ਪ੍ਰਧਾਨ ਮੰਤਰੀ ਦਫਤਰ
ਭਾਰਤ-ਫਿਜੀ ਸਾਂਝਾ ਬਿਆਨ: ਵੇਅਲੋਮਨੀ ਦੋਸਤੀ ਦੀ ਭਾਵਨਾ ਵਿੱਚ ਭਾਈਵਾਲੀ
Posted On:
25 AUG 2025 1:52PM by PIB Chandigarh
ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਫਿਜੀ ਗਣਰਾਜ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਸਿਤਿਵੇਨੀ ਰਾਬੁਕਾ ਨੇ 24 ਤੋਂ 26 ਅਗਸਤ 2025 ਤੱਕ ਭਾਰਤ ਗਣਰਾਜ ਦਾ ਅਧਿਕਾਰਤ ਦੌਰਾ ਕੀਤਾ। ਸ਼੍ਰੀ ਰਾਬੁਕਾ ਦਾ ਪ੍ਰਧਾਨ ਮੰਤਰੀ ਵਜੋਂ ਭਾਰਤ ਦਾ ਇਹ ਪਹਿਲਾ ਦੌਰਾ ਹੈ। ਸ਼੍ਰੀ ਰਾਬੁਕਾ ਦੇ ਨਾਲ ਉਨ੍ਹਾਂ ਦੀ ਪਤਨੀ; ਸਿਹਤ ਅਤੇ ਮੈਡੀਕਲ ਸੇਵਾਵਾਂ ਮੰਤਰੀ ਸ਼੍ਰੀ ਐਂਟੋਨੀਓ ਲਾਲਾਬਾਲਾਵੁ ਅਤੇ ਫਿਜੀ ਦੇ ਸੀਨੀਅਰ ਅਧਿਕਾਰੀਆਂ ਦਾ ਇੱਕ ਵਫ਼ਦ ਵੀ ਆਇਆ ਹੈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਫਿਜੀ ਦੇ ਪ੍ਰਧਾਨ ਮੰਤਰੀ ਸ਼੍ਰੀ ਰਾਬੁਕਾ ਅਤੇ ਉਨ੍ਹਾਂ ਦੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਦੁਵੱਲੇ ਮਾਮਲਿਆਂ ਦੇ ਸਾਰੇ ਪਹਿਲੂਆਂ ਅਤੇ ਆਪਸੀ ਹਿਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਸਬੰਧਾਂ ਦੀ ਮਜ਼ਬੂਤੀ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਰੱਖਿਆ, ਸਿਹਤ, ਖੇਤੀਬਾੜੀ, ਐਗਰੋ-ਪ੍ਰੋਸੈਸਿੰਗ, ਵਪਾਰ ਅਤੇ ਨਿਵੇਸ਼, ਛੋਟੇ ਅਤੇ ਦਰਮਿਆਨੇ ਉੱਦਮ ਵਿਕਾਸ, ਸਹਿਯੋਗ, ਸੱਭਿਆਚਾਰ, ਖੇਡਾਂ, ਸਿੱਖਿਆ ਅਤੇ ਹੁਨਰ ਵਿਕਾਸ ਵਰਗੇ ਖੇਤਰਾਂ ਵਿੱਚ ਇੱਕ ਵਿਆਪਕ, ਸੰਮਲਿਤ ਅਤੇ ਅਗਾਂਹਵਧੂ ਭਾਈਵਾਲੀ ਦੇ ਸੰਕਲਪ ਦੀ ਪੁਸ਼ਟੀ ਕੀਤੀ।
ਦੋਵਾਂ ਆਗੂਆਂ ਨੇ ਹਾਲ ਹੀ ਦੇ ਵਰ੍ਹਿਆਂ ਵਿੱਚ ਦੁਵੱਲੇ ਦੌਰਿਆਂ ਵਿੱਚ ਵਾਧੇ 'ਤੇ ਸੰਤੁਸ਼ਟੀ ਪ੍ਰਗਟ ਕੀਤੀ, ਜਿਸ ਵਿੱਚ ਅਗਸਤ 2024 ਵਿੱਚ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਦੀ ਫਿਜੀ ਦੀ ਇਤਿਹਾਸਕ ਪਹਿਲੀ ਫੇਰੀ ਵੀ ਸ਼ਾਮਲ ਹੈ। ਉਨ੍ਹਾਂ ਨੇ ਫਰਵਰੀ 2023 ਵਿੱਚ ਫਿਜੀ ਦੇ ਨਾਡੀ ਵਿੱਚ 12ਵੇਂ ਵਿਸ਼ਵ ਹਿੰਦੀ ਸੰਮੇਲਨ ਦੀ ਸਫਲ ਮੇਜ਼ਬਾਨੀ ਨੂੰ ਵੀ ਯਾਦ ਕੀਤਾ, ਜਿਸ ਨੇ ਭਾਰਤ ਅਤੇ ਫਿਜੀ ਦਰਮਿਆਨ ਸਾਂਝੀ ਭਾਸ਼ਾਈ ਅਤੇ ਸੱਭਿਆਚਾਰਕ ਵਿਰਾਸਤ ਨੂੰ ਉਤਸ਼ਾਹ ਨਾਲ ਮਨਾਇਆ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਫਿਜੀ ਦਰਮਿਆਨ ਡੂੰਘੇ ਅਤੇ ਲੰਬੇ ਸਮੇਂ ਦੇ ਸਬੰਧਾਂ ਦੀ ਪੁਸ਼ਟੀ ਕੀਤੀ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਡੂੰਘੇ ਸਬੰਧਾਂ ਦੀ ਗੱਲ ਨੂੰ ਦੁਹਰਾਇਆ। ਉਨ੍ਹਾਂ ਨੇ 1879 ਅਤੇ 1916 ਵਿਚਾਲੇ ਫਿਜੀ ਦੀ ਬਹੁ-ਸੱਭਿਆਚਾਰਕ ਪਛਾਣ, ਭਿੰਨਤਾ ਭਰਪੂਰ ਸਮਾਜ ਅਤੇ ਅਰਥਵਿਵਸਥਾ ਨੂੰ ਆਕਾਰ ਦੇਣ ਵਿੱਚ 60,000 ਤੋਂ ਵੱਧ ਭਾਰਤੀ ਗਿਰਮਿਟਿਆ ਮਜ਼ਦੂਰ ਸਮਾਜ ਦੇ ਯੋਗਦਾਨ ਨੂੰ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਰਾਬੁਕਾ ਨੇ ਮਈ 2025 ਵਿੱਚ 146ਵੇਂ ਗਿਰਮਿਟ ਦਿਵਸ ਸਮਾਗਮ ਵਿੱਚ ਹਿੱਸਾ ਲੈਣ ਲਈ ਵਿਦੇਸ਼ ਅਤੇ ਟੈਕਸਟਾਈਲ ਰਾਜ ਮੰਤਰੀ ਸ਼੍ਰੀ ਪਬਿਤ੍ਰਾ ਮਾਰਗੇਰਿਟਾ ਦੇ ਫਿਜੀ ਦੌਰੇ ਦੀ ਸ਼ਲਾਘਾ ਕੀਤੀ।
ਦੋਵਾਂ ਨੇਤਾਵਾਂ ਨੇ ਜੁਲਾਈ 2025 ਵਿੱਚ ਛੇਵੇਂ ਵਿਦੇਸ਼ ਮੰਤਰਾਲਾ ਦਫਤਰੀ ਸਲਾਹ-ਮਸ਼ਵਰੇ ਦੇ ਸਫਲ ਆਯੋਜਨ ਦਾ ਜ਼ਿਕਰ ਕੀਤਾ, ਜੋ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਅੱਗੇ ਵਧਾਉਣ ਅਤੇ ਨਵੇਂ ਖੇਤਰਾਂ ਦੀ ਪਛਾਣ ਕਰਨ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਇਆ।
ਦੋਵੇਂ ਨੇਤਾ ਅੱਤਵਾਦ ਵਿਰੁੱਧ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋਏ ਅਤੇ ਇਸ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਵਿੱਚ ਅੱਤਵਾਦ ਦੀ ਨਿੰਦਾ ਕੀਤੀ। ਦੋਵਾਂ ਨੇਤਾਵਾਂ ਨੇ 26 ਬੇਦੋਸ਼ੇ ਨਾਗਰਿਕਾਂ ਦੀ ਜਾਨ ਲੈਣ ਵਾਲੇ ਪਹਿਲਗਾਮ ਅੱਤਵਾਦੀ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਅੱਤਵਾਦ ਪ੍ਰਤੀ ਆਪਣੀ ਸਿਫ਼ਰ ਸਹਿਣਸ਼ੀਲਤਾ ਦੀ ਗੱਲ ਨੂੰ ਦੁਹਰਾਇਆ ਅਤੇ ਅੱਤਵਾਦ 'ਤੇ ਦੋਹਰੇ ਮਿਆਰਾਂ ਨੂੰ ਰੱਦ ਕੀਤਾ। ਦੋਵਾਂ ਦੇਸ਼ਾਂ ਨੇ ਕੱਟੜਪੰਥ ਦਾ ਮੁਕਾਬਲਾ ਕਰਨ ਅਤੇ ਅੱਤਵਾਦ ਦੀ ਪੁਸ਼ਤ-ਪਨਾਹੀ ਨੂੰ ਰੋਕਣ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ; ਦੋਵੇਂ ਧਿਰਾਂ ਅੱਤਵਾਦੀ ਹਮਲਿਆਂ ਵਿੱਚ ਨਵੀਆਂ ਅਤੇ ਉੱਭਰ ਰਹੀਆਂ ਟੈਕਨੋਲੋਜੀਆਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਸਾਂਝੇ ਯਤਨਾਂ ਅਤੇ ਸਮਰੱਥਾਵਾਂ ਨੂੰ ਵਧਾ ਕੇ ਅੱਤਵਾਦੀਆਂ ਦੀ ਭਰਤੀ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦਾ ਟਾਕਰਾ ਕਰਨ ਦੀ ਜ਼ਰੂਰਤ 'ਤੇ ਸਹਿਮਤ ਹੋਈਆਂ। ਦੋਵੇਂ ਧਿਰਾਂ ਅੱਤਵਾਦ ਦਾ ਮੁਕਾਬਲਾ ਕਰਨ ਲਈ ਸੰਯੁਕਤ ਰਾਸ਼ਟਰ ਅਤੇ ਹੋਰ ਬਹੁਪੱਖੀ ਮੰਚਾਂ 'ਤੇ ਇਕੱਠੇ ਕੰਮ ਕਰਨ ਲਈ ਸਹਿਮਤ ਹੋਈਆਂ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਦੇ ਮਿਸ਼ਨ ਲਾਈਫ ਅਤੇ ਬਲੂ ਪੈਸੀਫਿਕ ਮਹਾਦੀਪ ਲਈ 2050 ਦੀ ਰਣਨੀਤਕ ਭਾਵਨਾ ਦੇ ਅਨੁਸਾਰ ਜਲਵਾਯੂ ਸੁਰੱਖਿਆ, ਵਾਤਾਵਰਣ ਅਨੁਕੂਲ ਨਿਰਮਾਣ ਅਤੇ ਟਿਕਾਊ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਸੌਰ ਗਠਜੋੜ (ਆਈਐੱਸਏ), ਆਫਤ ਅਨੁਕੂਲ ਬੁਨਿਆਦੀ ਢਾਂਚਾ ਗਠਜੋੜ (ਸੀਡੀਆਰਆਈ) ਅਤੇ ਆਲਮੀ ਜੈਵਿਕ ਈਂਧਣ ਗਠਜੋੜ (ਜੀਬੀਏ) ਵਿੱਚ ਫਿਜੀ ਦੀ ਮੈਂਬਰਸ਼ਿਪ ਦੀ ਸ਼ਲਾਘਾ ਕੀਤੀ। ਦੋਵਾਂ ਆਗੂਆਂ ਨੇ ਅੰਤਰਰਾਸ਼ਟਰੀ ਸੌਰ ਗਠਜੋੜ ਵਿੱਚ ਵਧ ਰਹੇ ਸਹਿਯੋਗ ਦਾ ਸਵਾਗਤ ਕੀਤਾ, ਜਿਸ ਵਿੱਚ ਆਈਐੱਸਏ ਨਾਲ ਇੱਕ ਤ੍ਰਿਪੱਖੀ ਸਮਝੌਤੇ ਰਾਹੀਂ ਫਿਜੀ ਨੈਸ਼ਨਲ ਯੂਨੀਵਰਸਿਟੀ ਵਿੱਚ ਇੱਕ ਸਟਾਰ-ਸੈਂਟਰ ਦੀ ਸਥਾਪਨਾ ਅਤੇ ਫਿਜੀ ਵਿੱਚ ਤਰਜੀਹੀ ਖੇਤਰਾਂ ਵਿੱਚ ਸੌਰ ਊਰਜਾ ਨੂੰ ਵਧਾਉਣ ਲਈ ਇੱਕ ਢਾਂਚਾ ਸਥਾਪਨਾ ਭਾਈਵਾਲੀ 'ਤੇ ਦਸਤਖਤ ਸ਼ਾਮਲ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਤਕਨੀਕੀ ਸਹਾਇਤਾ, ਸਮਰੱਥਾ ਨਿਰਮਾਣ ਅਤੇ ਆਲਮੀ ਫੋਰਮਾਂ 'ਤੇ ਮਜ਼ਬੂਤ ਵਕਾਲਤ ਰਾਹੀਂ ਸੀਡੀਆਰਆਈ ਢਾਂਚੇ ਦੇ ਤਹਿਤ ਫਿਜੀ ਦੇ ਰਾਸ਼ਟਰੀ ਅਨੁਕੂਲਨ ਟੀਚਿਆਂ ਦਾ ਸਮਰਥਨ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ।
ਦੋਵਾਂ ਆਗੂਆਂ ਨੇ ਆਲਮੀ ਜੈਵਿਕ ਈਂਧਣ ਗਠਜੋੜ (ਜੀਬੀਏ) ਦੇ ਢਾਂਚੇ ਦੇ ਤਹਿਤ ਜੈਵਿਕ ਈਂਧਣ ਨੂੰ ਇੱਕ ਟਿਕਾਊ ਊਰਜਾ ਹੱਲ ਵਜੋਂ ਉਤਸ਼ਾਹਿਤ ਕਰਨ ਲਈ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਗਠਜੋੜ ਦੇ ਸੰਸਥਾਪਕ ਅਤੇ ਸਰਗਰਮ ਮੈਂਬਰਾਂ ਦੇ ਰੂਪ ਵਿੱਚ, ਦੋਵਾਂ ਧਿਰਾਂ ਨੇ ਊਰਜਾ ਸੁਰੱਖਿਆ ਨੂੰ ਵਧਾਉਣ, ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਅਤੇ ਸੰਮਲਿਤ ਗ੍ਰਾਮੀਣ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਜੈਵਿਕ ਈਂਧਣ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਹ ਫਿਜੀ ਵਿੱਚ ਟਿਕਾਊ ਜੈਵਿਕ ਈਂਧਣ ਉਤਪਾਦਨ ਅਤੇ ਵਰਤੋਂ ਨੂੰ ਵਧਾਉਣ ਲਈ ਸਮਰੱਥਾ ਨਿਰਮਾਣ, ਤਕਨੀਕੀ ਸਹਾਇਤਾ ਅਤੇ ਨੀਤੀਗਤ ਢਾਂਚੇ ਵਿੱਚ ਸਹਿਯੋਗ ਵਧਾਉਣ ਲਈ ਵੀ ਸਹਿਮਤ ਹੋਏ।
ਦੁਵੱਲੇ ਵਪਾਰ ਵਿੱਚ ਸਥਿਰ ਵਿਕਾਸ ਨੂੰ ਮਾਨਤਾ ਦਿੰਦੇ ਹੋਏ, ਦੋਵੇਂ ਆਗੂ ਭਾਰਤ ਅਤੇ ਫਿਜੀ ਵਿਚਾਲੇ ਵਪਾਰ ਅਤੇ ਨਿਵੇਸ਼ ਲਈ ਵਿਸ਼ਾਲ ਅਣਵਰਤੀਆਂ ਸੰਭਾਵਨਾਵਾਂ ਦੀ ਵਰਤੋਂ ਕਰਨ ਲਈ ਸਹਿਮਤ ਹੋਏ। ਉਨ੍ਹਾਂ ਨੇ ਆਰਥਿਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ, ਵਪਾਰਕ ਪੋਰਟਫੋਲੀਓ ਵਿੱਚ ਭਿੰਨਤਾ ਲਿਆਉਣ ਅਤੇ ਸਪਲਾਈ ਲੜੀਆਂ ਵਿੱਚ ਅਨੁਕੂਲਤਾ ਵਧਾਉਣ ਲਈ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਆਪਣਾ ਇਰਾਦਾ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤੀ ਘਿਓ ਨੂੰ ਬਾਜ਼ਾਰ ਪਹੁੰਚ ਦੇਣ ਦੇ ਫਿਜੀ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ।
ਇੱਕ ਮਜ਼ਬੂਤ, ਸੰਮਲਿਤ ਅਤੇ ਟਿਕਾਊ ਹਿੰਦ-ਪ੍ਰਸ਼ਾਂਤ ਆਰਥਿਕ ਢਾਂਚੇ ਦੇ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ, ਦੋਵਾਂ ਆਗੂਆਂ ਨੇ ਖੁਸ਼ਹਾਲੀ ਨੂੰ ਵਧਾਉਣ ਲਈ ਮਿਲ ਕੇ ਕੰਮ ਕਰਨ ਲਈ ਵਚਨਬੱਧਤਾ ਪ੍ਰਗਟ ਕੀਤੀ। ਦੋਵਾਂ ਆਗੂਆਂ ਨੇ ਭਾਰਤ-ਪ੍ਰਸ਼ਾਂਤ ਟਾਪੂ ਸਹਿਯੋਗ ਫੋਰਮ (ਐੱਫਆਈਪੀਆਈਸੀ) ਰਾਹੀਂ ਐਕਟ ਈਸਟ ਨੀਤੀ ਤਹਿਤ ਫਿਜੀ ਸਮੇਤ ਪ੍ਰਸ਼ਾਂਤ ਟਾਪੂ ਦੇਸ਼ਾਂ ਨਾਲ ਭਾਰਤ ਦੇ ਵਧ ਰਹੇ ਸਬੰਧਾਂ ਅਤੇ ਪ੍ਰਸ਼ਾਂਤ ਟਾਪੂ ਫੋਰਮ (ਪੀਆਈਐੱਫ) ਵਿੱਚ ਇੱਕ ਸੰਵਾਦ ਭਾਈਵਾਲ ਵਜੋਂ ਭਾਰਤ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ। ਮਈ 2023 ਵਿੱਚ ਤੀਜੇ ਐੱਫਆਈਪੀਆਈਸੀ ਸੰਮੇਲਨ ਦੇ ਸਫਲ ਨਤੀਜੇ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਫਿਜੀ ਦੀਆਂ ਤਰਜੀਹਾਂ ਦੇ ਆਲੇ-ਦੁਆਲੇ ਕੇਂਦ੍ਰਿਤ ਇੱਕ ਵਿਆਪਕ ਪਹਿਲਕਦਮੀ ਰਾਹੀਂ ਖੇਤਰ ਵਿੱਚ ਵਿਕਾਸ ਭਾਈਵਾਲੀ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਸਿਹਤ ਸੰਭਾਲ ਨੂੰ ਇੱਕ ਤਰਜੀਹੀ ਖੇਤਰ ਵਜੋਂ ਦਰਸਾਉਂਦੇ ਹੋਏ, ਦੋਵਾਂ ਆਗੂਆਂ ਨੇ ਸੁਵਾ ਵਿੱਚ 100 ਬੈੱਡਾਂ ਵਾਲੇ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਡਿਜ਼ਾਈਨ, ਨਿਰਮਾਣ, ਕਮਿਸ਼ਨਿੰਗ, ਸੰਚਾਲਨ ਅਤੇ ਰੱਖ-ਰਖਾਅ 'ਤੇ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਦਾ ਸਵਾਗਤ ਕੀਤਾ, ਜੋ ਕਿ ਪ੍ਰਸ਼ਾਂਤ ਖੇਤਰ ਵਿੱਚ ਭਾਰਤ ਦੇ ਗ੍ਰਾਂਟ ਸਹਾਇਤਾ ਪ੍ਰੋਗਰਾਮ ਤਹਿਤ ਸਭ ਤੋਂ ਵੱਡਾ ਪ੍ਰੋਜੈਕਟ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਮਈ 2025 ਵਿੱਚ ਭਾਰਤੀ ਫਾਰਮਾਕੋਪੀਆ ਦੀ ਮਾਨਤਾ 'ਤੇ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਦਾ ਸਵਾਗਤ ਕੀਤਾ, ਜੋ ਫਾਰਮਾਸਿਊਟੀਕਲ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰੇਗਾ ਅਤੇ ਫਿਜੀ ਦੇ ਲੋਕਾਂ ਲਈ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ ਅਤੇ ਉਤਪਾਦਾਂ ਤੱਕ ਬਿਹਤਰ ਪਹੁੰਚ ਨੂੰ ਯਕੀਨੀ ਬਣਾਏਗਾ। ਉਨ੍ਹਾਂ ਨੇ ਫਿਜੀ ਵਿੱਚ ਜਨ ਔਸ਼ਧੀ ਕੇਂਦਰਾਂ ਦੀ ਸਥਾਪਨਾ ਲਈ ਭਾਰਤ ਦੇ ਸਮਰਥਨ ਦੀ ਵੀ ਪੁਸ਼ਟੀ ਕੀਤੀ ਤਾਂ ਜੋ ਲੋਕਾਂ ਨੂੰ ਕਿਫਾਇਤੀ ਕੀਮਤ 'ਤੇ ਜੈਨਰਿਕ ਦਵਾਈਆਂ ਉਪਲਬਧ ਕਰਵਾਈਆਂ ਜਾ ਸਕਣ। ਦੋਵਾਂ ਆਗੂਆਂ ਨੇ 13 ਅਗਸਤ 2025 ਨੂੰ ਭਾਰਤ ਅਤੇ ਫਿਜੀ ਵਿਚਕਾਰ ਸਿਹਤ 'ਤੇ ਤੀਜੇ ਸੰਯੁਕਤ ਕਾਰਜ ਸਮੂਹ ਦੀ ਮੀਟਿੰਗ ਬੁਲਾਉਣ ਦਾ ਸਵਾਗਤ ਕੀਤਾ, ਜਿਸ ਵਿੱਚ ਭਾਰਤ ਦੀ ਪ੍ਰਮੁੱਖ ਟੈਲੀਮੈਡੀਸਨ ਪਹਿਲਕਦਮੀ, ਈ-ਸੰਜੀਵਨੀ ਅਧੀਨ ਦੂਰ-ਦੁਰਾਡੇ ਸਿਹਤ ਸੰਭਾਲ ਸੇਵਾਵਾਂ ਨੂੰ ਸੁਵਿਧਾਜਨਕ ਬਣਾਉਣ ਵਿੱਚ ਸਹਿਯੋਗ ਅਤੇ ਭਾਰਤ ਅਤੇ ਫਿਜੀ ਵਿਚਾਲੇ ਡਿਜੀਟਲ ਏਕੀਕਰਨ ਨੂੰ ਮਜ਼ਬੂਤ ਕਰਕੇ ਸਿਹਤ ਸੰਪਰਕ ਨੂੰ ਵਧਾਉਣ 'ਤੇ ਚਰਚਾ ਕੀਤੀ ਗਈ। ਸਿਹਤ ਸਹਿਯੋਗ ਨੂੰ ਹੋਰ ਮਜ਼ਬੂਤ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਦੂਜਾ ਜੈਪੁਰ ਫੁੱਟ ਕੈਂਪ ਫਿਜੀ ਵਿੱਚ ਆਯੋਜਿਤ ਕੀਤਾ ਜਾਵੇਗਾ। ਭਾਰਤ ਫਿਜੀ ਦੇ ਵਿਦੇਸ਼ੀ ਮੈਡੀਕਲ ਰੈਫਰਲ ਪ੍ਰੋਗਰਾਮ ਦੇ ਪੂਰਕ ਵਜੋਂ 'ਹੀਲ ਇਨ ਇੰਡੀਆ' ਪ੍ਰੋਗਰਾਮ ਤਹਿਤ 10 ਫਿਜੀ ਵਾਸੀਆਂ ਲਈ ਭਾਰਤੀ ਹਸਪਤਾਲਾਂ ਵਿੱਚ ਵਿਸ਼ੇਸ਼/ਤੀਜੇ ਪੱਧਰ ਦੀ ਡਾਕਟਰੀ ਦੇਖਭਾਲ ਸੇਵਾਵਾਂ ਵੀ ਪ੍ਰਦਾਨ ਕਰੇਗਾ।
ਭਾਰਤ-ਫਿਜੀ ਸਹਿਯੋਗ ਦੇ ਇੱਕ ਮੁੱਖ ਥੰਮ੍ਹ ਵਜੋਂ ਵਿਕਾਸ ਭਾਈਵਾਲੀ ਦੀ ਪੁਸ਼ਟੀ ਕਰਦੇ ਹੋਏ, ਦੋਵਾਂ ਆਗੂਆਂ ਨੇ ਫਿਜੀ ਵਿੱਚ ਪਹਿਲੇ ਤੀਬਰ ਪ੍ਰਭਾਵ ਪ੍ਰੋਜੈਕਟ (ਕਿਊਆਈਪੀ) ਅਧੀਨ ਟੁਬਾਲੇਵੂ ਗ੍ਰਾਮ ਭੂਮੀਗਤ ਜਲ ਸਪਲਾਈ ਪ੍ਰੋਜੈਕਟ 'ਤੇ ਸਮਝੌਤੇ 'ਤੇ ਦਸਤਖਤ ਕਰਨ ਦਾ ਸਵਾਗਤ ਕੀਤਾ। ਇਹ ਸਥਾਨਕ ਭਾਈਚਾਰਿਆਂ ਨੂੰ ਸਾਫ਼-ਸੁਥਰਾ ਪੀਣਯੋਗ ਪਾਣੀ ਪ੍ਰਦਾਨ ਕਰੇਗਾ। ਇਹ ਐਲਾਨ ਭਾਰਤ ਵੱਲੋਂ 2024 ਵਿੱਚ ਟੋਂਗਾ ਵਿੱਚ ਹੋਣ ਵਾਲੀ 53ਵੀਂ ਪ੍ਰਸ਼ਾਂਤ ਟਾਪੂ ਫੋਰਮ ਨੇਤਾਵਾਂ ਦੀ ਮੀਟਿੰਗ ਵਿੱਚ ਕੀਤਾ ਗਿਆ।
ਦੋਵਾਂ ਆਗੂਆਂ ਨੇ ਦੁਵੱਲੇ ਰੱਖਿਆ ਸਹਿਯੋਗ ਵਿੱਚ ਤੇਜ਼ੀ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਨੇ ਖੇਤਰੀ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਵਿੱਚ ਸਾਂਝੇ ਹਿੱਤਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 2017 ਵਿੱਚ ਰੱਖਿਆ ਸਹਿਯੋਗ ਬਾਰੇ ਸਮਝੌਤਾ ਪੱਤਰ ਵਿੱਚ ਦੱਸੇ ਗਏ ਸਹਿਯੋਗ ਦੇ ਤਰਜੀਹੀ ਖੇਤਰਾਂ ਨੂੰ ਅੱਗੇ ਵਧਾਉਣ ਅਤੇ ਫਿਜੀ ਦੀਆਂ ਰਣਨੀਤਕ ਤਰਜੀਹਾਂ ਦਾ ਸਮਰਥਨ ਕਰਨ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਨੇਤਾਵਾਂ ਨੇ ਸੰਯੁਕਤ ਰੱਖਿਆ ਕਾਰਜ ਸਮੂਹ ਦੀ ਪਹਿਲੀ ਮੀਟਿੰਗ ਦੇ ਨਤੀਜਿਆਂ ਦਾ ਸਵਾਗਤ ਕੀਤਾ, ਜਿਸ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਕਾਰਜ (ਯੂਐੱਨਪੀਕੇਓ), ਫੌਜੀ ਦਵਾਈ, ਵਪਾਰਕ ਜਹਾਜ਼ਰਾਨੀ ਸੂਚਨਾ ਆਦਾਨ-ਪ੍ਰਦਾਨ (ਡਬਲਿਊਐੱਸਆਈਈ) ਅਤੇ ਫਿਜੀ ਦੇ ਫੌਜੀ ਬਲਾਂ ਲਈ ਸਮਰੱਥਾ ਨਿਰਮਾਣ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣਾ ਸ਼ਾਮਲ ਹੈ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਆਪਸੀ ਰੱਖਿਆ ਸਹਿਯੋਗ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਰੱਖਿਆ ਅਤੇ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਰਾਬੁਕਾ ਨੇ ਫਿਜੀ ਦੇ ਵਿਸ਼ੇਸ਼ ਆਰਥਿਕ ਜ਼ੋਨ (ਈਈਜ਼ੈੱਡ) (ਤੱਟ ਰੇਖਾ ਤੋਂ 200 ਸਮੁੰਦਰੀ ਮੀਲ ਦੂਰ ਆਰਥਿਕ ਸਰੋਤ ਜ਼ੋਨ) ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਫਿਜੀ ਦੀਆਂ ਸੁਰੱਖਿਆ ਜ਼ਰੂਰਤਾਂ ਵਿੱਚ ਸਹਾਇਤਾ ਕਰਨ ਦੇ ਭਾਰਤ ਦੇ ਭਰੋਸੇ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਰਾਬੁਕਾ ਨੇ ਫਿਜੀ ਵਿੱਚ ਭਾਰਤੀ ਨੌਸੈਨਾ ਦੇ ਜਹਾਜ਼ ਵਲੋਂ ਯੋਜਨਾਬੱਧ ਬੰਦਰਗਾਹ ਆਗਮਨ ਦਾ ਸਵਾਗਤ ਕੀਤਾ, ਜੋ ਸਮੁੰਦਰੀ ਸਹਿਯੋਗ ਅਤੇ ਅੰਤਰ-ਕਾਰਜਸ਼ੀਲਤਾ ਨੂੰ ਵਧਾਏਗਾ।
ਦੋਵਾਂ ਨੇਤਾਵਾਂ ਨੇ ਦੁਵੱਲੇ ਰੱਖਿਆ ਯਤਨਾਂ ਨੂੰ ਤੇਜ਼ ਕਰਨ ਅਤੇ ਆਪਸੀ ਲਾਭ ਨੂੰ ਉਤਸ਼ਾਹਿਤ ਕਰਨ ਅਤੇ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਵਧਾਉਣ ਦੇ ਮੰਤਵ ਨਾਲ ਨਵੀਆਂ ਪਹਿਲਕਦਮੀਆਂ ਰਾਹੀਂ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਫਿਜੀ ਦੇ ਹਥਿਆਰਬੰਦ ਬਲਾਂ ਨੂੰ ਦੋ ਐਂਬੂਲੈਂਸਾਂ ਦੇ ਤੋਹਫ਼ੇ ਅਤੇ ਸੁਵਾ ਵਿੱਚ ਭਾਰਤੀ ਹਾਈ ਕਮਿਸ਼ਨ ਵਿਖੇ ਇੱਕ ਰੱਖਿਆ ਵਿੰਗ ਦੀ ਸਥਾਪਨਾ ਦਾ ਐਲਾਨ ਕੀਤਾ। ਸਾਈਬਰ ਸੁਰੱਖਿਆ ਨੂੰ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੇ ਇੱਕ ਉੱਭਰ ਰਹੇ ਖੇਤਰ ਵਜੋਂ ਮਾਨਤਾ ਦਿੰਦੇ ਹੋਏ, ਦੋਵਾਂ ਨੇਤਾਵਾਂ ਨੇ ਫਿਜੀ ਵਿੱਚ ਇੱਕ ਸਾਈਬਰ ਸੁਰੱਖਿਆ ਟ੍ਰੇਨਿੰਗ ਸੈੱਲ (ਸੀਐੱਸਟੀਸੀ) ਦੀ ਸਥਾਪਨਾ ਦਾ ਸਵਾਗਤ ਕੀਤਾ। ਉਨ੍ਹਾਂ ਨੇ ਮੌਜੂਦਾ ਅਤੇ ਉੱਭਰ ਰਹੀਆਂ ਚੁਣੌਤੀਆਂ, ਖਾਸਕਰ ਸਮੁੰਦਰੀ, ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ (ਐੱਚਏਡੀਆਰ) ਸਹਾਇਤਾ ਅਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ 'ਤੇ ਜ਼ੋਰ ਦਿੱਤਾ।
ਦੋਵਾਂ ਦੇਸ਼ਾਂ ਦੀ ਸਿਖਰਲੀ ਲੀਡਰਸ਼ਿਪ ਨੇ ਇੱਕ ਆਜ਼ਾਦ, ਖੁੱਲ੍ਹੇ, ਸੁਰੱਖਿਅਤ ਅਤੇ ਸੰਮਲਿਤ ਹਿੰਦ-ਪ੍ਰਸ਼ਾਂਤ ਖੇਤਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੇਤਰੀ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਵਿੱਚ ਯੋਗਦਾਨ ਪਾਉਣ ਲਈ ਸਹਿਯੋਗ ਕਰਨ ਦਾ ਆਪਣਾ ਇਰਾਦਾ ਪ੍ਰਗਟ ਕੀਤਾ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਲੋਕਾਂ-ਤੋਂ-ਲੋਕਾਂ (people to people) ਦੇ ਸਬੰਧਾਂ ਨੂੰ ਭਾਰਤ-ਫਿਜੀ ਸਬੰਧਾਂ ਦਾ ਕੁਦਰਤੀ ਆਧਾਰ ਮੰਨਦੇ ਹੋਏ ਉਨ੍ਹਾਂ ਨੂੰ ਹੋਰ ਡੂੰਘਾ ਕਰਨ, ਖਾਸ ਤੌਰ ‘ਤੇ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਦੋਵਾਂ ਆਗੂਆਂ ਨੇ ਭਾਰਤ ਅਤੇ ਫਿਜੀ ਦਰਮਿਆਨ ਪ੍ਰਵਾਸ ਅਤੇ ਆਵਾਜਾਈ 'ਤੇ ਇਰਾਦਾ ਐਲਾਨਨਾਮੇ 'ਤੇ ਦਸਤਖਤ ਦਾ ਸਵਾਗਤ ਕੀਤਾ। ਇਹ ਦੋਵਾਂ ਦੇਸ਼ਾਂ ਵਿਚਾਲੇ ਹੁਨਰਮੰਦ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ।
ਦੋਵਾਂ ਆਗੂਆਂ ਨੇ ਫਿਜੀ ਯੂਨੀਵਰਸਿਟੀ ਵਿਖੇ ਇੱਕ ਹਿੰਦੀ ਅਧਿਐਨ ਕੇਂਦਰ ਵਿਕਸਿਤ ਕਰਨ ਵਿੱਚ ਸਹਾਇਤਾ ਲਈ ਇੱਕ ਹਿੰਦੀ-ਕਮ-ਸੰਸਕ੍ਰਿਤ ਅਧਿਆਪਕ ਦੇ ਡੈਪੂਟੇਸ਼ਨ ਦਾ ਸਵਾਗਤ ਕੀਤਾ, ਜੋ ਭਾਸ਼ਾਈ ਅਤੇ ਸੱਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਫਿਜੀ ਪੰਡਤਾਂ ਦੇ ਇੱਕ ਸਮੂਹ ਨੂੰ ਟ੍ਰੇਨਿੰਗ ਦੇਣ ਲਈ ਸਹਿਯੋਗ ਦਾ ਐਲਾਨ ਕੀਤਾ ਜੋ ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਹੋਣ ਵਾਲੇ 'ਅੰਤਰਰਾਸ਼ਟਰੀ ਗੀਤਾ ਮਹੋਤਸਵ' ਵਿੱਚ ਵੀ ਹਿੱਸਾ ਲੈਣਗੇ। ਅੰਤਰਰਾਸ਼ਟਰੀ ਗੀਤਾ ਮਹੋਤਸਵ 2025 ਭਾਰਤ ਵਿੱਚ ਜਸ਼ਨਾਂ ਦੇ ਨਾਲ-ਨਾਲ ਫਿਜੀ ਵਿੱਚ ਆਯੋਜਿਤ ਕੀਤਾ ਜਾਵੇਗਾ।
ਦੋਵਾਂ ਨੇਤਾਵਾਂ ਨੇ ਸਮਰੱਥਾ ਨਿਰਮਾਣ ਨੂੰ ਫਿਜੀ ਨਾਲ ਭਾਰਤ ਦੀ ਭਾਈਵਾਲੀ ਦੇ ਇੱਕ ਮਹੱਤਵਪੂਰਨ ਥੰਮ੍ਹ ਵਜੋਂ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ) ਪ੍ਰੋਗਰਾਮ ਰਾਹੀਂ ਭਾਰਤ, ਫਿਜੀ ਦੇ ਸਰਕਾਰੀ ਪੇਸ਼ੇਵਰਾਂ ਨੂੰ ਸਮਰੱਥਾ ਨਿਰਮਾਣ ਦੇ ਮੌਕੇ ਪ੍ਰਦਾਨ ਕਰਦਾ ਰਹੇਗਾ।
ਦੋਵਾਂ ਨੇਤਾਵਾਂ ਨੇ ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਨੂੰ ਦੁਵੱਲੇ ਸਹਿਯੋਗ ਦੇ ਇੱਕ ਪ੍ਰਮੁੱਖ ਖੇਤਰ ਵਜੋਂ ਚਿੰਨ੍ਹਤ ਕੀਤਾ। ਪ੍ਰਧਾਨ ਮੰਤਰੀ ਰਾਬੁਕਾ ਨੇ ਜੁਲਾਈ 2025 ਵਿੱਚ ਫਿਜੀ ਵਿੱਚ ਖੁਰਾਕ ਸੁਰੱਖਿਆ ਅਤੇ ਖੇਤੀਬਾੜੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਵਲੋਂ ਭੇਜੇ ਗਏ 5 ਮੀਟ੍ਰਿਕ ਟਨ ਉੱਚ ਗੁਣਵੱਤਾ ਵਾਲੇ ਲੋਬੀਆ ਦੇ ਬੀਜਾਂ ਦੀ ਸਹਾਇਤਾ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।
ਸ਼੍ਰੀ ਮੋਦੀ ਨੇ ਭਾਰਤ ਦੇ ਗ੍ਰਾਂਟ ਸਹਾਇਤਾ ਪ੍ਰੋਗਰਾਮ ਤਹਿਤ ਫਿਜੀ ਨੂੰ 12 ਖੇਤੀ ਡਰੋਨ ਅਤੇ 2 ਮੋਬਾਈਲ ਮਿੱਟੀ ਜਾਂਚ ਪ੍ਰਯੋਗਸ਼ਾਲਾਵਾਂ ਤੋਹਫ਼ੇ ਵਿੱਚ ਦੇਣ ਦਾ ਐਲਾਨ ਕੀਤਾ, ਜੋ ਖੰਡ ਉਤਪਾਦਨ ਵਿੱਚ ਨਵੀਨਤਾ ਨੂੰ ਹੱਲ੍ਹਾਸ਼ੇਰੀ ਮਿਲੇਗੀ ਅਤੇ ਉਤਪਾਦਕਤਾ ਵਧੇਗੀ। ਇਸ ਖੇਤਰ ਵਿੱਚ ਹੋਰ ਸਹਿਯੋਗ ਲਈ, ਪ੍ਰਧਾਨ ਮੰਤਰੀ ਮੋਦੀ ਨੇ ਫਿਜੀ ਸ਼ੂਗਰ ਕਾਰਪੋਰੇਸ਼ਨ ਨੂੰ ਇੱਕ ਆਈਟੀਈਸੀ ਮਾਹਰ ਭੇਜਣ ਦਾ ਐਲਾਨ ਕੀਤਾ। ਉਨ੍ਹਾਂ ਨੇ ਫਿਜੀ ਦੇ ਖੰਡ ਖੇਤਰ ਦੇ ਪੇਸ਼ੇਵਰਾਂ ਲਈ ਵਿਸ਼ੇਸ਼ ਆਈਟੀਈਸੀ ਟ੍ਰੇਨਿੰਗ ਪ੍ਰੋਗਰਾਮਾਂ ਦਾ ਵੀ ਐਲਾਨ ਕੀਤਾ।
ਦੋਵਾਂ ਆਗੂਆਂ ਨੇ ਦੋਵਾਂ ਦੇਸ਼ਾਂ ਵਿਚਾਲੇ ਵਧ ਰਹੇ ਖੇਡ ਸਬੰਧਾਂ, ਖਾਸਕਰ ਫਿਜੀ ਵਿੱਚ ਕ੍ਰਿਕਟ ਅਤੇ ਭਾਰਤ ਵਿੱਚ ਰਗਬੀ ਲਈ ਵਧ ਰਹੇ ਉਤਸ਼ਾਹ 'ਤੇ ਜ਼ੋਰ ਦਿੱਤਾ। ਫਿਜੀ ਦੀ ਬੇਨਤੀ 'ਤੇ, ਇੱਕ ਭਾਰਤੀ ਕ੍ਰਿਕਟ ਕੋਚ ਫਿਜੀ ਕ੍ਰਿਕਟ ਟੀਮ ਨੂੰ ਉਨ੍ਹਾਂ ਦੀ ਸਥਾਨਕ ਪ੍ਰਤਿਭਾ ਨੂੰ ਵਿਕਸਿਤ ਕਰਨ ਲਈ ਟ੍ਰੇਨਿੰਗ ਦੇਵੇਗਾ, ਜਿਸ ਨਾਲ ਖੇਡਾਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਧੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਸੁਵਾ ਵਿੱਚ ਭਾਰਤੀ ਹਾਈ ਕਮਿਸ਼ਨ ਲਈ ਇੱਕ ਚਾਂਸਰੀ-ਕਮ-ਸੱਭਿਆਚਾਰਕ ਕੇਂਦਰ ਸਥਾਪਤ ਕਰਨ ਲਈ ਫਿਜੀ ਸਰਕਾਰ ਵਲੋਂ ਜ਼ਮੀਨ ਅਲਾਟ ਕਰਨ ਦੀ ਸ਼ਲਾਘਾ ਕੀਤੀ ਅਤੇ ਲੀਜ਼ ਟਾਈਟਲ ਦੇ ਤਬਾਦਲੇ ਦਾ ਸਵਾਗਤ ਕੀਤਾ। 2015 ਵਿੱਚ, ਨਵੀਂ ਦਿੱਲੀ ਵਿੱਚ ਫਿਜੀ ਸਰਕਾਰ ਨੂੰ ਆਪਣੀ ਹਾਈ ਕਮਿਸ਼ਨ ਚਾਂਸਰੀ ਬਣਾਉਣ ਲਈ ਜ਼ਮੀਨ ਪਹਿਲਾਂ ਹੀ ਅਲਾਟ ਕੀਤੀ ਜਾ ਚੁੱਕੀ ਹੈ।
ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਮੁੱਖ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਹੇਠ ਲਿਖੇ ਸਮਝੌਤਿਆਂ 'ਤੇ ਹਸਤਾਖਰ ਕੀਤੇ ਜਾਣ ਦਾ ਸਵਾਗਤ ਕੀਤਾ। ਇਨ੍ਹਾਂ ਵਿੱਚ (i) ਗ੍ਰਾਮੀਣ ਵਿਕਾਸ, ਖੇਤੀਬਾੜੀ ਵਿੱਤ ਅਤੇ ਵਿੱਤੀ ਸਮਾਵੇਸ਼ ਵਿੱਚ ਸਹਿਯੋਗ ਵਧਾਉਣ ਲਈ ਫਿਜੀ ਵਿਕਾਸ ਬੈਂਕ (ਐੱਫਡੀਬੀ) ਅਤੇ ਭਾਰਤ ਦੇ ਰਾਸ਼ਟਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਦਰਮਿਆਨ ਸਮਝੌਤਾ; (ii) ਭਾਰਤੀ ਮਿਆਰ ਬਿਊਰੋ (ਬੀਆਈਐੱਸ) ਅਤੇ ਫਿਜੀ ਦੇ ਰਾਸ਼ਟਰੀ ਵਪਾਰ ਮਾਪ ਅਤੇ ਮਿਆਰ ਵਿਭਾਗ (ਡੀਐੱਨਟੀਐੱਮਐੱਸ) ਵਿਚਾਲੇ ਮਿਆਰੀਕਰਨ ਦੇ ਖੇਤਰ ਵਿੱਚ ਸਹਿਯੋਗ 'ਤੇ ਸਮਝੌਤਾ; (iii) ਮਨੁੱਖੀ ਸਮਰੱਥਾ ਨਿਰਮਾਣ, ਹੁਨਰ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਧੀਨ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰੌਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ (ਐੱਨਆਈਈਐੱਲਆਈਟੀ) ਅਤੇ ਪੈਸੀਫਿਕ ਪੌਲੀਟੈਕਨਿਕ, ਫਿਜੀ ਵਿਚਾਲੇ ਸਮਝੌਤਾ; (iv) ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਹੋਰ ਵਧਾਉਣ ਲਈ ਭਾਰਤੀ ਉਦਯੋਗ ਸੰਘ (ਸੀਆਈਆਈ) ਅਤੇ ਚੈਂਬਰਜ਼ ਆਫ਼ ਕਾਮਰਸ ਅਤੇ ਇੰਪਲਾਇਰਜ਼ ਫੈਡਰੇਸ਼ਨ ਆਫ਼ ਫਿਜੀ (ਐੱਫਸੀਈਐੱਫ) ਵਿਚਕਾਰ ਸਮਝੌਤਾ; ਅਤੇ ਜਨ ਔਸ਼ਧੀ ਯੋਜਨਾ ਅਧੀਨ ਦਵਾਈਆਂ ਲਈ ਐੱਚਐੱਲਐੱਲ ਲਾਈਫਕੇਅਰ ਲਿਮਿਟਡ ਅਤੇ ਫਿਜੀ ਗਣਰਾਜ ਦੇ ਸਿਹਤ ਅਤੇ ਮੈਡੀਕਲ ਸੇਵਾਵਾਂ ਮੰਤਰਾਲੇ ਵਿਚਾਲੇ ਸਪਲਾਈ ਸਮਝੌਤਾ ਸ਼ਾਮਲ ਹੈ।
ਦੋਵਾਂ ਆਗੂਆਂ ਨੇ ਲੋਕਤੰਤਰੀ ਅਤੇ ਵਿਧਾਨਕ ਸਬੰਧਾਂ ਨੂੰ ਮਜ਼ਬੂਤ ਅਤੇ ਸੁਚਾਰੂ ਬਣਾਉਣ ਲਈ ਸੰਸਦੀ ਵਫ਼ਦਾਂ ਦੇ ਇੱਕ ਦੂਜੇ ਦੇ ਦੌਰੇ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ 2026 ਵਿੱਚ ਫਿਜੀ ਸੰਸਦੀ ਵਫ਼ਦ ਦੇ ਭਾਰਤ ਦੇ ਪ੍ਰਸਤਾਵਿਤ ਦੌਰੇ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਰਾਬੁਕਾ ਨੇ ਫਿਜੀ ਵਿੱਚ ਸਮਾਜਿਕ ਏਕਤਾ ਅਤੇ ਭਾਈਚਾਰਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਗ੍ਰੇਟ ਕੌਂਸਲ ਆਫ਼ ਚੀਫ਼ਸ (ਫਿਜੀ ਦੀ ਸੰਵਿਧਾਨਕ ਸੰਸਥਾ) ਵਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ। ਸ਼੍ਰੀ ਮੋਦੀ ਨੇ ਦੋਵਾਂ ਦੇਸ਼ਾਂ ਦੇ ਲੋਕਾਂ-ਤੋਂ-ਲੋਕਾਂ (people to people) ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਗ੍ਰੇਟ ਕੌਂਸਲ ਆਫ਼ ਚੀਫ਼ਸ (ਜੀਸੀਸੀ) ਦੇ ਵਫ਼ਦ ਦੇ ਭਾਰਤ ਦੇ ਪ੍ਰਸਤਾਵਿਤ ਦੌਰੇ ਦਾ ਸਵਾਗਤ ਕੀਤਾ।
ਦੋਵਾਂ ਆਗੂਆਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਵਿਕਾਸ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਸ਼ਾਂਤੀ, ਜਲਵਾਯੂ ਨਿਆਂ, ਸੰਮਲਿਤ ਵਿਕਾਸ ਅਤੇ ਵਿਕਾਸਸ਼ੀਲ ਦੇਸ਼ਾਂ - ਗਲੋਬਲ ਸਾਊਥ ਦੀ ਆਵਾਜ਼ ਨੂੰ ਉੱਚਾ ਚੁੱਕਣ ਲਈ ਆਪਣੀ ਸਾਂਝੀ ਵਚਨਬੱਧਤਾ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਰਾਬੁਕਾ ਨੇ ਗਲੋਬਲ ਸਾਊਥ ਵਿੱਚ ਭਾਰਤ ਦੀ ਲੀਡਰਸ਼ਿਪ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬਹੁਪੱਖੀ ਫੋਰਮਾਂ ਵਿੱਚ ਇੱਕ ਦੂਜੇ ਨੂੰ ਦਿੱਤੇ ਗਏ ਮਹੱਤਵਪੂਰਨ ਸਮਰਥਨ ਦੀ ਵੀ ਸ਼ਲਾਘਾ ਕੀਤੀ।
ਦੋਵੇਂ ਆਗੂ ਸੰਯੁਕਤ ਰਾਸ਼ਟਰ ਵਿੱਚ ਵਿਆਪਕ ਸੁਧਾਰਾਂ ਦੀ ਤੁਰੰਤ ਜ਼ਰੂਰਤ 'ਤੇ ਸਹਿਮਤ ਹੋਏ, ਜਿਸ ਵਿੱਚ ਸਮਕਾਲੀ ਭੂ-ਰਾਜਨੀਤਿਕ ਹਕੀਕਤਾਂ ਨੂੰ ਬਿਹਤਰ ਢੰਗ ਨਾਲ ਦਰਸਾਉਣ ਲਈ ਮੈਂਬਰਸ਼ਿਪ ਦੀਆਂ ਦੋਵਾਂ ਸ਼੍ਰੇਣੀਆਂ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਵਿਸਥਾਰ ਸ਼ਾਮਲ ਹੈ। ਫਿਜੀ ਨੇ ਇੱਕ ਸੋਧੀ ਅਤੇ ਵਿਸਥਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਅਤੇ 2028-29 ਦੀ ਮਿਆਦ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਗੈਰ-ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਉਮੀਦਵਾਰੀ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਸਮਕਾਲੀ ਆਲਮੀ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਮਾਧਾਨ ਕਰਨ ਲਈ ਦੱਖਣ-ਦੱਖਣ ਸਹਿਯੋਗ (ਵਿਕਾਸਸ਼ੀਲ ਦੇਸ਼ਾਂ ਵਿੱਚ ਸਹਿਯੋਗ) ਨੂੰ ਮਜ਼ਬੂਤ ਕਰਨਾ ਜਾਰੀ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਆਲਮੀ ਸ਼ਾਸਕੀ ਸੰਸਥਾਵਾਂ ਵਿੱਚ ਬਿਹਤਰ ਅਤੇ ਬਰਾਬਰ ਪ੍ਰਤੀਨਿਧਤਾ ਸਮੇਤ ਗਲੋਬਲ ਸਾਊਥ ਲਈ ਸਾਂਝੇ ਹਿਤ ਦੇ ਮੁੱਦਿਆਂ 'ਤੇ ਇਕੱਠੇ ਕੰਮ ਕਰਨ ਲਈ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਰਾਬੁਕਾ ਨੇ "ਵਾਇਸ ਆਫ਼ ਗਲੋਬਲ ਸਾਊਥ" ਸੰਮੇਲਨ ਸੱਦਣ ਵਿੱਚ ਭਾਰਤ ਦੀ ਪਹਿਲਕਦਮੀ ਅਤੇ ਅਗਵਾਈ ਦੀ ਸ਼ਲਾਘਾ ਕੀਤੀ। ਇਹ ਸੰਮੇਲਨ ਵਿਕਾਸਸ਼ੀਲ ਦੇਸ਼ਾਂ ਦੀਆਂ ਸਾਂਝੀਆਂ ਚਿੰਤਾਵਾਂ, ਚੁਣੌਤੀਆਂ ਅਤੇ ਵਿਕਾਸ ਸਬੰਧੀ ਤਰਜੀਹਾਂ 'ਤੇ ਚਰਚਾ ਲਈ ਇੱਕ ਮਹੱਤਵਪੂਰਨ ਮੰਚ ਬਣ ਗਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ "ਵਾਇਸ ਆਫ਼ ਗਲੋਬਲ ਸਾਊਥ" ਸੰਮੇਲਨ ਵਿੱਚ ਫਿਜੀ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਸੰਮੇਲਨ ਦੇ ਆਗੂਆਂ ਦੇ ਸੈਸ਼ਨ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਰਾਬੁਕਾ ਦਾ ਧੰਨਵਾਦ ਕੀਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਗਲੋਬਲ ਸਾਊਥ ਦੇਸ਼ਾਂ ਦੇ ਸਾਂਝੇ ਤਜ਼ਰਬਿਆਂ ਦੇ ਅਧਾਰ 'ਤੇ ਵਿਲੱਖਣ ਵਿਕਾਸ ਸਮਾਧਾਨਾਂ ਦੀ ਪੜਚੋਲ ਕਰਨ ਲਈ ਗਲੋਬਲ ਸਾਊਥ ਸੈਂਟਰ ਆਫ਼ ਐਕਸੀਲੈਂਸ, ਦਕਸ਼ਿਣ (DAKSHIN) ਨਾਲ ਫਿਜੀ ਦੀ ਨਿਰੰਤਰ ਸ਼ਮੂਲੀਅਤ ਦਾ ਸਵਾਗਤ ਕੀਤਾ।
ਭਾਰਤ ਅਤੇ ਫਿਜੀ ਦੇ ਪ੍ਰਧਾਨ ਮੰਤਰੀਆਂ ਨੇ ਇੱਕ ਖੁੱਲ੍ਹੇ, ਸੰਮਲਿਤ, ਸਥਿਰ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ, ਜਿਸ ਵਿੱਚ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਨਮਾਨ 'ਤੇ ਜ਼ੋਰ ਦਿੱਤਾ ਗਿਆ। ਪ੍ਰਧਾਨ ਮੰਤਰੀ ਰਾਬੁਕਾ ਨੇ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ (ਆਈਪੀਓਆਈ) ਵਿੱਚ ਸ਼ਾਮਲ ਹੋਣ ਲਈ ਫਿਜੀ ਦੀ ਦਿਲਚਸਪੀ ਪ੍ਰਗਟ ਕੀਤੀ। ਸ਼੍ਰੀ ਮੋਦੀ ਨੇ ਸਮੁੰਦਰੀ ਖੇਤਰ ਦੇ ਪ੍ਰਬੰਧਨ, ਸੰਭਾਲ ਅਤੇ ਸਥਿਰਤਾ ਵਿੱਚ ਬਾਰਬਰ ਸੋਚ ਵਾਲੇ ਦੇਸ਼ਾਂ ਦੀ ਭਾਈਵਾਲੀ ਲਈ ਫਿਜੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਰਾਬੁਕਾ ਨੇ 'ਸ਼ਾਂਤੀ ਦੇ ਮਹਾਸਾਗਰ' ਦੀ ਧਾਰਨਾ ਦਾ ਹਵਾਲਾ ਦਿੱਤਾ ਜੋ ਖੇਤਰ ਦੇ ਸ਼ਾਂਤੀਪੂਰਨ, ਸਥਿਰ, ਸੁਰੱਖਿਅਤ ਅਤੇ ਟਿਕਾਊ ਭਵਿੱਖ ਅਤੇ ਭਲਾਈ 'ਤੇ ਜ਼ੋਰ ਦਿੰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਸ਼ਾਂਤ ਖੇਤਰ ਵਿੱਚ 'ਸ਼ਾਂਤੀ ਦਾ ਮਹਾਸਾਗਰ' ਬਣਾਉਣ ਵਿੱਚ ਪ੍ਰਧਾਨ ਮੰਤਰੀ ਰਾਬੁਕਾ ਦੀ ਅਗਵਾਈ ਲਈ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਰਾਬੁਕਾ ਨੇ ਆਪਣੀ ਅਤੇ ਆਪਣੇ ਵਫ਼ਦ ਨੂੰ ਦਿੱਤੀ ਗਈ ਨਿੱਘੀ ਪਰਾਹੁਣਚਾਰੀ ਲਈ ਭਾਰਤ ਸਰਕਾਰ ਅਤੇ ਭਾਰਤ ਦੇ ਲੋਕਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਫਿਜੀ ਦੀ ਯਾਤਰਾ ਕਰਨ ਦਾ ਸੱਦਾ ਦਿੱਤਾ।
***************
ਐੱਮਜੇਪੀਐੱਸ/ਐੱਸਟੀ
(Release ID: 2160773)
Read this release in:
English
,
Urdu
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam