ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦਾ 79ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਦੇ ਨਾਮ ਸੰਦੇਸ਼

Posted On: 14 AUG 2025 7:40PM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ, 

ਨਮਸਕਾਰ!

 

ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਮੈਂ ਤੁਹਾਨੂੰ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦੀ ਹਾਂ। ਸਾਡੇ ਸਾਰਿਆਂ ਦੇ ਲਈ ਇਹ ਮਾਣ ਦੀ ਗੱਲ ਹੈ ਕਿ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਨੂੰ, ਸਾਰੇ ਭਾਰਤੀ ਬਹੁਤ ਉਤਸ਼ਾਹ ਅਤੇ ਉਮੰਗ ਨਾਲ ਮਨਾਉਂਦੇ ਹਨ। ਇਹ ਦਿਨ ਸਾਨੂੰ ਭਾਰਤੀ ਹੋਣ ਦੇ ਗੌਰਵ ਦੀ ਯਾਦ ਦਿਵਾਉਂਦੇ ਹਨ।

 

ਪੰਦਰ੍ਹਾਂ ਅਗਸਤ ਦੀ ਤਾਰੀਖ, ਸਾਡੀ ਸਮੂਹਿਕ ਯਾਦ ਵਿੱਚ ਡੂੰਘਾਈ ਨਾਲ ਉੱਕਰੀ ਹੋਈ ਹੈ।ਬਸਤੀਵਾਦੀ ਸ਼ਾਸਨ ਦੇ ਲੰਬੇ ਸਮੇਂ ਦੌਰਾਨ, ਦੇਸ਼ਵਾਸੀਆਂ  ਦੀਆਂ ਕਈ ਪੀੜ੍ਹੀਆਂ ਨੇ ਸੁਪਨਾ ਦੇਖਿਆ ਸੀ ਕਿ ਇੱਕ ਦਿਨ ਦੇਸ਼ ਆਜ਼ਾਦ ਹੋਵੇਗਾ। ਦੇਸ਼ ਦੇ ਹਰ ਹਿੱਸੇ ਵਿੱਚ ਰਹਿਣ ਵਾਲੇ ਲੋਕ - ਮਰਦ ਅਤੇ ਔਰਤਾਂ, ਬੁੱਢੇ ਅਤੇ ਜਵਾਨ - ਵਿਦੇਸ਼ੀ ਸ਼ਾਸਨ ਦੀਆਂ ਬੇੜੀਆਂ ਨੂੰ ਤੋੜਨ ਲਈ ਬੇਤਾਬ ਸਨ। ਉਨ੍ਹਾਂ ਦੇ ਸੰਘਰਸ਼ ਵਿੱਚ ਨਿਰਾਸ਼ਾ ਨਹੀਂ ਸਗੋਂ ਉਮੀਦ ਦੀ ਭਾਵਨਾ ਲਬਰੇਜ਼ ਸੀ। ਉਮੀਦ ਦੀ ਇਹੀ ਭਾਵਨਾ ਸੁਤੰਤਰਤਾ ਤੋਂ ਬਾਅਦ ਸਾਡੀ ਤਰੱਕੀ ਨੂੰ ਊਰਜਾਵਾਨ ਕਰਦੀ ਰਹੀ ਹੈ। ਕੱਲ੍ਹ ਜਦੋਂ ਅਸੀਂ ਆਪਣੇ ਤਿਰੰਗੇ ਨੂੰ ਸਲਾਮੀ ਦੇ ਰਹੇ ਹੋਵਾਂਗੇ, ਤਾਂ ਅਸੀਂ ਉਨ੍ਹਾਂ ਸਾਰੇ ਸੁਤੰਤਰਤਾ ਘੁਲਾਟੀਆਂ ਨੂੰ ਵੀ ਸ਼ਰਧਾਂਜਲੀ ਅਰਪਿਤ ਕਰਾਂਗੇ ਜਿਨ੍ਹਾਂ ਦੀ ਕੁਰਬਾਨੀ ਬਦੌਲਤ, 78 ਸਾਲ ਪਹਿਲਾਂ, 15 ਅਗਸਤ ਦੇ ਦਿਨ,  ਭਾਰਤ ਨੇ ਸੁਤੰਤਰਤਾ ਹਾਸਲ ਕੀਤੀ ਸੀ। 

ਆਪਣੀ ਸੁਤੰਤਰਤਾ ਮੁੜ ਹਾਸਲ ਕਰਨ ਤੋਂ ਬਾਅਦ, ਅਸੀਂ ਇੱਕ ਅਜਿਹੇ ਲੋਕਤੰਤਰ ਦੇ ਰਾਹ 'ਤੇ ਅੱਗੇ ਵਧੇ, ਜਿਸ ਵਿੱਚ ਸਾਰੇ ਬਾਲਗਾਂ ਨੂੰ ਵੋਟ ਪਾਉਣ ਦਾ ਅਧਿਕਾਰ ਸੀ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ, ਅਸੀਂ ਭਾਰਤ ਦੇ ਲੋਕਾਂ ਨੇ, ਆਪਣੀ ਕਿਸਮਤ ਨੂੰ ਆਕਾਰ ਦੇਣ ਦਾ ਅਧਿਕਾਰ ਆਪਣੇ ਲਈ ਜਤਾਇਆ ਹੈ। ਬਹੁਤ ਸਾਰੀਆਂ ਲੋਕਤੰਤਰੀ ਪ੍ਰਣਾਲੀਆਂ ਵਿੱਚ, ਲਿੰਗ, ਧਰਮ ਅਤੇ ਹੋਰ ਅਧਾਰਾਂ 'ਤੇ ਲੋਕਾਂ ਦੇ ਵੋਟ ਪਾਉਣ ਦੇ ਅਧਿਕਾਰ 'ਤੇ ਪਾਬੰਦੀਆਂ ਹੁੰਦੀਆਂ ਸਨ। ਪਰ ਅਸੀਂ ਅਜਿਹਾ ਨਹੀਂ ਕੀਤਾ। ਚੁਣੌਤੀਆਂ ਦੇ ਬਾਵਜੂਦ, ਭਾਰਤ ਦੇ ਲੋਕਾਂ ਨੇ ਲੋਕਤੰਤਰ ਨੂੰ ਬਹੁਤ ਉਤਸ਼ਾਹ ਨਾਲ ਸਵੀਕਾਰ ਕੀਤਾ। ਲੋਕਤੰਤਰ ਨੂੰ ਅਪਣਾਉਣਾ ਸਾਡੀਆਂ ਪ੍ਰਾਚੀਨ ਲੋਕਤੰਤਰੀ ਕਦਰਾਂ-ਕੀਮਤਾਂ ਦਾ ਸਹਿਜ ਪ੍ਰਗਟਾਵਾ ਸੀ। ਭਾਰਤ ਦੀ ਧਰਤੀ ਦੁਨੀਆ ਦੇ ਸਭ ਤੋਂ ਪੁਰਾਣੇ ਗਣਰਾਜਾਂ ਦੀ ਧਰਤੀ ਰਹੀ ਹੈ। ਇਸਨੂੰ ਲੋਕਤੰਤਰ ਦੀ ਮਾਂ ਕਹਿਣਾ ਬਿਲਕੁੱਲ ਸਹੀ ਹੈ।  ਸਾਡੇ ਦੁਆਰਾ ਅਪਣਾਏ ਗਏ ਸੰਵਿਧਾਨ ਦੀ ਨੀਂਹ 'ਤੇ ਸਾਡੇ ਲੋਕਤੰਤਰ ਦੀ ਇਮਾਰਤ ਦਾ ਨਿਰਮਾਣ ਹੋਇਆ ਹੈ। ਅਸੀਂ ਲੋਕਤੰਤਰ 'ਤੇ ਅਧਾਰਿਤ ਅਜਿਹੀਆਂ ਸੰਸਥਾਵਾਂ ਦਾ ਨਿਰਮਾਣ ਕੀਤਾ ਜਿਸ ਨਾਲ ਲੋਕਤੰਤਰੀ ਕਾਰਜਸ਼ੀਲਤਾ ਨੂੰ ਮਜ਼ਬੂਤੀ ਮਿਲੀ। ਸਾਡੇ ਲਈ, ਸਾਡਾ ਸੰਵਿਧਾਨ ਅਤੇ ਸਾਡਾ ਲੋਕਤੰਤਰ ਸਰਬਉੱਚ ਹੈ। 

ਅਤੀਤ ਵੱਲ ਝਾਤ ਮਾਰਦੇ ਹੋਏ, ਸਾਨੂੰ ਦੇਸ਼ ਦੀ ਵੰਡ ਕਾਰਨ ਹੋਏ ਦਰਦ ਨੂੰ ਕਦੇ ਨਹੀਂ ਭੁਲਣਾ ਚਾਹੀਦਾ। ਅੱਜ ਅਸੀਂ ਵੰਡ ਦੀ ਵਰ੍ਹੇਗੰਢ ਦੀ ਯਾਦ ਮਨਾਈ। ਵੰਡ ਕਾਰਨ ਭਿਆਨਕ ਹਿੰਸਾ ਦੇਖੀ ਗਈ ਅਤੇ ਲੱਖਾਂ ਲੋਕਾਂ ਨੂੰ ਬੇਘਰ ਹੋਣ ਲਈ ਮਜਬੂਰ ਕੀਤਾ ਗਿਆ। ਅੱਜ ਅਸੀਂ ਇਤਿਹਾਸ ਦੀਆਂ ਗਲਤੀਆਂ ਦੇ ਸ਼ਿਕਾਰ ਹੋਏ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। 

 

ਪਿਆਰੇ ਦੇਸ਼ਵਾਸੀਓ,

 

ਸਾਡੇ ਸੰਵਿਧਾਨ ਵਿੱਚ ਅਜਿਹਿਆਂ ਚਾਰ ਕਦਰਾਂ-ਕੀਮਤਾਂ ਦਾ ਜ਼ਿਕਰ ਹੈ, ਜੋ ਸਾਡੇ ਲੋਕਤੰਤਰ ਨੂੰ ਮਜ਼ਬੂਤ ਬਣਾ ਕੇ ਰੱਖਣ ਵਾਲੇ ਚਾਰ ਥੰਮ੍ਹ  ਹਨ। ਇਹ ਕਦਰਾਂ-ਕੀਮਤਾਂ ਹਨ -ਨਿਆਂ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ। ਇਹ ਸਾਡੀ ਸੱਭਿਅਤਾ ਦੇ ਅਜਿਹੇ ਸਿਧਾਂਤ ਹਨ ਜਿਨ੍ਹਾਂ ਨੂੰ ਅਸੀਂ ਸੁਤੰਤਰਤਾ ਦੇ ਸੰਘਰਸ਼ ਦੇ ਦੌਰਾਨ ਮੁੜ ਸੁਰਜੀਤ ਕੀਤਾ। ਮੇਰਾ ਮੰਨਣਾ ਹੈ ਕਿ ਇਨ੍ਹਾਂ ਸਾਰੀਆਂ ਕਦਰਾਂ-ਕੀਮਤਾਂ ਦੇ ਮੂਲ ਵਿੱਚ, ਵਿਅਕਤੀ ਦੇ ਮਾਣ-ਸਨਮਾਨ ਦਾ ਸੰਕਲਪ ਮੌਜੂਦ ਹੈ। ਹਰ ਵਿਅਕਤੀ ਬਰਾਬਰ ਹੈ, ਅਤੇ ਹਰ ਕਿਸੇ ਨੂੰ ਇਹ ਅਧਿਕਾਰ ਹੈ ਕਿ ਉਨ੍ਹਾਂ ਨਾਲ ਸਨਮਾਨ ਪੂਰਵਕ ਪੇਸ਼ ਆਇਆ ਜਾਏ।  ਸਿਹਤ ਸੇਵਾਵਾਂ ਅਤੇ ਸਿੱਖਿਆ ਸਹੂਲਤਾਂ ਤੱਕ, ਸਾਰਿਆਂ ਦੀ  ਬਰਾਬਰ ਪਹੁੰਚ ਹੋਣੀ ਚਾਹੀਦੀ ਹੈ। ਹਰ ਕਿਸੇ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਜਿਹੜੇ ਲੋਕ ਰਵਾਇਤੀ ਵਿਵਸਥਾ ਦੇ ਕਾਰਨ ਵਾਂਝੇ ਰਹਿ ਗਏ ਸਨ, ਉਨ੍ਹਾਂ ਨੂੰ ਮਦਦ ਦੀ ਲੋੜ ਸੀ। 

 

ਇਨ੍ਹਾਂ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ 1947 ਵਿੱਚ ਇੱਕ ਨਵੀਂ ਯਾਤਰਾ ਸ਼ੁਰੂ ਕੀਤੀ। ਵਿਦੇਸ਼ੀ ਸ਼ਾਸਨ ਦੇ ਲੰਬੇ ਸਮੇਂ ਤੋਂ ਬਾਅਦ, ਸੁਤੰਤਰਤਾ ਵੇਲੇ, ਭਾਰਤ ਘੋਰ ਗ਼ਰੀਬੀ ਨਾਲ ਜੂਝ ਰਿਹਾ ਸੀ।ਪਰ, ਉਦੋਂ ਤੋਂ ਹੁਣ ਤੱਕ ਦੇ 78 ਸਾਲਾਂ ਵਿੱਚ, ਅਸੀਂ ਸਾਰੇ ਖੇਤਰਾਂ ਵਿੱਚ ਅਸਾਧਾਰਣ ਤਰੱਕੀ ਕੀਤੀ ਹੈ। ਭਾਰਤ ਨੇ, ਸਵੈ-ਨਿਰਭਰ ਰਾਸ਼ਟਰ ਬਣਨ ਦੇ ਰਾਹ 'ਤੇ ਕਾਫ਼ੀ ਦੂਰੀ ਤਹਿ ਕਰ ਲਈ ਹੈ ਅਤੇ ਬਹੁਤ ਆਤਮਵਿਸ਼ਵਾਸ ਨਾਲ ਅੱਗੇ ਵਧਦਾ ਜਾ ਰਿਹਾ ਹੈ।

 

 ਆਰਥਿਕ ਖੇਤਰ ਵਿੱਚ, ਸਾਡੀਆਂ ਪ੍ਰਾਪਤੀਆਂ ਸਪਸ਼ਟ ਦੇਖੀਆਂ ਜਾ ਸਕਦੀਆਂ ਹਨ। ਪਿਛਲੇ ਵਿੱਤੀ ਸਾਲ ਵਿੱਚ 6.5 ਪ੍ਰਤੀਸ਼ਤ ਦੀ ਜੀਡੀਪੀਵਿਕਾਸ ਦੀ ਦਰ ਨਾਲ ਭਾਰਤ, ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਦੇਸ਼ ਹੈ। ਵਿਸ਼ਵ ਅਰਥਵਿਵਸਥਾ ਵਿੱਚ ਪ੍ਰਚਲਿਤ ਸਮੱਸਿਆਵਾਂ ਦੇ ਬਾਵਜੂਦ, ਘਰੇਲੂ ਮੰਗ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮਹਿੰਗਾਈ ਤੇ ਕੰਟਰੋਲ ਬਰਕਰਾਰ ਹੈ। ਨਿਰਯਾਤ ਵਧ ਰਿਹਾ ਹੈ। ਸਾਰੇ ਮੁੱਖ ਸੂਚਕ ਅਰਥਵਿਵਸਥਾ ਦੀ ਮਜ਼ਬੂਤ ਸਥਿਤੀ ਦਰਸਾ ਰਹੇ ਹਨ। ਇਹ ਸਾਡੇ ਮਜ਼ਦੂਰਾਂ ਅਤੇ ਕਿਸਾਨ ਭਰਾਵਾਂ ਅਤੇ ਭੈਣਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੇ ਨਾਲ-ਨਾਲ ਸੋਚ-ਸਮਝ ਕੇ ਕੀਤੇ ਸੁਧਾਰਾਂ ਅਤੇ ਕੁਸ਼ਲ ਆਰਥਿਕ ਪ੍ਰਬੰਧਾਂ ਦਾ ਵੀ ਨਤੀਜਾ ਹੈ।

 

 ਕੁਸ਼ਲ ਸਾਸ਼ਨ ਰਾਹੀਂ, ਵੱਡੀ ਗਿਣਤੀ ਵਿੱਚ,  ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ। ਸਰਕਾਰ, ਗਰੀਬਾਂ ਲਈ ਕਈ ਭਲਾਈ ਯੋਜਨਾਵਾਂ ਚਲਾ ਰਹੀ ਹੈ। ਜਿਹੜੇ ਲੋਕ ਗਰੀਬੀ ਰੇਖਾ ਤੋਂ ਉੱਪਰ ਆ ਗਏ ਹਨ ਪਰ ਮਜ਼ਬੂਤ ਸਥਿਤੀ ਵਿੱਚ ਨਹੀਂ ਹਨ, ਉਨ੍ਹਾਂ ਨੂੰ ਵੀ ਅਜਿਹੀਆਂ ਯੋਜਨਾਵਾਂ ਦੀ ਸੁਰੱਖਿਆ ਪ੍ਰਾਪਤ ਹੈ ਤਾਂ ਜੋ ਉਹ ਦੁਬਾਰਾ ਗਰੀਬੀ ਰੇਖਾ ਤੋਂ ਹੇਠਾਂ ਨਾ ਚਲੇ ਜਾਣ। ਇਹ ਭਲਾਈ ਯਤਨ, ਸਮਾਜਿਕ ਸੇਵਾਵਾਂ 'ਤੇ ਵਧੇ ਹੋਏ ਖਰਚ ਵਿੱਚ ਪ੍ਰਤੀਬਿੰਬਤ ਹੁੰਦੇ ਹਨ। ਆਮਦਨ ਵਿਚ ਅਸਮਾਨਤਾਵਾਂ ਘੱਟ ਰਹੀਆਂ ਹਨ। ਖੇਤਰੀ ਅਸਮਾਨਤਾਵਾਂ ਵੀ ਘੱਟ ਹੋ ਰਹੀਆਂ ਹਨ। ਜਿਹੜੇ ਰਾਜ ਅਤੇ ਖੇਤਰ ਪਹਿਲਾਂ ਕਮਜ਼ੋਰ ਆਰਥਿਕ ਪ੍ਰਦਰਸ਼ਨ ਲਈ ਜਾਣੇ ਜਾਂਦੇ ਸਨ, ਹੁਣ ਆਪਣੀ ਅਸਲ ਸਮਰੱਥਾ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੋਹਰੀ ਰਾਜਾਂ ਦੇ ਨਾਲ ਬਰਾਬਰੀ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਹੇ ਹਨ।ਸਾਡੇ ਮੋਹਰੀ ਵਪਾਰੀਆਂ, ਛੋਟੇ ਅਤੇ ਦਰਮਿਆਨ ਉੱਦਮੀਆਂ ਅਤੇ ਵਪਾਰੀਆਂ ਨੇ ਹਮੇਸ਼ਾਂ, ਕੁਝ ਕਰ ਦਿਖਾਉਣ ਦੀ ਭਾਵਨਾ ਨੂੰ ਦਰਸਾਇਆ ਹੈ। ਤਰੱਕੀ ਦੇ ਵਾਧੇ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਜ਼ਰੂਰਤ ਸੀ। ਪਿਛਲੇ ਇੱਕ ਦਹਾਕੇ ਦੌਰਾਨ, ਬੁਨਿਆਦੀ ਢਾਂਚੇ ਵਿੱਚ ਹੋਏ ਵਿਕਾਸ ਵਿੱਚ, ਇਹ ਸਪਸ਼ਟ ਰੂਪ ਨਾਲ ਦਿਸਦਾ ਹੈ। ਅਸੀਂ ਭਾਰਤਮਾਲਾ ਪਰਿਯੋਜਨਾ ਦੇ ਤਹਿਤ ਰਾਸ਼ਟਰੀ ਰਾਜਮਾਰਗ ਨੈੱਟਵਰਕ ਦਾ ਮਜ਼ਬੂਤੀ ਨਾਲ ਵਿਸਥਾਰ ਕੀਤਾ ਹੈ। ਰੇਲਵੇ ਨੇ ਵੀ ਨਵੀਨਤਾ ਨੂੰ ਪ੍ਰੋਤਸਾਹਨ ਦਿੱਤਾ ਹੈ ਅਤੇ ਨਵੀਨਤਮ ਟੈਕਨੋਲੋਜੀ ਨਾਲ ਲੈਸ ਨਵੀਂ ਕਿਸਮ ਦੀਆਂ ਰੇਲਗੱਡੀਆਂ ਅਤੇ ਡੱਬਿਆਂ ਦਾ ਉਪਯੋਗ ਕੀਤਾ ਜਾਣ ਲੱਗਾ ਹੈ। ਕਸ਼ਮੀਰ ਘਾਟੀ ਵਿੱਚ ਰੇਲ-ਸੰਪਰਕ ਦੀ ਸ਼ੁਰੂਆਤ ਕਰਨਾ, ਇੱਕ ਪ੍ਰਮੁੱਖ ਪ੍ਰਾਪਤੀ ਹੈ। ਬਾਕੀ ਭਾਰਤ ਦੇ ਨਾਲ ਘਾਟੀ ਦਾ ਰੇਲ-ਸੰਪਰਕ, ਉਸ ਖੇਤਰ ਵਿੱਚ ਵਪਾਰ ਅਤੇ ਸੈਰ-ਸਪਾਟੇ ਨੂੰ ਵਧਾਵੇਗਾ ਅਤੇ ਨਵੀਂਆਂ ਆਰਥਿਕ ਸੰਭਾਵਨਾਵਾਂ ਦੇ ਬੂਹੇ ਖੋਲੇਗਾ। ਕਸ਼ਮੀਰ ਵਿੱਚ, ਇੰਜੀਨੀਅਰਿੰਗ ਦੀ ਇਹ ਅਸਾਧਾਰਣ ਪ੍ਰਾਪਤੀ, ਸਾਡੇ ਦੇਸ਼ ਲਈ ਇੱਕ ਇਤਿਹਾਸਿਕ ਮੀਲ ਦਾ ਪੱਥਰ ਹੈ।

ਦੇਸ਼ ਵਿੱਚ ਸ਼ਹਿਰੀਕਰਨ ਤੇਜ਼ ਗਤੀ ਨਾਲ ਹੋ ਰਿਹਾ ਹੈ। ਇਸ ਲਈ, ਸ਼ਹਿਰਾਂ ਦੀ ਸਥਿਤੀ ਸੁਧਾਰਨ'ਤੇ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ। ਸ਼ਹਿਰੀ ਯਾਤਾਯਾਤ ਦੇ ਪ੍ਰਮੁੱਖ ਖੇਤਰ 'ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, ਸਰਕਾਰ ਨੇ ਮੈਟਰੋ ਰੇਲ ਸੁਵਿਧਾਵਾਂ ਦਾ ਵਿਸਥਾਰ ਕੀਤਾ ਹੈ। ਪਿਛਲੇ ਇੱਕ ਦਹਾਕੇ ਦੇ ਦੌਰਾਨ, ਮੈਟਰੋ ਰੇਲ ਸੇਵਾ ਦੀ ਸੁਵਿਧਾ ਵਾਲੇ  ਸ਼ਹਿਰਾਂ ਦੀ ਸੰਖਿਆ ਕਈ ਗੁਣਾ ਵੱਧ ਚੁਕੀ ਹੈ। ਸ਼ਹਿਰਾਂ ਦੀ ਦਿੱਖ ਸੁਧਾਰਨ ਅਤੇ ਸ਼ਹਿਰੀ ਪਰਿਵਰਤਨ ਦੇ ਲਈ  ਅਟਲ ਮਿਸ਼ਨ, ਯਾਨੀ ‘ਅਮਰੁਤ’ ਨੇ, ਇਹ ਯਕੀਨੀ ਬਣਾਇਆ  ਹੈ ਕਿ ਜ਼ਿਆਦਾ ਤੋਂ ਜ਼ਿਆਦਾ ਘਰਾਂ ਵਿੱਚ ਨਲ ਤੋਂ  ਪਾਣੀ ਦੀ ਭਰੋਸੇਯੋਗ ਪੂਰਤੀ ਹੋਵੇ ਅਤੇ ਸੀਵਰੇਜ਼ ਕਨੈਕਸ਼ਨ ਦੀ ਸੁਵਿਧਾ ਉਪਲਬਧ ਹੋਵੇ।

 

ਸਰਕਾਰ ਇਹ ਮੰਨਦੀ ਹੈ ਕਿ ਜੀਵਨ ਦੀਆਂ  ਬੁਨਿਆਦੀ ਸੁਵਿਧਾਵਾਂ 'ਤੇ, ਨਾਗਰਿਕਾਂ ਦਾ ਹੱਕ ਬਣਦਾ ਹੈ। ‘ਜਲ ਜੀਵਨ ਮਿਸ਼ਨ’ ਦੇ ਤਹਿਤ ਪੇਂਡੂ ਘਰਾਂ ਵਿੱਚ ਨਲ ਤੋਂ ਜਲ ਪਹੁੰਚਾਉਣ ਵਿੱਚ ਤਰੱਕੀ ਹੋ ਰਹੀ ਹੈ।

 

ਆਪਣੇ ਤਰ੍ਹਾਂ ਦੀ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ-ਸੇਵਾ ਯੋਜਨਾ, ‘ਆਯੁਸ਼ਮਾਨ ਭਾਰਤ’ ਦੇ ਤਹਿਤ, ਵੱਖ-ਵੱਖ ਕਦਮ ਚੁੱਕੇ ਗਏ ਹਨ। ਇਨ੍ਹਾਂ ਯਤਨਾਂ ਦੇ ਫਲਸਰੂਪ ਸਿਹਤ-ਸੇਵਾ ਦੇ ਖੇਤਰ ਵਿੱਚ, ਅਸੀਂ ਕ੍ਰਾਂਤੀਕਾਰੀ ਤਬਦੀਲੀ ਦੇਖ ਰਹੇ ਹਾਂ। ਇਸ ਯੋਜਨਾ ਦੇ ਤਹਿਤ ਹੁਣ ਤੱਕ 55 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਆ ਕਵਚ ਪ੍ਰਦਾਨ ਕੀਤੇ ਜਾ ਚੁੱਕੇ ਹਨ। ਸਰਕਾਰ ਨੇ 70 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗ ਨਾਗਰਿਕਾਂ ਨੂੰ ਇਸ ਯੋਜਨਾ ਦੀਆਂ ਸਹੂਲਤਾਂ ਉਪਲਬਧ ਕਰਾ ਦਿੱਤੀਆਂ ਹਨ, ਭਾਂਵੇ ਉਹਨਾਂ ਦੀ ਆਮਦਨ ਕਿੰਨੀ ਵੀ ਹੋਵੇ। ਸਿਹਤ ਸੇਵਾਵਾਂ ਤੱਕ ਪਹੁੰਚ ਨਾਲ ਸਬੰਧਿਤ ਅਸਮਾਨਤਾਵਾਂ ਦੂਰ ਹੋਣ ਨਾਲ, ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਵੀ ਉੱਤਮ ਸੰਭਵ ਸਿਹਤ-ਸੇਵਾਵਾਂ ਪ੍ਰਾਪਤ ਹੋ ਰਹੀਆਂ ਹਨ।

 

ਇਸ ਡਿਜੀਟਲ  ਯੁਗ ਵਿੱਚ, ਇਹ ਸੁਭਾਵਿਕ ਹੈ, ਕਿ ਭਾਰਤ ਵਿੱਚ ਸਭ ਤੋਂ ਜ਼ਿਆਦਾ ਤਰੱਕੀ, ਸੂਚਨਾ ਤਕਨੀਕ ਦੇ ਖੇਤਰ  ਵਿੱਚ ਹੋਈ ਹੈ। ਲਗਭਗ ਸਾਰੇ ਪਿੰਡਾਂ ਵਿੱਚ 4G ਮੋਬਾਈਲ ਕਨੈਕਟੀਵਿਟੀ ਉਪਲਬਧ ਹੈ। ਬਾਕੀ ਕੁਝ ਹਜ਼ਾਰ ਪਿੰਡਾਂ ਵਿੱਚ ਵੀ ਇਹ ਸੁਵਿਧਾ ਛੇਤੀ ਹੀ ਪੁਹੰਚਾ ਦਿੱਤੀ ਜਾਵੇਗੀ। ਇਹਦੇ ਨਾਲ ਡਿਜੀਟਲ  ਭੁਗਤਾਨ ਤਕਨੀਕ ਨੂੰ ਵੱਡੇ ਪੈਮਾਨੇ 'ਤੇ ਅਪਣਾਉਣਾ ਸੰਭਵ ਹੋ ਸਕਿਆ ਹੈ। ਡਿਜੀਟਲ  ਭੁਗਤਾਨ ਦੇ ਖੇਤਰ ਵਿੱਚ ਭਾਰਤ, ਥੋੜ੍ਹੇ ਸਮੇਂ ਵਿੱਚ ਹੀ, ਵਿਸ਼ਵ ਦਾ ਮੋਹਰੀ ਦੇਸ਼ ਬਣ ਗਿਆ ਹੈ। ਇਸ ਨਾਲ ਡਿਜੀਟਲ benefit  ਟਰਾਂਸਫਰ ਨੂੰ ਵੀ ਹੁਲਾਰਾ ਮਿਲਿਆ ਹੈ, ਅਤੇ ਮਿੱਥੇ ਲਾਭਕਾਰੀਆਂ ਤੱਕ ਭਲਾਈ  ਭੁਗਤਾਨ ਬਿਨਾ ਕਿਸੇ ਰੁਕਾਵਟ ਅਤੇ ਲੀਕੇਜ ਦੇ ਪੁਹੰਚਣਾ  ਯਕੀਨੀ ਹੋ ਰਿਹਾ ਹੈ। ਦੁਨੀਆ ਵਿੱਚ ਹੋਣ ਵਾਲੇ ਕੁੱਲ ਡਿਜੀਟਲ  ਲੈਣ-ਦੇਣ ਵਿੱਚੋ, ਅੱਧੇ ਤੋਂ ਜ਼ਿਆਦਾ ਲੈਣ-ਦੇਣ ਭਾਰਤ ਵਿੱਚ ਹੁੰਦੇ ਹਨ। ਅਜਿਹੀਆਂ ਤਬਦੀਲੀਆਂ ਨਾਲ, ਇੱਕ ਗਤੀਮਾਨ ਡਿਜੀਟਲ  ਅਰਥਵਿਵਸਥਾ ਦਾ ਨਿਰਮਾਣ ਕੀਤਾ ਗਿਆ ਹੈ, ਜਿਸਦਾ ਯੋਗਦਾਨ, ਦੇਸ਼ ਦੀ ਜੀਡੀਪੀ ਵਿੱਚ ਸਾਲ ਦਰ ਸਾਲ ਵਧ ਰਿਹਾ ਹੈ।

 

Artificial Intelligence, technological advancement ਦਾ ਅਗਲਾ ਪੜਾਅ ਹੈ ਜਿਹੜਾ ਸਾਡੇ ਜੀਵਨ ਵਿੱਚ ਆਪਣੀ ਜਗ੍ਹਾ ਬਣਾ ਚੁੱਕਿਆ ਹੈ। ਸਰਕਾਰ ਨੇ ਦੇਸ਼ ਦੀ AI ਸਮਰਥਾਵਾਂ ਨੂੰ ਮਜ਼ਬੂਤ ਕਰਨ ਲਈ India-AI ਮਿਸ਼ਨ ਸ਼ੁਰੂ ਕੀਤਾ ਹੈ। ਇਸ ਮਿਸ਼ਨ ਤਹਿਤ ਅਜਿਹੇ ਮਾਡਲ ਵਿਕਸਿਤ ਕੀਤੇ ਜਾਣਗੇ ਜਿਹੜੇ ਭਾਰਤ ਦੀਆਂ  ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਨਗੇ। ਸਾਡੀ ਇੱਛਾ ਹੈ ਕਿ ਸਾਲ 2047 ਤਕ ਭਾਰਤ, ਇੱਕ Global-AI Hub ਬਣ ਜਾਵੇ। ਇਸ ਦਿਸ਼ਾ ਵਿੱਚ, ਆਮ ਲੋਕਾਂ ਲਈ ਤਕਨੀਕੀ ਤਰੱਕੀ ਦਾ ਉੱਤਮ ਉਪਯੋਗ ਅਤੇ  ਪ੍ਰਸ਼ਾਸਨ-ਪ੍ਰਣਾਲੀ ਵਿੱਚ ਸੁਧਾਰ ਕਰਕੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

 

ਆਮ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ, ਵਪਾਰ ਨੂੰ ਸੌਖਾ ਬਣਾਉਣ ਦੇ ਨਾਲ-ਨਾਲ ਜੀਵਨ ਨੂੰ ਸੁਖਾਲਾ ਬਣਾਉਣ 'ਤੇ ਵੀ ਬਰਾਬਰ ਧਿਆਨ ਦਿੱਤਾ ਜਾ ਰਿਹਾ ਹੈ। ਵਿਕਾਸ, ਤਦ ਹੀ ਸਾਰਥਕ ਹੁੰਦਾ  ਹੈ ਜਦੋਂ ਹਾਸ਼ੀਏ ਤਕ ਦੇ ਲੋਕਾਂ ਤੱਕ ਸਹਾਇਤਾ ਪੁਹੰਚੇ ਅਤੇ ਉਨ੍ਹਾਂ ਲਈ ਨਵੇਂ ਮੌਕੇ ਉਪਲਬਧ ਹੋਣ। ਇਸ ਤੋਂ ਇਲਾਵਾ ਅਸੀਂ, ਹਰ ਸੰਭਵ ਖੇਤਰ ਵਿੱਚ, ਆਪਣੀ ਆਤਮਨਿਰਭਰਤਾ ਵਧਾ ਰਹੇ ਹਾਂ। ਇਸ ਨਾਲ ਸਾਡਾ ਆਤਮਵਿਸ਼ਵਾਸ ਵਧਿਆ ਹੈ ਅਤੇ ਵਿਕਸਿਤ ਭਾਰਤ ਬਣਨ ਦੀ ਸਾਡੀ ਯਾਤਰਾ ਦੀ ਰਫ਼ਤਾਰ ਤੇਜ਼ ਹੋਈ ਹੈ।

 

ਪਿਛਲੇ ਹਫ਼ਤੇ, 7 ਅਗਸਤ ਨੂੰ, ਦੇਸ਼ ਵਿੱਚ ' ਨੈਸ਼ਨਲ ਹੈਂਡਲੂਮ ਡੇਅ' ਮਨਾਇਆ ਗਿਆ। ਇਸ ਦਿਹਾੜੇ ਨੂੰ ਮਨਾਉਣ ਦਾ ਉਦੇਸ਼, ਸਾਡੇ ਬੁਣਕਰਾ ਅਤੇ ਉਨ੍ਹਾਂ ਦੇ ਉਤਪਾਦਾਂ ਦਾ ਸਨਮਾਣ ਕਰਨਾ ਹੈ। ਸਾਡੇ ਸੁਤੰਤਰਤਾ ਸੰਘਰਸ਼ ਦੇ ਦੌਰਾਨ, 1905 ਵਿੱਚ ਸ਼ੁਰੂ ਕੀਤੇ ਗਏ ਸਵਦੇਸ਼ੀ ਅੰਦੋਲਨ ਦੀ ਯਾਦ ਵਿੱਚ, ਸਾਲ 2015 ਤੋਂ,ਇਹ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਹੈ। ਮਹਾਤਮਾ ਗਾਂਧੀ ਨੇ ਭਾਰਤੀ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਖੂਨ-ਪਸੀਨੇ ਨਾਲ ਬਣੇ ਅਤੇ ਉਨ੍ਹਾਂ ਦੇ ਬਹੁਮੁੱਲੇ ਹੁਨਰ ਨਾਲ ਬਣੇ ਉਤਪਾਦਾਂ ਨੂੰ ਵਧਾਵਾ ਦੇਣ  ਲਈ ਸਵਦੇਸ਼ੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਸੀ। ਸਵਦੇਸ਼ੀ ਦਾ ਵਿਚਾਰ ‘ਮੇਕ-ਇਨ-ਇੰਡੀਆ’ ਅਤੇ ‘ਆਤਮਨਿਰਭਰ ਭਾਰਤ ਅਭਿਯਾਨ’ ਜਿਹੇ ਰਾਸ਼ਟਰੀ ਯਤਨਾਂ  ਨੂੰ ਪ੍ਰੇਰਿਤ ਕਰਦਾ ਰਿਹਾ ਹੈ। ਸਾਨੂੰ ਸਾਰਿਆਂ ਨੂੰ ਇਹ ਸੰਕਲਪ ਲੈਣਾ ਹੈ ਕਿ ਅਸੀਂ ਆਪਣੇ ਦੇਸ਼ ਵਿੱਚ ਬਣੇ ਉਤਪਾਦਾਂ ਨੂੰ ਖਰੀਦਾਂਗੇ ਅਤੇ ਉਨ੍ਹਾਂ ਦੀ ਵਰਤੋਂ ਕਰਾਂਗੇ।"

 

 ਪਿਆਰੇ ਦੇਸ਼ਵਾਸੀਓ,  

 

ਸਮਾਜਿਕ ਖੇਤਰ ਵਿੱਚ ਕੀਤੇ ਗਏ ਉਪਰਾਲਿਆਂ ਦੇ ਸੰਦਰਭ ਵਿੱਚ, ਸਮੂਹਿਕ ਆਰਥਿਕ ਵਿਕਾਸ ਦੀ ਬਦੌਲਤ ਭਾਰਤ, 2047 ਤੱਕ ਇੱਕ ਵਿਕਸਿਤ ਆਰਥਿਕਤਾ ਬਣਨ ਦੀ ਰਾਹ 'ਤੇ ਅੱਗੇ ਵਧ ਰਿਹਾ ਹੈ। ਮੈਂ ਸਮਝਦੀਹਾਂ ਕਿ ਅੰਮ੍ਰਿਤ ਕਾਲ ਦੇ ਇਸ ਦੌਰ ਵਿੱਚ, ਅੱਗੇ ਵੱਧਦੇ ਜਾਣ ਦੀ ਰਾਸ਼ਟਰੀ ਯਾਤਰਾ ਵਿੱਚ, ਹਰ ਦੇਸ਼ਵਾਸੀ ਆਪਣੀ ਸਮਰੱਥਾ ਅਨੁਸਾਰ ਆਪਣਾ ਯੋਗਦਾਨ ਦੇਵੇਗਾ। ਮੇਰਾ ਮੰਨਣਾ ਹੈ ਕਿ  ਸਮਾਜ ਦੇ ਤਿੰਨ ਅਜਿਹੇ ਵਰਗ ਹਨ ਜੋ ਸਾਨੂੰ ਤਰੱਕੀ ਦੀ ਇਸ ਰਾਹ 'ਤੇ ਅੱਗੇ ਵਧਾਉਣਗੇ। ਇਹ ਤਿੰਨ ਵਰਗ ਹਨ – ਸਾਡੇ ਨੌਜਵਾਨ, ਔਰਤਾਂ ਅਤੇ ਉਹ ਲੋਕ ਜਿਹੜੇ ਲੰਮੇ ਸਮੇਂ ਤੋਂ ਹਾਸ਼ੀਏ ‘ਤੇ ਰਹੇ ਹਨ। 

ਆਖਰਕਾਰ, ਸਾਡੇ ਯੁਵਕਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਨੁਕੂਲ ਹਾਲਾਤ ਮਿਲ ਗਏ ਹਨ। ਰਾਸ਼ਟਰੀ ਸਿੱਖਿਆ ਨੀਤੀ ਦੇ ਮਾਧਿਅਮ ਨਾਲ ਮੁਸ਼ਕਿਲ ਬਦਲਾਅ ਕੀਤੇ ਗਏ ਹਨ। ਸਿੱਖਿਆ ਨੂੰ ਜੀਵਨ ਦੀਆਂ ਕਦਰਾਂ-ਕੀਮਤਾਂ ਨਾਲ, ਅਤੇ ਕੌਸ਼ਲ ਨੂੰ ਪਰੰਪਰਾ ਦੇ ਨਾਲ ਜੋੜਿਆ ਗਿਆ ਹੈ। ਰੋਜ਼ਗਾਰ ਦੇ ਮੌਕੇ ਤੇਜ਼ੀ ਨਾਲ ਵਧ ਰਹੇ ਹਨ। ਉੱਦਮ ਦੀ ਇੱਛਾ ਰਖਣ ਵਾਲੇ ਲੋਕਾਂ ਲਈ ਸਰਕਾਰ ਨੇ ਸਭ ਤੋਂ ਉਚਿਤ  ਵਾਤਾਵਰਣ ਉਪਲਬਧ ਕਰਵਾਇਆ ਹੈ।  

ਯੁਵਕ ਪ੍ਰਤਿਭਾਵਾਂ ਦੀ ਊਰਜਾ ਨਾਲ ਸ਼ਕਤੀ ਪ੍ਰਾਪਤ ਕਰ ਕੇ,  ਸਾਡੇ ਪੁਲਾੜ ਪ੍ਰੋਗਰਾਮ ਦਾ ਬੇਮਿਸਾਲ ਵਿਸਤਾਰ ਹੋਇਆ ਹੈ। ਮੈਨੂੰ ਯਕੀਨ ਹੈ ਕਿ ਸ਼ੁਭਾਂਸੂ ਸ਼ੁਕਲਾ ਦੀ InterNational Space Station ਦੀ ਯਾਤਰਾ ਨੇ ਇਕ ਪੂਰੀ ਪੀੜ੍ਹੀ ਨੂੰ ਉੱਚੇ ਸੁਪਨੇ ਦੇਖਣ ਦੀ ਪ੍ਰੇਰਣਾ ਦਿੱਤੀ ਹੈ। ਇਹ ਪੁਲਾੜ ਯਾਤਰਾ ਭਾਰਤ ਦੇ ਆਉਣ ਵਾਲੇ ਮਾਨਵ  ਅੰਤਰਿਕਸ਼ ਉਡਾਨ ਪ੍ਰੋਗਰਾਮ 'ਗਗਨਯਾਨ' ਦੇ ਲਈ ਬਹੁਤ  ਸਹਾਇਕ ਸਿੱਧ ਹੋਵੇਗੀ। ਨਵੇਂ ਆਤਮਵਿਸ਼ਵਾਸ ਨਾਲ ਭਰਪੂਰ ਸਾਡੇ ਯੁਵਕ, ਖੇਡ-ਜਗਤ ਵਿੱਚ ਆਪਣੀ ਪਹਿਚਾਣ ਬਣਾ ਰਹੇ ਹਨ। ਉਦਾਹਰਣ ਲਈ, ਸ਼ਤਰੰਜ ਵਿੱਚ ਹੁਣ ਭਾਰਤ ਦੇ ਨੌਜਵਾਨਾਂ ਦਾ ਜੋ ਸਥਾਨ ਹੈ ਉਹ ਪਹਿਲਾਂ ਕਦੇ ਨਹੀਂ ਸੀ। ਰਾਸ਼ਟਰੀ ਖੇਡ ਨੀਤੀ 2025 ਵਿੱਚ ਸਥਾਪਿਤ ਦ੍ਰਿਸ਼ਟੀ  ਦੇ ਅਨੁਸਾਰ, ਅਸੀਂ ਅਜਿਹੇ ਅਦਭੁਤ ਬਦਲਾਵਾਂ ਦੀ ਕਲਪਨਾ ਕਰ ਰਹੇ ਹਾਂ ਜਿਸ ਦੇ ਬਲਬੂਤੇ , ਭਾਰਤ ਇੱਕ ਵੈਸ਼ਵਿਕ ਖੇਡ ਮਹਾਂਸ਼ਕਤੀ ਦੇ ਰੂਪ ਵਿੱਚ ਉੱਭਰੇਗਾ।  

 

ਸਾਡੀਆ ਬੇਟੀਆਂ  ਸਾਡਾ ਗੌਰਵ ਹਨ। ਉਹ ਸਵੈ-ਸੁਰੱਖਿਆ ਅਤੇ  ਸੁਰੱਖਿਆ ਸਹਿਤ  ਹਰੇਕ ਖੇਤਰ ਵਿੱਚ ਰੁਕਾਵਟਾਂ ਨੂੰ ਪਾਰ ਕਰਕੇ ਅੱਗੇ ਵੱਧ ਰਹੀਆਂ ਹਨ। ਖੇਡ-ਕੂਦ ਨੂੰ ਸ਼ਾਨ, ਤਾਕਤ ਅਤੇ ਸਮਰਥਾ ਦਾ ਮਹੱਤਵਪੂਰਨ ਸੰਕੇਤਕ ਮੰਨਿਆ ਜਾਂਦਾ ਹੈ। ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਲਈ 'fide ਮਹਿਲਾ ਵਿਸ਼ਵ ਕੱਪ' ਦਾ ਫਾਈਨਲ ਮੈਚ, 19 ਸਾਲ ਦੀ ਭਾਰਤ ਦੀ ਇੱਕ ਬੇਟੀ ਅਤੇ 38 ਸਾਲ ਦੀ ਇੱਕ ਭਾਰਤੀ ਮਹਿਲਾ ਦੇ ਵਿਚਕਾਰ ਖੇਡਿਆ ਗਿਆ। ਇਹ ਉਪਲਬਧੀ, ਪੀੜੀ-ਦਰ-ਪੀੜੀ, ਸਾਡੀਆਂ ਮਹਿਲਾਵਾਂ ਵਿੱਚ ਮੌਜੂਦ, ਵਿਸ਼ਵ-ਪੱਧਰ ਦੀ ਸ਼ਾਨ  ਨੂੰ ਦਰਸਾਉਂਦੀ ਹੈ। ਰੋਜ਼ਗਾਰ ਵਿੱਚ ਵੀ ਜੈਂਡਰ ਗੈਪ ਘੱਟ ਹੋ ਰਿਹਾ ਹੈ। 'ਨਾਰੀ ਸ਼ਕਤੀ ਵੰਦਨ ਅਧਿਨਿਯਮ' ਦੇ ਨਾਲ, ਮਹਿਲਾ ਸ਼ਕਤੀਕਰਨ, ਹੁਣ ਸਿਰਫ ਇੱਕ ਨਾਅਰਾ ਨਾ ਰਹਿ ਕੇ, ਯਥਾਰਥ ਬਣ ਗਿਆ ਹੈ।  

 

ਸਾਡੇ ਸਮਾਜ ਦਾ ਇੱਕ ਵੱਡਾ ਹਿੱਸਾ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਪਿੱਛੜੇ ਵਰਗ ਤੇ ਹੋਰ ਸਮੁਦਾਇ ਦੇ ਲੋਕਾਂ ਦਾ ਹੈ। ਇਨ੍ਹਾਂ ਸਮੁਦਾਇ ਦੇ ਲੋਕ ਹੁਣ ਹਾਸ਼ੀਏ ਉੱਤੇ ਹੋਣ ਦਾ ਟੈਗ ਹਟਾ ਰਹੇ ਹਨ। ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਇੱਛਾਵਾਂ ਨੂੰ ਪੂਰਾ ਕਰਨ ਲਈ, ਕਿਰਿਆਸ਼ੀਲ ਯਤਨਾਂ ਦੇ ਮਾਧਿਅਮ ਨਾਲ , ਸਰਕਾਰ ਉਨ੍ਹਾਂ ਦੀ ਸਹਾਇਤਾ ਕਰਦੀ ਆ ਰਹੀ ਹੈ।  

 

ਆਪਣੀ ਅਸਲ ਸਮਰਥਾ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਭਾਰਤ ਹੁਣ ਹੋਰ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਸਾਡੇ ਸੁਧਾਰਾਂ ਅਤੇ ਨੀਤੀਆਂ ਨਾਲ, ਵਿਕਾਸ ਦਾ ਇੱਕ ਪ੍ਰਭਾਵਸ਼ਾਲੀ ਮੰਚ ਤਿਆਰ ਹੋਇਆ ਹੈ। ਇਸ  ਤਿਆਰੀ ਦੇ ਬਲਬੁਤੇ , ਮੈਂ ਇੱਕ ਅਜਿਹੇ ਉੱਜਲੇ ਭਵਿੱਖ ਨੂੰ ਦੇਖ ਰਹੀ ਹਾਂ, ਜਿੱਥੇ ਅਸੀਂ ਸਾਰੇ ਆਪਣੀ ਸਮੂਹਿਕ ਬਰਕਤ ਅਤੇ ਖ਼ੁਸ਼ਹਾਲੀ ਵਿੱਚ ਉਤਸ਼ਾਹਪੂਰਵਕ ਯੋਗਦਾਨ ਦੇ ਰਹੇ ਹੋਵਾਂਗੇ।  

 

ਉਸ ਭਵਿੱਖ ਵੱਲ, ਅਸੀਂ ਭ੍ਰਿਸ਼ਟਾਚਾਰ ਦੇ ਪ੍ਰਤੀ ਜ਼ੀਰੋ ਟੌਲਰੈਂਸ ਰੱਖਦੇ ਹੋਏ, ਲਗਾਤਾਰ ਉੱਤਮ ਸਾਸ਼ਨ ਨਾਲ ਅੱਗੇ ਵੱਧ ਰਹੇ ਹਾਂ। ਇਸ ਸੰਦਰਭ ਵਿੱਚ, ਮੈਨੂੰ ਮਹਾਤਮਾ ਗਾਂਧੀ ਦੀ ਇੱਕ ਮਹੱਤਵਪੂਰਨ ਗੱਲ ਯਾਦ ਆ ਰਹੀ ਹੈ। ਗਾਂਧੀ ਜੀ ਨੇ ਦੱਸਿਆ ਸੀ ਅਤੇ ਮੈਂ ਦੁਹਰਾਉਂਦੀ ਹਾਂ:  

 

“ਭ੍ਰਿਸ਼ਟਾਚਾਰ ਅਤੇ ਝੂਠ, ਲੋਕਤੰਤਰ ਦੇ ਜ਼ਰੂਰੀ ਨਤੀਜੇ ਨਹੀਂ ਹੋਣ ਚਾਹੀਦੇ।” ਅਸੀਂ ਸਾਰੇ ਇਹ ਸੰਕਲਪ ਲਈਏ ਕਿ ਗਾਂਧੀ ਜੀ ਦੇ ਇਸ ਆਦਰਸ਼ ਨੂੰ ਕਾਰਜ-ਰੂਪ ਦੇਵਾਂਗੇ ਅਤੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਾਂਗੇ।  

 

ਪਿਆਰੇ ਦੇਸ਼ਵਾਸੀਓ,  

 

ਇਸ ਸਾਲ, ਸਾਨੂੰ ਆਤੰਕਵਾਦ ਦਾ ਪ੍ਰਕੋਪ ਝੱਲਣਾ ਪਿਆ। ਕਸ਼ਮੀਰ ਘੁੰਮਣ ਗਏ ਨਿਰਦੋਸ਼ ਨਾਗਰਿਕਾਂ ਦੀ ਹੱਤਿਆ, ਬੁਜ਼ਦਿਲੀ ਅਤੇ ਸ਼ਰਮਨਾਕ ਅਮਾਨਵੀ ਘਟਨਾ ਸੀ। ਇਸ ਦਾ ਜਵਾਬ ਭਾਰਤ ਨੇ, ਫ਼ੌਲਾਦੀ ਨਿਸ਼ਚੇ ਨਾਲ ਨਿਰਣਾਇਕ ਤਰੀਕੇ ਨਾਲ ਦਿੱਤਾ। ਆਪ੍ਰੇਸ਼ਨ ਸਿੰਦੂਰ ਨੇ ਇਹ ਦਿਖਾ ਦਿੱਤਾ ਕਿ ਜਦੋਂ ਰਾਸ਼ਟਰ ਦੀ ਸੁਰੱਖਿਆ ਦਾ ਸਵਾਲ ਸਾਹਮਣੇ ਆਉਂਦਾ ਹੈ ਤਾਂ ਸਾਡੀ ਹਥਿਆਰਬੰਦ ਸੈਨਾ  ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਯੋਗ ਸਿੱਧ ਹੁੰਦੀ ਹੈ। ਰਣਨੀਤਕ ਸਪਸ਼ਟਤਾ ਅਤੇ ਤਕਨੀਕੀ ਸੂਝ ਨਾਲ, ਸਾਡੀ ਸੈਨਾ ਨੇ ਸਰਹੱਦ  ਪਾਰ ਦੇ ਆਤੰਕਵਾਦੀ ਟਿਕਾਣਿਆਂ ਨੂੰ ਖ਼ਤਮ ਕਰ ਦਿੱਤਾ। ਮੇਰਾ ਯਕੀਨ ਹੈ ਕਿ ਆਪ੍ਰੇਸ਼ਨ ਸਿੰਦੂਰ, ਆਤੰਕਵਾਦ ਦੇ ਖ਼ਿਲਾਫ਼ ਮਨੁੱਖਤਾ ਦੀ ਜੰਗ ਵਿਚ ਇਕ ਮਿਸਾਲ ਦੇ ਤੌਰ ਤੇ ਇਤਿਹਾਸ ਵਿਚ ਦਰਜ ਹੋਵੇਗਾ।

  

ਸਾਡੀ ਏਕਤਾ ਹੀ ਸਾਡੀ ਜਵਾਬੀ ਕਾਰਵਾਈ ਦੀ ਮੁੱਖ ਵਿਸ਼ੇਸ਼ਤਾ ਸੀ। ਇਹੀ ਏਕਤਾ, ਉਨ੍ਹਾਂ ਸਾਰੀਆਂ ਤੱਤਾਂ ਲਈ ਸਭ ਤੋਂ ਕਰਾਰਾ ਜਵਾਬ ਵੀ ਹੈ ਜੋ ਸਾਨੂੰ ਵੱਖਰਾ ਦੇਖਣਾ ਚਾਹੁੰਦੇ ਹਨ। ਭਾਰਤ ਦੇ ਨਜ਼ਰੀਏ ਨੂੰ ਸਪਸ਼ਟ ਕਰਨ ਲਈ, ਵੱਖ ਵੱਖ ਦੇਸ਼ਾਂ ਚ ਗਏ ਸੰਸਦ ਮੈਂਬਰਾਂ ਦੇ ਬਹੁਦਲੀ ਪ੍ਰਤੀਨਿਧੀ ਮੰਡਲਾਂ ਵਿੱਚ ਵੀ ਸਾਡੀ ਇਹੀ ਏਕਤਾ ਦਿਖਾਈ ਦਿੱਤੀ। ਵਿਸ਼ਵ-ਸਮਾਜ ਨੇ, ਭਾਰਤ ਦੀ ਇਸ ਨੀਤੀ ਦਾ ਗਿਆਨ ਸਿੱਖਿਆ ਹੈ ਕਿ ਅਸੀਂ ਹਮਲਾਵਰ ਤਾਂ ਨਹੀਂ ਬਣਾਂਗੇ, ਪਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਜਵਾਬੀ ਕਾਰਵਾਈ ਕਰਨ ਵਿੱਚ ਜ਼ਰਾ ਵੀ  ਸੰਕੋਚ ਨਹੀਂ ਕਰਾਂਗੇ।  

 

ਆਪ੍ਰੇਸ਼ਨ ਸਿੰਦੂਰ, ਸੁਰੱਖਿਆ ਦੇ ਖੇਤਰ ਵਿਚ 'ਆਤਮਨਿਰਭਰ ਭਾਰਤ ਮਿਸ਼ਨ' ਦੀ ਪ੍ਰੀਖਿਆ ਦਾ ਵੀ ਮੌਕਾ ਸੀ। ਹੁਣ ਇਹ ਸਿੱਧ ਹੋ ਗਿਆ ਹੈ ਕਿ ਅਸੀਂ ਸਹੀ ਰਸਤੇ 'ਤੇ ਹਾਂ।  ਸਾਡੀ ਸਵਦੇਸ਼ੀ ਨਿਰਮਾਣ ਤਕਨੀਕ ਉਸ ਪੱਧਰ ‘ਤੇ ਪੁਹੰਚ ਗਈ ਹੈ, ਜਿੱਥੇ ਅਸੀਂ ਆਪਣੀਆਂ ਬਹੁਤ ਸਾਰੀਆਂ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵੀ ਆਤਮਨਿਰਭਰ ਬਣ ਗਏ ਹਾਂ। ਇਹ ਉਪਲਬਧੀਆਂ ਆਜ਼ਾਦ ਭਾਰਤ ਦੇ ਰੱਖਿਆ ਇਤਿਹਾਸ ਵਿੱਚ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਹਨ।  

 

ਪਿਆਰੇ ਦੇਸ਼ਵਾਸੀਓ,  

ਇਸ ਮੌਕੇ 'ਤੇ ਮੈਂ, ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਚਾਹੁੰਦੀ ਹਾਂ ਕਿ ਵਾਤਾਵਰਣ ਦੀ ਸੰਭਾਲ ਲਈ ਤੁਸੀਂ ਹਰ ਸੰਭਵ ਉਪਰਾਲਾ ਕਰੋ। ਜਲਵਾਯੂ ਬਦਲਾਅ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ, ਸਾਨੂੰ ਆਪਣੇ ਆਪ ਵਿੱਚ ਵੀ ਕੁਝ ਬਦਲਾਅ ਕਰਨੇ ਹੋਣਗੇ। ਸਾਨੂੰ ਆਪਣੀਆਂ ਆਦਤਾਂ ਅਤੇ ਆਪਣੀ ਵਿਸ਼ਵ-ਦ੍ਰਿਸ਼ਟੀ ਵਿੱਚ ਬਦਲਾਅ ਲਿਆਉਣਾ ਹੋਵੇਗਾ। ਸਾਨੂੰ ਆਪਣੀ ਧਰਤੀ, ਨਦੀਆਂ, ਪਹਾੜਾਂ, ਰੁੱਖਾਂ, ਪੌਦਿਆਂ ਅਤੇ ਜੀਵ-ਜੰਤੂਆਂ ਦੇ ਨਾਲ ਆਪਣੇ ਰਿਸ਼ਤਿਆਂ ਵਿੱਚ ਵੀ ਬਦਲਾਅ ਕਰਨਾ ਹੋਵੇਗਾ। ਅਸੀਂ ਸਾਰੇ ਆਪਣੇ ਯੋਗਦਾਨ ਨਾਲ, ਇੱਕ ਅਜਿਹੀ ਧਰਤੀ ਛੱਡ ਕੇ ਜਾਈਏ, ਜਿੱਥੇ ਜੀਵਨ ਆਪਣੇ ਨੈਤਿਕ ਰੂਪ ਵਿੱਚ ਫਲਦਾ-ਫੁੱਲਦਾ ਰਹੇ।

 

ਪਿਆਰੇ ਦੇਸ਼ਵਾਸੀਓ,

 

ਸਾਡੀਆਂ ਸਰਹੱਦਾਂ ਦੀ ਰਾਖੀ  ਕਰਨ ਵਾਲੇ ਜਵਾਨ, ਪੁਲਿਸ ਅਤੇ ਕੇਂਦਰੀਹਥਿਆਰਬੰਦ ਪੁਲਿਸ ਬਲਾਂ ਵੱਲ ਮੇਰਾ ਧਿਆਨ, ਵਿਸ਼ੇਸ਼ ਤੌਰ 'ਤੇ ਜਾਂਦਾ ਹੈ। ਮੈਂ ਨਿਆਂਪਾਲਿਕਾ ਅਤੇ ਸਿਵਲ ਸਰਵਿਸਿਜ਼ ਦੇ ਮੈਂਬਰਾਂ ਨੂੰ ਵੀ ਆਪਣੀਆਂ ਸ਼ੁਭਕਾਮਨਾਵਾਂ ਭੇਜਦੀ ਹਾਂ। ਵਿਦੇਸ਼ਾਂ ਵਿੱਚ ਸਥਿਤ ਭਾਰਤੀ ਦੂਤਾਵਾਸਾਂ ਵਿੱਚ ਕੰਮ ਕਰ ਰਹੇ ਭਾਰਤੀ ਅਧਿਕਾਰੀਆਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਵੀ ਮੇਰੇ ਵੱਲੋਂ ਸੁਤੰਤਰਤਾ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ!

 

ਮੈਂ ਇੱਕ ਵਾਰ ਫਿਰ, ਤੁਹਾਨੂੰ ਸਭ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦੀ ਹਾਂ।

 

ਧੰਨਵਾਦ।

 

ਜੈ ਹਿੰਦ!

 

ਜੈ ਭਾਰਤ!

******

 

ਐੱਮਜੇਪੀਐੱਸ


(Release ID: 2156574)