ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜਾਪਾਨ ਦੇ ਪ੍ਰੇਫੈਕਚਰਜ਼ ਦੇ ਗਵਰਨਰਾਂ ਦੇ ਨਾਲ ਗੱਲਬਾਤ ਕੀਤੀ

Posted On: 30 AUG 2025 7:34AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਾਪਾਨ ਦੇ ਵਿਭਿੰਨ ਪ੍ਰੇਫੈਕਚਰਜ਼ ਦੇ ਗਵਰਨਰਾਂ ਨਾਲ ਮੁਲਾਕਾਤ ਕੀਤੀ। ਇਸ ਗੱਲਬਾਤ ਵਿੱਚ 16 ਗਵਰਨਰਾਂ ਨੇ ਹਿੱਸਾ ਲਿਆ।

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਜਾਪਾਨ ਦੇ ਸਮਕਾਲੀ ਸਬੰਧ, ਦੋਹਾਂ ਦੇਸ਼ਾਂ ਦਰਮਿਆਨ ਸਦੀਆਂ ਪੁਰਾਣੇ ਸੱਭਿਅਤਾਗਤ ਸਬੰਧਾਂ ਤੋਂ ਸ਼ਕਤੀ ਪ੍ਰਾਪਤ ਕਰਦੇ ਹੋਏ, ਨਿਰੰਤਰ ਫਲ-ਫੁੱਲ ਰਹੇ ਹਨ। ਵਿਭਿੰਨ ਖੇਤਰਾਂ ਵਿੱਚ ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਦੀ ਗਤੀ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਟੋਕੀਓ ਅਤੇ ਦਿੱਲੀ ਤੱਕ ਸੀਮਿਤ ਸਬੰਧਾਂ ਨੂੰ ਅੱਗੇ ਵਧ ਕੇ ਸਟੇਟ-ਪ੍ਰੇਫੈਕਚਰਜ਼ ਸਬੰਧਾਂ ਨੂੰ ਨਵੇਂ ਸਿਰ੍ਹੇ ਤੋਂ ਉਤਸ਼ਾਹਿਤ ਕੀਤਾ ਜਾਵੇ। ਇਸ ਸੰਦਰਭ ਵਿੱਚ, ਉਨ੍ਹਾਂ ਨੇ 15ਵੇਂ ਸਲਾਨਾ ਸਮਿਟ ਵਿੱਚ ਸ਼ੁਰੂ ਕੀਤੀ ਗਈ ਸਟੇਟ-ਪ੍ਰੇਫੈਕਚਰਜ਼ ਸਾਂਝੇਦਾਰੀ ਨਾਲ ਜੁੜੀ ਪਹਿਲ ਨੂੰ ਉਜਾਗਰ ਕੀਤਾ, ਜਿਸ ਨਾਲ ਦੋਹਾਂ ਦੇਸ਼ਾਂ ਦਰਮਿਆਨ ਵਪਾਰ, ਟੈਕਨੋਲੋਜੀ, ਟੂਰਿਜ਼ਮ, ਕੌਸ਼ਲ, ਸੁਰੱਖਿਆ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਗਵਰਨਰਾਂ ਅਤੇ ਭਾਰਤੀ ਰਾਜ ਸਰਕਾਰਾਂ ਨੂੰ ਇਸ ਨਵੀਂ ਪਹਿਲ ਦਾ ਲਾਭ ਉਠਾਉਣ ਅਤੇ ਮੈਨੂਫੈਕਚਰਿੰਗ, ਟੈਕਨੋਲੋਜੀ, ਇਨੋਵੇਸ਼ਨ, ਗਤੀਸ਼ੀਲਤਾ, ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ, ਸਟਾਰਟਅੱਪਸ ਅਤੇ ਐੱਸਐੱਮਈ ਦੇ ਖੇਤਰ ਵਿੱਚ ਸਾਂਝੇਦਾਰੀ ਕਾਇਮ ਕਰਨ ਦੀ ਤਾਕੀਦ ਕੀਤੀ।

 

ਜਾਪਾਨ ਦੇ ਹਰ ਪ੍ਰੇਫੈਕਚਰਜ ਦੀਆਂ ਆਪਣੀਆਂ ਵਿਸ਼ੇਸ਼ ਆਰਥਿਕ ਅਤੇ ਤਕਨੀਕੀ ਸ਼ਕਤੀਆਂ ਅਤੇ ਇਸੇ ਪ੍ਰਕਾਰ ਭਾਰਤੀ ਰਾਜਾਂ ਦੀਆਂ ਵੀ ਵਿਭਿੰਨ ਸਮਰੱਥਾਵਾਂ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਨੇ ਗਵਰਨਰਾਂ ਨੂੰ ਭਾਰਤ ਦੀ ਵਿਕਾਸ ਗਾਥਾ ਵਿੱਚ ਭਾਗੀਦਾਰ ਬਣਨ ਲਈ ਸੱਦਾ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਦੋਹਾਂ ਦੇਸ਼ਾਂ ਦੁਆਰਾ ਕੀਤੀਆਂ ਗਈਆਂ ਨੌਜਵਾਨਾਂ ਅਤੇ ਕੌਸ਼ਲ ਦੇ ਅਦਾਨ-ਪ੍ਰਦਾਨ ਨਾਲ ਜੁੜੀਆਂ ਪ੍ਰਤੀਬੱਧਤਾਵਾਂ ਵਿੱਚ ਯੋਗਦਾਨ ਦੇਣ  ਅਤੇ ਜਾਪਾਨੀ ਟੈਕਨੋਲੋਜੀ ਨੂੰ ਭਾਰਤੀ ਪ੍ਰਤਿਭਾ ਦੇ ਨਾਲ ਸਰਵੋਤਮ ਤੌਰ ‘ਤੇ ਜੋੜਨ ਦੀ ਤਾਕੀਦ  ਕੀਤੀ। ਗਵਰਨਰਾਂ ਨੇ ਕਿਹਾ ਕਿ ਭਾਰਤ-ਜਾਪਾਨ ਵਪਾਰ, ਵਿਦਿਅਕ, ਸੱਭਿਆਚਾਰਕ ਅਤੇ ਲੋਕਾਂ ਦਰਮਿਆਨ ਸਬੰਧਾਂ ਨੂੰ ਮਹੱਤਵਾਕਾਂਖਾ ਦੇ ਅਗਲੇ ਪੱਧਰ ਤੱਕ ਲੈ ਜਾਣ ਲਈ ਉਪ-ਰਾਸ਼ਟਰੀ ਸਹਿਯੋਗ ਮਹੱਤਵਪੂਰਨ ਹੈ।

************

ਐੱਮਜੇਪੀਐੱਸ/ਐੱਸਆਰ


(Release ID: 2162222) Visitor Counter : 21