ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ ਅਤੇ ਜਾਪਾਨ ਵਿੱਚ ਸੁਰੱਖਿਆ ਸਹਿਯੋਗ ’ਤੇ ਸੰਯੁਕਤ ਐਲਾਨ

Posted On: 29 AUG 2025 7:43PM by PIB Chandigarh

ਭਾਰਤ ਅਤੇ ਜਾਪਾਨ ਦੀਆਂ ਸਰਕਾਰਾਂ (ਜਿਨ੍ਹਾਂ ਨੂੰ ਅੱਗੇ 'ਦੋਵੇਂ ਧਿਰਾਂ' ਕਿਹਾ ਜਾਵੇਗਾ),

ਸਾਂਝੀਆਂ ਕਦਰਾਂ ਕੀਮਤਾਂ ਅਤੇ ਸਾਂਝੇ ਹਿਤਾਂ 'ਤੇ ਅਧਾਰਿਤ ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਦੇ ਰਾਜਨੀਤਕ ਦ੍ਰਿਸ਼ਟੀਕੋਣ ਅਤੇ ਉਦੇਸ਼ਾਂ ਨੂੰ ਯਾਦ ਕਰਦੇ ਹੋਏ, ਨਿਯਮਾਂ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਬਣਾਈ ਰੱਖਣ ਵਾਲੇ ਇੱਕ ਆਜ਼ਾਦ, ਖੁੱਲ੍ਹੇ, ਸ਼ਾਂਤੀਪੂਰਨ, ਸਮ੍ਰਿੱਧ ਅਤੇ ਦਬਾਅ-ਮੁਕਤ ਭਾਰਤ-ਪ੍ਰਸ਼ਾਂਤ ਖੇਤਰ ਲਈ ਦੋਵਾਂ ਦੇਸ਼ਾਂ ਦੀ ਲਾਜ਼ਮੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, 

ਹਾਲ ਹੀ ਦੇ ਵਰ੍ਹਿਆਂ ਵਿੱਚ ਆਪਣੇ ਦੁਵੱਲੇ ਰੱਖਿਆ ਸਹਿਯੋਗ ਵਿੱਚ ਜ਼ਿਕਰਯੋਗ ਪ੍ਰਗਤੀ ਅਤੇ ਦੋਵਾਂ ਧਿਰਾਂ ਦੇ ਰਣਨੀਤਕ ਦ੍ਰਿਸ਼ਟੀਕੋਣਾਂ ਅਤੇ ਨੀਤੀਗਤ ਤਰਜੀਹਾਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ,

ਸਰੋਤ ਸੰਪਦਾ ਅਤੇ ਤਕਨੀਕੀ ਸਮਰੱਥਾਵਾਂ ਦੇ ਸੰਦਰਭ ਵਿੱਚ ਆਪਣੀਆਂ ਪੂਰਕ ਸ਼ਕਤੀਆਂ ਦੀ ਪਹਿਚਾਣ ਕਰਦੇ ਹੋਏ,

ਆਪਣੀ ਰਾਸ਼ਟਰੀ ਸੁਰੱਖਿਆ ਅਤੇ ਨਿਰੰਤਰ ਆਰਥਿਕ ਗਤੀਸ਼ੀਲਤਾ ਦੇ ਹਿਤ ਵਿੱਚ ਵਿਹਾਰਕ ਸਹਿਯੋਗ ਵਧਾਉਣ ਲਈ ਪ੍ਰਤੀਬੱਧ ਰਹਿੰਦੇ ਹੋਏ,

ਭਾਰਤ-ਪ੍ਰਸ਼ਾਂਤ ਖੇਤਰ ਅਤੇ ਉਸ ਦੇ ਬਾਹਰ ਸਾਂਝੀ ਚਿੰਤਾ ਦੇ ਸੁਰੱਖਿਆ ਮੁੱਦਿਆਂ 'ਤੇ ਡੂੰਘਾ ਤਾਲਮੇਲ ਤਲਾਸ਼ ਕਰਦੇ ਹੋਏ,

ਕਾਨੂੰਨ ਦੇ ਸ਼ਾਸਨ 'ਤੇ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਬਣਾਈ ਰੱਖਣ ਲਈ ਪ੍ਰਤੀਬੱਧ ਰਹਿੰਦੇ ਹੋਏ,

ਆਪਣੀ ਸਾਂਝੇਦਾਰੀ ਦੇ ਨਵੇਂ ਪੜਾਅ ਨੂੰ ਦਰਸਾਉਣ ਲਈ ਸੁਰੱਖਿਆ ਸਹਿਯੋਗ ’ਤੇ ਇਸ ਸੰਯੁਕਤ ਐਲਾਨਨਾਮੇ ਨੂੰ ਅਪਣਾਇਆ ਹੈ ਅਤੇ ਇਸ ਗੱਲ ’ਤੇ ਸਹਿਮਤੀ ਵਿਅਕਤ ਕੀਤੀ ਹੈ ਕਿ ਉਨ੍ਹਾਂ ਨੂੰ:

1. ਆਪਣੇ ਰੱਖਿਆ ਬਲਾਂ ਵਿੱਚ ਅੰਤਰ-ਕਾਰਜਸ਼ੀਲਤਾ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਕੇ, ਇੱਕ-ਦੂਸਰੇ ਦੀਆਂ ਰੱਖਿਆ ਸਮਰੱਥਾਵਾਂ ਅਤੇ ਤਿਆਰੀ ਵਿੱਚ ਯੋਗਦਾਨ ਦੇਣ ਦਾ ਯਤਨ ਕਰਨਾ ਚਾਹੀਦਾ ਹੈ, ਜਿਸ ਵਿੱਚ ਹੇਠ ਲਿਖੇ ਖੇਤਰ ਸ਼ਾਮਲ ਹਨ, ਪਰ ਇਨ੍ਹਾਂ ਤੱਕ ਸੀਮਤ ਨਹੀਂ ਹਨ:

- (1) ਵਧਦੀ ਜਟਿਲਤਾ ਅਤੇ ਸੂਝ-ਬੂਝ ਵਾਲੇ ਵਿਭਿੰਨ ਖੇਤਰਾਂ ਵਿੱਚ ਸਾਡੀਆਂ ਫੌਜਾਂ ਦੇ ਵਿੱਚ ਦੁਵੱਲੇ ਅਭਿਆਸ ਆਯੋਜਿਤ ਕਰਨਾ ਅਤੇ ਇੱਕ-ਦੂਸਰੇ ਦੁਆਰਾ ਆਯੋਜਿਤ ਬਹੁਪੱਖੀ ਅਭਿਆਸਾਂ ਵਿੱਚ ਪਰਸਪਰ ਭਾਗੀਦਾਰੀ ਕਰਨਾ

- (2) ਸੰਯੁਕਤ ਸਟਾਫ ਦੇ ਵਿੱਚ ਵਿਆਪਕ ਸੰਵਾਦ 'ਤੇ ਇੱਕ ਨਵੀਂ ਬੈਠਕ ਰੂਪਰੇਖਾ ਸਥਾਪਿਤ ਕਰਨ ਦੀ ਸੰਭਾਵਨਾ ਦੀ ਤਲਾਸ਼ ਕਰਨਾ

- (3) ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਮਾਨਵਤਾਵਾਦੀ ਅਤੇ ਆਫ਼ਤ ਰਾਹਤ ਅਭਿਯਾਨਾਂ ਦੀ ਤਿਆਰੀ ਲਈ ਤਿੰਨ-ਸੈਨਾਵਾਂ ਦੇ ਅਭਿਆਸਾਂ ਦੀ ਸੰਭਾਵਨਾ ਦੀ ਤਲਾਸ਼ ਕਰਨਾ

- (4) ਵਿਸ਼ੇਸ਼ ਅਭਿਯਾਨ ਇਕਾਈਆਂ ਦੇ ਵਿੱਚ ਸਹਿਯੋਗ ਕਰਨਾ

- (5) ਲੌਜਿਸਟਿਕਸ ਨੂੰ ਸਾਂਝਾ ਕਰਨ ਅਤੇ ਸਮਰਥਨ ਕਰਨ ਲਈ ਜਾਪਾਨ ਸਵੈ-ਰੱਖਿਆ ਬਲਾਂ ਅਤੇ ਭਾਰਤੀ ਹਥਿਆਰਬੰਦ ਬਲਾਂ ਦੇ ਵਿੱਚ ਸਪਲਾਈ ਅਤੇ ਸੇਵਾਵਾਂ ਦੇ ਪਰਸਪਰ ਪ੍ਰਾਵਧਾਨ ਨਾਲ ਸਬੰਧਿਤ ਭਾਰਤ-ਜਾਪਾਨ ਸਮਝੌਤੇ ਦੀ ਵਰਤੋਂ ਨੂੰ ਵਧਾਉਣਾ 

- (6) ਅੱਤਵਾਦ ਵਿਰੋਧੀ, ਸ਼ਾਂਤੀ ਅਭਿਯਾਨਾਂ ਅਤੇ ਸਾਈਬਰ ਰੱਖਿਆ ਜਿਹੇ ਇੱਕ-ਦੂਸਰੇ ਦੀਆਂ ਤਰਜੀਹਾਂ ਦੇ ਵਿਸ਼ੇਸ਼ ਖੇਤਰਾਂ ਵਿੱਚ ਸਹਿਯੋਗ ਦੇ ਮੌਕਿਆਂ ਦੀ ਤਲਾਸ਼ ਕਰਨਾ

- (7) ਉੱਭਰਦੇ ਸੁਰੱਖਿਆ ਜੋਖਮਾਂ ਦੇ ਸੰਦਰਭ ਵਿੱਚ ਮੁਲਾਂਕਣ ਸਮੇਤ ਜਾਣਕਾਰੀ ਸਾਂਝੀ ਕਰਨਾ

- (8) ਰੱਖਿਆ ਪਲੈਟਫਾਰਮਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਇੱਕ-ਦੂਸਰੇ ਦੀਆਂ ਸਹੂਲਤਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ

- (9) ਰਸਾਇਣਕ, ਜੈਵਿਕ ਅਤੇ ਰੇਡੀਓਲੌਜੀਕਲ ਖਤਰਿਆਂ ਤੋਂ ਸੁਰੱਖਿਆ ਬਲਾਂ ਅਤੇ ਆਬਾਦੀ ਦੀ ਸੁਰੱਖਿਆ ਲਈ ਸਹਿਯੋਗ ਦੇ ਮੌਕਿਆਂ ਦੀ ਖੋਜ ਕਰਨਾ, ਜਿਸ ਵਿੱਚ ਪਤਾ ਲਗਾਉਣ, ਸ਼ੁੱਧ ਕਰਨਾ, ਮੈਡੀਕਲ ਪ੍ਰਤੀਰੋਧਕ ਉਪਾਅ, ਸੁਰੱਖਿਆ ਉਪਕਰਣਾਂ ਅਤੇ ਜਵਾਬੀ ਕਾਰਵਾਈ ਰਣਨੀਤੀਆਂ 'ਤੇ ਧਿਆਨ ਕੇਂਦ੍ਰਿਤ ਕਰਨਾ।

2. ਆਪਣੇ ਸਾਂਝੇ ਸਮੁੰਦਰੀ ਸੁਰੱਖਿਆ ਟੀਚਿਆਂ ਨੂੰ ਅੱਗੇ ਵਧਾਉਣਾ ਅਤੇ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀਪੂਰਨ ਸਮੁੰਦਰੀ ਵਾਤਾਵਰਣ ਲਈ ਜਲ ਸੈਨਾ ਅਤੇ ਤੱਟ ਰੱਖਿਅਕ ਬਲ ਦੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਜਿਸ ਵਿੱਚ ਹੇਠ ਲਿਖੇ ਸ਼ਾਮਲ ਹਨ, ਪਰ ਇਨ੍ਹਾਂ ਤੱਕ ਸੀਮਤ ਨਹੀਂ ਹਨ:

- (1) ਜਾਪਾਨ ਸਵੈ-ਰੱਖਿਆ ਬਲਾਂ, ਭਾਰਤੀ ਹਥਿਆਰਬੰਦ ਬਲਾਂ ਅਤੇ ਉਨ੍ਹਾਂ ਦੇ ਤੱਟ ਰੱਖਿਅਕਾਂ ਬਲ ਦੇ ਜਹਾਜ਼ਾਂ ਦੁਆਰਾ ਵਧੇਰੇ ਵਾਰ ਯਾਤਰਾਵਾਂ ਅਤੇ ਬੰਦਰਗਾਹ ’ਤੇ ਆਉਣਾ-ਜਾਣਾ

- (2) ਸੂਚਨਾ ਮਿਸ਼ਰਣ ਕੇਂਦਰ - ਹਿੰਦ ਮਹਾਂਸਾਗਰ ਖੇਤਰ (ਆਈਐੱਫਸੀ-ਆਈਓਆਰ) ਅਤੇ ਭਾਰਤ-ਪ੍ਰਸ਼ਾਂਤ ਸਮੁੰਦਰੀ ਖੇਤਰ ਜਾਗਰੂਕਤਾ ਸਾਂਝੇਦਾਰੀ (ਆਈਪੀਐੱਮਡੀਏ) ਦੇ ਮਾਧਿਅਮ ਰਾਹੀਂ ਇੱਕ ਸਾਂਝੇ ਸਮੁੰਦਰੀ ਦ੍ਰਿਸ਼ ਲਈ ਸਥਿਤੀ ਸਬੰਧੀ ਜਾਗਰੂਕਤਾ ਅਤੇ ਦੁਵੱਲੇ ਅਤੇ ਖੇਤਰ-ਵਿਆਪੀ ਸਹਿਯੋਗ ਨੂੰ ਵਧਾਉਣਾ

- (3) ਸਮੁੰਦਰ ਵਿੱਚ ਸਮੁੰਦਰੀ ਡਾਕੂਆਂ, ਹਥਿਆਰਬੰਦ ਡਕੈਤੀ ਅਤੇ ਹੋਰ ਅੰਤਰ-ਰਾਸ਼ਟਰੀ ਅਪਰਾਧਾਂ ਵਿਰੁੱਧ ਦੁਵੱਲੇ ਅਤੇ ਖੇਤਰੀ ਪਹਿਲਕਦਮੀਆਂ ਅਤੇ ਮੰਚਾਂ ਰਾਹੀਂ ਕਾਨੂੰਨ ਲਾਗੂਕਰਨ ਦੇ ਸਹਿਯੋਗ ਨੂੰ ਵਧਾਉਣਾ, ਜਿਸ ਵਿੱਚ ਏਸ਼ੀਆ ਵਿੱਚ ਜਹਾਜ਼ਾਂ ਵਿਰੁੱਧ ਸਮੁੰਦਰੀ ਡਕੈਤੀ ਅਤੇ ਹਥਿਆਰਬੰਦ ਡਕੈਤੀ ਨਾਲ ਨਜਿੱਠਣ 'ਤੇ ਖੇਤਰੀ ਸਹਿਯੋਗ ਸਮਝੌਤਾ (ਆਰਈਸੀਏਏਪੀ) ਵੀ ਸ਼ਾਮਲ ਹੈ। 

- (4) ਗਿਆਨ-ਸਾਂਝਾਕਰਨ ਅਤੇ ਸਮਰੱਥਾ ਨਿਰਮਾਣ ਦੇ ਜ਼ਰੀਏ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਆਫ਼ਤ ਜੋਖਮ ਨੂੰ ਘੱਟ ਕਰਨ ਅਤੇ ਉਸਦੇ ਵਿਰੁੱਧ ਤਿਆਰੀ ਲਈ ਦੁਵੱਲੇ ਅਤੇ ਬਹੁਪੱਖੀ ਸਹਿਯੋਗ (ਆਫ਼ਤ ਪ੍ਰਤੀਰੋਧੀ ਬੁਨਿਆਦੀ ਢਾਂਚਾ ਗਠਜੋੜ ਅਤੇ ਏਸ਼ੀਆਈ ਆਫ਼ਤ ਘਟਾਉਣ ਕੇਂਦਰ ਸਮੇਤ)

- (5) ਭਾਰਤ-ਪ੍ਰਸ਼ਾਂਤ ਖੇਤਰ ਅਤੇ ਉਸ ਦੇ ਬਾਹਰ ਤੀਸਰੇ ਦੇਸ਼ਾਂ ਨੂੰ ਉਨ੍ਹਾਂ ਦੀ ਸਬੰਧਿਤ ਸਮੁੰਦਰੀ ਸੁਰੱਖਿਆ ਅਤੇ ਸਮੁੰਦਰੀ ਕਾਨੂੰਨ ਲਾਗੂਕਰਨ ਵਿੱਚ ਸਹਾਇਤਾ ’ਤੇ ਤਾਲਮੇਲ।

3. ਰਾਸ਼ਟਰੀ ਸੁਰੱਖਿਆ ਦੇ ਲਈ ਅਹਿਮ ਖੇਤਰਾਂ ਵਿੱਚ ਮਜ਼ਬੂਤੀ ਲਈ ਆਪਣੀਆਂ ਸਰਕਾਰੀ ਸੰਸਥਾਵਾਂ ਅਤੇ ਨਿੱਜੀ ਖੇਤਰ ਦੇ ਹਿਤਧਾਰਕਾਂ ਦੇ ਵਿੱਚ ਤਕਨੀਕੀ ਅਤੇ ਉਦਯੋਗਿਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਸੁਵਿਧਾਜਨਕ ਬਣਾਉਣਾ, ਜਿਸ ਵਿੱਚ ਹੇਠ ਲਿਖੇ ਤਰੀਕੇ ਸ਼ਾਮਲ ਹਨ: 

- (1) ਰੱਖਿਆ ਉਪਕਰਣ ਅਤੇ ਟੈਕਨੋਲੋਜੀ ਸਹਿਯੋਗ ਵਿਵਸਥਾ ਦੇ ਤਹਿਤ ਆਪਸੀ ਲਾਭ ਅਤੇ ਵਰਤੋਂ ਲਈ ਸਹਿਯੋਗ ਦੇ ਮੌਕਿਆਂ ਦੀ ਖੋਜ ਕਰਨਾ ਤਾਕਿ ਉਨ੍ਹਾਂ ਦੀਆਂ ਵਰਤਮਾਨ ਅਤੇ ਭਵਿੱਖ ਦੀਆਂ ਸੁਰੱਖਿਆ ਜ਼ਰੂਰਤਾਂ ਦੇ ਅਨੁਸਾਰ ਉਪਕਰਣਾਂ ਅਤੇ ਟੈਕਨੋਲੋਜੀ ਦਾ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਕੀਤਾ ਜਾ ਸਕੇ।

- (2) ਰੱਖਿਆ ਅਤੇ ਸੁਰੱਖਿਆ ਖੇਤਰ ਵਿੱਚ ਨਿਯਮਿਤ ਉਦਯੋਗ ਅਨੁਭਵ ਦੌਰੇ; ਵਰਤਮਾਨ ਅਤੇ ਭਵਿੱਖ ਦੀਆਂ ਸੁਰੱਖਿਆ ਜ਼ਰੂਰਤਾਂ ਲਈ ਖਾਸ ਸਮਰੱਥਾਵਾਂ, ਸਟਾਰਟ-ਅੱਪਸ ਅਤੇ ਸੂਖਮ, ਲਘੂ ਅਤੇ ਮੱਧਮ ਉੱਦਮਾਂ 'ਤੇ ਧਿਆਨ ਕੇਂਦਰਿਤ ਕਰਨਾ।

- (3) ਨਵੇਂ ਖੇਤਰਾਂ ਵਿੱਚ ਟੈਕਨੋਲੋਜੀ ਸਾਂਝੀ ਕਰਨਾ ਜੋ ਦੋਵਾਂ ਧਿਰਾਂ ਦੇ ਸੰਚਾਲਨ ਦ੍ਰਿਸ਼ਟੀਕੋਣਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਮਰਥਨ ਕਰਦੇ ਹੋਣ।

- (4) ਉੱਚ-ਪੱਧਰੀ ਟੈਕਨੋਲੋਜੀ, ਉਪਕਰਣ ਅਤੇ ਸਪਲਾਈ ਚੇਨ ਸਬੰਧਾਂ ਵਿੱਚ ਸਹਿਯੋਗ ਨੂੰ ਪ੍ਰੋਤਸਾਹਿਤ ਅਤੇ ਹੁਲਾਰਾ ਦੇਣ ਲਈ ਸਬੰਧਿਤ ਨਿਰਯਾਤ ਨਿਯੰਤਰਣ ਨੀਤੀਆਂ ਅਤੇ ਅਭਿਆਸਾਂ ਦੀ ਆਪਸੀ ਸਮਝ।

- (5) ਆਰਥਿਕ ਸੁਰੱਖਿਆ ਨਾਲ ਸਬੰਧਿਤ ਪ੍ਰਮੁੱਖ ਮੁੱਦਿਆਂ 'ਤੇ ਸਹਿਯੋਗ, ਜਿਸ ਵਿੱਚ ਰਣਨੀਤਕ ਖੇਤਰਾਂ ਵਿੱਚ ਕਮਜ਼ੋਰੀਆਂ ਨੂੰ ਘੱਟ ਕਰਨ ਦੇ ਨਾਲ-ਨਾਲ ਆਰਥਿਕ ਦਬਾਅ, ਗੈਰ-ਬਜ਼ਾਰ ਨੀਤੀਆਂ ਅਤੇ ਅਭਿਆਸਾਂ ਅਤੇ ਉਨ੍ਹਾਂ ਤੋਂ ਪੈਦਾ ਹੋਣ ਵਾਲੀ ਅਤੇ ਵਾਧੂ ਸਮਰੱਥਾ ਦਾ ਸਮਾਧਾਨ ਸ਼ਾਮਲ ਹੈ, ਨਾਲ ਹੀ ਸਪਲਾਈ ਚੇਨ ਦੀ ਲਚਕਤਾ ਨੂੰ ਮਜ਼ਬੂਤ ਕਰਨਾ।

- (6) ਵਿਭਿੰਨ ਖਤਰਿਆਂ ਦੇ ਖ਼ਿਲਾਫ਼ ਤਿਆਰੀ ਅਤੇ ਲਚਕਤਾ ਵਧਾਉਣ ਲਈ ਫੌਜੀ ਮੈਡੀਸਿਨ ਅਤੇ ਸਿਹਤ ਸੁਰੱਖਿਆ ਵਿੱਚ ਸਹਿਯੋਗ ਦੇ ਮੌਕਿਆਂ ਦੀ ਖੋਜ ਕਰਨਾ।

- (7) ਭਾਰਤੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਜਾਪਾਨ ਦੀ ਅਧਿਗ੍ਰਹਿਣ, ਟੈਕਨੋਲੋਜੀ ਅਤੇ ਲੌਜਿਸਟਿਕਸ ਏਜੰਸੀ (ਏਟੀਐੱਲਏ) ਦੇ ਵਿੱਚ ਰੱਖਿਆ ਖੋਜ ਅਤੇ ਵਿਕਾਸ ਸਹਿਯੋਗ ਨੂੰ ਵਧਾਉਣਾ।

- (8) ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਸਹਿਯੋਗ, ਜਿਸ ਵਿੱਚ ਖੋਜ, ਪ੍ਰੋਸੈਸਿੰਗ ਅਤੇ ਰਿਫਾਈਨਿੰਗ ਲਈ ਸੂਚਨਾ ਅਤੇ ਟੈਕਨੋਲੋਜੀ ਦੇ ਅਦਾਨ-ਪ੍ਰਦਾਨ ਸ਼ਾਮਲ ਹੈ।

4. ਪ੍ਰਮੁੱਖ ਰਵਾਇਤੀ ਅਤੇ ਗੈਰ-ਰਵਾਇਤੀ ਖਤਰਿਆਂ ਦੇ ਵਿਰੁੱਧ ਆਪਣੇ ਸੁਰੱਖਿਆ ਸਹਿਯੋਗ ਨੂੰ ਸਮਕਾਲੀ ਬਣਾਉਣ ਅਤੇ ਨਵੀਆਂ, ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੁਆਰਾ ਪੈਦਾ ਹੋਈਆਂ ਚੁਣੌਤੀਆਂ ਅਤੇ ਮੌਕਿਆਂ ਦਾ ਸਾਹਮਣਾ ਕਰਨ ਲਈ ਵਾਧੂ ਮੌਕਿਆਂ ਦੀ ਤਲਾਸ਼ ਕਰਨਾ, ਜਿਸ ਵਿੱਚ ਹੇਠ ਲਿਖੇ ਤਰੀਕੇ ਸ਼ਾਮਲ ਹਨ:

- (1) ਖੁਫੀਆ ਜਾਣਕਾਰੀ ਅਤੇ ਅਨੁਭਵ ਸਾਂਝਾਕਰਨ ਦੇ ਮਾਧਿਅਮ ਨਾਲ, ਡਿਜੀਟਲ ਖੇਤਰ ਵਿੱਚ ਅਤੇ ਮਨੁੱਖ ਰਹਿਤ ਪ੍ਰਣਾਲੀਆਂ ਅਤੇ ਆਧੁਨਿਕ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੀ ਵਰਤੋਂ ਸਮੇਤ ਅੱਤਵਾਦ, ਕੱਟੜਪੰਥੀ ਉਗਰਵਾਦ ਅਤੇ ਸੰਗਠਿਤ ਅੰਤਰ-ਰਾਸ਼ਟਰੀ ਅਪਰਾਧਾਂ ਦਾ ਮੁਕਾਬਲਾ ਕਰਨਾ।

- (2) ਸੁਰੱਖਿਆ ਅਤੇ ਅਖੰਡਤਾ ਨੂੰ ਯਕੀਨੀ ਬਣਾਉਂਦੇ ਹੋਏ, ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਕੁਆਂਟਮ, ਸੈਮੀਕੰਡਕਟਰ, ਆਟੋਨੋਮਸ ਟੈਕਨੋਲੋਜੀ, ਭਵਿੱਖ ਦੇ ਨੈੱਟਵਰਕ, ਬਾਇਓਟੈਕਨੋਲੋਜੀ ਅਤੇ ਸਾਈਬਰ ਸੁਰੱਖਿਆ ਜਿਹੀਆਂ ਟੈਕਨੋਲੋਜੀਆਂ ਵਿੱਚ ਪ੍ਰਗਤੀ ਦੇ ਨਾਲ ਸੰਯੁਕਤ ਖੋਜ ਅਤੇ ਵਿਕਾਸ, ਸਿੱਖਿਆ ਜਗਤ ਅਤੇ ਉਦਯੋਗ ਜਗਤ ਸਹਿਯੋਗ ਨੂੰ ਉਤਸ਼ਾਹਿਤ ਕਰਨਾ।

- (3) ਸੂਚਨਾ ਸਾਂਝੀ ਕਰਕੇ ਮਹੱਤਵਪੂਰਨ ਸੂਚਨਾ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਸਮੇਤ ਆਪਣੇ ਸਾਈਬਰ ਲਚਕੀਲੇਪਣ ਦਾ ਨਿਰਮਾਣ ਕਰਨਾ

- (4) ਰਾਸ਼ਟਰੀ ਸੁਰੱਖਿਆ, ਉਪਗ੍ਰਹਿ-ਅਧਾਰਿਤ ਮਾਪ, ਧਰਤੀ ਨਿਰੀਖਣ ਅਤੇ ਪੁਲਾੜ ਖੇਤਰ ਵਿੱਚ ਆਪਸੀ ਤੈਅ ਕੀਤੇ ਗਏ ਹੋਰ ਖੇਤਰਾਂ ਲਈ ਸਬੰਧਿਤ ਪੁਲਾੜ ਪ੍ਰਣਾਲੀਆਂ ਦੀ ਵਰਤੋਂ ਦਾ ਵਿਸਤਾਰ ਕਰਨਾ

- (5) ਪੁਲਾੜ ਮਲਬੇ ਦੀ ਜਾਣਕਾਰੀ, ਨਿਗਰਾਨੀ ਅਤੇ ਪ੍ਰਬੰਧਨ ਸਮੇਤ ਪੁਲਾੜ ਸਥਿਤੀ ਸਬੰਧੀ ਜਾਗਰੂਕਤਾ ਵਿੱਚ ਸਹਿਯੋਗ ਲਈ ਸਲਾਹ-ਮਸ਼ਵਰਾ ਆਯੋਜਿਤ ਕਰਨਾ

5. ਸਾਂਝੇ ਖੇਤਰੀ ਅਤੇ ਗਲੋਬਲ ਸੁਰੱਖਿਆ ਉਦੇਸ਼ਾਂ ਨੂੰ ਉਤਸ਼ਾਹਿਤ ਕਰਨਾ ਅਤੇ ਪ੍ਰਸੰਗਿਕ ਬਹੁ-ਪੱਖੀ ਸਮੂਹਾਂ ਵਿੱਚ ਨੀਤੀਆਂ ਅਤੇ ਅਹੁਦਿਆਂ ਦਾ ਤਾਲਮੇਲ ਕਰਨਾ, ਜਿਸ ਵਿੱਚ ਹੇਠ ਲਿਖੇ ਤਰੀਕੇ ਸ਼ਾਮਲ ਹਨ:

- (1) ਆਸੀਆਨ ਦੀ ਕੇਂਦਰੀਤਾ ਅਤੇ ਏਕਤਾ, ਆਸੀਆਨ-ਅਗਵਾਈ ਵਾਲੇ ਫਰੇਮਵਰਕ ਅਤੇ ਭਾਰਤ-ਪ੍ਰਸ਼ਾਂਤ 'ਤੇ ਆਸੀਆਨ ਦੇ ਵਿਜ਼ਨ ਦਾ ਸਮਰਥਨ ਕਰਨਾ ਅਤੇ ਖੇਤਰ ਲਈ ਇੱਕ-ਦੂਸਰੇ ਦੀਆਂ ਰਣਨੀਤਕ ਤਰਜੀਹਾਂ, ਅਰਥਾਤ ਭਾਰਤ-ਪ੍ਰਸ਼ਾਂਤ ਮਹਾਸਾਗਰ ਪਹਿਲਕਦਮੀ ਅਤੇ ਇੱਕ ਆਜ਼ਾਦ ਅਤੇ ਖੁੱਲ੍ਹੇ ਭਾਰਤ-ਪ੍ਰਸ਼ਾਂਤ (ਐੱਫਓਆਈਪੀ) ਵਿੱਚ ਯੋਗਦਾਨ ਦੇਣਾ

- (2) ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਭਰੋਸੇਯੋਗ, ਸਥਾਈ, ਲਚਕੀਲਾ ਅਤੇ ਗੁਣਵੱਤਾਪੂਰਨ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣਾ, ਜੋ ਰਾਸ਼ਟਰੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦਾ ਹੈ

- (3) ਕਿਸੇ ਵੀ ਅਸਥਿਰ ਕਰਨ ਵਾਲੀ ਜਾਂ ਇਕਪਾਸੜ ਕਾਰਵਾਈ ਦਾ ਵਿਰੋਧ ਕਰਨਾ, ਜੋ ਤਾਕਤ ਜਾਂ ਜ਼ਬਰਦਸਤੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਹੋਵੇ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਸਮਾਧਾਨ, ਨੇਵੀਗੇਸ਼ਨ ਅਤੇ ਉਡਾਨ ਦੀ ਆਜ਼ਾਦੀ, ਅਤੇ ਸਮੁੰਦਰ ਦੇ ਕਾਨੂੰਨ 'ਤੇ ਸੰਯੁਕਤ ਰਾਸ਼ਟਰ ਸੰਮੇਲਨ ਵਿੱਚ ਦਰਸਾਏ ਗਏ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਸਮੁੰਦਰ ਦੀ ਹੋਰ ਜਾਇਜ਼ ਵਰਤੋਂ ਦਾ ਸਮਰਥਨ ਕਰਨਾ।

- (4) ਕਵਾਡ ਦੇ ਅੰਦਰ ਸਹਿਯੋਗ ਨੂੰ ਡੂੰਘਾ ਕਰਨਾ ਅਤੇ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਪ੍ਰਗਤੀ ਲਈ ਕਵਾਡ ਦੇ ਸਕਾਰਾਤਮਕ ਅਤੇ ਵਿਹਾਰਕ ਏਜੰਡੇ ਨੂੰ ਅੱਗੇ ਵਧਾਉਣਾ।

- (5) ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਵਿੱਚ ਸੁਧਾਰ ਨੂੰ ਹੁਲਾਰਾ ਦੇਣਾ, ਜਿਸ ਵਿੱਚ ਸਥਾਈ ਅਤੇ ਅਸਥਾਈ ਦੋਵਾਂ ਸ਼੍ਰੇਣੀਆਂ ਦਾ ਵਿਸਥਾਰ ਸ਼ਾਮਲ ਹੈ ਅਤੇ ਵਿਸਤ੍ਰਿਤ ਯੂਐੱਨਐੱਸਸੀ ਵਿੱਚ ਸਥਾਈ ਮੈਂਬਰਾਂ ਵਜੋਂ ਇੱਕ-ਦੂਸਰੇ ਦੀ ਉਮੀਦਵਾਰੀ ਦਾ ਸਮਰਥਨ ਕਰਨਾ।

- (6) ਸਰਹੱਦ ਪਾਰ ਅੱਤਵਾਦ ਸਮੇਤ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿੱਚ ਨਿੰਦਾ ਕਰਨਾ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਭੌਤਿਕ ਅਤੇ ਵਿੱਤੀ ਸਹਾਇਤਾ ਨੂੰ ਤੁਰੰਤ ਸਮਾਪਤ ਕਰਨ ਲਈ ਮਿਲ ਕੇ ਕੰਮ ਕਰਨਾ, ਅੱਤਵਾਦ ਦਾ ਮੁਕਾਬਲਾ ਕਰਨ ਲਈ ਬਹੁਪੱਖੀ ਮੰਚਾਂ ’ਤੇ ਮਿਲ ਕੇ ਕੰਮ ਕਰਨਾ ਅਤੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਅੱਤਵਾਦ 'ਤੇ ਵਿਆਪਕ ਸੰਮੇਲਨ ਨੂੰ ਅਪਣਾਉਣ ਲਈ ਯਤਨ ਕਰਨਾ।

- (7) ਪ੍ਰਮਾਣੂ ਹਥਿਆਰਾਂ ਦੇ ਸੰਪੂਰਨ ਖਾਤਮੇ ਅਤੇ ਪ੍ਰਮਾਣੂ ਪ੍ਰਸਾਰ ਅਤੇ ਪ੍ਰਮਾਣੂ ਅੱਤਵਾਦ ਨੂੰ ਸਮਾਪਤ ਕਰਨ ਲਈ ਸਾਡੀ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਨਾ। ਨਾਲ ਹੀ, ਸ਼ੈਨਨ ਅਧਿਆਦੇਸ਼ ਦੇ ਅਧਾਰ 'ਤੇ, ਨਿਸ਼ਸਤਰੀਕਰਨ ਸੰਮੇਲਨ ਵਿੱਚ ਇੱਕ ਗੈਰ-ਪੱਖਪਾਤੀ, ਬਹੁਪੱਖੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਮਾਣਿਤ ਫਿਜ਼ਾਈਲ ਮਟੀਰੀਅਲ ਕੱਟ-ਆਫ ਸੰਧੀ 'ਤੇ ਗੱਲਬਾਤ ਦੀ ਤੁਰੰਤ ਸ਼ੁਰੂਆਤ ਅਤੇ ਇਸ ਦਾ ਖਾਤਮਾ ਕਰਨਾ।

- (8) ਵਿਸ਼ਵਵਿਆਪੀ ਗੈਰ-ਪ੍ਰਸਾਰ ਯਤਨਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਪ੍ਰਮਾਣੂ ਸਪਲਾਇਰ ਸਮੂਹ ਵਿੱਚ ਭਾਰਤ ਦੀ ਮੈਂਬਰਸ਼ਿਪ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਾ।

6. ਦੋਵਾਂ ਧਿਰਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੀ ਮੰਤਰੀ-ਪੱਧਰੀ 2+2 ਬੈਠਕ ਅਤੇ ਚੁਣੇ ਹੋਏ ਪ੍ਰਬੰਧਾਂ ਦੇ ਨਾਲ ਵਿਭਿੰਨ ਅਧਿਕਾਰਤ ਸੁਰੱਖਿਆ ਸੰਵਾਦਾਂ ਦੇ ਮਾਧਿਅਮ ਰਾਹੀਂ ਦੁਵੱਲੇ ਸਲਾਹ-ਮਸ਼ਵਰੇ ਅਤੇ ਅਦਾਨ-ਪ੍ਰਦਾਨ ਦੇ ਮੌਜੂਦਾ ਢਾਂਚੇ ਨੂੰ ਪੂਰਕ ਅਤੇ ਮਜ਼ਬੂਤ ਕਰਨਾ, ਜਿਵੇਂ ਕਿ:

- (1) ਭਾਰਤ ਅਤੇ ਜਾਪਾਨ ਦੇ ਸਾਹਮਣੇ ਮੌਜੂਦਾ ਸੁਰੱਖਿਆ ਸਥਿਤੀ ਦਾ ਵਿਆਪਕ ਜਾਇਜ਼ਾ ਲੈਣ ਲਈ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਵਿਚਕਾਰ ਦੀ ਸਲਾਨਾ ਵਾਰਤਾ

- (2) ਭਾਰਤ ਦੇ ਵਿਦੇਸ਼ ਸਕੱਤਰ ਅਤੇ ਜਾਪਾਨ ਦੇ ਵਿਦੇਸ਼ ਉਪ-ਮੰਤਰੀ ਦੇ ਵਿੱਚ ਰਣਨੀਤਕ ਵਪਾਰ ਅਤੇ ਟੈਕਨੋਲੋਜੀ ਸਮੇਤ ਆਰਥਿਕ ਸੁਰੱਖਿਆ 'ਤੇ ਗੱਲਬਾਤ, ਤਾਕਿ ਆਪਸੀ ਆਰਥਿਕ ਸੁਰੱਖਿਆ ਨੂੰ ਵਧਾਇਆ ਜਾ ਸਕੇ ਅਤੇ ਰਣਨੀਤਕ ਉਦਯੋਗਾਂ ਅਤੇ ਟੈਕਨੋਲੋਜੀ 'ਤੇ ਸਹਿਯੋਗ ਨੂੰ ਹੁਲਾਰਾ ਦਿੱਤਾ ਜਾ ਸਕੇ

- (3) ਜਾਪਾਨ ਆਤਮ-ਰੱਖਿਆ ਬਲਾਂ ਅਤੇ ਭਾਰਤੀ ਹਥਿਆਰਬੰਦ ਬਲਾਂ ਦੇ ਵਿੱਚ ਸੰਯੁਕਤ ਅਤੇ ਅੰਤਰ-ਸੇਵਾ ਸਹਿਯੋਗ ਦੇ ਉਦੇਸ਼ ਨਾਲ ਇੱਕ ਉੱਚ-ਪੱਧਰੀ ਗੱਲਬਾਤ

- (4) ਭਾਰਤੀ ਤੱਟ ਰੱਖਿਅਕ ਅਤੇ ਜਾਪਾਨ ਤੱਟ ਰੱਖਿਅਕ ਦੇ ਵਿੱਚ ਮੈਮੋਰੰਡਮ 'ਤੇ ਅਧਾਰਿਤ ਤੱਟ ਰੱਖਿਅਕ ਦੇ ਕਮਾਂਡੈਂਟ-ਪੱਧਰ ਦੀ ਬੈਠਕ

- (5) ਕਾਰੋਬਾਰੀ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਪਹਿਚਾਣ ਕਰਨ ਲਈ ਫਿਰ ਤੋਂ ਮਜ਼ਬੂਤ ਬਣਾਇਆ ਗਿਆ ਭਾਰਤ-ਜਾਪਾਨ ਰੱਖਿਆ ਉਦਯੋਗ ਮੰਚ

- (6) ਸੁਰੱਖਿਆ ਚੁਣੌਤੀਆਂ ਦੀ ਵਿਆਪਕ ਸਮਝ ਨੂੰ ਉਤਸ਼ਾਹਿਤ ਕਰਨ ਅਤੇ ਨਵੇਂ ਸਹਿਯੋਗ ਲਈ ਵਿਚਾਰ ਪ੍ਰਾਪਤ ਕਰਨ ਲਈ ਭਾਰਤ ਅਤੇ ਜਾਪਾਨ ਦੇ ਥਿੰਕ-ਟੈਂਕਾਂ ਦੀ ਟ੍ਰੈਕ 1.5 ਵਾਰਤਾ

************

ਐੱਮਜੇਪੀਐੱਸ/ ਐੱਸਆਰ


(Release ID: 2162313) Visitor Counter : 14