਲ ਉਹ ਆਪਣੀ ਪਸੰਦ ਦਾ ਰੁਜ਼ਗਾਰ ਜਾਂ ਰੋਜ਼ੀ-ਰੋਟੀ ਪ੍ਰੋਜੈਕਟ ਨਾਲ ਜੁੜੇ ਕੰਮ ਸ਼ੁਰੂ ਕਰ ਸਕਣਗੀਆਂ। ਇਸ ਨਾਲ ਆਰਥਿਕ ਆਜ਼ਾਦੀ ਅਤੇ ਸਮਾਜਿਕ ਸਸ਼ਕਤੀਕਰਨ ਨੂੰ ਹੁਲਾਰਾ ਮਿਲੇਗਾ।
ਇਸ ਯੋਜਨਾ ਦੇ ਤਹਿਤ, ਹਰੇਕ ਲਾਭਪਾਤਰੀ ਨੂੰ ਸਿੱਧੇ ਲਾਭ ਟ੍ਰਾਂਸਫਰ ਰਾਹੀਂ 10,000 ਰੁਪਏ ਦੀ ਸ਼ੁਰੂਆਤੀ ਗ੍ਰਾਂਟ ਮਿਲੇਗੀ ਅਤੇ ਬਾਅਦ ਦੇ ਪੜਾਵਾਂ ਵਿੱਚ 2 ਲੱਖ ਰੁਪਏ ਤੱਕ ਦੀ ਵਾਧੂ ਵਿੱਤੀ ਸਹਾਇਤਾ ਦੀ ਸੰਭਾਵਨਾ ਹੈ। ਇਸ ਸਹਾਇਤਾ ਦੀ ਵਰਤੋਂ ਲਾਭਪਾਤਰੀ ਆਪਣੀ ਪਸੰਦ ਦੇ ਖੇਤਰਾਂ ਵਿੱਚ ਕਰ ਸਕਦੇ ਹਨ, ਜਿਸ ਵਿੱਚ ਖੇਤੀਬਾੜੀ, ਪਸ਼ੂ ਪਾਲਣ, ਦਸਤਕਾਰੀ, ਸਿਲਾਈ-ਬੁਣਾਈ ਅਤੇ ਹੋਰ ਛੋਟੇ ਪੱਧਰ ਦੇ ਉੱਦਮ ਸ਼ਾਮਿਲ ਹਨ।
ਇਹ ਯੋਜਨਾ ਭਾਈਚਾਰਾ-ਸੰਚਾਲਿਤ ਹੋਵੇਗੀ, ਜਿਸ ਵਿੱਚ ਵਿੱਤੀ ਸਹਾਇਤਾ ਦੇ ਨਾਲ-ਨਾਲ, ਸਵੈ-ਸਹਾਇਤਾ ਸਮੂਹਾਂ ਨਾਲ ਜੁੜੇ ਭਾਈਚਾਰਕ ਸਰੋਤ ਵਿਅਕਤੀ ਉਨ੍ਹਾਂ ਦੇ ਯਤਨਾਂ ਨੂੰ ਸਮਰਥਨ ਦੇਣ ਲਈ ਸਿਖਲਾਈ ਵੀ ਪ੍ਰਦਾਨ ਕਰਨਗੇ। ਉਨ੍ਹਾਂ ਦੀ ਉਪਜ ਦੀ ਵਿਕਰੀ ਨੂੰ ਹੁਲਾਰਾ ਦੇਣ ਲਈ,ਸੂਬੇ ਵਿੱਚ ਪੇਂਡੂ ਹਾਟ-ਬਜ਼ਾਰਾਂ ਦਾ ਹੋਰ ਵਧੇਰੇ ਵਿਕਾਸ ਕੀਤਾ ਜਾਵੇਗਾ।
ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ ਦੀ ਸ਼ੁਰੂਆਤ ਦੌਰਾਨ ਸੂਬੇ ਵਿੱਚ ਕਈ ਪ੍ਰਸ਼ਾਸਨਿਕ ਪੱਧਰਾਂ - ਜ਼ਿਲ੍ਹਾ, ਬਲਾਕ, ਕਲੱਸਟਰ ਅਤੇ ਪਿੰਡ 'ਤੇ ਇੱਕ ਸੂਬਾ-ਪੱਧਰੀ ਪ੍ਰੋਗਰਾਮ ਹੋਵੇਗਾ, ਜਿਸ ਵਿੱਚ 1 ਕਰੋੜ ਤੋਂ ਵੱਧ ਮਹਿਲਾਵਾਂ ਪ੍ਰੋਗਰਾਮ ਦੀ ਗਵਾਹ ਬਣਨਗੀਆਂ।
*******
ਐੱਮਜੇਪੀਐੱਸ/ਐੱਸਆਰ
(रिलीज़ आईडी: 2172095)
आगंतुक पटल : 18
इस विज्ञप्ति को इन भाषाओं में पढ़ें:
Odia
,
English
,
Urdu
,
Marathi
,
हिन्दी
,
Manipuri
,
Assamese
,
Bengali-TR
,
Bengali
,
Gujarati
,
Tamil
,
Telugu
,
Kannada
,
Malayalam