ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਬਿਹਾਰ ਰਾਜਯ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਿਟੇਡ' ਲਾਂਚ ਕੀਤਾ


ਸਸ਼ਕਤ ਮਹਿਲਾਵਾਂ ਵਿਕਸਿਤ ਭਾਰਤ ਦੀ ਬੁਨਿਆਦ, ਦੇਸ਼ ਦੀਆਂ ਮਹਿਲਾਵਾਂ ਦਾ ਸਸ਼ਕਤੀਕਰਣ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ: ਪ੍ਰਧਾਨ ਮੰਤਰੀ

ਸਰਕਾਰ ਉਨ੍ਹਾਂ ਦੇ ਜੀਵਨ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ ਅਤੇ ਕਰਦੀ ਰਹੇਗੀ: ਪ੍ਰਧਾਨ ਮੰਤਰੀ

ਸਾਡੀ ਸਰਕਾਰ ਲਈ ਮਾਂ ਦਾ ਸਨਮਾਨ, ਉਸ ਦਾ ਸਤਿਕਾਰ, ਉਸ ਦਾ ਸਵੈ-ਮਾਣ ਸਭ ਤੋਂ ਵੱਡੀ ਤਰਜੀਹ: ਪ੍ਰਧਾਨ ਮੰਤਰੀ

Posted On: 02 SEP 2025 2:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 'ਬਿਹਾਰ ਰਾਜਯ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਿਟੇਡ' ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ੁਭ ਮੰਗਲਵਾਰ ਨੂੰ ਇੱਕ ਬਹੁਤ ਹੀ ਆਸਵੰਦ ਪਹਿਲਕਦਮੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਬਿਹਾਰ ਵਿੱਚ ਮਾਵਾਂ ਅਤੇ ਭੈਣਾਂ ਨੂੰ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਰਾਹੀਂ ਇੱਕ ਨਵੀਂ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਪਿੰਡਾਂ ਵਿੱਚ ਜੀਵਿਕਾ ਨਾਲ ਜੁੜੀਆਂ ਮਹਿਲਾਵਾਂ ਨੂੰ ਮਾਲੀ ਸਹਾਇਤਾ ਤੱਕ ਸੁਖਾਲ਼ੀ ਪਹੁੰਚ ਕਰਨ ਦੇ ਯੋਗ ਬਣਾਏਗੀ, ਜਿਸ ਨਾਲ ਉਨ੍ਹਾਂ ਨੂੰ ਆਪਣੇ ਕੰਮਾਂ ਅਤੇ ਕਾਰੋਬਾਰਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਜੀਵਿਕਾ ਨਿਧੀ ਪ੍ਰਣਾਲੀ ਪੂਰੀ ਤਰ੍ਹਾਂ ਡਿਜੀਟਲ ਹੈ, ਜਿਸ ਨਾਲ ਸਰੀਰਕ ਤੌਰ 'ਤੇ ਜਾਣ ਦੀ ਜ਼ਰੂਰਤ ਖਤਮ ਹੋ ਗਈ ਹੈ ਅਤੇ ਹੁਣ ਸਭ ਕੁਝ ਮੋਬਾਈਲ ਫੋਨ ਰਾਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਬਿਹਾਰ ਦੀਆਂ ਮਾਵਾਂ ਅਤੇ ਭੈਣਾਂ ਨੂੰ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਦੀ ਸ਼ੁਰੂਆਤ 'ਤੇ ਵਧਾਈ ਦਿੱਤੀ ਅਤੇ ਇਸ ਸ਼ਾਨਦਾਰ ਪਹਿਲਕਦਮੀ ਲਈ ਸ਼੍ਰੀ ਨਿਤੀਸ਼ ਕੁਮਾਰ ਅਤੇ ਬਿਹਾਰ ਸਰਕਾਰ ਦੀ ਸ਼ਲਾਘਾ ਕੀਤੀ।

ਇਹ ਦੱਸਦੇ ਹੋਏ, "ਸਸ਼ਕਤ ਮਹਿਲਾਵਾਂ ਇੱਕ ਵਿਕਸਿਤ ਭਾਰਤ ਦੀ ਮਜ਼ਬੂਤ ਬੁਨਿਆਦ ਹਨ", ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ, ਉਨ੍ਹਾਂ ਦੇ ਜੀਵਨ ਵਿੱਚ ਮੁਸ਼ਕਲਾਂ ਨੂੰ ਘੱਟ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਮਾਵਾਂ, ਭੈਣਾਂ ਅਤੇ ਧੀਆਂ ਦੇ ਜੀਵਨ ਨੂੰ ਸੌਖਾ ਬਣਾਉਣ ਲਈ ਕਈ ਪਹਿਲਕਦਮੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਲਈ ਮਜ਼ਬੂਰੀ ਤੋਂ ਮੁਕਤ ਕਰਨ ਲਈ ਕਰੋੜਾਂ ਪਖਾਨੇ ਬਣਾਏ ਗਏ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕਰੋੜਾਂ ਪੱਕੇ ਘਰ ਬਣਾਏ ਗਏ ਹਨ, ਜਿਸ ਵਿੱਚ ਇਹ ਯਕੀਨੀ ਬਣਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਕਿ ਇਹ ਘਰ ਮਹਿਲਾਵਾਂ ਦੇ ਨਾਮ 'ਤੇ ਰਜਿਸਟਰਡ ਹੋਣ। ਉਨ੍ਹਾਂ ਟਿੱਪਣੀ ਕੀਤੀ ਕਿ ਜਦੋਂ ਇੱਕ ਮਹਿਲਾ ਘਰ ਦੀ ਮਾਲਕਣ ਬਣਦੀ ਹੈ, ਤਾਂ ਉਸ ਦੀ ਗੱਲ ਵਜ਼ਨਦਾਰ ਹੁੰਦੀ ਹੈ।

ਸਰਕਾਰ ਵੱਲੋਂ ਪੀਣ ਵਾਲੇ ਸਾਫ਼ ਪਾਣੀ ਦੀ ਪਹੁੰਚ ਦੇ ਮੁੱਦੇ ਨੂੰ ਹੱਲ ਕਰਨ ਲਈ, ਹਰ ਘਰ ਜਲ ਪਹਿਲਕਦਮੀ ਸ਼ੁਰੂ ਕਰਨ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਮਾਵਾਂ ਅਤੇ ਭੈਣਾਂ ਨੂੰ ਸਿਹਤ ਸੰਭਾਲ ਤੱਕ ਪਹੁੰਚ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਇਹ ਯਕੀਨੀ ਬਣਾਉਣ ਲਈ ਆਯੁਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਇੱਕ ਮੁਫ਼ਤ ਰਾਸ਼ਨ ਯੋਜਨਾ ਵੀ ਚਲਾ ਰਹੀ ਹੈ, ਜਿਸ ਨੇ ਹਰ ਮਾਂ ਨੂੰ ਇਸ ਚਿੰਤਾ ਤੋਂ ਰਾਹਤ ਦਿੱਤੀ ਹੈ ਕਿ ਉਹ ਹਰ ਰੋਜ਼ ਆਪਣੇ ਬੱਚਿਆਂ ਦਾ ਢਿੱਡ ਕਿਵੇਂ ਭਰੇਗੀ। ਮਹਿਲਾਵਾਂ ਦੀ ਆਮਦਨ ਵਧਾਉਣ ਲਈ, ਉਨ੍ਹਾਂ ਨੇ ਲਖਪਤੀ ਦੀਦੀ, ਡਰੋਨ ਦੀਦੀ ਅਤੇ ਬੈਂਕ ਸਖੀ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ, ਜੋ ਦੇਸ਼ ਭਰ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾ ਰਹੀਆਂ ਹਨ। ਉਨ੍ਹਾਂ ਨੇ ਇਨ੍ਹਾਂ ਯੋਜਨਾਵਾਂ ਨੂੰ ਮਾਵਾਂ ਅਤੇ ਭੈਣਾਂ ਦੀ ਸੇਵਾ ਲਈ ਸਮਰਪਿਤ ਇੱਕ ਵਿਸ਼ਾਲ ਮੁਹਿੰਮ ਦਾ ਹਿੱਸਾ ਦੱਸਿਆ। ਸ਼੍ਰੀ ਮੋਦੀ ਨੇ ਹਾਜ਼ਰੀਨ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਮਹੀਨਿਆਂ ਵਿੱਚ, ਬਿਹਾਰ ਵਿੱਚ ਉਨ੍ਹਾਂ ਦੀ ਸਰਕਾਰ ਇਸ ਮਿਸ਼ਨ ਨੂੰ ਹੋਰ ਤੇਜ਼ ਕਰੇਗੀ।

ਪ੍ਰਧਾਨ ਮੰਤਰੀ ਨੇ ਕਿਹਾ, "ਬਿਹਾਰ ਇੱਕ ਅਜਿਹੀ ਧਰਤੀ ਹੈ ਜਿੱਥੇ ਮਾਤ ਸ਼ਕਤੀ - ਮਾਤ੍ਰਸ਼ਕਤੀ - ਲਈ ਸ਼ਰਧਾ ਅਤੇ ਮਾਵਾਂ ਦੇ ਸਨਮਾਨ ਨੂੰ ਹਮੇਸ਼ਾ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਹੈ।" ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬਿਹਾਰ ਵਿੱਚ ਗੰਗਾ ਮਈਆ, ਕੋਸੀ ਮਈਆ, ਗੰਡਕੀ ਮਈਆ ਅਤੇ ਪੁਨਪੁਨ ਮਈਆ ਦੀ ਪੂਜਾ ਭਰਪੂਰ ਸ਼ਰਧਾ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਾਨਕੀ ਜੀ ਬਿਹਾਰ ਦੀ ਧੀ ਹਨ, ਜੋ ਇਸ ਧਰਤੀ ਦੀਆਂ ਸੱਭਿਆਚਾਰਕ ਪਰੰਪਰਾਵਾਂ ਵਿੱਚ ਵਧੇ-ਫੁੱਲੇ ਹਨ- ਇਸ ਧਰਤੀ ਦੀ ਸੀਆ ਧੀਯਾ (Siya Dhiya), ਜਿਨ੍ਹਾਂ ਨੂੰ ਪੂਰੀ ਦੁਨੀਆ ਵਿੱਚ ਸੀਤਾ ਮਾਤਾ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਛਟੀ ਮਈਆ ਦੀ ਪੂਜਾ ਨੂੰ ਸਾਰਿਆਂ ਲਈ ਇੱਕ ਵਰਦਾਨ ਮੰਨਿਆ ਜਾਂਦਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਨਵਰਾਤ੍ਰੀ ਦਾ ਪਵਿੱਤਰ ਤਿਉਹਾਰ ਨੇੜੇ ਆ ਰਿਹਾ ਹੈ, ਜਿਸ ਦੌਰਾਨ ਦੇਸ਼ ਭਰ ਵਿੱਚ ਮਾਂ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਿਹਾਰ ਅਤੇ ਪੂਰਵਾਂਚਲ ਖੇਤਰ ਵਿੱਚ ਵੀ ਸਤਬਹਿਨੀ ਪੂਜਾ ਦੀ ਪੀੜ੍ਹੀਆਂ ਤੋਂ ਚਲੀ ਆ ਰਹੀ ਪਰੰਪਰਾ ਹੈ - ਜਿਸ ਵਿੱਚ ਸੱਤ ਭੈਣਾਂ ਨੂੰ ਦੈਵੀ ਮਾਂ ਵਜੋਂ ਪੂਜਿਆ ਜਾਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਾਂ ਪ੍ਰਤੀ ਇਹ ਡੂੰਘਾ ਵਿਸ਼ਵਾਸ ਅਤੇ ਸ਼ਰਧਾ ਬਿਹਾਰ ਦੀ ਇੱਕ ਪਰਿਭਾਸ਼ਤ ਪਛਾਣ ਹੈ। ਇੱਕ ਸਥਾਨਕ ਕਹਾਵਤ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੋਈ ਵੀ, ਭਾਵੇਂ ਕੋਈ ਕਿੰਨਾ ਵੀ ਪਿਆਰਾ ਹੋਵੇ, ਕਦੇ ਵੀ ਮਾਂ ਦੀ ਜਗ੍ਹਾ ਨਹੀਂ ਲੈ ਸਕਦਾ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਲਈ ਮਾਵਾਂ ਦਾ ਸਨਮਾਨ, ਸਤਿਕਾਰ ਅਤੇ ਮਾਣ ਸਭ ਤੋਂ ਵੱਡੀ ਤਰਜੀਹ ਦਾ ਵਿਸ਼ਾ ਹੈ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇੱਕ ਮਾਂ ਸਾਡੀ ਦੁਨੀਆ ਦਾ ਸਾਰ ਹੈ, ਅਤੇ ਉਹ ਸਾਡੇ ਸਵੈ-ਮਾਣ ਨੂੰ ਦਰਸਾਉਂਦੀ ਹੈ। ਬਿਹਾਰ ਦੀ ਅਮੀਰ ਸੱਭਿਆਚਾਰਕ ਪਰੰਪਰਾ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਇੱਕ ਹਾਲੀਆ ਘਟਨਾ 'ਤੇ ਡੂੰਘਾ ਦੁਖ ਪ੍ਰਗਟ ਕੀਤਾ, ਜਿਸ ਦੀ ਉਹ ਕਲਪਨਾ ਵੀ ਨਹੀਂ ਕਰ ਸਕਦੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਵਿੱਚ ਵਿਰੋਧੀ ਧਿਰ ਦੇ ਗਠਜੋੜ ਦੇ ਇੱਕ ਮੰਚ ਤੋਂ ਉਨ੍ਹਾਂ ਦੀ ਮਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਅਪਮਾਨ ਸਿਰਫ਼ ਉਨ੍ਹਾਂ ਦੀ ਮਾਂ ਦਾ ਅਪਮਾਨ ਨਹੀਂ, ਸਗੋਂ ਦੇਸ਼ ਦੀ ਹਰ ਮਾਂ, ਭੈਣ ਅਤੇ ਧੀ ਦਾ ਅਪਮਾਨ ਸੀ। ਸ਼੍ਰੀ ਮੋਦੀ ਨੇ ਸਵੀਕਾਰ ਕੀਤਾ ਕਿ ਬਿਹਾਰ ਦੇ ਲੋਕ, ਖਾਸ ਕਰਕੇ ਮਾਵਾਂ ਅਜਿਹੀਆਂ ਟਿੱਪਣੀਆਂ ਦੇਖ ਅਤੇ ਸੁਣ ਕੇ ਬਹੁਤ ਦੁਖੀ ਹੋਈਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਜੋ ਦੁੱਖ ਉਨ੍ਹਾਂ ਦੇ ਦਿਲ ਵਿੱਚ ਹੈ, ਉਹ ਬਿਹਾਰ ਦੇ ਲੋਕਾਂ ਦੇ ਦਿਲਾਂ ਵਿੱਚ ਵੀ ਹੈ ਅਤੇ ਅੱਜ ਉਹ ਇਸ ਦੁੱਖ ਨੂੰ ਲੋਕਾਂ ਨਾਲ ਸਾਂਝਾ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਲਗਭਗ 55 ਵਰ੍ਹਿਆਂ ਤੋਂ ਸਮਾਜ ਅਤੇ ਦੇਸ਼ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਦਿਨ, ਹਰ ਪਲ, ਉਨ੍ਹਾਂ ਨੇ ਦੇਸ਼ ਲਈ ਪੂਰੀ ਲਗਨ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਇਸ ਯਾਤਰਾ ਵਿੱਚ ਆਪਣੀ ਮਾਂ ਵਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਮਾਂ ਭਾਰਤੀ ਦੀ ਸੇਵਾ ਕਰਨ ਲਈ, ਉਨ੍ਹਾਂ ਦੀ ਜਨਮਦਾਤੀ ਮਾਂ ਨੇ ਉਨ੍ਹਾਂ ਨੂੰ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਸੀ। ਉਨ੍ਹਾਂ ਨੇ ਡੂੰਘਾ ਦੁਖ ਪ੍ਰਗਟ ਕੀਤਾ ਕਿ ਜਿਸ ਮਾਂ ਨੇ ਉਨ੍ਹਾਂ ਨੂੰ ਰਾਸ਼ਟਰੀ ਸੇਵਾ ਲਈ ਅਸ਼ੀਰਵਾਦ ਦਿੱਤਾ ਸੀ ਅਤੇ ਉਨ੍ਹਾਂ ਨੂੰ ਜਾਣ ਦਿੱਤਾ ਸੀ ਅਤੇ ਜੋ ਹੁਣ ਇਸ ਦੁਨੀਆ ਵਿੱਚ ਸਰੀਰਕ ਤੌਰ 'ਤੇ ਮੌਜੂਦ ਨਹੀਂ ਹਨ, ਉਨ੍ਹਾਂ ਲਈ ਵਿਰੋਧੀ ਧਿਰ ਦੇ ਗਠਜੋੜ ਦੇ ਇੱਕ ਮੰਚ ਤੋਂ ਮਾੜੇ ਸ਼ਬਦ ਬੋਲੇ ਗਏ। ਉਨ੍ਹਾਂ ਇਸ ਨੂੰ ਬਹੁਤ ਹੀ ਪੀੜ੍ਹਾਦਾਇਕ, ਪਰੇਸ਼ਾਨੀ ਭਰਪੂਰ ਅਤੇ ਬਹੁਤ ਦੁਖਦਾਈ ਦੱਸਿਆ।

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਹਰ ਮਾਂ ਆਪਣੇ ਬੱਚਿਆਂ ਨੂੰ ਬਹੁਤ ਤਿਆਗ ਨਾਲ ਪਾਲਦੀ ਹੈ ਅਤੇ ਉਸ ਲਈ ਆਪਣੇ ਬੱਚਿਆਂ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੁੰਦਾ, ਸ਼੍ਰੀ ਮੋਦੀ ਨੇ ਕਿਹਾ ਕਿ ਬਚਪਨ ਤੋਂ ਹੀ ਉਨ੍ਹਾਂ ਨੇ ਆਪਣੀ ਮਾਂ ਨੂੰ ਇਸ ਰੂਪ ਵਿੱਚ ਦੇਖਿਆ ਹੈ - ਆਪਣੇ ਪਰਿਵਾਰ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਗ਼ਰੀਬੀ ਅਤੇ ਕਠਿਨਾਈਆਂ ਸਹਿਣ ਕਰਦੇ ਹੋਏ। ਉਨ੍ਹਾਂ ਯਾਦ ਕੀਤਾ ਕਿ ਕਿਵੇਂ ਮੌਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ, ਉਨ੍ਹਾਂ ਦੀ ਮਾਂ ਇਹ ਯਕੀਨੀ ਬਣਾਉਣ ਲਈ ਕੰਮ ਕਰਦੀ ਸੀ ਕਿ ਛੱਤ ਚੋਏ ਨਾ, ਤਾਂ ਜੋ ਉਨ੍ਹਾਂ ਦੇ ਬੱਚੇ ਸ਼ਾਂਤੀ ਨਾਲ ਸੌਂ ਸਕਣ। ਬੀਮਾਰ ਹੋਣ 'ਤੇ ਵੀ, ਉਹ ਕੰਮ ਕਰਦੇ ਸਨ, ਉਹ ਵੀ ਇਹ ਜਾਣਨ ਦੇ ਬਾਵਜੂਦ ਕਿ ਜੇ ਉਹ ਇੱਕ ਦਿਨ ਵੀ ਆਰਾਮ ਕਰਦੇ ਹਨ, ਤਾਂ ਉਨ੍ਹਾਂ ਦੇ ਬੱਚਿਆਂ ਨੂੰ ਦੁਖ ਝੱਲਣਾ ਪਵੇਗਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਲਈ ਨਵੀਂ ਸਾੜੀ ਨਹੀਂ ਖਰੀਦੀ, ਆਪਣੇ ਬੱਚਿਆਂ ਲਈ ਕੱਪੜੇ ਸਿਲਾਈ ਕਰਨ ਲਈ ਹਰ ਪੈਸਾ ਬਚਾਇਆ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇੱਕ ਗ਼ਰੀਬ ਮਾਂ, ਜੀਵਨ ਭਰ ਤਿਆਗ ਕਰਕੇ, ਆਪਣੇ ਬੱਚਿਆਂ ਨੂੰ ਸਿੱਖਿਆ ਅਤੇ ਮਜ਼ਬੂਤ ​​ਕਦਰਾਂ-ਕੀਮਤਾਂ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਸੇ ਲਈ ਇੱਕ ਮਾਂ ਦਾ ਸਥਾਨ ਦੇਵਤਿਆਂ ਤੋਂ ਵੀ ਉੱਪਰ ਮੰਨਿਆ ਜਾਂਦਾ ਹੈ। ਇੱਕ ਕਹਾਵਤ ਨਾਲ ਬਿਹਾਰ ਦੇ ਸੱਭਿਆਚਾਰਕ ਲੋਕਾਚਾਰ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੰਚ ਤੋਂ ਬੋਲੇ ਗਏ ਮਾੜੇ ਸ਼ਬਦ ਸਿਰਫ਼ ਉਨ੍ਹਾਂ ਦੀ ਮਾਂ ਦਾ ਹੀ ਨਹੀਂ ਸਗੋਂ ਇਹ ਦੇਸ਼ ਭਰ ਦੀਆਂ ਕਰੋੜਾਂ ਮਾਵਾਂ ਦਾ ਅਪਮਾਨ ਸੀ।

ਇਹ ਦੱਸਦੇ ਹੋਏ ਕਿ ਇੱਕ ਗ਼ਰੀਬ ਮਾਂ ਦਾ ਤਿਆਗ ਅਤੇ ਉਸ ਦੇ ਪੁੱਤ ਦੇ ਦਰਦ ਨੂੰ ਸ਼ਾਹੀ ਰਾਜਵੰਸ਼ਾਂ ਵਿੱਚ ਪੈਦਾ ਹੋਏ ਲੋਕ ਨਹੀਂ ਸਮਝ ਸਕਦੇ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਹ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕ ਚਾਂਦੀ ਅਤੇ ਸੋਨੇ ਦੇ ਚਮਚਿਆਂ ਨਾਲ ਪੈਦਾ ਹੋਏ ਸਨ ਅਤੇ ਬਿਹਾਰ ਅਤੇ ਦੇਸ਼ ਭਰ ਵਿੱਚ ਸੱਤਾ ਨੂੰ ਆਪਣੀ ਪਰਿਵਾਰਕ ਵਿਰਾਸਤ ਸਮਝਦੇ ਹਨ। ਉਨ੍ਹਾਂ ਕਿਹਾ ਕਿ ਉਹ ਮੰਨਦੇ ਹਨ ਕਿ ਸੱਤਾ ਦੀ ਕੁਰਸੀ ਉਨ੍ਹਾਂ ਦਾ ਜਨਮ ਸਿੱਧ ਅਧਿਕਾਰ ਹੈ। ਹਾਲਾਂਕਿ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਇੱਕ ਗ਼ਰੀਬ ਮਾਂ ਦੇ ਪੁੱਤ -ਇੱਕ ਮਿਹਨਤੀ ਵਿਅਕਤੀ - ਨੂੰ ਅਸ਼ੀਰਵਾਦ ਦਿੱਤਾ ਅਤੇ ਉਸ ਨੂੰ ਪ੍ਰਧਾਨ ਮੰਤਰੀ ਬਣਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਹਕੀਕਤ ਨੂੰ ਸਵੀਕਾਰ ਕਰਨਾ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗ ਲਈ ਮੁਸ਼ਕਲ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀ ਧਿਰ ਨੇ ਸਮਾਜ ਦੇ ਪਛੜੇ ਅਤੇ ਬਹੁਤ ਹੀ ਪਛੜੇ ਵਰਗਾਂ ਦੇ ਉਭਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਵਿਅਕਤੀ ਮੰਨਦੇ ਹਨ ਕਿ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਵਾਲਿਆਂ ਦਾ ਅਪਮਾਨ ਕਰਨ ਦਾ ਅਧਿਕਾਰ ਹੈ ਅਤੇ ਇਸ ਤਰ੍ਹਾਂ ਮਾੜੇ ਬੋਲਾਂ ਦਾ ਸਹਾਰਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਬਿਹਾਰ ਚੋਣਾਂ ਦੌਰਾਨ ਵੀ, ਉਨ੍ਹਾਂ ਨੂੰ ਨਿਰਾਦਰ ਅਤੇ ਅਪਮਾਨਜਨਕ ਭਾਸ਼ਾ ਨਾਲ ਸੰਬੋਧਨ ਕੀਤਾ ਗਿਆ, ਜਿਸ ਨਾਲ ਇਨ੍ਹਾਂ ਵਿਅਕਤੀਆਂ ਦੀ ਕੁਲੀਨ ਮਾਨਸਿਕਤਾ ਨੂੰ ਵਾਰ-ਵਾਰ ਉਜਾਗਰ ਹੋਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹੋ ਸੋਚ ਹੀ ਹੈ ਜਿਸ ਨੇ ਹੁਣ ਉਨ੍ਹਾਂ ਨੂੰ ਆਪਣੇ ਰਾਜਨੀਤਿਕ ਮੰਚ ਤੋਂ ਉਨ੍ਹਾਂ ਦੀ ਮਰਹੂਮ ਮਾਂ ਬਾਰੇ ਮਾੜੇ ਸ਼ਬਦ ਬੋਲਣ ਲਈ ਮਜ਼ਬੂਰ ਕੀਤਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਵਾਂ ਅਤੇ ਭੈਣਾਂ ਨਾਲ ਬਦਸਲੂਕੀ ਕਰਨ ਵਾਲੀ ਮਾਨਸਿਕਤਾ ਮਹਿਲਾਵਾਂ ਨੂੰ ਕਮਜ਼ੋਰ ਸਮਝਦੀ ਹੈ ਅਤੇ ਉਨ੍ਹਾਂ ਨੂੰ ਸ਼ੋਸ਼ਣ ਅਤੇ ਜ਼ੁਲਮ ਦਾ ਸ਼ਿਕਾਰ ਸਮਝਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਵੀ ਅਜਿਹੀ ਮਹਿਲਾ ਵਿਰੋਧੀ ਮਾਨਸਿਕਤਾ ਸੱਤਾ ਵਿੱਚ ਆਉਂਦੀ ਹੈ, ਤਾਂ ਮਹਿਲਾਵਾਂ ਹੀ ਸਭ ਤੋਂ ਵੱਧ ਦੁਖ ਝੱਲਦੀਆਂ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਇਸ ਹਕੀਕਤ ਨੂੰ ਬਿਹਾਰ ਦੇ ਲੋਕਾਂ ਤੋਂ ਬਿਹਤਰ ਕੋਈ ਨਹੀਂ ਸਮਝਦਾ। ਬਿਹਾਰ ਵਿੱਚ ਵਿਰੋਧੀ ਧਿਰ ਦੇ ਦੌਰ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਸਮੇਂ ਦੌਰਾਨ, ਅਪਰਾਧ ਅਤੇ ਅਪਰਾਧੀਆਂ ਨੂੰ ਰੋਕਿਆ ਨਹੀਂ ਜਾਂਦਾ ਸੀ, ਅਤੇ ਕਤਲ, ਜਬਰੀ ਵਸੂਲੀ ਅਤੇ ਬਲਾਤਕਾਰ ਦੀਆਂ ਘਟਨਾਵਾਂ ਆਮ ਹੋ ਗਈਆਂ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਸਮੇਂ ਦੀ ਸਰਕਾਰ ਨੇ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਅਤੇ ਬਿਹਾਰ ਦੀਆਂ ਮਹਿਲਾਵਾਂ ਨੇ ਉਸ ਸ਼ਾਸਨ ਦਾ ਖਾਮਿਆਜ਼ਾ ਭੁਗਤਿਆ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਮਹਿਲਾਵਾਂ ਆਪਣੇ ਘਰਾਂ ਤੋਂ ਬਾਹਰ ਨਿਕਲਣ ਵਿੱਚ ਸੁਰੱਖਿਅਤ ਨਹੀਂ ਸਨ ਅਤੇ ਪਰਿਵਾਰ ਲਗਾਤਾਰ ਡਰ ਵਿੱਚ ਰਹਿੰਦੇ ਸਨ - ਇਹ ਯਕੀਨੀ ਨਹੀਂ ਸੀ ਕਿ ਉਨ੍ਹਾਂ ਦੇ ਪਤੀ ਜਾਂ ਪੁੱਤ ਸ਼ਾਮ ਤੱਕ ਜਿਉਂਦੇ ਘਰ ਪਰਤਣਗੇ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਕਿਵੇਂ ਮਹਿਲਾਵਾਂ ਆਪਣੇ ਪਰਿਵਾਰਾਂ ਨੂੰ ਗੁਆਉਣ, ਫਿਰੌਤੀ ਲਈ ਆਪਣੇ ਗਹਿਣੇ ਵੇਚਣ, ਮਾਫੀਆ ਤੱਤਾਂ ਵਲੋਂ ਅਗਵਾ ਕੀਤੇ ਜਾਣ, ਜਾਂ ਆਪਣੀ ਵਿਆਹੁਤਾ ਖੁਸ਼ੀ ਗੁਆਉਣ ਦੇ ਖ਼ਤਰੇ ਹੇਠ ਰਹਿੰਦੀਆਂ ਸਨ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਬਿਹਾਰ ਨੇ ਉਸ ਹਨੇਰੇ ਵਿੱਚੋਂ ਬਾਹਰ ਨਿਕਲਣ ਲਈ ਇੱਕ ਲੰਬੀ ਲੜਾਈ ਲੜੀ ਹੈ। ਉਨ੍ਹਾਂ ਬਿਹਾਰ ਦੀਆਂ ਮਹਿਲਾਵਾਂ ਨੂੰ ਵਿਰੋਧੀ ਧਿਰ ਨੂੰ ਲਾਂਭੇ ਕਰਨ ਅਤੇ ਵਾਰ-ਵਾਰ ਹਰਾਉਣ ਵਿੱਚ ਵੱਡੀ ਭੂਮਿਕਾ ਨਿਭਾਉਣ ਦਾ ਕ੍ਰੈਡਿਟ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸੇ ਕਰਕੇ ਅੱਜ, ਵਿਰੋਧੀ ਪਾਰਟੀਆਂ ਵਿੱਚ ਬਿਹਾਰ ਦੀਆਂ ਮਹਿਲਾਵਾਂ ਦੇ ਵਿਰੁੱਧ ਸਭ ਤੋਂ ਵੱਧ ਗੁੱਸਾ ਹੈ। ਸ਼੍ਰੀ ਮੋਦੀ ਨੇ ਬਿਹਾਰ ਦੀ ਹਰ ਮਹਿਲਾ ਨੂੰ ਉਨ੍ਹਾਂ ਦੇ ਇਰਾਦਿਆਂ ਨੂੰ ਸਪਸ਼ਟ ਤੌਰ ‘ਤੇ ਸਮਝਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਪਾਰਟੀਆਂ ਬਦਲਾ ਲੈਣਾ ਅਤੇ ਉਨ੍ਹਾਂ ਨੂੰ ਸਜ਼ਾ ਦੇਣਾ ਚਾਹੁੰਦੀਆਂ ਹਨ।

“ਇਹ ਦਰਸਾਉਂਦੇ ਹੋਏ ਕਿ ਕੁਝ ਵਿਰੋਧੀ ਪਾਰਟੀਆਂ ਹਮੇਸ਼ਾ ਹੀ ਮਹਿਲਾਵਾਂ ਦੀ ਤਰੱਕੀ ਦਾ ਵਿਰੋਧ ਕਰਦੀਆਂ ਰਹੀਆਂ ਹਨ ਅਤੇ ਇਸੇ ਕਾਰਨ ਉਹ ਮਹਿਲਾ ਰਾਖਵਾਂਕਰਣ ਵਰਗੀਆਂ ਪਹਿਲਕਦਮੀਆਂ ਦਾ ਸਖ਼ਤ ਵਿਰੋਧ ਕਰਦੀਆਂ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਕੋਈ ਗ਼ਰੀਬ ਘਰ ਦੀ ਮਹਿਲਾ ਉੱਚੇ ਦਰਜੇ ਤੱਕ ਪਹੁੰਚਦੀ ਹੈ ਤਾਂ ਉਨ੍ਹਾਂ ਦੀ ਨਿਰਾਸ਼ਾ ਸਾਫ਼ ਦਿਖਾਈ ਦਿੰਦੀ ਹੈ।” ਉਨ੍ਹਾਂ ਨੇ ਵਿਰੋਧੀ ਧਿਰ ਵੱਲੋਂ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ - ਜੋ ਇੱਕ ਆਦਿਵਾਸੀ ਅਤੇ ਆਰਥਿਕ ਤੌਰ 'ਤੇ ਪਛੜੇ ਪਰਿਵਾਰ ਦੀ ਧੀ ਹਨ - ਉਨ੍ਹਾਂ ਦਾ ਵਾਰ-ਵਾਰ ਅਪਮਾਨ ਕਰਨ ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਹਿਲਾਵਾਂ ਪ੍ਰਤੀ ਨਫ਼ਰਤ ਅਤੇ ਅਪਮਾਨ ਦੀ ਇਸ ਸਿਆਸਤ ਨੂੰ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨਵਰਾਤ੍ਰੇ 20 ਦਿਨਾਂ ਵਿੱਚ ਸ਼ੁਰੂ ਹੋਣਗੇ, ਉਸ ਤੋਂ ਬਾਅਦ 50 ਦਿਨਾਂ ਵਿੱਚ ਛਟ ਦਾ ਪਵਿੱਤਰ ਤਿਉਹਾਰ ਆਵੇਗਾ, ਜਦੋਂ ਛਟੀ ਮਈਆ ਦੀ ਪੂਜਾ-ਅਰਚਨਾ ਕੀਤੀ ਜਾਵੇਗੀ। ਬਿਹਾਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਮੁਆਫ਼ ਕਰ ਸਕਦੇ ਹਨ ਜੋ ਉਨ੍ਹਾਂ ਦੀ ਮਾਂ ਦਾ ਅਪਮਾਨ ਕਰਦੇ ਹਨ, ਪਰ ਭਾਰਤ ਦੀ ਧਰਤੀ ਨੇ ਕਦੇ ਵੀ ਮਾਵਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਸਤਬਹਿਨੀ ਅਤੇ ਛਟੀ ਮਈਆ ਤੋਂ ਆਪਣੇ ਕਰਮਾਂ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ।

ਪ੍ਰਧਾਨ ਮੰਤਰੀ ਨੇ ਬਿਹਾਰ ਦੇ ਲੋਕਾਂ, ਖਾਸ ਕਰਕੇ ਪੁੱਤਾਂ ਨੂੰ ਮਾਵਾਂ ਦੇ ਅਪਮਾਨ ਦਾ ਜਵਾਬ ਦੇਣ ਦੀ ਜ਼ਿੰਮੇਵਾਰੀ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਜਿੱਥੇ ਵੀ ਜਾਣ - ਭਾਵੇਂ ਉਹ ਕੋਈ ਵੀ ਗਲੀ ਹੋਵੇ ਜਾਂ ਸ਼ਹਿਰ - ਉਨ੍ਹਾਂ ਨੂੰ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਕਿ ਮਾਵਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਸਨਮਾਨ 'ਤੇ ਕੋਈ ਵੀ ਹਮਲਾ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਕੀਤੇ ਗਏ ਜ਼ੁਲਮ ਅਤੇ ਹਮਲੇ ਨੂੰ ਬਰਦਾਸ਼ਤ ਅਤੇ ਸਵੀਕਾਰ ਨਹੀਂ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਮੁੜ ਦੁਹਰਾਇਆ ਕਿ ਭਾਰਤ ਦੀਆਂ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਹਿਲਾਵਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਪੂਰੀ ਵਚਨਬੱਧਤਾ ਨਾਲ ਅਜਿਹਾ ਕਰਦੀ ਰਹੇਗੀ। ਉਨ੍ਹਾਂ ਲੋਕਾਂ ਨੂੰ ਆਪਣੀ ਸਰਕਾਰ ਨੂੰ ਆਸ਼ੀਰਵਾਦ ਦਿੰਦੇ ਰਹਿਣ ਦੀ ਅਪੀਲ ਕੀਤੀ ਅਤੇ ਰਾਸ਼ਟਰ ਦੀ ਹਰ ਮਾਂ ਨੂੰ ਸਤਿਕਾਰ ਨਾਲ ਸਿਜਦਾ ਕੀਤਾ।

ਆਜ਼ਾਦੀ ਦਿਵਸ ਦੀ ਰਾਸ਼ਟਰੀ ਭਾਵਨਾ ਨੂੰ ਯਾਦ ਕਰਦੇ ਹੋਏ, ਜਿੱਥੇ "ਹਰ ਘਰ ਤਿਰੰਗਾ" ਦਾ ਨਾਅਰਾ ਪਿੰਡਾਂ ਅਤੇ ਗਲੀਆਂ ਵਿੱਚ ਗੂੰਜ ਰਿਹਾ ਸੀ, ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਸਮੇਂ ਦੀ ਮੌਜੂਦਾ ਜ਼ਰੂਰਤ "ਹਰ ਘਰ ਸਵਦੇਸ਼ੀ, ਘਰ-ਘਰ ਸਵਦੇਸ਼ੀ" ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਨਵਾਂ ਮੰਤਰ ਮਾਵਾਂ ਅਤੇ ਭੈਣਾਂ ਨੂੰ ਸਸ਼ਕਤ ਬਣਾਉਣ ਅਤੇ ਆਤਮਨਿਰਭਰ ਭਾਰਤ ਬਣਾਉਣ ਲਈ ਲਾਜ਼ਮੀ ਹੈ। ਉਨ੍ਹਾਂ ਨੇ ਇਸ ਮਿਸ਼ਨ ਲਈ ਮਹਿਲਾਵਾਂ ਨੂੰ ਆਪਣਾ ਆਸ਼ੀਰਵਾਦ ਦੇਣ ਦੀ ਅਪੀਲ ਕੀਤੀ। 'ਵੋਕਲ ਫਾਰ ਲੋਕਲ' ਅਤੇ 'ਮੇਡ ਇਨ ਇੰਡੀਆ' ਉਤਪਾਦਾਂ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਹਰੇਕ ਦੁਕਾਨਦਾਰ ਅਤੇ ਵਪਾਰੀ ਨੂੰ ਅਪੀਲ ਕੀਤੀ ਕਿ ਉਹ ਮਾਣ ਨਾਲ "ਇਹ ਸਵਦੇਸ਼ੀ ਹੈ" ਦਾ ਐਲਾਨ ਕਰਨ ਵਾਲੇ ਬੋਰਡ ਪ੍ਰਦਰਸ਼ਿਤ ਕਰਨ। ਉਨ੍ਹਾਂ ਨੇ ਇਹ ਪੁਸ਼ਟੀ ਕਰਦੇ ਹੋਏ ਭਾਸ਼ਣ ਸਮਾਪਤ ਕੀਤਾ ਕਿ ਭਾਰਤ ਨੂੰ ਆਤਮ-ਨਿਰਭਰਤਾ ਦੇ ਰਾਹ 'ਤੇ ਮਜ਼ਬੂਤੀ ਨਾਲ ਅੱਗੇ ਵਧਣਾ ਚਾਹੀਦਾ ਹੈ।

 

ਇਸ ਸਮਾਗਮ ਵਿੱਚ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸ਼੍ਰੀ ਸਮਰਾਟ ਚੌਧਰੀ, ਸ਼੍ਰੀ ਵਿਜੈ ਕੁਮਾਰ ਸਿਨਹਾ ਅਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ।

ਪਿਛੋਕੜ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਰਾਜਯ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਟਿਡ ਦੀ ਸ਼ੁਰੂਆਤ ਕੀਤੀ। ਜੀਵਿਕਾ ਨਿਧੀ ਦੀ ਸਥਾਪਨਾ ਦਾ ਮੰਤਵ ਜੀਵਿਕਾ ਨਾਲ ਜੁੜੇ ਭਾਈਚਾਰੇ ਦੇ ਮੈਂਬਰਾਂ ਨੂੰ ਕਿਫਾਇਤੀ ਵਿਆਜ ਦਰਾਂ 'ਤੇ ਫੰਡਾਂ ਤੱਕ ਸੌਖੀ ਪਹੁੰਚ ਪ੍ਰਦਾਨ ਕਰਨਾ ਹੈ। ਜੀਵਿਕਾ ਦੇ ਸਾਰੇ ਰਜਿਸਟਰਡ ਕਲਸਟਰ-ਪੱਧਰ ਦੇ ਸੰਘ ਇਸ ਸੋਸਾਇਟੀ ਦੇ ਮੈਂਬਰ ਹੋਣਗੇ। “ਇਸ ਸੰਸਥਾ ਦੇ ਸੰਚਾਲਨ ਲਈ ਬਿਹਾਰ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਵੀ ਫੰਡ ਮੁਹੱਈਆ ਕਰੇਗੀ।”

ਜੀਵਿਕਾ ਦੇ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਵਿੱਚ ਪਿਛਲੇ ਵਰ੍ਹਿਆਂ ਵਿੱਚ ਉੱਦਮਤਾ ਵਧੀ ਹੈ, ਜਿਸ ਕਾਰਨ ਪੇਂਡੂ ਖੇਤਰਾਂ ਵਿੱਚ ਕਈ ਛੋਟੇ ਉੱਦਮ ਅਤੇ ਉਤਪਾਦਕ ਕੰਪਨੀਆਂ ਦੀ ਸਥਾਪਨਾ ਹੋਈ ਹੈ। ਹਾਲਾਂਕਿ, ਮਹਿਲਾ ਉੱਦਮੀਆਂ ਨੂੰ ਅਕਸਰ 18%–24% ਦੀ ਉੱਚ ਵਿਆਜ ਦਰਾਂ ਵਸੂਲਣ ਵਾਲੀਆਂ ਸੂਖ਼ਮ ਵਿੱਤ ਸੰਸਥਾਵਾਂ 'ਤੇ ਨਿਰਭਰ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਜੀਵਿਕਾ ਨਿਧੀ ਦੀ ਐੱਮਐੱਫਆਈ 'ਤੇ ਨਿਰਭਰਤਾ ਘਟਾਉਣ ਅਤੇ ਘੱਟ ਵਿਆਜ ਦਰਾਂ 'ਤੇ ਵੱਡੇ ਕਰਜ਼ਿਆਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਇੱਕ ਬਦਲਵੀਂ ਵਿੱਤ ਪ੍ਰਣਾਲੀ ਵਜੋਂ ਕਲਪਨਾ ਕੀਤੀ ਗਈ ਹੈ।

ਇਹ ਪ੍ਰਣਾਲੀ ਪੂਰੀ ਤਰ੍ਹਾਂ ਇੱਕ ਡਿਜੀਟਲ ਪਲੈਟਫਾਰਮ 'ਤੇ ਕੰਮ ਕਰੇਗੀ, ਜੋ ਜੀਵਿਕਾ ਦੀਦੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ 'ਤੇ ਤੇਜ਼ ਅਤੇ ਵਧੇਰੇ ਪਾਰਦਰਸ਼ੀ ਫੰਡ ਟ੍ਰਾਂਸਫਰ ਨੂੰ ਯਕੀਨੀ ਬਣਾਏਗਾ। ਇਸ ਨੂੰ ਸੌਖਾ ਬਣਾਉਣ ਲਈ 12,000 ਕਮਿਊਨਿਟੀ ਕੈਡਰਾਂ ਨੂੰ ਟੈਬਲੇਟ ਮੁਹੱਈਆ ਕਰਵਾਏ ਜਾ ਰਹੇ ਹਨ।

ਇਸ ਪਹਿਲਕਦਮੀ ਤੋਂ ਉਮੀਦ ਕੀਤੀ ਗਈ ਹੈ ਕਿ ਇਹ ਪਿੰਡਾਂ ਦੀਆਂ ਮਹਿਲਾਵਾਂ ਵਿੱਚ ਉੱਦਮਤਾ ਵਿਕਾਸ ਨੂੰ ਮਜ਼ਬੂਤ ਕਰੇਗੀ ਅਤੇ ਕਮਿਊਨਿਟੀ ਅਧਾਰਿਤ ਉਦਯੋਗਾਂ ਦੇ ਵਿਕਾਸ ਨੂੰ ਤੇਜ਼ ਕਰੇਗੀ। ਸਮੁੱਚੇ ਬਿਹਾਰ ਤੋਂ ਲਗਭਗ 20 ਲੱਖ ਮਹਿਲਾਵਾਂ ਇਸ ਸਮਾਗਮ ਦੀਆਂ ਗਵਾਹ ਬਣਨਗੀਆਂ।

*****

ਐੱਮਜੇਪੀਐੱਸ/ਐੱਸਆਰ


(Release ID: 2163218) Visitor Counter : 3