ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11,000 ਕਰੋੜ ਰੁਪਏ ਦੇ ਦੋ ਪ੍ਰਮੁੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
ਅਸੀਂ ਦਿੱਲੀ ਨੂੰ ਵਿਕਾਸ ਦਾ ਇੱਕ ਮਾਡਲ ਬਣਾ ਰਹੇ ਹਾਂ ਜੋ ਇੱਕ ਵਿਕਾਸਸ਼ੀਲ ਭਾਰਤ ਦੀ ਭਾਵਨਾ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ
ਸਾਡੀ ਨਿਰੰਤਰ ਕੋਸ਼ਿਸ਼ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਦੀ ਹੈ, ਇੱਕ ਅਜਿਹਾ ਟੀਚਾ ਜੋ ਹਰ ਨੀਤੀ ਅਤੇ ਹਰ ਫੈਸਲੇ ਦਾ ਮਾਰਗਦਰਸ਼ਨ ਕਰਦਾ ਹੈ: ਪ੍ਰਧਾਨ ਮੰਤਰੀ
ਸਾਡੇ ਲਈ, ਸੁਧਾਰ ਦਾ ਅਰਥ ਹੈ ਸੁਸ਼ਾਸਨ ਦਾ ਵਿਸਥਾਰ: ਪ੍ਰਧਾਨ ਮੰਤਰੀ
ਨੈਕਸਟ ਜਨਰੇਸ਼ਨ ਦੇ ਜੀਐੱਸਟੀ ਰਿਫੌਰਮਸ ਦੇਸ਼ ਭਰ ਦੇ ਨਾਗਰਿਕਾਂ ਲਈ ਡਬਲ ਬੋਨਸ ਲਿਆਉਣ ਲਈ ਤਿਆਰ ਹਨ: ਪ੍ਰਧਾਨ ਮੰਤਰੀ
ਭਾਰਤ ਨੂੰ ਮਜ਼ਬੂਤ ਬਣਾਉਣ ਲਈ, ਸਾਨੂੰ ਚੱਕ੍ਰਧਾਰੀ ਮੋਹਨ (ਸ਼੍ਰੀ ਕ੍ਰਿਸ਼ਨ) ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ, ਸਾਨੂੰ ਚਰਖਾਧਾਰੀ ਮੋਹਨ (ਮਹਾਤਮਾ ਗਾਂਧੀ) ਦੇ ਮਾਰਗ 'ਤੇ ਚੱਲਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਆਓ ਅਸੀਂ ਵੋਕਲ ਫਾਰ ਲੋਕਲ ਲਈ ਆਵਾਜ਼ ਬੁਲੰਦ ਕਰੀਏ, ਭਰੋਸਾ ਕਰੀਏ ਅਤੇ ਭਾਰਤ ਵਿੱਚ ਬਣੇ ਉਤਪਾਦਾਂ ਨੂੰ ਖਰੀਦੀਏ: ਪ੍ਰਧਾਨ ਮੰਤਰੀ
Posted On:
17 AUG 2025 3:29PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਰੋਹਿਣੀ ਵਿਖੇ ਲਗਭਗ 11,000 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਪ੍ਰਮੁੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸਥਾਨ ਦੀ ਮਹੱਤਤਾ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਐਕਸਪ੍ਰੈੱਸਵੇਅ ਦਾ ਨਾਮ "ਦਵਾਰਕਾ" ਹੈ, ਅਤੇ ਇਹ ਪ੍ਰੋਗਰਾਮ "ਰੋਹਿਣੀ" ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਜਨਮਾਸ਼ਟਮੀ ਦੇ ਤਿਉਹਾਰ ਦੀ ਭਾਵਨਾ ਨੂੰ ਉਜਾਗਰ ਕੀਤਾ ਅਤੇ ਇਸ ਸੰਜੋਗ ਦਾ ਜ਼ਿਕਰ ਕੀਤਾ ਕਿ ਉਹ ਖੁਦ ਦਵਾਰਕਾਧੀਸ਼ ਦੀ ਧਰਤੀ ਤੋਂ ਹਨ। ਪ੍ਰਧਾਨ ਮੰਤਰੀ ਨੇ ਦੇਖਿਆ ਕਿ ਪੂਰਾ ਮਾਹੌਲ ਭਗਵਾਨ ਕ੍ਰਿਸ਼ਨ ਦੇ ਸਾਰ ਨਾਲ ਡੂੰਘਾਈ ਤੋਂ ਪ੍ਰਭਾਵਿਤ ਹੋ ਗਿਆ ਹੈ।
ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ, ਅਗਸਤ ਦਾ ਮਹੀਨਾ ਆਜ਼ਾਦੀ ਅਤੇ ਕ੍ਰਾਂਤੀ ਦੇ ਰੰਗਾਂ ਨਾਲ ਰੰਗਿਆ ਗਿਆ ਹੈ, ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ, ਆਜ਼ਾਦੀ ਕਾ ਮਹੋਤਸਵ ਦੇ ਉਤਸਵ ਦੇ ਵਿਚਕਾਰ, ਰਾਸ਼ਟਰੀ ਰਾਜਧਾਨੀ ਦਿੱਲੀ ਅੱਜ ਵਿਕਾਸ ਕ੍ਰਾਂਤੀ ਦੀ ਗਵਾਹ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ, ਦਿੱਲੀ ਨੂੰ ਦਵਾਰਕਾ ਐਕਸਪ੍ਰੈੱਸਵੇਅ ਅਤੇ ਅਰਬਨ ਐਕਸਟੈਂਸ਼ਨ ਰੋਡ ਰਾਹੀਂ ਵਧੀ ਹੋਈ ਕਨੈਕਟੀਵਿਟੀ ਮਿਲੀ ਹੈ ਜਿਸ ਨਾਲ ਦਿੱਲੀ, ਗੁਰੂਗ੍ਰਾਮ ਅਤੇ ਪੂਰੇ ਐੱਨਸੀਆਰ ਖੇਤਰ ਦੇ ਲੋਕਾਂ ਲਈ ਸਹੂਲਤ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਦਫ਼ਤਰਾਂ ਅਤੇ ਫੈਕਟਰੀਆਂ ਵਿੱਚ ਆਉਣਾ-ਜਾਣਾ ਅਸਾਨ ਹੋ ਜਾਵੇਗਾ, ਜਿਸ ਨਾਲ ਹਰ ਕਿਸੇ ਦਾ ਸਮਾਂ ਬਚੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਪਾਰੀਆਂ, ਉੱਦਮੀਆਂ ਅਤੇ ਕਿਸਾਨਾਂ ਨੂੰ ਇਸ ਕਨੈਕਟੀਵਿਟੀ ਤੋਂ ਬਹੁਤ ਲਾਭ ਹੋਵੇਗਾ। ਉਨ੍ਹਾਂ ਨੇ ਦਿੱਲੀ-ਐਨਸੀਆਰ ਦੇ ਸਾਰੇ ਨਿਵਾਸੀਆਂ ਨੂੰ ਇਨ੍ਹਾਂ ਆਧੁਨਿਕ ਸੜਕ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਧਾਈਆਂ ਦਿੱਤੀਆਂ।
ਉਨ੍ਹਾਂ ਨੇ 15 ਅਗਸਤ 2025 ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਆਪਣੇ ਸੰਬੋਧਨ ਨੂੰ ਯਾਦ ਕੀਤਾ, ਜਿੱਥੇ ਉਨ੍ਹਾਂ ਨੇ ਦੇਸ਼ ਦੀ ਅਰਥਵਿਵਸਥਾ, ਆਤਮ-ਨਿਰਭਰਤਾ ਅਤੇ ਆਤਮ-ਵਿਸ਼ਵਾਸ ਬਾਰੇ ਵਿਸਥਾਰ ਵਿੱਚ ਗੱਲ ਕੀਤੀ ਸੀ, ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਦਾ ਭਾਰਤ ਆਪਣੀਆਂ ਇੱਛਾਵਾਂ, ਸੁਪਨਿਆਂ ਅਤੇ ਸੰਕਲਪਾਂ ਦੁਆਰਾ ਪਰਿਭਾਸ਼ਿਤ ਹੈ – ਇਹ ਅਜਿਹੇ ਤੱਤ ਹਨ ਜਿਨ੍ਹਾਂ ਦਾ ਅਨੁਭਵ ਹੁਣ ਪੂਰੀ ਦੁਨੀਆ ਕਰ ਰਹੀ ਹੈ"। ਉਨ੍ਹਾਂ ਕਿਹਾ ਕਿ ਜਦੋਂ ਦੁਨੀਆ ਭਾਰਤ ਵੱਲ ਵੇਖਦੀ ਹੈ ਅਤੇ ਇਸਦੀ ਤਰੱਕੀ ਦਾ ਮੁਲਾਂਕਣ ਕਰਦੀ ਹੈ, ਤਾਂ ਉਸਦੀ ਪਹਿਲੀ ਨਜ਼ਰ ਰਾਸ਼ਟਰੀ ਰਾਜਧਾਨੀ, ਦਿੱਲੀ 'ਤੇ ਪੈਂਦੀ ਹੈ। ਸ਼੍ਰੀ ਮੋਦੀ ਨੇ ਦਿੱਲੀ ਨੂੰ ਵਿਕਾਸ ਦੇ ਇੱਕ ਮਾਡਲ ਵਜੋਂ ਵਿਕਸਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿੱਥੇ ਹਰ ਕੋਈ ਵਾਸਤਵ ਵਿੱਚ ਮਹਿਸੂਸ ਕਰ ਸਕਦਾ ਹੈ ਕਿ ਇਹ ਇੱਕ ਵਿਕਾਸਸ਼ੀਲ ਅਤੇ ਆਤਮਵਿਸ਼ਵਾਸ ਨਾਲ ਭਰੇ ਭਾਰਤ ਦੀ ਰਾਜਧਾਨੀ ਹੈ।
ਇਹ ਦੱਸਦੇ ਹੋਏ ਕਿ ਪਿਛਲੇ 11 ਸਾਲਾਂ ਵਿੱਚ, ਸਰਕਾਰ ਨੇ ਇਸ ਤਰੱਕੀ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਵੱਖ-ਵੱਖ ਪੱਧਰਾਂ 'ਤੇ ਕੰਮ ਕੀਤਾ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਨੈਕਟੀਵਿਟੀ ਦੇ ਮਾਮਲੇ ਵਿੱਚ, ਦਿੱਲੀ-ਐਨਸੀਆਰ ਵਿੱਚ ਪਿਛਲੇ ਦਹਾਕੇ ਦੌਰਾਨ ਬੇਮਿਸਾਲ ਸੁਧਾਰ ਹੋਏ ਹਨ। ਇਸ ਖੇਤਰ ਵਿੱਚ ਆਧੁਨਿਕ ਅਤੇ ਚੌੜੇ ਐਕਸਪ੍ਰੈੱਸਵੇਅ ਦਾ ਨਿਰਮਾਣ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, "ਦਿੱਲੀ-ਐੱਨਸੀਆਰ ਹੁਣ ਮੈਟਰੋ ਨੈੱਟਵਰਕ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਵੱਧ ਜੁੜੇ ਖੇਤਰਾਂ ਵਿੱਚੋਂ ਇੱਕ ਹੈ।" ਉਨ੍ਹਾਂ ਅੱਗੇ ਕਿਹਾ ਕਿ ਇਹ ਖੇਤਰ ਨਮੋ ਭਾਰਤ ਰੈਪਿਡ ਰੇਲ ਵਰਗੀਆਂ ਉੱਨਤ ਪ੍ਰਣਾਲੀਆਂ ਨਾਲ ਲੈਸ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ, ਦਿੱਲੀ-ਐੱਨਸੀਆਰ ਵਿੱਚ ਯਾਤਰਾ ਕਰਨਾ ਪਹਿਲਾਂ ਦੇ ਸਮੇਂ ਦੇ ਮੁਕਾਬਲੇ ਕਾਫ਼ੀ ਅਸਾਨ ਹੋ ਗਿਆ ਹੈ।
ਸ਼੍ਰੀ ਮੋਦੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਦਿੱਲੀ ਨੂੰ ਇੱਕ ਵਿਸ਼ਵ ਪੱਧਰੀ ਸ਼ਹਿਰ ਵਿੱਚ ਬਦਲਣ ਦੀ ਵਚਨਬੱਧਤਾ ਜਾਰੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ, ਹਰ ਕਿਸੇ ਨੇ ਇਸ ਪ੍ਰਗਤੀ ਨੂੰ ਪ੍ਰਤੱਖ ਤੌਰ ਤੇ ਦੇਖਿਆ ਹੈ। ਦਵਾਰਕਾ ਐਕਸਪ੍ਰੈੱਸਵੇਅ ਅਤੇ ਅਰਬਨ ਐਕਸਟੈਂਸ਼ਨ ਰੋਡ ਦਾ ਹਵਾਲਾ ਦਿੰਦੇ ਹੋਏ, ਦੋਵੇਂ ਸੜਕਾਂ ਸ਼ਾਨਦਾਰ ਮਿਆਰਾਂ 'ਤੇ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੈਰੀਫਿਰਲ ਐਕਸਪ੍ਰੈੱਸਵੇਅ ਤੋਂ ਬਾਅਦ, ਅਰਬਨ ਐਕਸਟੈਂਸ਼ਨ ਰੋਡ ਹੁਣ ਦਿੱਲੀ ਦੇ ਬੁਨਿਆਦੀ ਢਾਂਚੇ ਅਤੇ ਕਨੈਕਟੀਵਿਟੀ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰੇਗਾ।
ਸ਼੍ਰੀ ਮੋਦੀ ਨੇ ਅਰਬਨ ਐਕਸਟੈਂਸ਼ਨ ਰੋਡ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਹ ਦਿੱਲੀ ਨੂੰ ਕਚਰੇ ਦੇ ਢੇਰਾਂ ਤੋਂ ਮੁਕਤ ਕਰਨ ਵਿੱਚ ਵੀ ਮਦਦ ਕਰ ਰਿਹਾ ਹੈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਰਬਨ ਐਕਸਟੈਂਸ਼ਨ ਰੋਡ ਦੇ ਨਿਰਮਾਣ ਵਿੱਚ ਲੱਖਾਂ ਟਨ ਵੇਸਟ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਕਚਰੇ ਦੇ ਢੇਰਾਂ ਨੂੰ ਘਟਾ ਕੇ, ਵੇਸਟ ਮਟੀਰੀਅਲ ਨੂੰ ਸੜਕ ਨਿਰਮਾਣ ਲਈ ਦੁਬਾਰਾ ਵਰਤਿਆ ਗਿਆ ਹੈ। ਨੇੜੇ ਦੇ ਭਲਸਵਾ ਲੈਂਡਫਿਲ ਸਾਈਟ ਵੱਲ ਇਸ਼ਾਰਾ ਕਰਦੇ ਹੋਏ ਅਤੇ ਇਸ ਦੇ ਆਸ-ਪਾਸ ਰਹਿਣ ਵਾਲੇ ਪਰਿਵਾਰਾਂ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਨੂੰ ਸਵੀਕਾਰ ਕਰਦੇ ਹੋਏ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਿੱਲੀ ਵਾਸੀਆਂ ਨੂੰ ਅਜਿਹੀਆਂ ਚੁਣੌਤੀਆਂ ਤੋਂ ਮੁਕਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਸੰਤੋਸ਼ ਪ੍ਰਗਟ ਕੀਤਾ ਕਿ ਸ਼੍ਰੀਮਤੀ ਰੇਖਾ ਗੁਪਤਾ ਦੀ ਅਗਵਾਈ ਹੇਠ, ਦਿੱਲੀ ਸਰਕਾਰ ਲਗਾਤਾਰ ਯਮੁਨਾ ਨਦੀ ਦੀ ਸਫਾਈ ਵਿੱਚ ਲਗੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਯਮੁਨਾ ਤੋਂ 16 ਲੱਖ ਮੀਟ੍ਰਿਕ ਟਨ ਗਾਦ ਪਹਿਲਾਂ ਹੀ ਕੱਢੀ ਜਾ ਚੁੱਕੀ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਬਹੁਤ ਘੱਟ ਸਮੇਂ ਦੇ ਅੰਦਰ, ਦਿੱਲੀ ਵਿੱਚ 650 ਡੀਈਵੀਆਈ (ਦਿੱਲੀ ਇਲੈਕਟ੍ਰਿਕ ਵਹੀਕਲ ਇੰਟਰਕਨੈਕਟਰ) ਇਲੈਕਟ੍ਰਿਕ ਬੱਸਾਂ ਲਾਂਚ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਵਿੱਚ ਇਲੈਕਟ੍ਰਿਕ ਬੱਸਾਂ ਦਾ ਬੇੜਾ ਜਲਦੀ ਹੀ 2,000 ਨੂੰ ਪਾਰ ਕਰਨ ਦੀ ਉਮੀਦ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਪਹਿਲ "ਗ੍ਰੀਨ ਦਿੱਲੀ - ਕਲੀਨ ਦਿੱਲੀ" ਦੇ ਮੰਤਰ ਨੂੰ ਮਜ਼ਬੂਤ ਕਰਦੀ ਹੈ।
ਇਹ ਨੋਟ ਕਰਦੇ ਹੋਏ ਕਿ ਕਈ ਸਾਲਾਂ ਬਾਅਦ, ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਰਕਾਰ ਬਣਾਈ ਹੈ, ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਵਿਕਾਸ ਦੀ ਮਾੜੀ ਗਤੀ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕੀਤੀ। ਉਨ੍ਹਾਂ ਸਵੀਕਾਰ ਕੀਤਾ ਕਿ ਭਾਵੇਂ ਦਿੱਲੀ ਨੂੰ ਪਿਛਲੀਆਂ ਸਰਕਾਰਾਂ ਦੇ ਮਾੜੇ ਹਾਲਾਤਾਂ ਤੋਂ ਉੱਪਰ ਚੁੱਕਣਾ ਇੱਕ ਔਖਾ ਕੰਮ ਹੈ, ਪਰ ਮੌਜੂਦਾ ਸਰਕਾਰ ਦਿੱਲੀ ਦੇ ਮਾਣ ਅਤੇ ਵਿਕਾਸ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰੇਗੀ। ਸ਼੍ਰੀ ਮੋਦੀ ਨੇ ਉਸ ਵਿਲੱਖਣ ਗਠਜੋੜ ਨੂੰ ਉਜਾਗਰ ਕੀਤਾ ਜਿਸ ਵਿੱਚ ਸਾਡੀਆਂ ਸਰਕਾਰਾਂ ਇਸ ਸਮੇਂ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਪੂਰੇ ਖੇਤਰ ਦੁਆਰਾ ਆਪਣੀ ਪਾਰਟੀ ਅਤੇ ਉਸ ਦੀ ਲੀਡਰਸ਼ਿਪ ਨੂੰ ਦਿੱਤੀਆਂ ਗਈਆਂ ਅਪਾਰ ਅਸੀਸਾਂ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਜ਼ਿੰਮੇਵਾਰੀ ਨੂੰ ਸਵੀਕਾਰਦੇ ਹੋਏ, ਸਰਕਾਰ ਦਿੱਲੀ-ਐੱਨਸੀਆਰ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੁਝ ਰਾਜਨੀਤਿਕ ਪਾਰਟੀਆਂ ਹਾਲੇ ਵੀ ਜਨਤਾ ਦੇ ਜਨਾਦੇਸ਼ ਨੂੰ ਸਵੀਕਾਰ ਕਰਨ ਵਿੱਚ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਆਪਣੇ ਆਪ ਨੂੰ ਜਨਤਕ ਵਿਸ਼ਵਾਸ ਅਤੇ ਜ਼ਮੀਨੀ ਹਕੀਕਤਾਂ ਦੋਵਾਂ ਤੋਂ ਦੂਰ ਕਰ ਲਿਆ ਹੈ। ਇਹ ਯਾਦ ਕਰਦੇ ਹੋਏ ਕਿ ਕਿਵੇਂ ਕੁਝ ਮਹੀਨੇ ਪਹਿਲਾਂ, ਦਿੱਲੀ ਅਤੇ ਹਰਿਆਣਾ ਦੇ ਲੋਕਾਂ ਨੂੰ ਇੱਕ ਦੂਜੇ ਦੇ ਵਿਰੁੱਧ ਖੜ੍ਹਾ ਕਰਨ ਲਈ ਸਾਜ਼ਿਸ਼ਾਂ ਰਚੀਆਂ ਗਈਆਂ ਸਨ, ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਝੂਠੇ ਦਾਅਵੇ ਕੀਤੇ ਗਏ ਸਨ ਕਿ ਹਰਿਆਣਾ ਦੇ ਲੋਕ ਦਿੱਲੀ ਦੀ ਪਾਣੀ ਸਪਲਾਈ ਵਿੱਚ ਜ਼ਹਿਰ ਘੋਲ ਰਹੇ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਅਤੇ ਪੂਰਾ ਐੱਨਸੀਆਰ ਹੁਣ ਅਜਿਹੀ ਨਕਾਰਾਤਮਕ ਰਾਜਨੀਤੀ ਤੋਂ ਮੁਕਤ ਹੋ ਗਿਆ ਹੈ, ਉਨ੍ਹਾਂ ਨੇ ਐੱਨਸੀਆਰ ਨੂੰ ਬਦਲਣ ਦੇ ਸਰਕਾਰ ਦੇ ਸੰਕਲਪ ਦੀ ਪੁਸ਼ਟੀ ਕੀਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਦ੍ਰਿਸ਼ਟੀਕੋਣ ਸਫਲਤਾਪੂਰਵਕ ਸਾਕਾਰ ਹੋਵੇਗਾ।
ਸ਼੍ਰੀ ਮੋਦੀ ਨੇ ਕਿਹਾ, "ਸੁਸ਼ਾਸਨ ਸਾਡੀਆਂ ਸਰਕਾਰਾਂ ਦੀ ਪਹਿਚਾਣ ਹੈ ਅਤੇ ਸਾਡੇ ਪ੍ਰਸ਼ਾਸਨ ਵਿੱਚ, ਲੋਕ ਸਭ ਤੋਂ ਉੱਪਰ ਹਨ।" ਉਨ੍ਹਾਂ ਕਿਹਾ ਕਿ ਨਾਗਰਿਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਸਾਡੀ ਪਾਰਟੀ ਦਾ ਨਿਰੰਤਰ ਯਤਨ ਹੈ। ਉਨ੍ਹਾਂ ਕਿਹਾ, ਇਹ ਵਚਨਬੱਧਤਾ ਪਾਰਟੀ ਦੀਆਂ ਨੀਤੀਆਂ ਅਤੇ ਫੈਸਲਿਆਂ ਵਿੱਚ ਝਲਕਦੀ ਹੈ। ਹਰਿਆਣਾ ਵਿੱਚ ਪਿਛਲੀਆਂ ਸਰਕਾਰਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਪ੍ਰਭਾਵ ਜਾਂ ਸਿਫਾਰਸ਼ ਤੋਂ ਬਿਨਾ ਇੱਕ ਵੀ ਨਿਯੁਕਤੀ ਹੋਣਾ ਮੁਸ਼ਕਲ ਸੀ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਹਰਿਆਣਾ ਵਿੱਚ ਉਨ੍ਹਾਂ ਦੀ ਸਰਕਾਰ ਦੇ ਅਧੀਨ, ਲੱਖਾਂ ਨੌਜਵਾਨਾਂ ਨੇ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਨੇ ਸ਼੍ਰੀ ਨਾਇਬ ਸਿੰਘ ਸੈਣੀ ਦੀ ਇਸ ਪਹਿਲ ਨੂੰ ਸਮਰਪਣ ਨਾਲ ਜਾਰੀ ਰੱਖਣ ਲਈ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ, ਉਹ ਲੋਕ ਜੋ ਕਦੇ ਪੱਕੇ ਘਰ ਤੋਂ ਬਿਨਾ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਸਨ, ਹੁਣ ਪੱਕੇ ਘਰ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬਿਜਲੀ, ਪਾਣੀ ਅਤੇ ਗੈਸ ਕਨੈਕਸ਼ਨਾਂ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਖੇਤਰ ਹੁਣ ਇਨ੍ਹਾਂ ਜ਼ਰੂਰੀ ਸੇਵਾਵਾਂ ਨਾਲ ਲੈਸ ਹੋ ਰਹੇ ਹਨ। ਰਾਸ਼ਟਰੀ ਤਰੱਕੀ ਬਾਰੇ ਬੋਲਦਿਆਂ, ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ, ਦੇਸ਼ ਭਰ ਵਿੱਚ ਰਿਕਾਰਡ ਗਿਣਤੀ ਵਿੱਚ ਸੜਕਾਂ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਰੇਲਵੇ ਸਟੇਸ਼ਨਾਂ ਦੀ ਚੱਲ ਰਹੀ ਪੁਨਰ-ਸੁਰਜੀਤੀ ਦਾ ਜ਼ਿਕਰ ਕੀਤਾ ਅਤੇ ਵੰਦੇ ਭਾਰਤ ਵਰਗੀਆਂ ਆਧੁਨਿਕ ਟ੍ਰੇਨਾਂ 'ਤੇ ਮਾਣ ਪ੍ਰਗਟ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਹੁਣ ਛੋਟੇ ਸ਼ਹਿਰਾਂ ਵਿੱਚ ਹਵਾਈ ਅੱਡੇ ਵਿਕਸਿਤ ਕੀਤੇ ਜਾ ਰਹੇ ਹਨ। ਐੱਨਸੀਆਰ ਖੇਤਰ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਹਵਾਈ ਅੱਡਿਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧੇ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹਿੰਡਨ ਹਵਾਈ ਅੱਡੇ ਤੋਂ ਕਈ ਸ਼ਹਿਰਾਂ ਲਈ ਉਡਾਣਾਂ ਚਲਾਈਆਂ ਜਾ ਰਹੀਆਂ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਨੋਇਡਾ ਹਵਾਈ ਅੱਡਾ ਵੀ ਪੂਰਾ ਹੋਣ ਵਾਲਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਜਿਹੀ ਤਰੱਕੀ ਸਿਰਫ ਇਸ ਲਈ ਸੰਭਵ ਹੋਈ ਹੈ ਕਿਉਂਕਿ ਦੇਸ਼ ਨੇ ਪਿਛਲੇ ਦਹਾਕੇ ਵਿੱਚ ਆਪਣਾ ਪੁਰਾਣਾ ਤਰੀਕਾ ਬਦਲ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਨੂੰ ਜਿਸ ਪੱਧਰ ਦੇ ਬੁਨਿਆਦੀ ਢਾਂਚੇ ਦੀ ਜ਼ਰੂਰਤ ਸੀ ਅਤੇ ਜਿਸ ਗਤੀ ਨਾਲ ਇਸ ਨੂੰ ਬਣਾਉਣ ਦੀ ਜ਼ਰੂਰਤ ਸੀ, ਉਹ ਪਹਿਲਾਂ ਪ੍ਰਾਪਤ ਨਹੀਂ ਹੋ ਸਕੀ ਸੀ। ਪੂਰਬੀ ਅਤੇ ਪੱਛਮੀ ਪੈਰੀਫਿਰਲ ਐਕਸਪ੍ਰੈੱਸਵੇਅ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ-ਐੱਨਸੀਆਰ ਨੇ ਕਈ ਦਹਾਕਿਆਂ ਤੋਂ ਇਨ੍ਹਾਂ ਸੜਕਾਂ ਦੀ ਜ਼ਰੂਰਤ ਮਹਿਸੂਸ ਕੀਤੀ ਸੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ, ਇਨ੍ਹਾਂ ਪ੍ਰੋਜੈਕਟਾਂ ਨਾਲ ਸਬੰਧਿਤ ਕੰਮ ਸਿਰਫ਼ ਫਾਈਲਾਂ 'ਤੇ ਹੀ ਅੱਗੇ ਵਧਿਆ, ਪਰ ਅਸਲ ਕੰਮ ਉਦੋਂ ਹੀ ਸ਼ੁਰੂ ਹੋਇਆ ਜਦੋਂ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੜਕਾਂ ਉਦੋਂ ਹਕੀਕਤ ਬਣੀਆਂ ਜਦੋਂ ਕੇਂਦਰ ਅਤੇ ਹਰਿਆਣਾ ਦੋਵਾਂ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਬਣੀਆਂ। ਪ੍ਰਧਾਨ ਮੰਤਰੀ ਨੇ ਮਾਣ ਨਾਲ ਕਿਹਾ ਕਿ ਅੱਜ, ਇਹ ਐਕਸਪ੍ਰੈੱਸਵੇਅ ਦੇਸ਼ ਦੀ ਵਿਲੱਖਣਤਾ ਨਾਲ ਸੇਵਾ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਕਾਸ ਪ੍ਰੋਜੈਕਟਾਂ ਪ੍ਰਤੀ ਉਦਾਸੀਨਤਾ ਸਿਰਫ਼ ਦਿੱਲੀ-ਐੱਨਸੀਆਰ ਤੱਕ ਹੀ ਸੀਮਤ ਨਹੀਂ ਸੀ, ਸਗੋਂ ਪੂਰੇ ਦੇਸ਼ ਵਿੱਚ ਪ੍ਰਚਲਿਤ ਸੀ। ਸ਼੍ਰੀ ਮੋਦੀ ਨੇ ਦੱਸਿਆ ਕਿ ਪਹਿਲਾਂ ਬੁਨਿਆਦੀ ਢਾਂਚੇ ਲਈ ਨਿਰਧਾਰਿਤ ਬਜਟ ਬਹੁਤ ਘੱਟ ਹੁੰਦਾ ਸੀ ਅਤੇ ਮਨਜ਼ੂਰਸ਼ੁਦਾ ਪ੍ਰੋਜੈਕਟਾਂ ਨੂੰ ਪੂਰਾ ਹੋਣ ਵਿੱਚ ਵੀ ਕਈ ਵਰ੍ਹੇ ਲਗਦੇ ਸਨ। ਉਨ੍ਹਾਂ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ, ਬੁਨਿਆਦੀ ਢਾਂਚੇ ਦੇ ਬਜਟ ਵਿੱਚ ਛੇ ਗੁਣਾ ਤੋਂ ਵੱਧ ਦਾ ਵਾਧਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵੇਲੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਅਤੇ ਇਸੇ ਕਰਕੇ ਦਵਾਰਕਾ ਐਕਸਪ੍ਰੈੱਸਵੇਅ ਵਰਗੀਆਂ ਪਹਿਲਕਦਮੀਆਂ ਹੁਣ ਸਾਕਾਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਮਹੱਤਵਪੂਰਨ ਨਿਵੇਸ਼ ਨਾ ਸਿਰਫ਼ ਸਹੂਲਤਾਂ ਪੈਦਾ ਕਰ ਰਹੇ ਹਨ ਸਗੋਂ ਵੱਡੇ ਪੱਧਰ 'ਤੇ ਰੋਜ਼ਗਾਰ ਵੀ ਪ੍ਰਦਾਨ ਕਰ ਰਹੇ ਹਨ। ਇਹ ਦੱਸਦੇ ਹੋਏ ਕਿ ਵੱਡੇ ਪੱਧਰ 'ਤੇ ਨਿਰਮਾਣ ਗਤੀਵਿਧੀਆਂ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੰਦੀਆਂ ਹਨ - ਮਜ਼ਦੂਰਾਂ ਤੋਂ ਲੈ ਕੇ ਇੰਜੀਨੀਅਰਾਂ ਤੱਕ, ਸ਼੍ਰੀ ਮੋਦੀ ਨੇ ਕਿਹਾ ਕਿ ਨਿਰਮਾਣ ਸਮੱਗਰੀ ਦੀ ਵਰਤੋਂ ਸਬੰਧਿਤ ਫੈਕਟਰੀਆਂ ਅਤੇ ਦੁਕਾਨਾਂ ਵਿੱਚ ਰੋਜ਼ਗਾਰ ਨੂੰ ਵਧਾਉਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਘਟਨਾਵਾਂ ਕਾਰਨ ਟ੍ਰਾਂਸਪੋਰਟ ਅਤੇ ਲੌਜਿਸਟਿਕਸ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਵਧ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਦੇਸ਼ ਵਾਸੀਆਂ 'ਤੇ ਰਾਜ ਕਰਨਾ ਆਪਣਾ ਮੁੱਖ ਉਦੇਸ਼ ਮੰਨਦੇ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਯਤਨ ਨਾਗਰਿਕਾਂ ਦੇ ਜੀਵਨ ਵਿੱਚੋਂ ਸਰਕਾਰੀ ਜ਼ਬਰਦਸਤੀ ਅਤੇ ਦਖਲਅੰਦਾਜ਼ੀ ਦੋਵਾਂ ਨੂੰ ਖਤਮ ਕਰਨਾ ਹੈ। ਉਨ੍ਹਾਂ ਨੇ ਪਿਛਲੇ ਸਮੇਂ ਦੀਆਂ ਸਥਿਤੀਆਂ ਨੂੰ ਸਮਝਾਉਣ ਲਈ ਇੱਕ ਉਦਾਹਰਣ ਪੇਸ਼ ਕੀਤੀ। ਦਿੱਲੀ ਵਿੱਚ ਸਫਾਈ ਕਰਮਚਾਰੀਆਂ ਦਾ ਜ਼ਿਕਰ ਕਰਦੇ ਹੋਏ, ਜਿਨ੍ਹਾਂ ਕੋਲ ਸਫਾਈ ਬਣਾਈ ਰੱਖਣ ਦੀ ਵੱਡੀ ਜ਼ਿੰਮੇਵਾਰੀ ਹੈ, ਉਨ੍ਹਾਂ ਨਾਲ ਗੁਲਾਮਾਂ ਵਾਂਗ ਵਿਵਹਾਰ ਕੀਤਾ ਜਾਂਦਾ ਸੀ। ਸ਼੍ਰੀ ਮੋਦੀ ਨੇ ਇੱਕ ਹੈਰਾਨ ਕਰਨ ਵਾਲੀ ਸੱਚਾਈ ਦਾ ਖੁਲਾਸਾ ਕੀਤਾ ਅਤੇ ਕਿਹਾ ਕਿ ਦਿੱਲੀ ਨਗਰ ਨਿਗਮ ਐਕਟ ਦੇ ਤਹਿਤ, ਇੱਕ ਵਿਵਸਥਾ ਸੀ ਕਿ ਜੇਕਰ ਕੋਈ ਸਫਾਈ ਕਰਮਚਾਰੀ ਬਿਨਾ ਕਿਸੇ ਪੂਰਵ ਸੂਚਨਾ ਦੇ ਡਿਊਟੀ 'ਤੇ ਰਿਪੋਰਟ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸ ਨੂੰ ਇੱਕ ਮਹੀਨੇ ਲਈ ਜੇਲ੍ਹ ਹੋ ਸਕਦੀ ਹੈ। ਅਜਿਹੇ ਕਾਨੂੰਨਾਂ ਦੇ ਪਿੱਛੇ ਦੀ ਮਾਨਸਿਕਤਾ 'ਤੇ ਸਵਾਲ ਉਠਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਸਫਾਈ ਕਰਮਚਾਰੀਆਂ ਨੂੰ ਛੋਟੀਆਂ-ਮੋਟੀਆਂ ਗਲਤੀਆਂ ਲਈ ਜੇਲ੍ਹ ਕਿਵੇਂ ਭੇਜਿਆ ਜਾ ਸਕਦਾ ਹੈ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਜੋ ਹੁਣ ਸਮਾਜਿਕ ਨਿਆਂ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਦੇਸ਼ ਵਿੱਚ ਅਜਿਹੇ ਬੇਇਨਸਾਫ਼ੀ ਵਾਲੇ ਕਾਨੂੰਨਾਂ ਨੂੰ ਕਾਇਮ ਰੱਖਿਆ ਹੈ। ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਇਹ ਉਨ੍ਹਾਂ ਦੀ ਸਰਕਾਰ ਹੈ ਜੋ ਅਜਿਹੇ ਨਕਾਰਾਤਮਕ ਕਾਨੂੰਨਾਂ ਦੀ ਸਰਗਰਮੀ ਨਾਲ ਪਛਾਣ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਖਤਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਸੈਂਕੜੇ ਅਜਿਹੇ ਕਾਨੂੰਨਾਂ ਨੂੰ ਰੱਦ ਕਰ ਚੁੱਕੀ ਹੈ ਅਤੇ ਇਹ ਮੁਹਿੰਮ ਅਜੇ ਵੀ ਜਾਰੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ, "ਸਾਡੇ ਲਈ, ਸੁਧਾਰ ਦਾ ਅਰਥ ਹੈ ਸੁਸ਼ਾਸਨ ਦਾ ਵਿਸਥਾਰ" । ਸ਼੍ਰੀ ਮੋਦੀ ਨੇ ਕਿਹਾ ਕਿ ਸੁਧਾਰਾਂ 'ਤੇ ਨਿਰੰਤਰ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਜੀਵਨ ਅਤੇ ਕਾਰੋਬਾਰ ਦੋਵਾਂ ਨੂੰ ਅਸਾਨ ਬਣਾਉਣ ਲਈ ਕਈ ਵੱਡੇ ਸੁਧਾਰ ਕੀਤੇ ਜਾਣਗੇ। ਉਨ੍ਹਾਂ ਕਿਹਾ "ਇਸ ਯਤਨ ਦੇ ਹਿੱਸੇ ਵਜੋਂ, ਵਸਤਾਂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਵਿੱਚ ਅਗਲੀ ਪੀੜ੍ਹੀ ਦੇ ਸੁਧਾਰਾਂ ਦੀ ਯੋਜਨਾ ਬਣਾਈ ਜਾ ਰਹੀ ਹੈ,"। ਸ਼੍ਰੀ ਮੋਦੀ ਨੇ ਕਿਹਾ, "ਇਸ ਦੀਵਾਲੀ, ਨਾਗਰਿਕਾਂ ਨੂੰ ਜੀਐੱਸਟੀ ਸੁਧਾਰਾਂ ਰਾਹੀਂ ਡਬਲ ਬੋਨਸ ਮਿਲੇਗਾ।" ਇਹ ਦੱਸਦੇ ਹੋਏ ਕਿ ਪੂਰਾ ਰੋਡਮੈਪ ਸਾਰੇ ਰਾਜਾਂ ਨਾਲ ਸਾਂਝਾ ਕੀਤਾ ਗਿਆ ਹੈ, ਸ਼੍ਰੀ ਮੋਦੀ ਨੇ ਉਮੀਦ ਪ੍ਰਗਟਾਈ ਕਿ ਸਾਰੇ ਰਾਜ ਭਾਰਤ ਸਰਕਾਰ ਦੀ ਇਸ ਪਹਿਲਕਦਮੀ ਵਿੱਚ ਸਹਿਯੋਗ ਕਰਨਗੇ। ਉਨ੍ਹਾਂ ਇਸ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕਰਨ ਦੀ ਅਪੀਲ ਕੀਤੀ ਤਾਂ ਜੋ ਇਸ ਦੀਵਾਲੀ ਨੂੰ ਹੋਰ ਵੀ ਖਾਸ ਬਣਾਇਆ ਜਾ ਸਕੇ। ਇਹ ਦੱਸਦੇ ਹੋਏ ਕਿ ਸਰਕਾਰ ਜੀਐੱਸਟੀ ਨੂੰ ਹੋਰ ਸਰਲ ਬਣਾਉਣ ਅਤੇ ਟੈਕਸ ਦਰਾਂ ਨੂੰ ਸੋਧਣ ਦਾ ਟੀਚਾ ਰੱਖਦੀ ਹੈ, ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਇਸ ਸੁਧਾਰ ਦੇ ਲਾਭ ਹਰ ਘਰ, ਖਾਸ ਕਰਕੇ ਗ਼ਰੀਬ ਅਤੇ ਮੱਧ ਵਰਗ ਤੱਕ ਪਹੁੰਚਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਤਬਦੀਲੀਆਂ ਨਾਲ ਸਾਰੇ ਵੱਡੇ ਉੱਦਮੀਆਂ ਦੇ ਨਾਲ-ਨਾਲ ਵਪਾਰੀਆਂ ਅਤੇ ਵਿਕ੍ਰੇਤਾਵਾਂ ਨੂੰ ਵੀ ਲਾਭ ਹੋਵੇਗਾ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਵਿੱਚੋਂ ਇੱਕ ਇਸਦਾ ਪ੍ਰਾਚੀਨ ਸੱਭਿਆਚਾਰ ਅਤੇ ਵਿਰਾਸਤ ਹੈ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੱਭਿਆਚਾਰਕ ਵਿਰਾਸਤ ਜੀਵਨ ਦੇ ਇੱਕ ਡੂੰਘੇ ਦਰਸ਼ਨ ਦਾ ਪ੍ਰਤੀਕ ਹੈ। ਇਸ ਦਰਸ਼ਨ ਦੇ ਅੰਦਰ, ਅਸੀਂ "ਚੱਕ੍ਰਧਾਰੀ ਮੋਹਨ" ਅਤੇ "ਚਰਖਾਧਾਰੀ ਮੋਹਨ" ਦੋਵੇਂ ਦੇਖਦੇ ਹਾਂ, ਉਨ੍ਹਾਂ ਕਿਹਾ। ਉਨ੍ਹਾਂ ਕਿਹਾ ਕਿ ਵਾਰ-ਵਾਰ, ਰਾਸ਼ਟਰ ਇਨ੍ਹਾਂ ਦੋਵਾਂ ਪ੍ਰਤੀਕਾਂ ਦੇ ਸਾਰ ਦਾ ਅਨੁਭਵ ਕਰਦਾ ਹੈ। ਇਹ ਦੱਸਦੇ ਹੋਏ ਕਿ "ਚੱਕ੍ਰਧਾਰੀ ਮੋਹਨ" ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਦਰਸਾਉਂਦਾ ਹੈ, ਜਿਨ੍ਹਾਂ ਨੇ ਸੁਦਰਸ਼ਨ ਚੱਕਰ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ "ਚਰਖਾਧਾਰੀ ਮੋਹਨ" ਮਹਾਤਮਾ ਗਾਂਧੀ ਨੂੰ ਦਰਸਾਉਂਦਾ ਹੈ, ਜਿਨ੍ਹਾਂ ਨੇ ਚਰਖੇ ਦੇ ਮਾਧਅਮ ਨਾਲ ਰਾਸ਼ਟਰ ਨੂੰ ਸਵਦੇਸ਼ੀ ਦੀ ਸ਼ਕਤੀ ਲਈ ਜਗਾਇਆ।
ਸ਼੍ਰੀ ਮੋਦੀ ਨੇ ਕਿਹਾ, “ਭਾਰਤ ਨੂੰ ਸਸ਼ਕਤ ਬਣਾਉਣ ਲਈ, ਸਾਨੂੰ ਚੱਕ੍ਰਧਾਰੀ ਮੋਹਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ, ਸਾਨੂੰ ਚਰਖਾਧਾਰੀ ਮੋਹਨ ਦੇ ਮਾਰਗ ਨੂੰ ਯਾਦ ਕਰਨਾ ਚਾਹੀਦਾ ਹੈ।” ਪ੍ਰਧਾਨ ਮੰਤਰੀ ਨੇ ਤਾਕੀਦ ਕੀਤੀ ਕਿ “ਵੋਕਲ ਫੋਰ ਲੋਕਲ” ਯਾਨੀ ਸਥਾਨਕ ਉਤਪਾਦਾਂ ਲਈ ਆਵਾਜ਼ ਉਠਾਉਣਾ ਹਰ ਨਾਗਰਿਕ ਦਾ ਜੀਵਨ ਮੰਤਰ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਿਸ਼ਨ ਰਾਸ਼ਟਰ ਦੇ ਲਈ ਕਠਿਨ ਨਹੀਂ ਹੈ, ਕਿਉਂਕਿ ਭਾਰਤ ਨੇ ਜਦੋਂ ਵੀ ਸੰਕਲਪ ਲਿਆ ਹੈ, ਉਸ ਨੇ ਹਮੇਸ਼ਾ ਕੰਮ ਕੀਤਾ ਹੈ। ਖਾਦੀ ਦੀ ਉਦਹਾਰਣ ਦਿੰਦੇ ਹੋਏ, ਜੋ ਕਦੇ ਖਤਮ ਹੋਣ ਦੀ ਕਗਾਰ ‘ਤੇ ਸੀ, ਸ਼੍ਰੀ ਮੋਦੀ ਨੇ ਰਾਸ਼ਟਰ ਦੇ ਲਈ ਆਪਣੀ ਅਪੀਲ ਨੂੰ ਯਾਦ ਕੀਤਾ, ਜਿਸ ਦੇ ਕਾਰਨ ਸਮੂਹਿਕ ਸੰਕਲਪ ਅਤੇ ਪਰਿਣਾਮ ਦਿਖਾਈ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇੱਕ ਦਹਾਕੇ ਵਿੱਚ ਖਾਦੀ ਦੀ ਵਿਕਰੀ ਵਿੱਚ ਲਗਭਗ ਸੱਤ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ ‘ਵੋਕਲ ਫੋਰ ਲੋਕਲ’ ਦੀ ਭਾਵਨਾ ਦੇ ਨਾਲ ਖਾਦੀ ਨੂੰ ਅਪਣਾਇਆ ਹੈ। ਪ੍ਰਧਾਨ ਮੰਤਰੀ ਨੇ ਮੇਡ ਇਨ ਇੰਡੀਆ ਮੋਬਾਈਲ ਫੋਨ ਵਿੱਚ ਨਾਗਰਿਕਾਂ ਦੁਆਰਾ ਦਿਖਾਏ ਗਏ ਵਿਸ਼ਵਾਸ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, “11 ਵਰ੍ਹੇ ਪਹਿਲਾਂ ਭਾਰਤ ਨੇ ਆਪਣੇ ਵੱਧ ਤੋਂ ਵੱਧ ਮੋਬਾਈਲ ਫੋਨ ਦਾ ਆਯਾਤ ਕੀਤਾ ਸੀ। ਅੱਜ, ਵੱਧ ਤੋਂ ਵੱਧ ਮੇਡ ਇਨ ਇੰਡੀਆ ਫੋਨ ਦਾ ਉਪਯੋਗ ਕਰਦੇ ਹਨ। ਭਾਰਤ ਹੁਣ ਸਲਾਨਾ 30 ਤੋਂ 35 ਕਰੋੜ ਮੋਬਾਈਲ ਫੋਨ ਦਾ ਮੈਨੂਫੈਕਚਰਿੰਗ ਅਤੇ ਨਿਰਯਾਤ ਕਰ ਰਿਹਾ ਹੈ।’
ਇਹ ਦੇਖਦੇ ਹੋਏ ਕਿ ਭਾਰਤ ਦਾ ਮੇਡ ਇਨ ਇੰਡੀਆ ਯੂਪੀਆਈ ਅੱਜ ਦੁਨੀਆ ਦਾ ਸਭ ਤੋਂ ਵੱਡਾ ਰੀਅਲ-ਟਾਈਮ ਡਿਜੀਟਲ ਭੁਗਤਾਨ ਮੰਚ ਬਣ ਗਿਆ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਭਾਰਤ ਨਿਰਮਿਤ ਰੇਲ ਡੱਬਿਆਂ (rail coaches) ਅਤੇ ਰੇਲ ਇੰਜਣਾਂ ਦੀ ਹੁਣ ਹੋਰ ਦੇਸ਼ਾਂ ਵਿੱਚ ਮੰਗ ਵਧ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੜਕ ਬੁਨਿਆਦੀ ਢਾਂਚੇ ਅਤੇ ਸਮੁੱਚੇ ਬੁਨਿਆਦੀ ਢਾਂਚੇ ਦੇ ਲਈ ਭਾਰਤ ਨੇ ਗਤੀ ਸ਼ਕਤੀ ਪਲੈਟਫਾਰਮ ਵਿਕਸਿਤ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪਲੈਟਫਾਰਮ ਵਿੱਚ ਡੇਟਾ ਦੀ 1,600 ਪਰਤਾਂ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪ੍ਰੋਜੈਕਟ ਦੇ ਲਈ, ਪਲੈਟਫਾਰਮ ਸਾਰੀਆਂ ਪ੍ਰਾਸੰਗਿਕ ਸਥਿਤੀਆਂ ਅਤੇ ਰੈਗੂਲੇਟਰੀ ਜ਼ਰੂਰਤਾਂ ਤੱਕ ਤੇਜ਼ ਪਹੁੰਚ ਪ੍ਰਦਾਨ ਕਰਦਾ ਹੈ- ਭਾਵੇਂ ਇਸ ਵਿੱਚ ਵਣਜੀਵ, ਵਣ ਖੇਤਰ, ਨਦੀਆਂ ਜਾਂ ਨਾਲੇ (drains) ਸ਼ਾਮਲ ਹੋਣ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸਾਰੀ ਜਾਣਕਾਰੀ ਮਿੰਟਾਂ ਵਿੱਚ ਉਪਲਬਧ ਹੈ, ਜਿਸ ਨਾਲ ਪ੍ਰੋਜੈਕਟ ਤੇਜ਼ੀ ਨਾਲ ਪ੍ਰਗਤੀ ਕਰ ਸਕਦੇ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਗਤੀ ਸ਼ਕਤੀ ਦੇ ਲਈ ਇੱਕ ਸਮਰਪਿਤ ਯੂਨੀਵਰਸਿਟੀ ਹੁਣ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗਤੀ ਸ਼ਕਤੀ ਰਾਸ਼ਟਰ ਦੀ ਪ੍ਰਗਤੀ ਦੇ ਲਈ ਇੱਕ ਸ਼ਕਤੀਸ਼ਾਲੀ ਅਤੇ ਪਰਿਵਰਤਨਕਾਰੀ ਰਾਹ ਬਣ ਗਿਆ ਹੈ।
ਇੱਕ ਦਹਾਕੇ ਪਹਿਲਾਂ ਭਾਰਤ ਵਿੱਚ ਖਿਡੌਣਿਆਂ ਦਾ ਆਯਾਤ ਕੀਤੇ ਜਾਣ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਭਾਰਤੀਆਂ ਨੇ “ਵੋਕਲ ਫੋਰ ਲੋਕਲ” ਨੂੰ ਅਪਣਾਉਣ ਦਾ ਸੰਕਲਪ ਲਿਆ, ਤਾਂ ਨਾ ਕੇਵਲ ਘਰੇਲੂ ਖਿਡੌਣਾ ਉਤਪਾਦਨ ਵਿੱਚ ਬਹੁਤ ਵਾਧਾ ਹੋਇਆ, ਸਗੋਂ ਭਾਰਤ ਨੇ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਨੂੰ ਖਿਡੌਣਿਆਂ ਦਾ ਨਿਰਯਾਤ ਵੀ ਸ਼ੁਰੂ ਕੀਤਾ।
ਸਾਰੇ ਨਾਗਰਿਕਾਂ ਨੂੰ ਭਾਰਤ ਵਿੱਚ ਬਣੇ ਉਤਪਾਦਾਂ ‘ਤੇ ਭਰੋਸਾ ਰੱਖਣ ਦੀ ਤਾਕੀਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਭਾਰਤ ਵਿੱਚ ਬਣੇ ਸਮਾਨ ਚੁਣਨ ਦੀ ਤਾਕੀਦ ਕਰਦੇ ਹੋਏ ਕਿਹਾ, “ਜੇਕਰ ਤੁਸੀਂ ਭਾਰਤੀ ਹੋ, ਤਾਂ ਓਹੀ ਖਰੀਦੋ ਜੋ ਭਾਰਤ ਵਿੱਚ ਬਣਿਆ ਹੈ।” ਵਰਤਮਾਨ ਵਿੱਚ ਤਿਉਹਾਰੀ ਮੌਸਮ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਸਾਰਿਆਂ ਨੂੰ ਆਪਣੇ ਅਜ਼ੀਜ਼ਾਂ ਦੇ ਨਾਲ ਸਥਾਨਕ ਉਤਪਾਦ ਦੀ ਖੁਸ਼ੀ ਸਾਂਝਾ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਤਾਕੀਦ ਕੀਤੀ ਕਿ ਉਹ ਕੇਵਲ ਉਨ੍ਹਾਂ ਚੀਜ਼ਾਂ ਨੂੰ ਉਪਹਾਰ ਵਿੱਚ ਦੇਣ ਦਾ ਫੈਸਲਾ ਲੈਣ ਜੋ ਭਾਰਤ ਵਿੱਚ ਬਣੀਆਂ ਹੋਣ ਅਤੇ ਭਾਰਤੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਹੋਣ।
ਦੇਸ਼ ਭਰ ਦੇ ਦੁਕਾਨਦਾਰਾਂ ਬਾਰੇ ਇਹ ਸਵੀਕਾਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਕੁਝ ਲੋਕਾਂ ਨੇ ਥੋੜੇ ਵੱਧ ਲਾਭ ਦੇ ਲਈ ਵਿਦੇਸ਼ ਨਿਰਮਿਤ ਸਮਾਨ ਵੇਚੇ ਹੋਣਗੇ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ, ਲੇਕਿਨ ਉਨ੍ਹਾਂ ਨੂੰ ਹੁਣ “ਵੋਕਲ ਫੋਰ ਲੋਕਲ” ਦੇ ਮੰਤਰ ਨੂੰ ਅਪਣਾਉਣ ਦੀ ਤਾਕੀਦ ਕਰ ਰਿਹਾ ਹਾਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਇੱਕ ਕਦਮ ਨਾਲ ਰਾਸ਼ਟਰ ਨੂੰ ਲਾਭ ਹੋਵੇਗਾ ਅਤੇ ਵੇਚੀ ਜਾਣ ਵਾਲੀ ਹਰੇਕ ਚੀਜ਼ ਇੱਕ ਭਾਰਤੀ ਮਜ਼ਦੂਰ ਜਾਂ ਗ਼ਰੀਬ ਨਾਗਰਿਕ ਦੀ ਸਹਾਇਤਾ ਕਰੇਗੀ। ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਹਰੇਕ ਵਿਕਰੀ ਤੋਂ ਪ੍ਰਾਪਤ ਧਨ ਭਾਰਤ ਦੇ ਅੰਦਰ ਹੀ ਰਹੇਗਾ ਅਤੇ ਇਸ ਨਾਲ ਸਾਥੀ ਦੇਸ਼ਵਾਸੀਆਂ ਨੂੰ ਲਾਭ ਹੋਵੇਗਾ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਭਾਰਤੀ ਨਾਗਰਿਕਾਂ ਦੀ ਖਰੀਦ ਸ਼ਕਤੀ ਵਧੇਗੀ ਅਤੇ ਅਰਥਵਿਵਸਥਾ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਮੇਡ ਇਨ ਇੰਡੀਆ ਉਤਪਾਦਾਂ ਨੂੰ ਮਾਣ ਦੇ ਨਾਲ ਵੇਚਣ ਦੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਨਵੇਂ ਕੇਂਦਰੀ ਸਕੱਤਰੇਤ- ਕਰਤੱਵਯ ਭਵਨ ਦੇ ਉਦਘਾਟਨ ਅਤੇ ਨਵੇਂ ਸੰਸਦ ਭਵਨ ਦੇ ਪੂਰਾ ਹੋਣ ‘ਤੇ ਚਾਨਣਾ ਪਾਉਂਦੇ ਹੋਏ ਕਿਹਾ, “ਦਿੱਲੀ ਇੱਕ ਅਜਿਹੀ ਰਾਜਧਾਨੀ ਦੇ ਰੂਪ ਵਿੱਚ ਉਭਰ ਰਹੀ ਹੈ ਜੋ ਭਾਰਤ ਦੇ ਗੌਰਵਸ਼ਾਲੀ ਅਤੀਤ ਨੂੰ ਉਸ ਦੇ ਆਸ਼ਾਜਨਕ ਭਵਿੱਖ ਦੇ ਨਾਲ ਜੋੜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਰਤੱਵਯ ਪਥ ਹੁਣ ਆਪਣੇ ਨਵੇਂ ਰੂਪ ਵਿੱਚ ਰਾਸ਼ਟਰ ਦੇ ਸਾਹਮਣੇ ਖੜ੍ਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਮੰਡਪਮ ਅਤੇ ਯਸ਼ੋਭੂਮੀ ਜਿਹੇ ਆਧੁਨਿਕ ਸੰਮੇਲਨ ਕੇਂਦਰ ਦਿੱਲੀ ਦੇ ਕਦ ਨੂੰ ਵਧਾ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਘਟਨਾਕ੍ਰਮ ਦਿੱਲੀ ਨੂੰ ਵਪਾਰ ਅਤੇ ਵਣਜ ਦੇ ਲਈ ਇੱਕ ਪ੍ਰਮੁੱਖ ਸਥਲ ਦੇ ਰੂਪ ਵਿੱਚ ਸਥਾਪਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਦੀ ਸ਼ਕਤੀ ਅਤੇ ਪ੍ਰੇਰਣਾ ਦੇ ਨਾਲ, ਦਿੱਲੀ ਦੁਨੀਆ ਦੀਆਂ ਬਿਹਤਰੀਨ ਰਾਜਧਾਨੀਆਂ ਵਿੱਚੋਂ ਇੱਕ ਦੇ ਰੂਪ ਵਿੱਚ ਉਭਰੇਗੀ।
ਇਸ ਅਵਸਰ ‘ਤੇ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ, ਦਿੱਲੀ ਦੇ ਉਪ ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੈਨਾ, ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ, ਕੇਂਦਰੀ ਰਾਜ ਮੰਤਰੀ ਸ਼੍ਰੀ ਅਜੈ ਟਮਟਾ ਅਤੇ ਸ਼੍ਰੀ ਹਰਸ਼ ਮਲਹੋਤਰਾ ਵੀ ਮੌਜੂਦ ਸਨ।
ਪਿਛੋਕੜ
ਇਹ ਪ੍ਰੋਜੈਕਟ— ਦਵਾਰਕਾ ਐਕਸਪ੍ਰੈੱਸਵੇਅ ਦਾ ਦਿੱਲੀ ਸੈਕਸ਼ਨ ਅਤੇ ਸ਼ਹਿਰੀ ਵਿਸਤਾਰ ਸੜਕ -II (ਯੂਈਆਰ/UER -II )- ਰਾਜਧਾਨੀ ਨੂੰ ਭੀੜਭਾੜ ਤੋਂ ਮੁਕਤ ਕਰਨ ਦੀ ਸਰਕਾਰ ਦੀ ਵਿਆਪਕ ਯੋਜਨਾ ਦੇ ਤਹਿਤ ਵਿਕਸਿਤ ਕੀਤੇ ਗਏ ਹਨ। ਇਨ੍ਹਾਂ ਦਾ ਉਦੇਸ਼ ਕਨੈਕਟਿਵਿਟੀ ਵਿੱਚ ਵਿਆਪਕ ਸੁਧਾਰ, ਯਾਤਰਾ ਸਮੇਂ ਵਿੱਚ ਕਮੀ ਅਤੇ ਦਿੱਲੀ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿੱਚ ਟ੍ਰੈਫਿਕ ਵਿੱਚ ਕਮੀ ਲਿਆਉਣਾ ਹੈ। ਇਹ ਪਹਿਲਕਦਮੀਆਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਵਿਸ਼ਵ-ਪੱਧਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀਆਂ ਹਨ ਜੋ ਜੀਵਨ ਨੂੰ ਸੁਗਮ ਬਣਾਉਂਦੀਆਂ ਹਨ ਅਤੇ ਨਿਰਵਿਘਨ ਗਤੀਸ਼ੀਲਤਾ (seamless mobility) ਯਕੀਨੀ ਬਣਾਉਂਦੀਆਂ ਹਨ।
ਦਵਾਰਕਾ ਐਕਸਪ੍ਰੈੱਸਵੇਅ ਦੇ 10.1 ਕਿਲੋਮੀਟਰ ਲੰਬੇ ਦਿੱਲੀ ਸੈਕਸ਼ਨ ਦਾ ਵਿਕਾਸ ਲਗਭਗ 5,360 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਹ ਸੈਕਸ਼ਨ ਯਸ਼ੋਭੂਮੀ (Yashobhoomi), ਡੀਐੱਮਆਰਸੀ ਦੀ ਬਲਿਊ ਲਾਇਨ ਅਤੇ ਔਰੇਂਜ ਲਾਇਨ (DMRC Blue line and Orange line), ਆਗਾਮੀ ਬਿਜਵਾਸਨ (Bijwasan) ਰੇਲਵ ਸਟੇਸ਼ਨ ਅਤੇ ਦਵਾਰਕਾ ਕਲਸਟਰ ਡਿਪੂ ਨੂੰ ਮਲਟੀ-ਮੋਡਲ ਕਨੈਕਟਿਵਿਟੀ (Multi-modal connectivity) ਵੀ ਪ੍ਰਦਾਨ ਕਰੇਗਾ। ਇਸ ਸੈਕਸ਼ਨ ਵਿੱਚ ਸ਼ਾਮਲ ਹਨ:
-
ਪੈਕੇਜ I- ਸ਼ਿਵ ਮੂਰਤੀ ਚੌਰਾਹੇ ਤੋਂ ਦਵਾਰਕਾ ਸੈਕਟਰ-21 ਰੋਡ ਅੰਡਰ ਬ੍ਰਿਜ (ਆਰਯੂਬੀ/RUB) ਤੱਕ 5.9 ਕਿਲੋਮੀਟਰ
-
ਪੈਕੇਜ II - ਦਵਾਰਕਾ ਸੈਕਟਰ -21 (ਆਰਯੂਬੀ/RUB) ਤੋਂ ਦਿੱਲੀ-ਹਰਿਆਣਾ ਸੀਮਾ ਤੱਕ 4.2 ਕਿਲੋਮੀਟਰ, ਸ਼ਹਿਰੀ ਵਿਸਤਾਰ ਰੋਡ-II ਨੂੰ ਸਿੱਧੀ ਕਨੈਕਟੀਵਿਟੀ ਪ੍ਰਦਾਨ ਕਰਨਾ।
ਵਿਸਤਾਰ ਰੋਡ-II
ਦਵਾਰਕਾ ਐਕਸਪ੍ਰੈੱਸਵੇਅ ਦੇ 19 ਕਿਲੋਮੀਟਰ ਲੰਬੇ ਹਰਿਆਣਾ ਸੈਕਸ਼ਨ ਦਾ ਉਦਘਾਟਨ ਪ੍ਰਧਾਨ ਮੰਤਰੀ ਦੁਆਰਾ ਪਹਿਲੇ ਮਾਰਚ 2024 ਵਿੱਚ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਲਗਭਗ 5,580 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ, ਬਹਾਦੁਰਗੜ੍ਹ ਅਤੇ ਸੋਨੀਪਤ ਦੇ ਲਈ ਨਵੇਂ ਸੰਪਰਕ ਮਾਰਗਾਂ ਦੇ ਨਾਲ, ਸ਼ਹਿਰੀ ਵਿਸਤਾਰ ਰੋਡ-II (ਯੂਈਆਰ-II) ਦੇ ਅਲੀਪੁਰ ਤੋਂ ਢਿੰਚਾਊ ਕਲਾਂ (Alipur to Dichaon Kalan) ਹਿੱਸੇ ਦਾ ਵੀ ਉਦਘਾਟਨ ਕੀਤਾ। ਇਸ ਨਾਲ ਦਿੱਲੀ ਦੇ ਅੰਦਰੂਨੀ ਅਤੇ ਬਾਹਰੀ ਰਿੰਗ ਰੋਡ ਅਤੇ ਮੁਕਰਬਾ ਚੌਕ, ਧੌਲਾ ਕੂੰਆਂ ਅਤੇ ਐੱਨਐੱਚ-09 ਜਿਹੇ ਭੀੜ-ਭਾੜ ਵਾਲੇ ਸਥਾਨਾਂ ‘ਤੇ ਟ੍ਰੈਫਿਕ ਸੁਗਮ ਹੋਵੇਗੀ। ਨਵੇਂ ਮਾਰਗ ਨਾਲ ਬਹਾਦੁਰਗੜ੍ਹ ਅਤੇ ਸੋਨੀਪਤ ਤੱਕ ਸਿੱਧੀ ਪਹੁੰਚ ਹੋਵੇਗੀ, ਉਦਯੋਗਿਕ ਸੰਪਰਕ ਵਿੱਚ ਸੁਧਾਰ ਹੋਵੇਗਾ, ਸ਼ਹਿਰੀ ਟ੍ਰੈਫਿਕ ਘੱਟ ਹੋਵੇਗੀ ਅਤੇ ਐੱਨਸੀਆਰ (NCR) ਵਿੱਚ ਮਾਲ ਦੀ ਆਵਾਜਾਈ (goods movement) ਵਿੱਚ ਤੇਜ਼ੀ ਆਵੇਗੀ।
https://x.com/narendramodi/status/1956993831611613320
https://x.com/PMOIndia/status/1956995028003553736
https://x.com/PMOIndia/status/1956996999326167262
https://x.com/PMOIndia/status/1956998603160814003
https://x.com/PMOIndia/status/1956998885844635894
https://x.com/PMOIndia/status/1956999532975181909
https://x.com/PMOIndia/status/1957000400978014366
https://www.youtube.com/watch?v=liTqa5sG9cg
************
ਐੱਮਜੇਪੀਐੱਸ/ਐੱਸਆਰ
(Release ID: 2157330)