ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਣੀਪੁਰ ਦੇ ਇੰਫਾਲ ਵਿਖੇ 1,200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
ਮਣੀਪੁਰ ਭਾਰਤ ਮਾਤਾ ਦੇ ਸਿਰ 'ਤੇ ਸਜਾਇਆ ਗਿਆ ਤਾਜ ਦਾ ਗਹਿਣਾ ਹੈ: ਪ੍ਰਧਾਨ ਮੰਤਰੀ
ਸਾਨੂੰ ਮਣੀਪੁਰ ਨੂੰ ਸਥਾਈ ਸ਼ਾਂਤੀ ਅਤੇ ਵਿਕਾਸ ਦੇ ਰਾਹ 'ਤੇ ਅੱਗੇ ਵਧਾਉਣਾ ਜਾਰੀ ਰੱਖਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਨੇਤਾਜੀ ਸੁਭਾਸ਼ ਨੇ ਮਣੀਪੁਰ ਨੂੰ ਭਾਰਤ ਦੀ ਆਜ਼ਾਦੀ ਦਾ ਪ੍ਰਵੇਸ਼ ਦੁਆਰ ਕਿਹਾ ਸੀ, ਇਸ ਮਿੱਟੀ ਨੇ ਬਹੁਤ ਸਾਰੇ ਬਹਾਦਰ ਸ਼ਹੀਦ ਦਿੱਤੇ ਹਨ। ਸਾਡੀ ਸਰਕਾਰ, ਮਣੀਪੁਰ ਦੀ ਹਰ ਅਜਿਹੀ ਮਹਾਨ ਸ਼ਖਸੀਅਤ ਤੋਂ ਪ੍ਰੇਰਣਾ ਲੈ ਕੇ, ਅੱਗੇ ਵਧ ਰਹੀ ਹੈ: ਪ੍ਰਧਾਨ ਮੰਤਰੀ
ਸਰਕਾਰ ਮਣੀਪੁਰ ਵਿੱਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ: ਪ੍ਰਧਾਨ ਮੰਤਰੀ
ਮੈਂ 140 ਕਰੋੜ ਭਾਰਤੀਆਂ ਵੱਲੋਂ ਅੱਜ ਨੇਪਾਲ ਵਿੱਚ ਅੰਤਰਿਮ ਸਰਕਾਰ ਦੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ 'ਤੇ ਸ਼੍ਰੀਮਤੀ ਸੁਸ਼ੀਲਾ ਜੀ ਨੂੰ ਦਿਲੋਂ ਵਧਾਈਆਂ ਦਿੰਦਾ ਹਾਂ, ਮੈਨੂੰ ਵਿਸ਼ਵਾਸ ਹੈ ਕਿ ਉਹ ਨੇਪਾਲ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦਾ ਰਾਹ ਪੱਧਰਾ ਕਰਨਗੇ: ਪ੍ਰਧਾਨ ਮੰਤਰੀ
ਮਣੀਪੁਰ ਵਿੱਚ ਅਪਾਰ ਸੰਭਾਵਨਾਵਾਂ ਹਨ ਅਤੇ ਸਾਨੂੰ ਪਹਾੜੀਆਂ ਅਤੇ ਘਾਟੀ ਵਿਚਕਾਰ ਸਦਭਾਵਨਾ ਦਾ ਇੱਕ ਮਜ਼ਬੂਤ ਪੁਲ ਬਣਾਉਣ ਲਈ ਗੱਲਬਾਤ ਨੂੰ ਨਿਰੰਤਰ ਮਜ਼ਬੂਤ ਕਰਨਾ ਚਾਹੀਦਾ ਹੈ: ਪ੍ਰਧਾਨ ਮੰਤਰੀ
Posted On:
13 SEP 2025 5:04PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਣੀਪੁਰ ਦੇ ਇੰਫਾਲ ਵਿਖੇ 1,200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮਣੀਪੁਰ ਦੇ ਵਿਕਾਸ ਲਈ ਅੱਜ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਲੋਕਾਂ ਦੇ ਜੀਵਨ ਨੂੰ ਸੁਖਾਲਾ ਵਧਾਉਣਗੇ ਅਤੇ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਣੀਪੁਰ ਦੇ ਨੌਜਵਾਨਾਂ ਅਤੇ ਰਾਜ ਦੇ ਬੇਟੇ-ਬੇਟੀਆਂ ਲਈ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਵਿੱਚੋਂ ਦੋ ਪ੍ਰੋਜੈਕਟ ਖਾਸ ਤੌਰ 'ਤੇ ਮਹੱਤਵਪੂਰਨ ਹਨ, ਜਿਨ੍ਹਾਂ ਵਿੱਚ ₹3,600 ਕਰੋੜ ਤੋਂ ਵੱਧ ਦੇ ਨਿਵੇਸ਼ ਵਾਲਾ 'ਮਣੀਪੁਰ ਸ਼ਹਿਰੀ ਸੜਕ ਪ੍ਰੋਜੈਕਟ' ਅਤੇ ₹500 ਕਰੋੜ ਤੋਂ ਵੱਧ ਦੇ ਨਿਵੇਸ਼ ਵਾਲਾ 'ਮਣੀਪੁਰ ਇਨਫੋਟੈੱਕ ਵਿਕਾਸ ਪ੍ਰੋਜੈਕਟ' ਸ਼ਾਮਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਇੰਫਾਲ ਵਿੱਚ ਰੋਡ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨਗੇ ਅਤੇ ਮਣੀਪੁਰ ਦੇ ਉੱਜਵਲ ਭਵਿੱਖ ਵਿੱਚ ਨਵੀਂ ਊਰਜਾ ਭਰਨਗੇ। ਉਨ੍ਹਾਂ ਨੇ ਸਾਰੇ ਨਵੇਂ ਲਾਂਚ ਕੀਤੇ ਗਏ ਪ੍ਰੋਜੈਕਟਾਂ ਲਈ ਮਣੀਪੁਰ ਦੇ ਲੋਕਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਗੱਲ ‘ਤੇ ਚਾਨਣਾ ਪਾਉਂਦੇ ਹੋਏ ਕਿ ਆਜ਼ਾਦੀ ਤੋਂ ਬਾਅਦ, ਦੇਸ਼ ਦੇ ਪੱਛਮੀ ਅਤੇ ਦੱਖਣੀ ਹਿੱਸਿਆਂ ਦੇ ਵੱਡੇ ਸ਼ਹਿਰਾਂ ਵਿੱਚ ਵਿਕਾਸ ਹੋਇਆ ਅਤੇ ਉਹ ਇੱਛਾਵਾਂ ਦੇ ਕੇਂਦਰ ਬਣ ਗਏ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਖੇਤਰਾਂ ਦੇ ਨੌਜਵਾਨਾਂ ਨੂੰ ਨਵੇਂ ਮੌਕੇ ਮਿਲੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ "21ਵੀਂ ਸਦੀ ਪੂਰਬ ਅਤੇ ਉੱਤਰ-ਪੂਰਬ ਦੀ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਮਣੀਪੁਰ ਦੇ ਵਿਕਾਸ ਨੂੰ ਲਗਾਤਾਰ ਤਰਜੀਹ ਦਿੱਤੀ ਹੈ ਅਤੇ ਇਸ ਸਦਕਾ ਮਣੀਪੁਰ ਦੀ ਵਿਕਾਸ ਦਰ ਲਗਾਤਾਰ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ, ਮਣੀਪੁਰ ਦੀ ਵਿਕਾਸ ਦਰ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਸੀ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਅੱਜ, ਮਣੀਪੁਰ ਪਹਿਲਾਂ ਨਾਲੋਂ ਕਈ ਗੁਣਾਂ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਮਣੀਪੁਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਇੱਕ ਨਵਾਂ ਪੜਾਅ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਰਾਜ ਵਿੱਚ ਸੜਕ ਨਿਰਮਾਣ ਅਤੇ ਰਾਸ਼ਟਰੀ ਰਾਜਮਾਰਗ ਵਿਕਾਸ ਦੀ ਗਤੀ ਕਈ ਗੁਣਾਂ ਵਧ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਹਰ ਪਿੰਡ ਤੱਕ ਰੋਡ ਕਨੈਕਟੀਵਿਟੀ ਵਧਾਉਣ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।
ਇੰਫਾਲ ਨੂੰ ਸੰਭਾਵਨਾਵਾਂ ਦਾ ਸ਼ਹਿਰ ਦੱਸਦਿਆਂ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਇੰਫਾਲ ਨੂੰ ਭਾਰਤ ਦੇ ਵਿਕਸਿਤ ਸ਼ਹਿਰਾਂ ਵਿੱਚੋਂ ਇੱਕ ਵਜੋਂ ਵੇਖਦੇ ਹਨ ਜੋ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰੇਗਾ ਅਤੇ ਦੇਸ਼ ਦੀ ਤਰੱਕੀ ਨੂੰ ਤੇਜ਼ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਦ੍ਰਿਸ਼ਟੀਕੋਣ ਤਹਿਤ, ਸਮਾਰਟ ਸਿਟੀ ਮਿਸ਼ਨ ਤਹਿਤ ਇੰਫਾਲ ਵਿੱਚ ਕਈ ਪ੍ਰੋਜੈਕਟ ਪੂਰੇ ਕੀਤੇ ਗਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸੈਂਕੜੇ ਕਰੋੜ ਰੁਪਏ ਦੇ ਕਈ ਹੋਰ ਪ੍ਰੋਜੈਕਟ ਵੀ ਤੇਜ਼ੀ ਨਾਲ ਅੱਗੇ ਵਧ ਰਹੇ ਹਨ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਵੇਂ ਇਹ ਇੰਫਾਲ ਹੋਵੇ ਜਾਂ ਮਣੀਪੁਰ ਦੇ ਹੋਰ ਖੇਤਰ, ਸਟਾਰਟਅੱਪਸ ਅਤੇ ਟੈਕਨੋਲੋਜੀ-ਅਧਾਰਿਤ ਉਦਯੋਗਾਂ ਲਈ ਨਵੇਂ ਮੌਕੇ ਉੱਭਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਆਈਟੀ ਵਿਸ਼ੇਸ਼ ਆਰਥਿਕ ਜ਼ੋਨ ਇਨ੍ਹਾਂ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਇਸ ਜ਼ੋਨ ਦੀ ਪਹਿਲੀ ਇਮਾਰਤ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਮਣੀਪੁਰ ਵਿੱਚ ਇੱਕ ਨਵੀਂ ਸਿਵਿਲ ਸਕੱਤਰੇਤ ਇਮਾਰਤ ਦੀ ਮੰਗ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ। ਉਨ੍ਹਾਂ ਨੇ ਐਲਾਨ ਕੀਤਾ ਕਿ ਇਹ ਇਮਾਰਤ ਹੁਣ ਤਿਆਰ ਹੈ ਅਤੇ ਨਵੀਂ ਸਹੂਲਤ ਸ਼ਾਸਨ ਵਿੱਚ 'ਨਾਗਰਿਕ ਦੇਵੋਭਵ' ਦੀ ਭਾਵਨਾ ਨੂੰ ਮਜ਼ਬੂਤ ਕਰੇਗੀ।
ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕਿ ਮਣੀਪੁਰ ਤੋਂ ਬਹੁਤ ਸਾਰੇ ਲੋਕ ਅਕਸਰ ਕੋਲਕਾਤਾ ਅਤੇ ਦਿੱਲੀ ਜਾਂਦੇ ਹਨ, ਸ਼੍ਰੀ ਮੋਦੀ ਨੇ ਦੱਸਿਆ ਕਿ ਇਨ੍ਹਾਂ ਸ਼ਹਿਰਾਂ ਵਿੱਚ ਕਿਫਾਇਤੀ ਰਿਹਾਇਸ਼ ਨੂੰ ਯਕੀਨੀ ਬਣਾਉਣ ਲਈ, ਦੋਵਾਂ ਥਾਵਾਂ 'ਤੇ ਮਣੀਪੁਰ ਭਵਨ ਬਣਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਹੂਲਤਾਂ ਮਣੀਪੁਰ ਦੀਆਂ ਬੇਟੀਆਂ ਨੂੰ ਬਹੁਤ ਸਹਾਇਤਾ ਕਰਨਗੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਬੱਚੇ ਉੱਥੇ ਸੁਰੱਖਿਅਤ ਹੋਣਗੇ, ਤਾਂ ਇਹ ਘਰ ਵਾਪਸ ਆਉਣ ਵਾਲੇ ਮਾਪਿਆਂ ਦੀਆਂ ਚਿੰਤਾਵਾਂ ਨੂੰ ਘੱਟ ਕਰੇਗਾ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣ ਲਈ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ, ਸ਼੍ਰੀ ਮੋਦੀ ਨੇ ਸਵੀਕਾਰ ਕੀਤਾ ਕਿ ਮਣੀਪੁਰ ਦੇ ਬਹੁਤ ਸਾਰੇ ਹਿੱਸੇ ਹੜ੍ਹ ਨਾਲ ਸਬੰਧਿਤ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਇਸ ਸਮੱਸਿਆ ਨੂੰ ਘਟਾਉਣ ਲਈ ਕਈ ਪ੍ਰੋਜੈਕਟਾਂ 'ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ।
ਇਹ ਦੱਸਦੇ ਹੋਏ ਕਿ ਮਣੀਪੁਰ ਇੱਕ ਅਜਿਹਾ ਰਾਜ ਹੈ ਜਿੱਥੇ ਮਾਵਾਂ ਅਤੇ ਭੈਣਾਂ ਅਰਥਵਿਵਸਥਾ ਵਿੱਚ ਸਭ ਤੋਂ ਅੱਗੇ ਹਨ, ਪ੍ਰਧਾਨ ਮੰਤਰੀ ਨੇ ਇਮਾ ਕੈਥਲ (Ima keithel) ਦੀ ਪਰੰਪਰਾ ਨੂੰ ਇਸ ਤੱਥ ਦੇ ਇੱਕ ਸ਼ਕਤੀਸ਼ਾਲੀ ਪ੍ਰਮਾਣ ਵਜੋਂ ਉਜਾਗਰ ਕੀਤਾ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਉਹ ਮਹਿਲਾ ਸਸ਼ਕਤੀਕਰਣ ਨੂੰ ਭਾਰਤ ਦੇ ਵਿਕਾਸ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦਾ ਇੱਕ ਕੇਂਦਰੀ ਥੰਮ੍ਹ ਮੰਨਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੇਰਣਾ ਮਣੀਪੁਰ ਵਿੱਚ ਸਪਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਗਠਨ ਤੋਂ ਬਾਅਦ, ਮਹਿਲਾਵਾਂ ਲਈ ਵਿਸ਼ੇਸ਼ ਹਾਟ ਬਾਜ਼ਾਰਸ- ਜਿਨ੍ਹਾਂ ਨੂੰ ਇਮਾ ਮਾਰਕਿਟਸ ਕਿਹਾ ਜਾਂਦਾ ਹੈ - ਸ਼ੁਰੂ ਕੀਤੇ ਗਏ ਸਨ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਅੱਜ ਚਾਰ ਨਵੇਂ ਇਮਾ ਮਾਰਕਿਟਾਂ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਇਹ ਬਾਜ਼ਾਰ ਮਣੀਪੁਰ ਦੀਆਂ ਮਹਿਲਾਵਾਂ ਨੂੰ ਬਹੁਤ ਸਮਰਥਨ ਦੇਣਗੇ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਹਰ ਨਾਗਰਿਕ ਦੇ ਜੀਵਨ ਨੂੰ ਸੁਖਾਲਾ ਬਣਾਉਣਾ ਸਰਕਾਰ ਦਾ ਟੀਚਾ ਹੈ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਮਣੀਪੁਰ ਨੇ ਉਹ ਮੁਸ਼ਕਿਲ ਦਿਨ ਦੇਖੇ ਹਨ ਜਦੋਂ ਇਸ ਖੇਤਰ ਵਿੱਚ ਸਾਮਾਨ ਪਹੁੰਚਾਉਣਾ ਇੱਕ ਵੱਡੀ ਚੁਣੌਤੀ ਸੀ। ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਦੀਆਂ ਚੀਜ਼ਾਂ ਇੱਕ ਵਾਰ ਆਮ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਸਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ, ਸਾਡੀ ਸਰਕਾਰ ਨੇ ਮਣੀਪੁਰ ਨੂੰ ਉਨ੍ਹਾਂ ਪੁਰਾਣੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਇੱਕ ਨਵੇਂ ਵਿਕਾਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਬੱਚਤ ਵਧਾਉਣਾ ਅਤੇ ਲੋਕਾਂ ਲਈ ਜੀਵਨ ਨੂੰ ਹੋਰ ਸੁਵਿਧਾਜਨਕ ਬਣਾਉਣਾ ਚਾਹੁੰਦੀ ਹੈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਨੇ ਜੀਐੱਸਟੀ ਨੂੰ ਬਹੁਤ ਘਟਾ ਦਿੱਤਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਮਣੀਪੁਰ ਦੇ ਲੋਕਾਂ ਨੂੰ ਦੋਹਰਾ ਲਾਭ ਹੋਵੇਗਾ। ਉਨ੍ਹਾਂ ਨੇ ਸਮਝਾਇਆ ਕਿ ਰੋਜ਼ਾਨਾ ਵਰਤੋਂ ਦੀਆਂ ਬਹੁਤ ਸਾਰੀਆਂ ਚੀਜ਼ਾਂ - ਜਿਵੇਂ ਕਿ ਸਾਬਣ, ਸ਼ੈਂਪੂ, ਵਾਲਾਂ ਦਾ ਤੇਲ, ਕੱਪੜੇ ਅਤੇ ਜੁੱਤੀਆਂ - ਹੁਣ ਵਧੇਰੇ ਕਿਫਾਇਤੀ ਹੋ ਜਾਣਗੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਸੀਮੇਂਟ ਅਤੇ ਹੋਰ ਨਿਰਮਾਣ ਸਮੱਗਰੀ ਦੀਆਂ ਕੀਮਤਾਂ ਵੀ ਘੱਟ ਜਾਣਗੀਆਂ। ਸ਼੍ਰੀ ਮੋਦੀ ਨੇ ਦੱਸਿਆ ਕਿ ਹੋਟਲਾਂ ਅਤੇ ਭੋਜਨ ਸੇਵਾਵਾਂ 'ਤੇ ਵੀ ਜੀਐੱਸਟੀ ਬਹੁਤ ਹੱਦ ਤੱਕ ਘਟਾ ਦਿੱਤਾ ਗਿਆ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਇਸ ਨਾਲ ਗੈਸਟ ਹਾਊਸ ਮਾਲਕਾਂ, ਟੈਕਸੀ ਆਪ੍ਰੇਟਰਾਂ ਅਤੇ ਸੜਕ ਕਿਨਾਰੇ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਫਾਇਦਾ ਹੋਵੇਗਾ, ਨਾਲ ਹੀ ਇਹ ਕਦਮ ਖੇਤਰ ਵਿੱਚ ਟੂਰਿਜ਼ਮ ਨੂੰ ਵਧਾਉਣ ਵਿੱਚ ਵੀ ਮਦਦ ਕਰੇਗਾ।
"ਮਣੀਪੁਰ ਹਜ਼ਾਰਾਂ ਵਰ੍ਹਿਆਂ ਤੱਕ ਫੈਲੀ ਇੱਕ ਸਮ੍ਰਿੱਧ ਵਿਰਾਸਤ ਰੱਖਦਾ ਹੈ। ਇਸ ਖੇਤਰ ਦੀਆਂ ਸੱਭਿਆਚਾਰਕ ਜੜ੍ਹਾਂ ਡੂੰਘੀਆਂ ਅਤੇ ਮਜ਼ਬੂਤ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਮਣੀਪੁਰ ਭਾਰਤ ਮਾਤਾ ਦੇ ਸਿਰ 'ਤੇ ਸਜਾਇਆ ਗਿਆ ਤਾਜ ਦਾ ਗਹਿਣਾ ਹੈ।" ਉਨ੍ਹਾਂ ਨੇ ਮਣੀਪੁਰ ਦੇ ਵਿਕਾਸਸ਼ੀਲ ਅਕਸ ਨੂੰ ਲਗਾਤਾਰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਮਣੀਪੁਰ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਮੰਦਭਾਗੀ ਹੈ ਅਤੇ ਅਜਿਹੀ ਹਿੰਸਾ ਸਾਡੇ ਪੁਰਖਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੋਵਾਂ ਲਈ ਇੱਕ ਘੋਰ ਬੇਇਨਸਾਫ਼ੀ ਹੈ। ਉਨ੍ਹਾਂ ਨੇ ਮਣੀਪੁਰ ਨੂੰ ਸ਼ਾਂਤੀ ਅਤੇ ਵਿਕਾਸ ਦੇ ਰਾਹ 'ਤੇ ਲਗਾਤਾਰ ਅੱਗੇ ਵਧਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਅਤੇ ਰਾਸ਼ਟਰੀ ਰੱਖਿਆ ਵਿੱਚ ਮਣੀਪੁਰ ਦੇ ਪ੍ਰੇਰਣਾਦਾਇਕ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਯਾਦ ਕੀਤਾ ਕਿ ਮਣੀਪੁਰ ਦੀ ਧਰਤੀ 'ਤੇ ਹੀ ਭਾਰਤੀ ਰਾਸ਼ਟਰੀ ਫੌਜ ਨੇ ਸਭ ਤੋਂ ਪਹਿਲਾਂ ਭਾਰਤ ਦਾ ਆਪਣਾ ਝੰਡਾ ਲਹਿਰਾਇਆ ਸੀ। ਉਨ੍ਹਾਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਹਵਾਲਾ ਦਿੱਤਾ, ਜਿਨ੍ਹਾਂ ਨੇ ਮਣੀਪੁਰ ਨੂੰ ਭਾਰਤ ਦੀ ਆਜ਼ਾਦੀ ਦਾ ਪ੍ਰਵੇਸ਼ ਦੁਆਰ ਕਿਹਾ ਅਤੇ ਇਸ ਧਰਤੀ ਦੇ ਬਹੁਤ ਸਾਰੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਮਣੀਪੁਰ ਦੀ ਹਰ ਮਹਾਨ ਸ਼ਖਸੀਅਤ ਤੋਂ ਪ੍ਰੇਰਣਾ ਲੈਂਦੀ ਹੈ। ਸਰਕਾਰ ਦੁਆਰਾ ਚੁੱਕੇ ਗਏ ਇੱਕ ਵੱਡੇ ਕਦਮ - ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਮਾਊਂਟ ਹੈਰੀਏਟ ਦਾ ਨਾਂ ਬਦਲ ਕੇ ਮਾਊਂਟ ਮਣੀਪੁਰ ਰੱਖਣ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਮਣੀਪੁਰ ਦੇ ਸੁਤੰਤਰਾ ਸੈਨਾਨੀਆਂ ਨੂੰ ਰਾਸ਼ਟਰੀ ਸ਼ਰਧਾਂਜਲੀ ਹੈ।
ਇਹ ਸਵੀਕਾਰ ਕਰਦੇ ਹੋਏ ਕਿ ਅੱਜ ਵੀ, ਮਣੀਪੁਰ ਦੇ ਬਹੁਤ ਸਾਰੇ ਬੇਟੇ-ਬੇਟੀਆਂ ਭਾਰਤ ਮਾਤਾ ਦੀ ਰੱਖਿਆ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੇਵਾ ਨਿਭਾ ਰਹੇ ਹਨ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ, ਦੁਨੀਆ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਤਾਕਤ ਦੇਖੀ। ਉਨ੍ਹਾਂ ਕਿਹਾ ਕਿ ਭਾਰਤੀ ਸੈਨਿਕਾਂ ਨੇ ਇੰਨੀ ਨਿਰਣਾਇਕ ਢੰਗ ਨਾਲ ਹਮਲਾ ਕੀਤਾ ਕਿ ਪਾਕਿਸਤਾਨੀ ਫੌਜ ਦੰਗ ਰਹਿ ਗਈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਣੀਪੁਰ ਦੇ ਬਹਾਦਰ ਬੇਟੇ-ਬੇਟੀਆਂ ਨੇ ਆਪ੍ਰੇਸ਼ਨ ਦੌਰਾਨ ਭਾਰਤ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਅਜਿਹੇ ਹੀ ਇੱਕ ਬਹਾਦਰ ਸਿਪਾਹੀ, ਸ਼ਹੀਦ ਦੀਪਕ ਚਿੰਗਖਮ (Shaheed Deepak Chingkham) ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਹਿੰਮਤ ਨੂੰ ਸਲਾਮ ਕੀਤਾ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਦੀਪਕ ਚਿੰਗਖਮ ਦੀ ਕੁਰਬਾਨੀ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ। .
ਮਣੀਪੁਰ ਵਿੱਚ 2014 ਦੇ ਆਪਣੇ ਦੌਰੇ ਅਤੇ ਉਸ ਸਮੇਂ ਦਿੱਤੇ ਗਏ ਇੱਕ ਬਿਆਨ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਮਣੀਪੁਰੀ ਸੱਭਿਆਚਾਰ ਤੋਂ ਬਿਨਾਂ, ਭਾਰਤੀ ਸੱਭਿਆਚਾਰ ਅਧੂਰਾ ਹੈ ਅਤੇ ਮਣੀਪੁਰ ਦੇ ਖਿਡਾਰੀਆਂ ਤੋਂ ਬਿਨਾਂ, ਭਾਰਤੀ ਖੇਡਾਂ ਅਧੂਰੀਆਂ ਰਹਿੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮਣੀਪੁਰ ਦੇ ਨੌਜਵਾਨ ਰਾਸ਼ਟਰੀ ਝੰਡੇ ਦੇ ਮਾਣ ਨੂੰ ਬਰਕਰਾਰ ਰੱਖਣ ਲਈ ਆਪਣੇ-ਆਪ ਨੂੰ ਪੂਰੇ ਦਿਲ ਨਾਲ ਸਮਰਪਿਤ ਕਰਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਪਛਾਣ ਨੂੰ ਹਿੰਸਾ ਦੇ ਹਨੇਰੇ ਦੇ ਪਰਛਾਵੇਂ ਨਾਲ ਨਹੀਂ ਢਕਣਾ ਚਾਹੀਦਾ।
ਪ੍ਰਧਾਨ ਮੰਤਰੀ ਨੇ ਕਿਹਾ, “ਜਿਵੇਂ-ਜਿਵੇਂ ਭਾਰਤ ਇੱਕ ਆਲਮੀ ਖੇਡ ਮਹਾਸ਼ਕਤੀ ਦੇ ਰੂਪ ਵਿੱਚ ਉਭਰ ਰਿਹਾ ਹੈ, ਮਣੀਪੁਰ ਦੇ ਨੌਜਵਾਨਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਇਹੀ ਕਾਰਨ ਹੈ ਕਿ ਭਾਰਤ ਸਰਕਾਰ ਨੇ ਦੇਸ਼ ਦੇ ਪਹਿਲੇ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਦੇ ਲਈ ਮਣੀਪੁਰ ਨੂੰ ਚੁਣਿਆ।” ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਯੋਜਨਾ ਅਤੇ ਓਲੰਪਿਕ ਪੋਡੀਅਮ ਯੋਜਨਾਵਾਂ ਦੇ ਤਹਿਤ, ਮਣੀਪੁਰ ਦੇ ਕਈ ਐਥਲੀਟਾਂ ਨੂੰ ਪ੍ਰੋਤਾਸਾਹਿਤ ਕੀਤਾ ਜਾ ਰਿਹਾ ਹੈ ਅਤੇ ਨੌਜਵਾਨਾਂ ਲਈ ਮਣੀਪੁਰ ਵਿੱਚ ਆਧੁਨਿਕ ਖੇਡ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਪੋਲੋ ਨੂੰ ਹੁਲਾਰਾ ਦੇਣ ਲਈ, ਮਾਰਜਿੰਗ ਪੋਲੋ ਕੰਪਲੈਕਸ ਦੀ ਸਥਾਪਨਾ ਕੀਤੀ ਗਈ ਹੈ, ਜਿਸ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਪੋਲੋ ਪ੍ਰਤਿਮਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਦੇ ਓਲੰਪੀਅਨਾਂ ਦੇ ਸਨਮਾਨ ਵਿੱਚ ਇੱਕ ਓਲੰਪੀਅਨ ਪਾਰਕ ਵੀ ਬਣਾਇਆ ਗਿਆ ਹੈ। ਇਸ ਗੱਲ ਦਾ ਜ਼ਿਕਰ ਕਰਦੇ ਹੋਏ ਕਿ ਸਰਕਾਰ ਨੇ ਹਾਲ ਹੀ ਵਿੱਚ ਰਾਸ਼ਟਰੀ ਖੇਡ ਨੀਤੀ-ਖੇਲੋ ਇੰਡੀਆ ਨੀਤੀ ਦਾ ਐਲਾਨ ਕੀਤਾ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਨਾਲ ਆਉਣ ਵਾਲੇ ਵਰ੍ਹਿਆਂ ਵਿੱਚ ਮਣੀਪੁਰ ਦੇ ਨੌਜਵਾਨਾਂ ਨੂੰ ਬਹੁਤ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਮਣੀਪੁਰ ਵਿੱਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲੋਕਾਂ ਦੇ ਹਿਤਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਕੈਂਪਸ ਵਿੱਚ ਰਹਿਣ ਨੂੰ ਮਜ਼ਬੂਰ ਲੋਕਾਂ ਨੂੰ ਆਮ ਜੀਵਨ ਵਿੱਚ ਵਾਪਸ ਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਵਿਸਥਾਪਿਤ ਪਰਿਵਾਰਾਂ ਦੇ ਲਈ 7,000 ਨਵੇਂ ਘਰਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਮਣੀਪੁਰ ਦੇ ਲਈ ਲਗਭਗ 3,000 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸਥਾਪਿਤ ਵਿਅਕਤੀਆਂ ਦੀ ਸਹਾਇਤਾ ਲਈ 500 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਨੂੰ ਆਮ ਜੀਵਨ ਵਿੱਚ ਵਾਪਸ ਲਿਆਉਣ ਵਿੱਚ ਸਹਾਇਤਾ ਕਰਨਾ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਕਿਹਾ ਕਿ ਮਣੀਪੁਰ ਪੁਲਿਸ ਦਾ ਨਵਾਂ ਬਣਿਆ ਹੈੱਡਕੁਆਰਟਰ ਵੀ ਇਸ ਯਤਨ ਵਿੱਚ ਮਹੱਤਵਪੂਰਨ ਭੂਮਿਕ ਨਿਭਾਏਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਣੀਪੁਰ ਦੀ ਧਰਤੀ ਤੋਂ, ਉਹ ਨੇਪਾਲ ਵਿੱਚ ਆਪਣੇ ਮਿੱਤਰਾਂ ਨੂੰ ਸੰਬੋਧਨ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਹਿਮਾਲਿਆ ਦੀ ਗੋਦ ਵਿੱਚ ਵਸਿਆ ਨੇਪਾਲ, ਭਾਰਤ ਦਾ ਗਹਿਰਾ ਮਿੱਤਰ ਅਤੇ ਭਰੋਸੇਯੋਗ ਸਾਂਝੇਦਾਰ ਹੈ। ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਦੋਵੇਂ ਰਾਸ਼ਟਰ ਸਾਂਝੇ ਇਤਿਹਾਸ, ਆਸਥਾ ਅਤੇ ਭਵਿੱਖ ਦੀ ਇੱਕ ਸਮੂਹਿਕ ਯਾਤਰਾ ਨਾਲ ਬੰਨੇ ਹਨ, ਪ੍ਰਧਾਨ ਮੰਤਰੀ ਨੇ 140 ਕਰੋੜ ਭਾਰਤੀਆਂ ਵੱਲੋਂ ਸ਼੍ਰੀਮਤੀ ਸੁਸ਼ੀਲਾ ਕਾਰਕੀ ਜੀ ਨੂੰ ਨੇਪਾਲ ਦੀ ਅੰਤਰਿਮ ਸਰਕਾਰ ਦੀ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ‘ਤੇ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਨੇਪਾਲ ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦਾ ਮਾਰਗ ਪੱਧਰਾ ਕਰਨਗੇ। ਸ਼੍ਰੀ ਮੋਦੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸ਼੍ਰੀਮਤੀ ਸੁਸ਼ੀਲਾ ਜੀ ਦਾ ਨੇਪਾਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਿਯੁਕਤ ਹੋਣਾ ਮਹਿਲਾ ਸਸ਼ਕਤੀਕਰਣ ਦੀ ਇੱਕ ਜ਼ਿਕਰਯੋਗ ਉਦਾਹਰਣ ਹੈ। ਉਨ੍ਹਾਂ ਨੇ ਨੇਪਾਲ ਦੇ ਹਰੇਕ ਵਿਅਕਤੀ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਅਸਥਿਰਤਾ ਦੇ ਮਾਹੌਲ ਵਿੱਚ ਵੀ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਿਆ।
ਨੇਪਾਲ ਵਿੱਚ ਹਾਲ ਦੇ ਘਟਨਾਕ੍ਰਮਾਂ ਦੇ ਇੱਕ ਜ਼ਿਕਰਯੋਗ ਪਹਿਲੂ ਅਜਿਹਾ ਵੀ ਹੈ ਜਿਸ ‘ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਪਿਛਲੇ ਦੋ-ਤਿੰਨ ਦਿਨਾਂ ਵਿੱਚ, ਨੇਪਾਲ ਦੇ ਯੁਵਕ-ਯੁਵਤੀਆਂ ਸਮਰਪਣ ਅਤੇ ਪਵਿੱਤਰਤਾ ਦੀ ਭਾਵਨਾ ਦੇ ਨਾਲ ਸੜਕਾਂ ਦੀ ਸਫਾਈ ਅਤੇ ਰੰਗ-ਰੋਗਨ ਕਰਦੇ ਦੇਖੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਦੀਆਂ ਤਸਵੀਰਾਂ ਦੇਖੀਆਂ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸਕਾਰਾਤਮਕ ਸੋਚ ਅਤੇ ਰਚਨਾਤਮਕ ਕਾਰਜਾਂ ਨੂੰ ਨਾ ਸਿਰਫ਼ ਪ੍ਰੇਰਣਾਦਾਇਕ ਦੱਸਿਆ, ਸਗੋਂ ਨੇਪਾਲ ਦੇ ਪੁਨਰਉੱਥਾਨ ਦਾ ਸਪੱਸ਼ਟ ਸੰਕੇਤ ਵੀ ਦੱਸਿਆ। ਉਨ੍ਹਾਂ ਨੇ ਨੇਪਾਲ ਦੇ ਉੱਜਵਲ ਅਤੇ ਸਮ੍ਰਿੱਧ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ “21ਵੀਂ ਸਦੀ ਵਿੱਚ, ਭਾਰਤ ਇੱਕ ਹੀ ਟੀਚੇ ਦੇ ਨਾਲ ਵਧ ਰਿਹਾ ਹੈ- ਇੱਕ ਵਿਕਸਿਤ ਭਾਰਤ ਦਾ ਟੀਚਾ ਅਤੇ ਇਸ ਟੀਚੇ ਦੀ ਪ੍ਰਾਪਤੀ ਦੇ ਲਈ ਮਣੀਪੁਰ ਦਾ ਵਿਕਾਸ ਜ਼ਰੂਰੀ ਹੈ।” ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਮਣੀਪੁਰ ਅਸੀਮ ਸੰਭਾਵਨਾਵਾਂ ਨਾਲ ਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੇ ਰਾਹ ‘ਤੇ ਦ੍ਰਿੜ੍ਹਤਾ ਨਾਲ ਬਣੇ ਰਹਿਣਾ ਸਾਰਿਆਂ ਦਾ ਸਮੂਹਿਕ ਕਰਤੱਵ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਣੀਪੁਰ ਵਿੱਚ ਸਮਰੱਥਾ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਸੰਵਾਦ ਦੇ ਮਾਰਗ ਨੂੰ ਨਿਰੰਤਰ ਮਜ਼ਬੂਤ ਕਰਨ ਅਤੇ ਪਹਾੜੀਆਂ ਅਤੇ ਘਾਟੀਆਂ ਦਰਮਿਆਨ ਸਦਭਾਵਨਾ ਦਾ ਇੱਕ ਮਜ਼ਬੂਤ ਪੁਲ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਪ੍ਰਧਾਨ ਮੰਤਰੀ ਨੇ ਇਹ ਵਿਸ਼ਵਾਸ ਵਿਅਕਤ ਕਰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਮਣੀਪੁਰ ਭਾਰਤ ਦੇ ਵਿਕਾਸ ਦਾ ਇੱਕ ਸ਼ਕਤੀਸ਼ਾਲੀ ਕੇਂਦਰ ਬਣੇਗਾ। ਉਨ੍ਹਾਂ ਨੇ ਇੱਕ ਵਾਰ ਫਿਰ ਵਿਕਾਸ ਪ੍ਰੋਜੈਕਟਾਂ ਦੇ ਲਈ ਸਾਰਿਆਂ ਨੂੰ ਹਾਰਦਿਕ ਵਧਾਈ ਦਿੱਤੀ।
ਇਸ ਪ੍ਰੋਗਰਾਮ ਵਿੱਚ ਮਣੀਪੁਰ ਦੇ ਰਾਜਪਾਲ ਸ਼੍ਰੀ ਅਜੈ ਕੁਮਾਰ ਭੱਲਾ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਇੰਫਾਲ ਵਿੱਚ 1,200 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਵਿੱਚ ਮੰਤਰੀਪੁਖਰੀ ਵਿੱਚ ਸਿਵਿਲ ਸਕੱਤਰੇਤ, ਮੰਤਰੀਪੁਖਰੀ ਵਿੱਚ ਆਈਟੀ ਐੱਸਈਜੈੱਡ ਭਵਨ ਅਤੇ ਨਵਾਂ ਪੁਲਿਸ ਹੈੱਡਕੁਆਰਟਰ; ਦਿੱਲੀ ਅਤੇ ਕੋਲਕਾਤਾ ਵਿੱਚ ਮਣੀਪੁਰ ਭਵਨ; ਅਤੇ ਚਾਰ ਜ਼ਿਲ੍ਹਿਆਂ ਵਿੱਚ ਮਹਿਲਾਵਾਂ ਦੇ ਲਈ ਵਿਲੱਖਣ ਇਮਾ ਮਾਰਕਿਟ ਸ਼ਾਮਲ ਹਨ।
***************
ਐੱਮਜੇਪੀਐੱਸ/ਐੱਸਆਰ
(Release ID: 2166445)
Visitor Counter : 5
Read this release in:
Odia
,
English
,
Urdu
,
Marathi
,
हिन्दी
,
Manipuri
,
Assamese
,
Bengali
,
Bengali-TR
,
Gujarati
,
Tamil
,
Telugu
,
Kannada
,
Malayalam