ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਡਾ. ਮਨਸੁਖ ਮੰਡਾਵੀਆ ਨੇ 'ਵਿਕਸਿਤ ਭਾਰਤ ਯੁਵਾ ਆਗੂ ਸੰਵਾਦ' ਦਾ ਐਲਾਨ ਕੀਤਾ, ਮੁੜ-ਕਲਪਿਤ ਰਾਸ਼ਟਰੀ ਯੁਵਾ ਉਤਸਵ 2025 ਦਾ ਐਲਾਨ ਕੀਤਾ
ਵਿਕਸਿਤ ਭਾਰਤ ਯੁਵਾ ਆਗੂ ਸੰਵਾਦ ਨੌਜਵਾਨਾਂ ਲਈ ਆਪਣੇ ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਗੇ ਪੇਸ਼ ਕਰਨ ਦਾ ਇੱਕ ਵਿਲੱਖਣ ਮੌਕਾ ਹੋਵੇਗਾ: ਡਾ. ਮੰਡਾਵੀਆ
'ਮਾਈ ਭਾਰਤ ਪਲੇਟਫਾਰਮ' 'ਤੇ ਵਿਕਸਿਤ ਭਾਰਤ ਚੈਂਲੇਂਜ ਦੀ ਸ਼ੁਰੂਆਤ ਹੋਵੇਗੀ; ਡਿਜੀਟਲ ਕਵਿਜ਼ 25 ਨਵੰਬਰ, 2024 ਨੂੰ ਸ਼ੁਰੂ ਹੋਵੇਗਾ
ਵਿਕਸਿਤ ਭਾਰਤ ਯੁਵਾ ਆਗੂ ਸੰਵਾਦ ਯੁਵਾ ਸ਼ਕਤੀ ਦਾ ਵਿਸ਼ਾਲ ਜਸ਼ਨ ਹੋਵੇਗਾ; ਭਾਰਤ ਮੰਡਪਮ ਵਿੱਚ 3,000 ਪ੍ਰਤਿਭਾਸ਼ਾਲੀ ਨੌਜਵਾਨ ਇਕੱਠੇ ਹੋਣਗੇ
Posted On:
18 NOV 2024 2:33PM by PIB Chandigarh
ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਸ੍ਰੀ ਮਨਸੁਖ ਮੰਡਾਵੀਆ ਨੇ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਇੱਕ ਪਰਿਵਰਤਨਸ਼ੀਲ ਮੁੜ-ਕਲਪਿਤ ਰਾਸ਼ਟਰੀ ਯੁਵਕ ਉਤਸਵ (ਐੱਨਵਾਈਐੱਫ) 2025 ਦਾ ਐਲਾਨ ਕੀਤਾ। ਭਾਰਤ ਦੇ ਭਵਿੱਖ ਨਿਰਮਾਣ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤਹਿਤ ਮੁੜ-ਕਲਪਿਤ ਉਤਸਵ ਨੂੰ "ਵਿਕਸਿਤ ਭਾਰਤ ਯੁਵਾ ਆਗੂ ਸੰਵਾਦ" ਦਾ ਨਾਮ ਦਿੱਤਾ ਗਿਆ ਹੈ। ਇਹ ਗਤੀਸ਼ੀਲ ਮੰਚ ਨੌਜਵਾਨ ਭਾਰਤੀਆਂ ਨੂੰ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਆਪਣੇ ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਦਾ ਯੋਗਦਾਨ ਪਾਉਣ ਲਈ ਤਾਕਤ ਪ੍ਰਦਾਨ ਕਰੇਗਾ।

ਵਿਕਸਿਤ ਭਾਰਤ ਯੁਵਾ ਆਗੂ ਸੰਵਾਦ ਦੇ ਮੁੱਖ ਮੰਤਵਾਂ ਦੀ ਰੂਪ ਰੇਖਾ ਦੱਸਦੇ ਹੋਏ ਕੇਂਦਰੀ ਮੰਤਰੀ ਡਾ. ਮਨਸੁਖ ਮੰਡਾਵੀਆ ਨੇ ਕਿਹਾ, “ਉਤਸਵ ਦਾ ਉਦੇਸ਼ ਨੌਜਵਾਨ ਪ੍ਰਤਿਭਾ ਨੂੰ ਪਛਾਣਨਾ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਹੈ, ਉਨ੍ਹਾਂ ਨੂੰ ਵਿਕਸਿਤ ਭਾਰਤ ਲਈ ਆਪਣੇ ਵਿਚਾਰ ਸਾਂਝੇ ਕਰਨ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ। ਨੌਜਵਾਨਾਂ ਲਈ ਇੱਕ ਪ੍ਰਮੁੱਖ ਵਿਸ਼ੇਸ਼ਤਾ ਪ੍ਰਧਾਨ ਮੰਤਰੀ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨ ਅਤੇ ਭਾਰਤ ਦੇ ਭਵਿੱਖ ਲਈ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਹੋਵੇਗਾ, ਜਿਸ ਨਾਲ ਰਾਜਨੀਤੀ ਅਤੇ ਨਾਗਰਿਕ ਜੀਵਨ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਵਧੇਗੀ।"
ਕੇਂਦਰੀ ਮੰਤਰੀ ਨੇ ਇਸ ਸਾਲ ਦੇ ਵਿਕਸਿਤ ਭਾਰਤ ਯੁਵਾ ਆਗੂ ਸੰਵਾਦ ਦੇ ਮੁੱਖ ਉਦੇਸ਼ਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਸ ਸਾਲ ਦੇ ਉਤਸਵ ਨੂੰ ਦੋ ਮੁੱਖ ਟੀਚਿਆਂ ਦੇ ਆਲੇ-ਦੁਆਲੇ ਸੋਚ ਸਮਝ ਕੇ ਤਿਆਰ ਕੀਤਾ ਗਿਆ ਹੈ। ਸਭ ਤੋਂ ਪਹਿਲਾਂ, ਰਾਜਨੀਤੀ ਵਿੱਚ ਨਵੇਂ ਯੁਵਾ ਨੇਤਾਵਾਂ ਨੂੰ ਲਿਆਉਣਾ, ਜੋ ਮਾਣਯੋਗ ਪ੍ਰਧਾਨ ਮੰਤਰੀ ਦੇ ਸੁਤੰਤਰਤਾ ਦਿਵਸ ਦੇ ਸੰਬੋਧਨ ਦੌਰਾਨ ਇਨ੍ਹਾਂ ਖੇਤਰਾਂ ਵਿੱਚ ਗ਼ੈਰ-ਸਿਆਸੀ ਪਿਛੋਕੜ ਵਾਲੇ 1 ਲੱਖ ਨੌਜਵਾਨਾਂ ਨੂੰ ਸ਼ਾਮਲ ਕਰਨ ਦੇ ਸੱਦੇ ਨੂੰ ਅਮਲੀ ਰੂਪ ਦੇਣਾ ਹੈ। ਰਾਸ਼ਟਰੀ ਯੁਵਾ ਉਤਸਵ ਨੂੰ ਲੀਡਰਸ਼ਿਪ ਦੀ ਸਮਰੱਥਾ ਵਾਲੀ ਨੌਜਵਾਨ ਪ੍ਰਤਿਭਾ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਲਈ ਤਿਆਰ ਕੀਤਾ ਗਿਆ ਹੈ, ਜੋ ਉਨ੍ਹਾਂ ਨੂੰ ਮਾਣਯੋਗ ਪ੍ਰਧਾਨ ਮੰਤਰੀ ਦੇ ਸਾਹਮਣੇ ਵਿਕਸਿਤ ਭਾਰਤ ਲਈ ਆਪਣੇ ਵਿਚਾਰਾਂ ਅਤੇ ਦ੍ਰਿਸ਼ਟੀ ਨੂੰ ਸਾਂਝਾ ਕਰਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ।
ਦੂਜਾ, ਪਾਰਦਰਸ਼ੀ ਅਤੇ ਜਮਹੂਰੀ, ਯੋਗਤਾ-ਅਧਾਰਤ ਚੋਣ ਪ੍ਰਣਾਲੀ ਰਾਹੀਂ ਵਿਕਸਿਤ ਭਾਰਤ ਲਈ ਨੌਜਵਾਨਾਂ ਦੇ ਸਾਰਥਕ ਯੋਗਦਾਨ ਨੂੰ ਯਕੀਨੀ ਬਣਾਉਣਾ ਹੈ। ਇਹ ਪਹਿਲਕਦਮੀ ਭਾਰਤ ਦੀ ਤਰੱਕੀ ਅਤੇ ਵਿਕਾਸ ਨੂੰ ਅੱਗੇ ਵਧਾਉਣ ਲਈ ਅਗਲੀ ਪੀੜ੍ਹੀ ਨੂੰ ਸਮਰੱਥ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਡਾ. ਮੰਡਾਵੀਆ ਨੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਆਪਣੀ ਯੁਵਾ ਸ਼ਕਤੀ ਦੀ ਸਮਰੱਥਾ ਨੂੰ ਵਰਤਣ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਸਾਰੇ ਯੋਗ ਨੌਜਵਾਨਾਂ ਨੂੰ ਇਸ ਇਤਿਹਾਸਕ ਸੰਵਾਦ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
ਵਿਕਸਿਤ ਭਾਰਤ ਚੈਲੇਂਜ ਬਾਰੇ ਜਾਣਕਾਰੀ : ਇੱਕ ਚਾਰ-ਪੜਾਵੀ ਮੁਕਾਬਲਾ
ਵਿਕਸਿਤ ਭਾਰਤ ਯੁਵਾ ਆਗੂ ਸੰਵਾਦ, ਰਾਸ਼ਟਰੀ ਯੁਵਕ ਉਤਸਵ ਦਾ ਇੱਕ ਨਵਾਂ ਸਰੂਪ ਹੈ, ਜਿਸ ਵਿੱਚ ਵਿਕਸਿਤ ਭਾਰਤ ਚੈਲੇਂਜ ਸ਼ਾਮਲ ਹੈ, ਜੋ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਪ੍ਰੇਰਿਤ ਕਰਨ ਲਈ ਇੱਕ ਚਾਰ-ਪੜਾਵੀ ਮੁਕਾਬਲਾ ਸ਼ਾਮਲ ਹੈ। ਚੁਣੌਤੀ ਇਸ ਪ੍ਰਕਾਰ ਅੱਗੇ ਵਧਦੀ ਹੈ:
ਪੜਾਅ 1: ਵਿਕਸਿਤ ਭਾਰਤ ਕਵਿਜ਼
25 ਨਵੰਬਰ, 2024 ਅਤੇ 5 ਦਸੰਬਰ, 2024 ਦਰਮਿਆਨ ਮੇਰਾ ਯੁਵਾ ਭਾਰਤ (ਮਾਈ ਭਾਰਤ) ਪਲੇਟਫਾਰਮ 'ਤੇ ਆਯੋਜਿਤ ਡਿਜੀਟਲ ਕਵਿਜ਼ ਵਿੱਚ ਵਿਅਕਤੀ (15-29 ਸਾਲ ਦੀ ਉਮਰ) ਭਾਗ ਲੈਣਗੇ, ਜਿੱਥੇ ਭਾਰਤ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਪ੍ਰਤੀ ਭਾਗੀਦਾਰਾਂ ਦੇ ਗਿਆਨ ਅਤੇ ਜਾਗਰੂਕਤਾ ਦੀ ਪਰਖ ਕੀਤੀ ਜਾਵੇਗੀ।
ਪੜਾਅ 2: ਲੇਖ/ਬਲੌਗ ਲੇਖਣੀ
ਪਿਛਲੇ ਪੜਾਅ ਦੇ ਜੇਤੂ ਰਾਸ਼ਟਰੀ ਵਿਕਾਸ ਲਈ ਆਪਣੇ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ, 'ਵਿਕਸਿਤ ਭਾਰਤ ਲਈ ਤਕਨੀਕ', 'ਵਿਕਸਿਤ ਭਾਰਤ ਲਈ ਯੁਵਾ ਸ਼ਕਤੀਕਰਨ' ਵਰਗੇ ਲਗਭਗ 10 ਚੁਣੇ ਗਏ ਵਿਸ਼ਿਆਂ 'ਤੇ ਲੇਖ ਲਿਖਣਗੇ। ਇਹ ਮੁਕਾਬਲਾ ਮਾਈ ਭਾਰਤ ਪਲੇਟਫਾਰਮ 'ਤੇ ਵੀ ਆਯੋਜਿਤ ਕੀਤਾ ਜਾਵੇਗਾ।
ਪੜਾਅ 3: ਵਿਕਸਿਤ ਭਾਰਤ ਵਿਜ਼ਨ ਪਿੱਚ ਡੈੱਕ - ਰਾਜ ਪੱਧਰੀ ਪੇਸ਼ਕਾਰੀਆਂ
ਪੜਾਅ 2 ਲਈ ਕੁਆਲੀਫਾਈ ਕਰਨ ਵਾਲੇ ਭਾਗੀਦਾਰ ਰਾਜ ਪੱਧਰ 'ਤੇ ਚੁਣੇ ਹੋਏ ਵਿਸ਼ਿਆਂ 'ਤੇ ਆਪਣੇ ਵਿਚਾਰ ਪੇਸ਼ ਕਰਨਗੇ। ਇਨ੍ਹਾਂ ਪੇਸ਼ਕਾਰੀਆਂ ਰਾਹੀਂ, ਹਰੇਕ ਰਾਜ ਰਾਸ਼ਟਰੀ ਪੱਧਰ ਲਈ ਭਾਗੀਦਾਰਾਂ ਦੀ ਚੋਣ ਕਰਨ ਲਈ ਮੁਕਾਬਲਿਆਂ ਦੀ ਮੇਜ਼ਬਾਨੀ ਕਰਕੇ ਚਿੰਨ੍ਹਤ ਕੀਤੇ ਗਏ ਵਿਸ਼ਿਆਂ 'ਤੇ ਵੱਖ-ਵੱਖ ਟੀਮਾਂ ਦਾ ਗਠਨ ਕਰੇਗਾ।
ਪੜਾਅ 4: ਭਾਰਤ ਮੰਡਪਮ ਵਿਖੇ ਵਿਕਸਿਤ ਭਾਰਤ ਰਾਸ਼ਟਰੀ ਚੈਂਪੀਅਨਸ਼ਿਪ
11-12 ਜਨਵਰੀ, 2025 ਨੂੰ ਰਾਸ਼ਟਰੀ ਯੁਵਕ ਮੇਲੇ ਵਿੱਚ ਵੱਖ-ਵੱਖ ਥੀਮ ਅਧਾਰਿਤ ਰਾਜਬ ਪੱਧਰੀ ਟੀਮਾਂ ਮੁਕਾਬਲਾ ਕਰਨਗੀਆਂ ਅਤੇ ਜੇਤੂ ਟੀਮਾਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਗੇ ਵਿਕਸਿਤ ਭਾਰਤ ਲਈ ਆਪਣੇ ਦ੍ਰਿਸ਼ਟੀਕੋਣ ਅਤੇ ਵਿਚਾਰ ਪੇਸ਼ ਕਰਨਗੀਆਂ।

ਵਿਕਸਿਤ ਭਾਰਤ ਯੁਵਾ ਆਗੂ ਸੰਵਾਦ - ਰਾਸ਼ਟਰੀ ਯੁਵਾ ਉਤਸਵ 2025 ਤਿੰਨ ਵੱਖ-ਵੱਖ ਕਾਰਜ ਖੇਤਰਾਂ ਤੋਂ ਚੁਣੇ ਗਏ ਨੌਜਵਾਨਾਂ ਦੀ ਇੱਕ ਜੀਵੰਤ ਸਭਾ ਦੀ ਮੇਜ਼ਬਾਨੀ ਕਰੇਗਾ। ਪਹਿਲੇ ਸਮੂਹ ਵਿੱਚ ਨਵੀਂ ਐਲਾਨੇ ਵਿਕਸਿਤ ਭਾਰਤ ਚੈਲੇਂਜ ਦੇ ਭਾਗੀਦਾਰ ਸ਼ਾਮਲ ਹਨ। ਦੂਜੇ ਸਮੂਹ ਵਿੱਚ ਜ਼ਿਲ੍ਹਾ ਅਤੇ ਰਾਜ ਪੱਧਰੀ ਯੁਵਕ ਉਤਸਵਾਂ ਵਿੱਚੋਂ ਉੱਭਰੇ ਪ੍ਰਤਿਭਾਸ਼ਾਲੀ ਨੌਜਵਾਨ ਸ਼ਾਮਲ ਹਨ, ਜਿੱਥੇ ਉਹ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਚਿੱਤਰਕਾਰੀ, ਵਿਗਿਆਨ ਪ੍ਰਦਰਸ਼ਨੀਆਂ, ਸਭਿਆਚਾਰਕ ਪ੍ਰਦਰਸ਼ਨ, ਭਾਸ਼ਣ ਮੁਕਾਬਲੇ ਆਦਿ ਵਿੱਚ ਹਿੱਸਾ ਲੈਣਗੇ। ਤੀਜੇ ਸਮੂਹ ਵਿੱਚ ਉੱਦਮਤਾ, ਖੇਡਾਂ, ਖੇਤੀਬਾੜੀ ਅਤੇ ਤਕਨਾਲੋਜੀ ਸਮੇਤ ਵਿਭਿੰਨ ਖੇਤਰਾਂ ਦੇ ਮੋਹਰੀ ਅਤੇ ਨੌਜਵਾਨ ਆਈਕਨ ਸ਼ਾਮਲ ਹੋਣਗੇ।
ਕੁੱਲ ਮਿਲਾ ਕੇ ਲਗਭਗ 3,000 ਨੌਜਵਾਨਾਂ ਨੂੰ 11-12 ਜਨਵਰੀ, 2025 ਨੂੰ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿੱਚ ਹੋਣ ਵਾਲੇ ਰਾਸ਼ਟਰੀ ਸਮਾਗਮ ਵਿੱਚ ਇਨ੍ਹਾਂ ਕਾਰਜ ਖੇਤਰਾਂ ਵਿਚੋਂ ਚੁਣਿਆ ਜਾਵੇਗਾ।
ਵਿਕਸਿਤ ਭਾਰਤ ਯੁਵਾ ਆਗੂ ਸੰਵਾਦ - ਰਾਸ਼ਟਰੀ ਯੁਵਕ ਉਤਸਵ 2025 ਦੀਆਂ ਹੋਰ ਪ੍ਰਮੁੱਖ ਝਲਕੀਆਂ
ਵਿਕਸਿਤ ਭਾਰਤ ਯੁਵਾ ਆਗੂ ਸੰਵਾਦ ਵਿੱਚ ਵਿਕਸਿਤ ਭਾਰਤ ਚੈਲੇਂਜ ਦੇ ਨਾਲ-ਨਾਲ ਕਈ ਮਹੱਤਵਪੂਰਨ ਝਲਕੀਆਂ ਪੇਸ਼ ਹੋਣਗੀਆਂ:
ਵਿਕਸਿਤ ਭਾਰਤ ਪ੍ਰਦਰਸ਼ਨੀ: ਇਹ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਮੰਤਰਾਲਿਆਂ ਤੋਂ ਨੌਜਵਾਨ-ਕੇਂਦ੍ਰਿਤ ਪਹਿਲਕਦਮੀਆਂ ਨੂੰ ਪੇਸ਼ ਕਰੇਗੀ, ਜੋ ਕਿ ਨੌਜਵਾਨ ਭਾਗੀਦਾਰਾਂ ਨੂੰ ਭਾਰਤ ਦੇ ਵਿਕਾਸ ਦ੍ਰਿਸ਼ਟੀਕੋਣ ਨਾਲ ਜੁੜਨ ਲਈ ਇੱਕ ਗੱਲਬਾਤ ਮੰਚ ਦੀ ਪੇਸ਼ਕਸ਼ ਕਰੇਗੀ। ਇਸ ਵਿੱਚ ਰਾਜ ਪ੍ਰਦਰਸ਼ਨੀਆਂ, ਸਿੱਖਿਆ, ਹੁਨਰ ਵਿਕਾਸ ਅਤੇ ਉੱਦਮਤਾ ਵਿੱਚ ਯੁਵਾ-ਕੇਂਦ੍ਰਿਤ ਪ੍ਰੋਜੈਕਟਾਂ ਨੂੰ ਉਜਾਗਰ ਕਰਨਾ ਅਤੇ ਮੰਤਰਾਲੇ ਦੀਆਂ ਪ੍ਰਦਰਸ਼ਨੀਆਂ ਸ਼ਾਮਲ ਹੋਣਗੀਆਂ, ਜਿੱਥੇ ਮੰਤਰਾਲਾ ਲੀਡਰਸ਼ਿਪ, ਸਮਾਜਿਕ ਪ੍ਰਭਾਵ ਅਤੇ ਨਵਾਚਾਰ ਵਿੱਚ ਨੌਜਵਾਨਾਂ ਲਈ ਫਲੈਗਸ਼ਿਪ ਪ੍ਰੋਗਰਾਮ ਅਤੇ ਮੌਕਿਆਂ ਦਾ ਪ੍ਰਦਰਸ਼ਨ ਕਰਨਗੇ।
ਸੰਪੂਰਨ ਸੈਸ਼ਨ: ਇਹ ਨੌਜਵਾਨਾਂ ਨਾਲ ਸੰਵਾਦਾਂ ਅਤੇ ਵਰਕਸ਼ਾਪਾਂ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਰਾਸ਼ਟਰੀ ਅਤੇ ਆਲਮੀ ਆਈਕਨਾਂ ਨੂੰ ਪ੍ਰਦਰਸ਼ਿਤ ਕਰੇਗਾ, ਉਨ੍ਹਾਂ ਨੂੰ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ, ਸੂਝ-ਬੂਝ ਹਾਸਲ ਕਰਨ ਅਤੇ ਪ੍ਰੇਰਨਾਦਾਇਕ ਸ਼ਖਸੀਅਤਾਂ ਤੋਂ ਪ੍ਰਤੱਖ ਤੌਰ 'ਤੇ ਸਿੱਖਣ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰੇਗਾ।
ਭਾਰਤ ਦੀ ਵਿਰਾਸਤ ਦਾ ਜਸ਼ਨ: ਇਸ ਉਤਸਵ ਵਿੱਚ "ਵਿਕਾਸ ਵੀ, ਵਿਰਾਸਤ ਵੀ" ਦੇ ਵਿਆਪਕ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ ਭਾਰਤ ਦੀ ਅਮੀਰ ਵਿਰਾਸਤ ਦਾ ਜਸ਼ਨ ਮਨਾਉਂਦੇ ਹੋਏ ਇੱਕ ਸੱਭਿਆਚਾਰਕ ਹਿੱਸਾ ਵੀ ਸ਼ਾਮਲ ਹੋਵੇਗਾ। ਭਾਰਤ ਦੀਆਂ ਪਰੰਪਰਾਵਾਂ ਦੀ ਜੀਵੰਤਤਾ ਨੂੰ ਦਰਸਾਉਣ ਵਾਲੇ ਪ੍ਰਦਰਸ਼ਨਾਂ ਅਤੇ ਕਾਰਗੁਜ਼ਾਰੀ ਰਾਹੀਂ, ਇਹ ਸਭਿਆਚਾਰਕ ਪ੍ਰੋਗਰਾਮ ਪ੍ਰਗਤੀ 'ਤੇ ਉਤਸਵ ਦੇ ਜ਼ੋਰ ਨੂੰ ਪੂਰਕ ਬਣਾਏਗਾ। ਇਹ ਸਮਾਗਮ ਭਾਰਤ ਦੇ ਸਾਰੇ ਰਾਜਾਂ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਨਾਲ ਦੇਸ਼ ਵਿਆਪੀ ਭਾਗੀਦਾਰੀ ਅਤੇ ਜਸ਼ਨ ਮਨਾਇਆ ਜਾਵੇਗਾ।
ਵਿਕਸਿਤ ਭਾਰਤ ਲਈ ਭਾਰਤ ਦੇ ਨੌਜਵਾਨਾਂ ਦਾ ਸ਼ਕਤੀਕਰਨ
ਵਿਕਸਿਤ ਭਾਰਤ ਯੁਵਾ ਆਗੂ ਸੰਵਾਦ ਇੱਕ ਉਤਸਵ ਤੋਂ ਵਧਕੇ ਹੈ। ਇਹ ਭਾਰਤ ਦੇ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਦੇ ਸਫ਼ਰ ਵਿੱਚ ਸਰਗਰਮ ਯੋਗਦਾਨ ਪਾਉਣ ਵਾਲਿਆਂ ਦੇ ਰੂਪ ਵਿੱਚ ਸਮਰੱਥ ਬਣਾਉਣ ਲਈ ਇੱਕ ਮੁਹਿੰਮ ਹੈ। ਵਿਕਸਿਤ ਭਾਰਤ ਚੈਲੇਂਜ ਵਰਗੀਆਂ ਪਹਿਲਕਦਮੀਆਂ ਰਾਹੀਂ, ਇਹ ਯੁਵਾ ਦਿਮਾਗਾਂ ਨੂੰ ਆਪਣੇ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਨ, ਵਿਚਾਰਵਾਨ ਆਗੂਆਂ ਨਾਲ ਜੁੜਨ ਅਤੇ ਇੱਕ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਸਹਿਯੋਗ ਦੇਣ ਲਈ ਇੱਕ ਪਰਿਵਰਤਨਸ਼ੀਲ ਮੰਚ ਪ੍ਰਦਾਨ ਕਰਦਾ ਹੈ।
ਵਿਕਸਿਤ ਭਾਰਤ ਯੁਵਾ ਆਗੂ ਸੰਵਾਦ - ਰਾਸ਼ਟਰੀ ਯੁਵਾ ਉਤਸਵ 2025 ਨਾਲ ਸਬੰਧਤ ਸਾਰੇ ਵੇਰਵੇ ਮਾਈ ਭਾਰਤ ਪਲੇਟਫਾਰਮ (https://mybharat.gov.in/) 'ਤੇ ਉਪਲਬਧ ਹੋਣਗੇ।
*********
ਹਿਮਾਂਸ਼ੂ ਪਾਠਕ
(Release ID: 2075021)
Read this release in:
Assamese
,
Odia
,
Telugu
,
English
,
Khasi
,
Urdu
,
Nepali
,
Hindi
,
Marathi
,
Bengali
,
Bengali-TR
,
Gujarati
,
Tamil
,
Kannada
,
Malayalam