ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਚੀਨ ਦੇ ਰਾਸ਼ਟਰਪਤੀ ਸ਼੍ਰੀ ਸ਼ੀ ਜਿਨਪਿੰਗ ਦੇ ਨਾਲ ਦੁਵੱਲੀ ਮੀਟਿੰਗ

Posted On: 31 AUG 2025 1:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 31 ਅਗਸਤ 2025 ਨੂੰ ਤਿਯਾਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਨੇਤਾਵਾਂ ਦੇ ਸਮਿਟ ਦੇ ਅਵਸਰ ‘ਤੇ ਚੀਨ ਦੇ ਰਾਸ਼ਟਰਪਤੀ ਸ਼੍ਰੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ।


ਦੋਨੋਂ ਨੇਤਾਵਾਂ ਨੇ ਅਕਤੂਬਰ 2024 ਵਿੱਚ ਕਜ਼ਾਨ ਵਿੱਚ ਆਪਣੀ ਪਿਛਲੀ ਮੀਟਿੰਗ ਤੋਂ ਬਾਅਦ ਦੁਵੱਲੇ ਸਬੰਧਾਂ ਵਿੱਚ ਸਕਾਰਾਤਮਕ ਗਤੀ ਅਤੇ ਨਿਰੰਤਰ ਪ੍ਰਗਤੀ ਦਾ ਸੁਆਗਤ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਦੋਨੋਂ ਦੇਸ਼ ਵਿਕਾਸ ਭਾਈਵਾਲ ਹਨ, ਵਿਰੋਧੀ ਨਹੀਂ, ਅਤੇ ਉਨ੍ਹਾਂ ਦੇ ਮਤਭੇਦ ਵਿਵਾਦਾਂ ਵਿੱਚ ਨਹੀਂ ਬਦਲਣੇ ਚਾਹੀਦੇ ਹਨ। ਭਾਰਤ ਅਤੇ ਚੀਨ ਅਤੇ ਉਨ੍ਹਾਂ ਦੇ 2.8 ਅਰਬ ਲੋਕਾਂ ਵਿਚਕਾਰ ਆਪਸੀ ਸਤਿਕਾਰ, ਆਪਸੀ ਹਿਤ ਅਤੇ ਆਪਸੀ ਸੰਵੇਦਨਸ਼ੀਲਤਾ 'ਤੇ ਅਧਾਰਿਤ ਇੱਕ ਸਥਿਰ ਸਬੰਧ ਅਤੇ ਸਹਿਯੋਗ ਦੋਨੋਂ ਦੇਸ਼ਾਂ ਦੇ ਵਿਕਾਸ ਅਤੇ ਵਿਕਾਸ ਦੇ ਨਾਲ-ਨਾਲ 21ਵੀਂ ਸਦੀ ਦੇ ਰੁਝਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਮਲਟੀ-ਪੋਲਰ ਵਰਲਡ ਅਤੇ ਮਲਟੀ-ਪੋਲਰ ਏਸ਼ੀਆ ਲਈ ਜ਼ਰੂਰੀ ਹੈ।
ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਬੰਧਾਂ ਦੇ ਨਿਰੰਤਰ ਵਿਕਾਸ ਲਈ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਦੋਨੋਂ ਨੇਤਾਵਾਂ ਨੇ ਪਿਛਲੇ ਵਰ੍ਹੇ ਫੌਜਾਂ ਦੀ ਸਫਲਤਾਪੂਰਵਕ ਵਾਪਸੀ ਅਤੇ ਉਸ ਦੇ ਬਾਅਦ ਤੋਂ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਆਪਣੇ ਸਮੁੱਚੇ ਦੁਵੱਲੇ ਸਬੰਧਾਂ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਅਤੇ ਦੋਨਾਂ ਦੇਸ਼ਾਂ ਦੇ ਲੋਕਾਂ ਦੇ ਲੰਬੇ ਸਮੇਂ ਦੇ ਹਿਤਾਂ ਤੋਂ ਸਰਹੱਦ ਨਾਲ ਸਬੰਧਤ ਮੁੱਦਿਆਂ ਦੇ ਇੱਕ ਨਿਰਪੱਖ, ਵਾਜਬ ਅਤੇ ਆਪਸੀ ਤੌਰ 'ਤੇ ਸਵੀਕਾਰਯੋਗ ਸਮਾਧਾਨ ਲਈ ਵਚਨਬੱਧਤਾ ਪ੍ਰਗਟ ਕੀਤੀ। ਉਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦੋਨੋਂ ਵਿਸ਼ੇਸ਼ ਪ੍ਰਤੀਨਿਧੀਆਂ ਦੁਆਰਾ ਆਪਣੀ ਗੱਲਬਾਤ ਵਿੱਚ ਲਏ ਗਏ ਮਹੱਤਵਪੂਰਨ ਫੈਸਲਿਆਂ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਦੇ ਯਤਨਾਂ ਦਾ ਹੋਰ ਸਮਰਥਨ ਕਰਨ ਲਈ ਸਹਿਮਤ ਹੋਏ।

ਦੋਨੋਂ ਨੇਤਾਵਾਂ ਨੇ ਕੈਲਾਸ਼ ਮਾਨਸਰੋਵਰ ਯਾਤਰਾ ਅਤੇ ਟੂਰਿਸਟ ਵੀਜ਼ਾ ਦੀ ਬਹਾਲੀ ਦੇ ਅਧਾਰ ‘ਤੇ ਸਿੱਧੀਆਂ ਉਡਾਣਾਂ ਅਤੇ ਵੀਜ਼ਾ ਸੁਵਿਧਾਵਾਂ ਰਾਹੀਂ ਲੋਕਾਂ ਦੇ ਵਿੱਚ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਆਰਥਿਕ ਅਤੇ ਵਪਾਰਕ ਸਬੰਧਾਂ ਦੇ ਮਾਮਲੇ ਵਿੱਚ, ਉਨ੍ਹਾਂ ਨੇ ਵਿਸ਼ਵ ਵਪਾਰ ਨੂੰ ਸਥਿਰ ਕਰਨ ਵਿੱਚ ਆਪਣੀਆਂ ਦੋਨੋਂ ਅਰਥਵਿਵਸਥਾਵਾਂ ਦੀ ਭੂਮਿਕਾ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਅਤੇ ਵਪਾਰ ਘਾਟੇ ਨੂੰ ਘਟਾਉਣ ਲਈ ਰਾਜਨੀਤਿਕ ਅਤੇ ਰਣਨੀਤਕ ਦਿਸ਼ਾ ਵਿੱਚ ਅੱਗੇ ਵਧਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਚੀਨ ਦੋਨੋਂ ਹੀ ਰਣਨੀਤਕ ਖੁਦਮੁਖਤਿਆਰੀ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਸਬੰਧਾਂ ਨੂੰ ਕਿਸੇ ਤੀਜੇ ਦੇਸ਼ ਦੇ ਦ੍ਰਿਸ਼ਟੀਕੋਣ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਦੋਨੋਂ ਨੇਤਾਵਾਂ ਨੇ ਬਹੁਪੱਖੀ ਫੋਰਮਾਂ 'ਤੇ ਅੱਤਵਾਦ ਅਤੇ ਨਿਰਪੱਖ ਵਪਾਰ ਜਿਹੇ ਦੁਵੱਲੇ, ਖੇਤਰੀ ਅਤੇ ਆਲਮੀ ਮੁੱਦਿਆਂ ਅਤੇ ਚੁਣੌਤੀਆਂ 'ਤੇ ਸਾਂਝੇ ਅਧਾਰ ਦਾ ਵਿਸਥਾਰ ਕਰਨਾ ਜ਼ਰੂਰੀ ਸਮਝਿਆ।

ਪ੍ਰਧਾਨ ਮੰਤਰੀ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਚੀਨ ਦੀ ਪ੍ਰਧਾਨਗੀ ਅਤੇ ਤਿਆਨਜਿਨ ਵਿੱਚ ਹੋਣ ਵਾਲੇ ਸਮਿਟ ਲਈ ਸਮਰਥਨ ਪ੍ਰਗਟ ਕੀਤਾ। ਉਨ੍ਹਾਂ ਨੇ ਰਾਸ਼ਟਰਪਤੀ ਸ਼੍ਰੀ ਸ਼ੀ ਨੂੰ ਬ੍ਰਿਕਸ ਸਮਿਟ ਵਿੱਚ ਸ਼ਾਮਲ ਹੋਣ ਲਈ ਵੀ ਸੱਦਾ ਦਿੱਤਾ, ਜਿਸ ਦੀ ਮੇਜ਼ਬਾਨੀ ਭਾਰਤ 2026 ਵਿੱਚ ਕਰੇਗਾ। ਰਾਸ਼ਟਰਪਤੀ ਸ਼੍ਰੀ ਸ਼ੀ ਨੇ ਸੱਦਾ ਪੱਤਰ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲਈ ਚੀਨ ਦੇ ਸਮਰਥਨ ਦੀ ਪੇਸ਼ਕਸ਼ ਕੀਤੀ।

 ਪ੍ਰਧਾਨ ਮੰਤਰੀ ਮੋਦੀ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਪੋਲਿਟ ਬਿਊਰੋ ਦੀ ਸਥਾਈ ਕਮੇਟੀ ਦੇ ਮੈਂਬਰ ਸ਼੍ਰੀ ਕੈ ਕੀ (Cai Qi) ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਸ਼੍ਰੀ ਕੈ (Cai) ਨਾਲ ਦੁਵੱਲੇ ਸਬੰਧਾਂ ਲਈ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ ਅਤੇ ਦੋਨੋਂ ਨੇਤਾਵਾਂ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਸਹਿਯੋਗ ਕਰਨ ਦੀ ਇੱਛਾ ਪ੍ਰਗਟ ਕੀਤੀ। ਸ਼੍ਰੀ ਕੈ ਨੇ ਦੋਨੋਂ ਨੇਤਾਵਾਂ ਵਿਚਕਾਰ ਹੋਈ ਸਹਿਮਤੀ ਦੇ ਅਨੁਸਾਰ ਦੁਵੱਲੇ ਆਦਾਨ-ਪ੍ਰਦਾਨ ਨੂੰ ਵਧਾਉਣ ਅਤੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਦੀ ਚੀਨੀ ਪੱਖ ਦੀ ਇੱਛਾ ਨੂੰ ਦੁਹਰਾਇਆ।

************

ਐੱਮਜੇਪੀਐੱਸ/ਐੱਸਆਰ


(Release ID: 2162496) Visitor Counter : 2